Chandigarh
ਸਹਿਕਾਰੀ ਮਿਲਕ ਪਲਾਂਟ ਵਿੱਚ ਹੋਏ ਘਪਲਿਆਂ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀਆਂ ਜਾਣ: ਬਲਬੀਰ ਸਿੰਘ ਰਾਜੇਵਾਲ

ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਨੂੰ ਮੰਗ ਪੱਤਰ ਦਿੱਤਾ
ਚੰਡੀਗੜ੍ਹ, 31 ਦਸੰਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਨੇ ਮੰਗ ਕੀਤੀ ਹੈ ਕਿ ਸਹਿਕਾਰੀ ਮਿਲਕ ਪਲਾਂਟ ਵਿੱਚ ਹੋਏ ਘਪਲਿਆਂ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀਆਂ ਜਾਣ। ਇਸ ਸੰਬੰਧੀ ਯੂਨੀਅਨ ਵਲੋਂ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਰਜਿਸਟ੍ਰਾਰ ਨੂੰ ਦਿੱਤੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਸਹਿਕਾਰੀ ਮਿਲਕ ਪਲਾਂਟ ਵਿੱਚ ਵੱਡੇ ਪੱਧਰ ਤੇ ਘਪਲੇ ਹੋਏ ਹਨ ਅਤੇ ਮਿਲਕਫੈਡ ਦਾ ਇਹ ਇਤਿਹਾਸ ਬਣ ਚੱਲਿਆ ਹੈ ਕਿ ਜਿਸ ਵੀ ਅਧਿਕਾਰੀ ਨੇ ਜਿੰਨਾ ਵੱਡਾ ਘਪਲਾ ਕੀਤਾ, ਉਸ ਨੂੰ ਉਨਾਂ ਹੀ ਵੱਡਾ ਇਨਾਮ ਦੇ ਕੇ, ਹੋਰ ਵਧੀਆ ਪਲਾਂਟ ਵਿੱਚ ਲਗਾਇਆ ਗਿਆ ਤਾਂ ਜੋ ਉਹ ਨਵੀਂ ਜਗ੍ਹਾ ਜਾ ਕੇ ਇੱਕ ਹੋਰ ਵਧੀਆ ਪਲਾਂਟ ਦਾ ਭੱਠਾ ਬਿਠਾਵੇ। ਉਹਨਾਂ ਕਿਹਾ ਕਿ ਇਹਨਾਂ ਘਪਲਿਆਂ ਕਾਰਨ ਪੰਜਾਬ ਦੇ ਜਿਆਦਾਤਰ ਮਿਲਕ ਪਲਾਂਟ ਵੱਡੇ ਘਾਟੇ ਵਿੱਚ ਹਨ। ਇਹਨਾਂ ਵਿੱਚ ਗੁਰਦਾਸਪੁਰ 65 ਕਰੋੜ, ਬਠਿੰਡਾ 15.5 ਕਰੋੜ, ਸੰਗਰੂਰ 49 ਕਰੋੜ, ਫਾਜ਼ਿਲਕਾ 11 ਕਰੋੜ, ਫਰੀਦਕੋਟ 10 ਕਰੋੜ, ਜਲੰਧਰ 2.5 ਕਰੋੜ, ਹੁਸ਼ਿਆਰਪੁਰ 7 ਕਰੋੜ, ਪਟਿਆਲਾ 9.5 ਕਰੋੜ, ਬਸੀ ਪਠਾਣਾ 25 ਕਰੋੜ ਰੁਪਏ ਦੇ ਘਾਟੇ ਵਿੰਚ ਹਨ ਅਤੇ ਸਿਰਫ ਮੁਹਾਲੀ, ਲੁਧਿਆਣਾ ਅਤੇ ਅੰਮ੍ਰਿਤਸਰ ਹੀ ਮੁਨਾਫੇ ਵਿੱਚ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਮੁਹਾਲੀ ਪਲਾਂਟ ਵਿੱਚ ਸੈਪ ਸਾਫ਼ਟਵੇਅਰ ਗਾਇਬ ਕਰਕੇ 10 ਤੋਂ 12 ਕਰੋੜ ਦਾ ਘਪਲਾ ਕੀਤਾ ਗਿਆ। ਇਸ ਸੰਬੰਧੀ ਕਾਰਵਾਈ ਜਾਣ ਬੁੱਝ ਕੇ ਲਮਕਾਈ ਗਈ ਤਾਂ ਜੋ ਮਾਮਲਾ ਅਦਾਲਤ ਵਿੱਚ ਚਲਾ ਜਾਵੇ। ਹੁਣ ਮਾਮਲਾ ਅਦਾਲਤ ਵਿੱਚ ਹੈ। ਉਹਨਾਂ ਲਿਖਿਆ ਹੈ ਕਿ ਮੁਹਾਲੀ ਪਲਾਂਟ ਦੀਆਂ 83000 ਟਰੇਆਂ ਪਲਾਂਟ ਵਿੱਚ ਵਾਪਸ ਹੀ ਨਹੀਂ ਆਈਆਂ, ਇਸ ਘਪਲੇ ਦਾ 1.68 ਕਰੋੜ ਦਾ ਲੇਖਾ ਹੋਇਆ ਪਰ ਇਨ੍ਹਾਂ ਟਰੇਆਂ ਵਿੱਚ 5 ਕਰੋੜ ਦਾ ਦੁੱਧ ਵੀ ਗਾਇਬ ਹੋਇਆ, ਉਸਦਾ ਕੋਈ ਲੇਖਾ ਨਹੀਂ ਹੈ। ਘਪਲੇ ਲਈ ਜਿੰਮੇਵਾਰ ਜੀ. ਐਮ. ਨੂੰ ਇਨਾਮ ਵਿੱਚ ਉਸ ਦੇ ਘਰ ਜਲੰਧਰ ਤਾਇਨਾਤ ਕਰ ਦਿੱਤਾ। ਚੰਡੀਗੜ੍ਹ ਵਿੱਚ 1.50 ਕਰੋੜ ਦਾ ਡਿਸਟਰੀਬਿਊਟਰਾਂ ਨਾਲ ਮਿਲ ਕੇ ਘਪਲਾ ਹੋ ਗਿਆ। ਘਪਲੇ ਦੇ ਜਿੰਮੇਵਾਰ ਨੂੰ ਮਿਲਕਫ਼ੈਡ ਵਿੱਚ ਮਾਰਕੀਟਿੰਗ ਦਾ ਮੁਖੀ ਲਾ ਦਿੱਤਾ ਗਿਆ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਮਿਲਕ ਪਲਾਂਟ ਲੁਧਿਆਣਾ ਵਿੱਚ 74 ਲੱਖ ਦਾ ਸਟਾਕ ਵਿੱਚ ਵਾਈਟ ਬਟਰ ਗਾਇਬ ਹੋ ਗਿਆ। ਇਸ ਦੇ ਜਿੰਮੇਵਾਰ ਪ੍ਰੋਡਕਸ਼ਨ ਮੈਨੇਜਰ ਨੂੰ ਮੁਹਾਲੀ ਦੇ ਵੱਡੇ ਪਲਾਂਟ ਵਿੱਚ ਲਾ ਦਿੱਤਾ, ਜਿਸ ਨੂੰ ਬਾਅਦ ਵਿੱਚ ਸੀ.ਬੀ.ਆਈ. ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ। ਇਸੇ ਤਰ੍ਹਾਂ ਮੁਹਾਲੀ ਦੇ ਪ੍ਰੋਕਿਓਰਮੈਂਟ ਮੈਨੇਜਰ ਸ੍ਰੀ ਸ੍ਰੀਵਾਸਤਵਾ ਨੂੰ ਵਿਜੀਲੈਂਸ ਨੇ ਰੰਗੇ ਹੱਥੀਂ 50000 ਰੁਪੈ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ। ਪੱਤਰ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਅਧਿਕਾਰੀ ਤੁਰੰਤ ਬਰਖਾਸਤ ਕਰਨੇ ਚਾਹੀਦੇ ਸਨ, ਪਰ ਕੋਈ ਕਾਰਵਾਈ ਨਹੀਂ। ਇਸੇ ਲੜੀ ਵਿੱਚ ਹੁਣੇ ਹੀ ਜਲੰਧਰ ਵਿੱਚ ਡਿਸਟਰੀਬਿਊਟਰਾਂ ਨਾਲ ਮਿਲ ਕੇ 30 ਲੱਖ ਦੀਆਂ ਦੁੱਧ ਦੀਆਂ ਵਸਤਾਂ ਦਾ ਘਪਲਾ ਹੋਇਆ ਹੈ। ਹੁਸ਼ਿਆਰਪੁਰ ਵੀ ਕਿਸੇ ਤੋਂ ਘੱਟ ਨਹੀਂ, ਇਥੇ ਵੀ 4 ਕਰੋੜ ਦਾ ਘਪਲਾ ਹੋਇਆ ਹੈ। ਗੁਰਦਾਸਪੁਰ ਵਿੱਚ ਵੀ 29 ਕੁ ਲੱਖ ਦਾ ਘਪਲਾ ਸਾਹਮਣੇ ਆਇਆ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਲੁਧਿਆਣਾ ਦੇ ਜਨਰਲ ਮੈਨੇਜਰ ਸ. ਸੁਰਜੀਤ ਸਿੰਘ ਨੇ ਸਾਲ 2013-14 ਵਿੱਚ ਟਰਾਂਸਪੋਰਟਰਾਂ ਨੂੰ 1.11 ਕਰੋੜ ਦਾ ਵਿੱਤੀ ਲਾਭ ਦਿੱਤਾ ਅਤੇ ਫਿਰ ਇੱਕ ਜਾਅਲੀ ਕਾਗਜ਼ ਤਿਆਰ ਕਰਕੇ ਟਰਾਂਸਪੋਰਟਰਾਂ ਤੋਂ ਵਸੂਲਣਯੋਗ ਰਕਮ ਨੂੰ ਘਟਾ ਕੇ 37 ਲੱਖ ਰੁਪਏ ਦੀ ਵਸੂਲੀ ਵੀ ਕਰ ਲਈ। ਇਸ ਰਕਮ ਵਿੱਚੋਂ 20 ਲੱਖ ਰੁਪਏ ਟ੍ਰਾਂਸਪੋਰਟਰਾਂ ਤੋਂ ਵਸੂਲ ਕੀਤੇ ਗਏ, ਜੋ ਸਿੱਧਾ ਸਿੱਧਾ ਰਿਕਾਰਡ ਵਿੱਚ ਲਈ ਰਿਸ਼ਵਤ ਦਾ ਕੇਸ ਬਣਦਾ ਹੈ। ਪੱਤਰ ਅਨੁਸਾਰ ਇਸ ਅਧਿਕਾਰੀ ਤੋਂ ਸੰਯੁਕਤ ਰਜਿਸਟਰਾਰ ਪਟਿਆਲਾ ਵੱਲੋਂ ਵੀ ਵਿਆਜ ਸਮੇਤ ਵਸੂਲੀ ਕਰਨ ਦੇ ਵੀ ਹੁਕਮ ਹੋਏ ਅਤੇ ਵਸੂਲੀ ਲਈ ਨਿਯਮਾਂ ਅਨੁਸਾਰ ਲੁਧਿਆਣਾ ਦੇ ਬੋਰਡ ਆਫ ਡਾਇਰੈਕਟਰਜ਼ ਨੇ ਵੀ ਮਤਾ ਪਾਸ ਕੀਤਾ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਘਪਲਾ ਮਾਨਯੋਗ ਹਾਈਕੋਰਟ ਵਿੱਚ ਜਾਣ ਕਾਰਨ 10 ਸਾਲ ਬੀਤਣ ਤੋਂ ਬਾਅਦ ਇਸ ਅਧਿਕਾਰੀ ਨੂੰ ਚਾਰਜਸ਼ੀਟ ਕੀਤਾ ਗਿਆ। ਇਸ ਅਧਿਕਾਰੀ ਵਿਰੁੱਧ ਅਨੇਕਾਂ ਦੋਸ਼ਾਂ ਦੇ ਬਾਵਜੂਦ ਪਟਿਆਲੇ ਜਨਰਲ ਮੈਨੇਜਰ ਲਾ ਦਿੱਤਾ ਗਿਆ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਮਿਲਕਫੈੱਡ ਅਤੇ ਦੁੱਧ ਉਤਪਾਦਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਸਾਰੇ ਘਪਲਿਆਂ ਦੀ ਸਮਾਂਬੱਧ ਜਾਂਚ ਕਰਕੇ ਦੋਸ਼ੀ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਇਸਦੇ ਨਾਲ ਹੀ ਸਾਰੇ ਮਿਲਕ ਪਲਾਂਟਾਂ, ਸ਼ੂਗਰ ਮਿੱਲਾਂ ਅਤੇ ਹੋਰ ਅਦਾਰਿਆਂ ਦੀ ਤੁਰੰਤ ਜਾਂਚ ਆਰੰਭ ਕੀਤੀ ਜਾਵੇ। ਪੱਤਰ ਵਿੰਚ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਮਜ਼ਬੂਰੀਵੱਸ ਮੋਰਚਾ ਲਾਉਣ ਤੋਂ ਵੀ ਪਿੱਛੇ ਨਹੀਂ ਹਟਣਗੀਆਂ।
ਸz. ਰਾਜੇਵਾਲ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਰਜਿਸਟ੍ਰਾਰ ਪੰਜਾਬ ਵਿੱਚ ਬਣੀ ਕਿਸੇ ਵੀ ਸਹਿਕਾਰੀ ਸਭਾ ਦੇ ਕਸਟੋਡੀਅਨ ਹਨ। ਉਹਨਾਂ ਦਾ ਕੰਮ ਕੇਵਲ ਸਭਾਵਾਂ ਰਜਿਸਟਰ ਕਰਨਾ ਹੀ ਨਹੀਂ ਹੈ ਬਲਕਿ ਉਹਨਾਂ ਨੇ ਸਭਾਵਾਂ ਦੇ ਕੰਮਕਾਰ ਉੱਤੇ ਨਿਗਾਹ ਵੀ ਰੱਖਣੀ ਹੁੰਦੀ ਹੈ ਅਤੇ ਗਲਤ ਕਰਨ ਵਾਲੇ ਖਾਸਕਰ ਗਬਨ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਜ਼ਾਵਾਂ ਵੀ ਦੇਣੀਆਂ ਹੁੰਦੀਆਂ ਹਨ। ਇਹ ਸਿਰਫ ਉਹਨਾਂ ਦਾ ਅਧਿਕਾਰ ਖੇਤਰ ਹੀ ਨਹੀਂ, ਜਿੰਮੇਵਾਰੀ ਵੀ ਹੈ ਇਸ ਲਈ ਯੂਨੀਅਨ ਵਲੋਂ ਉਹਲਾਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਯੂਨੀਅਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਸਕੱਤਰ ਪਰਮਦੀਪ ਸਿੰਘ ਬੈਦਵਾਣ, ਯੂਨੀਅਨ ਆਗੂ ਕਿਰਪਾਲ ਸਿੰਘ ਸਿਆਉ, ਤੇਜਿੰਦਰ ਸਿੰਘ ਪੂਨੀਆ, ਬਲਦੀਪ ਸਿੰਘ, ਹਰਮਨ ਸਿੰਘ ਸਹੇੜੀ, ਸੁਖਦੇਵ ਸਿੰਘ ਵੀ ਹਾਜਰ ਸਨ।
Chandigarh
ਪੰਜਾਬ ਪੁਲੀਸ ਵੱਲੋਂ ਐਫ ਬੀ ਆਈ ਨੂੰ ਲੋੜੀਂਦਾ ਭਾਰਤੀ ਮੂਲ ਦਾ ਨਸ਼ਿਆਂ ਦਾ ਵੱਡਾ ਤਸਕਰ ਸ਼ੌਨ ਭਿੰਡਰ ਲੁਧਿਆਣਾ ਤੋਂ ਗ੍ਰਿਫ਼ਤਾਰ

ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਵਿੱਚ ਕਰਦਾ ਸੀ ਕੋਕੇਨ ਦੀ ਤਸਕਰੀ : ਡੀ ਜੀ ਪੀ ਗੌਰਵ ਯਾਦਵ
ਚੰਡੀਗੜ੍ਹ,10 ਮਾਰਚ (ਸ.ਬ.) ਤਰਨਤਾਰਨ ਪੁਲੀਸ ਨੇ ਐਫ ਬੀ ਆਈ ਨੂੰ ਲੋੜੀਂਦੇ ਭਾਰਤੀ ਮੂਲ ਦੇ ਨਸ਼ਾ ਸਮਗਲਰ ਸ਼ਹਿਨਾਜ਼ ਸਿੰਘ ਉਰਫ ਸ਼ੌਨ ਭਿੰਡਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਸ਼ੌਨ ਭਿੰਡਰ ਬਟਾਲਾ ਦੇ ਪਿੰਡ ਮੰਡਿਆਲਾ ਦਾ ਰਹਿਣ ਵਾਲਾ ਹੈ ਅਤੇ ਉਹ ਕੈਨੇਡਾ ਦੇ ਬਰੈਂਪਟਨ ਵਿੱਚ ਰਹਿ ਰਿਹਾ ਸੀ।
ਉਹਨਾਂ ਦੱਸਿਆ ਕਿ ਮੁਲਜਮ 26 ਫਰਵਰੀ, 2025 ਨੂੰ ਅਮਰੀਕਾ ਦੀ ਸਭ ਤੋਂ ਵੱਡੀ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਵਿੱਚ ਐਫ ਬੀ ਆਈ ਨੂੰ ਲੋੜੀਂਦਾ ਹੈ, ਜਿਸ ਵਿੱਚ ਐਫ ਬੀ ਆਈ ਨੇ ਅਮਰੀਕਾ ਵਿੱਚ ਉਸਦੇ ਛੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 391 ਕਿਲੋਗ੍ਰਾਮ ਮੈਥਾਮਫੇਟਾਮਾਈਨ, 109 ਕਿਲੋਗ੍ਰਾਮ ਕੋਕੀਨ, ਚਾਰ ਆਧੁਨਿਕ ਹਥਿਆਰ ਅਤੇ ਵਾਹਨ ਜ਼ਬਤ ਕੀਤੇ ਸਨ। ਇਸ ਮਾਮਲੇ ਵਿੱਚ ਐਫ ਬੀ ਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਛੇ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਉਰਫ਼ ਬੱਲ, ਅੰਮ੍ਰਿਤਪਾਲ ਸਿੰਘ ਉਰਫ਼ ਚੀਮਾ, ਤਕਦੀਰ ਸਿੰਘ ਉਰਫ਼ ਰੋਮੀ, ਸਰਬਜੀਤ ਸਿੰਘ ਸਾਬੀ, ਫਰਨਾਂਡੋ ਵਾਲਾਡੇਰੇਸ ਉਰਫ਼ ਫ੍ਰੈਂਕੋ ਅਤੇ ਗੁਰਲਾਲ ਸਿੰਘ ਵਜੋਂ ਹੋਈ ਹੈ।
ਉਹਨਾਂ ਦੱਸਿਆ ਕਿ ਸ਼ੌਨ ਭਿੰਡਰ ਇੱਕ ਅੰਤਰਰਾਸ਼ਟਰੀ ਨਾਰਕੋਟਿਕਸ ਸਿੰਡੀਕੇਟ ਦਾ ਮੁੱਖ ਸਰਗਨਾ ਸੀ, ਜੋ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਵਿੱਚ ਕੋਕੀਨ ਦੀ ਤਸਕਰੀ ਕਰਦਾ ਸੀ। ਉਹਨਾਂ ਦੱਸਿਆ ਕਿ ਐਫ ਬੀ ਆਈ ਵੱਲੋਂ ਕੀਤੀ ਗਈ ਕਾਰਵਾਈ ਉਪਰੰਤ, ਸ਼ੌਨ ਭਿੰਡਰ ਐਫ ਬੀ ਆਈ ਦੇ ਜਾਸੂਸਾਂ ਨੂੰ ਚਕਮਾ ਦੇ ਕੇ ਭਾਰਤ ਵਾਪਸ ਆ ਗਿਆ। ਉਹਨਾਂ ਦੱਸਿਆ ਕਿ ਪੰਜਾਬ ਪੁਲੀਸ ਨੇ ਉਸਨੂੰ ਸਫਲਤਾਪੂਰਵਕ ਟਰੈਕ ਕਰਕੇ ਲੁਧਿਆਣਾ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ।
ਡੀ ਜੀ ਪੀ ਨੇ ਦੱਸਿਆ ਕਿ ਇਹ ਵਿਅਕਤੀ ਦਸੰਬਰ 2024 ਵਿੱਚ ਅਸਲਾ ਐਕਟ ਤਹਿਤ ਦਰਜ ਕੀਤੇ ਮਾਮਲੇ ਵਿੱਚ ਵੀ ਲੋੜੀਂਦਾ ਸੀ, ਜਿਸ ਵਿੱਚ ਤਰਨਤਾਰਨ ਪੁਲੀਸ ਨੇ ਬਦਨਾਮ ਜੱਗੂ ਭਗਵਾਨਪੁਰੀਆ ਅਤੇ ਅੰਮ੍ਰਿਤਪਾਲ ਬਾਠ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਸੀ।
ਡੀ ਆਈ ਜੀ ਫਿਰੋਜ਼ਪੁਰ ਰੇਂਜ ਸਵਪਨ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਸ਼ੌਨ ਭਿੰਡਰ ਨੇ ਟਰੱਕਾਂ ਅਤੇ ਟ੍ਰੇਲਰਾਂ ਰਾਹੀਂ ਅੰਤਰਰਾਸ਼ਟਰੀ ਸਰਹੱਦਾਂ ਤੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਸ਼ੌਨ ਭਿੰਡਰ 2014 ਤੋਂ ਕੈਨੇਡਾ ਵਿੱਚ ਟਰਾਂਸਪੋਰਟ ਕਾਰੋਬਾਰ ਕਰ ਰਿਹਾ ਹੈ ਅਤੇ ਉਸ ਦੀ ਆੜ ਵਿੱਚ ਇਹਨਾਂ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਸ਼ੌਨ ਭਿੰਡਰ ਆਪਣੇ ਸਾਥੀਆਂ ਨਾਲ ਮਿਲ ਕੇ ਹਰ ਹਫ਼ਤੇ ਕੋਲੰਬੀਆ ਤੋਂ ਮੈਕਸੀਕੋ ਰਾਹੀਂ ਅਮਰੀਕਾ ਅਤੇ ਕੈਨੇਡਾ ਵਿੱਚ ਲਗਭਗ 600 ਕਿਲੋਗ੍ਰਾਮ ਕੋਕੀਨ ਸਪਲਾਈ ਕਰ ਰਿਹਾ ਸੀ।
Chandigarh
ਪੰਜਾਬ ਸਰਕਾਰ ਨੇ 2 ਲੱਖ 25 ਹਜ਼ਾਰ ਬੇਸਹਾਰਾ ਬੱਚਿਆਂ ਨੂੰ 367.59 ਕਰੋੜ ਦੀ ਵਿੱਤੀ ਸਹਾਇਤਾ ਦਿੱਤੀ : ਡਾ ਬਲਜੀਤ ਕੌਰ

ਚੰਡੀਗੜ੍ਹ, 10 ਮਾਰਚ (ਸ.ਬ.) ਪੰਜਾਬ ਸਰਕਾਰ ਵਲੋਂ ਸੂਬੇ ਦੇ 2 ਲੱਖ 25 ਹਜ਼ਾਰ ਦੇ ਕਰੀਬ ਬੱਚਿਆਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਬੇਸਹਾਰਾ ਬੱਚਿਆਂ ਦੀ ਭਲਾਈ ਲਈ ਚਾਲੂ ਵਿੱਤੀ ਸਾਲ ਦੌਰਾਨ 377.00 ਕਰੋੜ ਰੁਪਏ ਦਾ ਬਜ਼ਟ ਉਪਬੰਧ ਕੀਤਾ ਗਿਆ ਸੀ। ਇਸ ਰਾਸ਼ੀ ਵਿੱਚੋਂ 367.59 ਕਰੋੜ ਰੁਪਏ ਦੀ ਰਾਸ਼ੀ ਬੇਸਹਾਰਾ ਬੱਚਿਆਂ ਤੇ ਖ਼ਰਚ ਕੀਤੀ ਜਾ ਚੁੱਕੀ ਹੈ।
ਉਹਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਦਾ ਲਾਭ ਮਿਲ ਸਕੇ।
Chandigarh
ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਕੈਰੇਬਿਆਈ ਮੁਲਕ ਤੋਂ ਲਾਪਤਾ

ਚੰਡੀਗੜ੍ਹ, 10 ਮਾਰਚ (ਸ.ਬ.) ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਸੁਦੀਕਸ਼ਾ ਕੋਨਾਨਕੀ ਕੈਰੇਬਿਆਈ ਮੁਲਕ ਵਿਚ ਲਾਪਤਾ ਹੋ ਗਈ ਹੈ। ਕੋਨਾਨਕੀ ਛੁੱਟੀਆਂ ਮਨਾਉਣ ਲਈ ਸੈਲਾਨੀ ਸ਼ਹਿਰ ਪੁਤਾ ਕਾਨਾ ਗਈ ਸੀ। ਡੋਮੀਨਿਕ ਗਣਰਾਜ ਵੱਲੋਂ 20 ਸਾਲਾ ਯੂਨੀਵਰਸਿਟੀ ਵਿਦਿਆਰਥਣ ਦੀ ਭਾਲ ਕੀਤੀ ਜਾ ਰਹੀ ਹੈ।
ਵਿਦਿਆਰਥਣ ਨੂੰ ਆਖਰੀ ਵਾਰ 6 ਮਾਰਚ ਨੂੰ ਰਿਜ਼ੌਰਟ ਨੇੜੇ ਬੀਚ ਤੇ ਦੇਖਿਆ ਗਿਆ ਸੀ। ਸਿਵਲ ਡਿਫੈਂਸ ਅਧਿਕਾਰੀਆਂ ਮੁਤਾਬਕ ਕੋਨਾਨਕੀ ਇਸ ਰਿਜ਼ੌਰਟ ਵਿਚ ਆਪਣੇ ਕਈ ਦੋਸਤਾਂ ਨਾਲ ਰਹਿ ਰਹੀ ਸੀ। ਕੋਨਾਨਕੀ ਯੂਨੀਵਰਸਿਟੀ ਆਫ ਪਿੱਟਸਬਰਗ ਦੀ ਵਿਦਿਆਰਥਣ ਹੈ।
ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਲਾਪਤਾ ਹੋਣ ਤੋਂ ਪਹਿਲਾਂ ਬੀਚ ਤੇ ਵਾਕ ਕਰ ਰਹੀ ਸੀ। ਉਸ ਦੀ ਗੁੰਮਸ਼ੁਦਗੀ ਨੂੰ ਲੈ ਕੇ ਇਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ।
-
International2 months ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
National2 months ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
Mohali2 months ago
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ