Connect with us

Mohali

ਇੱਕਲੇ ਰਹਿੰਦੇ ਬਜੁਰਗਾਂ ਦੀ ਸਾਂਭ ਸੰਭਾਲ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

Published

on

 

ਸ਼ਹਿਰ ਵਿੱਚ ਇੱਕਲੇ ਰਹਿੰਦੇ ਬਜੁਰਗਾਂ ਦੀ ਹਾਲਤ ਦਾ ਪਤਾ ਲਗਾਉਣ ਲਈ ਸਰਵੇ ਕਰਵਾਉਣ ਦੀ ਲੋੜ

ਐਸ ਏ ਐਸ ਨਗਰ, 1 ਅਗਸਤ (ਸ.ਬ.) ਸਾਡੇ ਸ਼ਹਿਰ ਵਿੱਚ ਅਜਿਹੇ ਵੱਡੀ ਗਿਣਤੀ ਬਜੁਰਗ ਹਨ ਜਿਹੜੇ ਪੂਰੀ ਤਰ੍ਹਾਂ ਇਕੱਲੇ ਰਹਿੰਦੇ ਹਨ। ਇਹਨਾਂ ਦੇ ਬੱਚੇ ਜਾਂ ਤਾਂ ਵਿਦੇਸ਼ ਰਹਿੰਦੇ ਹਨ ਫਿਰ ਦੇਸ਼ ਦੇ ਹੀ ਹੋਰਨਾਂ ਸ਼ਹਿਰਾਂ ਵਿੱਚ ਜਾ ਕੇ ਵਸ ਗਏ ਹਨ। ਅਜਿਹੇ ਬਜੁਰਗ ਜਿਹਨਾਂ ਦੇ ਸਿਰਫ ਧੀਆਂ ਹੀ ਹਨ, ਉਹ ਆਪਣੀਆਂ ਧੀਆਂ ਦੇ ਵਿਆਹ ਕੇ ਸਹੁਰੇ ਘਰ ਚਲੇ ਜਾਣ ਤੋਂ ਬਾਅਦ ਇਕੱਲੇ ਹੋ ਗਏ ਹਨ।

ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਆਗੂ ਪ੍ਰਿ. ਐਸ ਚੌਧਰੀ (ਸੇਵਾਮੁਕਤ) ਦਾ ਕਹਿਣਾ ਹੈ ਕਿ ਇਕੱਲੇ ਰਹਿੰਦੇ ਇਹਨਾਂ ਬਜੁਰਗਾਂ ਵਿੱਚੋਂ ਕਈ ਅਜਿਹੇ ਹਨ ਜਿਹੜੇ ਸਰੀਰਕ ਤੌਰ ਤੇ ਕਮਜੋਰ ਹੋਣ ਕਾਰਨ ਖੁਦ ਨੂੰ ਸੰਭਾਲ ਨਹੀਂ ਸਕਦੇ ਅਤੇ ਇਹਨਾਂ ਦੀ ਸੰਭਾਲ ਕਰਨ ਵਾਲਾ ਵੀ ਕੋਈ ਨਾ ਹੋਣ ਕਾਰਨ ਉਹਨਾਂ ਦੀ ਹਾਲਤ ਤਰਸਯੋਗ ਹੈ।

ਬੀਤੇ ਦਿਨ ਸਥਾਨਕ ਫੇਜ਼ 9 ਵਿੱਚ ਰਹਿੰਦੀ ਇੱਕ ਬਜੁਰਗ ਮਹਿਲਾ ਨੂੰ ਇਕ ਸਮਾਜ ਸੇਵੀ ਸੰਸਥਾ ਵੱਲੋਂ ਇੱਕ ਸ਼ੈਲਟਰ ਹੋਮ ਵਿੱਚ ਦਾਖਲ ਕਰਵਾਇਆ ਗਿਆ ਸੀ। ਦਸਿਆ ਜਾਂਦਾ ਹੈ ਕਿ ਇਹ ਮਹਿਲਾ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਸੀ ਅਤੇ ਆਪਣੇ ਮਾਪਿਆਂ ਅਤੇ ਭਰਾ ਦੀ ਮੌਤ ਤੋਂ ਬਾਅਦ ਇਸ ਨੇ ਆਪਣੇ ਘਰ ਨੂੰ ਹੀ ਆਪਣਾ ਸੰਸਾਰ ਬਣਾ ਲਿਆ ਸੀ। ਇਕੱਲੀ ਰਹਿਣ ਕਰਕੇ ਇਹ ਮਹਿਲਾ ਮਾਨਸਿਕ ਰੋਗੀ ਵੀ ਹੋ ਗਈ ਸੀ।

ਸ੍ਰੀ ਚੌਧਰੀ ਕਹਿੰਦੇ ਹਨ ਕਿ ਸ਼ਹਿਰ ਵਿੱਚ ਇੱਕਲੇ ਰਹਿੰਦੇ ਬਜੁਰਗਾਂ ਦੀ ਪੂਰੀ ਜਾਣਕਾਰੀ ਪ੍ਰਸ਼ਾਸਨ ਕੋਲ ਹੋਣੀ ਬਹੁਤ ਜਰੂਰੀ ਹੈ ਤਾਂ ਕਿ ਲੋੜ ਪੈਣ ਤੇ ਇਹਨਾਂ ਬਜੁਰਗਾਂ ਦੀ ਦੇਖਭਾਲ ਅਤੇ ਸੇਵਾ ਸੰਭਾਲ ਦਾ ਲੋੜੀਂਦਾ ਪ੍ਰਬੰਧ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਸ ਸੰਬੰਧੀ ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਇੱਕਲੇ ਰਹਿੰਦੇ ਬਜੁਰਗਾਂ ਦਾ ਸਰਵੇ ਕਰਵਾ ਕੇ ਉਹਨਾਂ ਦੀ ਗਿਣਤੀ ਅਤੇ ਉਹਨਾਂ ਦੀ ਹਾਲਤ ਦੀ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ ਅਤੇ ਜਿਹੜੇ ਬਜੁਰਗਾਂ ਨੂੰ ਕਿਸੇ ਮਦਦ ਦੀ ਲੋੜ ਹੈ, ਉਹਨਾਂ ਨੂੰ ਮਦਦ ਦੇਣੀ ਚਾਹੀਦੀ ਹੈ। ਇਸ ਕੰਮ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਇਲਾਕੇ ਦੇ ਕੌਂਸਲਰਾਂ ਦੀ ਮਦਦ ਵੀ ਲਈ ਜਾ ਸਕਦੀ ਹੈ।

ਉਹਨਾਂ ਕਿਹਾ ਕਿ ਸਥਾਨਕ ਪ੍ਰਸ਼ਾਸ਼ਨ ਨੂੰ ਬਜੁਰਗਾਂ ਵਾਸਤੇ ਇੱਕ ਵਿਸ਼ੇਸ਼ ਹੈਲਪ ਲਾਈਨ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਛੋਟੀ ਵੱਡੀ ਲੋੜ ਲਈ ਬਜੁਰਗ ਉਸਤੇ ਸੰਪਰਕ ਕਰ ਸਕਣ। ਇਸਦੇ ਨਾਲ ਹੀ ਪੂਰੀ ਤਰ੍ਹਾਂ ਇਕੱਲੇ ਰਹਿੰਦੇ ਬਜੁਰਗਾਂ ਦੀ ਸੁਰਖਿਆ ਯਕੀਨੀ ਕਰਨ ਲਈ ਵੀ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਦੀ ਬੇਰੁਖੀ ਕਾਰਨ ਇਕੱਲੇ ਰਹਿੰਦੇ ਬਜੁਰਗਾਂ ਨੂੰ ਕਾਫੀ ਪਰੇਸ਼ਾਨੀ ਸਹਿਣੀ ਪੈਂਦੀ ਹੈ ਅਤੇ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।

Continue Reading

Mohali

ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਸਾਬਕਾ ਫੌਜੀ

Published

on

By

 

 

ਸੀ. ਬੀ. ਆਈ. ਦਾ ਅਧਿਕਾਰੀ ਦੱਸ ਕੇ ਧਮਕਾਇਆ ਅਤੇ 10 ਲੱਖ ਰੁਪਏ ਟਰਾਂਸਫਰ ਕਰਵਾਏ

ਐਸ ਏ ਐਸ ਨਗਰ, 14ਦਸੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਦੇ ਫੇਜ਼ 11 ਦੇ ਰਹਿਣ ਵਾਲੇ ਇੱਕ ਬਜੁਰਗ ਸਾਬਕਾ ਫੌਜੀ ਨਾਲ ਸਾਈਬਰ ਠੱਗਾਂ ਵਲੋਂ 10 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਹਰਨੇਕ ਸਿੰਘ ਵਾਸੀ ਫੇਜ਼ 11 ਨੇ ਪੁਲੀਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਬੀਤੀ 4 ਦਸੰਬਰ ਨੂੰ ਕਿਸੇ ਨਾਮਾਲੂਮ ਵਿਅਕਤੀ ਵਲੋਂ ਉਸ ਦੇ ਮੋਬਾਇਲ ਨੰਬਰ ਤੇ ਫੋਨ ਕਰਕੇ ਕਿਹਾ ਗਿਆ ਕਿ ਉਸ ਦੇ ਨਾਮ ਤੇ 20 ਸਤੰਬਰ ਨੂੰ ਕਿਸੇ ਨੇ ਸਿਮ ਕਾਰਡ ਲਿਆ ਹੈ, ਜਿਸ ਰਾਹੀਂ ਕਿਸੇ ਪੂਜਾ ਮਾਥੁਰ ਨੇ ਬਹੁਤ ਵੱਡਾ ਘਪਲਾ ਕੀਤਾ ਹੈ ਅਤੇ ਉਹ ਇਸ ਕੇਸ ਵਿਚ ਲੋੜੀਂਦਾ ਹੈ।

ਪੀੜਤ ਮੁਤਾਬਕ ਉਸ ਨੂੰ 8093284518 ਤੋਂ ਕਾਲ ਆਈ ਸੀ। ਇਸ ਸਬੰਧੀ ਪੀੜਤ ਹਰਨੇਕ ਸਿੰਘ ਦੇ ਵਕੀਲ ਲਲਿਤ ਸੂਦ ਨੇ ਦੱਸਿਆ ਕਿ ਹਰਨੇਕ ਸਿੰਘ ਨੂੰ ਵੀਡੀਓ ਕਾਲ ਆਈ, ਜਿਸ ਵਿਚ ਫੋਨ ਕਰਨ ਵਾਲੇ ਨੇ ਪੁਲੀਸ ਅਧਿਕਾਰੀ ਦੀ ਵਰਦੀ ਪਾਈ ਹੋਈ ਸੀ ਅਤੇ ਉਸ ਵਲੋਂ ਹਰਨੇਕ ਸਿੰਘ ਨੂੰ ਡਰਾਇਆ ਧਮਕਾਇਆ ਗਿਆ ਅਤੇ ਕਿਹਾ ਕਿ ਉਹ ਸੀ. ਬੀ. ਆਈ. ਦਾ ਵੱਡਾ ਅਧਿਕਾਰੀ ਹੈ ਅਤੇ ਉਸ ਨੇ ਅੱਗੇ ਕਿਸੇ ਵਿਜੇਅਨ. ਕੇ ਨਾਂ ਦੇ ਵਿਅਕਤੀ ਦੇ ਮੋਬਾਇਲ ਨੰਬਰ ਤੇ ਗੱਲ ਕਰਵਾਈ। ਉਕਤ ਵਿਅਕਤੀ ਨੇ ਵੀ ਹਰਨੇਕ ਸਿੰਘ ਨੂੰ ਫੋਨ ਤੇ ਬਹੁਤ ਡਰਾਇਆ ਧਮਕਾਇਆ ਅਤੇ ਕਿਹਾ ਕਿ ਉਹ ਉਸਦੇ ਅਰੈਸਟ ਵਾਰੰਟ ਤੇ ਉਹ ਦਸਤਖਤ ਕਰਨ ਲੱਗਾ ਹੈ।

ਸ੍ਰੀ ਸੂਦ ਨੇ ਦੱਸਿਆ ਕਿ ਹਰਨੇਕ ਸਿੰਘ ਬਹੁਤ ਡਰ ਗਿਆ। ਇਸ ਦੌਰਾਨ ਫੋਨ ਕਰਨ ਵਾਲੇ ਐਸ. ਜੇ. ਸਿੰਘ ਨਾਂ ਦੇ ਵਿਅਕਤੀ ਨੇ ਹਰਨੇਕ ਸਿੰਘ ਨੂੰ ਕਿਹਾ ਕਿ ਉਹ ਉਸ ਦਾ ਗਰੰਟਰ ਬਣ ਜਾਵੇਗਾ ਅਤੇ ਉਸ ਦਾ ਖਾਤਾ ਅਤੇ ਨੰਬਰ ਗੁਪਤ ਰੱਖ ਕੇ ਉਸ ਦੀ ਮੱਦਦ ਕਰੇਗਾ। ਸ਼੍ਰੀ ਸੂਦ ਮੁਤਾਬਕ ਫੋਨ ਕਰਨ ਵਾਲੇ ਨੇ ਹਰਨੇਕ ਸਿੰਘ ਦੀ ਮੱਦਦ ਕਰਨ ਲਈ ਸ਼ਰਤ ਰੱਖੀ ਕਿ ਹਰਨੇਕ ਸਿੰਘ ਇਸ ਬਾਰੇ ਕਿਸੇ ਨਾਲ ਕੋਈ ਗੱਲ ਨਹੀਂ ਕਰੇਗਾ ਵਰਨਾ ਉਸ ਦੇ ਪਰਿਵਾਰ ਨੂੰ ਜਾਨ ਦਾ ਖਤਰਾ ਹੈ। ਡਰਦੇ ਮਾਰੇ ਹਰਨੇਕ ਸਿੰਘ ਨੇ ਉਕਤ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਿਆ ਅਤੇ 7 ਦਸੰਬਰ 2024 ਨੂੰ ਫੋਨ ਕਰਨ ਵਾਲੇ ਵਿਅਕਤੀ ਦੇ ਕਹਿਣ ਤੇ ਮਹਾਂਰਾਸ਼ਟਰ ਵਾਲੀ ਕਿਸੇ ਬੈਂਕ ਦੇ ਖਾਤੇ ਵਿੱਚ ਪਹਿਲਾਂ 6 ਲੱਖ 70 ਹਜ਼ਾਰ ਰੁਪਏ ਟਰਾਂਸਫਰ ਕਰਵਾ ਦਿੱਤੇ ਅਤੇ 7 ਦਸੰਬਰ ਨੂੰ ਸ਼ਾਮ ਸਮੇਂ 3 ਲੱਖ 30 ਹਜਾਰ ਰੁਪਏ ਟਰਾਂਸਫਰ ਕਰ ਦਿੱਤੇ।

ਸ਼੍ਰੀ ਸੂਦ ਨੇ ਦੱਸਿਆ ਕਿ ਸਾਈਬਰ ਠੱਗਾਂ ਨੇ 10 ਲੱਖ ਰੁਪਏ ਟਰਾਂਸਫਰ ਕਰਵਾਉਣ ਤੋਂ ਬਾਅਦ 7 ਦਸੰਬਰ ਨੂੰ ਹਰਨੇਕ ਸਿੰਘ ਨੂੰ ਮੁੜ ਫੋਨ ਕਰਕੇ ਧਮਕਾਇਆ ਕਿ ਉਸ ਦੇ ਖਿਲਾਫ ਅਰੈਸਟ ਵਾਰੰਟ ਜਾਰੀ ਹੋ ਚੁੱਕੇ ਹਨ, ਜਿਸ ਨੂੰ ਰੋਕਣ ਲਈ ਹੋਰ 5 ਲੱਖ ਰੁਪਏ ਦੇਣੇ ਪੈਣਗੇ। ਹਰਨੇਕ ਸਿੰਘ ਨੇ ਫੋਨ ਕਰਨ ਵਾਲੇ ਨੂੰ ਕਿਹਾ ਕਿ ਉਸ ਕੋਲ ਹੋਰ ਪੈਸੇ ਨਹੀਂ ਹਨ। ਇਸ ਉਪਰੰਤ ਹਰਨੇਕ ਸਿੰਘ ਨੇ ਉਕਤ ਘਟਨਾ ਬਾਰੇ ਆਪਣੀ ਪਤਨੀ ਨੂੰ ਦੱਸਿਆ ਜਿਸਨੇ ਹਰਨੇਕ ਸਿੰਘ ਦੇ ਲੜਕੇ ਦਵਿੰਦਰ ਸਿੰਘ ਨੂੰ ਸਾਰੀ ਗੱਲ ਦੱਸੀ। ਦਵਿੰਦਰ ਸਿੰਘ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਨ੍ਹਾਂ ਨਾਲ ਧੋਖਾਧੜੀ ਹੋ ਗਈ ਹੈ।

ਸ਼੍ਰੀ ਸੂਦ ਮੁਤਾਬਕ ਬਾਅਦ ਵਿੱਚ ਉਹ ਹਰਨੇਕ ਸਿੰਘ ਨੂੰ ਲੈ ਕੇ ਸਾਈਬਰ ਕਰਾਇਮ ਦੇ ਦਫਤਰ ਪਹੁੰਚੇ ਜਿੱਥੇ 10 ਲੱਖ ਰੁਪਏ ਦੀ ਠੱਗੀ ਬਾਰੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

 

Continue Reading

Mohali

ਮਹਿਲਾਵਾਂ ਲਈ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਸਬੰਧ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਨੋਟਿਸ ਜਾਰੀ

Published

on

By

 

 

ਹਰਜਿੰਦਰ ਸਿੰਘ ਧਾਮੀ ਨੂੰ 17 ਦਸੰਬਰ ਤੱਕ ਨਿੱਜੀ ਤੌਰ ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦੀ ਹਦਾਇਤ

ਐਸ ਏ ਐਸ ਨਗਰ, 14 ਦਸੰਬਰ (ਸ.ਬ.) ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ, ਰਾਜ ਲਾਲੀ ਗਿੱਲ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸਿਆਸੀ ਆਗੂ ਬੀਬੀ ਜਗੀਰ ਕੌਰ ਵਿਰੁੱਧ ਅਪਮਾਨਜਨਕ ਟਿੱਪਣੀ ਅਤੇ ਭਾਸ਼ਾ ਦੀ ਵਰਤੋਂ ਦੇ ਮਾਮਲੇ ਵਿੱਚ ਸੂ ਮੋਟੋ ਨੋਟਿਸ ਜਾਰੀ ਕੀਤਾ ਗਿਆ ਹੈ। ਸz. ਧਾਮੀ ਨੂੰ ਨੋਟਿਸ ਜਾਰੀ ਹੋਣ ਦੀ ਮਿਤੀ ਤੋਂ 4 ਦਿਨਾਂ ਦੇ ਅੰਦਰ ( 17 ਦਸੰਬਰ 2024 ਤੱਕ) ਉਕਤ ਆਡੀਓ ਰਿਕਾਰਡਿੰਗ ਸਬੰਧੀ ਆਪਣਾ ਲਿਖਤੀ ਸਪਸ਼ਟੀਕਰਨ ਅਤੇ ਬਿਆਨ ਕਮਿਸ਼ਨ ਦੇ ਦਫਤਰ ਵਿਖੇ ਹਾਜਰ ਹੋ ਕੇ ਦੇਣ ਲਈ ਕਿਹਾ ਗਿਆ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਸz ਧਾਮੀ ਵੱਲੋਂ ਇੱਕ ਪੱਤਰਕਾਰ ਨਾਲ ਟੈਲੀਫੋਨ ਤੇ ਗੱਲਬਾਤ ਦੌਰਾਨ, ਉਨ੍ਹਾਂ ਵੱਲੋਂ ਔਰਤ ਭਾਈਚਾਰੇ ਦੀ ਇੱਕ ਮੈਂਬਰ ਬੀਬੀ ਜਗੀਰ ਕੌਰ ਨੂੰ ਸੰਬੋਧਨ ਕਰਦੇ ਸਮੇਂ, ਬਹੁਤ ਹੀ ਅਪਮਾਨਜਨਕ ਅਤੇ ਅਣਮਨੁੱਖੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਅਜਿਹੀ ਭਾਸ਼ਾ ਅਤੇ ਟਿੱਪਣੀ ਨਾ ਸਿਰਫ ਇੱਕ ਵਿਅਕਤੀਗਤ ਔਰਤ ਨੂੰ ਬਦਨਾਮ ਕਰਦੀ ਹੈ ਬਲਕਿ ਸਮੁੱਚੀ ਔਰਤ ਜਾਤੀ ਦਾ ਵੀ ਨਿਰਾਦਰ ਕਰਦੀ ਹੈ।

ਉਹਨਾਂ ਕਿਹਾ ਕਿ ਸz ਧਾਮੀ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਇੱਕ ਮਹੱਤਵਪੂਰਨ ਅਤੇ ਬਹੁਤ ਹੀ ਸਤਿਕਾਰਤ ਅਹੁਦੇ ਤੇ ਬਿਰਾਜਮਾਨ ਹੋਣ ਦੇ ਨਾਤੇ, ਉਨ੍ਹਾਂ ਦੇ ਆਚਰਨ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਹ ਸਮੁੱਚੀ ਮਨੁੱਖ ਜਾਤੀ ਦੇ ਸਤਿਕਾਰ ਅਤੇ ਮਰਿਆਦਾ ਦੇ ਉਚੱਤਮ ਮਿਆਰਾਂ ਨੂੰ ਦਰਸਾਏਗਾ। ਅਜਿਹੇ ਮਾਮਲੇ ਵਿੱਚ ਅਜਿਹੀ ਅਪਮਾਨਜਨਕ ਭਾਸ਼ਾ ਅਤੇ ਟਿੱਪਣੀ ਦੀ ਵਰਤੋਂ, ਉਨ੍ਹਾਂ ਦੇ ਅਹੁਦੇ ਲਈ ਅਣਉਚਿਤ ਅਤੇ ਸਮਾਜ ਨੂੰ ਇੱਕ ਨੁਕਸਾਨਦੇਹ ਸੰਦੇਸ਼ ਦਿੰਦੀ ਹੈ। ਸ੍ਰੀਮਤੀ ਰਾਜ ਲਾਲੀ ਗਿਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਾਰੀ ਜਾਤੀ ਦੇ ਕੀਤੇ ਗਏ ਅਪਮਾਨ ਦੇ ਸਬੰਧ ਵਿੱਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਗਈ ਹੈ ਕਿ ਸ਼੍ਰੀ ਧਾਮੀ ਵੱਲੋਂ ਔਰਤਾਂ ਵਿਰੁੱਧ ਬੋਲੀ ਗਈ ਭੱਦੀ ਸ਼ਬਦਾਵਲੀ ਲਈ ਉਨ੍ਹਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।

ਉਹਨਾਂ ਕਿਹਾ ਕਿ ਜੇਕਰ ਸz. ਧਾਮੀ ਵੱਲੋਂ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਇਸ ਦਫਤਰ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਕਮਿਸ਼ਨ ਵੱਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001 ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਉਨ੍ਹਾਂ ਖਿਲਾਫ ਢੁੱਕਵੀਂ ਕਾਰਵਾਈ ਲਈ ਸਬੰਧਤ ਅਥਾਰਟੀਆਂ ਨੂੰ ਸਿਫਾਰਿਸ਼ ਕਰ ਦਿੱਤੀ ਜਾਵੇਗੀ।

Continue Reading

Mohali

ਨੌਜਵਾਨ ਨੇ ਵਿਦੇਸ਼ ਜਾਣ ਲਈ ਆਪਣੀ ਮੰਗੇਤਰ ਦੇ ਕਾਗਜ ਲਗਾ ਕੇ ਕਿਸੇ ਹੋਰ ਲੜਕੀ ਨੂੰ ਖੜ੍ਹਾ ਕੇ ਕਰਵਾਈ ਕੋਰਟ ਮੈਰਿਜ

Published

on

By

 

ਜਾਅਲਸਾਜੀ ਵਿਰੁੱਧ ਮਾਮਲਾ ਦਰਜ ਕਰਵਾਏ ਜਾਣ ਤੋਂ ਬਾਅਦ ਵੀ ਨਹੀਂ ਹੋਈ ਗ੍ਰਿਫਤਾਰੀ

ਐਸ ਏ ਐਸ ਨਗਰ, 14 ਦਸੰਬਰ (ਜਸਬੀਰ ਸਿੰਘ ਜੱਸੀ) ਖੰਨਾ ਵਾਸੀ ਬਹਾਦਰ ਸਿੰਘ ਨੇ ਇਲਜਾਮ ਲਗਾਇਆ ਹੈ ਕਿ ਉਹਨਾਂ ਦੀ ਲੜਕੀ ਦੇ ਮੰਗੇਤਰ ਵਲੋਂ ਉਹਨਾਂ ਦੀ ਲੜਕੀ ਦੇ ਕਾਗਜ ਵਰਤਦਿਆਂ ਕਿਸੇ ਹੋਰ ਲੜਕੀ ਨਾਲ ਕੋਰਟ ਮੈਰਿਜ ਕਰਵਾ ਕੇ ਇੰਗਲੈਂਡ ਦਾ ਵੀਜਾ ਅਪਲਾਈ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਜਾਣਕਾਰੀ ਮਿਲਣ ਤੇ ਉਹਨਾਂ ਵਲੋਂ ਦਿੱਤੀ ਸ਼ਿਕਾਇਤ ਤੇ ਮਾਮਲਾ ਦਰਜ ਹੋਣ ਦੇ ਬਾਵਜੂਦ ਪੁਲੀਸ ਵਲੋਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੇ ਆਪਣੀ ਲੜਕੀ ਦਾ ਰਿਸ਼ਤਾ ਸਮਰਾਲਾ ਦੇ ਹਰਦੀਪ ਸਿੰਘ ਨਾਲ ਤੈਅ ਕੀਤਾ ਸੀ। ਦੋਵਾਂ ਦੀ ਮੰਗਣੀ ਵੀ ਹੋ ਗਈ ਸੀ ਅਤੇ ਇਸ ਦੌਰਾਨ ਬੇਟੀ ਦਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਸੀ ਤੇ ਉਸਨੇ ਵਿਦੇਸ਼ ਜਾਣਾ ਸੀ। ਉਹਨਾਂ ਕਿਹਾ ਕਿ ਲੜਕੀ ਦਾ ਵਿਆਹ ਨਹੀਂ ਹੋਇਆ ਸੀ ਪਰੰਤੂ ਇਸਤੋਂ ਪਹਿਲਾਂ ਹਰਦੀਪ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਦਸਤਾਵੇਜ਼ ਲੈ ਲਏ ਅਤੇ ਬਾਅਦ ਵਿਚ ਉਹਨਾਂ ਦੀ ਲੜਕੀ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਕਿਸੇ ਹੋਰ ਲੜਕੀ ਦਾ ਪ੍ਰਬੰਧ ਕਰਕੇ ਰਾਜਪੁਰਾ ਤਹਿਸੀਲ ਤੋਂ ਕੋਰਟ ਮੈਰਿਜ ਕਰਵਾ ਲਈ।

ਬਹਾਦਰ ਸਿੰਘ ਨੇ ਦੱਸਿਆ ਕਿ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਇੰਗਲੈਂਡ ਵਿੱਚ ਉਹਨਾਂ ਦੀ ਲੜਕੀ ਨੂੰ ਅੰਬੈਸੀ ਤੋਂ ਫੋਨ ਆਇਆ, ਜਿਸ ਵਿੱਚ ਕਿਹਾ ਗਿਆ ਕਿ ਉਸ ਦੇ ਪਤੀ ਨੇ ਇੰਗਲੈਂਡ ਆਉਣ ਲਈ ਫਾਈਲ ਲਗਾਈ ਹੈ, ਇਸ ਲਈ ਉਸ ਨੂੰ ਇੰਟਰਵਿਊ ਲਈ ਆਉਣਾ ਪਵੇਗਾ। ਉਹਨਾਂ ਕਿਹਾ ਕਿ ਉਹਨਾਂ ਦੀ ਲੜਕੀ ਬਹੁਤ ਹੈਰਾਨ ਹੋਈ ਕਿ ਉਸ ਦਾ ਤਾਂ ਅਜੇ ਵਿਆਹ ਵੀ ਨਹੀਂ ਹੋਇਆ, ਫਿਰ ਹਰਦੀਪ ਨੇ ਫਾਈਲ ਕਿਵੇਂ ਲਗਾ ਦਿੱਤੀ। ਬਹਾਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਲੜਕੀ ਨੇ ਇਸ ਬਾਰੇ ਉਹਨਾਂ ਨਾਲ ਗੱਲ ਕੀਤੀ ਅਤੇ ਜਦੋਂ ਉਹ ਤਹਿਸੀਲ ਵਿੱਚ ਗਏ ਤਾਂ ਉਕਤ ਜਾਅਲਸਾਜੀ ਦਾ ਖੁਲਾਸਾ ਹੋਇਆ।

ਉਹਨਾਂ ਕਿਹਾ ਕਿ ਜਦੋਂ ਉਹਨਾਂ ਨੂੰ ਇਸ ਸੱਚਾਈ ਦਾ ਪਤਾ ਲੱਗਾ ਤਾਂ ਉਹਨਾਂ ਨੇ ਹਰਦੀਪ ਸਿੰਘ ਅਤੇ ਉਸਦੇ ਨਾਲ ਦੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਵਾਇਆ, ਪਰੰਤੂ ਪੁਲੀਸ ਨੇ ਹੁਣ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਉਹਨਾਂ ਕਿਹਾ ਕਿ ਜੇਕਰ ਪੁਲੀਸ ਨੇ ਮੁਲਜਮਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਤਾਂ ਉਹ ਅਦਾਲਤ ਦਾ ਰੁਖ ਕਰਨ ਲਈ ਮਜਬੂਰ ਹੋਣਗੇ।

ਇਸ ਸਬੰਧੀ ਸੰਪਰਕ ਕਰਨ ਤੇ ਜਾਂਚ ਅਧਿਕਾਰੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਮੁਲਜਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲੀਸ ਵਲੋਂ ਮੁਲਜਮ ਹਰਦੀਪ ਸਿੰਘ ਦੀ ਜਮਾਨਤ ਦੀ ਅਰਜੀ ਅਦਾਲਤ ਵਿੱਚੋਂ ਖਾਰਿਜ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਜਲਦ ਹੀ ਅਦਾਲਤ ਰਾਹੀਂ ਫਰਾਰ ਮੁਲਜਮਾਂ ਨੂੰ ਭਗੌੜਾ ਘੋਸ਼ਿਤ ਕਰਨ ਬਾਰੇ ਚਾਰਾਜੋਈ ਕੀਤੀ ਜਾਵੇਗੀ।

Continue Reading

Latest News

Trending