Editorial
ਬਾਗੀਆਂ ਨੂੰ ਬਾਹਰ ਦਾ ਰਾਹ ਵਿਖਾਏ ਜਾਣ ਤੋਂ ਬਾਅਦ ਹੋਰ ਭਖੀ ਅਕਾਲੀ ਦਲ ਦੀ ਅੰਦਰੂਨੀ ਜੰਗ
ਸੁਖਬੀਰ ਬਾਦਲ ਨੂੰ ਕਰਨਾ ਪੈ ਰਿਹਾ ਹੈ ਨਿੱਤ ਨਵੀਆਂ ਚੁਣੌਤੀਆਂ ਦਾ ਸਾਹਮਣਾ
ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਗੰਭੀਰ ਫੁੱਟ ਦੀ ਸ਼ਿਕਾਰ ਹੈ ਅਤੇ ਅਕਾਲੀ ਦਲ ਵਿੱਚਲੀ ਅੰਦਰੂਨੀ ਜੰਗ ਹੋਰ ਵੀ ਤੇਜ਼ ਹੋ ਗਈ ਹੈ। ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਵਲੋਂ ਜਿਥੇ ਅੱਠ ਬਾਗੀ ਆਗੂਆਂ ਨੂੰ ਪਾਰਟੀ ਤੋਂ ਕੱਢ ਦਿਤਾ ਗਿਆ ਹੈ, ਉੱਥੇ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਇਨਾਂ ਆਗੂਆਂ ਦੀ ਬਰਤਰਫ਼ੀ ਦਾ ਫੈਸਲਾ ਰੱਦ ਕਰ ਦਿੱਤਾ ਹੈ। ਬਾਗੀ ਆਗੂਆਂ ਦੇ ਨਾਲ ਪੱਤਰਕਾਰ ਸੰਮੇਲਨ ਕਰਦਿਆਂ ਸz. ਢੀਂਡਸਾ ਨੇ ਕਿਹਾ ਕਿ ਕਿਸੇ ਵੀ ਆਗੂ ਦੀ ਬਰਤਰਫ਼ੀ ਦਾ ਅਧਿਕਾਰ ਸਿਰਫ਼ ਵਰਕਿੰਗ ਕਮੇਟੀ ਕੋਲ ਹੈ ਅਤੇ ਉਹ ਇਸਨੂੰ ਰੱਦ ਕਰਦੇ ਹਨ ਅਤੇ ਛੇਤੀ ਹੀ ਪਾਰਟੀ ਦਾ ਇਜਲਾਸ ਸੱਦ ਕੇ ਪਾਰਟੀ ਪ੍ਰਧਾਨ ਦੀ ਚੋਣ ਕਰਵਾਉਣਗੇ। ਸੁਖਦੇਵ ਸਿੰਘ ਢੀਂਡਸਾ ਵਲੋਂ ਬਾਗੀ ਅਕਾਲੀ ਆਗੂਆਂ ਦੇ ਹੱਕ ਵਿੱਚ ਖੁੱਲ ਕੇ ਸਟੈਂਡ ਲਏ ਜਾਣ ਨਾਲ ਅਕਾਲੀ ਦਲ ਦੀ ਅੰਦਰੂਨੀ ਫੁੱਟ ਹੋਰ ਵੀ ਉਭਰ ਕੇ ਸਾਹਮਣੇ ਆ ਗਈ ਹੈ।
ਪੰਜਾਬ ਦੀ ਮੌਜੂਦਾ ਸਰਕਾਰ ਦਾ ਅੱਧਾ ਕਾਰਜਕਾਲ ਲੰਘ ਗਿਆ ਹੈ ਅਤੇ ਇਸ ਵੇਲੇ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੰਦਰਖਾਤੇ ਤਿਆਰੀਆਂ ਸ਼ੁਰੂ ਕਰ ਚੁੱਕੀਆਂ ਹਨ ਜਿਸਦੇ ਤਹਿਤ ਸਿਆਸੀ ਪਾਰਟੀਆਂ ਆਪੋ ਆਪਣੇ ਸੰਗਠਨਾਂ ਨੂੰ ਮਜਬੂਤ ਕਰ ਰਹੀਆਂ ਹਨ ਪਰੰਤੂ ਅਕਾਲੀ ਦਲ ਦਾ ਮੌਜੂਦਾ ਘਟਨਾਚੱਕਰ ਇਸਦੇ ਉਲਟ ਚਲ ਰਿਹਾ ਹੈ ਅਤੇ ਅਕਾਲੀ ਦਲ ਦੀ ਹਾਲਤ ਲਗਾਤਾਰ ਕਮਜੋਰ ਹੋ ਰਹੀ ਹੈ।
ਅਕਾਲੀ ਪਾਰਟੀ ਦੀ ਮੌਜੂਦਾ ਸਥਿਤੀ ਕਾਰਨ ਆਮ ਵਰਕਰ ਦੁਬਿਧਾ ਵਿੱਚ ਫਸੇ ਹੋਏ ਹਨ ਕਿ ਉਹ ਕਿਸ ਧੜੇ ਦੀ ਹਮਾਇਤ ਕਰਨ। ਦੂਜੇ ਪਾਸੇ ਪੰਜਾਬ ਦੇ ਆਮ ਲੋਕ ਕਹਿ ਰਹੇ ਹਨ ਕਿ ਅਕਾਲੀ ਦਲ ਦੇ ਆਗੂ ਅਤੇ ਬਾਗੀ ਆਗੂਆਂ ਵਿੱਚੋਂ ਕੋਈ ਵੀ ਦੁੱਧ ਧੋਤਾ ਨਹੀਂ। ਜਿਹੜੇ ਆਗੂ ਇਸ ਸਮੇਂ ਬਾਗੀ ਹਨ, ਉਹ ਆਗੂ ਵੀ ਅਕਾਲੀ ਦਲ ਦੇ ਸੱਤਾ ਵੇਲੇ ਹਰ ਕੰਮ ਵਿੱਚ ਭਾਈਵਾਲ ਰਹੇ ਹਨ। ਇਸ ਕਾਰਨ ਕਿਸੇ ਵੀ ਅਕਾਲੀ ਆਗੂ ਨੂੰ ਦੁੱਧ ਧੋਤਾ ਨਹੀਂ ਕਿਹਾ ਜਾ ਸਕਦਾ ਅਤੇ ਸਿਆਸੀ ਹਮਾਮ ਵਿੱਚ ਸਾਰੇ ਹੀ ਨੰਗੇ ਹਨ।
ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਨਿੱਤ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਤਾਂ ਉਹਨਾਂ ਨੂੰ ਪੰਜਾਬ ਦੀ ਸੱਤਾ ਤੋਂ ਦੂਰ ਹੋਣ ਦਾ ਦੁਖ ਸਤਾ ਰਿਹਾ ਹੈ ਅਤੇ ਦੂਜੇ ਪਾਸੇ ਉਹਨਾਂ ਦੀ ਪਾਰਟੀ ਦੇ ਆਗੂਆਂ ਨੇ ਉਹਨਾਂ ਵਿਰੁੱਧ ਮੋਰਚਾ ਖੋਲ੍ਹ ਲਿਆ ਹੈ। ਇਸ ਦੌਰਾਨ ਬੇਅਦਬੀਆਂ ਦਾ ਮਾਮਲਾ ਇੱਕ ਵਾਰ ਫਿਰ ਅਕਾਲੀ ਦਲ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਕੋਲ ਸੁਖਬੀਰ ਬਾਦਲ ਦੇ ਸੁਖ ਵਿਲਾਸ ਦੇ ਸਾਰੇ ਕਾਗਜ ਆ ਗਏ ਹਨ ਅਤੇ ਛੇਤੀ ਹੀ ਉਹ ਸਾਰਾ ਕੁਝ ਸਭ ਦੇ ਸਾਹਮਣੇ ਲਿਆਉਣਗੇ। ਮੁੱਖ ਮੰਤਰੀ ਵਲੋਂ ਕੀਤੀ ਜਾ ਰਹੀ ਇਸ ਬਿਆਨਬਾਜੀ ਨੇ ਵੀ ਸੁਖਬੀਰ ਬਾਦਲ ਲਈ ਚੁਣੌਤੀ ਖੜੀ ਕਰ ਦਿਤੀ ਹੈ ਅਤੇ ਆਮ ਆਦਮੀ ਪਾਰਟੀ ਦੇ ਵੱਖ ਵੱਖ ਆਗੂ ਮੌਕਾ ਮਿਲਣ ਤੇ ਅਕਾਲੀ ਦਲ ਅਤੇ ਸੁਖਬੀਰ ਬਾਦਲ ਵਿਰੁੱਧ ਬਿਆਨਬਾਜੀ ਕਰਦੇ ਦਿਖਦੇ ਹਨ।
ਇਸ ਦੌਰਾਨ ਡੇਰਾ ਪ੍ਰੇਮੀ ਕਲੇਰ ਵਲੋਂ ਕੀਤੇ ਜਾ ਰਹੇ ਖੁਲਾਸਿਆਂ ਨੇ ਵੀ ਸੁਖਬੀਰ ਸਿੰਘ ਬਾਦਲ ਵਾਸਤੇ ਵੱਡਾ ਸਿਆਸੀ ਤੇ ਧਰਮ ਸੰਕਟ ਖੜ੍ਹਾ ਕਰ ਦਿੱਤਾ ਹੈ। ਕਲੇਰ ਨੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਨੂੰ ਲੈ ਕੇ ਹੁਣ ਜਿਹੜਾ ਖ਼ੁਲਾਸਾ ਕੀਤਾ ਹੈ ਉਹ ਸੁਖਬੀਰ ਬਾਦਲ ਦੇ ਸਿਆਸੀ ਭਵਿੱਖ ਲਈ ਮੁਸੀਬਤ ਪੈਦਾ ਕਰਨ ਵਾਲਾ ਹੈ। ਇਸ ਤੋਂ ਇਲਾਵਾ ਕਲੇਰ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਵਿਰੁੱਧ ਜਾ ਕੇ ਸੁਖਬੀਰ ਸਿੰਘ ਬਾਦਲ ਵਲੋਂ ਸੌਦਾ ਸਾਧ ਨਾਲ ਚੁੱਪ-ਚੁਪੀਤੇ ਕੀਤੀਆਂ ਕਈ ਮੁਲਾਕਾਤਾਂ ਬਾਰੇ ਵੱਡਾ ਖ਼ੁਲਾਸਾ ਕੀਤਾ ਹੈ। ਬਾਦਲ ਸਰਕਾਰ ਵੱਲੋਂ ਬੇਅਦਬੀ ਕਾਂਡ ਦੀ ਜਾਂਚ ਲਈ ਬਣਾਏ ਗਏ ਜ਼ੋਰਾ ਸਿੰਘ ਕਮਿਸ਼ਨ ਦੇ ਮੁਖੀ ਦੀ ਇੰਟਰਵਿਊ ਨੇ ਵੀ ਸੁਖਬੀਰ ਬਾਦਲ ਅੱਗੇ ਚੁਣੌਤੀ ਖੜ੍ਹੀ ਕਰ ਦਿੱਤੀ ਹੈ।
ਮੌਜੂਦਾ ਹਾਲਾਤ ਕਾਰਨ ਸੁਖਬੀਰ ਸਿੰਘ ਬਾਦਲ ਹਰ ਪਾਸਿਉਂ ਘਿਰੇ ਦਿਖ ਰਹੇ ਹਨ ਅਤੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਸੁਖਬੀਰ ਬਾਦਲ ਇਹਨਾਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿੱਚ ਕਿਸ ਹੱਦ ਕਾਮਯਾਬ ਹੁੰਦੇ ਹਨ।
ਬਿਊਰੋ
Editorial
ਮੁੱਖ ਸੜਕਾਂ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸ਼ਨ
ਅੱਜਕੱਲ ਸਰਦੀ ਪੈਣੀ ਸ਼ੁਰੂ ਹੋ ਗਈ ਹੈ ਅਤੇ ਇਸਦੇ ਨਾਲ ਹੀ ਹੁਣ ਸਵੇਰ ਸ਼ਾਮ ਧੁੰਧ ਵੀ ਪੈਣ ਲੱਗ ਗਈ ਹੈ। ਸਵੇਰ ਸ਼ਾਮ ਪੈਣ ਵਾਲੀ ਧੁੰਧ ਕਾਰਨ ਜਦੋਂ ਵਾਹਨ ਚਾਲਕਾਂ ਦੀ ਦੂਰ ਤਕ ਵੇਖਣ ਦੀ ਸਮਰਥਾ ਘੱਟ ਜਾਂਦੀ ਹੈ, ਸੜਕ ਹਾਦਸਿਆਂ ਦੀ ਸੰਭਾਵਨਾ ਵੀ ਕਾਫੀ ਵੱਧ ਜਾਂਦੀ ਹੈ ਅਤੇ ਅਜਿਹੇ ਵਿੱਚ ਜੇਕਰ ਸੜਕਾਂ ਦੇ ਕਿਨਾਰੇ ਤੇ ਵਾਹਨ ਖੜ੍ਹੇ ਹੋਣ ਤਾਂ ਉਹਨਾਂ ਨਾਲ ਟਕਰਾ ਕੇ ਹਾਦਸੇ ਵਾਪਰਨ ਦਾ ਖਤਰਾ ਵੀ ਜਿਆਦਾ ਹੋ ਜਾਂਦਾ ਹੈ। ਪਰੰਤੂ ਸਾਡੇ ਸ਼ਹਿਰ ਵਿੱਚ ਇਹ ਸਮੱਸਿਆ ਬਹੁਤ ਜਿਆਦਾ ਹੈ ਅਤੇ ਸ਼ਹਿਰ ਦੀਆਂ ਜਿਆਦਾਤਰ ਮੁੱਖ ਸੜਕਾਂ ਦੇ ਕਿਨਾਰੇ ਅਕਸਰ ਵਾਹਨ ਖੜ੍ਹੇ ਦਿਖ ਜਾਂਦੇ ਹਨ। ਮੁੱਖ ਸੜਕਾਂ ਦੇ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਇਹ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਸੜਕ ਕਿਨਾਰੇ ਬਣੀਆਂ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਜਾਂ ਕਿਸੇ ਕੰਮ ਆਏ ਵਿਅਕਤੀ ਮਾਰਕੀਟ ਦੀ ਪਾਰਕਿੰਗ ਵਿੱਚ ਜਾ ਕੇ ਗੱਡੀ ਖੜ੍ਹਾਉਣ ਦੀ ਥਾਂ ਮੁੱਖ ਸੜਕ ਦੇ ਕਿਨਾਰੇ ਤੇ ਆਪਣੀ ਗੱਡੀ ਖੜ੍ਹਾ ਕੇ ਖੁਦ ਮਾਰਕੀਟ ਵਿੱਚ ਚਲੇ ਜਾਂਦੇ ਹਨ।
ਲੋਕਾਂ ਵਲੋਂ ਸ਼ਹਿਰ ਦੀਆਂ ਲਗਭਗ ਸਾਰੀਆਂ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਹ ਕਾਰਵਾਈ ਆਮ ਹੈ ਪਰੰਤੂ ਸ਼ਹਿਰ ਦੀ ਸਭ ਤੋਂ ਵਿਅਸਤ ਸੜਕ (ਜਿਹੜੀ ਫੇਜ਼ 1 ਨੂੰ ਫੇਜ਼ 11 ਨਾਲ ਜੋੜਦੀ ਹੈ) ਦਾ ਮਾਰਕੀਟਾਂ ਦੇ ਸਾਮ੍ਹਣੇ ਪੈਂਦਾ ਖੇਤਰ ਇਸ ਸਮੱਸਿਆ ਦਾ ਸਭ ਤੋਂ ਵੱਧ ਸ਼ਿਕਾਰ ਹੈ। ਮੁਹਾਲੀ ਦੇ ਫੇਜ਼ 5 ਵਿੱਚ 3-5 ਚੌਂਕ ਦੇ ਨਾਲ ਲੱਗਦੇ ਬੂਥਾਂ ਦੇ ਸਾਮ੍ਹਣੇ, ਫੇਜ਼ 7 ਦੀ ਮਾਰਕੀਟ ਦਾ ਉਹ ਹਿੱਸਾ ਜਿੱਥੇ ਵਿੱਚ ਵੱਡੀ ਗਿਣਤੀ ਬੈਂਕ ਮੌਜੂਦ ਹਨ, ਫੇਜ਼ 7 ਦੇ ਐਚ ਐਮ ਕਵਾਟਰਾਂ ਦੇ ਸਾਮ੍ਹਣੇ ਵਾਲੀ ਥਾਂ ਅਤੇ ਫੇਜ਼ 11 ਵਿੱਚ ਮਾਰਕੀਟ ਦੇ ਸਾਮ੍ਹਣੇ ਇਹ ਸਮੱਸਿਆ ਕਾਫੀ ਜਿਆਦਾ ਹੈ।
ਸ਼ਹਿਰ ਦੇ ਵਸਨੀਕ ਖੁਦ ਲਈ ਅਤਿ ਆਧੁਨਿਕ ਸੁਵਿਧਾਵਾਂ ਦੀ ਮੰਗ ਤਾਂ ਕਰਦੇ ਹਨ ਪਰੰਤੂ ਅਕਸਰ ਉਹਨਾਂ ਦੀਆਂ ਖੁਦ ਦੀਆਂ ਕਾਰਵਾਈਆਂ ਹੀ ਉਹਨਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦੇ ਰਾਹ ਦੀ ਰੁਕਾਵਟ ਬਣ ਜਾਂਦੀਆਂ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਹਿਰਵਾਸੀ ਆਪਦੇ ਹੱਕਾਂ ਪ੍ਰਤੀ ਤਾਂ ਸੁਚੇਤ ਹਨ ਪਰੰਤੂ ਆਪਣੀ ਜਿੰਮੇਵਾਰੀ ਅਤੇ ਫਰਜ ਨੂੰ ਉਹ ਅਕਸਰ ਵਿਸਾਰ ਦਿੰਦੇ ਹਨ। ਸਾਡੇ ਸ਼ਹਿਰ ਦੇ ਵਸਨੀਕਾਂ ਦੀ ਮਾਨਸਿਕਤਾ ਹੀ ਅਜਿਹੀ ਹੋ ਗਈ ਹੈ ਕਿ ਆਪਣੀ ਖੁਦ ਦੀ ਸਹੂਲੀਅਤ ਲਈ ਉਹ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੀ ਕੋਈ ਕਾਰਵਾਈ ਹੋਰਨਾਂ ਲੋਕਾਂ ਵਾਸਤੇ ਕਿੰਨੀ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਲੋਕਾਂ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਕਿਨਾਰੇ ਆਪਣੇ ਵਾਹਨ ਖੜ੍ਹੇ ਕਰਨ ਦੀ ਕਾਰਵਾਈ ਵੀ ਅਜਿਹੀ ਹੀ ਹੈ ਜਿਸ ਕਾਰਨ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਕਾਰਨ ਕਈ ਵਾਰ ਜਾਮ ਤਕ ਲਗਣ ਦੀ ਨੌਬਤ ਆ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਵਾਹਨ ਖੜ੍ਹੇ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਆ ਰਿਹਾ ਹੈ।
ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਹ ਕਾਰਵਾਈ ਕਾਨੂੰਨ ਦੀ ਸਿੱਧੀ ਉਲੰਘਣਾ ਦੇ ਦਾਇਰੇ ਹੇਠ ਆਉਂਦੀ ਹੈ ਅਤੇ ਇਸ ਸੰਬੰਧੀ ਟ੍ਰੈਫਿਕ ਪੁਲੀਸ ਵਲੋਂ ਕੁੱਝ ਸਾਲ ਪਹਿਲਾਂ ਤਕ ਅਜਿਹੇ ਵਾਹਨ ਚਾਲਕਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਰਹੀ ਹੈ ਜਿਸਦੇ ਤਹਿਤ ਕ੍ਰੇਨ ਲਿਆ ਕੇ ਅਜਿਹੀਆਂ ਗੱਡੀਆਂ ਨੂੰ ਚੁਕਵਾ ਕੇ ਥਾਣੇ ਪਹੁੰਚਾ ਦਿੱਤਾ ਜਾਂਦਾ ਸੀ ਅਤੇ ਇਹਨਾਂ ਵਾਹਨਾਂ ਦੇ ਮਾਲਕਾਂ ਤੋਂ ਜੁਰਮਾਨਾ ਵਸੂਲਣ ਤੋਂ ਬਾਅਦ ਹੀ ਇਹ ਵਾਹਨ ਛੱਡੇ ਜਾਂਦੇ ਸੀ, ਪਰੰਤੂ ਪਿਛਲੇ ਕਾਫੀ ਸਮੇਂ ਤੋਂ ਟ੍ਰੈਫਿਕ ਪੁਲੀਸ ਦੀ ਇਹ ਕਾਰਵਾਈ ਬੰਦ ਹੋਣ ਕਾਰਨ ਸੜਕਾਂ ਕਿਨਾਰੇ ਖੜ੍ਹਦੀਆਂ ਇਹਨਾਂ ਗੱਡੀਆਂ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ।
ਪ੍ਰਛਾਛਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਛਹਿਰ ਦੀਆਂ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਏ ਅਤੇ ਇਸ ਸਮੱਸਿਆ ਦੇ ਹਲ ਲਈ ਪ੍ਰਭਾਵੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ। ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿੰਮੇਵਾਰੀ ਤੈਅ ਕਰਨ ਅਤੇ ਸੜਕਾਂ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਤੇ ਰੋਕ ਲਗਾਊਣ ਲਈ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ। ਸ਼ਹਿਰ ਦੀ ਟ੍ਰੈਫਿਕ ਸਮੱਸਿਆ ਵਿੱਚ ਰੁਕਾਵਟ ਬਣਨ ਵਾਲੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਦੀ ਇਸ ਕਾਰਨ ਪੇਸ਼ ਆਉਂਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਤੋਂ ਛੁਟਕਾਰਾ ਹਾਸਿਲ ਹੋ ਸਕੇ।
Editorial
ਵੱਡੀ ਸਮੱਸਿਆ ਬਣ ਰਹੀ ਹੈ ਨੌਜਵਾਨਾਂ ਦੇ ਦਿਲੋ ਦਿਮਾਗ ਵਿੱਚ ਵਸੀ ਵਿਦੇਸ਼ ਜਾ ਕੇ ਵਸਣ ਦੀ ਚਾਹਤ
ਖੁਦਕੁਸ਼ੀ ਕਰਨ ਦੀ ਥਾਂ ਜਮੀਨੀ ਹਾਲਾਤ ਦਾ ਸਾਹਮਣਾ ਕਰਨ ਨੌਜਵਾਨ
ਪੰਜਾਬ ਵਿੱਚ ਪਿਛਲੇ ਦਿਨੀਂ ਇੱਕ ਨੌਜਵਾਨ ਵੱਲੋਂ ਵਿਦੇਸ਼ ਜਾਣ ਵਿੱਚ ਕਾਮਯਾਬ ਨਾ ਹੋ ਸਕਣ ਕਾਰਨ ਖੁਦਕੁਸ਼ੀ ਕਰ ਲਈ ਗਈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ- ਵੱਖ ਇਲਾਕਿਆਂ ਵਿੱਚ ਅਜਿਹੀਆਂ ਹੀ ਕੁਝ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਕੁਝ ਅਜਿਹੇ ਨੌਜਵਾਨ ਵੀ ਖੁਦਕੁਸ਼ੀਆਂ ਕਰ ਚੁੱਕੇ ਹਨ ਜਿਹਨੇ ਨੇ ਲੱਖਾਂ ਰੁਪਏ ਖਰਚ ਕੇ ਆਪਣੀਆਂ ਪਤਨੀਆਂ ਨੂੰ ਵਿਦੇਸ਼ ਭੇਜਿਆ ਸੀ ਪਰ ਵਿਦੇਸ਼ ਜਾ ਕੇ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਨੂੰ ਵਿਦੇਸ਼ ਬੁਲਾਉਣ ਤੋਂ ਇਨਕਾਰ ਕਰ ਦਿਤਾ। ਕੁਝ ਮਾਮਲਿਆਂ ਵਿੱਚ ਤਾਂ ਅਜਿਹੀਆਂ ਠੱਗ ਲਾੜੀਆਂ ਵਿਆਹ ਤੋਂ ਹੀ ਮੁੱਕਰ ਗਈਆਂ ਜਾਂ ਉਹਨਾਂ ਨੇ ਵਿਦੇਸ਼ ਵਿੱਚ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ। ਅਜਿਹੀਆਂ ਘਟਨਾਵਾਂ ਤੋਂ ਪਤਾ ਚਲ ਜਾਂਦਾ ਹੈ ਕਿ ਪੰਜਾਬ ਵਿੱਚ ਪਰਵਾਸ ਵੱਡੀ ਸਮੱਸਿਆ ਬਣ ਗਿਆ ਹੈ।
ਜਿਥੋਂ ਤਕ ਪੰਜਾਬ ਸਰਕਾਰ ਦਾ ਸਵਾਲ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਵਲੋਂ ਸਮੇਂ ਸਮੇਂ ਤੇ ਦਾਅਵਾ ਕੀਤਾ ਜਾਂਦਾ ਹੈ ਕਿ ਸਰਕਾਰ ਦੀਆਂ ਨੀਤੀਆਂ ਨਾਲ ਪੰਜਾਬ ਵਿੱਚੋਂ ਪਰਵਾਸ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਅਤੇ ਵਿਦੇਸ਼ੀ ਲੋਕ ਆ ਕੇ ਪੰਜਾਬ ਵਿੱਚ ਨੌਕਰੀਆਂ ਕਰਿਆ ਕਰਨਗੇ, ਪਰੰਤੂ ਪੰਜਾਬ ਤੋਂ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਵਿਦੇਸ਼ ਜਾਂਦੇ ਲੋਕ ਆਪਣੀ ਕਹਾਣੀ ਖੁਦ ਕਹਿ ਰਹੇ ਹਨ। ਪਹਿਲਾਂ ਤਾਂ ਪੰਜਾਬ ਤੋਂ ਸਿਰਫ ਨੌਜਵਾਨ ਅਤੇ ਵਿਦਿਆਰਥੀ ਹੀ ਪਰਵਾਸ ਕਰਦੇ ਸਨ ਪਰ ਹੁਣ ਤਾਂ ਹਰ ਉਮਰ ਵਰਗ ਦੇ ਲੋਕ ਪਰਵਾਸ ਕਰਕੇ ਵਿਦੇਸ਼ ਜਾ ਰਹੇ ਹਨ। ਇਸ ਵੇਲੇ ਹਾਲਾਤ ਇਹ ਹੁੰਦੇ ਜਾ ਰਹੇ ਹਨ ਕਿ ਵੱਡੀ ਗਿਣਤੀ ਪੰਜਾਬੀਆਂ ਦੇ ਪ੍ਰਵਾਸ ਕਾਰਨ ਪੰਜਾਬ ਵਿੱਚ ਪੰਜਾਬੀਆਂ ਦੇ ਹੀ ਘੱਟ ਗਿਣਤੀ ਰਹਿ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ, ਕਿਉਂਕਿ ਪੰਜਾਬ ਵਿੱਚ ਹੋਰਨਾਂ ਰਾਜਾਂ ਦੇ ਲੋਕ ਵੱਡੀ ਗਿਣਤੀ ਵਿੱਚ ਆ ਕੇ ਰਹਿਣ ਲੱਗ ਪਏ ਹਨ।
ਕੁੱਝ ਸਾਲ ਪਹਿਲਾਂ ਤਕ ਪੰਜਾਬ ਵਿੱਚ ਵਿਦੇਸ਼ੀ ਠੱਗ ਲਾੜਿਆਂ ਦੀ ਕਾਫੀ ਚਰਚਾ ਹੁੰਦੀ ਸੀ। ਅਕਸਰ ਵਿਦੇਸ਼ ਰਹਿੰਦੇ ਨੌਜਵਾਨ ਪੰਜਾਬ ਵਿੱਚ ਆ ਕੇ ਵਿਆਹ ਕਰਵਾਉਂਦੇ ਸਨ ਤੇ ਕੁਝ ਦਿਨ ਪੰਜਾਬ ਰਹਿ ਕੇ ਹਨੀਮੂਨ ਮਨਾ ਕੇ ਵਿਦੇਸ਼ ਪਰਤ ਜਾਂਦੇ ਸਨ ਅਤੇ ਫਿਰ ਉਹਨਾਂ ਦੀ ਕੋਈ ਖ਼ਬਰ ਨਹੀਂ ਮਿਲਦੀ ਸੀ। ਇਹ ਠੱਗ ਐਨ ਆਰ ਆਈ ਲਾੜੇ ਆਪਣੀਆਂ ਪੰਜਾਬ ਰਹਿੰਦੀਆਂ ਪਤਨੀਆਂ ਨੂੰ ਵਿਦੇਸ਼ ਵਿੱਚ ਬੁਲਾਉਣ ਤੋਂ ਵੀ ਇਨਕਾਰ ਕਰ ਦਿੰਦੇ ਸਨ। ਜੇਕਰ ਕੋਈ ਪਤਨੀ ਕਿਸੇ ਤਰ੍ਹਾਂ ਵਿਦੇਸ਼ ਪੰਹੁਚ ਵੀ ਜਾਂਦੀ ਸੀ ਤਾਂ ਉੱਥੇ ਪਹੁੰਚ ਕੇ ਉਸਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਤਾਂ ਵਿਦੇਸ਼ ਵਿੱਚ ਪਹਿਲਾਂ ਹੀ ਵਿਆਹਿਆ ਹੋਇਆ ਹੈ।
ਉਸ ਤੋਂ ਬਾਅਦ ਠੱਗ ਲਾੜੀਆਂ ਦਾ ਦੌਰ ਸ਼ੁਰੂ ਹੋ ਗਿਆ। ਜਦੋਂ ਤੋਂ ਆਈਲੈਟਸ ਦੀ ਲੋੜ ਪੈਣੀ ਸ਼ੁਰੂ ਹੋਈ ਤਾਂ ਵੱਡੀ ਗਿਣਤੀ ਨੌਜਵਾਨਾਂ ਨੇ ਗਰੀਬ ਘਰਾਂ ਦੀਆਂ ਕੁੜੀਆਂ ਜਾਂ ਆਪਣੇ ਘਰਾਂ ਵਿੱਚ ਕੰਮ ਕਰਦੀਆਂ ਔਰਤਾਂ ਦੀਆਂ ਕੁੜੀਆਂ ਨੂੰ ਆਈਲੈਟਸ ਕਰਵਾ ਕੇ ਆਪਣੇ ਖਰਚੇ ਤੇ ਵਿਦੇਸ਼ ਭੇਜਣਾ ਸ਼ੁਰੂ ਕਰ ਦਿਤਾ ਤਾਂ ਕਿ ਵਿਦੇਸ਼ ਜਾ ਕੇ ਉਹ ਉਹਨਾਂ ਨੂੰ ਵੀ ਬੁਲਾ ਸਕਣ ਪਰ ਇਹਨਾਂ ਵਿਚੋਂ ਜਿਆਦਾਤਰ ਕੁੜੀਆਂ ਨੇ ਵਿਦੇਸ਼ ਜਾ ਕੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿਤੇ ਅਤੇ ਇਹਨਾਂ ਵੱਲੋਂ ਪੰਜਾਬ ਰਹਿੰਦੇ ਆਪਣੇ ਪਤੀਆਂ ਨਾਲ ਸਭ ਰਿਸ਼ਤੇ ਤੋੜ ਦਿੱਤੇ ਗਏ। ਇਹ ਰੁਝਾਨ ਹੁਣ ਵੀ ਚੱਲ ਰਿਹਾ ਹੈ। ਅਜਿਹੀਆਂ ਕਈ ਘਟਨਾਵਾਂ ਵਾਪਰਨ ਦੇ ਬਾਵਜੂਦ ਪੰਜਾਬ ਦੇ ਵੱਡੀ ਗਿਣਤੀ ਲੋਕ ਵਿਦੇਸ਼ ਜਾਣ ਲਈ ਕਾਹਲੇ ਪਏ ਹੋਏ ਹਨ।
ਅਕਸਰ ਲੋਕ ਮਜਾਕ ਵਿੱਚ ਕਹਿੰਦੇ ਹਨ ਕਿ ਪੰਜਾਬੀ ਤਾਂ ਸਮੁੰਦਰ ਵਿੱਚ ਸਾਈਕਲ ਦੀ ਟਿਊਬ ਸੁੱਟ ਕੇ ਅਤੇ ਉਸਦੇ ਸਹਾਰੇ ਤੈਰ ਕੇ ਵੀ ਵਿਦੇਸ਼ ਜਾਣ ਲਈ ਤਿਆਰ ਰਹਿੰਦੇ ਹਨ। ਵੱਡੀ ਗਿਣਤੀ ਬੁਧੀਜੀਵੀ ਪੰਜਾਬੀਆਂ ਦੇ ਪਰਵਾਸ ਬਾਰੇ ਗੱਲ ਤਾਂ ਕਰਦੇ ਹਨ ਪਰ ਇਸਨੂੰ ਕਿਵੇਂ ਰੋਕਿਆ ਜਾਵੇ ਇਸ ਬਾਰੇ ਕੁਝ ਨਹੀਂ ਦੱਸਦੇ। ਅਸਲ ਵਿੱਚ ਕੋਈ ਵੀ ਧਿਰ ਪਰਵਾਸ ਦੀ ਸਮੱਸਿਆ ਹਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ, ਜਿਸ ਕਰਕੇ ਪਰਵਾਸ ਵੱਡੀ ਸਮੱਸਿਆ ਬਣ ਗਿਆ ਹੈ।
ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਜੇ ਉਹ ਕਿਸੇ ਕਾਰਨ ਪਰਵਾਸ ਨਹੀਂ ਕਰ ਸਕਦੇ ਤਾਂ ਆਤਮ ਹਤਿਆ ਕਰਨ ਦੀ ਥਾਂ ਹਰ ਸਥਿਤੀ ਦਾ ਡਟ ਕੇ ਸਾਹਮਣਾ ਕਰਨ ਅਤੇ ਪੰਜਾਬ ਵਿੱਚ ਹੀ ਕੋਈ ਕੰਮ ਧੰਦਾ ਕਰਨ ਨੂੰ ਤਰਜੀਹ ਦੇਣ।
ਬਿਊਰੋ
Editorial
ਸੜਕ ਹਾਦਸਿਆਂ ਦੀ ਵੱਧਦੀ ਗਿਣਤੀ ਤੇ ਕਾਬੂ ਕਰਨ ਲਈ ਪ੍ਰਬੰਧ ਕਰੇ ਪ੍ਰਸ਼ਾਸ਼ਨ
ਸਾਡੇ ਸ਼ਹਿਰ ਵਿੱਚ ਵਾਪਰਦੇ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਪਿਛਲੇ ਸਮੇਂ ਦੌਰਾਨ ਲਗਾਤਾਰ ਵਾਧਾ ਹੁੰਦਾ ਰਿਹਾ ਹੈ ਅਤੇ ਇਸ ਦੌਰਾਨ ਵਾਪਰੇ ਕੁੱਝ ਹਾਦਸਿਆਂ ਦੌਰਾਨ ਕੀਮਤੀ ਮਨੁੱਖੀ ਜਾਨਾਂ ਦਾ ਨੁਕਸਾਨ ਵੀ ਹੋਇਆ ਹੈ। ਪਿਛਲੇ ਮਹੀਨੇ ਸੈਕਟਰ 67-68-78-79 ਦੇ ਚੌਂਕ ਤੇ ਹੋਏ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਦੋ ਦਿਨ ਪਹਿਲਾਂ ਸੈਕਟਰ 69 ਵਿੱਚ ਇੱਕ ਆਟੋ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਛੋਟੀ ਬੱਚੀ ਨੂੰ ਜਾਨ ਗਵਾਉਣੀ ਪਈ ਸੀ। ਇਸਤੋਂ ਇਲਾਵਾ ਆਏ ਦਿਨ ਅਜਿਹੇ ਛੋਟੇ ਵੱਡੇ ਹਾਦਸੇ ਵਾਪਰ ਰਹੇ ਹਨ ਜਿਹਨਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਜਖਮੀ ਹੁੰਦੇ ਹਨ ਅਤੇ ਇਹਨਾਂ ਵਿੱਚੋਂ ਜਿਆਦਾਤਰ ਦਾ ਤਾਂ ਆਮ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ।
ਲਗਾਤਾਰ ਵੱਧਦੇ ਸੜਕ ਹਾਦਸਿਆਂ ਦਾ ਇੱਕ ਕਾਰਨ ਇਹ ਵੀ ਹੈ ਕਿ ਪਿਛਲੇ ਸਾਲਾਂ ਦੌਰਾਨ ਸਾਡੇ ਸ਼ਹਿਰ ਵਿੱਚ ਵਾਹਨਾਂ ਦੀ ਗਿਣਤੀ ਕਾਫੀ ਵੱਧ ਜਾਣ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ ਦਾ ਬੋਝ ਬਹੁਤ ਜਿਆਦਾ ਵੱਧ ਚੁੱਕਿਆ ਹੈ। ਸ਼ਹਿਰ ਦੀਆਂ ਸੜਕਾਂ ਤੇ ਚਲਦੇ ਵਾਹਨਾਂ ਦੇ ਇਸ ਭੀੜ ਭੜੱਕੇ ਕਾਰਨ ਸ਼ਹਿਰ ਵਿੱਚ ਵਾਪਰਨ ਵਾਲੇ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਹਾਲਾਂਕਿ ਇਹਨਾਂ ਵਿੱਚੋਂ ਜਿਆਦਾਤਰ ਵਿੱਚ ਭਾਵੇਂ ਲੋਕਾਂ ਦੀ ਜਾਨ ਬਚ ਜਾਂਦੀ ਹੈ ਪਰੰਤੂ ਲੋਕ ਜਖਮੀ ਵੀ ਹੁੰਦੇ ਹਨ ਅਤੇ ਉਹਨਾਂ ਦੇ ਵਾਹਨ ਵੀ ਟੁੱਟ ਭੱਜ ਜਾਂਦੇ ਹਨ।
ਇਸ ਦੌਰਾਨ ਸ਼ਹਿਰ ਦੀ ਸਭ ਤੋਂ ਵੱਧ ਵਿਅਸਤ ਮੰਨੀ ਜਾਂਦੀ ਏਅਰਪੋਰਟ ਰੋਡ, ਸ਼ਹਿਰ ਨੂੰ ਇੱਕ ਸਿਰੇ ਤੋਂ ਦੂਜੇ ਸਿਰੇ ਤਕ ਜੋੜਣ ਵਾਲੀ ਮਾਰਕੀਟ ਰੋਡ, ਉਦਯੋਗਿਕ ਖੇਤਰ ਫੇਜ਼ 9 ਤੋਂ ਬਲੌਂਗੀ ਜਾਣ ਵਾਲੀ ਸੜਕ ਅਤੇ ਫੇਜ਼ 7 ਦੇ ਅੰਬਾਂ ਵਾਲਾ ਚੌਂਕ ਤੋਂ ਲਾਂਡਰਾ ਜਾਣ ਵਾਲੀ ਮੁੱਖ ਸੜਕ ਤੇ ਇੱਕ ਤੋਂ ਬਾਅਦ ਇੱਕ ਵਾਪਰਨ ਵਾਲੇ ਸੜਕ ਹਾਦਸਿਆਂ ਦੀ ਗਿਣਤੀ ਬਹੁਤ ਜਿਆਦਾ ਹੈ। ਹਾਲਾਂਕਿ ਇਹਨਾਂ ਸੜਕਾਂ ਤੇ ਵੱਡੀ ਗਿਣਤੀ ਵਿੱਚ ਵਾਪਰਨ ਵਾਲੇ ਛੁਟਪੁਟ ਹਾਦਸਿਆਂ ਦੀ ਪੁਲੀਸ ਕੋਲ ਸ਼ਿਕਾਇਤ ਤਕ ਨਹੀਂ ਹੁੰਦੀ, ਪਰੰਤੂ ਇਹਨਾਂ ਸੜਕਾਂ ਤੇ ਜਾਨਲੇਵਾ ਹਾਦਸੇ ਵੀ ਵਾਪਰਦੇ ਹਨ।
ਸ਼ਹਿਰ ਵਿੱਚ ਲਗਾਤਾਰ ਵਾਪਰਦੇ ਇਹਨਾਂ ਸੜਕ ਹਾਦਸਿਆਂ ਲਈ ਮੁੱਖ ਤੌਰ ਤੇ ਮਨੁੱਖੀ ਗਲਤੀਆਂ ਹੀ ਜਿੰਮੇਵਾਰ ਹੁੰਦੀਆਂ ਹਨ ਪਰੰਤੂ ਕਈ ਵਾਰ ਹਾਲਾਤ ਹੀ ਅਜਿਹੇ ਹੋ ਜਾਂਦੇ ਹਨ ਕਿ ਗਲਤੀ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਸਾਡੇ ਸ਼ਹਿਰ ਦੀਆਂ ਸੜਕਾਂ ਤੇ ਵਾਹਨਾਂ ਦੇ ਭੀੜ ਭੜੱਕੇ ਕਾਰਨ ਹਾਲਾਤ ਅਜਿਹੇ ਹੀ ਹੋ ਜਾਂਦੇ ਹਨ ਅਤੇ ਇੱਥੇ ਅੱਖ ਦੇ ਫੇਰ ਵਿੱਚ ਹੀ ਹਾਦਸਾ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸਦੇ ਨਾਲ ਨਾਲ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਣ ਵਾਲੇ ਆਟੋ ਰਿਕਸ਼ਿਆਂ ਦੇ ਅਜਿਹੇ ਚਾਲਕ ਵੀ ਲਗਾਤਾਰ ਵੱਧਦੇ ਸੜਕ ਹਾਦਸਿਆਂ ਲਈ ਕਾਫੀ ਹੱਦ ਤਕ ਜਿੰਮੇਵਾਰ ਮੰਨੇ ਜਾਂਦੇ ਹਨ ਜਿਹੜੇ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਕੇ ਹਾਦਸਿਆਂ ਦਾ ਕਾਰਨ ਬਣਦੇ ਹਨ।
ਲਗਾਤਾਰ ਵੱਧਦੇ ਸੜਕ ਹਾਦਸਿਆਂ ਉੱਪਰ ਕਾਬੂ ਕਰਨ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਦੀ ਬਦਹਾਲ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ। ਇਸ ਲਈ ਜਿੱਥੇ ਸ਼ਹਿਰ ਵਿੱਚ ਅਣਅਧਿਕਾਰਤ ਤੌਰ ਤੇ ਚਲਦੇ ਆਟੋ ਰਿਕਸ਼ਿਆਂ ਤੇ ਸਖਤੀ ਨਾਲ ਕਾਬੂ ਕੀਤਾ ਜਾਣਾ ਚਾਹੀਦਾ ਹੈ ਉੱਥੇ ਅਜਿਹੇ ਵਾਹਨ ਚਾਲਕਾਂ ਨੂੰ ਕਾਬੂ ਕਰਨ ਲਈ ਵੀ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਜਿਹੜੇ ਟ੍ਰੈਫਿਕ ਨਿਯਮਾਂ ਦੀ ਖੁੱਲੇਆਮ ਉਲੰਘਣਾ ਕਰਦੇ ਹਨ ਅਤੇ ਆਏ ਦਿਨ ਸੜਕ ਹਾਦਸਿਆਂ ਦਾ ਕਾਰਣ ਬਣਦੇ ਹਨ। ਇਸਦੇ ਨਾਲ ਨਾਲ ਵਪਾਰਕ ਤੌਰ ਤੇ ਚਲਾਏ ਜਾਣ ਵਾਲੇ ਸਾਰੇ ਵੱਡੇ ਵਾਹਨਾਂ ਨੂੰ ਚਲਾਉਣ ਵਾਲੇ ਵਿਅਕਤੀਆਂ ਦੀ ਨਿਯਮਤ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਜਾਂਚ ਦੇ ਆਧਾਰ ਤੇ ਹੀ ਵਾਹਨ ਚਾਲਕਾਂ ਨੂੰ ਸ਼ਹਿਰ ਵਿੱਚ ਵਾਹਨ ਚਲਾਉਣ ਦੀ ਇਜਾਜਤ ਮਿਲਣੀ ਚਾਹੀਦੀ ਹੈ।
ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿੱਚ ਦਿਨੋਂ ਦਿਨ ਵੱਧਦੇ ਸੜਕ ਹਾਦਸਿਆਂ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਅੰਜਾਮ ਦੇਵੇ। ਸ਼ਹਿਰ ਵਾਸੀਆਂ ਨੂੰ ਆਵਾਜਾਈ ਦੀ ਸੁਰਖਿਅਤ ਸਹੂਲੀਅਤ ਮੁਹਈਆ ਕਰਵਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਅਤੇ ਇਸ ਵਾਸਤੇ ਪ੍ਰਸ਼ਾਸ਼ਨ ਵਲੋਂ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਸੜਕ ਹਾਦਸਿਆਂ ਦੀ ਵੱਧਦੀ ਗਿਣਤੀ ਤੇ ਰੋਕ ਲਗਾ ਕੇ ਇਸ ਕਾਰਨ ਹੁੰਦੇ ਜਾਨ ਅਤੇ ਮਾਲ ਦੇ ਨੁਕਸਾਨ ਤੇ ਕਾਬੂ ਕੀਤਾ ਜਾ ਸਕੇ।
-
Mohali2 months ago
ਫੈਂਸ ਨਾਲ ਰੂਬਰੂ ਹੋਏ ਸੂਫੀ ਗਾਇਕ ਸਤਿੰਦਰ ਸਰਤਾਜ
-
Horscope2 months ago
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
-
Mohali2 months ago
ਜ਼ਿਲ੍ਹਾ ਜਿਮਨਾਸਟਿਕ ਮੁਕਾਬਲਿਆਂ ਵਿੱਚ ਲਾਰੈਂਸ ਸਕੂਲ ਦੇ ਵਿਦਿਆਰਥੀ ਚਮਕੇ
-
Punjab2 months ago
ਮਾਲ ਗੱਡੀ ਦੇ ਤੇਲ ਟੈਂਕਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
-
Chandigarh2 months ago
ਭਾਰਤ ਭਰ ਵਿੱਚ ਹਰ ਸਾਲ ਸਾਮ੍ਹਣੇ ਆਉਂਦੇ ਹਨ 1.5 ਤੋਂ 2 ਮਿਲੀਅਨ ਨਵੇਂ ਬ੍ਰੇਨ ਸਟ੍ਰੋਕ ਦੇ ਮਾਮਲੇ: ਡਾ. ਵਿਨੀਤ ਸੱਗਰ
-
International1 month ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਬਰਖਾਸਤ ਕੀਤਾ
-
National2 months ago
ਦਿੱਲੀ ਵਿੱਚ ਹਵਾ ਬਹੁਤ ਖਰਾਬ ਸ਼੍ਰੇਣੀ ਵਿੱਚ, ਏਕਿਊਆਈ 350 ਤੋਂ ਪਾਰ
-
International1 month ago
ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਜਿੱਤਿਆ ਡਬਲਯੂ ਬੀ ਐਫ ਵਿਸ਼ਵ ਖਿਤਾਬ