National
ਹਿਮਾਚਲ ਪ੍ਰਦੇਸ਼ ਵਿੱਚ ਤਿੰਨ ਥਾਵਾਂ ਤੇ ਬੱਦਲ ਫਟਣ ਕਾਰਨ 3 ਵਿਅਕਤੀਆਂ ਦੀ ਮੌਤ, 50 ਲਾਪਤਾ
ਸ਼ਿਮਲਾ, 1 ਅਗਸਤ (ਸ.ਬ.) ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ ਦੀਆਂ 3 ਵੱਖ ਵੱਖ ਘਟਨਾਵਾਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 50 ਦੇ ਕਰੀਬ ਲਾਪਤਾ ਹਨ। ਭਾਰੀ ਮੀਂਹ ਨਾਲ ਕਈ ਘਰ ਤੇ ਸੜਕਾਂ ਰੁੜ੍ਹ ਗਈਆਂ ਤੇ ਦੋ ਪਣਬਿਜਲੀ ਪ੍ਰਾਜੈਕਟਾਂ ਨੂੰ ਨੁਕਸਾਨ ਪੁੱਜਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹੰਗਾਮੀ ਬੈਠਕ ਕਰਕੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸ਼ਿਮਲਾ ਦੇ ਐਸਪੀ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਸ਼ਿਮਲਾ ਦੀ ਰਾਮਪੁਰ ਸਬ-ਡਿਵੀਜ਼ਨ ਵਿਚ ਸਮਾਗ ਖੁੱਡ ਵਿਚ ਬੱਦਲ ਫਟਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 28 ਹੋਰ ਲਾਪਤਾ ਹਨ। ਦੋ ਵਿਅਕਤੀਆਂ ਨੂੰ ਮੌਕੇ ਉੱਤੇ ਬਚਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਨੇ ਕਿਹਾ ਕਿ ਬੱਦਲ ਫਟਣ ਦੀ ਘਟਨਾ ਤੜਕੇ ਇਕ ਵਜੇ ਦੇ ਕਰੀਬ ਦੀ ਹੈ। ਉਨ੍ਹਾਂ ਕਿਹਾ ਕਿ ਸੜਕਾਂ ਰੁੜ੍ਹਨ ਕਰਕੇ ਰਾਹਤ ਕਾਰਜ ਚੁਣੌਤੀਪੂਰਨ ਬਣ ਗਏ ਹਨ। ਮਾਲੀਆ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਕਿ ਸੂਬੇ ਵਿਚ ਭਾਰੀ ਮੀਂਹ ਤੇ ਬੱਦਲ ਫਟਣ ਕਰਕੇ ਵੱਡਾ ਨੁਕਸਾਨ ਹੋਇਆ ਹੈ। ਪ੍ਰਭਾਵਿਤ ਖੇਤਰਾਂ ਵਿਚ ਸੜਕੀ ਸੰਪਰਕ ਟੁੱਟ ਗਿਆ ਹੈ। ਚਾਰ ਪੁਲ ਤੇ ਫੁੱਟਬ੍ਰਿਜ ਰੁੜ੍ਹ ਗਏ ਤੇ ਰਾਹਤ ਕਾਰਜ ਤੇਜ਼ੀ ਨਾਲ ਜਾਰੀ ਹਨ। ਸੇਬ ਦੀ ਫਸਲ ਵੀ ਨੁਕਸਾਨੀ ਗਈ ਹੈ। ਮੌਕੇ ਤੇ ਪੁੱਜੇ ਡੀਸੀ ਤੇ ਐਸਪੀ ਨੇ ਕਿਹਾ ਕਿ ਐਨਡੀਆਰਐਫ, ਆਈਟੀਬੀਪੀ, ਪੁਲੀਸ ਤੇ ਹੋਮ ਗਾਰਡਜ਼ ਦੀਆਂ ਟੀਮਾਂ ਨੇ ਰਾਹਤ ਕਾਰਜ ਵਿੱਢ ਦਿੱਤੇ ਹਨ ਤੇ ਲਾਪਤਾ ਵਿਅਕਤੀਆਂ ਦਾ ਪਤਾ ਲਗਾਉਣ ਲਈ ਡਰੋਨਾਂ ਦੀ ਮਦਦ ਲਈ ਜਾ ਰਹੀ ਹੈ।
ਇਸ ਦੌਰਾਨ ਬੀਤੀ ਰਾਤ ਮੰਡੀ ਜ਼ਿਲ੍ਹੇ ਵਿਚ ਪਾਧਰ ਦੇ ਥਲਾਟੂਖੋੜ ਵਿਚ ਬੱਦਲ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਨੌਂ ਹੋਰ ਲਾਪਤਾ ਹਨ। ਕੁਝ ਘਰ ਢਹਿ ਗਏ ਤੇ ਸੜਕੀ ਸੰਪਰਕ ਵੀ ਟੁੱਟ ਗਿਆ। ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਹਵਾਈ ਸੈਨਾ ਤੇ ਐਨਡੀਆਰਐਫ ਤੋਂ ਸਹਾਇਤਾ ਮੰਗੀ ਹੈ। ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਨਾਲ ਚੰਡੀਗੜ੍ਹ-ਮਨਾਲੀ ਕੌਮੀ ਸ਼ਾਹਰਾਹ ਨੂੰ ਕਈ ਥਾਵਾਂ ਤੇ ਨੁਕਸਾਨ ਪੁੱਜਾ ਹੈ। ਕੁੱਲੂ ਦੇ ਭਾਗੀਪੁਲ ਵਿਚ ਘਰ ਨੁਕਸਾਨੇ ਜਾਣ ਦੀਆਂ ਰਿਪੋਰਟਾਂ ਹਨ।
ਕੁੱਲੂ ਦੇ ਭੁੰਤਰ ਵਿਚ ਲੋਕਾਂ ਨੂੰ ਚੌਕਸ ਕਰ ਦਿੱਤਾ ਹੈ ਕਿਉਂਕਿ ਪਾਰਵਤੀ ਨਦੀ ਤੇ ਮਲਾਨਾ ਖੁੱਡ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਨਾਲ ਮਲਾਨਾ 1 ਤੇ ਮਲਾਨਾ 2 ਪਣਬਿਜਲੀ ਪ੍ਰਾਜੈਕਟ ਨੁਕਸਾਨੇ ਗਏ ਹਨ। ਢਿੱਗਾਂ ਡਿੱਗਣ ਕਰਕੇ ਮਨਾਲੀ-ਚੰਡੀਗੜ੍ਹ ਕੌਮੀ ਸ਼ਾਹਰਾਹ ਉੱਤੇ ਕਈ ਥਾਵਾਂ ਤੇ ਬੰਦ ਹੋ ਗਿਆ ਹੈ ਤੇ ਮੰਡੀ ਦੇ ਪੰਡੋਹ ਵਿਚ ਬਿਆਸ ਦਰਿਆ ਦਾ ਪਾਣੀ ਘਰਾਂ ਵਿਚ ਦਾਖ਼ਲ ਹੋ ਗਿਆ। ਕਈ ਲੋਕ ਲਾਪਤਾ ਹਨ ਅਤੇ ਘਰ ਤੇ ਦੁਕਾਨਾਂ ਹੜ੍ਹ ਗਈਆਂ। ਪ੍ਰਭਾਵਿਤ ਇਲਾਕਿਆਂ ਵਿਚ ਸਾਰੀਆਂ ਸਿੱਖਿਆ ਸੰਸਥਾਵਾ ਬੰਦ ਕਰ ਦਿੱਤੀਆਂ ਗਈਆਂ ਹਨ।
National
ਮੰਦਰ ਵਿੱਚ ਆਤਿਸ਼ਬਾਜ਼ੀ ਦੌਰਾਨ ਹੋਏ ਧਮਾਕੇ ਕਾਰਨ 150 ਵਿਅਕਤੀ ਜ਼ਖਮੀ
ਕੇਰਲ, 29 ਅਕਤੂਬਰ (ਸ.ਬ.) ਕੇਰਲ ਦੇ ਕਾਸਾਰਗੋਡ ਵਿੱਚ ਬੀਤੀ ਰਾਤ ਕਰੀਬ 12:30 ਵਜੇ ਮੰਦਰ ਵਿੱਚ ਆਤਿਸ਼ਬਾਜ਼ੀ ਦੌਰਾਨ ਧਮਾਕਾ ਹੋਇਆ। ਇਸ ਵਿੱਚ 150 ਤੋਂ ਵੱਧ ਲੋਕ ਜ਼ਖਮੀ ਹੋ ਗਏ। ਕਾਸਾਰਗੋਡ ਪੁਲੀਸ ਨੇ ਦੱਸਿਆ ਕਿ 8 ਵਿਅਕਤੀਆਂ ਦੀ ਹਾਲਤ ਨਾਜ਼ੁਕ ਹੈ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਫਿਲਹਾਲ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1500 ਲੋਕ ਸਲਾਨਾ ਕਾਲੀਆਤਮ ਤਿਉਹਾਰ ਲਈ ਮੰਦਰ ਵਿੱਚ ਇਕੱਠੇ ਹੋਏ ਸਨ। ਇੱਥੇ ਆਤਿਸ਼ਬਾਜ਼ੀ ਚਲਾਈ ਜਾ ਰਹੀ ਸੀ, ਜਿਸ ਕਾਰਨ ਚੰਗਿਆੜੀਆਂ ਪਟਾਕਿਆਂ ਦੇ ਸਟੋਰੇਜ ਏਰੀਏ ਤੱਕ ਪਹੁੰਚ ਗਈਆਂ, ਜਿੱਥੇ ਅੱਗ ਨੇ ਧਮਾਕਾ ਕਰ ਦਿੱਤਾ।
ਇਸ ਸਟੋਰੇਜ਼ ਏਰੀਏ ਵਿੱਚ 25 ਹਜ਼ਾਰ ਰੁਪਏ ਦੇ ਪਟਾਕੇ ਰੱਖੇ ਗਏ ਸਨ। ਪੁਲੀਸ ਨੇ ਹਾਦਸੇ ਸਬੰਧੀ ਮੰਦਰ ਕਮੇਟੀ ਦੇ ਦੋ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੰਦਰ ਕਮੇਟੀ ਨੇ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਦਾ ਲਾਇਸੈਂਸ ਵੀ ਨਹੀਂ ਲਿਆ ਸੀ।
ਪੁਲੀਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਤਿੰਨ ਗੰਭੀਰ ਲੋਕਾਂ ਨੂੰ ਪਰਿਆਰਾਮ ਮੈਡੀਕਲ ਕਾਲਜ ਅਤੇ ਕਈਆਂ ਨੂੰ ਮੈਂਗਲੋਰ, ਕੂਨੂਰ ਅਤੇ ਕਾਸਰਗੋਡ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਕਾਸਾਰਗੋਡ ਜ਼ਿਲ੍ਹਾ ਪੁਲੀਸ ਮੁਖੀ, ਕਲੈਕਟਰ ਅਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ।
National
ਗਾਜ਼ੀਆਬਾਦ ਦੀ ਜਿਲ੍ਹਾ ਜੱਜ ਅਦਾਲਤ ਵਿੱਚ ਜੱਜ ਅਤੇ ਵਕੀਲਾਂ ਵਿਚਾਲੇ ਝੜਪ, ਕੁਰਸੀਆਂ ਸੁੱਟੀਆਂ
ਗਾਜ਼ੀਆਬਾਦ, 29 ਅਕਤੂਬਰ (ਸ.ਬ.) ਗਾਜ਼ੀਆਬਾਦ ਦੇ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਅੱਜ ਸੁਣਵਾਈ ਦੌਰਾਨ ਹੰਗਾਮਾ ਹੋ ਗਿਆ। ਜੱਜ ਅਤੇ ਵਕੀਲਾਂ ਵਿਚਾਲੇ ਝੜਪ ਹੋ ਗਈ। ਇਸ ਤੋਂ ਬਾਅਦ ਵਕੀਲਾਂ ਨੇ ਹੰਗਾਮਾ ਕਰ ਦਿੱਤਾ। ਜੱਜ ਤੇ ਕੁਰਸੀਆਂ ਸੁੱਟੀਆਂ ਗਈਆਂ। ਜੱਜ ਨੇ ਪੁਲੀਸ ਨੂੰ ਬੁਲਾਇਆ।
ਪੁਲੀਸ ਨੇ ਵਕੀਲਾਂ ਤੇ ਲਾਠੀਚਾਰਜ ਕਰਕੇ ਉਨ੍ਹਾਂ ਭਜਾਇਆ। ਇਸ ਤੋਂ ਨਾਰਾਜ਼ ਵਕੀਲਾਂ ਨੇ ਅਦਾਲਤ ਦੀ ਪੁਲੀਸ ਚੌਕੀ ਦੀ ਭੰਨਤੋੜ ਕੀਤੀ। ਇਸ ਤੋਂ ਬਾਅਦ ਚੌਕੀ ਨੂੰ ਅੱਗ ਲਗਾ ਦਿੱਤੀ ਗਈ। ਜਿਸ ਤੋਂ ਬਾਅਦ ਵਕੀਲ ਅਦਾਲਤ ਦੇ ਬਾਹਰ ਹੜਤਾਲ ਤੇ ਬੈਠ ਗਏ। ਜੱਜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੁਰਵਿਵਹਾਰ ਦੇ ਖਿਲਾਫ ਜੱਜਾਂ ਨੇ ਵੀ ਆਪਣਾ ਕੰਮ ਬੰਦ ਕਰ ਦਿੱਤਾ ਹੈ।
ਸਾਰਾ ਮਾਮਲਾ ਜ਼ਿਲ੍ਹਾ ਜੱਜ ਅਦਾਲਤ ਦਾ ਹੈ। ਇੱਥੇ ਇੱਕ ਵਿਅਕਤੀ ਦੀ ਜ਼ਮਾਨਤ ਸਬੰਧੀ ਸੁਣਵਾਈ ਚੱਲ ਰਹੀ ਸੀ। ਪਹਿਲਾਂ ਤਾਂ ਬਹਿਸਬਾਜ਼ੀ ਹੋਈ। ਫਿਰ ਮਾਮਲਾ ਹੋਰ ਵਧ ਗਿਆ। ਇਸ ਨੂੰ ਲੈ ਕੇ ਜੱਜ ਅਤੇ ਵਕੀਲਾਂ ਵਿਚਕਾਰ ਤਿੱਖੀ ਬਹਿਸ ਹੋਈ। ਇਸ ਤੋਂ ਬਾਅਦ ਜ਼ਿਲ੍ਹਾ ਜੱਜ ਨੇ ਪੁਲੀਸ ਅਤੇ ਪੀ.ਏ.ਸੀ. ਬੁਲਾਈ।
ਇਸ ਸਾਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵਿੱਚ ਪੁਲੀਸ ਨੂੰ ਵਕੀਲਾਂ ਤੇ ਲਾਠੀਚਾਰਜ ਕਰਦੇ ਵੇਖਿਆ। ਇੱਕ ਪੁਲੀਸ ਮੁਲਾਜ਼ਮ ਕੁਰਸੀ ਚੁੱਕਦਾ ਵੀ ਨਜ਼ਰ ਆ ਰਿਹਾ ਹੈ। ਵਕੀਲਾਂ ਦਾ ਦੋਸ਼ ਹੈ ਕਿ ਜ਼ਿਲ੍ਹਾ ਜੱਜ ਨੇ ਅਦਾਲਤ ਦੇ ਕਮਰੇ ਵਿੱਚ ਚਾਰੋਂ ਪਾਸਿਓਂ ਦਰਵਾਜ਼ੇ ਬੰਦ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਵਿੱਚ ਕਈ ਜ਼ਖ਼ਮੀ ਵੀ ਹੋਏ ਹਨ।
National
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 51000 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ
ਨਵੀਂ ਦਿੱਲੀ, 29 ਅਕਤੂਬਰ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੀਆਂ 40 ਥਾਵਾਂ ਤੇ ਆਯੋਜਿਤ ਰੋਜ਼ਗਾਰ ਮੇਲੇ ਵਿੱਚ 51 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਰੁਜ਼ਗਾਰ ਮੇਲਾ ਹੈ।
ਮੇਲਾ ਅਕਤੂਬਰ 2022 ਵਿੱਚ ਸ਼ੁਰੂ ਹੋਇਆ ਸੀ। ਹੁਣ ਤੱਕ 13 ਮੇਲਿਆਂ ਵਿੱਚ 8.50 ਲੱਖ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਤੋਂ ਪਹਿਲਾਂ 12 ਫਰਵਰੀ 2024 ਨੂੰ ਆਖਰੀ ਰੋਜ਼ਗਾਰ ਮੇਲਾ ਲਗਾਇਆ ਗਿਆ ਸੀ, ਜਿਸ ਵਿੱਚ 1 ਲੱਖ ਤੋਂ ਵੱਧ ਲੋਕਾਂ ਨੂੰ ਜੁਆਇਨਿੰਗ ਲੈਟਰ ਵੰਡੇ ਗਏ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਨੌਕਰੀ ਪੱਤਰ ਲੈਣ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਜਨਤਾ ਦੇ ਸੇਵਕ ਹੋ, ਸ਼ਾਸਕ ਨਹੀਂ। ਇਸ ਲਈ ਗਰੀਬਾਂ ਅਤੇ ਪਛੜਿਆਂ ਦੀ ਸੇਵਾ ਕਰੋ। ਕਿਉਂਕਿ ਅਗਲੇ 25 ਸਾਲਾਂ ਵਿੱਚ ਹੀ ਤੁਸੀਂ ਇੱਕ ਵਿਕਸਤ ਭਾਰਤ ਬਣਾਓਗੇ। ਅਸੀਂ ਦੇਸ਼ ਵਿੱਚ ਨਵੀਂ ਤਕਨੀਕ ਅਤੇ ਨਵਾਂ ਵਿਦੇਸ਼ੀ ਨਿਵੇਸ਼ ਲਿਆਉਣ ਲਈ ਇੱਕ ਯੋਜਨਾ ਸ਼ੁਰੂ ਕੀਤੀ ਹੈ। ਮੇਕ ਇਨ ਇੰਡੀਆ ਮੁਹਿੰਮ ਅਤੇ ਪੀ.ਐਲ.ਆਈ. ਸਕੀਮ ਨੇ ਮਿਲ ਕੇ ਰੁਜ਼ਗਾਰ ਪੈਦਾ ਕਰਨ ਦੀ ਰਫ਼ਤਾਰ ਨੂੰ ਕਈ ਗੁਣਾ ਵਧਾ ਦਿੱਤਾ ਹੈ। ਹਰ ਖੇਤਰ ਦੇ ਉਦਯੋਗਾਂ ਨੂੰ ਹੁਲਾਰਾ ਮਿਲ ਰਿਹਾ ਹੈ। ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਹੋ ਰਹੇ ਹਨ।
-
International2 months ago
ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ
-
International2 months ago
ਅਮਰੀਕਾ ਵਿੱਚ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਸਮੇਤ 4 ਯਾਤਰੀਆਂ ਦੀ ਮੌਤ
-
International2 months ago
ਵੀਅਤਨਾਮ ਵਿੱਚ ਯਾਗੀ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 141 ਹੋਈ
-
International1 month ago
ਕੋਲੰਬੀਆ ਵਿੱਚ ਮਹਿਸੂਸ ਹੋਏ ਭੂਚਾਲ ਦੇ 2 ਝਟਕੇ
-
International1 month ago
ਯੂਕਰੇਨ ਵੱਲੋਂ ਟੈਲੀਗ੍ਰਾਮ ਐਪ ਤੇ ਪਾਬੰਦੀ
-
Mohali1 month ago
ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਸੰਪੰਨ
-
Mohali2 months ago
ਪੰਜਾਬ ਪੁਲੀਸ ਨੇ ਗੈਰਕਾਨੂੰਨੀ ਟਰੈਵਲ ਏਜੰਟਾਂ ਤੇ ਸ਼ਿਕੰਜਾ ਕਸਿਆ, 25 ਏਜੰਟਾਂ ਵਿਰੁੱਧ ਮਾਮਲਾ ਦਰਜ
-
Mohali1 month ago
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਤੇ ਫੋਰਟਿਸ ਹਸਪਤਾਲ ਵਿੱਚ ਕਰਵਾਇਆ ਭਰਤੀ