Punjab
ਗੈਂਗਸਟਰ ਪੁਨੀਤ ਉਰਫ ਗੋਲੂ ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ

ਪਟਿਆਲਾ ਦੇ ਤੇਜਪਾਲ ਕਤਲ ਕਾਂਡ ਅਤੇ ਮੁਹਾਲੀ ਵਿਖੇ ਉਂਗਲਾਂ ਕੱਟਣ ਦੇ ਮਾਮਲੇ ਵਿੱਚ ਹੈ ਮੁੱਖ ਮੁਲਜ਼ਮ
ਪਟਿਆਲਾ, 1 ਅਗਸਤ (ਸ.ਬ.) ਪਟਿਆਲਾ ਵਿੱਚ ਪੰਜਾਬ ਪੁਲੀਸ ਅਤੇ ਗੈਂਗਸਟਰ ਵਿਚਾਲੇ ਹੋਈ ਮੁੱਠਭੇੜ ਵਿੱਚ ਗੈਂਗਸਟਰ ਪੁਨੀਤ ਸਿੰਘ ਉਰਫ ਗੋਲੂ ਜ਼ਖਮੀ ਹੋ ਗਿਆ ਹੈ। ਪੁਲੀਸ ਨੇ ਉਸਨੂੰ ਕਾਬੂ ਕਰਕੇ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਗੈਂਗਸਟਰ ਪੁਨੀਤ ਉਰਫ ਗੋਲੂ ਪਟਿਆਲਾ ਵਿਖੇ ਹੋਏ ਤੇਜਪਾਲ ਕਤਲ ਕਾਂਡ ਅਤੇ ਮੁਹਾਲੀ ਵਿਖੇ ਉਂਗਲਾਂ ਕੱਟਣ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਹੈ ਜਿਸਤੇ ਕਈ ਅਪਰਾਧਿਕ ਮਾਮਲੇ ਦਰਜ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੀ ਆਈ ਏ ਪਟਿਆਲਾ ਦੇ ਇੰਚਾਰਜ ਇਸੰਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਪਟਿਆਲਾ ਦੀਆਂ ਟੀਮਾਂ ਵੱਲੋਂ ਮੁਲਜ਼ਮ ਪੁਨੀਤ ਸਿੰਘ ਉਰਫ ਗੋਲੂ ਪਟਿਆਲਾ ਦਾ ਪਿੱਛਾ ਕੀਤਾ ਜਾ ਰਿਹਾ ਸੀ। ਪੁਲੀਸ ਪਾਰਟੀ ਨੇ ਥਾਣਾ ਸਨੌਰ ਦੇ ਇਲਾਕੇ ਵਿੱਚ ਮੁਲਜ਼ਮ ਪੁਨੀਤ ਸਿੰਘ ਉਰਫ ਗੋਲੂ ਨੂੰ ਘੇਰ ਲਿਆ ਤਾਂ ਉਸਨੇ ਪੁਲੀਸ ਪਾਰਟੀ ਤੇ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਵਿੱਚ ਪੁਲੀਸ ਟੀਮ ਨੇ ਵੀ ਫਾਇਰਿੰਗ ਕੀਤੀ, ਜਿਸ ਦੌਰਾਨ ਮੁਲਜ਼ਮ ਪੁਨੀਤ ਸਿੰਘ ਉਰਫ ਗੋਲੂ ਦੀ ਲੱਤ ਤੇ ਗੋਲੀ ਲੱਗ ਗਈ।
ਪੁਲੀਸ ਅਨੁਸਾਰ ਪੁਨੀਤ ਸਿੰਘ ਉਰਫ ਗੋਲੂ ਵਿਰੁੱਧ ਪਹਿਲਾਂ ਹੀ ਲੁੱਟ-ਖੋਹ ਅਤੇ ਕਤਲ ਦੀ ਕੋਸ਼ਿਸ਼ ਆਦਿ ਦੇ 15 ਕੇਸ ਦਰਜ ਹਨ। ਕੁਝ ਕੇਸਾਂ ਵਿੱਚ ਮੁਲਜ਼ਮ ਜ਼ਮਾਨਤ ਤੇ ਗਿਆ ਅਤੇ ਕੁਝ ਕੇਸਾਂ ਵਿੱਚ ਲੋੜੀਂਦਾ ਵੀ ਸੀ। ਮੁਲਜਮ ਕੋਲੋਂ ਇਕ ਪਿਸਟਲ ਤੇ ਰੋਂਦ ਵੀ ਬਰਾਮਦ ਹੋਏ ਹਨ।
Mohali
ਸੰਯੁਕਤ ਕਿਸਾਨ ਮੋਰਚੇ ਨੇ ਮੁਹਾਲੀ ਦੇ ਵਿਧਾਇਕ ਦੇ ਦਫਤਰ ਦੇ ਬਾਹਰ ਲਗਾਇਆ ਧਰਨਾ

ਧਰਨੇ ਵਿੱਚ ਪਹੁੰਚੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ, ਪੰਜਾਬ ਸਰਕਾਰ ਕਿਸਾਨਾਂ ਦੇ ਨਾਲ, ਪਰ ਕਿਸੇ ਨੂੰ ਪਰੇਸ਼ਾਨ ਨਾ ਕੀਤਾ ਜਾਵੇ
ਐਸ ਏ ਐਸ ਨਗਰ, 10 ਮਾਰਚ (ਪਰਵਿੰਦਰ ਕੌਰ ਜੱਸੀ) ਸੰਯੁਕਤ ਕਿਸਾਨ ਮੋਰਚੇ ਵਲੋਂ ਆਪ ਪਾਰਟੀ ਨਾਲ ਸਬੰਧਤ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਉ ਕਾਰਨ ਦੇ ਦਿੱਤੇ ਸੱਦੇ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਵਲੋਂ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਦਫਤਰ ਦਾ ਘਿਰਾਉ ਕੀਤਾ ਗਿਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁਧ ਜੰਮ ਕੇ ਨਾਅਰੇਬਾਜੀ ਕੀਤੀ ਗਈ।
ਵਿਧਾਇਕ ਦੇ ਦਫਤਰ ਦੇ ਬਾਹਰ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਲੱਖੋਵਾਲ ਗਰੁੱਪ ਦੇ ਜਿਲਾ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ, ਰਾਜੇਵਾਲ ਗਰੁੱਪ ਦੇ ਜਿਲ੍ਹਾ ਪ੍ਰਧਾਨ ਕ੍ਰਿਪਾਲ ਸਿੰਘ ਸਿਆਊ, ਜਸਪਾਲ ਸਿੰਘ ਨਿਆਮੀਆਂ ਜਰਨਲ ਸਕੱਤਰ ਲੱਖੋਵਾਲ, ਗੁਰਮੀਤ ਸਿੰਘ ਮੀਤ ਪ੍ਰਧਾਨ, ਦਰਸ਼ਨ ਸਿੰਘ ਦੁਰਾਲੀ ਬਲਾਕ ਪ੍ਰਧਾਨ, ਕੁਲਵੰਤ ਸਿੰਘ ਚਿੱਲਾ, ਸੁਰਿੰਦਰ ਸਿੰਘ ਬਰਿਆਲੀ, ਜਸਪਾਲ ਸਿੰਘ ਲਾਂਡਰਾ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ 5 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ਾਂਤਮਈ ਢੰਗ ਨਾਲ ਧਰਨਾ ਦਿੱਤਾ ਜਾਣਾ ਸੀ ਪ੍ਰੰਤੂ ਇਸ ਦੇ ਉਲਟ ਮੁੱਖ ਮੰਤਰੀ ਪੰਜਾਬ ਵਲੋਂ ਹਠ ਦਿਖਾਉਂਦਿਆਂ ਪੰਜਾਬ ਪੁਲੀਸ ਦੀ ਵਰਤੋ ਕਰਕੇ ਕਿਸਾਨਾਂ ਨੂੰ ਰਸਤੇ ਵਿਚ ਹੀ ਰੋਕਿਆ ਗਿਆ ਅਤੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਨਾਂ ਕਿਹਾ ਕਿ ਉਨਾਂ ਦੀਆਂ ਮੰਗਾ ਵੱਲ ਨਾ ਤਾਂ ਕੇਂਦਰ ਸਰਕਾਰ ਤਵੱਜੋ ਦੇ ਰਹੀ ਹੈ ਅਤੇ ਨਾ ਹੀ ਪੰਜਾਬ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ 4 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਵਲੋਂ ਮੀਟਿੰਗ ਵਿਚ ਵਿਚਾਲੇ ਛੱਡ ਕੇ ਚਲੇ ਜਾਣਾ ਇਹ ਦਰਸਾਉਂਦਾ ਹੈ ਕਿ ਉਹ ਉਨ੍ਹਾਂ ਦੀਆਂ ਮੰਗਾ ਨੂੰ ਲੈ ਕੇ ਗੰਭੀਰ ਨਹੀਂ ਹਨ। ਉਨਾਂ ਕਿਹਾ ਕਿ ਅੱਜ ਦਾ ਧਰਨਾ ਵੀ ਸ਼ਾਂਤਮਈ ਸੀ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਹੋਣ ਵਾਲੀ ਅਗਲੀ ਮੀਟਿੰਗ ਮੁਤਾਬਕ ਅਗਲਾ ਸੰਘਰਸ਼ ਉਲੀਕਿਆ ਜਾਵੇਗਾ।
ਇਸ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਧਰਨੇ ਵਿੱਚ ਪਹੁੰਚ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਹੈ ਅਤੇ ਹਮੇਸ਼ਾਂ ਉਨ੍ਹਾਂ ਦੇ ਨਾਲ ਹਾਂ। ਉਹ ਅੱਜ ਦੇ ਸ਼ਾਂਤਮਈ ਦਿੱਤੇ ਧਰਨੇ ਦੇ ਹੱਕ ਵਿੱਚ ਹਨ, ਪ੍ਰੰਤੂ ਕਿਸਾਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰਨ।
ਕਿਸਾਨ ਯੂਨੀਅਨਾਂ ਨੇ ਡੇਰਾਬਸੀ ਦੇ ਵਿਧਾਇਕ ਦੇ ਦਫਤਰ ਦੇ ਬਾਹਰ ਵੀ ਲਗਾਇਆ ਧਰਨਾ
ਧਰਨੇ ਦੌਰਾਨ ਕਿਸਾਨਾਂ ਨੇ ਡੇਰਾਬਸੀ ਦੇ ਵਿਧਾਇਕ ਵਲੋਂ ਭੇਜੇ ਸੇਬ ਕੇਲੇ ਮੋੜੇ ਵਾਪਸ
ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਡੇਰਾਬੱਸੀ ਖੇਤਰ ਦੀਆਂ ਕਿਸਾਨ ਜਥੇਬੰਦੀਆਂ ਕਿਸਾਨ ਯੂਨੀਅਨਾਂ ਵਲੋਂ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਦਫਤਰ ਦੇ ਬਾਹਰ ਵੀ ਧਰਨਾ ਲਗਾਇਆ ਗਿਆ ਅਤੇ ਮੁੱਖ ਮੰਤਰੀ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਲੱਖੋਵਾਲ ਦੇ ਮਨਪ੍ਰੀਤ ਸਿੰਘ ਅਮਲਾਲਾ, ਕਰਮ ਸਿੰਘ ਬਰੌਲੀ, ਭਾਕਿਯੂ ਉਗਰਾਹਾਂ ਦੇ ਲਖਵਿੰਦਰ ਸਿੰਘ ਹੈਪੀ ਮਲਕਪੁਰ ਤੇ ਗੁਰਭਜਨ ਸਿੰਘ ਧਰਮਗੜ੍ਹ, ਭਾਕਿਯੂ ਰਾਜੇਵਾਲ ਦੇ ਕਰਮ ਸਿੰਘ ਕਾਰਕੌਰ ਤੇ ਅਵਤਾਰ ਸਿੰਘ ਜਵਾਹਰਪੁਰ, ਦੋਵੇਂ ਕੁੱਲ ਹਿੰਦ ਕਿਸਾਨ ਸਭਾਵਾਂ ਦੇ ਸ਼ਿਆਮ ਲਾਲ ਹੈਬਤਪੁਰ, ਐਡਵੋਕੇਟ ਜਸਪਾਲ ਸਿੰਘ ਦੱਪਰ, ਚੰਦਰਪਾਲ ਲਾਲੜੂ, ਭਾਕਿਯੂ ਕਾਦੀਆਂ ਦੇ ਰਾਜਿੰਦਰ ਸਿੰਘ ਢੋਲਾ ਤੇ ਅਤਿੰਦਰ ਸਿੰਘ ਤੇ ਮੁਲਾਜ਼ਮ ਆਗੂ ਗੁਰਵਿੰਦਰ ਸਿੰਘ ਚਾਂਦਹੇੜੀ, ਸਵਰਨ ਸਿੰਘ ਮਾਵੀ, ਮਹਿੰਦਰ ਸਿੰਘ ਰੋਡ ਸੰਘਰਸ਼ ਕਮੇਟੀ ਤੋਂ ਬਲਜਿੰਦਰ ਸਿੰਘ ਸ਼ੇਖਪੁਰਾ, ਰਤਨ ਸਿੰਘ ਫੌਜੀ ਅਮਲਾਲਾ, ਕੁਲਦੀਪ ਸਿੰਘ ਸਰਸੀਣੀ ਤੇ ਜਗਤਾਰ ਸਿੰਘ ਝਾਰਮੜੀ, ਰਣਜੀਤ ਸਿੰਘ ਭਗਵਾਨਪੁਰਾ, ਨਾਨੂੰ ਸਿੰਘ, ਹਰੀ ਸਿੰਘ ਚਡਿਆਲਾ ਤੇ ਗੁਰਪਾਲ ਸਿੰਘ ਦੱਪਰ ਦੀ ਅਗਵਾਈ ਹੇਠ ਕੀਤੇ ਗਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਪੰਜਾਬ ਸਰਕਾਰ ਵੀ ਕੇਂਦਰ ਦੀ ਤਰਜ਼ ਉਤੇ ਚੱਲਦਿਆਂ ਕਿਸਾਨਾਂ ਨੂੰ ਬਦਨਾਮ ਕਰਨ ਵੱਲ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਉਨ੍ਹਾਂ ਦੀ ਆਪਣੀ ਉਮਰ ਤੋਂ ਵੱਧ ਦਾ ਤਜਰਬਾ ਰੱਖਣ ਵਾਲੇ ਕਿਸਾਨ ਆਗੂਆਂ ਨਾਲ ਦੁਰਵਿਹਾਰ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਗੈਰ ਗੰਭੀਰ ਗੱਲ ਹੈ। ਆਗੂਆਂ ਨੇ ਕਿਹਾ ਕਿ ਉਹ ਆਮ ਲੋਕਾਂ ਨੂੰ ਤੰਗ ਪ੍ਰੇਸਾਨ ਕਰਨ ਦੇ ਹੱਕ ਵਿਚ ਨਹੀਂ ਹਨ ਪਰ ਸਰਕਾਰ ਜਾਣ ਬੁੱਝ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੀ ਹੈ।
ਰੋਸ ਮੁਜ਼ਾਹਰੇ ਦੌਰਾਨ ਉਸ ਸਮੇਂ ਸਥਿਤੀ ਅਜੀਬੋ-ਗਰੀਬ ਬਣ ਗਈ, ਜਦੋਂ ਹਲਕਾ ਵਿਧਾਇਕ ਅਚਾਨਕ ਧਰਨੇ ਵਿੱਚ ਪਹੁੰਚ ਗਏ ਤੇ ਕਿਸਾਨਾਂ ਨੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਕਿਸਾਨਾਂ ਨੇ ਹਲਕਾ ਵਿਧਾਇਕ ਵਲੋਂ ਕਿਸਾਨਾਂ ਲਈ ਲਿਆਂਦੇ ਗਏ ਸੇਬ-ਕੇਲੇ ਵੀ ਵਾਪਸ ਮੋੜ ਦਿੱਤੇ। ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।
Chandigarh
ਪੰਜਾਬ ਪੁਲੀਸ ਵੱਲੋਂ ਐਫ ਬੀ ਆਈ ਨੂੰ ਲੋੜੀਂਦਾ ਭਾਰਤੀ ਮੂਲ ਦਾ ਨਸ਼ਿਆਂ ਦਾ ਵੱਡਾ ਤਸਕਰ ਸ਼ੌਨ ਭਿੰਡਰ ਲੁਧਿਆਣਾ ਤੋਂ ਗ੍ਰਿਫ਼ਤਾਰ

ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਵਿੱਚ ਕਰਦਾ ਸੀ ਕੋਕੇਨ ਦੀ ਤਸਕਰੀ : ਡੀ ਜੀ ਪੀ ਗੌਰਵ ਯਾਦਵ
ਚੰਡੀਗੜ੍ਹ,10 ਮਾਰਚ (ਸ.ਬ.) ਤਰਨਤਾਰਨ ਪੁਲੀਸ ਨੇ ਐਫ ਬੀ ਆਈ ਨੂੰ ਲੋੜੀਂਦੇ ਭਾਰਤੀ ਮੂਲ ਦੇ ਨਸ਼ਾ ਸਮਗਲਰ ਸ਼ਹਿਨਾਜ਼ ਸਿੰਘ ਉਰਫ ਸ਼ੌਨ ਭਿੰਡਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਸ਼ੌਨ ਭਿੰਡਰ ਬਟਾਲਾ ਦੇ ਪਿੰਡ ਮੰਡਿਆਲਾ ਦਾ ਰਹਿਣ ਵਾਲਾ ਹੈ ਅਤੇ ਉਹ ਕੈਨੇਡਾ ਦੇ ਬਰੈਂਪਟਨ ਵਿੱਚ ਰਹਿ ਰਿਹਾ ਸੀ।
ਉਹਨਾਂ ਦੱਸਿਆ ਕਿ ਮੁਲਜਮ 26 ਫਰਵਰੀ, 2025 ਨੂੰ ਅਮਰੀਕਾ ਦੀ ਸਭ ਤੋਂ ਵੱਡੀ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਵਿੱਚ ਐਫ ਬੀ ਆਈ ਨੂੰ ਲੋੜੀਂਦਾ ਹੈ, ਜਿਸ ਵਿੱਚ ਐਫ ਬੀ ਆਈ ਨੇ ਅਮਰੀਕਾ ਵਿੱਚ ਉਸਦੇ ਛੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 391 ਕਿਲੋਗ੍ਰਾਮ ਮੈਥਾਮਫੇਟਾਮਾਈਨ, 109 ਕਿਲੋਗ੍ਰਾਮ ਕੋਕੀਨ, ਚਾਰ ਆਧੁਨਿਕ ਹਥਿਆਰ ਅਤੇ ਵਾਹਨ ਜ਼ਬਤ ਕੀਤੇ ਸਨ। ਇਸ ਮਾਮਲੇ ਵਿੱਚ ਐਫ ਬੀ ਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਛੇ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਉਰਫ਼ ਬੱਲ, ਅੰਮ੍ਰਿਤਪਾਲ ਸਿੰਘ ਉਰਫ਼ ਚੀਮਾ, ਤਕਦੀਰ ਸਿੰਘ ਉਰਫ਼ ਰੋਮੀ, ਸਰਬਜੀਤ ਸਿੰਘ ਸਾਬੀ, ਫਰਨਾਂਡੋ ਵਾਲਾਡੇਰੇਸ ਉਰਫ਼ ਫ੍ਰੈਂਕੋ ਅਤੇ ਗੁਰਲਾਲ ਸਿੰਘ ਵਜੋਂ ਹੋਈ ਹੈ।
ਉਹਨਾਂ ਦੱਸਿਆ ਕਿ ਸ਼ੌਨ ਭਿੰਡਰ ਇੱਕ ਅੰਤਰਰਾਸ਼ਟਰੀ ਨਾਰਕੋਟਿਕਸ ਸਿੰਡੀਕੇਟ ਦਾ ਮੁੱਖ ਸਰਗਨਾ ਸੀ, ਜੋ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਵਿੱਚ ਕੋਕੀਨ ਦੀ ਤਸਕਰੀ ਕਰਦਾ ਸੀ। ਉਹਨਾਂ ਦੱਸਿਆ ਕਿ ਐਫ ਬੀ ਆਈ ਵੱਲੋਂ ਕੀਤੀ ਗਈ ਕਾਰਵਾਈ ਉਪਰੰਤ, ਸ਼ੌਨ ਭਿੰਡਰ ਐਫ ਬੀ ਆਈ ਦੇ ਜਾਸੂਸਾਂ ਨੂੰ ਚਕਮਾ ਦੇ ਕੇ ਭਾਰਤ ਵਾਪਸ ਆ ਗਿਆ। ਉਹਨਾਂ ਦੱਸਿਆ ਕਿ ਪੰਜਾਬ ਪੁਲੀਸ ਨੇ ਉਸਨੂੰ ਸਫਲਤਾਪੂਰਵਕ ਟਰੈਕ ਕਰਕੇ ਲੁਧਿਆਣਾ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ।
ਡੀ ਜੀ ਪੀ ਨੇ ਦੱਸਿਆ ਕਿ ਇਹ ਵਿਅਕਤੀ ਦਸੰਬਰ 2024 ਵਿੱਚ ਅਸਲਾ ਐਕਟ ਤਹਿਤ ਦਰਜ ਕੀਤੇ ਮਾਮਲੇ ਵਿੱਚ ਵੀ ਲੋੜੀਂਦਾ ਸੀ, ਜਿਸ ਵਿੱਚ ਤਰਨਤਾਰਨ ਪੁਲੀਸ ਨੇ ਬਦਨਾਮ ਜੱਗੂ ਭਗਵਾਨਪੁਰੀਆ ਅਤੇ ਅੰਮ੍ਰਿਤਪਾਲ ਬਾਠ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਸੀ।
ਡੀ ਆਈ ਜੀ ਫਿਰੋਜ਼ਪੁਰ ਰੇਂਜ ਸਵਪਨ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਸ਼ੌਨ ਭਿੰਡਰ ਨੇ ਟਰੱਕਾਂ ਅਤੇ ਟ੍ਰੇਲਰਾਂ ਰਾਹੀਂ ਅੰਤਰਰਾਸ਼ਟਰੀ ਸਰਹੱਦਾਂ ਤੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਸ਼ੌਨ ਭਿੰਡਰ 2014 ਤੋਂ ਕੈਨੇਡਾ ਵਿੱਚ ਟਰਾਂਸਪੋਰਟ ਕਾਰੋਬਾਰ ਕਰ ਰਿਹਾ ਹੈ ਅਤੇ ਉਸ ਦੀ ਆੜ ਵਿੱਚ ਇਹਨਾਂ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਸ਼ੌਨ ਭਿੰਡਰ ਆਪਣੇ ਸਾਥੀਆਂ ਨਾਲ ਮਿਲ ਕੇ ਹਰ ਹਫ਼ਤੇ ਕੋਲੰਬੀਆ ਤੋਂ ਮੈਕਸੀਕੋ ਰਾਹੀਂ ਅਮਰੀਕਾ ਅਤੇ ਕੈਨੇਡਾ ਵਿੱਚ ਲਗਭਗ 600 ਕਿਲੋਗ੍ਰਾਮ ਕੋਕੀਨ ਸਪਲਾਈ ਕਰ ਰਿਹਾ ਸੀ।
Punjab
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ

ਸ੍ਰੀ ਅਨੰਦਪੁਰ ਸਾਹਿਬ, 10 ਮਾਰਚ (ਸ.ਬ.) ਸ੍ਰੀ ਅੰਨਦਪੁਰ ਸਾਹਿਬ- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅੰਮ੍ਰਿਤ ਵੇਲੇ ਪੰਜ ਪਿਆਰਿਆਂ ਦੀ ਹਾਜਰੀ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜ ਕੇ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦੇ ਸੇਵਾ ਸੰਭਾਲਣ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਉਪਰੰਤ ਪੰਜ ਪਿਆਰਿਆਂ ਵਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਦਸਤਾਰ ਭੇਟ ਕੀਤੀ।
ਗਿਆਨੀ ਕੁਲਦੀਪ ਸਿੰਘ ਨੇ ਮੌਜੂਦਾ ਪੰਥਕ ਹਾਲਾਤਾਂ ਦੇ ਮੱਦੇਨਜ਼ਰ ਸਮੂਹ ਸਿੱਖ ਜਗਤ ਨੂੰ ਇਕ ਨਿਸ਼ਾਨ ਹੇਠ ਇੱਕਜੁੱਟ ਹੋਣ ਦੀ ਅਪੀਲ ਕੀਤੀ। ਪੰਥ ਨੂੰ ਦਰਪੇਸ਼ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਮਸਲਿਆਂ ਬਾਰੇ ਗੱਲ ਕਰਦਿਆਂ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਸਾਡੇ ਬਹੁਤੇ ਮਸਲੇ ਗੁਰੂ ਦਰ ਨਾਲੋਂ ਟੁੱਟਣ ਕਾਰਨ ਪੈਦਾ ਹੋਏ ਹਨ। ਉੁਹਨਾਂ ਕਿਹਾ ਕਿ ਸਾਡੇ ਵਿਚ ਧੜੇਬੰਦੀਆਂ ਤੇ ਵਿਚਾਰਧਾਰਕ ਵਖਰੇਵਿਆਂ ਨੇ ਵੱਡੇ ਮੁਫਾਦ ਪੈਦਾ ਕੀਤੇ ਹੋਏ ਹਨ। ਧਾਰਮਿਕ ਤੇ ਸਿਆਸੀ ਤੌਰ ਤੇ ਯੋਗ ਅਗਵਾਈ ਦੀ ਘਾਟ ਕਾਰਨ ਮਿਲ ਬੈਠ ਕੇ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਪਰਪਾਟੀ ਚੱਲ ਰਹੀ ਹੈ। ਅਜਿਹੇ ਬਿਖਮ ਸਮੇਂ ਵਿਚ ਗੁਰੂ ਤੇ ਵਿਸ਼ਵਾਸ ਰੱਖ ਕੇ ਮਿਲ ਬੈਠਣ ਦੇ ਵਸੀਲੇ ਬਣਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਿਆਸੀ ਤੌਰ ਤੇ ਸਿੱਖ ਪੰਥ ਵੱਡੇ ਹਮਲਿਆਂ ਦਾ ਸ਼ਿਕਾਰ ਹੈ ਜਿੱਥੇ ਇਕ ਪਾਸੇ ਦੇਸ਼ ਵਿਚ ਘੱਟ ਗਿਣਤੀਆਂ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਹੈ ਉੱਥੇ ਹੀ ਰਾਜਸੀ ਤਾਕਤ ਨੂੰ ਵਰਤਦਿਆਂ ਸਿੱਖਾਂ ਦੇ ਖਿਲਾਫ ਕਾਲੇ ਕਾਨੂੰਨ ਅਤੇ ਯੂ ਏ ਪੀ ਏ, ਐਨ ਐਸ ਏ ਵਰਗੀਆਂ ਧਾਰਾਵਾਂ ਲਾ ਕੇ ਨੌਜਵਾਨੀ ਨੂੰ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਦੇਸ਼ ਦੇ ਹੁਕਮਰਾਨ 1984 ਦੇ ਸਿੱਖ ਕਤਲੇਆਮ ਦਾ 40 ਸਾਲ ਬੀਤ ਜਾਣ ਮਗਰੋਂ ਵੀ ਇਨਸਾਫ਼ ਦਵਾਉਣ ਵਿਚ ਵੀ ਨਕਾਮ ਰਹੇ ਹਨ। ਸਿੱਖਾਂ ਦੀ ਰਾਜਸੀ ਤਾਕਤ ਖਿੰਡੀ ਹੋਣ ਕਰਕੇ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀਆਂ ਨੂੰ ਤਾਂ ਕੋਈ ਜਮਾਨਤ ਨਹੀਂ ਮਿਲਦੀ ਪਰ ਕਿਸੇ ਸਿੱਖ ਵਿਰੋਧੀ ਝੂਠੇ ਡੇਰੇਦਾਰਾਂ ਨੂੰ ਨਿੱਤ ਦਿਹਾੜੇ ਲੰਮੀਆਂ ਛੁਟੀਆਂ ਦੇ ਕੇ ਸਿੱਖਾਂ ਨੂੰ ਤਪਾਇਆ ਜਾਂਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਦੀ ਸਿੱਖ ਅਬਾਦੀ ਨੂੰ ਇਥੋਂ ਭੱਜ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਬਦਲੇ ਵਿੱਚ ਗੈਰ ਪੰਜਾਬੀ ਅਬਾਦੀ ਨੂੰ ਧੜਾਧੜ ਵਸਾ ਕੇ ਸਿੱਖਾਂ ਨੂੰ ਪੰਜਾਬ ਵਿੱਚ ਘੱਟ ਗਿਣਤੀ ਬਣਾਉਣ ਦੀ ਗਹਿਰੀ ਸਾਜ਼ਸ਼ ਚੱਲ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਦੇ ਸਿਆਸਤਦਾਨਾਂ ਨੂੰ ਕਿਸੇ ਡੇਰੇ ਦੀਆਂ ਜਾਂ ਪ੍ਰਵਾਸੀਆਂ ਦੀਆਂ ਕੁਝ ਹਜਾਰ ਵੋਟਾਂ ਦੀ ਤਾਂ ਫਿਕਰ ਹੈ ਪਰ ਇੱਥੇ ਵੱਸਦੇ ਲੱਖਾਂ ਸਿੱਖਾਂ ਦੀਆਂ ਵੋਟ ਨੂੰ ਉਹ ਕਿਸੇ ਖਾਤੇ ਨਹੀਂ ਗਿਣਦੇ। ਇਸ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਬਹੁਤ ਹੀ ਬੁਰੀ ਤਰ੍ਹਾਂ ਵੰਡੇ ਹੋਏ ਹਾਂ।
ਉਹਨਾਂ ਕਿਹਾ ਕਿ ਸਮਾਜਿਕ ਤੌਰ ਤੇ ਅੱਜ ਸਿੱਖ ਸਮਾਜ ਕਈ ਗੰਭੀਰ ਰੋਗਾਂ ਦਾ ਸ਼ਿਕਾਰ ਹੋ ਚੁੱਕਾ ਹੈ ਜਿਸ ਵਿੱਚ ਸਾਡੀ ਨੌਜਵਾਨੀ ਨਸ਼ਿਆਂ ਦੇ ਆਪਾਘਾਤੀ ਰਾਹ ਪੈ ਕੇ ਮਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਈ ਸਰਕਾਰਾਂ ਬਦਲ ਗਈਆਂ ਹਨ ਪਰ ਨਸ਼ੇ ਦਾ ਵਹਿਣ ਰੁਕਣ ਦੀ ਥਾਂ ਤੇ ਲਗਾਤਾਰ ਵੱਧ ਰਿਹਾ ਹੈ ਤੇ ਹਜ਼ਾਰਾਂ ਨੌਜਵਾਨ ਬੱਚੇ ਤੇ ਬੱਚੀਆਂ ਮੌਤ ਦੇ ਮੂੰਹ ਜਾ ਪਏ ਹਨ। ਪਦਾਰਥਵਾਦ ਤੇ ਧਰਮ ਤੋਂ ਟੁੱਟੇ ਹੋਏ ਸਮਾਜ ਵਿੱਚ ਅਜਿਹੇ ਔਗੁਣ ਪਨਪਣ ਲੱਗ ਪੈਂਦੇ ਹਨ ਜਿਨ੍ਹਾਂ ਦਾ ਇਲਾਜ ਕੇਵਲ ਧਰਮ ਹੈ। ਧਰਮ ਪਰਿਵਰਤਨ ਉੱਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਮੀਨੀ ਪੱਧਰ ਉੱਤੇ ਅਸਰਦਾਰ ਧਰਮ ਪ੍ਰਚਾਰ ਲਹਿਰ ਦੀ ਜ਼ਰੂਰਤ ਹੈ, ਜਿਸ ਨੂੰ ਉਹ ਸਿੱਖ ਸੰਤਾਂ, ਮਹਾਂਪੁਰਖਾਂ, ਸੰਪਰਦਾਵਾਂ, ਗਿਆਨੀਆਂ ਅਤੇ ਵਿਦਵਾਨਾਂ ਦੀ ਮਦਦ ਨਾਲ ਪਹਿਲ ਦੇ ਅਧਾਰ ਤੇ ਸ਼ੁਰੂ ਕਰਨਗੇ।
ਉਨ੍ਹਾਂ ਕਿਹਾ ਕਿ ਸਾਨੂੰ ਅਠਾਰਵੀਂ ਸਦੀ ਦੇ ਬਿਖਮ ਪੈਂਡਿਆਂ ਵਿਚ ਸਿੱਖੀ ਨੂੰ ਆਪਣੇ ਮਨ ਬਚਨ ਤੇ ਕਰਮ ਨਾਲ ਨਿਭਾਉਣ ਵਾਲੇ ਮਹਾਨ ਗੁਰਸਿੱਖਾਂ ਤੋਂ ਸੇਧ ਲੈ ਕੇ ਉਨ੍ਹਾਂ ਵਰਗਾ ਜੀਵਨ ਧਾਰਨ ਕਰਨਾ ਪਵੇਗਾ। ਅੱਜ ਸਾਨੂੰ ਬਾਬਾ ਸਾਹਿਬ ਸਿੰਘ ਬੇਦੀ, ਅਕਾਲੀ ਜਥੇਦਾਰ ਫੂਲਾ ਸਿੰਘ, ਬਾਬਾ ਰਾਮ ਸਿੰਘ, ਸੰਤ ਅਤਰ ਸਿੰਘ ਮਸਤੂਆਣੇ ਵਾਲੇ, ਬਾਬਾ ਨੰਦ ਸਿੰਘ ਜੀ, ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ, ਭਾਈ ਕਾਨ੍ਹ ਸਿੰਘ ਨਾਭਾ, ਗਿਆਨੀ ਦਿੱਤ ਸਿੰਘ, ਭਾਈ ਵੀਰ ਸਿੰਘ ਅਤੇ ਪ੍ਰੋ. ਪੂਰਨ ਸਿੰਘ ਜਹੇ ਮਹਾਂਪੁਰਖਾਂ ਵਾਲਾ ਜੀਵਨ ਅਤੇ ਨਿਸ਼ਚਾ ਰੱਖ ਕੇ ਧਰਮ ਪ੍ਰਚਾਰ ਦੇ ਖੇਤਰ ਵਿਚ ਨਿਤਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮੌਜੂਦਾ ਸਿੱਖ ਸਿਆਸਤਦਾਨਾਂ ਤੋਂ ਵੀ 20 ਵੀਂ ਸਦੀ ਦੇ ਅਕਾਲੀ ਲਹਿਰ ਦੇ ਆਗੂਆਂ ਵਾਲੇ ਜੀਵਨ ਅਤੇ ਕਿਰਦਾਰ ਦੀ ਤਵੱਕੋ ਕਰਦੇ ਹਾਂ।
2 ਦਸੰਬਰ ਨੂੰ ਸਿੰਘ ਸਾਹਿਬਾਨ ਵੱਲੋਂ ਲਏ ਫੈਸਲੇ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਤੋਂ ਗੁਰਮਤਿ ਦੀ ਰੋਸ਼ਨੀ ਵਿਚ ਨਿਕਲੇ ਹੁਕਮਨਾਮਿਆਂ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ ਅਤੇ ਇਹੀ ਗੱਲ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮਿਆਂ ਤੇ ਇੰਨ ਬਿੰਨ ਲਾਗੂ ਹੁੰਦੀ ਹੈ। ਉਹਨਾਂ ਕਿਹਾ ਕਿ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਭਰਤੀ ਕਮੇਟੀ ਦੇ ਸਬੰਧ ਵਿੱਚ ਮੁੜ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਸਬੰਧਤ ਧਿਰਾਂ ਦੇ ਇਤਰਾਜ਼ ਦੂਰ ਕਰਨ ਲਈ ਫੈਸਲਾ ਲਿਆ ਜਾਵੇਗਾ। ਸਬੰਧਤ ਧਿਰਾਂ ਨੂੰ ਹਿਦਾਇਤ ਕੀਤੀ ਜਾਂਦੀ ਹੈ ਕਿ ਉਹ ਇੱਕ ਦੂਜੇ ਪ੍ਰਤੀ ਕੁੜੱਤਣ ਭਰੀ ਬਿਆਨਬਾਜੀ ਨਾ ਕਰਨ।
-
International2 months ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
National2 months ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
Mohali2 months ago
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ