Mohali
ਪੰਜਾਬ ਸਰਕਾਰ ਸਕੂਲੀ ਸਿੱਖਿਆ ਤੇ ਲਗਾ ਰਹੀ ਹੈ ਗੱਬਰ ਸਿੰਘ ਟੈਕਸ : ਕੁਲਜੀਤ ਸਿੰਘ ਬੇਦੀ
ਸਰਕਾਰ ਨੇ ਐਫੀਲੀਏਟਿਡ ਸਕੂਲਾਂ ਉੱਤੇ 18 ਫੀਸਦੀ ਜੀ ਐਸ ਟੀ ਲਗਾਉਣ ਦਾ ਨੋਟੀਫਿਕੇਸ਼ਨ ਕੀਤਾ
ਐਸ ਏ ਐਸ ਨਗਰ, 1 ਅਗਸਤ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਕੂਲੀ ਸਿੱਖਿਆ ਤੇ ਗੱਬਰ ਸਿੰਘ ਟੈਕਸ ਲਗਾ ਰਹੀ ਹੈ ਅਤੇ ਸਰਕਾਰ ਨੇ ਐਫੀਲੀਏਟਿਡ ਸਕੂਲਾਂ ਉੱਤੇ 18 ਫੀਸਦੀ ਜੀ ਐਸ ਟੀ ਲਗਾਉਣ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਸ ਸੰਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਨੋਟੀਫਿਕੇਸ਼ਨ ਸਬੰਧੀ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਉਹਨਾਂ ਕਿਹਾ ਕਿ ਖੁਦ ਨੂੰ ਆਮ ਲੋਕਾਂ ਦੀ ਸਰਕਾਰ ਦੱਸਣ ਵਾਲੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਲੋਂ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਮੱਧਮ ਵਰਗ ਵੀ ਕਮਰ ਤੋੜਨ ਵਾਲਾ ਕੰਮ ਕੀਤਾ ਗਿਆ ਹੈ ਕਿਉਂਕਿ ਅਖੀਰਕਾਰ ਅਸਰ ਤਾਂ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਜੇਬਾਂ ਤੇ ਹੀ ਪੈਣਾ ਹੈ।
ਉਹਨਾਂ ਕਿਹਾ ਕਿ ਇਹ ਪੰਜਾਬ ਦੇ ਐਫੀਲੀਏਟਿਡ ਸਕੂਲਾਂ ਨਾਲ ਵੀ ਇੱਕ ਬਹੁਤ ਵੱਡਾ ਧੱਕਾ ਹੈ ਜੋ ਹੁਣ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵੱਡੀ ਗਿਣਤੀ ਵਿੱਚ ਸਕੂਲ ਤਾਂ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਅਲਵਿਦਾ ਕਹਿ ਕੇ ਸੀ ਬੀ ਐਸ ਈ ਨਾਲ ਜੁੜ ਚੁੱਕੇ ਹਨ।
ਸz. ਬੇਦੀ ਨੇ ਦੱਸਿਆ ਕਿ ਤਾਜਾ ਨੋਟੀਫਿਕੇਸ਼ਨ ਰਾਹੀਂ ਕਿਹਾ ਗਿਆ ਹੈ ਕਿ ਨਵੀਂ ਐਪਲੀਕੇਸ਼ਨ ਲੈਣ ਉੱਤੇ 18 ਫੀਸਦੀ ਜੀਐਸਟੀ ਦੀ ਰਕਮ ਦੀ ਅਦਾ ਕਰਨੀ ਪਵੇਗੀ। ਇਸ ਦੇ ਨਾਲ ਨਾਲ ਪਹਿਲਾਂ ਤੋਂ ਹੀ ਐਫੀਲੀਏਟਡ ਸਕੂਲ ਜੇਕਰ ਆਪਣੀ ਕਿਸੇ ਜਮਾਤ ਦੇ ਸੈਕਸ਼ਨ ਵਿੱਚ ਵਾਧਾ ਕਰਦੇ ਹਨ ਤਾਂ ਉਹਨਾਂ ਨੂੰ ਵੀ 18 ਫੀਸਦੀ ਜੀ ਐਸ ਟੀ ਅਦਾ ਕਰਨੀ ਪਵੇਗੀ। ਉਹਨਾਂ ਕਿਹਾ ਕਿ ਸਿੱਖਿਆ ਦਾ ਖੇਤਰ ਸਰਕਾਰ ਦੀ ਜਿੰਮੇਵਾਰੀ ਹੁੰਦਾ ਹੈ ਅਤੇ ਪਹਿਲਾਂ ਕਦੇ ਵੀ ਇਸ ਤਰ੍ਹਾਂ ਸਿੱਖਿਆ ਉੱਤੇ 18 ਫੀਸਦੀ ਟੈਕਸ ਨਹੀਂ ਲਿਆ ਗਿਆ ਪਰੰਤੂ ਆਮ ਆਦਮੀ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਦੀ ਢਕੋਸਲੇਬਾਜੀ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਦੇ ਮਾਮਲੇ ਵਿੱਚ ਵੀ ਟੈਕਸ ਵਸੂਲ ਕਰਨ ਤੋਂ ਬਾਜ ਨਹੀਂ ਆ ਰਹੀ ਹੈ।
ਸz. ਬੇਦੀ ਨੇ ਕਿਹਾ ਕਿ ਇਸ ਨੋਟਿਫਿਕੇਸ਼ਨ ਦੇ ਜਾਰੀ ਹੋਣ ਨਾਲ ਹੁਣ 15 ਸਤੰਬਰ ਤੱਕ ਨਵੀਂ ਐਫੀਲੀਏਸ਼ਨ ਲੈਣ ਲਈ ਹੁਣ ਡੇਢ ਲੱਖ ਦੀ ਥਾਂ ਇਸ ਉੱਤੇ 27000 ਰੁਪਏ ਦੀ ਜੀ ਐਸ ਟੀ ਵੀ ਅਦਾ ਕਰਨੀ ਪਏਗੀ ਅਤੇ ਸੀਨੀਅਰ ਸੈਕੰਡਰੀ ਵਾਸਤੇ 50 ਹਜਾਰ ਦੀ ਫੀਸ ਦੇ ਨਾਲ 9000 ਰੁਪਏ ਜੀਐਸਟੀ ਅਦਾ ਕਰਨੀ ਪਏਗੀ। ਇਸੇ ਤਰ੍ਹਾਂ ਵਾਧੂ ਸੈਕਸ਼ਨ ਲੈਣ ਲਈ ਦਿੱਤੀ ਜਾਣ ਵਾਲੀ ਫੀਸ ਅਤੇ ਸਲਾਨਾ ਪ੍ਰਗਤੀ ਰਿਪੋਰਟ ਦੀ ਫੀਸ ਉੱਤੇ ਵੀ ਹੁਣ 18 ਫੀਸਦੀ ਜੀ ਐਸ ਟੀ ਦੇਣਾ ਪਵੇਗਾ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਅਧਿਕਾਰ ਦੀ ਵੀ ਉਲੰਘਣਾ ਕਰ ਰਹੀ ਹੈ ਅਤੇ ਸਿਰਫ ਪੰਜਾਬ ਦੇ ਸਰਕਾਰੀ ਅਤੇ ਐਫੀਲੀਏਟਡ ਸਕੂਲਾਂ ਦੇ ਬੱਚਿਆਂ ਤੋਂ ਹੀ ਪੰਜਵੀਂ ਅਤੇ ਅੱਠਵੀਂ ਦੇ ਬੋਰਡ ਦੇ ਪੇਪਰ ਲਏ ਜਾ ਰਹੇ ਹਨ ਜਦੋਂ ਕਿ ਸਿੱਖਿਆ ਦੇ ਅਧਿਕਾਰ ਤਹਿਤ 14 ਸਾਲ ਤੱਕ ਦੇ ਬੱਚਿਆਂ ਦੇ ਬੋਰਡ ਦੇ ਇਮਤਿਹਾਨ ਨਹੀਂ ਲਏ ਜਾ ਸਕਦੇ। ਉਹਨਾਂ ਕਿਹਾ ਕਿ ਹਾਲਾਂਕਿ ਕੇਂਦਰ ਦੇ ਸਿੱਖਿਆ ਦੇ ਅਧਿਕਾਰ ਕਾਨੂੰਨ ਵਿੱਚ ਸੂਬੇ ਨੂੰ ਆਪਣੇ ਪੱਧਰ ਤੇ ਤਰਮੀਮ ਕਰਨ ਦਾ ਹੱਕ ਹੈ ਪਰ ਇਹ ਪੰਜਾਬ ਦੇ ਸਾਰੇ ਸਕੂਲਾਂ ਵਾਸਤੇ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਾਂ ਤਾਂ ਪੰਜਾਬ ਸਰਕਾਰ ਪੰਜਾਬ ਦੇ ਸਾਰੇ ਸਕੂਲਾਂ (ਭਾਵੇਂ ਉਹ ਕਿਸੇ ਵੀ ਬੋਰਡ ਨਾਲ ਸੰਬੰਧਿਤ ਹੋਣ) ਦੇ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਦੇ ਬੋਰਡ ਇਮਤਿਹਾਨ ਲਾਜ਼ਮੀ ਕਰਵਾਏ ਜਾਂ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਫੀਲੀਏਟਡ ਸਕੂਲਾਂ ਦੇ ਬੱਚਿਆਂ ਨੂੰ ਵੀ ਇਸ ਤੋਂ ਰਾਹਤ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸੀ ਬੀ ਐਸ ਈ ਤੇ ਹੋਰ ਬੋਰਡਾਂ ਵਾਲੇ ਸਕੂਲ ਪੰਜਵੀਂ ਅਤੇ ਅੱਠਵੀਂ ਦੇ ਬੋਰਡ ਇਮਤਿਹਾਨ ਨਹੀਂ ਲੈ ਰਹੇ ਅਤੇ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਦੇ ਐਫੀਲੇਟਡ ਸਕੂਲਾਂ ਦੇ ਬੱਚੇ ਇਹਨਾਂ ਸਕੂਲਾਂ ਨੂੰ ਛੱਡ ਕੇ ਸੀ ਬੀ ਐਸ ਈ ਸਕੂਲਾਂ ਵਿੱਚ ਦਾਖਲੇ ਲੈ ਰਹੇ ਹਨ। ਇਹੀ ਨਹੀਂ ਪੰਜਾਬ ਦੇ ਵੱਡੀ ਗਿਣਤੀ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਥਾਂ ਸੀ ਬੀ ਐਸ ਈ ਨਾਲ ਜੁੜ ਚੁੱਕੇ ਹਨ।
ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਨਿਜੀ ਦਖਲਅੰਦਾਜ਼ੀ ਕਰਕੇ ਇਹ ਨੋਟੀਫਿਕੇਸ਼ਨ ਵਾਪਸ ਕਰਵਾਉਣ ਨਹੀਂ ਤਾਂ ਇਹ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡਾ ਧੱਕਾ ਹੋਵੇਗਾ ਕਿਉਂਕਿ ਇਸ ਦਾ ਅਸਲ ਵਿੱਤੀ ਭਾਰ ਪੰਜਾਬ ਦੇ ਲੋਕਾਂ ਉੱਤੇ ਹੀ ਪੈਣਾ ਹੈ।
Mohali
ਪਿੰਡ ਲਖਨੌਰ ਵਿੱਚ ਨਾਜਾਇਜ਼ ਬਣੀਆਂ ਕਿਰਾਏਦਾਰਾਂ ਦੀਆਂ ਵੋਟਾਂ ਕਟਵਾਉਣ ਲਈ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਦਿੱਤਾ
ਐਸ ਏ ਐਸ ਨਗਰ, 31 ਜਨਵਰੀ (ਸ.ਬ.) ਗ੍ਰਾਮ ਪੰਚਾਇਤ, ਪਿੰਡ ਲਖਨੌਰ ਦੇ ਵਫਦ ਵੱਲੋਂ ਸਰਪੰਚ ਕੁਲਦੀਪ ਕੌਰ ਦੀ ਅਗਵਾਈ ਹੇਠ ਏ ਡੀ ਸੀ ਮੁਹਾਲੀ ਸੋਨਮ ਚੌਧਰੀ ਨਾਲ ਮੁਲਾਕਾਤ ਕਰਕੇ ਪਿੰਡ ਲਖਨੌਰ ਬਲਾਕ ਮੁਹਾਲੀ ਵਿੱਚ ਨਜਾਇਜ਼ ਬਣੀਆਂ ਕਿਰਾਏਦਾਰਾਂ ਦੀਆਂ ਵੋਟਾਂ ਨੂੰ ਕਟਵਾਉਣ ਸਬੰਧੀ ਡਿਪਟੀ ਕਮਿਸ਼ਨਰ, ਐਸ ਏ ਐਸ ਨਗਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿੰਡ ਲਖਨੌਰ ਦੇ ਸਰਪੰਚ ਵਲੋਂ ਸਾਰੀ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਹੈ ਕਿ ਪਿੰਡ ਵਿਚ ਕਿਰਾਏਦਾਰਾਂ ਦੀਆਂ ਗਲਤ ਢੰਗ ਨਾਲ ਬਣੀਆਂ ਵੋਟਾਂ ਨੂੰ ਤੁਰੰਤ ਕਟਵਾਇਆ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਪਿੰਡ ਦੀ ਲਗਭਗ 1250 ਵੋਟ ਹੈ, ਜਿਸ ਵਿੱਚ ਕਰੀਬ 200 ਵੋਟਾਂ ਕਿਰਾਏਦਾਰਾਂ ਦੀਆਂ ਨਾਜਾਇਜ਼ ਬਣੀਆਂ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਕੋਈ ਕਿਰਾਏਦਾਰ ਕੋਈ ਘਟਨਾ ਜਾਂ ਕਰਾਇਮ ਕਰਦਾ ਹੈ ਤਾਂ ਉਹ ਰਾਤੋ ਰਾਤ ਕਮਰਾ ਖਾਲੀ ਕਰਕੇ ਭੱਜ ਜਾਂਦਾ ਹੈ, ਜਿਸ ਪਿੱਛੋਂ ਇਹਨਾਂ ਵਿਅਕਤੀਆਂ ਦੀਆਂ ਅਜਿਹੀਆਂ ਕਾਰਵਾਈਆਂ ਕਾਰਨ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਤਾਜਾ ਮਿਸਾਲ ਪਿੰਡ ਕੁੰਭੜਾ ਵਿੱਚ ਹੋਏ ਦੋ ਨੌਜਵਾਨਾਂ ਦੇ ਕਤਲ ਦੀ ਹੈ ਜਿੱਥੇ ਨੌਜਵਾਨਾਂ ਦੇ ਕਾਤਲਾਂ ਨੂੰ ਪੁਲੀਸ ਅਤੇ ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਲੱਭਿਆ ਹੈ ਅਤੇ ਇਸ ਕਾਰਨ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਵਫਦ ਨੇ ਮੰਗ ਕੀਤੀ ਕਿ ਇਸ ਸਬੰਧੀ ਬੀ. ਐਲ. ਓ. ਦੀਆਂ ਡਿਊਟੀ ਲਗਾ ਕੇ ਗਲਤ ਢੰਗ ਨਾਲ ਬਣੀਆਂ ਪ੍ਰਵਾਸੀਆਂ ਦੀਆਂ ਵੋਟਾਂ ਨੂੰ ਰੱਦ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ ਬਰਕਰਾਰ ਰਹੇ ਅਤੇ ਪਿੰਡ ਵਿੱਚ ਹੋਣ ਵਾਲੀਆਂ ਅਣ-ਸੁਖਾਈਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਵਫਦ ਵਿੱਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਲਖਨੌਰ, ਕੁਲਦੀਪ ਸਿੰਘ ਪੰਚ, ਸੰਦੀਪ ਸਿੰਘ ਪੰਚ, ਜਸਪ੍ਰੀਤ ਸਿੰਘ ਪੰਚ, ਭਾਗ ਸਿੰਘ ਪੰਚ, ਅਵਤਾਰ ਸਿੰਘ ਪੰਚ, ਸੁਖਵਿੰਦਰ ਕੌਰ ਪੰਚ, ਗੁਰਮੁਖ ਸਿੰਘ ਲੰਬੜਦਾਰ, ਅਮਰਜੀਤ ਸਿੰਘ ਪੰਚ, ਧਰਮ ਸਿੰਘ, ਜਸਪਾਲ ਸਿੰਘ ਪਾਲੀ, ਰੁਪਿੰਦਰ ਸਿੰਘ ਲੰਬੜਦਾਰ ਲਖਨੌਰ ਵੀ ਹਾਜਰ ਸਨ।
Mohali
ਟਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਇਆ
ਘਨੌਰ, 31 ਜਨਵਰੀ (ਅਭਿਸ਼ੇਕ ਸੂਦ) ਟ੍ਰੈਫਿਕ ਪੁਲੀਸ ਵਲੋਂ ਮਨਾਏ ਜਾ ਰਹੇ ਟ੍ਰੈਫਿਕ ਮਹੀਨੇ ਦੇ ਤਹਿਤ ਡੀ ਐਸ ਪੀ ਟ੍ਰੈਫਿਕ ਪੁਲੀਸ ਪਟਿਆਲਾ ਅਛਰੂ ਰਾਮ ਤੇ ਇੱਕਬਾਲ ਸਿੰਘ ਟ੍ਰੈਫਿਕ ਇੰਚਾਰਜ ਦੀ ਅਗਵਾਈ ਹੇਠ ਸਰਬਜੀਤ ਸਿੰਘ ਤੇ ਸਟਾਫ ਵੱਲੋਂ ਘਨੌਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਤੇ ਹੋਰ ਸੰਸਥਾਵਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸੈਮੀਨਾਰ ਲਗਾ ਕੇ ਟਰੈਫਿਕ ਰੂਲਾਂ ਪ੍ਰਤੀ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਆਪਣਾ ਯੋਗਦਾਨ ਪਾਉਦਿਆਂ ਹੋਇਆਂ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਟਰੈਫਿਕ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਟਰੈਫਿਕ ਮਹੀਨੇ ਦੌਰਾਨ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਦੋਪਹੀਆ ਵਾਹਨ ਚਲਾਉਣ ਵੇਲੇ ਹੈਲਮਟ ਪਾਉਣ, ਡਰਾਈਵਿੰਗ ਕਰਨ ਸਮੇਂ ਸੀਟ ਬੈਲਟ ਪਾਉਣ, ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰਨ ਅਤੇ ਹੋਰ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਆਟੋ ਅਤੇ ਟਰੱਕ ਯੂਨੀਅਨਾਂ ਵਿੱਚ ਜਾ ਕੇ ਵੀ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
Mohali
ਲਗਾਤਾਰ ਵੱਧਦੇ ਅਪਰਾਧਾਂ ਤੇ ਕਾਬੂ ਕਰਨ ਦੀ ਮੰਗ
ਵਸਨੀਕਾਂ ਨੂੰ ਹੁਸ਼ਿਆਰ ਰਹਿਣ ਦੀ ਅਪੀਲ ਕੀਤੀ
ਐਸ ਏ ਐਸ ਨਗਰ, 31 ਜਨਵਰੀ (ਸ.ਬ.) ਸੋਸ਼ਲ ਡਿਵੈਲਪਮੈਂਟ ਐਂਡ ਵੈਲਫੇਅਰ ਕਮੇਟੀ ਗੁਰੂ ਨਾਨਕ ਕਲੋਨੀ, ਬਡਾਲਾ ਰੋਡ (ਵਾਰਡ ਨੰ. 26, ਖਰੜ) ਦੇ ਆਗੂਆਂ ਚੇਅਰਮੈਨ ਰੱਬੀ ਸਿੰਘ, ਪ੍ਰਧਾਨ ਅਮਰ ਚੰਦ, ਜਨਰਲ ਸਕੱਤਰ ਸੋਮ ਰਾਜ ਠਾਕੁਰ, ਜੁਆਇੰਟ ਸਕੱਤਰ ਬਲਵਿੰਦਰ ਸਿੰਘ, ਖਜ਼ਾਨਚੀ ਮਾਸਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਗੁਰੂ ਨਾਨਕ ਕਲੋਨੀ ਵਿਖੇ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਕਾਫੀ ਵਾਧਾ ਹੋਇਆ ਹੈ।
ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਹੀ ਸੋਨੇ ਦੀਆਂ ਚੈਨਾਂ ਖੋਹਣ ਦੀਆਂ ਦੋ ਵਾਰਦਾਤਾਂ ਤੋਂ ਇਲਾਵਾ, ਘਰ ਵਿਚੋਂ ਗੈਸ ਸਿਲੰਡਰ ਚੋਰੀ ਦੀ ਇੱਕ ਘਟਨਾ ਲੇਡੀਜ਼ ਪੁਲੀਸ ਕਰਮਚਾਰੀ ਤੋਂ ਮੋਬਾਈਲ ਖੋਹਣ ਦੀ ਘਟਨਾ ਨੂੰ ਵੀ ਗੁੰਡਾ ਅਨਸਰਾਂ ਵੱਲੋਂ ਅੰਜਾਮ ਦਿੱਤਾ ਗਿਆ, ਭਾਵੇਂ ਕਿ ਇਸ ਤੋਂ ਪਹਿਲਾਂ ਦੀਆਂ ਘਟਨਾਵਾਂ ਦੀ ਲਿਸਟ ਬਹੁਤ ਲੰਬੀ ਹੈ।
ਉਹਨਾਂ ਕਿਹਾ ਕਿ ਇਹਨਾਂ ਅਨਸਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਹਰ ਵੇਲੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਵਸਨੀਕਾਂ ਵਿੱਚ ਦਹਿਸ਼ਤ ਵੱਧਦੀ ਹੈ। ਇਸ ਸੰਬੰਧੀ ਸੋਸ਼ਲ ਡਿਵੈਲਪਮੈਂਟ ਐਂਡ ਵੈਲਫੇਅਰ ਕਮੇਟੀ ਕਮੇਟੀ ਵਲੋਂ ਵਸਨੀਕਾਂ ਨੂੰ ਜਾਗਰੂਕ ਕਰਨ ਲਈ ਸੂਚਨਾ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਵਸਨੀਕਾਂ ਨੂੰ ਹੁਸ਼ਿਆਰ ਰਹਿਣਾ ਲਈ ਕਿਹਾ ਗਿਆ ਹੈ। ਕਮੇਟੀ ਵਲੋਂ ਮੁਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੀ ਕਿਸੇ ਘਟਨਾ ਵੇਲੇ ਤੁਰੰਤ ਇਕੱਠ ਹੋਣ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ।
-
National1 month ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
International1 month ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International2 months ago
15 ਸਾਲਾ ਵਿਦਿਆਰਥਣ ਵੱਲੋਂ ਸਕੂਲ ਵਿੱਚ ਗੋਲੀਬਾਰੀ, ਅਧਿਆਪਕ ਤੇ ਇੱਕ ਵਿਦਿਆਰਥੀ ਦੀ ਮੌਤ
-
Editorial1 month ago
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਖੁੱਲੇਆਮ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸ਼ਨ
-
International2 months ago
ਰਨਵੇ ਦੀ ਬਜਾਏ ਸੜਕ ਤੇ ਉਤਰਿਆ ਜਹਾਜ਼, ਲੈਂਡਿੰਗ ਦੌਰਾਨ ਹੋਏ ਦੋ ਟੋਟੇ
-
International1 month ago
19 ਸਾਲ ਦੀ ਭਾਰੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ