Mohali
ਮੁਹਾਲੀ ਪੁਲੀਸ ਵੱਲੋਂ ਟਾਰਗੇਟ ਕਿਲਿੰਗ ਗਿਰੋਹ ਦੇ ਪਰਦਾਫਾਸ਼ ਦਾ ਦਾਅਵਾ
ਪੁਲੀਸ ਵਲੋਂ 2 ਵਿਅਕਤੀ ਕਾਬੂ, 9 ਐਮ ਐਮ ਦੇ 90 ਰੋਂਦ ਬਰਾਮਦ
ਐਸ ਏ ਐਸ ਨਗਰ, 2 ਅਗਸਤ (ਸ.ਬ.) ਮੁਹਾਲੀ ਪੁਲੀਸ ਵੱਲੋਂ ਟਾਰਗੇਟ ਕਿਲਿੰਗ ਗਿਰੋਹ ਦੇ ਪਰਦਾਫਾਸ਼ ਦਾ ਦਾਅਵਾ ਕਰਦਿਆਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 9 ਐਮ ਐਮ ਦੇ 90 ਰੋਂਦ ਬਰਾਮਦ ਕੀਤੇ ਹਨ। ਐਸ ਐਸ ਪੀ ਡਾ. ਸੰਦੀਪ ਕੁਮਾਰ ਗਰਗ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਸੀ. ਆਈ. ਏ. ਸਟਾਫ ਮੁਹਾਲੀ (ਕੈਂਪ ਐਂਟ ਖਰੜ) ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਬੀਤੀ 28 ਜੁਲਾਈ ਨੂੰ ਖਰੜ ਦੀ ਬਾਂਸਾ ਵਾਲੀ ਚੁੰਗੀ ਨੇੜੇ ਤੈਨਾਤ ਸੀ. ਆਈ. ਏ. ਸਟਾਫ ਦੀ ਪੁਲੀਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਮੋਹਿਤ ਕੁਮਾਰ ਵਾਸੀ ਸੁਲਤਾਨਪੁਰ ਲੋਧੀ, ਜਿਲਾ ਕਪੂਰਥਲਾ ਨੇ ਐਲ. ਆਈ. ਸੀ. ਕਲੋਨੀ, ਮੁੰਡੀ ਖਰੜ ਕਿਰਾਏ ਤੇ ਕਮਰਾ ਲਿਆ ਹੋਇਆ ਹੈ ਅਤੇ ਇਸਦੇ ਹੋਰ ਕਈ ਸਾਥੀ ਉੱਥੇ ਆਉਂਦੇ ਜਾਂਦੇ ਰਹਿੰਦੇ ਹਨ। ਪੁਲੀਸ ਨੂੰ ਸੂਚਨਾ ਮਿਲੀ ਕਿ ਮੋਹਿਤ ਕੁਮਾਰ ਅਤੇ ਇਸਦੇ ਸਾਥੀਆਂ ਵਿਰੁੱਧ ਪਹਿਲਾਂ ਵੀ ਲੜਾਈ ਝਗੜੇ ਅਤੇ ਹੋਰ ਵੱਖ ਵੱਖ ਕਿਸਮ ਦੇ ਮੁਕੱਦਮੇ ਦਰਜ ਹਨ ਅਤੇ ਇਨ੍ਹਾਂ ਪਾਸ ਨਜਾਇਜ ਹਥਿਆਰ ਵੀ ਹਨ ਅਤੇ ਇਹ ਵਿਅਕਤੀ ਕਿਸੇ ਵੀ ਸਮੇਂ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।
ਉਹਨਾਂ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ ਤੇ ਪੁਲੀਸ ਵਲੋਂ ਮੋਹਿਤ ਕੁਮਾਰ ਦੇ ਖਿਲਾਫ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਪੁਲੀਸ ਨੇ ਮੋਹਿਤ ਤੋਂ 9 ਐਮ ਐਮ ਦੇ 90 ਰੋਂਦ ਬਰਾਮਦ ਕੀਤੇ ਸਨ ਅਤੇ ਮਾਮਲੇ ਦੀ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੋਹਿਤ ਕੁਮਾਰ ਵਲੋਂ ਇਹ ਰੋਂਦ ਮਨਿੰਦਰ ਸਿੰਘ ਵਾਸੀ ਪਿੰਡ ਅਲੀ ਚੱਕ, ਜਿਲਾ ਜਲੰਧਰ ਦੀ ਨਿਸ਼ਾਨਦੇਹੀ ਤੇ ਲਾਂਡਰਾ ਤੋਂ ਸਰਹਿੰਦ ਰੋਡ ਤੇ ਇੱਕ ਬੇਆਬਾਦ ਥਾਂ ਤੋਂ ਚੁੱਕ ਕੇ ਆਪਣੇ ਕੋਲ ਰੱਖੇ ਸਨ ਅਤੇ ਉਸਨੇ ਇਹਨਾਂ ਨੂੰ ਮਨਿੰਦਰ ਸਿੰਘ ਦੇ ਕਹਿਣ ਤੇ ਅੱਗੇ ਭੇਜਿਆ ਜਾਣਾ ਸੀ। ਉਹਨਾਂ ਦੱਸਿਆ ਕਿ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਪੁਲੀਸ ਵਲੋਂ ਮਨਿੰਦਰ ਸਿੰਘ ਨੂੰ ਉਸਦੇ ਪਿੰਡ ਅਲੀ ਚੱਕ ਤੋਂ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਦੱਸਿਆ ਕਿ ਮਨਿੰਦਰ ਸਿੰਘ ਵਿਰੁੱਧ ਜਿਲਾ ਜਲੰਧਰ ਅਤੇ ਕਪੂਰਥਲਾ ਵਿਖੇ ਲੜਾਈ ਝਗੜੇ ਅਤੇ ਆਰਮਜ ਐਕਟ ਦੇ 9 ਮੁਕਦਮੇ ਦਰਜ ਹਨ।
ਉਹਨਾਂ ਦੱਸਿਆ ਕਿ ਮਨਿੰਦਰ ਸਿੰਘ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਸਨੂੰ ਇਹ ਰੋਂਦ ਹਰਜੀਤ ਭੰਡਾਲ ਵਾਸੀ ਪਿੰਡ ਚਿੱਟੀ, ਜਿਲ੍ਹਾ ਜਲੰਧਰ ਨੇ ਭੇਜੇ ਸਨ, ਜੋ ਇਸ ਸਮੇਂ ਇੰਗਲੈਂਡ ਵਿਖੇ ਰਹਿ ਰਿਹਾ ਹੈ। ਹਰਜੀਤ ਭੰਡਾਲ ਗੋਪੀ ਵਾਸੀ ਨਵਾਂ ਸ਼ਹਿਰ ਦਾ ਸਾਥੀ ਹੈ ਅਤੇ ਗੋਪੀ (ਜੋ ਰਤਨਦੀਪ ਸਿੰਘ ਕਤਲ ਕੇਸ ਵਿੱਚ ਲੋੜੀਂਦਾ ਹੈ) ਇਸ ਸਮੇਂ ਯੂ.ਐਸ.ਏ. ਵਿਖੇ ਰਹਿ ਰਿਹਾ ਹੈ। ਉਹਨਾਂ ਦੱਸਿਆ ਕਿ ਮਨਿੰਦਰ ਸਿੰਘ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਕਿ ਉਹਨਾਂ ਨੂੰ ਹਰਜੀਤ ਭੰਡਾਲ ਨੇ ਨਜਾਇਜ ਹਥਿਆਰ ਵੀ ਭੇਜਣੇ ਸਨ, ਉਸ ਤੋਂ ਬਾਅਦ ਉਹਨਾਂ ਨੇ ਹਰਜੀਤ ਭੰਡਾਲ ਅਤੇ ਗੋਪੀ ਵਾਸੀ ਨਵਾਂ ਸ਼ਹਿਰ ਦੇ ਸਾਥੀਆਂ ਨਾਲ ਮਿਲਕੇ ਉਹਨਾਂ ਵੱਲੋਂ ਦਿੱਤੇ ਟਾਰਗੇਟ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ।
ਉਹਨਾਂ ਦੱਸਿਆ ਕਿ ਇਹ ਦੋਵੇਂ ਪੁਲਿਸ ਰਿਮਾਂਡ ਤੇ ਹਨ ਅਤੇ ਪੁਲੀਸ ਵਲੋਂ ਇਹਨਾਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Mohali
ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਚੋਣ ਨੂੰ ਲੈ ਕੇ ਦੋਵਾਂ ਧੜਿਆਂ ਵਿੱਚ ਹੋਈ ਲੜਾਈ, ਘਸੁੰਨ ਮੁੱਕੀ ਹੋਏ ਅਹੁਦੇਦਾਰ
ਮੁਕੇਸ਼ ਬਾਂਸਲ ਨੇ ਬਲਜੀਤ ਸਿੰਘ ਧੜੇ ਤੇ ਕੁੱਟਮਾਰ ਕਰਨ ਦੇ ਲਾਏ ਦੋਸ਼, ਬਲਜੀਤ ਸਿੰਘ ਵਲੋਂ ਆਪਣੇ ਇਕ ਮੈਂਬਰ ਦੀ ਕੁੱਟਮਾਰ ਕਰਨ ਅਤੇ ਪੱਗ ਲਾਹੁਣ ਦਾ ਇਲਜਾਮ
ਐਸ ਏ ਐਸ ਨਗਰ, 27 ਦਸੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਧੜਿਆਂ ਵਿੱਚ ਚਲ ਰਿਹਾ ਰੇੜਕਾ ਅੱਜ ਮੈਂਬਰਾਂ ਦੀ ਆਪਸੀ ਹੱਥੋਪਾਈ ਅਤੇ ਘਸੁੰਨ ਮੁੱਕੀ ਤੇ ਪਹੁੰਚ ਗਿਆ ਅਤੇ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਦੋਵਾਂ ਧੜਿਆਂ ਵਿੱਚ ਹੋਈ ਬਹਿਸ ਤੋਂ ਬਾਅਦ ਅੱਜ ਜਮ ਕੇ ਲੜਾਈ ਹੋਈ ਜਿਸ ਦੌਰਾਨ ਇੱਕ ਧੜੇ ਦੇ ਮੈਂਬਰ ਨੂੰ ਸੱਟਾਂ ਵੀ ਲੱਗੀਆਂ। ਇਸ ਦੌਰਾਨ ਦੂਜੇ ਧੜੇ ਵਲੋਂ ਆਪਣੇ ਇੱਕ ਮੈਂਬਰ ਦੀ ਪੱਗ ਲਾਹੁਣ ਅਤੇ ਉਸ ਨਾਲ ਕੁੱਟਮਾਰ ਦਾ ਇਲਜਾਮ ਲਗਾਇਆ ਗਿਆ ਹੈ।
ਇਸ ਸੰਬੰਧੀ ਅੱਜ ਇੱਕ ਧੜੇ ਦੇ ਪ੍ਰਧਾਨ ਮੁਕੇਸ਼ ਬਾਂਸਲ ਵਲੋਂ ਐਸੋਸੀਏਸ਼ਨ ਦਫਤਰ ਵਿੱਚ ਪਰੈਸ ਕਾਨਫਰੰਸ ਸੱਦੀ ਗਈ ਸੀ ਪਰੰਤੂ ਐਸੋਸੀਏਸ਼ਨ ਦਫਤਰ ਵਿੱਚ ਅੰਦਰ ਵੜਣ ਦੇ ਮੁੱਦੇ ਤੇ ਹੀ ਦੋਵੇਂ ਧਿਰਾਂ ਇੱਥ ਦੂਜੇ ਦੇ ਖਿਲਾਫ ਅੜ ਗਈਆਂ। ਇਸ ਦੌਰਾਨ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਮੁਕੇਸ਼ ਬਾਂਸਲ ਨੂੰ ਹੇਠਾਂ ਸੁੱਟ ਕੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ।
ਇਸ ਮੌਕੇ ਮੁਕੇਸ਼ ਬਾਂਸਲ ਨੇ ਇਲਜਾਮ ਲਗਾਇਆ ਕਿ ਦੂਜੇ ਧੜੇ ਦੇ ਵਿਅਕਤੀਆਂ ਵਲੋਂ ਉਹਨਾਂ ਨੂੰ ਜਬਰੀ ਘੜੀਸ ਕੇ ਅੰਦਰ ਲਿਜਾਇਆ ਗਿਆ ਅਤੇ ਫਿਰ ਜਮੀਨ ਤੇ ਸੁੱਟ ਕੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਮੁਕੇਸ਼ ਬਾਂਸਲ ਦਾ ਕਹਿਣਾ ਹੈ ਕਿ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਇਲੈਕਸ਼ਨ ਪੈਡਿੰਗ ਸਨ ਅਤੇ ਇਸ ਸਬੰਧੀ ਉਨਾਂ ਵਲੋਂ ਚੋਣਾਂ ਕਰਵਾਉਣ ਨੂੰ ਲੈ ਕੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਦਿੱਤਾ ਸੀ, ਜਿਸ ਤੇ ਐਸ.ਡੀ.ਐਮ ਮੁਹਾਲੀ ਵਲੋਂ 15 ਦਿਨਾਂ ਦੇ ਅੰਦਰ ਚੋਣਾਂ ਕਰਵਾਉਣ ਲਈ ਕਿਹਾ ਗਿਆ ਸੀ। ਉਹਨਾਂ ਕਿਹਾ ਕਿ ਉਹ ਅੱਜ ਐਸ. ਡੀ. ਐਮ. ਮੁਹਾਲੀ ਦੇ ਹੁਕਮਾਂ ਦੀ ਕਾਪੀ ਲੈ ਕੇ ਅੱਜ ਐਮ. ਆਈ. ਏ. ਭਵਨ ਵਿਖੇ ਪ੍ਰੈਸ ਕਾਨਫਰੰਸ ਕਰਨ ਲਈ ਆਏ ਸਨ, ਪ੍ਰੰਤੂ ਬਲਜੀਤ ਸਿੰਘ (ਬਲੈਕਸਟੋਨ) ਧੜੇ ਦੇ ਵਿਅਕਤੀਆਂ ਨੇ ਪਹਿਲਾਂ ਉਸ ਨੂੰ ਅੰਦਰ ਵੜਨ ਤੋਂ ਰੋਕਿਆ ਅਤੇ ਬਾਅਦ ਵਿੱਚ ਅੰਦਰ ਵਾੜ ਕੇ ਉਸ ਦੀ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਗਈ। ਮੁਕੇਸ਼ ਬਾਂਸਲ ਮੁਤਾਬਕ ਮੌਕੇ ਤੇ ਮੁਹਾਲੀ ਪੁਲੀਸ ਵੀ ਮੌਜੂਦ ਸੀ ਅਤੇ ਪੁਲੀਸ ਦੀ ਮੌਜੂਦਗੀ ਵਿੱਚ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਪੁਲੀਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਮੁਕੇਸ਼ ਬਾਂਸਲ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਇਸ ਦੌਰਾਨ ਬਲਜੀਤ ਸਿੰਘ ਧੜੇ ਦੇ ਵਿਅਕਤੀਆਂ ਵਲੋਂ ਪ੍ਰੈਸ ਕਾਨਫਰੰਸ ਲਈ ਪਹੁੰਚੇ ਪੱਤਰਕਾਰਾਂ ਨਾਲ ਵੀ ਦੁਰਵਿਵਹਾਰ ਕੀਤਾ ਗਿਆ ਅਤੇ ਮੁਕੇਸ਼ ਬਾਂਸਲ ਦੀ ਕੁੱਟਮਾਰ ਦੌਰਾਨ ਵੀਡੀਓ ਬਣਾ ਰਹੇ ਇੱਕ ਪੱਤਰਕਾਰ ਦਾ ਮੋਬਾਇਲ ਫੋਨ ਵੀ ਖੋਹ ਲਿਆ ਗਿਆ। ਇਸ ਸਬੰਧੀ ਪੱਤਰਕਾਰ ਮੁਨੀਸ਼ ਸ਼ੰਕਰ ਵਲੋਂ ਫੇਜ਼ 8 ਵਿਚਲੀ ਪੁਲੀਸ ਚੌਂਕੀ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਹੈ।
ਇਸ ਸਬੰਧੀ ਆਪਣਾ ਪੱਖ ਰਖਦਿਆਂ ਬਲਜੀਤ ਸਿੰਘ ਬਲੈਕਸਟੋਨ ਨੇ ਕਿਹਾ ਕਿ ਉਹ ਐਸੋਸੀਏਸ਼ਨ ਦੇ ਚੁਣੇ ਹੋਏ ਪ੍ਰਧਾਨ ਹਨ ਅਤੇ ਜਿਹੜੇ ਮੈਂਬਰ ਅੱਜ ਐਮ.ਆਈ.ਏ ਭਵਨ ਵਿੱਚ ਆਏ ਸਨ, ਉਹ ਬਰਖਾਸਤ ਮੈਂਬਰ ਹਨ ਅਤੇ ਉਨਾਂ ਵਲੋਂ ਛੁੱਟੀ ਵਾਲੇ ਦਿਨ ਸਟਾਫ ਨੂੰ ਧਮਕਾ ਕੇ ਦਫਤਰ ਖੁਲਵਾਇਆ ਗਿਆ ਸੀ। ਉਨਾਂ ਮੁਕੇਸ਼ ਬਾਂਸਲ ਧੜੇ ਤੇ ਦੋਸ਼ ਲਗਾਇਆ ਕਿ ਉਨਾਂ ਵਲੋਂ ਸਾਡੇ ਧੜੇ ਦੇ ਇਕ ਮੈਂਬਰ ਦੀ ਕੁੱਟਮਾਰ ਕਰਕੇ ਪੱਗ ਲਾਹੀ ਗਈ, ਜੋ ਕਿ ਇਸ ਸਮੇਂ ਹਸਪਤਾਲ ਵਿੱਚ ਦਾਖਲ ਹੈ। ਉਨਾਂ ਕਿਹਾ ਕਿ ਜੇਕਰ ਮੁਕੇਸ਼ ਬਾਂਸਲ ਜਾਂ ਕੋਈ ਹੋਰ ਵਿਅਕਤੀ ਚੋਣ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਅਦਾਲਤ ਜਾ ਸਕਦਾ ਹੈ, ਕਿਉਂਕਿ ਉਹ ਅੱਜ ਵੀ ਐਮ. ਆਈ. ਏ ਦੇ ਮੌਜੂਦਾ ਪ੍ਰਧਾਨ ਹਨ।
ਇਸ ਝਗੜੇ ਦੀ ਸੂਚਨਾ ਮਿਲਣ ਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਮੌਕੇ ਤੇ ਪਹੁੰਚੇ ਅਤੇ ਦੂਜੇ ਧੜੇ ਵਲੋਂ ਮੁਕੇਸ਼ ਬਾਂਸਲ ਦੀ ਪੁਲੀਸ ਦੀ ਹਾਜਰੀ ਵਿੱਚ ਕੀਤੀ ਗਈ ਕੁੱਟਮਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਪੁਲੀਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਮੌਕੇ ਤੇ ਮੌਜੂਦ ਪੁਲੀਸ ਪਾਰਟੀ ਦੇ ਬਿਆਨਾਂ ਤੇ ਵੀ ਕਾਰਵਾਈ ਹੋ ਸਕਦੀ ਹੈ। ਉਨਾਂ ਕਿਹਾ ਕਿ ਮੁਕੇਸ਼ ਬਾਂਸਲ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਜਾਵੇਗਾ ਅਤੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਵੀ ਕਰਵਾਈ ਜਾਵੇਗੀ।
ਇਸ ਦੌਰਾਨ ਭਾਜਪਾ ਦੇ ਜਿਲ੍ਹਾ ਪ੍ਰਧਾਨ ਅਤੇ ਐਮ.ਆਈ.ਏ ਦੇ ਸਾਬਕਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਦੱਸਿਆ ਕਿ ਅੱਜ ਐਮ.ਆਈ.ਏ ਭਵਨ ਵਿੱਚ ਪ੍ਰੈਸ ਕਾਨਫਰੰਸ ਰੱਖੀ ਗਈ ਸੀ, ਜਿਸ ਸਬੰਧੀ ਉਨਾਂ ਨੂੰ ਵੀ ਸਾਬਕਾ ਪ੍ਰਧਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ, ਪ੍ਰੰਤੂ ਅੱਜ ਦੀ ਹੋਈ ਇਸ ਘਟਨਾ ਨੇ ਐਮ. ਆਈ. ਏ. ਦਾ ਸਿਰ ਪੂਰੇ ਪੰਜਾਬ ਵਿੱਚ ਨੀਵਾਂ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਜਦੋਂ ਐਸ.ਡੀ.ਐਮ. ਮੁਹਾਲੀ ਵਲੋਂ ਚੋਣਾਂ ਕਰਵਾਉਣ ਦੇ ਸਪੱਸ਼ਟ ਨਿਰਦੇਸ਼ ਦੇ ਦਿੱਤੇ ਗਏ ਸਨ ਤਾਂ ਦੂਜੇ ਧੜੇ ਨੂੰ ਧੱਕੇਸ਼ਾਹੀ ਵਾਲੀ ਘਟਨਾ ਨੂੰ ਅੰਜਾਮ ਦੇਣਾ ਸ਼ੋਭਾ ਨਹੀਂ ਦਿੰਦਾ। ਉਨਾਂ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਐਸ.ਡੀ.ਐਮ ਮੁਹਾਲੀ ਨੂੰ ਮਿਲ ਕੇ ਸ਼ਾਂਤੀ ਪੂਰਵਕ ਚੋਣਾਂ ਕਰਵਾਉਣ ਦੀ ਅਪੀਲ ਕਰਨਗੇ ਅਤੇ ਇਸ ਦੌਰਾਨ ਉਹ ਇਸ ਗੱਲ ਦੀ ਵੀ ਅਪੀਲ ਕਰਨਗੇ ਕਿ ਪ੍ਰਸਾਸ਼ਨ ਦੇ ਕਿਸੇ ਅਫਸਰ ਦੀ ਹਾਜਰੀ ਵਿੱਚ ਚੋਣ ਕਰਵਾਈ ਜਾਵੇ।
ਇਸ ਸਬੰਧੀ ਏ. ਐਸ. ਪੀ ਯੇਅੰਤਪੁਰੀ ਨੇ ਦੱਸਿਆ ਕਿ ਦੋਹਾਂ ਧੜਿਆਂ ਵਲੋਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ, ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Mohali
ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲੇ ਵਿਅਕਤੀ ਤੇ ਹਮਲਾ ਕਰਨ ਵਾਲਾ ਦੂਜਾ ਮੁਲਜਮ ਕਾਬੂ
ਐਸ ਏ ਐਸ ਨਗਰ, 27 ਦਸੰਬਰ (ਜਸਬੀਰ ਸਿੰਘ ਜੱਸੀ) ਪਿੰਡ ਤਸੋਲੀ ਵਾਸੀ ਇਕ ਵਿਅਕਤੀ ਤੇ ਕੁਝ ਨੌਜਵਾਨਾਂ ਵਲੋਂ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਪੁਲੀਸ ਵਲੋਂ ਸੁਖਮਨ ਸਿੰਘ ਨਾਂ ਦੇ ਇੱਕ ਹੋਰ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਪੁਲੀਸ ਵਲੋਂ ਰਣਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ 2 ਦਿਨ ਦੇ ਪੁਲੀਸ ਰਿਮਾਂਡ ਤੇ ਹੈ।
ਇਸ ਸਬੰਧੀ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਮੁਲਜਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਸ਼ਰਨਜੀਤ ਸਿੰਘ ਵਾਸੀ ਪਿੰਡ ਤਸੋਲੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਖਮੀ ਸ਼ਰਨਜੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦਾ ਰੇਤਾ, ਬਜਰੀ ਅਤੇ ਬਿਲਡਿੰਗ ਮਟੀਰੀਅਲ ਦਾ ਕੰਮ ਹੈ ਅਤੇ ਉਕਤ ਕੰਮ ਦਾ ਸੈਕਟਰ 97 ਵਿੱਚ ਡੰਪ ਹੈ। ਬੀਤੀ 23 ਦਸੰਬਰ ਨੂੰ ਸਵੇਰੇ ਸਾਢੇ 11 ਵਜੇ ਦੇ ਕਰੀਬ ਉਸ ਦੇ ਡੰਪ ਤੇ ਰਣਬੀਰ ਸਿੰਘ ਵਾਸੀ ਪਿੰਡ ਨਡਿਆਲੀ, ਸ਼ਰਨਜੀਤ ਸਿੰਘ ਸੇਖੋਂ, ਮਨਜੀਤ ਸਿੰਘ ਵਾਸੀ ਜਗਤਪੁਰਾ ਅਤੇ ਅਮਨ ਮਲਿਕ ਵਾਸੀ ਪਿੰਡ ਕੁੰਭੜਾ ਦੇ ਨਾਲ ਆਏ 10-12 ਵਿਅਕਤੀਆਂ ਵਲੋਂ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਸਿਰ ਵਿੱਚ ਕਿਰਪਾਨਾਂ ਅਤੇ ਡੰਡਿਆਂ ਨਾਲ ਕਈ ਵਾਰ ਕੀਤੇ ਸਨ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਸੀ। ਇਸ ਮਾਮਲੇ ਵਿੱਚ ਥਾਣਾ ਸੋਹਾਣਾ ਦੀ ਪੁਲੀਸ ਨੇ ਰਣਬੀਰ ਸਿੰਘ, ਸ਼ਰਨਜੀਤ ਸਿੰਘ ਸੇਖੋਂ, ਮਨਜੀਤ ਸਿੰਘ, ਅਮਨ ਮਲਿਕ ਅਤੇ 10-12 ਅਣਪਛਾਤਿਆਂ ਵਿਰੁਧ ਧਾਰਾ 115 (), 109, 304, 191() ਅਤੇ 190 ਬੀ.ਐਨ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ।
Mohali
ਈ-ਸੇਵਾ ਪੋਰਟਲ ਤੇ ਅਸਲਾ ਲਾਇਸੰਸ ਰੀਨਿਊ ਕਰਾਉਣ ਲਈ ਅਪਲਾਈ ਕਰਨ ਦੀ ਆਖਰੀ ਮਿਤੀ 1 ਜਨਵਰੀ 2025
ਐਸ ਏ ਐਸ ਨਗਰ, 27 ਦਸੰਬਰ (ਸ.ਬ.) ਸਹਾਇਕ ਕਮਿਸ਼ਨਰ (ਜਨਰਲ) ਅੰਕਿਤਾ ਕਾਂਸਲ ਨੇ ਕਿਹਾ ਹੈ ਕਿ ਜ਼ਿਲ੍ਹੇ ਦੇ ਜਿਹੜੇ ਅਸਲਾ ਲਾਇਸੰਸ ਧਾਰਕਾਂ ਨੇ ਸਾਲ 2019 ਤੋਂ ਬਾਅਦ ਈ-ਸੇਵਾ ਪੋਰਟਲ ਤੇ ਰੀਨਿਊਅਲ ਲਈ ਅਪਲਾਈ ਨਹੀਂ ਕੀਤਾ, ਉਹ 1 ਜਨਵਰੀ 2025 ਤੋਂ ਪਹਿਲਾਂ ਪਹਿਲਾਂ ਇਸ ਜ਼ਿਲ੍ਹੇ ਦੇ ਕਿਸੇ ਵੀ ਸੇਵਾ ਕੇਂਦਰ ਰਾਹੀਂ ਆਪਣਾ ਅਸਲਾ ਲਾਇਸੰਸ ਰੀਨਿਊਅਲ/ ਨਵੀਨੀਕਰਨ ਕਰਾਉਣ ਲਈ ਅਪਲਾਈ ਕਰ ਸਕਦੇ ਹਨ।
ਉਹਨਾਂ ਦੱਸਿਆ ਕਿ ਆਰਮਜ਼ ਲਾਇਸੰਸ ਅਤੇ ਐਲਾਇਡ ਸਰਵਿਸਿਜ਼ ਈ-ਸੇਵਾ ਪੋਰਟਲ ਰਾਹੀਂ ਸਤੰਬਰ 2019 ਵਿੱਚ ਸ਼ੁਰੂ ਕੀਤੀਆਂ ਗਈਆਂ ਸਨ। ਇਸ ਸੰਬੰਧੀ ਡਾਇਰੈਕਟਰ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਵਲੋਂ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਨੂੰ ਸੰਬੋਧਿਤ ਪੱਤਰ ਰਾਹੀਂ ਲਿਖਿਆ ਗਿਆ ਹੈ ਕਿ ਈ ਸੇਵਾ ਪੋਰਟਲ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 47118 ਲਾਇਸੰਸੀਆਂ ਨੇ ਇਸ ਪੋਰਟਲ ਵਿੱਚ ਕੋਈ ਵੀ ਸਰਵਿਸ ਪ੍ਰਾਪਤ ਨਹੀਂ ਕੀਤੀ। ਉਹਨਾਂ ਕਿਹਾ ਕਿ ਉਕਤ ਲਾਇਸੰਸੀਆਂ ਵਿੱਚੋਂ ਜਿਹਨਾਂ ਦੀ ਲਿਸਟ ਇਸ ਜ਼ਿਲ੍ਹੇ ਦੀ ਵੈਬਸਾਈਟ ਤੇ ਅਪਲੋਡ ਕੀਤੀ ਗਈ ਹੈ, ਅਨੁਸਾਰ ਲੱਗਭਗ ਇੱਕ ਹਜਾਰ ਲਾਇਸੰਸੀ ਇਸ ਜ਼ਿਲ੍ਹੇ ਨਾਲ ਸਬੰਧਤ ਹਨ।
ਉਹਨਾਂ ਕਿਹਾ ਕਿ ਡੀ ਜੀ ਆਰ ਵਿਭਾਗ ਨੇ ਕਿਹਾ ਹੈ ਕਿ ਜਿਹੜੇ ਲਾਇਸੰਸੀ ਈ-ਸੇਵਾ ਪੋਰਟਲ ਨਾਲ ਲਿੰਕਡ ਨਹੀਂ ਹਨ, ਉਹਨਾਂ ਲਈ ਈ-ਸੇਵਾ ਲਈ 1 ਜਨਵਰੀ, 2025 ਤੋਂ ਬਾਅਦ ਬੰਦ ਕਰ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਜੇਕਰ ਨਿਯਤ ਮਿਤੀ ਤੱਕ ਲਾਇਸੰਸ ਰੀਨਿਊਅਲ ਲਈ ਅਪਲਾਈ ਨਹੀਂ ਕੀਤਾ ਗਿਆ ਤਾਂ ਉਹਨਾਂ ਦੇ ਅਸਲਾ ਲਾਇਸੰਸਾਂ ਦਾ ਡਾਟਾ ਈ-ਸੇਵਾ ਪੋਰਟਲ ਤੇ ਅਪਡੇਟ ਨਹੀਂ ਹੋਵੇਗਾ। ਇਸ ਤੋਂ ਇਲਾਵਾ ਉਹਨਾਂ ਦੇ ਅਸਲਾ ਲਾਇਸੰਸਾਂ ਤੇ ਬਿਨਾਂ ਨੋਟਿਸ ਦਿੱਤੇ ਰੂਲਾਂ/ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।
-
International2 months ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
International2 months ago
ਇਟਲੀ ਵਿੱਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali1 month ago
ਪਿੰਡ ਕੁੰਭੜਾ ਵਿੱਚ ਲੜਾਈ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਰੱਖ ਕੇ ਇਨਸਾਫ ਲਈ ਏਅਰਪੋਰਟ ਰੋਡ ਤੇ ਲਾਇਆ ਧਰਨਾ
-
Mohali2 months ago
ਜੂਡੋ ਇੰਟਰ ਕਾਲਜ ਵਿੱਚ ਘਨੌਰ ਕਾਲਜ ਨੇ ਜਿੱਤੇ ਗੋਲ਼ਡ ਮੈਡਲ
-
Editorial1 month ago
ਜ਼ਿਮਨੀ ਚੋਣਾਂ ਦੌਰਾਨ ਸੂਬੇ ਦੀਆਂ ਚਾਰੇ ਸੀਟਾਂ ਤੇ ਹੋ ਰਹੇ ਹਨ ਸਖ਼ਤ ਮੁਕਾਬਲੇ
-
International1 month ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ
-
National2 months ago
ਸ਼ਾਹਰੁਖ਼ ਖ਼ਾਨ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਰਾਏਪੁਰ ਤੋਂ ਵਕੀਲ ਗ੍ਰਿਫ਼ਤਾਰ