Punjab
ਰਾਜਪੁਰਾ ਵਿੱਚ 16 ਅਗਸਤ ਨੂੰ ਨਿਕਲੇਗੀ ਸ਼੍ਰੀ ਉਜੈਨ ਮਹਾਕਾਲ ਦੀ ਸ਼ੋਭਾਯਾਤਰਾ
ਰਾਜਪੁਰਾ, 13 ਅਗਸਤ (ਜਤਿੰਦਰ ਲੱਕੀ) ਸ਼੍ਰੀ ਰਾਮਨਵਮੀ ਸੇਵਾ ਕਮੇਟੀ ਰਾਜਪੁਰਾ ਵੱਲੋਂ 16 ਅਗਸਤ ਨੂੰ ਸ਼੍ਰੀ ਉਜੈਨ ਮਹਾਕਾਲ ਦੀ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਤਿਨ ਖੁਰਾਣਾ, ਰਮੇਸ਼ ਬਬਲਾ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਇਸਦੇ ਨਾਲ ਨਾਲ 17 ਅਗਸਤ ਨੂੰ ਸਵਰਗ ਧਾਮ ਸ਼ਿਵ ਮੰਦਿਰ ਵਿਖੇ ਸ਼੍ਰੀ ਮਹਾਕਾਲ ਦੇ ਖੁੱਲੇ ਦਰਸ਼ਨ ਦੀਦਾਰੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਹ ਸ਼ੋਭਾ ਯਾਤਰਾ 16 ਅਗਸਤ ਨੂੰ ਦੁਪਹਿਰ 2:00 ਵਜੇ ਸਵਰਗ ਧਾਮ ਸ਼ਿਵ ਮੰਦਿਰ ਤੋਂ ਸ਼ੁਰੂ ਹੋਵੇਗੀ ਜੋ ਕਿ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਤੋਂ ਹੁੰਦੀ ਹੋਈ ਸ਼ਿਵ ਮੰਦਿਰ ਐਮ. ਐਲ. ਏ ਰੋਡ ਵਿਖੇ ਵਿਸ਼ਰਾਮ ਕਰੇਗੀ। ਉਹਨਾਂ ਦੱਸਿਆ ਕਿ ਇਸ ਮੌਕੇ ਉਜੈਨ ਸ਼੍ਰੀ ਕਲਾ ਨਿਧੀ ਚੰਚਲ ਸਚਿਦਾਨੰਦ ਸਤੀਸ਼ ਮਹਾਰਾਜ (ਜੋ ਮਹਾਕਾਲ ਦੀ ਯਾਤਰਾ ਦਾ ਸੰਚਾਲਨ ਕਰਦੇ ਹਨ) ਸਮੇਤ ਹੋਰ ਸੰਤ ਅਤੇ ਮਹਾਤਮਾ ਵੀ ਸ਼ਾਮਲ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਿਤ ਸੋਨੀ, ਕਮਲ ਰਾਜਾ, ਪੰਕਜ ਹਮੀਸ਼ ਵਰਮਾ ਅਤੇ ਹੋਰ ਮੈਂਬਰ ਹਾਜ਼ਰ ਸਨ।
Mohali
ਪਿੰਡ ਸ਼ਾਮਪੁਰ ਦੇ ਇੱਕ ਵਿਅਕਤੀ ਦਾ ਕੁੱਟ ਕੁੱਟ ਕੇ ਕਤਲ, ਇੱਕ ਮੁਲਜਮ ਗ੍ਰਿਫਤਾਰ
ਗਲੀ ਵਿੱਚ ਟ੍ਰੈਕਟਰ ਖੜ੍ਹਾ ਕਰਕੇ ਉੱਚੀ ਆਵਾਜ ਵਿੱਚ ਗਾਣੇ ਵਜਾਉਣ ਤੇ ਹੋਇਆ ਝਗੜਾ, ਪੁਲੀਸ ਨੇ ਕਈ ਮੁਲਜਮਾਂ ਨੂੰ ਕੀਤਾ ਨਾਮਜ਼ਦ
ਐਸ ਏ ਐਸ ਨਗਰ, 14 ਜਨਵਰੀ (ਜਸਬੀਰ ਸਿੰਘ ਜੱਸੀ) ਪਿੰਡ ਸ਼ਾਮਪੁਰ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਕੁੱਟ ਕੁੱਟ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਲਜੀਤ ਪੁਰੀ (ਉਮਰ 45 ਸਾਲ) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਸਾਢੇ 11 ਵਜੇ ਦੇ ਕਰੀਬ ਨਰਿੰਦਰ ਉਰਫ ਨਿੰਦਰ ਮ੍ਰਿਤਕ ਬਲਜੀਤ ਪੁਰੀ ਦੇ ਘਰ ਦੇ ਸਾਹਮਣੇ ਵਾਲੀ ਗਲੀ ਵਿੱਚ ਟਰੈਕਟਰ ਖੜਾ ਕਰਕੇ ਉੱਚੀ ਆਵਾਜ ਵਿੱਚ ਗਾਣੇ ਚਲਾ ਰਿਹਾ ਸੀ। ਬਲਜੀਤ ਨੇ ਇਸ ਸਬੰਧੀ ਪਿੰਡ ਦੇ ਸਰਪੰਚ ਗੁਰਮੁੱਖ ਨੂੰ ਨਰਿੰਦਰ ਦੀ ਇਸ ਹਰਕਤ ਬਾਰੇ ਜਾਣੂੰ ਕਰਵਾਇਆ ਤਾਂ ਪਿੰਡ ਦੇ ਸਰਪੰਚ ਨੇ ਨਰਿੰਦਰ ਨੂੰ ਫੋਨ ਕਰਕੇ ਉੱਚੀ ਆਵਾਜ ਵਿੱਚ ਗਾਣੇ ਚਲਾਉਣ ਤੋਂ ਰੋਕਿਆ, ਪ੍ਰੰਤੂ ਨਰਿੰਦਰ ਨੇ ਗਾਣੇ ਬੰਦ ਨਹੀਂ ਕੀਤੇ, ਇਸ ਦੌਰਾਨ ਟਰੈਕਟਰ ਦੀ ਬੈਟਰੀ ਖਤਮ ਹੋ ਗਈ, ਜਿਸ ਕਾਰਨ ਗਾਣੇ ਬੰਦ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਨਰਿੰਦਰ ਨੇ ਫੋਨ ਕਰਕੇ ਦੂਜਾ ਟਰੈਕਟਰ ਮੰਗਵਾਇਆ ਅਤੇ ਮੁੜ ਉਸ ਜਗਾ ਤੇ ਟਰੈਕਟਰ ਖੜਾ ਕਰਕੇ ਉੱਚੀ ਆਵਾਜ ਵਿੱਚ ਗਾਣੇ ਲਗਾ ਦਿੱਤੇ। ਬਲਜੀਤ ਨੇ ਮੁੜ ਇਤਰਾਜ ਜਤਾਇਆ ਅਤੇ ਪਿੰਡ ਦੇ ਸਰਪੰਚ ਨੂੰ ਮੌਕੇ ਤੇ ਬੁਲਾਇਆ। ਪਿੰਡ ਦਾ ਸਰਪੰਚ ਮੌਕੇ ਤੇ ਪਹੁੰਚਿਆ ਪ੍ਰੰਤੂ ਨਰਿੰਦਰ ਨੇ ਸਰਪੰਚ ਦੀ ਗੱਲ ਨੂੰ ਅਣਗੋਲਿਆ ਕੀਤਾ ਅਤੇ ਇਸ ਦੌਰਾਨ ਨਰਿੰਦਰ ਦੇ ਕਹਿਣ ਤੇ ਨਰਿੰਦਰ ਸਮੇਤ ਇੰਦਰਪ੍ਰੀਤ ਸਿੰਘ, ਸਚਿਨ, ਪ੍ਰਜਲਵ ਉਰਫ਼ ਪੱਜੂ, ਜਸਵਿੰਦਰ ਪੁਰੀ ਉਰਫ਼ ਘਾਟੀ ਸਾਰੇ ਵਾਸੀ ਪਿੰਡ ਸ਼ਿਆਮਪੁਰ, ਬਲਜੀਤ ਦੇ ਘਰ ਵੜ ਗਏ ਅਤੇ ਬਲਜੀਤ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਵਲੋਂ ਬਲਜੀਤ ਦੀ ਛਾਤੀ ਤੇ ਮੁੱਕਿਆਂ ਦੇ ਕਈ ਵਾਰ ਕੀਤੇ ਗਏ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਕੁੱਟਮਾਰ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਵਲੋਂ ਬਲਜੀਤ ਨੂੰ ਸੈਕਟਰ 32 ਚੰਡੀਗੜ੍ਹ ਦੇ ਜੀ ਐਮ ਸੀ ਐਚ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਵੀ ਬਲਜੀਤ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਦੇ ਦੱਸਣ ਮੁਤਾਬਕ ਮ੍ਰਿਤਕ ਬਲਜੀਤ ਪੁਰੀ ਅਤੇ ਮੁਲਜਮ ਨਰਿੰਦਰ ਵਿਚਕਾਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ। ਬਲਜੀਤ ਨੇ ਨਰਿੰਦਰ ਰਾਹੀਂ ਕੋਈ ਪਲਾਟ ਵਿਕਵਾਇਆ ਸੀ, ਜਿਸ ਦੀ ਕਮਿਸ਼ਨ ਨਰਿੰਦਰ ਨੂੰ ਨਹੀਂ ਮਿਲੀ ਸੀ।
ਮ੍ਰਿਤਕ ਦੇ ਭਰਾ ਰਾਮਪਾਲ ਪੁਰੀ ਨੇ ਦੱਸਿਆ ਕਿ ਬਲਜੀਤ ਪੁਰੀ ਦਾ ਝਗੜਾ ਸਿਰਫ ਨਰਿੰਦਰ ਵਲੋਂ ਉੱਚੀ ਅਵਾਜ ਵਿੱਚ ਵਜਾਏ ਜਾ ਰਹੇ ਗਾਣਿਆਂ ਕਾਰਨ ਹੋਇਆ ਸੀ, ਇਸ ਤੋਂ ਇਲਾਵਾ ਉਨ੍ਹਾਂ ਦੀ ਨਰਿੰਦਰ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ। ਰਾਮਪਾਲ ਪੁਰੀ ਮੁਤਾਬਕ ਮ੍ਰਿਤਕ ਬਲਜੀਤ ਖੇਤੀਬਾੜੀ ਕਰਦਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ।
ਇਸ ਸਬੰਧੀ ਡੀ. ਐਸ. ਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਭਰਾ ਰਾਮਪਾਲ ਪੁਰੀ ਦੇ ਬਿਆਨਾਂ ਤੇ ਨਰਿੰਦਰ ਉਰਫ਼ ਨਿੰਦਰ, ਇੰਦਰਪ੍ਰੀਤ ਸਿੰਘ, ਸਚਿਨ, ਪ੍ਰਜਲਵ ਉਰਫ਼ ਪੱਜੂ, ਜਸਵਿੰਦਰ ਪੁਰੀ ਉਰਫ਼ ਘਾਟੀ ਸਾਰੇ ਵਾਸੀ ਪਿੰਡ ਸ਼ਿਆਮਪੁਰ ਵਿਰੁਧ ਥਾਣਾ ਸੋਹਾਣਾ ਵਿਖੇ ਬੀ.ਐਨ.ਐਸ ਐਕਟ ਦੀ ਧਾਰਾ 103 (2) ਦੇ ਤਹਿਤ ਮਾਮਲਾ ਦਰਜ ਕਰਕੇ ਨਰਿੰਦਰ ਉਰਫ ਨਿੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਬੁਧਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
Punjab
ਅੰਮ੍ਰਿਤਪਾਲ ਸਿੰਘ ਦੀ ਪ੍ਰਧਾਨਗੀ ਵਾਲੀ ਨਵੀਂ ਸਿਆਸੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਐਲਾਨ, ਚੋਣ ਕਮਿਸ਼ਨ ਨੇ ਇਸ ਨਾਮ ਨੂੰ ਦਿੱਤੀ ਪ੍ਰਵਾਨਗੀ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਸ.ਬ.) ਸ੍ਰੀ ਮੁਕਤਸਰ ਸਾਹਿਬ ਵਿੱਚ ਮੇਲਾ ਮਾਘੀ ਮੌਕੇ ਅੰਮ੍ਰਿਤਪਾਲ ਸਿੰਘ ਦੀ ਪ੍ਰਧਾਨਗੀ ਵਾਲੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਨਵੀਂ ਪਾਰਟੀ ਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਐਲਾਨਿਆਂ ਗਿਆ ਹੈ।
ਪੰਥ ਬਚਾਓ ਪੰਜਾਬ ਬਚਾਓ ਦੇ ਨਾਮ ਹੇਠ ਸ਼ਹਿਰ ਦੇ ਬਠਿੰਡਾ ਰੋਡ ਤੇ ਹੋਈ ਪੰਥਕ ਕਾਨਫਰੰਸ (ਜਿਸ ਵਿਚ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਪਹੁੰਚੇ) ਇਸ ਦੌਰਾਨ ਅੰਮ੍ਰਿਤਪਾਲ ਦੀ ਨਵੀਂ ਪਾਰਟੀ ਦਾ ਨਾਂ ਵੀ ਐਲਾਨ ਦਿੱਤਾ ਗਿਆ। ਇਸ ਮੌਕੇ ਦੱਸਿਆ ਗਿਆ ਕਿ ਚੋਣ ਕਮਿਸ਼ਨ ਨੂੰ ਤਿੰਨ ਨਾਂ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਂ ਤੇ ਮੋਹਰ ਲੱਗੀ ਹੈ।
ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਇਹ ਦੋ ਸੋਚਾਂ ਦੀ ਲੜਾਈ ਹੈ ਇਕ ਸੋਚ ਦਿੱਲੀ ਦੀ ਹੈ ਜੋਂ ਕਿ ਕਿਸਾਨਾਂ ਦੀਆਂ ਜਾਨਾਂ ਲੈ ਰਹੀ ਹੈ। ਦਿੱਲੀ ਦੀ ਸੋਚ ਸਿੱਖ ਕੌਮ ਦਾ ਨੁਕਸਾਨ ਕਰਵਾ ਰਹੀ ਹੈ। ਦਿੱਲੀ ਦੀ ਸੋਚ ਬੰਦੀ ਸਿੰਘਾਂ ਨੂੰ ਬੰਦੀ ਬਣਾ ਕੇ ਰੱਖਣਾ ਚਾਹੁੰਦੀ ਹੈ, ਦਿੱਲੀ ਦੀ ਸੋਚ ਪੰਥ ਤੇ ਪੰਜਾਬ ਦਾ ਨੁਕਸਾਨ ਕਰਵਾ ਰਹੀ ਹੈ, ਦਿੱਲੀ ਦੀ ਸੋਚ ਪੰਜਾਬ ਦੇ ਪਾਣੀਆਂ ਨੂੰ ਲੁੱਟਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਟੇਜ ਤੇ ਨਵੀਂ ਪਾਰਟੀ ਦਾ ਐਲਾਨ ਹੋਣਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਜਿੱਤ ਵੀ ਗਿਆ ਹੈ ਜੋ ਕਿ ਜੇਲ੍ਹ ਵਿਚੋਂ ਬਾਹਰ ਵੀ ਆਵੇਗਾ। ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਦਾ ਐਲਾਨ ਪੰਜਾਬ ਵਿੱਚ ਨਵਾਂ ਰੰਗ ਭਰੇਗਾ।
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਨੇ ਕਿਹਾ ਕਿ ਜਦੋਂ ਤਕ ਪੰਜਾਬ ਦੀ ਖੇਤਰੀ ਪਾਰਟੀ ਨਹੀਂ ਬਣਦੀ, ਉਦੋਂ ਤਕ ਪੰਜਾਬ ਬਾਰੇ ਕੋਈ ਨਹੀਂ ਸੋਚੇਗਾ। ਉਨ੍ਹਾਂ ਕਿਹਾ ਕਿ ਹੁਣ ਇਕ ਨਵੀਂ ਸਾਜ਼ਿਸ਼ ਤਹਿਤ ਉਹ ਅੰਮ੍ਰਿਤਪਾਲ ਨੂੰ ਗੈਂਗਸਟਰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਦੇ ਡਰੋਂ ਪੰਜਾਬ ਦੀ ਗੱਲ ਨਹੀਂ ਕਰਨੀ ਹੈ। ਜੋ ਪੰਥ ਦੇ ਨਾਂ ਤੇ ਪਹਿਲਾਂ ਪਾਰਟੀਆਂ ਚੱਲ ਰਹੀਆਂ ਹਨ, ਉਹ ਪੰਥ ਦੀ ਗੱਲ ਹੀ ਨਹੀਂ ਕਰਦੀਆਂ।
Punjab
ਏਜੰਸੀਆਂ ਸਾਹਮਣੇ ਝੁਕਣ ਵਾਲੇ ਲੋਕ ਪੰਥ ਦੇ ਗੱਦਾਰ : ਸੁਖਬੀਰ ਸਿੰਘ ਬਾਦਲ
ਸਿਆਸੀ ਕਾਨਫਰੰਸ ਵਿੱਚ ਬਾਗ਼ੀਆਂ ਨੂੰ ਪਾਈਆਂ ਲਾਹਨਤਾਂ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਸ.ਬ.) ਅਕਾਲੀ ਦਲ ਬਾਦਲ ਦੇ ਸਾਬਕਾ ਪ੍ਰਧਾਨ ਸz. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਏਜੰਸੀਆਂ ਸਾਹਮਣੇ ਝੁਕਣ ਵਾਲੇ ਲੋਕ ਪੰਥ ਦੇ ਗੱਦਾਰ ਹਨ ਅਤੇ ਲੋਕ ਇਹਨਾਂ ਗੱਦਾਰਾਂ ਨੂੰ ਕਦੇ ਮਾਫ ਨਹੀਂ ਕਰਣਗੇ। ਸ੍ਰੀ ਮੁਕਤਸਰ ਸਾਹਿਬ ਵਿਖੇ ਮਲੋਟ ਰੋਡ ਤੇ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਏਜੰਸੀਆਂ ਨੇ ਲਗਾਤਾਰ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਦਲ ਸਾਹਿਬ ਨੇ 104 ਸਾਲ ਪੁਰਾਣੀ ਪਾਰਟੀ ਵਿੱਚ 70 ਸਾਲ ਸੇਵਾ ਕੀਤੀ। ਪ੍ਰਕਾਸ਼ ਸਿੰਘ ਬਾਦਲ ਨੇ 70 ਸਾਲਾਂ ਵਿੱਚ ਕਿਸੇ ਨੂੰ ਮਾੜਾ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਏਜੰਸੀਆਂ ਦੇ ਲੋਕ ਬਾਦਲ ਨੂੰ ਬਦਨਾਮ ਕਰਨ ਤੇ ਜ਼ੋਰ ਦੇ ਰਹੇ ਹਨ। ਅਸੀਂ ਗੁਰੂ ਸਾਹਿਬ ਦੇ ਸੇਵਕ ਹਾਂ। ਸਾਡੇ ਘਰ ਹਰ ਰੋਜ਼ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਬਾਦਲ ਸਾਹਬ ਦਾ ਗੁਨਾਹ ਇਹ ਹੈ ਕਿ ਉਨ੍ਹਾਂ ਨੇ ਲੋਕਾਂ ਲਈ ਜੇਲ੍ਹਾਂ ਕੱਟੀਆਂ ਹਨ। ਜਿਹੜੇ ਲੋਕ ਫੇਸਬੁੱਕ ਤੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ, ਇਹ ਲੋਕ ਗੱਦਾਰ ਹਨ।
ਉਹਨਾਂ ਕਿਹਾ ਕਿ ਬਾਦਲ ਸਾਹਿਬ ਦਾ ਸਿਰ ਗੁਰੂ ਸਾਹਿਬ ਦੇ ਅੱਗੇ ਝੁਕਦਾ ਸੀ ਪਰੰਤੂ ਜੋ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਹਨ, ਉਨ੍ਹਾਂ ਲੋਕਾਂ ਦਾ ਸਿਰ ਕੇਂਦਰ ਅੱਗੇ ਝੁਕਦਾ ਹੈ। ਉਨ੍ਹਾਂ ਕਿਹਾ ਕੋਈ ਅਜਿਹਾ ਆਗੂ ਦੱਸੋ ਜਿਸ ਨੇ ਬਾਦਲ ਸਾਹਿਬ ਤੋਂ ਵੱਧ ਸੇਵਾ ਕੀਤੀ ਹੋਵੇ। ਬਾਦਲ ਸਾਹਿਬ ਹਰ ਕਿਸੇ ਦੇ ਦੁੱਖ ਸੁੱਖ ਸਾਂਝੇ ਕਰਦੇ ਸਨ। ਉਨ੍ਹਾਂ ਕਿਸਾਨਾਂ ਨੂੰ ਸੇਮ ਤੋਂ ਮੁਕਤ ਕਰਵਾਇਆ। ਟਿਊਬਵੈਲ ਲਗਾ ਕੇ ਖੇਤਾਂ ਨੂੰ ਪਾਣੀ ਦਿਵਾਇਆ। ਕੀ ਬਾਦਲ ਸਾਹਿਬ ਨੇ ਪੰਜਾਬ ਵਿੱਚ ਹਸਪਤਾਲ ਬਣਾ ਕੇ ਕੋਈ ਗੁਨਾਹ ਕੀਤਾ ਹੈ।
ਉਹਨਾਂ ਕਿਹਾ ਕਿ ਬਾਦਲ ਨੌਜਵਾਨਾਂ ਨੂੰ ਮਰਵਾਉਣਾ ਨਹੀਂ ਚਾਹੁੰਦੇ ਅਤੇ ਉਨ੍ਹਾਂ ਨੌਜਵਾਨਾਂ ਨੂੰ ਤਕੜੇ ਕੀਤਾ ਹੈ। ਪੰਜਾਬ ਵਿੱਚ ਸ਼ਾਂਤੀ ਬਣਾ ਕੇ ਰੱਖੀ। ਪੰਜਾਬ ਸਾਡਾ ਘਰ ਹੈ। ਅਸੀਂ ਕਿੱਥੇ ਜਾਣਾ ਹੈ। ਤੁਸੀਂ ਲੋਕਾਂ ਨੇ ਵੀ ਇੱਥੇ ਰਹਿਣਾ ਹੈ। ਹੁਣ ਤਾਂ ਕੈਨੇਡਾ ਨੇ ਵੀ ਵੀਜ਼ਾ ਬੰਦ ਕਰ ਦਿੱਤਾ ਹੈ। ਸ਼ਹੀਦ ਭਗਤ ਸਿੰਘ ਵਰਗੇ ਯੋਧੇ ਸਭ ਪੰਜਾਬ ਤੋਂ ਹਨ, ਕਿਸੇ ਹੋਰ ਸੂਬੇ ਤੋਂ ਨਹੀਂ।
ਉਹਨਾਂ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੀਆਂ ਹਨ। ਸੁਖਬੀਰ ਨੇ ਕਿਹਾ ਕਿ ਜਦੋਂ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਚੋਣਾਂ ਹੋਈਆਂ ਤਾਂ ਕਾਂਗਰਸ ਫਿਰ ਵੀ ਪੰਜਾਬ ਵਿੱਚ ਜਿੱਤ ਗਈ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬੇਅਦਬੀ ਹੋਈ ਸੀ ਤਾਂ ਬਾਦਲ ਸਾਹਿਬ ਨੇ ਇਹ ਕਹਿ ਕੇ ਮਾਫ਼ੀ ਮੰਗੀ ਸੀ ਕਿ ਇਹ ਕਾਰਾ ਉਨ੍ਹਾਂ ਦੇ ਰਾਜ ਦੌਰਾਨ ਹੋਇਆ ਹੈ। ਜੇਕਰ ਕਾਂਗਰਸ ਦੇ ਸਮੇਂ ਹੁੰਦਾ ਤਾਂ ਉਹ ਅਜਿਹਾ ਬਿਲਕੁਲ ਨਹੀਂ ਕਰਦੇ।
ਅੰਮ੍ਰਿਤਪਾਲ ਦੀ ਨਵੀਂ ਪਾਰਟੀ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਲੋਕ ਨਵੀਂ ਦੁਕਾਨ ਖੋਲ੍ਹ ਰਹੇ ਹਨ। ਇਹ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਨਹੀਂ ਮੰਨਦੇ। ਸz. ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੇ ਦਬਾਅ ਪਾ ਕੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ। ਲੰਗਰ ਤੇ ਜੀ ਐਸ ਟੀ ਖਤਮ ਕਰਵਾਈ। ਤੁਸੀਂ ਲੋਕ ਅਜਿਹੇ ਵਿਅਕਤੀ ਨੂੰ ਸਿੱਖ ਵਿਰੋਧੀ ਕਹਿੰਦੇ ਹੋ।
ਸੁਖਬੀਰ ਬਾਦਲ ਨੇ ਕਿਹਾ ਕਿ ਜੇ ਮੇਰੇ ਪਿਤਾ ਜਾਂ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੈਂ ਸਭ ਆਪਣੀ ਝੋਲੀ ਪਾ ਲੈਂਦਾ ਹਾਂ। ਕਿਰਪਾ ਕਰ ਕੇ ਸਾਨੂੰ ਮਾਫ਼ ਕਰ ਦਿਉ। ਕਾਂਗਰਸ ਅਤੇ ਆਪ ਨੇ ਹਮੇਸ਼ਾ ਪੰਜਾਬ ਦਾ ਨੁਕਸਾਨ ਕੀਤਾ ਹੈ। ਪਰ ਮੈਂ ਪੰਥ ਤੇ ਪੰਜਾਬੀਅਤ ਲਈ ਆਪਣੀ ਜਾਨ ਵੀ ਕੁਰਬਾਨ ਕਰ ਦਿਆਂਗਾ।
ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਪਹੁੰਚੇ। ਸਟੇਜ ਤੋਂ ਸੰਬੋਧਨ ਕਰਦਿਆਂ ਬੁਲਾਰਿਆ ਨੇ ਪੰਜ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਫ਼ਖ਼ਰ-ਏ-ਕੌਮ ਪੁਰਸਕਾਰ ਵਾਪਸ ਦੇਣ ਦੀ ਬੇਨਤੀ ਕੀਤੀ। ਭਾਵੇਂ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਹੋ ਚੁੱਕਿਆ ਹੈ ਪਰ ਬੁਲਾਰਿਆਂ ਵੱਲੋਂ ਉਨ੍ਹਾਂ ਨੂੰ ਸਟੇਜ ਤੋਂ ਪ੍ਰਧਾਨ ਕਹਿ ਕੇ ਸੰਬੋਧਨ ਕੀਤਾ ਗਿਆ। ਸੁਖਬੀਰ ਬਾਦਲ ਤੋਂ ਇਲਾਵਾ ਡਾ. ਦਲਜੀਤ ਸਿੰਘ ਚੀਮਾ ਤੇ ਹੋਰ ਆਗੂ ਕਾਨਫਰੰਸ ਵਾਲੀ ਸਟੇਜ ਤੇ ਮੌਜੂਦ ਸਨ। ਅਕਾਲੀ ਦਲ ਨੇ ਪ੍ਰਸਤਾਵ ਪਾਸ ਕੀਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਬਾਦਲ ਤੋਂ ਵਾਪਸ ਲਿਆ ਫਖ਼ਰ-ਏ-ਕੌਮ ਪੁਰਸਕਾਰ ਮੁੜ ਦਿੱਤਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਇਸ ਮੌਕੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਅਕਾਲੀ ਦਲ ਕਦੇ ਵੀ ਖਤਮ ਨਹੀਂ ਹੋ ਸਕਦਾ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਉਹ ਅੱਗੇ ਹੋ ਕੇ ਪਾਰਟੀ ਦੀ ਅਗਵਾਈ ਕਰਨ।
-
Mohali2 months ago
ਅਨੁਸੂਚਿਤ ਜਾਤੀ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਐਸਸੀ ਬੀਸੀ ਮੋਰਚੇ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲਿਆ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
National2 months ago
ਏਕਨਾਥ ਸ਼ਿੰਦੇ ਵੱਲੋਂ ਦਿੱਤਾ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਸ਼ਹਿਰ ਨੂੰ ਸਫਾਈ ਪੱਖੋਂ ਬਿਹਤਰ ਬਣਾਉਣ ਲਈ ਨਿਵਾਸੀਆਂ ਦਾ ਸਹਿਯੋਗ ਜਰੂਰੀ : ਟੀ ਬੈਨਿਥ
-
Mohali1 month ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
National2 months ago
ਈ ਡੀ ਵੱਲੋਂ ਕੋਲਕਾਤਾ ਅਤੇ ਆਸਪਾਸ ਚਾਰ ਟਿਕਾਣਿਆਂ ਤੇ ਛਾਪੇਮਾਰੀ