Editorial
ਸ਼੍ਰੋਮਣੀ ਕਮੇਟੀ ਚੋਣਾਂ ਲਈ ਘੱਟ ਵੋਟਾਂ ਬਣਨ ਕਾਰਨ ਪੰਥਕ ਹਲਕੇ ਚਿੰਤਤ
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਲਈ ਅੰਤਮ ਮਿਤੀ ਭਾਵੇਂ ਵਧਾ ਦਿਤੀ ਗਈ ਹੈ, ਪਰ ਇਹਨਾਂ ਚੋਣਾਂ ਲਈ ਵੋਟਾਂ ਬਣਾਉਣ ਸਬੰਧੀ ਸਿੱਖਾਂ ਵਿੱਚ ਕੋਈ ਉਤਸ਼ਾਹ ਨਜਰ ਨਹੀਂ ਆ ਰਿਹਾ ਹੈ। ਸ਼੍ਰੋਮਣੀ ਕਮੇਟੀ ਚੋਣਾਂ ਲਈ ਸਿਰਫ ਅੰਮ੍ਰਿਤਧਾਰੀ ਅਤੇ ਸਾਬਤ ਸੂਰਤ ਸਿੱਖ ਅਤੇ ਬੀਬੀਆਂ ਹੀ ਵੋਟਾਂ ਬਣਵਾ ਸਕਦੇ ਹਨ ਪਰ ਵੇਖਣ ਵਿੱਚ ਆਇਆ ਹੈ ਕਿ ਅੰਮ੍ਰਿਤਧਾਰੀ ਅਤੇ ਸਾਬਤ ਸੂਰਤ ਸਿੱਖਾਂ ਵਿੱਚ ਵੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਵਾਉਣ ਸਬੰਧੀ ਉਤਸ਼ਾਹ ਕਾਫੀ ਘੱਟ ਹੈ। ਇਹਨਾਂ ਚੋਣਾਂ ਲਈ ਸਹਿਜਧਾਰੀ ਜਾਂ ਮੋਨੇ ਸਿੱਖ ਇਹ ਵੋਟਾਂ ਨਹੀਂ ਬਣਵਾ ਸਕਦੇ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਵਾਉਣ ਦੇ ਮੱਠੇ ਰੁਝਾਨ ਤੋਂ ਪੰਥਕ ਹਲਕੇ ਫਿਕਰਮੰਦ ਹਨ। ਇਸਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਅਤੇ ਸ਼੍ਰੋਮਣੀ ਕਮੇਟੀ ਹੀ ਸਿੱਖਾਂ ਦੀ ਵੋਟਾਂ ਨਾਲ ਚੁਣੀ ਹੋਈ ਨੁਮਾਇੰਦਾ ਸੰਸਥਾ ਹੈ। ਇਸ ਦੇ ਬਾਵਜੂਦ ਸਿੱਖਾਂ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਸਬੰਧੀ ਪਾਈ ਜਾ ਰਹੀ ਉਦਾਸੀਨਤਾ ਚਿੰਤਾ ਦਾ ਵਿਸ਼ਾ ਹੈ।
ਘੱਟ ਵੋਟਾਂ ਬਣਨ ਕਾਰਨ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਲਈ ਮਿਤੀ ਦੀ ਅੰਤਮ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ ਇਸ ਦੇ ਬਾਵਜੂਦ ਅਨੇਕਾਂ ਸਿੱਖ ਇਹ ਵੋਟਾਂ ਬਣਾਉਣ ਸਬੰਧੀ ਸਰਗਰਮੀ ਨਹੀਂ ਦਿਖਾ ਰਹੇ। ਪੰਥਕ ਹਲਕਿਆਂ ਦਾ ਕਹਿਣਾ ਹੈ ਕਿ ਸ੍ਰੋਮਣੀ ਕਮੇਟੀ ਚੋਣਾਂ ਲਈ ਹਰ ਸਿੱਖ ਨੂੰ ਆਪਣੀ ਵੋਟ ਵੀ ਜਰੂਰ ਬਣਾਉਣੀ ਚਾਹੀਦੀ ਹੈ ਅਤੇ ਵੋਟ ਦੀ ਵਰਤੋ ਵੀ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਚੰਗੇ ਪੰਥਕ ਉਮੀਦਵਾਰਾਂ ਦੀ ਚੋਣ ਕੀਤੀ ਜਾ ਸਕੇ।
ਬਿਊਰੋ
Editorial
ਸ਼ਹਿਰ ਵਿੱਚ ਲਗਾਤਾਰ ਵੱਧਦੀ ਮੰਗਤਿਆਂ ਦੀ ਸੱਮਸਿਆ ਤੇ ਕਾਬੂ ਕਰੇ ਪ੍ਰਸ਼ਾਸ਼ਨ
ਪਿਛਲੇ ਕੁੱਝ ਸਮੇਂ ਦੌਰਾਨ ਸਾਡੇ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਮੰਗਤਿਆਂ ਦੀ ਸਮੱਸਿਆ ਬਹੁਤ ਜਿਆਦਾ ਵੱਧ ਗਈ ਹੈ ਅਤੇ ਇਹਨਾਂ ਮੰਗਤਿਆਂ ਦੀ ਗਿਣਤੀ ਵਿੱਚ ਕਾਫੀ ਜਿਆਦਾ ਵਾਧਾ ਹੋਇਆ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਜਿਸ ਪਾਸੇ ਵੀ ਨਜਰ ਮਾਰੋ ਇਹ ਮੰਗਤੇ ਨਜਰ ਆ ਜਾਂਦੇ ਹਨ। ਸ਼ਹਿਰ ਦੀਆਂ ਲਗਭਗ ਸਾਰੀਆਂ ਟ੍ਰੈਫਿਕ ਲਾਈਟਾਂ, ਬਾਜ਼ਾਰਾਂ ਅਤੇ ਇੱਥੋਂ ਤਕ ਕਿ ਲੋਕਾਂ ਦੇ ਘਰਾਂ ਅੱਗੇ ਜਾ ਕੇ ਭੀਖ ਮੰਗਣ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਵੱਧ ਚੁੱਕੀ ਹੈ।
ਇਹ ਮੰਗਤੇ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਅਤੇ ਘੁੰਮਣ ਫਿਰਨ ਆਉਣ ਵਾਲੇ ਲੋਕਾਂ ਨੂੰ ਘੇਰ ਕੇ ਖੜ੍ਹ ਜਾਂਦੇ ਹਨ। ਛੋਟੇ ਛੋਟੇ ਬੱਚਿਆਂ ਨੂੰ ਚੁੱਕੀ ਘੁੰਮ ਰਹੀਆਂ ਪ੍ਰਵਾਸੀ ਔਰਤਾਂ, ਫਟੇਹਾਲ ਕਪੜਿਆਂ ਅਤੇ ਗੰਦੇ ਮੰਦੇ ਚੀਥੜਿਆਂ ਵਿੱਚ ਲਿਪਟੇ ਛੋਟੇ ਛੋਟੇ ਬੱਚੇ ਅਤੇ ਕੁੱਝ ਵੱਡੀ ਉਮਰ ਦੇ ਭਿਖਾਰੀ ਅਚਾਨਕ ਹੀ ਤੁਹਾਡੇ ਸਾਮ੍ਹਣੇ ਆ ਕੇ ਬੜੀ ਦੀਨ ਹੀਨ ਜਿਹੀ ਸ਼ਕਲ ਬਣਾ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਮੰਗਣਾ ਸ਼ੁਰੂ ਕਰ ਦਿੰਦੇ ਹਨ। ਇਹ ਭਿਖਾਰੀ ਟ੍ਰੈਫਿਕ ਲਾਈਟਾਂ ਤੇ ਰੁਕਣ ਵਾਲੀਆਂ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਅਤੇ ਪੇਟ ਭਰਨ ਦਾ ਵਾਸਤਾ ਦੇ ਕੇ ਲੋਕਾਂ ਤੋਂ ਭੀਖ ਮੰਗਦੇ ਦਿਖਦੇ ਹਨ। ਹੋਰ ਤਾਂ ਹੋਰ ਕਈ ਛੋਟੇ ਛੋਟੇ ਬੱਚੇ (ਲਗਭਗ 5-7 ਸਾਲ ਤਕ ਦੀ ਉਮਰ ਦੇ) ਵੀ ਇਸੇ ਤਰ੍ਹਾਂ ਲੋਕਾਂ ਅੱਗੇ ਹੱਥ ਫੈਲਾਈ ਭੀਖ ਮੰਗਦੇ ਦਿਖਦੇ ਹਨ। ਇਹਨਾਂ ਮੰਗਤਿਆਂ ਦੇ ਇਸ ਤਰ੍ਹਾਂ ਅਚਾਨਕ ਸਾਮ੍ਹਣੇ ਆ ਜਾਣ ਤੇ ਜਿੱਥੇ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਉੱਥੇ ਹੋਰਨਾਂ ਥਾਵਾਂ ਤੋਂ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਉੱਪਰ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
ਇਹ ਭਿਖਾਰੀ ਉਦੋਂ ਤੱਕ ਲੋਕਾਂ ਦਾ ਖਹਿੜਾ ਨਹੀਂ ਛੱਡਦੇ ਜਦੋਂ ਤੱਕ ਉਨ੍ਹਾਂ ਨੂੰ ਕੁੱਝ ਨਾ ਕੁੱਝ ਮਿਲ ਨਾ ਜਾਵੇ ਅਤੇ ਜੇਕਰ ਇਹਨਾਂ ਨੂੰ ਕੁੱਝ ਨਾ ਮਿਲੇ ਤਾਂ ਕਈ ਵਾਰ ਇਹ ਲੋਕਾਂ ਨੂੰ ਗਾਲ੍ਹਾਂ ਕੱਢ ਕੇ ਭੱਜ ਜਾਂਦੇ ਹਨ। ਇਹਨਾਂ ਭਿਖਾਰੀਆਂ ਦੀ ਵੱਧਦੀ ਗਿਣਤੀ ਕਾਰਨ ਸ਼ਹਿਰਵਾਸੀ ਕਾਫੀ ਤੰਗ ਹੁੰਦੇ ਹਨ ਅਤੇ ਇਸ ਸਮੱਸਿਆ ਦੇ ਹਲ ਦੀ ਮੰਗ ਵੀ ਕਰਦੇ ਹਨ। ਸ਼ਹਿਰ ਵਾਸੀ ਅਕਸਰ ਇਹ ਇਲਜਾਮ ਲਗਾਉਂਦੇ ਹਨ ਕਿ ਸ਼ਹਿਰ ਦੇ ਬਾਹਰਵਾਰ ਬਣੀਆਂ ਝੁੱਗੀ ਕਲੋਨੀਆਂ ਵਿੱਚ ਰਹਿਣ ਵਾਲੇ ਕੁੱਝ ਪੇਸ਼ੇਵਰ ਲੋਕ ਬਾਕਾਇਦਾ ਇਹਨਾਂ ਭਿਖਾਰੀਆਂ ਦੇ ਗਿਰੋਹ ਚਲਾਉਂਦੇ ਹਨ ਅਤੇ ਇਹਨਾਂ ਵਲੋਂ ਭਿਖਾਰੀਆਂ ਤੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਬਾਕਾਇਦਾ ਯੋਜਨਾਬੱਧ ਤਰੀਕੇ ਨਾਲ ਭੀਖ ਮੰਗਵਾਈ ਜਾਂਦੀ ਹੈ। ਇਹਨਾਂ ਭਿਖਾਰੀਆਂ ਦੇ ਠੀਏ ਵੀ ਤੈਅ ਹਨ ਅਤੇ ਇਹ ਆਪਣੇ ਠੀਏ ਤੇ ਕਿਸੇ ਹੋਰ ਨੂੰ ਭੀਖ ਨਹੀਂ ਮੰਗਣ ਦਿੰਦੇ।
ਆਮ ਲੋਕ ਇਹਨਾਂ ਭਿਖਾਰੀਆਂ ਦੀ ਤਰਸਯੋਗ ਹਾਲਤ ਉੱਪਰ ਤਰਸ ਖਾ ਕੇ ਇਹਨਾਂ ਨੂੰ ਕੁੱਝ ਨਕਦੀ ਆਦਿ ਦੇ ਦਿੰਦੇ ਹਨ ਅਤੇ ਇਹ ਭਿਖਾਰੀ ਲੋਕਾਂ ਦੀ ਇਸੇ ਹਮਦਰਦੀ ਦਾ ਨਾਜਾਇਜ਼ ਫਾਇਦਾ ਚੁੱਕਦੇ ਹਨ। ਇਹ ਭਿਖਾਰੀ ਸਾਰਾ ਦਿਨ ਇਕੱਠੀ ਕੀਤੀ ਜਾਣ ਵਾਲੀ ਭੀਖ ਦੀ ਰਕਮ ਨਾਲ ਰਾਤ ਨੂੰ ਸ਼ਰਾਬ ਅਤੇ ਹੋਰ ਨਸ਼ੇ ਵੀ ਕਰਦੇ ਹਨ। ਸਥਾਨਕ ਫੇਜ਼ 7 ਦੇ ਅੰਬਾ ਵਾਲਾ ਚੌਂਕ ਤੋਂ ਕੁੰਭੜਾ ਚੌਂਕ ਵੱਲ ਜਾਂਦੀ ਮੁੱਖ ਸੜਕ ਦੇ ਫੇਜ਼ 7 ਵਾਲੇ ਪਾਸੇ ਪੈਛੀਆਂ ਕੋਠੀਆਂ ਦੇ ਵਸਨੀਕ ਸ਼ਿਕਾਇਤ ਕਰਦੇ ਹਨ ਕਿ ਰਾਤ ਨੂੰ ਇਹ ਭਿਖਾਰੀ ਉਹਨਾਂ ਦੀਆਂ ਕੋਠੀਆਂ ਦੇ ਪਿੱਛੇ ਵਾਲੀ ਖਾਲੀ ਥਾਂ ਤੇ ਇਕੱਠੇ ਹੋ ਕੇ ਸ਼ਰਾਬ ਪੀਂਦੇ ਅਤੇ ਖਰਮਸਤੀਆਂ ਕਰਦੇ ਹਨ। ਨਸ਼ਾ ਕਰਨ ਦੌਰਾਨ ਇਹ ਭਿਖਾਰੀ ਕਾਫੀ ਰੌਲਾ ਪਾਉਂਦੇ ਹਨ ਅਤੇ ਬਾਅਦ ਵਿੱਚ ਇਹ ਉੱਥੇ ਫੁਟਪਾਥ ਤੇ ਹੀ ਸੋ ਜਾਂਦੇ ਹਨ।
ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਭਿਖਾਰੀਆਂ ਵਲੋਂ ਜਨਤਕ ਥਾਵਾਂ ਤੇ ਭੀਖ ਮੰਗਣ ਦੀ ਇਹ ਕਾਰਵਾਈ ਕਾਨੂੰਨਨ ਜੁਰਮ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਅਜਿਹਾ ਕਰਨ ਤੇ ਇਹਨਾਂ ਮੰਗਤਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਇਸ ਸੰਬੰਧੀ ਚੰਡੀਗੜ੍ਹ ਪੁਲੀਸ ਵਲੋਂ ਉੱਥੇ ਭੀਖ ਮੰਗਣ ਵਾਲੇ ਮੰਗਤਿਆਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਹੈ ਪਰੰਤੂ ਸਾਡੇ ਸ਼ਹਿਰ ਵਿੱਚ ਸਥਾਨਕ ਪ੍ਰਸ਼ਾਸ਼ਨ ਵਲੋਂ ਇਹਨਾਂ ਮੰਗਤਿਆਂ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਇੱਥੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਚੰਡੀਗੜ੍ਹ ਵਿੱਚ ਮੰਗਤਿਆਂ ਦੇ ਖਿਲਾਫ ਕਾਰਵਾਈ ਹੋਣ ਦੇ ਡਰ ਕਾਰਨ ਉੱਥੇ ਭੀਖ ਮੰਗਣ ਵਾਲਿਆਂ ਵਲੋਂ ਵੀ ਹੁਣ ਇੱਥੇ ਆਪਣੇ ਟਿਕਾਣੇ ਕਾਇਮ ਕਰ ਲਏ ਗਏ ਹਨ।
ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿੱਚ ਭਿਖਾਰੀਆਂ ਦੀ ਵੱਧਦੀ ਗਿਣਤੀ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ। ਇਸਦੇ ਤਹਿਤ ਜਿੱਥੇ ਭੀਖ ਮੰਗਣ ਨੂੰ ਪੇਸ਼ਾ ਬਣਾ ਚੁੱਕੇ ਭਿਖਾਰੀਆਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ ਉੱਥੇ ਸ਼ਹਿਰ ਵਿੱਚ ਯੋਜਨਾਬੱਧ ਤਰੀਕੇ ਨਾਲ ਭੀਖ ਮੰਗਵਾਉਣ ਦੀ ਇਸ ਕਾਰਵਾਈ ਨੂੰ ਰੋਕਣ ਲਈ ਵੀ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਸੰਬੰਧੀ ਪੁਲੀਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੇ।
Editorial
ਜ਼ਿਮਨੀ ਚੋਣਾਂ ਵਿੱਚ ਸੱਤਾਧਾਰੀ ਧਿਰ ਨੂੰ ਭਾਰੀ ਪੈ ਸਕਦੇ ਹਨ ਸਖਤ ਫੈਸਲੇ
ਲੋਕਾਂ ਦੀ ਨਾਰਾਜਗੀ ਕਾਰਨ ਹੋ ਸਕਦਾ ਹੈ ਨੁਕਸਾਨ
ਪੰਜਾਬ ਦੀ ਸੱਤਾ ਤੇ ਕਾਬਜ ਆਮ ਅਦਾਮੀ ਪਾਰਟੀ ਦੀ ਸਰਕਾਰ ਵੱਲੋਂ ਬੀਤੇ ਦਿਨੀਂ ਪੈਟਰੋਲ ਅਤੇ ਡੀਜ਼ਲ ਤੇ ਵੈਟ ਦਰਾਂ ਵਿੱਚ ਕੀਤੇ ਵਾਧੇ, ਚੰਨੀ ਸਰਕਾਰ ਵਲੋਂ ਦਿੱਤੀ ਬਿਜਲੀ ਸਬਸਿਡੀ ਖਤਮ ਕਰਨ ਅਤੇ ਬੱਸ ਕਿਰਾਏ ਵਿੱਚ ਵਾਧਾ ਕਰਨ ਨਾਲ ਜਿੱਥੇ ਆਮ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਉਥੇ ਹੀ ਵਿਰੋਧੀ ਪਾਰਟੀਆਂ ਇਸ ਕਾਰਨ ਸਰਕਾਰ ਦੀ ਨਿਖੇਧੀ ਕਰ ਰਹੀਆਂ ਹਨ।
ਤਿਉਹਾਰਾਂ ਤੋਂ ਬਾਅਦ ਪੰਜਾਬ ਵਿੱਚ ਜ਼ਿਮਨੀ ਚੋਣਾਂ ਹੋਣ ਦੀ ਸੰਭਾਵਨਾ ਹੈ ਅਤੇ ਇਹਨਾਂ ਚੋਣਾਂ ਨੂੰ ਜਿੱਤਣ ਲਈ ਸਿਆਸੀ ਪਾਰਟੀਆਂ ਵੱਲੋਂ ਹੁਣੇ ਤੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਸਿਆਸੀ ਮਾਹਿਰ ਕਹਿ ਰਹੇ ਹਨ ਕਿ ਸਰਕਾਰ ਦੇ ਉਪਰੋਕਤ ਫੈਸਲਿਆਂ ਦਾ ਜਿਮਨੀ ਚੋਣਾਂ ਤੇ ਵੀ ਅਸਰ ਪੈ ਸਕਦਾ ਹੈ ਅਤੇ ਸੱਤਾਧਾਰੀ ਧਿਰ ਨੂੰ ਚੋਣਾਂ ਦੌਰਾਨ ਵੋਟਾਂ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਪੈਟਰੋਲ ਡੀਜਲ ਤੇ ਵੈਟ ਦਰਾਂ ਵਿੱਚ ਵਾਧੇ ਕਾਰਨ ਪੈਟਰੋਲ ਡੀਜਲ ਮਹਿੰਗੇ ਹੋ ਗਏ ਹਨ। ਬੱਸਾਂ ਦੇ ਕਿਰਾਏ ਵਧਣ ਕਾਰਨ ਬੱਸ ਸਫਰ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ ਬਿਜਲੀ ਸਬਸਿਡੀ ਖਤਮ ਕਰਨ ਨਾਲ ਵੀ ਲੋਕ ਮੌਜੂਦਾ ਸੱਤਾਧਾਰੀ ਪਾਰਟੀ ਨਾਲ ਨਾਰਾਜ ਹੋ ਰਹੇ ਹਨ।
ਪੰਜਾਬ ਦੇ ਸਾਰੇ ਵਰਗਾਂ ਵੱਲੋਂ ਪੈਟਰੋਲ ਡੀਜਲ ਤੇ ਵੈਟ ਦਰਾਂ ਵਧਾਉਣ ਅਤੇ ਬਿਜਲੀ ਸਬਸਿਡੀ ਖਤਮ ਕਰਨ ਦਾ ਤਕੜਾ ਵਿਰੋਧ ਕੀਤਾ ਜਾ ਰਿਹਾ ਹੈ। ਵੈਟ ਦਰਾਂ ਵਧਾਉਣ ਕਾਰਨ ਪੰਜਾਬ ਵਿੱਚ ਪੈਟਰੋਲ ਡੀਜਲ ਮਹਿੰਗਾ ਹੋ ਗਿਆ ਹੈ, ਜਿਸ ਕਾਰਨ ਲੋਕਾਂ ਉਪਰ ਹੋਰ ਆਰਥਿਕ ਬੋਝ ਪੈ ਗਿਆ ਹੈ। ਵੱਖ ਵੱਖ ਵਰਗਾਂ ਨਾਲ ਸਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਦਿਨ ਹੋਣ ਕਰਕੇ ਪਹਿਲਾਂ ਹੀ ਖਰਚੇ ਜਿਆਦਾ ਹੋ ਰਹੇ ਹਨ, ਉਪਰੋਂ ਸਰਕਾਰ ਨੇ ਵੈਟ ਵਧਾ ਕੇ ਪੈਟਰੋਲ ਡੀਜਲ ਮਹਿੰਗੇ ਕਰ ਦਿੱਤੇ ਹਨ ਜਿਸ ਕਾਰਨ ਲੋਕਾਂ ਦਾ ਖਰਚਾ ਹੋਰ ਵੱਧ ਗਿਆ ਹੈ ਜਦੋਂਕਿ ਲੋਕਾਂ ਦੀ ਆਮਦਨੀ ਪਹਿਲਾਂ ਜਿੰਨੀ ਹੀ ਹੈ।
ਸਰਕਾਰ ਵਲੋਂ ਬੱਸਾਂ ਦੇ ਕਿਰਾਏ ਵਿੱਚ ਕੀਤੇ ਵਾਧੇ ਦਾ ਵੀ ਭਾਰੀ ਵਿਰੋਧ ਹੋ ਰਿਹਾ ਹੈ। ਇਸਦੀ ਉਹਨਾਂ ਲੋਕਾਂ ਤੇ ਬਹੁਤ ਜਿਆਦਾ ਮਾਰ ਪਈ ਹੈ ਜਿਹੜੇ ਰੋਜਾਨਾ ਸਫਰ ਕਰਦੇ ਹਨ। ਅਜਿਹੇ ਵੱਡੀ ਗਿਣਤੀ ਲੋਕ ਹਨ ਜਿਹੜੇ ਨਾਲ ਲੱਗਦੇ ਖੇਤਰਾਂ ਤੋਂ ਮੁਹਾਲੀ ਚੰਡੀਗੜ੍ਹ ਕੰਮ ਲਈ ਆਉਂਦੇ ਹਨ ਅਤੇ ਕਿਰਾਇਆ ਵੱਧ ਜਾਣ ਨਾਲ ਉਹਨਾਂ ਦਾ ਮਹੀਨੇ ਦਾ ਬਜਟ ਵਿਗੜਣ ਦੀ ਸੰਭਾਵਨਾ ਬਣ ਗਈ ਹੈ। ਪੰਜਾਬ ਵਿੱਚ ਭਾਵੇਂ ਕਿ ਸਰਕਾਰੀ ਮੁਲਾਜਮਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਹਰ ਸਾਲ ਵਾਧਾ ਹੋਣ ਦੀ ਸੰਭਾਵਨਾ ਹੁੰਦੀ ਹੈ ਪਰ ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਦੀਆਂ ਤਨਖਾਹਾਂ ਸਾਲ ਬਾਅਦ ਵੀ ਘੱਟ ਹੀ ਵਧਦੀਆਂ ਹਨ। ਜੇ ਕੋਈ ਪ੍ਰਾਈਵੇਟ ਮੁਲਾਜਮ ਤਨਖਾਹ ਵਧਾਉਣ ਲਈ ਕਹਿੰਦਾ ਹੈ ਤਾਂ ਅਕਸਰ ਮਾਲਕ ਉਸ ਨੂੰ ਨੌਕਰੀ ਤੋਂ ਜਵਾਬ ਦੇ ਦਿੰਦੇ ਹਨ।
ਇਸ ਤੋਂ ਇਲਾਵਾ ਸਬਜੀਆਂ, ਦਾਲਾਂ ਤੇ ਫਲਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਪਹਿਲਾਂ ਹੀ ਲੋਕ ਮਹਿੰਗਾਈ ਦੀ ਚੱਕੀ ਵਿੱਚ ਪੀਸੇ ਜਾ ਰਹੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਮਨੀ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਨੂੰ ਵੈਟ ਦਰਾਂ ਵਿੱਚ ਕੀਤੇ ਗਏ ਵਾਧੇ, ਬਿਜਲੀ ਸਬਸਿਡੀ ਖਤਮ ਕਰਨ ਤੇ ਬੱਸ ਕਿਰਾਏ ਵਿੱਚ ਕੀਤੇ ਵਾਧੇ ਦਾ ਜਵਾਬ ਜਰੂਰ ਮਿਲੇਗਾ।
ਬਿਊਰੋ
Editorial
ਅਫਵਾਹਾਂ ਫੈਲਾਉਣ ਵਾਲੇ ਅਨਸਰਾਂ ਤੋਂ ਸੁਚੇਤ ਰਹਿਣ ਆਮ ਲੋਕ
ਸ਼ੇਰ, ਚੀਤਾ ਆਉਣ ਦੀਆਂ ਫੈਲਾਈਆਂ ਜਾ ਰਹੀਆਂ ਨੇ ਅਫਵਾਹਾਂ
ਪਿਛਲੇ ਕੁਝ ਦਿਨਾਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਸ਼ੇਰ ਅਤੇ ਚੀਤਾ ਆਉਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਸੋਸ਼ਲ ਮੀਡੀਆ ਤੇ ਕੁੱਝ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਇਸ ਸੰਬੰਧੀ ਭਾਵੇਂ ਪੁਲੀਸ ਵੱਲੋਂ ਜਾਂਚ ਤੋਂ ਬਾਅਦ ਸਪਸ਼ਟ ਕੀਤਾ ਗਿਆ ਹੈ ਕਿ ਇਹ ਵੀਡੀਓ ਫਰਜੀ ਹਨ ਅਤੇ ਸ਼ੇਰ ਜਾਂ ਚੀਤਾ ਆਉਣ ਦੀ ਸਿਰਫ ਅਫਵਾਹ ਫੈਲਾਈ ਜਾ ਰਹੀ ਹੈ।
ਬੀਤੇ ਦਿਨ ਫਤਹਿਗੜ੍ਹ ਸਾਹਿਬ ਨੇੜਲੇ ਪਿੰਡ ਪੀਰਜੈਨ ਦੇ ਇੱਕ ਪੈਟਰੋਲ ਪੰਪ ਤੇ ਸ਼ੁਕਰਵਾਰ ਰਾਤ ਨੂੰ ਸ਼ੇਰ ਆਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੀ ਰਾਤ ਨੂੰ ਇਸ ਪੈਟਰੋਲ ਪੰਪ ਤੇ ਸ਼ੇਰ ਘੁੰਮ ਰਿਹਾ ਸੀ, ਜਦੋਂ ਪੁਲੀਸ ਨੇ ਇਸ ਪੈਟਰੋਲ ਪੰਪ ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲਗਿਆ ਕਿ ਇਹ ਵੀਡੀਓ ਫਰਜੀ ਹੈ ਅਤੇ ਕੁਝ ਲੋਕਾਂ ਵੱਲੋਂ ਸ਼ੇਰ ਆਉਣ ਦੀ ਸਿਰਫ ਅਫਵਾਹ ਫੈਲਾਈ ਗਈ ਹੈ। ਇਸ ਤੋਂ ਪਹਿਲਾਂ 30 ਅਗਸਤ ਨੂੰ ਪਟਿਆਲਾ ਜ਼ਿਲੇ ਦੇ ਪਿੰਡ ਚਨਾਰਥਲ ਖੁਰਦ ਵਿੱਚ ਤੇਂਦੂਏ ਦੇ ਪੰਜਿਆਂ ਦੇ ਨਿਸ਼ਾਨ ਦੇਖੇ ਜਾਣ ਦੀ ਵੀਡੀਓ ਵਾਇਰਲ ਹੋਈ ਸੀ। ਇਸ ਤੋਂ ਬਾਅਦ 3 ਸਤੰਬਰ ਨੂੰ ਪਿੰਡ ਸਾਨੀਪੁਰ ਵਿੱਚ ਤੇਂਦੂਏ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਨੂੰ ਵਨ ਵਿਭਾਗ ਨੇ ਫਰਜੀ ਕਰਾਰ ਦਿਤਾ ਸੀ।
ਪਿਛਲੇ ਕੁਝ ਦਿਨਾਂ ਤੋਂ ਅਕਸਰ ਕਿਸੇ ਨਾ ਕਿਸੇ ਇਲਾਕੇ ਵਿੱਚ ਸ਼ੇਰ ਜਾਂ ਚੀਤਾ ਆਉਣ ਦੀ ਅਫਵਾਹ ਫੈਲਾਈ ਜਾ ਰਹੀ ਹੈ, ਜਿਸ ਕਾਰਨ ਆਮ ਲੋਕ ਦਹਿਸ਼ਤ ਵਿੱਚ ਆ ਜਾਂਦੇ ਹਨ। ਕੁੱਝ ਸ਼ਰਾਰਤੀ ਅਨਸਰ ਸ਼ੇਰ ਜਾਂ ਚੀਤੇ ਦੀ ਫਰਜੀ ਵੀਡੀਓ ਨੂੰ ਕਿਸੇ ਨਾ ਕਿਸੇ ਇਲਾਕੇ ਨਾਲ ਜੋੜ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੰਦੇ ਹਨ ਅਤੇ ਇਹ ਵੀਡੀਓ ਤੁਰੰਤ ਹੀ ਵਾਇਰਲ ਹੋ ਜਾਂਦੀ ਹੈ ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਜਾਂਦੀ ਹੈ। ਇਸ ਦਹਿਸ਼ਤ ਕਾਰਨ ਲੋਕ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਭੇਜਣ ਵੇਲੇ ਝਿਜਕਦੇ ਹਨ ਅਤੇ ਲੋਕ ਖੁਦ ਵੀ ਡਰਦੇ ਹਨ। ਜਦੋਂ ਪੁਲੀਸ ਤੇ ਜੰਗਲਾਤ ਵਿਭਾਗ ਅਜਿਹੀਆਂ ਵੀਡੀਓ ਤੇ ਸਬੰਧਿਤ ਸਥਾਨ ਤੇ ਪਹੁੰਚ ਕੇ ਜਾਂਚ ਕਰਦੇ ਹਨ ਤਾਂ ਇਹ ਵੀਡੀਓ ਫਰਜੀ ਪਾਈਆਂ ਜਾਂਦੀਆਂ ਹਨ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰੀਕੇ ਨਾਲ ਅਫਵਾਹਾਂ ਫੈਲਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੇ ਪ੍ਰਬੰਧ ਕਰੇ। ਇਸਦੇ ਨਾਲ ਨਾਲ ਇਸ ਗੱਲ ਦੇ ਵੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਕਿ ਜਦੋਂ ਵੀ ਅਜਿਹੀ ਕੋਈ ਅਫਵਾਹ ਸਾਮ੍ਹਣੇ ਆਉਂਦੀ ਹੈ ਤਾਂ ਉਸਦੀ ਜਾਂਚ ਕਰਕੇ ਲੋਕਾਂ ਦੇ ਸਾਮ੍ਹਣੇ ਸੱਚਾਈ ਲਿਆਂਦੀ ਜਾਵੇ ਤਾਂ ਜੋ ਲੋਕਾਂ ਵਿੱਚ ਡਰ ਨਾ ਫੈਲੇ।
ਬਿਊਰੋ
-
Chandigarh2 months ago
ਕੇਂਦਰ ਸਰਕਾਰ ਦੇ ਬਜਟ ਨੇ ਹਰੇਕ ਵਰਗ ਨੂੰ ਰਾਹਤ ਪਹੁੰਚਾਈ : ਬੀਬੀ ਅਮਨਜੋਤ ਰਾਮੂੰਵਾਲੀਆ
-
International2 months ago
ਚੀਨ ਵਿੱਚ ਤੂਫਾਨ ਗਾਏਮੀ ਦਾ ਕਹਿਰ, ਦੋ ਵਿਅਕਤੀਆਂ ਦੀ ਮੌਤ, 201 ਜ਼ਖਮੀ
-
Chandigarh2 months ago
ਜ਼ੀਰਕਪੁਰ ਦੀ ਛੱਤ ਲਾਈਟ ਪੁਆਇੰਟ ਤੇ ਸੜਕ ਹਾਦਸਾ
-
International1 month ago
ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਉਲੰਪਿਕ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਨੂੰ ਮਿਲਿਆ ਤੀਜਾ ਤਮਗਾ
-
International2 months ago
ਓਲੰਪਿਕ ਤੋਂ ਠੀਕ ਪਹਿਲਾਂ ਫਰਾਂਸ ਵਿੱਚ ਵੱਡਾ ਹਮਲਾ
-
Chandigarh2 months ago
ਸਰਕਾਰ ਨੇ 77 ਬਾਲ ਭਿਖਾਰੀਆਂ ਦਾ ਮੁੜ ਵਸੇਬਾ ਕੀਤਾ : ਡਾ. ਬਲਜੀਤ ਕੌਰ
-
Chandigarh2 months ago
ਚੰਡੀਗੜ੍ਹ ਵਿੱਚ ਐਮ ਬੀ ਬੀ ਐਸ ਵਿਦਿਆਰਥਣ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
-
International2 months ago
ਆਸਟ੍ਰੇਲੀਆ ਵਿੱਚ ਦੋ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਦੋਵੇਂ ਪਾਇਲਟਾਂ ਦੀ ਮੌਤ