Connect with us

Editorial

ਆਜ਼ਾਦੀ ਦੇ 77 ਵੇਂ ਮਹਾਉੱਤਸਵ ਮੌਕੇ ਆਓ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਆਜ਼ਾਦ ਹੋਣ ਦਾ ਪ੍ਰਣ ਕਰੀਏ

Published

on

 

 

ਆਜ਼ਾਦੀ ਦਾ 77ਵਾਂ ਮਹਾਉੱਤਸਵ ਭਲਕੇ ਪੂਰੇ ਦੇਸ਼ ਵਿੱਚ ਬਹੁਤ ਹੀ ਜੋਸ਼ ,ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਅਤੇ ਹਰ ਭਾਰਤੀ ਨਾਗਰਿਕ ਦੇ ਮਨ ਵਿੱਚ ਅਤੇ ਚਿਹਰੇ ਤੇ ਆਜ਼ਾਦੀ ਦੇ 77 ਵੇਂ ਵਰੇਗੰਢ ਦੀ ਇਕ ਵੱਖਰੀ ਹੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਦੇ ਹਰ ਘਰ ਦੇ ਬਾਹਰ ਤਿਰੰਗਾ ਝੰਡਾ ਲਹਿਰਾ ਰਿਹਾ ਹੈ ਅਤੇ ਇਹ ਝੰਡਾ ਹਰ ਪਰਿਵਾਰ ਤੇ ਦੇਸ਼ਵਾਸੀਆਂ ਲਈ ਖੁਸ਼ਹਾਲੀ, ਤੰਦਰੁਸਤੀ ਅਤੇ ਅਮਨ ਸ਼ਾਂਤੀ ਦਾ ਸੰਦੇਸ਼ ਦੇ ਰਿਹਾ ਹੈ।

ਆਜ਼ਾਦੀ ਦੇ 77ਵੇਂ ਮਹਾਉੱਤਸਵ ਮੌਕੇ 15 ਅਗਸਤ ਆਜ਼ਾਦੀ ਦਿਵਸ ਦੀ ਸਵੇਰੇ ਸੂਰਜ ਦੀ ਪਹਿਲੀ ਕਿਰਨ, ਚਿੜੀਆਂ ਦੀ ਮਿੱਠੀ ਚਹਿ-ਚਾਹਟ, ਅਤੇ ਠੰਡੀ ਹਵਾ ਦਾ ਵੇਗ ਸਮੂਹ ਭਾਰਤਵਾਸੀਆਂ ਲਈ ਵਿਕਾਸ, ਖੁਸ਼ਹਾਲੀ, ਤੰਦਰੁਸਤ, ਸਿਹਤਮੰਦ ਤੇ ਨਰੋਏ ਜੀਵਨ ਲਈ ਇੱਕ ਵਿਸ਼ੇਸ਼ ਸੁਨੇਹਾ ਲੈ ਕੇ ਆ ਰਹੀ ਹੈ। ਫੁੱਲਾਂ ਦੀ ਮਹਿਕ, ਆਸਮਾਨ ਵਿੱਚ ਉੱਡ ਰਹੇ ਪੰਛੀ, ਸਮੂਹ ਕੁਦਰਤੀ ਸੋਮੇ ਤੇ ਮਹਾਪੁਰਸ਼ਾਂ ਦੀ ਅਨਮੋਲ ਬਾਣੀ ਸਾਨੂੰ ਬੁਰਾਈਆਂ ਦੀ ਗ਼ੁਲਾਮੀ ਤੋਂ ਆਜ਼ਾਦ ਜੀਵਨ ਜਿਉਣ ਦੀ ਪ੍ਰੇਰਨਾ ਦੇ ਰਹੀ ਹੈ।

ਸਾਨੂੰ ਆਜ਼ਾਦੀ ਪ੍ਰਾਪਤ ਕੀਤੇ 77 ਸਾਲ ਹੋ ਗਏ ਹਨ ਅਤੇ ਸਾਰਾ ਭਾਰਤ ਆਜ਼ਾਦੀ ਦੀ 77 ਵੀਂ ਵਰੇਗੰਢ ਮਨਾ ਰਿਹਾ ਹੈ, ਪ੍ਰੰਤੂ ਅੱਜ ਸੋਚਣ ਦੀ ਗੱਲ ਇਹ ਹੈ ਕਿ ਅਸੀਂ ਅੰਗਰੇਜਾਂ ਦੀ ਗ਼ੁਲਾਮੀ ਤੋਂ ਤਾਂ ਆਜ਼ਾਦ ਹੋ ਗਏ, ਪ੍ਰੰਤੂ ਅਸੀਂ ਅਨੇਕਾਂ ਹੀ ਬੁਰਾਈਆਂ ਦੇ ਗੁਲਾਮ ਹੁੰਦੇ ਜਾ ਰਹੇ ਹਨ, ਅਤੇ ਇਹ ਉਹ ਬੁਰਾਈਆਂ ਹਨ ਜੋ ਸਾਡੇ ਸਮਾਜ, ਸਭਿਆਚਾਰ ਅਤੇ ਦੇਸ਼ ਨੂੰ ਘੁੰਣ ਵਾਂਗ ਖਾ ਰਹੀਆਂ ਹਨ।

ਇਸ ਲਈ ਆਜ਼ਾਦੀ ਦਿਹਾੜੇ ਦੇ ਸ਼ੁਭ ਮੌਕੇ ਇਸ ਪਵਿੱਤਰ ਦਿਨ ਦੀ ਅਹਿਮੀਅਤ ਅਤੇ ਮਹੱਤਵ ਨੂੰ ਸਮਝਣ ਦੀ ਲੋੜ ਹੈ। ਲੋੜ ਹੈ ਆਜ਼ਾਦੀ ਅਤੇ ਗ਼ੁਲਾਮੀ ਦੇ ਅੰਤਰ ਨੂੰ ਸਮਝਣ ਦੀ, ਲੋੜ ਹੈ ਪਿੰਜਰੇ ਵਿੱਚ ਬੰਦ ਗੁਲਾਮ ਪੰਛੀ ਦੀਆਂ ਮਜਬੂਰੀਆਂ ਨੂੰ ਸਮਝਣ ਦੀ, ਲੋੜ ਹੈ ਆਸਮਾਨ ਵਿੱਚ ਉੱਡ ਰਹੇ ਆਜ਼ਾਦ ਪੰਛੀ ਦੀਆਂ ਖੁਸ਼ੀਆਂ ਨੂੰ ਸਮਝਣ ਦੀ, ਅੱਜ ਦਾ ਇਹ ਦਿਨ ਇਨ੍ਹਾਂ ਬੁਰਾਈਆਂ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਦਾ ਸੁਨੇਹਾ ਦੇ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜੇਕਰ ਇਨ੍ਹਾਂ ਬੁਰਾਈਆਂ ਨੂੰ ਵੱਧਣ ਤੋਂ ਨਾ ਰੋਕਿਆ ਗਿਆ ਅਤੇ ਅਸੀਂ ਇਸਦੀ ਗ਼ੁਲਾਮੀ ਵਿੱਚੋਂ ਆਜ਼ਾਦ ਨਾ ਹੋਏ ਤਾਂ ਸਾਡਾ ਭਵਿੱਖ ਖ਼ਤਰੇ ਵਿੱਚ ਹੈ।

ਨਸ਼ਿਆਂ ਦੀ ਗੱਲ ਕਰੀਏ, ਤਾਂ ਸਾਡੀ ਨੌਜਵਾਨ ਪੀੜੀ ਨਸ਼ੀਲੀਆਂ ਵਸਤੂਆਂ ਦੀ ਗੁਲਾਮ ਹੁੰਦੀ ਜਾ ਰਹੀ ਹੈ। ਇਸ ਦੀ ਵਰਤੋਂ ਘੱਟਣ ਦੀ ਬਜਾਏ ਵੱਧਦੀ ਜਾ ਰਹੀ ਹੈ, ਨਸ਼ੇ ਦੇ ਸੇਵਨ ਕਾਰਨ ਕਿੰਨੀਆਂ ਹੀ ਕੀਮਤੀ ਅਤੇ ਅਨਮੋਲ ਜਿੰਦਗੀਆਂ ਖਤਮ ਹੋ ਰਹੀਆਂ ਹਨ। ਦੂਜਾ ਸਾਡੀ ਨੌਜਵਾਨ ਪੀੜ੍ਹੀ ਮੋਬਾਈਲ ਫੋਨਾਂ ਦੀ ਗੁਲਾਮ ਹੁੰਦੀ ਜਾ ਰਹੀ ਹੈ। ਇਸੇ ਕਾਰਨ ਵਿਦਿਆਰਥੀ ਵਰਗ, ਨੌਜਵਾਨ ਵਰਗ ਅਤੇ ਹਰ ਉਮਰ ਦਾ ਵਿਅਕਤੀ ਇਸਦਾ ਗੁਲਾਮ ਬਣ ਗਿਆ ਹੈ। ਅੱਜ ਅਸੀਂ ਫਾਸਟਫੂਡ ਦੇ ਵੀ ਗੁਲਾਮ ਬਣਦੇ ਜਾ ਰਹੇ ਹਾਂ। ਖਾਸਕਰ ਨੌਜਵਾਨ ਪੀੜੀ ਨੇ ਰਵਾਇਤੀ ਖਾਣਿਆਂ ਨੂੰ ਛੱਡ ਕੇ ਪੀਜ਼ਾ, ਬਰਗਰ, ਨੂਡਲਸ, ਸਪਰਿੰਗ ਰੋਲ ਅਤੇ ਹੋਰ ਫਾਸਟ ਫ਼ੂਡ ਨੂੰ ਆਪਣੀ ਮੁੱਖ ਖੁਰਾਕ ਬਣਾ ਲਿਆ ਹੈ। ਇਸਦੇ ਨਾਲ ਨਾਲ ਅਸੀਂ ਪੱਛਮੀ ਸਭਿਆਚਾਰ ਨਾਲ ਜੁੜੇ ਪਹਿਰਾਵੇ ਦੇ ਵੀ ਗੁਲਾਮ ਬਣ ਗਏ ਹਨ।

ਆਓ ਪ੍ਰਣ ਕਰੀਏ ਕਿ ਇਸ ਆਜ਼ਾਦੀ ਦਿਹਾੜੇ ਤੇ ਨਸ਼ੇ ਅਤੇ ਇਨ੍ਹਾਂ ਸਾਰੀ ਬੁਰਾਈਆਂ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਕੇ ਇੱਕ ਵਧੀਆਂ, ਸੁਤੰਤਰ ਤੇ ਨਰੋਏ ਸਮਾਜ ਅਤੇ ਦੇਸ਼ ਦਾ ਨਿਰਮਾਣ ਕਰਾਂਗੇ।

ਕਪਿਲ ਮੋਹਨ ਅੱਗਰਵਾਲ

Continue Reading

Editorial

ਲੋਕਾਂ ਨੂੰ ਵਹਿਮਜਾਲ ਵਿੱਚ ਫਸਾ ਕੇ ਠੱਗਦੇ ਜੋਤਸ਼ੀਆਂ ਵਿਰੁੱਧ ਹੋਵੇ ਸਖਤ ਕਾਰਵਾਈ

Published

on

By

ਮਨੁੱਖਾਂ ਵਿੱਚ ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਦੀ ਚਾਹਤ ਪੁਰਾਣੇ ਸਮਿਆਂ ਤੋਂ ਹੀ ਰਹੀ ਹੈ। ਰਾਜਾ ਹੋਵੇ ਜਾਂ ਰੰਕ, ਹਰ ਕੋਈ ਆਪਣੇ ਆਉਣ ਵਾਲੇ ਭਵਿੱਖ ਨੂੰ ਜਾਣਨ ਦਾ ਚਾਹਵਾਨ ਹੁੰਦਾ ਹੈ ਅਤੇ ਸਦੀਆਂ ਤੋਂ ਲੋਕ ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਲਈ ਜੋਤਸ਼ੀਆਂ ਦੀ ਸਲਾਹ ਲੈਂਦੇ ਆ ਰਹੇ ਹਨ। ਪਿਛਲੇ ਸਮੇਂ ਦੌਰਾਨ ਭਾਵੇਂ ਵਿਗਿਆਨ ਨੇ ਬਹੁਤ ਜਿਆਦਾ ਤਰੱਕੀ ਕੀਤੀ ਹੈ ਅਤੇ ਇਨਸਾਨ ਪੁਲਾੜ ਦੇ ਅਣਸੁਲਝੇ ਰਹੱਸਾਂ ਨੂੰ ਸਮਝਣ ਵਿੱਚ ਵੀ ਕਾਮਯਾਬ ਹੋ ਚੁੱਕਿਆ ਹੈ। ਪਰੰਤੂ ਇਸਦੇ ਬਾਵਜੂਦ ਅੱਜ ਦਾ ਆਧੁਨਿਕ ਵਿਗਿਆਨ, ਇਨਸਾਨ ਦੀ ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਦੀ ਜਿਗਿਆਸਾ ਦਾ ਹਲ ਨਹੀਂ ਕਰ ਪਾਇਆ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਦਾ ਆਧੁਨਿਕ ਮਨੁੱਖ ਹੁਣੇ ਵੀ ਲੋਕਾਂ ਦਾ ਭਵਿੱਖ ਦੱਸਣ ਦਾ ਦਾਅਵਾ ਕਰਨ ਵਾਲੇ ਨਜੂਮੀਆਂ (ਜੋਤਸ਼ੀਆਂ) ਦੇ ਚੱਕਰ ਵਿੱਚ ਉਲਝਿਆ ਨਜਰ ਆਉਂਦਾ ਹੈ।

ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਦੀ ਇਹ ਚਾਹਤ ਮਨੁੱਖਾਂ ਦੇ ਦਿਲੋ ਦਿਮਾਗ ਤੇ ਹਮੇਸ਼ਾ ਤੋਂ ਹਾਵੀ ਰਹੀ ਹੈ ਅਤੇ ਇਸ ਜਾਣਕਾਰੀ ਨੂੰ ਹਾਸਿਲ ਕਰਨ ਲਈ ਮਨੁੱਖ ਉਹ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਵੀ ਰਹਿੰਦਾ ਹੈ। ਆਪਣੇ ਆਉਣ ਵਾਲੇ ਭਵਿੱਖ ਨੂੰ ਜਾਣਨ ਦੀ ਇਹ ਜਿਗਿਆਸਾ ਲੋਕਾਂ ਨੂੰ ਉਹਨਾਂ ਜੋਤਸ਼ੀਆਂ ਦੇ ਚੱਕਰ ਵਿੱਚ ਫਸਾ ਦਿੰਦੀ ਹੈ ਜਿਹੜੇ ਆਮ ਲੋਕਾਂ ਦੀ ਇਸ ਮਾਨਸਿਕਤਾ ਦਾ ਖੁੱਲ੍ਹ ਕੇ ਫਾਇਦਾ ਚੁੱਕਦੇ ਹਨ। ਲੋਕਾਂ ਦਾ ਭਵਿੱਖ ਦੱਸਣ ਦਾ ਦਾਅਵਾ ਕਰਨ ਵਾਲੇ ਇਹ ਜੋਤਸ਼ੀ ਭਾਵੇਂ ਆਪਣੇ ਖੁਦ ਦੇ ਭਵਿੱਖ ਬਾਰੇ ਕੁੱਝ ਨਾ ਜਾਣਦੇ ਹੋਣ ਪਰੰਤੂ ਉਹਨਾਂ ਦਾ ਦਾਅਵਾ ਹੁੰਦਾ ਹੈ ਕਿ ਉਹ ਨਾ ਸਿਰਫ ਕਿਸੇ ਦੇ ਭਵਿੱਖ ਦਾ ਪੂਰਾ ਵੇਰਵਾ ਦੱਸ ਸਕਦੇ ਹਨ ਬਲਕਿ ਆਪਣੇ ਕੋਲ ਆਉਣ ਵਾਲੇ ਲੋਕਾਂ ਦੀਆਂ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਹਲ ਵੀ ਕਰ ਸਕਦੇ ਹਨ। ਇਹ ਜੋਤਸ਼ੀ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੇ (ਉਪਾਅ) ਦੱਸਦੇ ਹਨ ਜਿਹੜੇ ਅਸਲ ਵਿੱਚ ਲੋਕਾਂ ਵਿੱਚ ਵਹਿਮ, ਭਰਮ ਅਤੇ ਅੰਧਵਿਸ਼ਵਾਸ਼ ਫੈਲਾਉਣ ਵਾਲੇ ਹੁੰਦੇ ਹਨ ਅਤੇ ਇਹਨਾਂ ਜੋਤਸ਼ੀਆਂ ਵਲੋਂ ਇਸੇ ਬਹਾਨੇ ਆਪਣੇ ਕੋਲ ਆਉਣ ਵਾਲਿਆਂ ਨੂੰ ਠੱਗਿਆ ਜਾਂਦਾ ਹੈ।

ਇਹਨਾਂ ਜੋਤਸ਼ੀਆਂ ਵਲੋਂ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸ਼ ਦੇ ਸਹਾਰੇ ਕੀਤੀ ਜਾਣ ਵਾਲੀ ਠੱਗੀ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਜਾਂਦਾ ਹੈ। ਪਹਿਲਾਂ ਇਹ ਜੋਤਸ਼ੀ ਸੰਚਾਰ ਮਾਧਿਅਮਾਂ ਵਿੱਚ ਬਾਕਾਇਦਾ ਵੱਡੇ ਇਸ਼ਤਿਹਾਰ ਦਿੰਦੇ ਹਨ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਜਾਣ ਵਾਲੀ ਇਸ ਇਸ਼ਤਿਹਾਰਬਾਜੀ ਵਿੱਚ ਤੰਤਰ ਮੰਤਰ ਦੀ ਮਦਦ ਨਾਲ ਕਈ ਤਰ੍ਹਾਂ ਦੇ ਚਮਤਕਾਰ ਕਰਨ ਦੇ ਦਾਅਵੇ ਵੀ ਕੀਤੇ ਜਾਂਦੇ ਹਨ। ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨਾਲ ਸਿੱਧੀ ਠੱਗੀ ਮਾਰਨ ਵਾਲੇ ਇਹ ਜੋਤਸ਼ੀ ਕਈ ਤਰ੍ਹਾਂ ਦੇ ਆਡੰਬਰ ਰਚਦੇ ਹਨ ਅਤੇ ਅੰਧਵਿਸ਼ਵਾਸ਼ ਫੈਲਾ ਕੇ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਕਾਲੇ ਜਾਦੂ ਅਤੇ ਤੰਤਰ ਮੰਤਰ ਦੀ ਮਦਦ ਨਾਲ ਆਪਣੀ ਸ਼ਰਣ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਦਾ ਕੋਈ ਵੀ ਕੰਮ ਕਰਵਾ ਦੇਣ ਦਾ ਦਾਅਵਾ ਕਰਨ ਵਾਲੇ ਇਹਨਾਂ ਜੋਤਸ਼ੀਆਂ ਕੋਲ ਆਉਣ ਵਾਲੇ ਲੋਕ ਕਿਸੇ ਚਮਤਕਾਰ ਦੀ ਆਸ ਵਿੱਚ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਹਨ ਅਤੇ ਠੱਗੀ ਦਾ ਸ਼ਿਕਾਰ ਹੁੰਦੇ ਹਨ।

ਹਾਲਾਂਕਿ ਇਹਨਾਂ ਜੋਤਸ਼ੀਆਂ ਦੀ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨਾਲ ਠੱਗੀ ਮਾਰਨ ਦੀ ਇਹ ਕਾਰਵਾਈ ਕਾਨੂੰਨ ਦੀ ਸਿੱਧੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਸਾਰੇ ਕੁੱਝ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਠੱਗੀ ਦੀਆਂ ਇਹ ਦੁਕਾਨਾਂ ਬੇਰੋਕਟੋਕ ਚਲਦੀਆਂ ਹਨ। ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਜਦੋਂ ਇਹ ਜੋਤਸ਼ੀ ਅਤੇ ਤਾਂਤਰਿਕ ਅਜਿਹਾ ਕੋਈ ਚਮਤਕਾਰ ਨਹੀਂ ਕਰ ਸਕਦੇ (ਜਿਸਦਾ ਦਾਅਵਾ ਉਹ ਆਪਣੇ ਪ੍ਰਚਾਰ ਵਿੱਚ ਦਿੱਤੇ ਜਾਂਦੇ ਇਸ਼ਤਿਹਾਰਾਂ ਵਿੱਚ ਕਰਦੇ ਹਨ) ਤਾਂ ਉਹਨਾਂ ਦੇ ਖਿਲਾਫ ਜਨਤਾ ਨੂੰ ਗੁੰਮਰਾਹ ਕਰਨ, ਅੰਧਵਿਸ਼ਵਾਸ਼ ਫੈਲਾਉਣ ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਦੇ ਮਾਮਲੇ ਦਰਜ ਕਿਉਂ ਨਹੀਂ ਕੀਤੇ ਜਾਂਦੇ ਅਤੇ ਜੋਤਿਸ਼ ਅਤੇ ਤੰਤਰ ਮੰਤਰ ਦੇ ਨਾਮ ਤੇ ਚਲਦੇ ਠੱਗੀ ਦੇ ਇਸ ਕਾਰੋਬਾਰ ਤੇ ਰੋਕ ਕਿਉਂ ਨਹੀਂ ਲਗਾਈ ਜਾਂਦੀ। ਇਸ ਸੰਬੰਧੀ ਤਰਕਸ਼ੀਲਾਂ ਦੀ ਸੰਸਥਾ ਵਲੋਂ ਸਮੇਂ ਸਮੇਂ ਤੇ ਆਮ ਲੋਕਾਂ ਨੂੰ ਠੱਗਦੇ ਇਹਨਾਂ ਜੋਤਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ ਪਰੰਤੂ ਇਸਦੇ ਬਾਵਜੂਦ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਕਰਨ ਦੀ ਥਾਂ ਇਸਤੋਂ ਟਾਲਾ ਵੱਟਿਆ ਜਾਂਦਾ ਹੈ।

ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਉਲਝਾ ਕੇ ਉਹਨਾਂ ਦੀ ਲੁੱਟ ਕਰਨ ਦੀ ਇਸ ਕਾਰਵਾਈ ਤੇ ਰੋਕ ਲਗਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਅਤੇ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਲੋਕਾਂ ਨਾਲ ਕੀਤੀ ਜਾਂਦੀ ਠੱਗੀ ਤੇ ਰੋਕ ਲਗਾਉਣ ਲਈ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਤਰੀਕੇ ਨਾਲ ਹੁੰਦੀ ਆਮ ਲੋਕਾਂ ਦੀ ਠੱਗੀ ਦੀ ਇਸ ਕਾਰਵਾਈ ਤੇ ਰੋਕ ਲੱਗੇ।

Continue Reading

Editorial

ਕੀ ਹੁਣ ਪੰਜਾਬ ਵਿੱਚ ਉਭਰੇਗਾ ਚੌਥਾ ਸਿਆਸੀ ਬਦਲ?

Published

on

By

ਪੰਜਾਬ ਵਿੱਚ ਲੰਬਾਂ ਸਮਾਂ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦਾ ਰਾਜ ਰਿਹਾ ਹੈ। ਅਕਾਲੀ ਦਲ ਨਾਲ ਕਈ ਵਾਰ ਭਾਜਪਾ ਦਾ ਗਠਜੋੜ ਵੀ ਰਿਹਾ ਹੋਣ ਕਰਕੇ ਭਾਜਪਾ ਵੀ ਪੰਜਾਬ ਵਿੱਚ ਸੱਤਾ ਦਾ ਸੁੱਖ ਮਾਣਦੀ ਰਹੀ ਹੈ। ਪੰਜਾਬ ਵਿੱਚ ਲੰਬਾ ਸਮਾਂ ਅਜਿਹਾ ਹੁੰਦਾ ਰਿਹਾ ਕਿ ਇੱਕ ਵਾਰ ਕਾਂਗਰਸ ਦੀ ਸਰਕਾਰ ਬਣ ਜਾਂਦੀ ਸੀ ਅਤੇ ਦੁੂਜੀ ਵਾਰ ਅਕਾਲੀ ਦਲ ਦੀ। ਦੋਵੇਂ ਸਿਆਸੀ ਪਾਰਟੀਆਂ ਵਾਰੋ ਵਾਰੀ ਪੰਜਾਬ ਤੇ ਰਾਜ ਕਰਦੀਆਂ ਆ ਰਹੀਆਂ ਸਨ।

ਦੋਵੇਂ ਹੀ ਰਵਾਇਤੀ ਸਿਆਸੀ ਪਾਰਟੀਆਂ ਤੋਂ ਅੱਕੇ ਲੋਕਾਂ ਨੇ ਕਈ ਵਾਰ ਯਤਨ ਕੀਤੇ ਕਿ ਪੰਜਾਬ ਵਿੱਚ ਤੀਜਾ ਸਿਆਸੀ ਬਦਲ ਲਿਆਂਦਾ ਜਾਵੇ। ਇਸ ਲਈ ਪੰਜਾਬੀਆਂ ਵੱਲੋਂ ਪਹਿਲਾਂ ਸਾਲ 1989 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੀ ਥਾਂ ਅਕਾਲੀ ਦਲ ਮਾਨ ਨੂੰ ਭਰਪੂਰ ਹੁੰਗਾਰਾ ਭਰਿਆ ਗਿਆ ਅਤੇ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਵੱਡੀ ਗਿਣਤੀ ਆਗੂ ਲੋਕ ਸਭਾ ਚੋਣ ਜਿੱਤ ਗਏ ਪਰ ਇਹ ਪਾਰਟੀ ਵੀ ਪੰਜਾਬੀਆਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ।

ਉਸ ਤੋਂ ਬਾਅਦ ਪੰਜਾਬ ਵਿੱਚ ਪੰਜਾਬੀਆਂ ਨੇ ਹੋਰ ਵੀ ਕਈ ਸਿਆਸੀ ਪਾਰਟੀਆਂ ਨੂੰ ਹਮਾਇਤ ਦੇ ਕੇ ਦੋ ਰਵਾਇਤੀ ਸਿਆਸੀ ਪਾਰਟੀਆਂ ਤੋਂ ਦੂਰ ਹੋਣ ਦਾ ਯਤਨ ਕੀਤਾ ਪਰ ਇਸ ਵਿੱਚ ਪੰਜਾਬੀ ਸਫਲ ਨਹੀਂ ਸੀ ਹੋਏ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬੀਆਂ ਨੇ ਕਾਂਗਰਸ ਅਤੇ ਅਕਾਲੀ ਦਲ ਬਾਦਲ ਵੱਲੋਂ ਵਾਰੋ ਵਾਰੀ ਪੰਜਾਬ ਵਿੱਚ ਰਾਜ ਕਰਨ ਅਤੇ ਪੰਜਾਬ ਦੇ ਮੁੱਖ ਮਸਲੇ ਹੱਲ ਨਾ ਕਰਨ ਤੋਂ ਅੱਕਦਿਆਂ ਤੀਜੇ ਸਿਆਸੀ ਬਦਲ ਦੀ ਚੋਣ ਕਰਦਿਆਂ ਆਮ ਆਦਮੀ ਪਾਰਟੀ ਨੂੰ ਭਰਪੂਰ ਸਮਰਥਣ ਦਿੱਤਾ, ਜਿਸ ਕਾਰਨ ਆਮ ਆਦਮੀ ਪਾਰਟੀ ਦੀ ਇਹਨਾਂ ਚੋਣਾਂ ਵਿੱਚ ਹੁੰਝਾ ਫੇਰੂ ਜਿੱਤ ਹੋਈ ਅਤੇ ਉਸ ਦੇ 92 ਉਮੀਦਵਾਰ ਚੋਣ ਜਿੱਤ ਗਏ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਇਸ ਸਮੇਂ ਰਾਜ ਕਰ ਰਹੀ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਦੀ ਸੰਭਾਵਨਾ ਹੈ ਅਤੇ ਇਹਨਾਂ ਚੋਣਾਂ ਲਈ ਹੁਣੇ ਤੋਂ ਚੋਣ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਦਾਅਵਾ ਕਰ ਰਹੇ ਹਨ ਕਿ ਇਹਨਾਂ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਨੂੰ ਭਰਪੂਰ ਸਮਰਥਣ ਮਿਲ ਰਿਹਾ ਹੈ ਅਤੇ ਪੰਜਾਬ ਵਿੱਚ ਅਗਲੀ ਸਰਕਾਰ ਉਹਨਾਂ ਦੀ ਹੀ ਪਾਰਟੀ ਦੀ ਬਣੇਗੀ। ਦੂਜੇ ਪਾਸੇ ਪੰਜਾਬ ਵਿੱਚ ਅਜੇ ਤਕ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਕੋਈ ਲਹਿਰ ਨਹੀਂ ਚੱਲੀ ਹੈ।

ਜਦੋਂ ਪੰਜਾਬ ਦੇ ਵੱਖ ਵੱਖ ਵਰਗਾਂ ਨਾਲ ਸਬੰਧਿਤ ਲੋਕਾਂ ਨਾਲ ਅਗਲੀਆਂ ਵਿਧਾਨ ਸਭਾ ਚੋਣਾਂ ਅਤੇ ਸਿਆਸੀ ਪਾਰਟੀਆਂ ਨੂੰ ਸਮਰਥਣ ਦੇਣ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਵੱਡੀ ਗਿਣਤੀ ਪੰਜਾਬੀ ਕਹਿੰਦੇ ਹਨ ਕਿ ਜਿਥੇ ਉਹ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਬਾਦਲ ਤੋਂ ਅੱਕ ਚੁੱਕੇ ਹਨ ਉਥੇ ਹੁਣ ਉਹ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਨਾਲ ਵੀ ਸਹਿਮਤ ਨਹੀਂ ਹਨ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਇਸ ਸਰਕਾਰ ਨੇ ਸਿੱਖ ਮੁੱਦਿਆਂ ਤੋਂ ਦੂਰੀ ਬਣਾ ਲਈ ਹੈ, ਜਿਸ ਕਾਰਨ ਆਮ ਸਿੱਖ ਇਸ ਸਰਕਾਰ ਤੋਂ ਨਿਰਾਸ਼ ਹਨ, ਜਿਸ ਦਾ ਫਾਇਦਾ ਉਠਾਉਣ ਦਾ ਦੂਜੀਆਂ ਸਿਆਸੀ ਪਾਰਟੀਆਂ ਵੱਲੋਂ ਪੂਰਾ ਯਤਨ ਕੀਤਾ ਜਾ ਰਿਹਾ ਹੈ। ਪਰ ਪੰਜਾਬ ਦੇ ਲੋਕ ਇਸ ਸਮੇਂ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਨਹੀਂ ਬੋਲ ਰਹੇ, ਜਿਸ ਕਾਰਨ ਪੰਜਾਬ ਵਿੱਚ ਸਿਆਸੀ ਖਲਾਅ ਵਾਲੀ ਸਥਿਤੀ ਬਣਦੀ ਜਾ ਰਹੀ ਹੈ।

ਪੰਜਾਬੀਆਂ ਦਾ ਰੁੱਖ ਵੇਖ ਕੇ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਉਹ ਹੁਣ ਕਿਸੇ ਚੌਥੇ ਸਿਆਸੀ ਬਦਲ ਦੀ ਭਾਲ ਵਿੱਚ ਹੋਣ। ਇਸ ਗੱਲ ਨੂੰ ਪਿਛਲੀ ਵਾਰ ਹੋਈਆਂ ਆਂ ਲੋਕ ਸਭਾ ਚੋਣਾਂ ਵੇਲੇ ਵੀ ਹੁੰਗਾਰਾ ਵੇਖਣ ਨੂੰ ਮਿਲਿਆ ਸੀ ਜਦੋਂ ਨਵੀਂ ਸਿਆਸੀ ਪਾਰਟੀ ਵਾਰਿਸ ਪੰਜਾਬ ਦੇ ਨਾਲ ਸਬੰਧਿਤ ਦੋ ਉਮੀਦਵਾਰ ਲੋਕ ਸਭਾ ਚੋਣ ਜਿੱਤ ਕੇ ਸਾਂਸਦ ਬਣ ਗਏ ਸਨ ਅਤੇ ਇਸ ਸਮੇਂ ਵੀ ਇਹ ਦੋਵੇਂ ਸਾਂਸਦ ਹਨ। ਭਾਵੇਂ ਕਿ ਇਹਨਾਂ ਵਿਚੋਂ ਇੱਕ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਅਜੇ ਜੇਲ੍ਹ ਵਿੱਚ ਹੀ ਬੰਦ ਹਨ ਪਰ ਇਸ ਪਾਰਟੀ ਦੇ ਆਗੂਆਂ ਦਾ ਦਾਅਵਾ ਹੈ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰੇ ਵਜੋਂ ਚੋਣ ਲੜਾਉਂਣਗੇ।

ਜਿਸ ਤਰੀਕੇ ਨਾਲ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵਾਰਿਸ ਪੰਜਾਬ ਦੇ ਪਾਰਟੀ ਦੇ ਦੋ ਉਮੀਦਵਾਰ ਚੋਣ ਜਿੱਤੇ ਸਨ ਤਾਂ ਇਹ ਲੱਗਣ ਲੱਗ ਗਿਆ ਸੀ ਕਿ ਸ਼ਾਇਦ ਪੰਜਾਬੀਆਂ ਨੇ ਕਾਂਗਰਸ ਅਤੇ ਅਕਾਲੀ ਦਲ ਬਾਦਲ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਵੀ ਨਿਰਾਸ਼ ਹੋ ਕੇ ਚੌਥੀ ਸਿਆਸੀ ਪਾਰਟੀ ਨੂੰ ਹੁੰਗਾਰਾ ਭਰਨਾ ਸ਼ੁਰੂ ਕਰ ਦਿੱਤਾ ਹੈ।

ਪੰਜਾਬ ਵਿੱਚ ਆਉਣ ਵਾਲੇ ਦਿਨ ਸਿਆਸੀ ਤੌਰ ਤੇ ਕਾਫੀ ਮਹੱਤਵਪੂਰਨ ਹਨ। ਇਹਨਾਂ ਦਿਨਾਂ ਦੌਰਾਨ ਹੀ ਇਹ ਗੱਲ ਉਭਰ ਕੇ ਸਾਹਮਣੇ ਆਵੇਗੀ ਕਿ ਪੰਜਾਬ ਦੇ ਲੋਕ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚੋਂ ਹੀ ਕਿਸੇ ਸਿਆਸੀ ਪਾਰਟੀ ਦਾ ਸਮਰਥਣ ਕਰਦੇ ਹਨ ਜਾਂ ਫਿਰ ਉਹਨਾਂ ਦਾ ਸਮਰਥਨ ਕਿਸੇ ਚੌਥੇ ਸਿਆਸੀ ਬਦਲ ਨੂੰ ਹਾਸਿਲ ਹੁੰਦਾ ਹੈ।

ਬਿਊਰੋ

Continue Reading

Editorial

ਉਭਰ ਕੇ ਸਾਮ੍ਹਣੇ ਆ ਰਹੀਆਂ ਹਨ ਸ਼ਹਿਰਾਂ ਦੁਆਲੇ ਬਣੀਆਂ ਕਾਲੋਨੀਆਂ ਦੀਆਂ ਸਮੱਸਿਆਵਾਂ

Published

on

By

ਬਰਸਾਤ ਵਿੱਚ ਰੁੜ੍ਹ ਗਏ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ

ਪੰਜਾਬ ਦੇ ਵੱਡੀ ਗਿਣਤੀ ਸ਼ਹਿਰਾਂ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਬਣੀਆਂ ਕਾਲੋਨੀਆਂ ਦੀਆਂ ਮੁੱਖ ਸਮੱਸਿਆਵਾਂ ਉਭਰ ਕੇ ਸਾਹਮਣੇ ਆ ਗਈਆਂ ਹਨ। ਇਹਨਾਂ ਕਾਲੋਨੀਆਂ ਨੂੰ ਬਣਾਉਣ ਵਾਲਿਆਂ ਵੱਲੋਂ ਇੱਥੇ ਆਲੀਸ਼ਾਨ ਫਲੈਟ ਅਤੇ ਕੋਠੀਆਂ ਬਣਾਉਣ ਦੇ ਦਾਅਵੇ ਕਰਦਿਆਂ ਵਸਨੀਕਾਂ ਨੂੰ ਪੂਰੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਗਏ ਸਨ ਜਿਹੜੇ ਹਵਾ ਵਿੱਚ ਉਡ ਪੁੱਡ ਗਏ ਹਨ।

ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਇਹਨਾਂ ਕਾਲੋਨੀਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਪ੍ਰਬੰਧ ਵੀ ਇਸ ਪਾਣੀ ਵਿੱਚ ਰੁੜ ਜਾਂਦੇ ਹਨ। ਅਸਲੀਅਤ ਤਾਂ ਇਹ ਹੈ ਕਿ ਵੱਡੀ ਗਿਣਤੀ ਕਾਲੋਨੀਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ। ਜਿਸ ਕਾਰਨ ਹਰ ਬਰਸਾਤ ਸਮੇਂ ਇਹ ਬਰਸਾਤੀ ਪਾਣੀ ਕਈ ਕਈ ਦਿਨ ਇਹਨਾਂ ਕਾਲੋਨੀਆਂ ਵਿੱਚ ਖੜਾ ਰਹਿੰਦਾ ਹੈ, ਜੋ ਕਿ ਇਥੋਂ ਦੇ ਵਸਨੀਕਾਂ ਲਈ ਵੱਡੀ ਸਮੱਸਿਆ ਬਣਦਾ ਹੈ।

ਮੁਹਾਲੀ, ਖਰੜ ਅਤੇ ਹੋਰ ਸ਼ਹਿਰਾਂ ਦੇ ਆਲੇ ਦੁਆਲੇ ਬਣੀਆਂ ਕਾਲੋਨੀਆਂ ਵਿੱਚ ਹਰ ਬਰਸਾਤ ਤੋਂ ਬਾਅਦ ਹਰ ਪਾਸੇ ਬਰਸਾਤੀ ਅਤੇ ਗੰਦਾ ਪਾਣੀ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਲਾਂਡਰਾ ਖਰੜ ਰੋਡ ਤੇ ਬਰਸਾਤੀ ਤੇ ਗੰਦਾ ਪਾਣੀ ਲਗਾਤਾਰ ਖੜਾ ਰਹਿੰਦਾ ਹੈ। ਲਾਂਡਰਾ ਖਰੜ ਰੋਡ ਅਤੇ ਇਸ ਰੋਡ ਦੇ ਦੋਵੇਂ ਪਾਸੇ ਬਣੀਆਂ ਕਾਲੋਨੀਆਂ ਵਿੱਚ ਖੜੇ ਗੰਦੇ ਪਾਣੀ ਵਿਚੋਂ ਲੰਘਣ ਵੇਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੜਕ ਵੱਡੀ ਗਿਣਤੀ ਹਿੱਸੇ ਵਿੱਚ ਵੱਡੇ ਵੱਡੇ ਟੋਏ ਹਨ ਜਿਹੜੇ ਬਰਸਾਤੀ ਪਾਣੀ ਖੜਾ ਹੋਣ ਕਾਰਨ ਦਿਖਾਈ ਨਹੀਂ ਦਿੰਦੇ ਅਤੇ ਜਦੋਂ ਵਾਹਨਾਂ ਦੇ ਟਾਇਰ ਇਹਨਾਂ ਟੋਇਆਂ ਵਿੱਚ ਪੈਂਦੇ ਹਨ ਤਾਂ ਵਾਹਨਾਂ ਦੇ ਪਲਟਣ ਦਾ ਖਤਰਾ ਬਣ ਜਾਂਦਾ ਹੈ। ਬਰਸਾਤੀ ਪਾਣੀ ਵਾਹਨਾਂ ਦੇ ਇੰਜਣਾਂ ਵਿੱਚ ਚਲੇ ਜਾਣ ਕਾਰਨ ਵਾਹਨ ਖਰਾਬ ਵੀ ਹੋ ਜਾਂਦੇ ਹਨ।

ਇਹੀ ਹਾਲ ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਆਲੇ ਦੁਆਲੇ ਬਣੀਆਂ ਕਾਲੋਨੀਆਂ ਦਾ ਹੈ। ਇਹਨਾਂ ਕਾਲੋਨੀਆਂ ਵਿੱਚ ਬਿਲਡਰਾਂ ਤੇ ਕਾਲੋਨਾਈਜਰਾਂ ਵੱਲੋਂ ਵੱਡੀ ਗਿਣਤੀ ਫਲੈਟ ਅਤੇ ਪਲਾਟ ਵੇਚੇ ਗਏ ਹਨ, ਇਹਨਾਂ ਪਲਾਟਾਂ ਵਿੱਚ ਆਲੀਸ਼ਾਨ ਕੋਠੀਆਂ ਬਣ ਗਈਆਂ ਹਨ। ਇਹ ਫਲੈਟ ਅਤੇ ਪਲਾਟ ਵੇਚਣ ਵੇਲੇ ਕਾਲੋਨਾਈਜਰਾਂ ਅਤੇ ਬਿਲਡਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਇਹਨਾਂ ਕਾਲੋਨੀਆਂ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ।

ਕਈ ਕਾਲੋਨੀਆਂ ਤਾਂ ਅਜਿਹੀਆਂ ਹਨ, ਜੋ ਕਿ ਬਰਸਾਤੀ ਨਾਲਿਆਂ ਅਤੇ ਬਰਸਾਤੀ ਨਦੀਆਂ ਦੇ ਰਸਤੇ ਵਿੱਚ ਹੀ ਬਣਾ ਦਿਤੀਆਂ ਗਈਆਂ ਹਨ। ਅਜਿਹੀਆਂ ਕਾਲੋਨੀਆਂ ਦੇ ਨਕਸ਼ੇ ਕਿਸ ਤਰੀਕੇ ਨਾਲ ਪ੍ਰਸ਼ਾਸਨ ਵੱਲੋਂ ਪਾਸ ਕੀਤੇ ਗਏ, ਇਹ ਵੀ ਭੇਦ ਵਾਲੀ ਗੱਲ ਬਣੀ ਹੋਈ ਹੈ। ਬਰਸਾਤ ਤੋਂ ਬਾਅਦ ਲਗਾਤਾਰ ਕਈ ਦਿਨ ਜਦੋਂ ਬਰਸਾਤੀ ਪਾਣੀ ਦੀ ਇਹਨਾਂ ਕਾਲੋਨੀਆਂ ਵਿੱਚ ਕਿਸੇ ਪਾਸੇ ਨਿਕਾਸੀ ਨਹੀਂ ਹੁੰਦੀ ਤਾਂ ਇਹਨਾਂ ਕਾਲੋਨੀਆਂ ਵਿੱਚ ਫਲੈਟ ਅਤੇ ਪਲਾਟ ਲੈ ਕੇ ਕੋਠੀਆਂ ਬਣਾਉਣ ਵਾਲੇ ਪਛਤਾਉਂਦੇ ਹਨ। ਕਾਲੋਨੀਆਂ ਦੇ ਮਾਲਕ ਇਹਨਾਂ ਕਾਲੋਨੀਆਂ ਦੇ ਵਸਨੀਕਾਂ ਦੀਆਂ ਗੱਲਾਂ ਸੁਣਨ ਨੂੰ ਤਿਆਰ ਨਹੀਂ ਹੁੰਦੇ। ਜਿਸ ਕਾਰਨ ਹਰ ਬਰਸਾਤ ਸਮੇਂ ਸ਼ਹਿਰਾਂ ਦੁਆਲੇ ਬਣੀਆਂ ਕਾਲੋਨੀਆਂ ਵਿੱਚ ਬਰਸਾਤੀ ਪਾਣੀ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ।

ਬਰਸਾਤੀ ਪਾਣੀ ਦੀ ਕਈ ਦਿਨਾਂ ਤਕ ਨਿਕਾਸੀ ਨਾ ਹੋਣ ਕਾਰਨ ਇਹਨਾਂ ਕਾਲੋਨੀਆਂ ਦੇ ਵਸਨੀਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੁਰ ਹਨ। ਵੱਖ ਵੱਖ ਕਾਲੋਨੀਆਂ ਦੇ ਵਸਨੀਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਕਾਲੋਨੀਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕਰਨ ਲਈ ਕਾਲੋਨਾਈਜਰਾਂ ਨੂੰ ਮਜਬੂਰ ਕੀਤਾ ਜਾਵੇ ਅਤੇ ਅਜਿਹਾ ਪ੍ਰਬੰਧ ਨਾ ਕਰਨ ਵਾਲੇ ਕਾਲੋਨਾਈਜਰਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

ਬਿਊਰੋ

Continue Reading

Latest News

Trending