Mohali
ਪੰਜਾਬ ਸਰਕਾਰ ਸ਼ਹੀਦਾਂ ਦੇ ਸੁਫਨੇ ਪੂਰੇ ਕਰਨ ਲਈ ਵਚਨਬੱਧ : ਹਰਜੋਤ ਸਿੰਘ ਬੈਂਸ
ਮੁਹਾਲੀ ਵਿੱਚ ਵਰ੍ਹਦੇ ਮੀਂਹ ਦੌਰਾਨ ਮਨਾਇਆ ਗਿਆ ਜਿਲ੍ਹਾ ਪੱਧਰੀ ਆਜ਼ਾਦੀ ਦਿਹਾੜਾ
ਐਸ ਏ ਐਸ ਨਗਰ, 15 ਅਗਸਤ (ਸ.ਬ.) ਸਥਾਨਕ ਫੇਜ਼ 6 ਵਿੱਚ ਸਥਿਤ ਸਰਕਾਰੀ ਕਾਲੇਜ ਵਿਖੇ ਆਜਾਦੀ ਦਿਹਾੜੇ ਦਾ ਜਿਲ੍ਹਾ ਪੱਧਰੀ ਸਮਾਗਮ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਵਰ੍ਹਦੇ ਮੀਂਹ ਦੇ ਬਾਵਜੂਦ ਪੁਲੀਸ ਟੀਮਾਂ ਵਲੋਂ ਸ਼ਾਨਦਾਰ ਮਾਰਚਪਾਸਟ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪੇਸ਼ਕਾਰੀਆਂ ਦੇ ਕੇ ਮਾਹੌਲ ਨੂੰ ਦੇਸ਼ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਦੌਰਾਨ ਸ਼ਹਿਰ ਵਾਸੀਆਂ ਵਲੋਂ ਵੀ ਪੂਰੇ ਉਤਸ਼ਾਹ ਨਾਲ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਹਿੱਸਾ ਲਿਆ ਗਿਆ।
ਇਸ ਮੌਕੇ ਪੰਜਾਬ ਦੇ ਸਿਖਿਆ ਮੰਤਰੀ ਸz. ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਤਿਰੰਗਾ ਝੰਡਾ ਲਹਿਰਾ ਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਦੇਸ਼ ਦੇ ਮਹਾਨ ਆਜ਼ਾਦੀ ਪ੍ਰਵਾਨਿਆਂ ਨੂੰ ਯਾਦ ਕਰਦਿਆਂ ਉਹਨਾਂ ਕਿਹਾ ਕਿ ਆਖਿਆ ਕਿ ਦੇਸ਼ ਦੀ ਆਜ਼ਾਦੀ ਲਈ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਲਾਲਾ ਲਾਜਪਤ ਰਾਏ, ਸ਼ਹੀਦ ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ ਸਮੇਂ ਤੇ ਆਰੰਭੇ ਗਏ ਸੰਘਰਸ਼ਾਂ ਅਤੇ ਕੁਰਬਾਨੀਆਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ।
ਸz. ਬੈਂਸ ਨੇ ਕਿਹਾ ਕਿ ਦੇਸ਼ ਨੂੰ ਆਜਾਦੀ ਦਿਵਾਉਣ ਲਈ ਸਾਡੇ ਸ਼ਹੀਦਾਂ ਨੇ ਲਾਮਿਸਾਲ ਕੁਰਬਾਨੀਆਂ ਦਿਤੀਆਂ ਹਨ ਅਤੇ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਫਨੇ ਪੂਰੇ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਹਨਾਂ ਕਿਹਾ ਕਿ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਸ. ਭਗਤ ਸਿੰਘ ਦੇ ਨਾਂ ਉਤੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣ ਉਪਰੰਤ ਹੁਣ ਪੰਜਾਬ ਸਰਕਾਰ ਉਥੇ ਸ਼ਹੀਦ-ਏ-ਆਜ਼ਮ ਦਾ ਬੁੱਤ ਲਗਾਉਣ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਅੱਗੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਰਬਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਦੇਣ ਦੀ ਮੰਗ ਵੀ ਰੱਖੀ ਹੈ।
ਸਿਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵੀ ਵਚਨਬੱਧ ਹੈ। ਕੌਮੀ ਤੇ ਕੌਮਾਂਤਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਇਨਾਮਾਂ ਨਾਲ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਉਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਆਈ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਵੱਲੋਂ ਇਕ-ਇਕ ਕਰੋੜ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਹਾਕੀ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਤੇ ਵਾਈਸ ਕਪਤਾਨ ਸਮੇਤ 10 ਖਿਡਾਰੀ ਪੰਜਾਬ ਤੋਂ ਹਨ।
ਸਿੱਖਿਆ ਦੇ ਖੇਤਰ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਰੌਸ਼ਨ ਭਵਿੱਖ ਲਈ ਅਸੀਂ ਆਪਣੇ ਬੱਚਿਆਂ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਸਰਕਾਰ ਨੇ ਸੂਬੇ ਵਿੱਚ 118 ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਹੈ। ਸਿੱਖਿਆ ਵਿੱਚ ਵਿਆਪਕ ਸੁਧਾਰਾਂ ਅਤੇ ਬੱਚਿਆਂ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਲਈ 200 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੀਆਂ ਦੋ ਨਾਮੀ ਵਿੱਦਿਅਕ ਸਿਖਲਾਈ ਸੰਸਥਾਵਾਂ ਤੋਂ ਅਤੇ 100 ਮੁੱਖ ਅਧਿਆਪਕਾਂ ਨੂੰ ਆਈ. ਆਈ. ਐਮ. ਅਹਿਮਦਾਬਾਦ ਤੋਂ ਸਿਖਲਾਈ ਦਿਵਾਈ ਗਈ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪੁਲਾੜ ਵਿਗਿਆਨ ਦੇ ਪ੍ਰੈਕਟੀਕਲ ਤਜਰਬੇ ਲਈ ਚੰਦਰਯਾਨ ਦੇ ਲਾਂਚ ਮੌਕੇ ਸ੍ਰੀਹਰੀਕੋਟਾ ਭੇਜਿਆ ਗਿਆ।
ਉਹਨਾਂ ਕਿਹਾ ਕਿ ਐਨ. ਡੀ. ਏ. ਅਤੇ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਲਈ ਸਰਕਾਰ ਵੱਲੋਂ ਮੁਫਤ ਕੋਚਿੰਗ ਸੈਂਟਰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਤਣਾਅਮੁਕਤ ਸਿੱਖਿਆ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਕੂਲ ਆਫ ਹੈਪੀਨੈਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਰਾਜ ਦੇ 137 ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਟਰਾਂਸਪੋਰਟੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਹਰੇਕ ਸਰਕਾਰੀ ਸਕੂਲ ਵਾਈ ਫਾਈ ਨਾਲ ਲੈਸ ਕੀਤਾ ਗਿਆ ਹੈ, 8044 ਸਕੂਲਾਂ ਵਿੱਚ ਚਾਰ ਦੀਵਾਰੀ ਮੁਕੰਮਲ ਕਰ ਲਈ ਗਈ ਹੈ। ਸਰਕਾਰੀ ਸਕੂਲਾਂ ਵਿੱਚ 3000 ਨਵੇਂ ਕਲਾਸ ਰੂਮ ਬਣਾਏ ਗਏ ਹਨ। 500 ਤੋਂ ਵਧੇਰੇ ਵਿਦਿਆਰਥੀਆਂ ਦੀ ਸਮਰੱਥਾ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਚੌਕੀਦਾਰ, 100 ਤੋਂ ਵਧੇਰੇ ਵਿਦਿਆਰਥੀਆਂ ਦੀ ਸਮਰੱਥਾ ਵਾਲੇ ਸਰਕਾਰੀ ਸਕੂਲਾਂ ਵਿੱਚ ਸਫ਼ਾਈ ਸੇਵਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੈਂਪਸ ਮੈਨੇਜਰ ਨਿਯੁੱਕਤ ਕੀਤੇ ਗਏ ਹਨ।
ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਰੇਡ ਦਾ ਨਿਰੀਖਣ ਵੀ ਕੀਤਾ ਜਿਸ ਵਿੱਚ ਪੰਜਾਬ ਪੁਲੀਸ ਦੀਆਂ ਪੁਰਸ਼ ਤੇ ਮਹਿਲਾ ਟੁਕੜੀਆਂ ਤਿੰਨ ਇਲਾਵਾ ਕਾਲਜ/ਸਕੂਲਾਂ ਦੇ ਐਨ ਸੀ ਸੀ ਕੈਡੇਟ ਵੀ ਸ਼ਾਮਿਲ ਸਨ। ਪਰੇਡ ਨਿਰੀਖਣ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ, ਐਸ ਐਸ ਪੀ ਦੀਪਕ ਪਾਰਿਕ ਅਤੇ ਪਰੇਡ ਕਮਾਂਡਰ ਡੀ ਐਸ ਪੀ ਜਤਿੰਦਰ ਚੌਹਾਨ ਵੀ ਉਨ੍ਹਾਂ ਨਾਲ ਜਿਪਸੀ ਤੇ ਸਵਾਰ ਸਨ।
ਸ਼ਾਨਦਾਰ ਮਾਰਚ ਪਾਸਟ ਵਿੱਚ ਸ਼ਾਮਿਲ ਪੁਲੀਸ ਜੁਆਨਾਂ ਅਤੇ ਐਨ ਸੀ ਸੀ ਕੈਡੇਟਾਂ ਨੇ ਵਰ੍ਹਦੇ ਮੀਂਹ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਦੇ ਇਸ ਅਹਿਮ ਦਿਹਾੜੇ ਪ੍ਰਤੀ ਆਪਣੀ ਪ੍ਰਤੀਬੱਧਤਾ ਦਾ ਸਬੂਤ ਦਿੱਤਾ। ਬੁੱਲਟ ਸਵਾਰ ਅਮਨਿੰਦਰ ਸਿੰਘ ਨੇ ਮੋਟਰ ਬਾਈਕ ਸਟੰਟ ਰਾਹੀਂ ਆਜ਼ਾਦੀ ਦਿਹਾੜੇ ਮੌਕੇ ਵੱਖਰਾ ਨਜ਼ਾਰਾ ਪੇਸ਼ ਕੀਤਾ। ਇਸ ਮੌਕੇ ਸਰਕਾਰੀ ਭਲਾਈ ਸਕੀਮਾਂ ਤੇ ਅਧਾਰਿਤ ਝਾਕੀਆਂ ਵਿੱਚ ਵਣ ਵਿਭਾਗ, ਸਿਹਤ ਵਿਭਾਗ, ਸੀ ਐਮ ਵਿੰਡੋ/ਆਪ ਦੀ ਸਰਕਾਰ ਆਪ ਦੇ ਦੁਆਰ, ਖੇਤੀਬਾੜੀ ਤੇ ਕਿਸਾਨ ਭਲਾਈ, ਜ਼ਿਲ੍ਹਾ ਪੁਲੀਸ ਅਤੇ ਵੇਰਕਾ ਮਿਲਕ ਪਲਾਂਟ ਮੁਹਾਲੀ ਦੀਆਂ ਸੁੰਦਰ ਸਜਾਈਆਂ ਝਾਕੀਆਂ ਸ਼ਾਮਿਲ ਸਨ।
ਪ੍ਰੋਗਰਾਮ ਦੌਰਾਨ ਸਰਕਾਰੀ ਕੰਨਿਆ ਸਕੂਲ ਸੋਹਾਣਾ, ਏ ਪੀ ਜੇ ਸਕੂਲ ਮੁੰਡੀ ਖਰੜ, ਜੈਮ ਪਬਲਿਕ ਸਕੂਲ ਮੁਹਾਲੀ, ਨੈਸ਼ਨਲ ਪਬਲਿਕ ਸਕੂਲ ਕੁਰਾਲੀ, ਲਰਨਿੰਗ ਪਾਥ ਸਕੂਲ ਮੁਹਾਲੀ, ਸਰਕਾਰੀ ਸਕੂਲ ਕੁੰਭੜਾਂ, ਗੁਰੂ ਗੋਬਿੰਦ ਸਿੰਘ ਵਿਦਿਆ ਮੰਦਿਰ ਸਕੂਲ ਰਤਵਾੜਾ ਸਾਹਿਬ ਅਤੇ ਸੇਂਟ ਸੋਲਜਰ ਸਕੂਲ ਮੁਹਾਲੀ ਦੇ ਬੱਚੇ ਸ਼ਾਮਿਲ ਸਨ। ਸਰਕਾਰੀ ਪ੍ਰਾਇਮਰੀ ਸਕੂਲ 3ਬੀ1 ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਰਾਸ਼ਟਰੀ ਗਾਇਨ ਪੇਸ਼ ਕੀਤਾ।
ਇਸ ਮੌਕੇ ਸਮਾਜ ਵਿੱਚ ਵਿਲੱਖਣ ਪ੍ਰਾਪਤੀਆਂ, ਸਿਖਿਆ, ਖੇਡਾਂ ਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਵਾਲਿਆਂ ਅਤੇ ਦਫ਼ਤਰੀ ਕੰਮਾਂ ਵਿੱਚ ਨਿਪੁੰਨਤਾ ਦਿਖਾਉਣ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਵਰਗੀ ਸੁਤੰਤਰਤਾ ਸੰਗਰਾਮੀਏ ਨੱਥਾ ਸਿੰਘ ਦੀ ਪਤਨੀ ਸੁਰਜੀਤ ਕੌਰ ਨੂੰ ਸਿਖਿਆ ਮੰਤਰੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ (ਸ਼ੌਰਿਆ ਚੱਕਰ) ਦੀ ਪਤਨੀ ਸ਼੍ਰੀਮਤੀ ਰੁਪਿੰਦਰਪਾਲ ਅਤੇ ਪੁੱਤਰ ਲੈਫ਼ਟੀਨੈਂਟ ਨਵਤੇਸ਼ਵਰ ਸਿੰਘ, ਓਪਰੇਸ਼ਨ ਰਕਸ਼ਕ ਦੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਭੜੌਂਜਿਆਂ ਦੀ ਮਾਤਾ ਮਨਜੀਤ ਕੌਰ, ਓਪਰੇਸ਼ਨ ਪਵਨ ਦੇ ਸ਼ਹੀਦ ਨਾਇਕ ਧਰਮ ਸਿੰਘ ਦੀ ਪਤਨੀ ਜਸਵਿੰਦਰ ਕੌਰ, ਭਾਰਤ-ਪਾਕਿ ਜੰਗ 1971 ਦੇ ਸ਼ਹੀਦ ਹੌਲਦਾਰ ਕੇਹਰ ਸਿੰਘ ਦੀ ਪਤਨੀ ਬਲਵੰਤ ਕੌਰ ਅਤੇ ਭਾਰਤ-ਚੀਨ ਜੰਗ ਦੇ ਸ਼ਹੀਦ ਸਿਪਾਹੀ ਅਮਰ ਸਿੰਘ ਦੀ ਪਤਨੀ ਮੁਹਿੰਦਰ ਕੌਰ ਨੂੰ ਇਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ 11 ਲੋੜਵੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ।
ਸਮਾਗਮ ਦੌਰਾਨ ਮੁਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ, ਉਪ ਚੇਅਰਮੈਨ ਸ੍ਰੀ ਸੁਭਾਸ਼, ਪੰਜਾਬ ਯੂਥ ਡਿਵੈਲਪਲਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਪ੍ਰਭਜੋਤ ਕੌਰ, ਏ ਡੀ ਸੀ ਵਿਰਾਜ ਐਸ ਤਿੜਕੇ ਤੇ ਸੋਨਮ ਚੌਧਰੀ, ਨਗਰ ਨਿਗਮ ਦੇ ਕਮਿਸ਼ਨਰ ਨਵਜੋਤ ਕੌਰ, ਐਸ ਡੀ ਐਮ ਦੀਪਾਂਕਰ ਗਰਗ, ਕਾਲਜ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਤੇ ਹੋਰ ਅਧਿਕਾਰੀ ਤੇ ਪਤਵੰਤੇ ਸ਼ਾਮਿਲ ਸਨ।
Mohali
ਮੁਹਾਲੀ ਪੁਲੀਸ ਵੱਲੋਂ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਟ੍ਰੈਵਲ ਏਜੰਟ ਕਾਬੂ
ਫੇਜ਼ 5 ਵਿੱਚ ਬਿਨਾ ਲਾਈਸੰਸ ਤੋਂ ਚੱਲ ਰਿਹਾ ਸੀ ਇਮੀਗੇ੍ਰਸ਼ਨ ਸਲਾਹਕਾਰ ਦਾ ਦਫਤਰ
ਐਸ ਏ ਐਸ ਨਗਰ, 23 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਵਿਦੇਸ਼ਾਂ ਵਿੱਚ ਭੇਜਣ ਦਾ ਸੁਪਨਾ ਦਿਖਾ ਕੇ ਠੱਗੀ ਮਾਰਨ ਵਾਲੇ ਇਮੀਗਰੇਸ਼ਨ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼ ਇੱਕ ਦੇ ਠਾਣੇ ਦੇ ਐਸਐਚ ਓ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਐਸ ਸੀ ਐਫ ਇੱਕ ਪਹਿਲੀ ਮੰਜ਼ਿਲ, ਫੇਜ਼-5 ਵਿਖੇ ਵੀਜ਼ਾ ਟੂਰ ਇਮੀਗ੍ਰੇਸ਼ਨ ਕੰਸਲਟੈਂਟੀ ਤੇ ਨਾਮ ਤੇ ਦਫਤਰ ਖੁੱਲਿਆ ਹੋਇਆ ਹੈ ਜਿਸਦਾ ਮਾਲਕ ਜਸਵਿੰਦਰ ਸਿੰਘ ਵਾਸੀ ਭਿੱਖੀ ਜਿਲ੍ਹਾ ਮਾਨਸਾ ਹੈ। ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਵਿਅਕਤੀ ਕੋਲ ਇਮੀਗਰੇਸ਼ਨ ਦਾ ਦਫਤਰ ਚਲਾਉਣ ਲਈ ਕੋਈ ਲਾਈਸੈਂਸ ਨਹੀਂ ਹੈ ਅਤੇ ਉਸ ਵਲੋਂ ਆਪਣਾ ਕੰਮ ਚਲਾਉਣ ਲਈ ਪੰਜ ਛੇ ਲੜਕੀਆਂ ਰੱਖੀਆਂ ਹੋਈਆਂ ਹਨ ਜੋ ਕਿਸੇ ਨਾ ਕਿਸੇ ਤਰੀਕੇ ਆਮ ਲੋਕਾਂ ਦੇ ਮੋਬਾਈਲ ਫੋਨ ਨੰਬਰ ਹਾਸਿਲ ਕਰਕੇ ਉਹਨਾਂ ਨੂੰ ਆਪਣੇ ਦਫਤਰਾਂ ਦੇ ਨੰਬਰਾਂ ਤੋਂ ਫੋਨ ਕਰਦੀਆਂ ਸਨ ਅਤੇ ਭੋਲੇ ਭਾਲੇ ਲੋਕਾਂ ਨੂੰ ਬਾਹਰਲੇ ਦੇਸ਼ ਭੇਜਣ ਅਤੇ ਕਈ ਮੁਲਕਾਂ ਦੀ ਸੈਰ ਕਰਾਉਣ ਦਾ ਲਾਲਚ ਦੇ ਕੇ ਉਹਨਾਂ ਪਾਸੋਂ ਮੋਟੀ ਰਕਮ ਵਸੂਲ ਕਰਦੇ ਹਨ। ਇਹਨਾਂ ਵੱਲੋਂ ਬਿਨਾਂ ਕਿਸੇ ਅਧਿਕਾਰ ਦੇ ਆਮ ਲੋਕਾਂ ਦੇ ਪਾਸਪੋਰਟ ਵੀ ਲੈ ਕੇ ਰੱਖੇ ਹੋਏ ਹਨ ਜਦਕਿ ਉਸ ਪਾਸ ਅਜਿਹਾ ਕੋਈ ਅਧਿਕਾਰ ਨਹੀਂ ਹੈ।
ਉਹਨਾਂ ਦੱਸਿਆ ਕਿ ਜਾਣਕਾਰੀ ਹਾਸਿਲ ਹੋਣ ਤੇ ਪੁਲੀਸ ਨੇ ਉਕਤ ਦਫਤਰ ਵਿੱਚ ਛਾਪੇਮਾਰੀ ਕਰਕੇ ਇਸ ਕੰਪਨੀ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੇ ਖਿਲਾਫ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਰਿਮਾਂਡ ਲਿਆ ਜਾਵੇਗਾ ਅਤੇ ਇਸਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਕਿੰਨੀ ਦੇਰ ਤੋਂ ਠੱਗੀ ਦਾ ਅੱਡਾ ਚਲਾ ਰਿਹਾ ਸੀ ਅਤੇ ਹੁਣ ਤੱਕ ਕਿੰਨੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਚੁੱਕਿਆ ਹੈ। ਪੁਲੀਸ ਇਹ ਵੀ ਪਤਾ ਲਗਾਏਗੀ ਕਿ ਇਸ ਤੋਂ ਪਹਿਲਾਂ ਉਸ ਦੇ ਹੋਰ ਕਿੰਨੇ ਦਫਤਰ ਚੱਲ ਰਹੇ ਹਨ ਜਾਂ ਇਸ ਤੋਂ ਪਹਿਲਾਂ ਹੋਰ ਕਿਹੜੇ ਸ਼ਹਿਰਾਂ ਵਿੱਚ ਇਹ ਠੱਗੀ ਮਾਰ ਕੇ ਮੁਹਾਲੀ ਵਿੱਚ ਆ ਕੇ ਦਫਤਰ ਖੋਲ੍ਹਿਆ ਹੈ।
Mohali
ਨਗਰ ਨਿਗਮ ਦੀ ਟੀਮ ਨੇ ਸੋਹਾਣਾ ਵਿਖੇ ਮੁੱਖ ਸੜਕ ਦੇ ਕਿਨਾਰੇ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਚੁਕਵਾਏ
ਐਸ ਏ ਐਸ ਨਗਰ, 23 ਨਵੰਬਰ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੇ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਵਲੋਂ ਸੁਪਰਡੈਂਟ ਅਨਿਲ ਕੁਮਾਰ ਦੀ ਅਗਵਾਈ ਹੇਠ ਸੋਹਾਣਾ ਵਿੱਚ ਦੁਕਾਨਦਾਰਾਂ ਵਲੋਂ ਮੁੱਖ ਸੜਕ ਦੇ ਕਿਨਾਰੇ ਕੀਤੇ ਗਏ ਨਾਜਾਇਜ਼ ਕਬਜ਼ੇ ਚੁਕਵਾ ਦਿੱਤੇ। ਇਸ ਮੌਕੇ ਨਗਰ ਨਿਗਮ ਦੇ ਕੌਂਸਲਰਸz. ਹਰਜੀਤ ਸਿੰਘ ਭੋਲੂ ਅਤੇ ਸਿੰਘ ਸ਼ਹੀਦਾਂ ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਵਲੋਂ ਨਿਗਮ ਦੀ ਟੀਮ ਦਾ ਸਾਥ ਦਿੱਤਾ ਗਿਆ ਅਤੇ ਨਾਲ ਲੱਗ ਕੇ ਕਬਜ਼ੇ ਦੂਰ ਕਰਵਾਏ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕੌਂਸਲਰ ਸz. ਹਰਜੀਤ ਸਿੰਘ ਭੋਲੂ ਨੇ ਦੱਸਿਆ ਕਿ ਮਾਰਕੀਟ ਦੇ ਕੁੱਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਸਾਮ੍ਹਣੇ ਸੜਕ ਦੀ ਥਾਂ ਵਿੱਚ 15-15 ਫੁੱਟ ਤਕ ਕਬਜ਼ੇ ਕਰਕੇ ਸ਼ੈਡ ਪਾ ਦਿੱਤੇ ਗਏ ਸਨ ਅਤੇ ਉਸਤੋਂ ਵੀ ਅੱਗੇ ਤਕ ਸਾਮਾਨ ਖਿਲਾਰ ਕੇ ਰੱਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇੱਕ ਦੁਕਾਨਦਾਰ ਵਲੋਂ ਤਾਂ ਸੜਕ ਦੀ ਥਾਂ ਤੋਂ ਹੀ ਪੌੜੀਆਂ ਬਣਾ ਦਿੱਤੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਇਹਨਾਂ ਕਬਜ਼ਿਆਂ ਕਾਰਨ ਇੱਥੇ ਆਵਾਜਾਈ ਦੀ ਗੰਭੀਰ ਸਮੱਸਿਆ ਆਉਂਦੀ ਹੈ ਅਤੇ ਅਕਸਰ ਜਾਮ ਲੱਗਣ ਦੀ ਨੌਬਤ ਹੋ ਜਾਂਦੀ ਹੈ। ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਵਲੋਂ ਵੀ ਇਹਨਾਂ ਕਬਜ਼ਿਆਂ ਦਾ ਵਿਰੋਧ ਕੀਤਾ ਗਿਆ ਸੀ ਪਰੰਤੂ ਅੜੀਅਲ ਦੁਕਾਨਦਾਰ ਕਿਸੇ ਦੀ ਨਹੀਂ ਸੁਣਦੇ ਸਨ ਜਿਸਤੇ ਨਗਰ ਨਿਗਮ ਦੀ ਟੀਮ ਬੁਲਾ ਕੇ ਇਹ ਕਬਜ਼ੇ ਦੂਰ ਕਰਵਾਏ ਗਏ ਹਨ। ਇਸ ਮੌਕੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਪ੍ਰਧਾਨ ਸ੍ਰੀ ਜਸ਼ਨ ਅਤੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜਿਰ ਸਨ।
Mohali
ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ
ਐਸ ਏ ਐਸ ਨਗਰ, 23 ਨਵੰਬਰ (ਸ.ਬ.) ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਕਿਤੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੀ ਹਿੰਮਤ ਕਰ ਲੈਂਦੇ ਹਨ। ਸਥਾਨਕ ਫੇਜ਼ 4 ਦੇ ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿੱਚ ਅੱਜ ਇੱਕ ਵਿਆਹ ਸੰਬੰਧੀ ਚਲ ਰਹੇ ਆਨੰਦ ਕਾਰਜਾਂ ਦੌਰਾਨ ਇੱਕ 12-13 ਸਾਲ ਦਾ ਬੱਚਾ ਲਾੜੀ ਦੀ ਮਾਂ ਦਾ ਬੈਗ (ਜਿਸ ਵਿੱਚ ਨਕਦੀ ਅਤੇ ਗਹਿਣੇ ਸਨ) ਲੈ ਕੇ ਭੱਜ ਗਿਆ। ਹਾਲਾਂਕਿ ਲਾੜੀ ਦੀ ਮਾਂ ਵਲੋਂ ਰੌਲਾ ਪਾਉਣ ਤੇ ਗੁਰੂਦੁਆਰਾ ਸਾਹਿਬ ਦੇ ਸੇਵਾਦਾਰ ਨੇ ਬਾਹਰ ਜਾ ਰਹੇ ਇਸ ਬੱਚੇ ਨੂੰ ਕਾਬੂ ਕਰ ਲਿਆ ਅਤੇ ਇਸ ਵਾਰਦਾਤ ਦੌਰਾਨ ਕਿਸੇ ਨੁਕਸਾਨ ਤੋਂ ਬਚਾਓ ਹੋ ਗਿਆ। ਇਸ ਬੱਚੇ ਨੂੰ ਬਾਅਦ ਵਿੱਚ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।
ਫੇਜ਼- 4 ਦੇ ਸਾਬਕਾ ਕੌਂਸਲਰ ਸz. ਗੁਰਮੁਖ ਸਿੰਘ ਸੋਹਲ ਨੇ ਦੱਸਿਆ ਕਿ ਅੱਜ ਗੁਰੂਦੁਆਰਾ ਸਾਹਿਬ ਵਿਖੇ ਫੇਜ਼ 4 ਦੇ ਇੱਕ ਪਰਿਵਾਰ ਦੀ ਲੜਕੀ ਦੇ ਆਨੰਦ ਕਾਰਜ ਹੋ ਰਹੇ ਸਨ ਜਿਸ ਦੌਰਾਨ ਇੱਕ ਬੱਚਾ ਕੋਟ ਪੈਂਟ ਪਾ ਕੇ ਅਤੇ ਪੂਰੀ ਤਰ੍ਹਾਂ ਤਿਆਰ ਹੋ ਕੇ ਉੱਥੇ ਪਹੁੰਚਿਆ ਸੀ। ਉਹਨਾਂ ਦੱਸਿਆ ਕਿ ਆਨੰਦ ਕਾਰਜ ਦੌਰਾਨ ਜਦੋਂ ਲਾੜੀ ਦੀ ਮਾਂ ਪੱਲਾ ਫੜਾਉਣ ਲਈ ਜੋੜੇ ਕੋਲ ਗਈ ਤਾਂ ਉਸਨੇ ਆਪਣਾ ਪਰਸ ਉੱਥੇੇ ਹੀ ਰੱਖ ਦਿੱਤਾ ਜਿਸਨੂੰ ਇਸ ਬੱਚੇ ਨੇ ਚੁੱਕ ਲਿਆ ਅਤੇ ਬਾਹਰ ਵੱਲ ਚਲਾ ਗਿਆ। ਪੱਲਾ ਫੜਾਉਣ ਤੋਂ ਬਾਅਦ ਜਦੋਂ ਕੁੜੀ ਦੀ ਮਾਂ ਨੇ ਵੇਖਿਆ ਕਿ ਉਸਦਾ ਪਰਸ ਗਾਇਬ ਹੈ ਤਾਂ ਉਹ ਬਾਹਰ ਨੂੰ ਭੱਜੀ ਅਤੇ ਉਸ ਬੱਚੇ ਦੇ ਹੱਥ ਵਿੱਚ ਪਰਸ ਦੇਖ ਕੇ ਸੇਵਾਦਾਰ ਨੂੰ ਉਸਨੂੰ ਰੋਕਣ ਲਈ ਕਿਹਾ। ਉਹਨਾਂ ਦੱਸਿਆ ਕਿ ਉਦੋਂ ਤੱਕ ਬੱਚਾ ਗੇਟ ਤਕ ਪਹੁੰਚ ਗਿਆ ਸੀ ਅਤੇ ਸੇਵਾਦਾਰ ਵਲੋਂ ਡੰਡਾ ਅੜਾ ਕੇ ਰਾਹ ਰੋਕਣ ਤੇ ਉਹ ਪਰਸ ਸੁੱਟ ਕੇ ਭੱਜ ਗਿਆ ਜਿਸਨੂੰ ਕਾਬੂ ਕਰ ਲਿਆ ਗਿਆ ਅਤੇ ਫਿਰ ਪੀ ਸੀ ਆਰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ।
ਉਹਨਾਂ ਕਿਹਾ ਕਿ ਇਸ ਵਾਰਦਾਤ ਵਿੱਚ ਭਾਵੇਂ ਕਿਸੇ ਨੁਕਸਾਨ ਤੋਂ ਬਚਾਓ ਹੋ ਗਿਆ ਹੈ ਪਰੰਤੂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੂਰੀ ਤਰ੍ਹਾਂ ਚੇਤੰਨ ਰਹਿਣ ਅਤੇ ਅਜਿਹੇ ਸਮਾਗਮ ਮੌਕੇ ਕੀਮਤੀ ਸਾਮਾਨ ਦਾ ਪੂਰੀ ਤਰ੍ਹਾਂ ਧਿਆਨ ਰੱਖਣ ਤਾਂ ਜੋ ਅਜਿਹੀ ਕਿਸੇ ਵਾਰਦਾਤ ਤੋਂ ਬਚਿਆ ਜਾ ਸਕੇ।
-
International2 months ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
International1 month ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
Mohali1 month ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
National1 month ago
ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਹੋਣਗੇ ਸੰਜੀਵ ਖੰਨਾ
-
National1 month ago
ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਮੁੜ ਹਿੰਸਾ
-
National1 month ago
ਸੁਪਰੀਮ ਕੋਰਟ ਵੱਲੋਂ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵਾਂ ਦਾ ਦੋਸ਼ ਲਗਾਉਣ ਵਾਲੀ ਪਟੀਸ਼ਨ ਖਾਰਜ