Editorial
ਰੇਤ ਅਤੇ ਬਜਰੀ ਦੀ ਕੀਮਤ ਤੇ ਕਾਬੂ ਕਰਨਾ ਸਰਕਾਰ ਦੀ ਜਿੰਮੇਵਾਰੀ
ਅਮੀਰ ਹੋਵੇ ਜਾਂ ਗਰੀਬ, ਆਪਣੇ ਲਈ ਇੱਕ ਅਦਦ ਘਰ ਦਾ ਸੁਪਨਾ ਹਰ ਵਿਅਕਤੀ ਵੇਖਦਾ ਹੈ। ਅਮੀਰਾਂ ਦੀ ਗੱਲ ਹੋਰ ਹੈ ਅਤੇ ਉਹ ਆਪਣਾ ਇਹ ਸੁਫਨਾ ਆਸਾਨੀ ਨਾਲ ਪੂਰਾ ਕਰ ਲੈਂਦੇ ਹਨ ਪਰੰਤੂ ਆਮ ਆਦਮੀ ਤਾਂ ਆਪਣੇ ਇਸ ਸੁਫਨੇ ਨੂੰ ਪੂਰਾ ਕਰਨ ਦੀ ਚਾਹਤ ਵਿੱਚ ਆਪਣੀ ਪੂਰੀ ਜਿੰਦਗੀ ਗੁਜਾਰ ਦਿੰਦਾ ਹੈ। ਪਹਿਲਾਂ ਮਕਾਨ ਵਾਸਤੇ ਪਲਾਟ ਲੈਣ ਦੀ ਕਵਾਇਦ ਅਤੇ ਫਿਰ ਉਸ ਮਕਾਨ ਦੀ ਉਸਾਰੀ ਤੇ ਹੋਣ ਵਾਲੇ ਖਰਚੇ ਇੰਨੇ ਵੱਧ ਹਨ ਕਿ ਇਹਨਾਂ ਵਾਸਤੇ ਲੋੜੀਂਦੀ ਰਕਮ ਦਾ ਪ੍ਰਬੰਧ ਕਰਨ ਵਿੱਚ ਹੀ ਵਿਅਕਤੀ ਦੀ ਪੂਰੀ ਜਿੰਦਗੀ ਲੰਘ ਜਾਂਦੀ ਹੈ ਅਤੇ ਉਹ ਆਪਣੇ ਇਸ ਆਸ਼ਿਆਨੇ ਦੀ ਉਸਾਰੀ ਦੀ ਤਿਆਰੀ ਵਿੱਚ ਹੀ ਲੰਬਾ ਸਮਾਂ ਲੰਘਾ ਦਿੰਦਾ ਹੈ।
ਪਰੰਤੂ ਜਦੋਂ ਆਪਣੇ ਮਕਾਨ ਦੀ ਉਸਾਰੀ ਕਰਨ ਵੇਲੇ ਉਸਨੂੰ ਇਹ ਪਤਾ ਲੱਗੇ ਕਿ ਉਸਾਰੀ ਦੇ ਸਾਮਾਨ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਕਾਰਨ ਉਹ ਆਪਣਾ ਮਕਾਨ ਬਣਾਉਣ ਦਾ ਸਮਰਥ ਹੀ ਨਹੀਂ ਰਿਹਾ ਤਾਂ ਉਸਨੂੰ ਸਮਝ ਹੀ ਨਹੀਂ ਆਉਂਦਾ ਕਿ ਉਹ ਕਿੱਥੇ ਜਾ ਕੇ ਫਰਿਆਦ ਕਰੇ। ਪੰਜਾਬ ਦੇ ਹਾਲਾਤ ਵੀ ਕੁੱਝ ਅਜਿਹੇ ਹੀ ਹਨ ਅਤੇ ਪਿਛਲੇ ਸਮੇਂ ਦੌਰਾਨ ਮਕਾਨ ਉਸਾਰੀ ਵਿੱਚ ਵਰਤੇ ਜਾਣ ਵਾਲੇ ਸਾਮਾਨ ਜਿਵੇਂ ਰੇਤਾ, ਬਜਰੀ, ਇੱਟਾਂ ਆਦਿ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਣ ਕਾਰਨ ਲੋਕਾਂ ਦਾ ਇਹ ਸੁਫਨਾ ਵਿਚਾਲੇ ਹੀ ਰਹਿ ਗਿਆ ਹੈ।
ਢਾਈ ਸਾਲ ਪਹਿਲਾਂ ਪੰਜਾਬ ਦੀ ਸੱਤਾ ਤੇ ਕਾਬਿਜ ਹੋਣ ਵਾਲੀ ਆਮ ਆਦਮੀ ਪਾਰਟੀ ਵਲੋਂ ਵਿਧਾਨਸਭਾ ਚੋਣਾਂ ਦੌਰਾਨ ਰੇਤ ਅਤੇ ਬਜਰੀ ਦੀਆਂ ਵੱਧਦੀਆਂ ਕੀਮਤਾਂ ਨੂੰ ਵੱਡਾ ਮੁੱਦਾ ਬਣਾਇਆ ਗਿਆ ਸੀ ਅਤੇ ਆਮ ਆਦਮੀ ਪਾਰਟੀ ਦਾ ਦਾਅਵਾ ਕਰਦੀ ਸੀ ਕਿ ਸੱਤਾ ਤੇ ਕਾਬਿਜ ਹੋਣ ਤੋਂ ਬਾਅਦ ਸਰਕਾਰ ਵਲੋਂ ਰੇਤ ਮਾਫੀਆ ਤੇ ਕਾਬੂ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ ਪਰੰਤੂ ਨਵੀਂ ਸਰਕਾਰ ਦੇ ਇਹ ਦਾਅਵੇ ਪੂਰੀ ਤਰ੍ਹਾ ਹਵਾ ਹਵਾਈ ਹੀ ਸਾਬਿਤ ਹੋਏ ਹਨ। ਇਸ ਦੌਰਾਨ ਪਹਿਲਾਂ ਤੋਂ ਸਰਗਰਮ ਰੇਤ ਮਾਫੀਆ (ਜਿਸਨੂੰ ਵੱਡੇ ਸਿਆਸੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਕਥਿਤ ਸਰਪਰਸਤੀ ਹਾਸਿਲ ਹੈ) ਵਲੋਂ ਰੇਤਾ ਅਤੇ ਬਜਰੀ ਦੇ ਕਾਰੋਬਾਰ ਤੇ ਪੂਰੀ ਤਰ੍ਹਾਂ ਕਬਜਾ ਕਰ ਲਿਆ ਗਿਆ ਹੈ ਅਤੇ ਸਰਕਾਰ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਉਸ ਵਲੋਂ ਰੇਤ ਅਤੇ ਬਜਰੀ ਦੀ ਮਨਮਾਨੀ ਕੀਮਤ ਵਸੂਲ ਕੇ ਮੋਟਾ ਮੁਨਾਫਾ ਕਮਾਇਆ ਜਾ ਰਿਹਾ ਹੈ।
ਇਸ ਵੇਲੇ ਹਾਲਾਤ ਇਹ ਹਨ ਕਿ ਰੇਤ ਅਤੇ ਬਜਰੀ ਦੀ ਕੀਮਤ ਵਿੱਚ ਹੋਏ ਬੇਸ਼ੁਮਾਰ ਵਾਧੇ ਕਾਰਨ ਲੋਕਾਂ ਦਾ ਆਪਣੇ ਘਰ ਦਾ ਸੁਪਨਾ ਵੀ ਟੁੱਟਣ ਲੱਗ ਪਿਆ ਹੈ। ਰੇਤ ਅਤੇ ਬਜਰੀ ਦੀ ਕੀਮਤ ਇਸ ਵੇਲੇ 35 ਰੁਪਏ ਪ੍ਰਤੀ ਫੁੱਟ ਤੋਂ ਪਾਰ ਹੋ ਚੁੱਕੀ ਹੈ ਜਿਹੜੀ ਬਹੁਤ ਜਿਆਦਾ ਹੈ ਅਤੇ ਇਸ ਕਾਰਨ ਉਸਾਰੀ ਦੀ ਕੀਮਤ ਬਹੁਤ ਵੱਧ ਜਾਂਦੀ ਹੈ। ਇਸਦੇ ਨਾਲ ਹੀ ਸੀਮਿੰਟ ਦੀ ਕੀਮਤ ਵੀ ਕਾਫੀ ਵੱਧ ਗਈ ਹੈ ਜਿਸ ਕਾਰਨ ਲੋਕਾਂ ਲਈ ਆਪਣੇ ਘਰ ਦੀ ਉਸਾਰੀ ਕਰਨੀ ਬਹੁਤ ਜਿਆਦਾ ਔਖੀ ਹੋ ਗਈ ਹੈ। ਇਸ ਦੌਰਾਨ ਸੂਬੇ ਦੀ ਸੱਤਾ ਤੇ ਕਾਬਿਜ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭਾਵੇਂ ਸਮੇਂ ਸਮੇਂ ਤੇ ਰੇਤ ਅਤੇ ਬਜਰੀ ਦੀਆਂ ਕੀਮਤਾਂ ਕਾਬੂ ਹੇਠ ਰੱਖਣ ਲਈ ਲੋੜੀਂਦੀ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਇਹ ਕਾਰਵਾਈ ਸਿਰਫ ਸਰਕਾਰੀ ਐਲਾਨਾਂ ਤਕ ਹੀ ਸੀਮਿਤ ਹੈ ਅਤੇ ਇਸ ਤਰੀਕੇ ਨਾਲ ਇਹ ਸਮੱਸਿਆ ਹਲ ਹੋਣ ਵਾਲੀ ਨਹੀਂ ਦਿਖਦੀ। ਸਰਕਾਰ ਭਾਵੇਂ ਕੋਈ ਵੀ ਤਰਕ ਦੇਵੇ ਅਤੇ ਕਿੰਨੇ ਵੀ ਦਾਅਵੇ ਕਰੇ ਪਰੰਤੂ ਰੇਤ ਅਤੇ ਬਜਰੀ ਦੀ ਲਗਾਤਾਰ ਵੱਧਦੀ ਕੀਮਤ ਉਸਦੇ ਇਹਨਾਂ ਦਾਅਵਿਆਂ ਦਾ ਮੂੰਹ ਚਿੜ੍ਹਾਉਂਦੀ ਹੈ। ਕਿਸੇ ਵੀ ਸਰਕਾਰ ਦੀ ਸਭ ਤੋਂ ਪਹਿਲੀ ਜਿੰਮੇਵਾਰੀ ਹੁੰਦੀ ਹੈ ਉਹ ਆਪਣੀ ਜਨਤਾ ਦੀਆਂ ਮੁੱਢਲੀਆਂ ਲੋੜਾਂ (ਰੋਟੀ ਕਪੜਾ ਅਤੇ ਮਕਾਨ) ਨੂੰ ਪੂਰਾ ਕਰੇ ਅਤੇ ਜਿਹੜੀ ਸਰਕਾਰ ਦੇ ਰਾਜ ਵਿੱਚ ਜਨਤਾ ਨੂੰ ਇਹ ਸਹੂਲਤਾਂ ਨਾ ਮਿਲਦੀਆਂ ਹੋਣ, ਉਸਦੀ ਕਾਰਗੁਜਾਰੀ ਤੇ ਹਮੇਸ਼ਾ ਹੀ ਸਵਾਲੀਆ ਨਿਸ਼ਾਨ ਉਠਦੇ ਰਹਿੰਦੇ ਹਨ। ਅਜਿਹੀ ਸਰਕਾਰ ਭਾਵੇਂ ਕਿੰਨੇ ਵੀ ਦਾਅਵੇ ਕਰੇ ਪਰੰਤੂ ਉਸਤੋਂ ਆਮ ਲੋਕਾਂ ਦਾ ਭਰੋਸਾ ਖੁਦ ਬ ਖੁਦ ਉਠ ਜਾਂਦਾ ਹੈ।
ਲੋਕਾਂ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਮੁਹਈਆ ਕਰਵਾਉਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਜਿੰਮੇਵਾਰੀ ਹੈ ਕਿ ਉਹ ਸੂਬੇ ਵਿੱਚ ਰੇਤ ਅਤੇ ਬਜਰੀ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਸਖਤ ਕਾਰਵਾਈ ਨੂੰ ਯਕੀਨੀ ਬਣਾਏ। ਇਸ ਵਾਸਤੇ ਜਰੂਰੀ ਹੈ ਕਿ ਸਰਕਾਰ ਇਸ ਕਾਰੋਬਾਰ ਤੇ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੀ ਕਥਿਤ ਸ਼ਹਿ ਨਾਲ ਕਾਬਜ ਹੋਏ ਰੇਤ ਮਾਫੀਆ ਤੇ ਕਾਬੂ ਕਰੇ ਅਤੇ ਇਸ ਗੱਲ ਨੂੰ ਯਕੀਨੀ ਬਣਾਏ ਕਿ ਆਮ ਲੋਕਾਂ ਨੂੰ ਮਕਾਨ ਉਸਾਰੀ ਦਾ ਇਹ ਸਾਮਾਨ ਜਾਇਜ ਕੀਮਤ ਤੇ ਹਾਸਿਲ ਹੋਵੇ ਤਾਂ ਜੋ ਇਸ ਸੰਬੰਧੀ ਜਨਤਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹਲ ਕੀਤਾ ਜਾ ਸਕੇ।
Editorial
ਆਮ ਲੋਕਾਂ ਨੂੰ ਲਗਾਤਾਰ ਵੱਧਦੀ ਮਹਿੰਗਾਈ ਤੋਂ ਰਾਹਤ ਦੇਣਾ ਸਰਕਾਰ ਦੀ ਜਿੰਮੇਵਾਰੀ
ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵੱਧਦੀ ਮਹਿੰਗਾਈ ਸਾਡੇ ਦੇਸ਼ ਦੀ ਸਭ ਤੋਂ ਅਹਿਮ ਸਮੱਸਿਆ ਬਣੀ ਹੋਈ ਹੈ ਅਤੇ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਇਹ ਲਗਾਤਾਰ ਵੱਧਦੀ ਰਹੀ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਲੋਕਾਂ ਦੀ ਰੋਜਾਨਾ ਜਰੂਰਤ ਦਾ ਜਿਆਦਾਤਰ ਸਾਮਾਨ ਲਗਾਤਾਰ ਮਹਿੰਗਾ ਅਤੇ ਹੋਰ ਮਹਿੰਗਾ ਹੋ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਰੋਜਾਨਾ ਵਰਤੋਂ ਦੇ ਜਰੂਰੀ ਸਾਮਾਨ ਤੇ ਬਹੁਤ ਜਿਆਦਾ ਰਕਮ ਖਰਚ ਕਰਨੀ ਪੈ ਰਹੀ ਹੈ ਪਰੰਤੂ ਉਹਨਾਂ ਦੀ ਕਮਾਈ ਵਿੱਚ ਲੋੜੀਂਦਾ ਵਾਧਾ ਨਾ ਹੋਣ ਕਾਰਨ ਲਗਾਤਾਰ ਵੱਧਦੀ ਮਹਿੰਗਾਈ ਨੇ ਆਮ ਆਦਮੀ ਦਾ ਜੀਣਾ ਹਰਾਮ ਕਰਕੇ ਰੱਖ ਦਿੱਤਾ ਹੈ ਅਤੇ ਜਨਤਾ ਨੂੰ ਮਹਿੰਗਾਈ ਦੀ ਭਾਰੀ ਮਾਰ ਝੱਲਣੀ ਪੈ ਰਹੀ ਹੈ।
ਕੇਂਦਰ ਸਰਕਾਰ ਵਲੋਂ ਲਗਾਤਾਰ ਵੱਧਦੀ ਮਹਿੰਗਾਈ ਦੀ ਇਸ ਸਮੱਸਿਆ ਤੇ ਕਾਬੂ ਕਰਨ ਲਈ ਕਾਰਵਾਈ ਕਰਨ ਦੇ ਲੰਬੇ ਚੌੜੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰੰਤੂ ਆਮ ਆਦਮੀ ਨੂੰ ਸਰਕਾਰ ਦੇ ਅੰਕੜਿਆਂ ਅਨੁਸਾਰ ਮਹਿੰਗਾਈ ਵਿੱਚ ਹੋਈ ਕਿਸੇ ਤਰ੍ਹਾਂ ਦੀ ਕਟੌਤੀ ਕਿਤੇ ਨਜਰ ਨਹੀਂ ਆਉਂਦੀ ਅਤੇ ਲੋਕਾਂ ਦੀ ਆਮ ਵਰਤੋਂ ਵਿੱਚ ਆਉਣ ਵਾਲੇ ਹਰ ਛੋਟੇ ਵੱਡੇ ਸਾਮਾਨ ਜਿਵੇਂ ਕਿਤਾਬਾਂ, ਦਵਾਈਆਂ, ਕਪੜੇ, ਮਿਠਾਈਆਂ, ਮਕਾਨ ਉਸਾਰੀ ਦੇ ਸਮਾਨ ਸਮੇਤ ਅਤੇ ਹਰ ਤਰ੍ਹਾਂ ਦੇ ਸਾਮਾਨ ਦੀ ਕੀਮਤ ਲਗਾਤਾਰ ਵੱਧਦੀ ਜਾ ਰਹੀ ਹੈ। ਮਹਿੰਗਾਈ ਦਰ ਤੇ ਕਾਬੂ ਕਰਨ ਦੇ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਾ ਤਾਂ ਸਬਜੀਆਂ ਅਤੇ ਫਲ ਦੇ ਦਾਮ ਘੱਟ ਹੋਏ ਹਨ ਅਤੇ ਨਾ ਹੀ ਰਾਸ਼ਨ ਦਾ ਸਾਮਾਨ ਸਸਤਾ ਹੋਇਆ ਹੈ ਜਿਸ ਕਾਰਣ ਆਮ ਆਦਮੀ ਲਈ ਗੁਜਾਰਾ ਚਲਾਉਣਾ ਤਕ ਔਖਾ ਹੁੰਦਾ ਜਾ ਰਿਹਾ ਹੈ।
ਲਗਾਤਾਰ ਵੱਧਦੀ ਮਹਿੰਗਾਈ ਦੀ ਇਸ ਸਮੱਸਿਆ ਤੋਂ ਰਾਹਤ ਹਾਸਿਲ ਕਰਨ ਲਈ ਆਮ ਲੋਕ ਸਰਕਾਰ ਦਾ ਮੂੰਹ ਵੇਖਦੇ ਹਨ ਪਰੰਤੂ ਸਰਕਾਰ ਵਲੋਂ ਆਮ ਲੋਕਾਂ ਨੂੰਕੋਈ ਰਾਹਤ ਦੇਣੀ ਤਾਂ ਦੂਰ ਉਲਟਾ ਪੈਟਰੋਲ ਅਤੇ ਡੀਜਲ ਉੱਪਰ ਲਗਾਏ ਜਾਣ ਵਾਲੇ ਭਾਰੀ ਭਰਕਮ ਟੈਕਸਾਂ ਕਾਰਨ ਮਹਿੰਗਾਈ ਹੋਰ ਵੀ ਜਿਆਦਾ ਵੱਧਦੀ ਹੈ। ਸਰਕਾਰ ਦੇ ਇਹਨਾਂ ਟੈਕਸਾਂ ਕਾਰਨ ਪੈਟਰੋਲ ਅਤੇ ਡੀਜਲ ਦੀ ਕੀਮਤ ਬਹੁਤ ਜਿਆਦਾ ਵੱਧ ਜਾਂਦੀ ਹੈ ਜਿਸ ਕਾਰਨ ਸਾਮਾਨ ਦੀ ਢੋਆ ਢੁਆਈ ਸਮੇਤ ਹਰ ਤਰ੍ਹਾਂ ਦੇ ਖਰਚੇ ਕਾਫੀ ਜਿਆਦਾ ਵੱਧਦੇ ਹਨ ਅਤੇ ਆਮ ਲੋਕਾਂ ਦੀ ਜਰੂਰਤ ਦਾ ਸਾਮਾਨ ਹੋਰ ਵੀ ਮਹਿੰਗਾ ਹੋ ਜਾਂਦਾ ਹੈ ਅਤੇ ਇਸ ਕਾਰਨ ਆਮ ਲੋਕਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇੱਕ ਪਾਸੇ ਤਾਂ ਉਹਨਾਂ ਨੂੰ ਪੈਟਰੋਲ ਅਤੇ ਡੀਜਲ ਤੇ ਲੱਗਦੇ ਇਸ ਭਾਰੀ ਟੈਕਸ ਕਾਰਨ ਆਪਣੇ ਵਾਹਨਾਂ ਲਈ ਮਹਿੰਗਾ ਪੈਟਰੋਲ ਡੀਜਲ ਖਰੀਦਣਾ ਪੈਂਦਾ ਹੈ ਅਤੇ ਦੂਜੇ ਪਾਸੇ ਇਸ ਕਾਰਨ ਮਹਿੰਗਾਈ ਵਿੱਚ ਹੋਣ ਵਾਲਾ ਵਾਧਾ ਉਹਨਾਂ ਦਾ ਕਚੂਮਰ ਕੱਢਦਾ ਰਹਿੰਦਾ ਹੈ।
ਤਰਾਸਦੀ ਇਹ ਵੀ ਹੈ ਕਿ ਜੇਕਰ ਸਰਕਾਰ ਦੇ ਅੰਕੜਿਆਂ ਅਨੁਸਾਰ ਲੋਕਾਂ ਦੀ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀ ਥੋਕ ਕੀਮਤ ਵਿੱਚ ਕੁੱਝ ਕਮੀ ਆਹੁੰਦੀ ਵੀ ਹੈ ਤਾਂ ਵੀ ਪਰਚੂਨ ਦੁਕਾਨਦਾਰ ਇਹਨਾਂ ਵਸਤੂਆਂ ਦੇ ਦਾਮ ਘਟਾਉਣ ਦੀ ਥਾਂ ਆਪਣਾ ਮੁਨਾਫਾ ਵਧਾ ਲੈਂਦੇ ਹਨ ਅਤੇ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲਦੀ। ਮੁਨਾਫਾਖੋਰੀ ਦੀ ਇਸ ਹੋੜ ਵਿੱਚ ਉਹ ਤਮਾਮ ਵੱਡੀਆਂ ਕੰਪਨੀਆਂ ਵੀ ਸ਼ਾਮਿਲ ਹੁੰਦੀਆਂ ਹਨ, ਜਿਹਨਾਂ ਵਲੋਂ ਆਮ ਲੋਕਾਂ ਦੀ ਲੋੜ ਦਾ ਛੋਟਾ ਵੱਡਾ ਸਾਮਾਨ ਪੈਕ ਕਰਕੇ ਵੇਚਿਆ ਜਾਂਦਾ ਹੈ। ਥੋਕ ਬਾਜਾਰ ਵਿੱਚ ਕੀਮਤਾਂ ਘਟਣ ਨਾਲ ਭਾਵੇਂ ਇਹਨਾਂ ਕੰਪਨੀਆਂ ਵਲੋਂ ਤਿਆਰ ਕੀਤੇ ਜਾਣ ਵਾਲੇ ਸਾਮਾਨ ਦੀ ਲਾਗਤ ਵੀ ਘੱਟ ਜਾਂਦੀ ਹੈ ਪਰੰਤੂ ਉਹਨਾਂ ਵਲੋਂ ਸਾਮਾਨ ਦੀ ਕੀਮਤ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਂਦੀ ਜਿਸ ਕਾਰਨ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਕੋਈ ਰਾਹਤ ਨਹੀਂ ਮਿਲਦੀ।
ਆਪਣੀ ਜਨਤਾ ਨੂੰ ਲਗਾਤਾਰ ਵੱਧਦੀ ਮਹਿੰਗਾਈ ਦੀ ਇਸ ਸਮੱਸਿਆ ਤੋਂ ਰਾਹਤ ਦੇਣਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਇਸ ਵਾਸਤੇ ਸਰਕਾਰ ਵਲੋਂ ਲੋੜੀਂਦੇ ਕਦਮ ਚੁੱਕੇ ਜਾਣ ਚਾਹੀਦੇ ਹਨ। ਇਸ ਕਾਰਵਾਈ ਦੇ ਤਹਿਤ ਜਿੱਥੇ ਪੈਟਰੋਲ ਅਤੇ ਡੀਜਲ ਤੇ ਲਗਾਏ ਜਾਣ ਵਾਲੇ ਟੈਕਸਾਂ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ, ਉੱਥੇ ਨਾਲ ਨਾਲ ਆਮ ਆਦਮੀ ਨੂੰ ਰਾਹਤ ਦੇਣ ਲਈ ਹਰ ਤਰ੍ਹਾਂ ਦੇ ਸਾਮਾਨ ਦੀਆਂ ਖੁਦਰਾ ਕੀਮਤਾਂ ਵੀ ਤੈਅ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਰਕਾਰ ਵਲੋਂ ਪਰਚੂਨ ਦੁਕਾਨਦਾਰਾਂ ਲਈ ਵੀ ਇਹ ਜਰੂਰੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਸਰਕਾਰ ਵਲੋਂ ਤੈਅ ਕੀਤੀਆਂ ਗਈਆਂ ਜਰੂਰੀ ਸਾਮਾਨ ਦੀਆਂ ਦਰਾਂ ਦੀ ਸੂਚੀ ਵਾਲਾ ਬੋਰਡ ਲਗਾ ਕੇ ਰੱਖਣ। ਇਸਦੇ ਨਾਲ ਨਾਲ ਸਰਕਾਰ ਵਲੋਂ ਆਮ ਜਨਤਾ ਨੂੰ ਵਾਜਿਬ ਕੀਮਤ ਤੇ ਜਰੂਰੀ ਵਸਤੂਆਂ ਮੁਹਈਆ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਲਈ ਸੁਪਰ ਬਾਜਾਰ ਵਾਂਗ ਵਿਸ਼ੇਸ਼ ਦੁਕਾਨਾਂ ਖੋਲ੍ਹ ਕੇ ਜਨਤਾ ਨੂੰ ਜਰੂਰੀ ਸਾਮਾਨ ਮੁਹਈਆ ਕਰਵਾਇਆ ਜਾਣਾ ਚਾਹੀਦਾ ਹੈ। ਆਮ ਲੋਕਾਂ ਨੂੰ ਤਾਂ ਮਹਿੰਗਾਈ ਤੋਂ ਰਾਹਤ ਤਾਂ ਹੀ ਮਿਲੇਗੀ ਜੇਕਰ ਉਹਨਾਂ ਨੂੰ ਆਪਣੀ ਲੋੜ ਦਾ ਸਾਮਾਨ ਸਸਤੀ ਕੀਮਤ ਤੇ ਮਿਲੇਗਾ ਅਤੇ ਅਜਿਹਾ ਯਕੀਨੀ ਕਰਨ ਲਈ ਸਰਕਾਰ ਵਲੋਂ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।
Editorial
ਮਾਘੀ ਮੇਲੇ ਮੌਕੇ ਭਖੇਗੀ ਪੰਜਾਬ ਦੀ ਸਿਆਸਤ
ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲਾ ਮਨਾਉਣ ਵਿੱਚ ਗਿਣਤੀ ਦੇ ਦਿਨ ਹੀ ਰਹਿ ਗਏ ਹਨ ਅਤੇ ਸਿਆਸੀ ਪਾਰਟੀਆਂ ਵਲੋਂ ਮਾਘੀ ਮੇਲੇ ਮੌਕੇ ਸਿਆਸੀ ਕਾਨਫਰੰਸਾਂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ, ਮਾਘੀ ਮੌਕੇ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਲਈ ਏਨੇ ਉਤਾਵਲੇ ਹੋ ਗਏ ਹਨ ਕਿ ਉਹਨਾਂ ਨੇ ਮੁਕਤਸਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹਿ ਦਿਤਾ ਕਿ ਅਕਾਲੀ ਦਲ ਦੀ ਕਾਨਫੰਰਸ ਵਿੱਚ ਅਜਿਹੇ ਲੋਕ ਲਿਆਇਓ ਜੋ ਪਹਿਲਾਂ ਕਾਨਫੰਰਸ ਵਿੱਚ ਆਉਣ ਤੇ ਬਾਅਦ ਵਿੱਚ ਮੱਥਾ ਟੇਕਣ।
ਦੂਜੇ ਪਾਸੇ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਅਤੇ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਨਵੀਂ ਸਿਆਸੀ ਪਾਰਟੀ ਦੇ ਗਠਨ ਦੇ ਆਸਾਰ ਬਣਦੇ ਵੀ ਦਿਖਾਈ ਦੇ ਰਹੇ ਹਨ। ਭਾਈ ਸਰਬਜੀਤ ਸਿੰਘ ਇੱਕ ਬਿਆਨ ਵਿੱਚ ਕਹਿ ਚੁੱਕੇ ਹਨ ਕਿ ਨਵੀਂ ਪਾਰਟੀ ਦਾ ਨਾਮ ‘ਅਕਾਲੀ ਦਲ ਆਨੰਦਪੁਰ ਸਾਹਿਬ’ ਹੋ ਸਕਦਾ ਹੈ। ਬਾਅਦ ਵਿੱਚ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਨਾਂਅ ‘ਦਿੱਲੀ’ ਤੋਂ ਅਜੇ ਫਾਈਨਲ ਹੋ ਕੇ ਨਹੀਂ ਆਇਆ। ਉਹਨਾਂ ਦੀ ਇਸ ਤਰ੍ਹਾਂ ਦੀ ਬਿਆਨਬਾਜੀ ਦੇ ਵੀ ਵਿਰੋਧੀ ਆਗੂਆਂ ਵੱਲੋਂ ਕਈ ਤਰ੍ਹਾਂ ਦੇ ਅਰਥ ਕੱਢੇ ਜਾ ਰਹੇ ਹਨ।
ਇਸ ਤੋਂ ਇਲਾਵਾ ਅਕਾਲੀ ਦਲ ਬਾਦਲ ਤੋਂ ਬਾਗੀ ਅਤੇ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੇ ਅਕਾਲੀ ਆਗੂ ਵੀ ਮਾਘੀ ਮੇਲੇ ਮੌਕੇ ਮੁੜ ਸਰਗਰਮ ਹੋ ਰਹੇ ਹਨ। ਜਿਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਮਾਘੀ ਮੇਲੇ ਤੋਂ ਪੰਜਾਬ ਦੀ ਸਿਆਸਤ ਹੋਰ ਤੇਜ ਹੋ ਜਾਵੇਗੀ ਅਤੇ ਪੰਜਾਬ ਦੀ ਸਿਆਸਤ ਵਿੱਚ ਠੰਡ ਦੇ ਮਹੀਨੇ ਦੌਰਾਨ ਵੀ ਗਰਮੀ ਆ ਜਾਵੇਗੀ।
ਸਿਆਸੀ ਮਾਹਿਰ ਕਹਿ ਰਹੇ ਹਨ ਕਿ ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਇੱਕ ਖੜੌਂਤ ਜਿਹੀ ਨਜ਼ਰ ਆ ਰਹੀ ਹੈ। ਹਾਲਾਂਕਿ ਪਿਛਲੇ ਦਿਨੀਂ ਹੋਈਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀ ਚੋਣਾਂ ਅਤੇ ਉਸ ਤੋਂ ਪਹਿਲਾਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਅਤੇ ਪੰਚਾਇਤਾਂ ਦੀ ਚੋਣ ਦੌਰਾਨ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਰਹੀ ਪਰ ਇਸ ਦੇ ਬਾਵਜੂਦ ਇਸ ਸਮੇਂ ਪੰਜਾਬ ਦੀ ਸਿਆਸਤ ਠੰਡੀ ਜਿਹੀ ਪਈ ਹੈ। ਪਿਛਲੇ ਦਿਨਾਂ ਦੌਰਾਨ ਪੰਜਾਬ ਵਿੱਚ ਹੋਈਆਂ ਹਰ ਤਰ੍ਹਾਂ ਦੀਆਂ ਚੋਣਾਂ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਇਹਨਾਂ ਚੋਣਾਂ ਵਿੱਚ ਕੋਈ ਵੀ ਸਿਆਸੀ ਪਾਰਟੀ ਪੰਜਾਬੀਆਂ ਨੂੰ ਕੋਈ ਨਵਾਂ ਪ੍ਰੋਗਰਾਮ ਦੇਣ ਵਿੱਚ ਸਫ਼ਲ ਨਹੀਂ ਹੋਈ। ਕਰੀਬ ਸਾਰੀਆਂ ਹੀ ਸਿਆਸੀ ਪਾਰਟੀਆਂ ਕੋਲ ਉਹੀ ਪੁਰਾਣੀਆਂ ਗੱਲਾਂ ਹਨ, ਜਿਨ੍ਹਾਂ ਨੂੰ ਸੁਣ ਸੁਣ ਕੇ ਪੰਜਾਬ ਦੇ ਲੋਕ ਹੁਣ ਅੱਕੇ ਜਿਹੇ ਨਜ਼ਰ ਆ ਰਹੇ ਹਨ।
ਇਹਨਾਂ ਚੋਣਾਂ ਦੌਰਾਨ ਵੱਡੀ ਗਿਣਤੀ ਸਿਆਸੀ ਆਗੂਆਂ ਵੱਲੋਂ ਚੋਣਾਂ ਵਿੱਚ ਜਿੱਤ ਨੂੰ ਹੀ ਸਿਆਸੀ ਨਿਸ਼ਾਨਾ ਮਿਥਿਆ ਗਿਆ ਪਰ ਪੰਜਾਬ ਦੇ ਮੁੱਖ ਮਸਲਿਆਂ ਅਤੇ ਵੱਡੀਆਂ ਸਮੱਸਿਆਵਾਂ ਦੀ ਗੱਲ ਕਿਸੇ ਵੀ ਸਿਆਸੀ ਆਗੂ ਵੱਲੋਂ ਵੱਡੇ ਪੱਧਰ ਤੇ ਨਾ ਕੀਤੀ ਗਈ। ਸਿਆਸਤ ਵਿੱਚ ਸੇਵਾ ਦਾ ਨਾਅਰਾ ਦੇ ਕੇ ਆਏ ਵੱਡੀ ਗਿਣਤੀ ਆਗੂ ਆਮ ਲੋਕਾਂ ਦੇ ਮਸਲੇ ਹੱਲ ਕਰਵਾਉਣ ਦੀ ਥਾਂ ਆਪਣੀ ਸਿਆਸਤ ਚਮਕਾਉਣ ਵਿੱਚ ਹੀ ਰੁੱਝੇ ਦਿਖਾਈ ਦਿੱਤੇ।
ਇਹ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਉਸਾਰੂ ਬਹਿਸ ਹੋਣ ਦੀ ਥਾਂ ਨਿੱਜੀ ਦੂਸ਼ਣ ਬਾਜ਼ੀ ਭਾਰੂ ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਬੇਲੋੜੇ ਮੁੱਦਿਆਂ ਨੂੰ ਉਠਾਉਣ ਦੀ ਰੀਤ ਚਲ ਪਈ ਹੈ, ਜਿਸ ਕਾਰਨ ਆਮ ਲੋਕਾਂ ਦੇ ਵੱਡੇ ਮਸਲੇ ਪਹਿਲਾਂ ਵਾਂਗ ਲਮਕ ਰਹੇ ਹਨ।
ਜਿਵੇਂ ਜਿਵੇਂ ਮੇਲਾ ਮਾਘੀ ਦਾ ਦਿਨ ਨੇੜੇ ਆ ਰਿਹਾ ਹੈ, ਪੰਜਾਬ ਵਿੱਚ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਰਹੀਆਂ ਹਨ। ਸਾਰੀਆਂ ਹੀ ਸਿਆਸੀ ਧਿਰਾਂ ਮਾਘੀ ਮੇਲੇ ਮੌਕੇ ਆਪੋ ਆਪਣੀਆਂ ਸਿਆਸੀ ਕਾਨਫ਼ਰੰਸਾਂ ਨੂੰ ਸਫ਼ਲ ਕਰਨ ਅਤੇ ਇਹਨਾਂ ਕਾਨਫ਼ਰੰਸਾਂ ਵਿੱਚ ਵੱਧ ਤੋਂ ਵੱਧ ਤੋਂ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਪੂਰੇ ਯਤਨ ਕਰ ਰਹੀਆਂ ਹਨ। ਪੰਜਾਬ ਦੇ ਵੱਡੀ ਗਿਣਤੀ ਲੋਕ ਵੀ ਮਾਘੀ ਮੇਲੇ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ। ਮਾਘੀ ਮੇਲੇ ਮੌਕੇ ਪੰਜਾਬ ਦੇ ਵੱਡੀ ਗਿਣਤੀ ਲੋਕ ਮੁਕਤਸਰ ਦੇ ਪਵਿੱਤਰ ਗੁਰਧਾਮਾਂ ਵਿੱਚ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫ਼ੁੱਲ ਭੇਂਟ ਕਰਦੇ ਹਨ। ਇਸਦੇ ਨਾਲ ਹੀ ਵੱਡੀ ਗਿਣਤੀ ਲੋਕ ਸਿਆਸੀ ਕਾਨਫ਼ਰੰਸਾਂ ਵਿੱਚ ਸ਼ਾਮਲ ਹੋ ਕੇ ਸਿਆਸੀ ਆਗੂਆਂ ਦੇ ਵਿਚਾਰ ਵੀ ਸੁਣਦੇ ਹਨ। ਇਸੇ ਕਾਰਨ ਹੀ ਸਾਰੀਆਂ ਸਿਆਸੀ ਧਿਰਾਂ ਵੱਧ ਤੋਂ ਵੱਧ ਲੋਕਾਂ ਨੂੰ ਆਪਣੀਆਂ ਕਾਨਫ਼ਰੰਸਾਂ ਵਿੱਚ ਸ਼ਾਮਲ ਕਰਨ ਕਰਨ ਲਈ ਹੁਣੇ ਤੋਂ ਸਰਗਰਮ ਹੋ ਗਈਆਂ ਹਨ।
ਮਾਘੀ ਮੇਲੇ ਮੌਕੇ ਪੰਜਾਬ ਦੀ ਸਿਆਸਤ ਦੇ ਪੂਰੀ ਤਰ੍ਹਾਂ ਭਖਣ ਦਾ ਅਨੁਮਾਨ ਹੈ ਅਤੇ ਇਸ ਦੌਰਾਨ ਵੇਖਣ ਵਾਲੀ ਗੱਲ ਹੋਵੇਗੀ ਕਿ ਇਸ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਸਿਆਸੀ ਕਾਨਫਰੰਸਾਂ ਵਿੱਚ ਕਿਹੜੀ ਪਾਰਟੀ ਦੀ ਕਾਨਫਰੰਸ ਵਿੱਚ ਸਭ ਤੋਂ ਜਿਆਦਾ ਇਕੱਠ ਹੁੰਦਾ ਹੈ।
ਬਿਊਰੋ
Editorial
ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ ਬੀਬੀ ਜਰਨੈਲ ਕੌਰ ਰਾਮੂਵਾਲੀਆ
ਬੀਬੀ ਜਰਨੈਲ ਕੌਰ ਰਾਮੂੰਵਾਲੀਆ ਨੇ ਸਵਰਗਵਾਸੀ ਸਰਦਾਰ ਖੁਸ਼ਹਾਲ ਸਿੰਘ ਅਤੇ ਸਰਦਾਰਨੀ ਬਸੰਤ ਕੌਰ (ਗੁਰਸਿੱਖ ਕਿਸਾਨ ਪਰਿਵਾਰ) ਦੇ ਘਰ ਪਿੰਡ ਜੰਡਾਲੀ ਕਲਾਂ (ਅਹਿਮਦਗੜ੍ਹ ਮੰਡੀ) ਵਿਖੇ 3 ਜੂਨ 1939 ਨੂੰ ਜਨਮ ਲਿਆ। ਉਨ੍ਹਾਂ ਦਾ ਪਰਿਵਾਰ ਭਾਵੇਂ ਵੱਡਾ ਸੀ ਪਰ ਚਾਰੇ ਭਰਾ ਲੰਬੀ ਚੌੜੀ ਖੇਤੀ ਦੇ ਮਾਲਕ ਹੋਣ ਦੇ ਬਾਵਜੂਦ ਇੱਕ ਰਹੇ।
ਬੀਬੀ ਜੀ ਗੁਰਮੁਖ ਪਰਿਵਾਰ ਦੇ ਸੰਸਕਾਰਾਂ ਨੂੰ ਆਖ਼ਰੀ ਸਵਾਸਾਂ ਤਕ ਪੂਰਾ ਕਰਦੇ ਰਹੇ। ਉਹਨਾਂ ਸਮਿਆਂ ਵਿਦਿਆ ਰੁਝਾਨ ਅਨੁਸਾਰ ਗਿਆਨੀ ਡਿਪਲੋਮਾ ਪ੍ਰਾਪਤ ਕੀਤਾ। ਕੁਝ ਸਮਾਂ ਅਧਿਆਪਕ ਵਜੋਂ ਸੇਵਾ ਵੀ ਨਿਭਾਈ। ਅੱਗੋਂ ਧੀਆਂ ਪੁੱਤਰ ਨੂੰ ਯੋਗ ਬਣਾਇਆ। ਉੁਹਨਾਂ ਦੇ ਪਿਤਾ ਸ. ਖੁਸ਼ਹਾਲ ਸਿੰਘ ਨੇ ਆਪਣੇ ਪਰਮ ਮਿੱਤਰ ਸ ਕਰਨੈਲ ਸਿੰਘ ਪਾਰਸ (ਸ਼੍ਰੋਮਣੀ ਕਵੀਸ਼ਰ) ਦੇ ਪੁੱਤਰ ਬਲਵੰਤ ਸਿੰਘ ਰਾਮੂਵਾਲੀਆ ਨਾਲ ਰਿਸ਼ਤਾ ਪੱਕਾ ਕਰ ਦਿੱਤਾ। ਬੀਬੀ ਜੀ 22 ਸਾਲ ਦੀ ਉਮਰ ਵਿੱਚ ਬਲਵੰਤ ਸਿੰਘ ਰਾਮੂਵਾਲੀਆ (ਜੋ ਉਸ ਵੇਲੇ 11ਵੀਂ ਕਲਾਸ ਵਿੱਚ ਪੜ੍ਹਦੇ ਸਨ) ਨਾਲ ਵਿਆਹ ਦੀ ਸਦੀਵੀ ਜੀਵਨ ਸਾਂਝ ਵਿਚ ਬੱਝ ਗਏ।
ਉਹਨਾਂ ਕਿਸਾਨ ਪਰਿਵਾਰ ਦੀ ਹਿੰਮਤੀ ਅਣਥੱਕ ਨੂੰਹ ਬਣਕੇ ਸਹੁਰੇ ਪਰਿਵਾਰ ਨੂੰ ਪੇਕੇ ਪਰਿਵਾਰ ਵਾਂਗ ਅਪਨਾ ਲਿਆ। ਆਂਢ ਗੁਆਂਢ ਅਤੇ ਸਾਰੇ ਪਿੰਡ ਦੀਆਂ ਧੀਆਂ ਅਤੇ ਆਪਣੇ ਪਤੀ ਦੀਆਂ ਚਾਚੀਆਂ ਤਾਈਆਂ ਨਾਲ ਮਿੱਠੀ ਸਾਂਝ ਬਣਾਈ। ਉਹਨਾਂ ਨੇ ਆਪਣੇ ਇੱਕੋ ਇੱਕ ਪੁੱਤਰ ਨਵਤੇਜ ਸਿੰਘ ਗਿੱਲ ਅਤੇ ਦੋ ਧੀਆਂ ਅਤੇ ਦੋ ਧੀਆਂ ਅਮਨਜੋਤ ਕੌਰ ਤੇ ਨਵਜੋਤ ਕੌਰ ਨੂੰ ਰੀਝ ਨਾਲ ਪਾਲਿਆ ਅਤੇ ਪੜਣ ਦੀ ਪ੍ਰੇਰਨਾ ਦਿੱਤੀ। ਆਪਣੇ ਬੱਚਿਆਂ ਨੂੰ ਹਮੇਸ਼ਾ ਅਣਥੱਕ ਮਿਹਨਤ, ਹੱਕ ਸੱਚ ਦੀ ਕਮਾਈ ਕਰਨ ਦੀ ਸਿੱਖਿਆ ਦੇ ਕੇ ਵਾਹਿਗੁਰੂ ਸਿਮਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਦਾ ਪੁੱਤਰ ਨਵਤੇਜ ਸਿੰਘ ਉੱਚ ਦਰਜੇ ਦਾ ਕਿਸਾਨ ਅਤੇ ਵਿਸ਼ਾਲ ਡੇਰੀ ਫਾਰਮ ਦਾ ਮਾਲਕ ਵੀ ਹੈ। ਧੀ ਅਮਨਜੋਤ ਕੌਰ ਭਾਜਪਾ ਵਿੱਚ ਉੱਚ ਰਾਜਨੀਤੀਵਾਨ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਛੋਟੀ ਧੀ ਨਵਜੋਤ ਕੌਰ ਵੀ ਕਮਰਸ਼ੀਅਲ ਪਾਇਲਟ ਵਜੋਂ ਸਥਾਪਿਤ ਹੋ ਚੁੱਕੀ ਹੈ।
ਬੀਬੀ ਜੀ ਨੇ ਆਪਣੇ ਪਤੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਦੀ ਸਿਆਸਤ ਦੇ ਲੰਬੇ ਸੰਘਰਸ਼ ਵੇਲੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਘਰ ਅਤੇ ਬੱਚੇ ਬੜੀ ਹਿੰਮਤ ਨਾਲ ਸੰਭਾਲੇ ਅਤੇ ਪਾਲਣ ਪੋਸ਼ਣ ਕੀਤਾ। ਐਮਰਜੈਂਸੀ ਵਰਗੇ ਸਮੇਂ ਵਿੱਚ ਜਦੋਂ ਰਾਮੂਵਾਲੀਆ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਰਹਿ ਰਹੇ ਸਨ ਤਾਂ ਬੀਬੀ ਜੀ ਘਰ ਦੀ ਖੇਤੀ ਆਪਣੀ ਸੁਹਿਰਦ ਸੱਸ ਨਾਲ ਮਿਲ ਕੇ ਸਫਲ ਕੀਤੀ। ਉਪਰੰਤ ਆਪਣੇ ਪਤੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਦੀ ਮੈਂਬਰ ਪਾਰਲੀਮੈਂਟ ਦੀ ਚੋਣ ਵੇਲੇ ਪਿੰਡ ਪਿੰਡ ਜਾ ਕੇ ਚੋਣ ਪ੍ਰਚਾਰ ਕੀਤਾ।
ਜਦੋਂ ਧਰਮ ਯੁੱਧ ਮੋਰਚਾ ਲੱਗਿਆ ਤੇ ਪਰਿਵਾਰ ਨੂੰ ਜਾਨੋ ਮਾਰਨੀਆਂ ਧਮਕੀਆਂ ਆਉਣ ਲੱਗੀਆਂ ਤਾਂ ਪੁੱਤਰ ਨਵਤੇਜ ਸਿੰਘ ਅਤੇ ਛੋਟੀ ਧੀ ਨਵਜੋਤ ਕੌਰ ਨੂੰ ਕਨੇਡਾ ਵਿਖੇ ਪੜਨ ਲਈ ਭੇਜ ਦਿੱਤਾ ਗਿਆ ਬੀਬੀ ਜੀ ਨੇ ਤੰਗੀਆਂ ਦੇ ਸਮੇਂ ਵਿੱਚ ਮਿਹਨਤ ਅਤੇ ਵਾਹਿਗੁਰੂ ਉੱਤੇ ਯਕੀਨ ਨਹੀਂ ਛੱਡਿਆ ਅਤੇ ਦਸ ਮੱਝਾਂ ਦਾ ਦੁੱਧ ਵੇਚ ਕੇ ਆਪਣੇ ਧੀਆਂ ਪੁੱਤਰਾਂ ਨੂੰ ਪੜਾਇਆ।
ਦੂਜੇ ਪਾਸੇ ਆਪਰੇਸ਼ਨ ਸਾਕਾ ਨੀਲਾ ਤਾਰਾ ਵਾਪਰਿਆ ਜਿਸ ਦੌਰਾਨ ਉਹਨਾਂ ਦੇ ਪਤੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਇੱਕ ਮਹੀਨੇ ਲਈ ਲਾਪਤਾ ਰਹੇ। ਇਸ ਮਾੜੇ ਸਮੇਂ ਵਿੱਚ ਵੀ ਬੀਬੀ ਜੀ ਨੇ ਦਿਲ ਨਹੀਂ ਛੱਡਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਤੁਰ ਕੇ ਹੀ ਆਪਣੇ ਪਤੀ ਨੂੰ ਲੱਭਣ ਲਈ ਅੰਮ੍ਰਿਤਸਰ ਵੱਲ ਚਲੇ ਗਏ ਜਿੱਥੇ ਉਹਨਾਂ ਨੂੰ ਆਪਣੇ ਪਤੀ ਬਾਰੇ ਕੁਝ ਵੀ ਪਤਾ ਨਹੀਂ ਲੱਗਣ ਦੀ ਮਾਯੂਸੀ ਦੇ ਬਾਅਦ ਵੀ ਬੀਬੀ ਜੀ ਨੇ ਦਿਲ ਨਹੀਂ ਛੱਡਿਆ। ਬਾਅਦ ਇਹ ਪਤਾ ਲੱਗਾ ਕਿ ਉਹਨਾਂ ਦੇ ਪਤੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਜਿੰਦਾ ਹਨ। ਬੀਬੀ ਜੀ ਜੀਵਨ ਭਰ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਲਾ ਕੇ ਦਲੇਰੀ ਨਾਲ ਉਹਨਾਂ ਦਾ ਸਾਥ ਨਿਭਾਉਂਦੇ ਰਹੇ। ਉਹਨਾਂ ਦੇ ਪਤੀ ਕੇਂਦਰ ਸਰਕਾਰ ਵਿੱਚ ਸੀਨੀਅਰ ਮੰਤਰੀ ਬਣੇ ਅਤੇ ਬੀਬੀ ਜੀ ਨੇ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੰਤਰੀਆਂ ਨਾਲ ਮੁਲਾਕਾਤਾਂ ਵੀ ਕੀਤੀਆਂ ਅਤੇ ਅੱਧੀ ਦੁਨੀਆਂ ਘੁੰਮੀ।
ਉਹਨਾਂ ਆਪਣੇ ਜੀਵਨ ਵਿੱਚ ਚੰਗੇ ਅਤੇ ਮਾੜੇ ਦਿਨ ਅਡੋਲ ਰਹਿ ਕੇ ਦੇਖੇ ਪਰ ਹਮੇਸ਼ਾ ਹੌਸਲੇ ਵਿੱਚ ਰਹੇ। ਤਾਕਤ ਦਾ ਨਸ਼ਾ ਵੀ ਉਹਨਾਂ ਦੇ ਸਿਰ ਤੇ ਕਦੇ ਨਹੀਂ ਚੜਿਆ ਅਤੇ ਜਦੋਂ ਕਿਸੇ ਨੇ ਮਦਦ ਲਈ ਉਹਨਾਂ ਦਾ ਦਰਵਾਜ਼ਾ ਖੜਕਾਇਆ ਤਾਂ ਉਹਨਾਂ ਹਮੇਸ਼ਾ ਹੀ ਉਸਦੇ ਸਿਰ ਉੱਤੇ ਹੱਥ ਰੱਖਿਆ।
ਸੰਨ 2000 ਵਿੱਚ ਉਹ ਬਲੱਡ ਕੈਂਸਰ ਤੋਂ ਪੀੜਿਤ ਹੋ ਗਏ ਪਰੰਤੂ ਫਿਰ ਵੀ ਉਹਨਾਂ ਹੌਸਲਾ ਨਹੀਂ ਛੱਡਿਆ ਤੇ ਹੱਸ ਹੱਸ ਕੇ ਜੀਵਨ ਦਾ ਹਰ ਦਿਨ ਬਤੀਤ ਕੀਤਾ ਤੇ ਭਿਆਨਕ ਬਿਮਾਰੀ ਦਾ ਮੁਕਾਬਲਾ ਕੀਤਾ। ਬੀਬੀ ਜਰਨੈਲ ਕੌਰ ਰਾਮੂਵਾਲੀਆ ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ ਜਿਨਾਂ ਨੇ ਕਦੇ ਵੀ ਜ਼ਿੰਦਗੀ ਵਿੱਚ ਮਿਹਨਤ ਸਬਰ ਸਿਦਕ ਅਤੇ ਪਰਮਾਤਮਾ ਤੋਂ ਯਕੀਨ ਨਹੀਂ ਛੱਡਿਆ ਉਹ ਕਦੇ ਵੀ ਕਿਸੇ ਦੀ ਕਿਸੇ ਹਾਲਾਤ ਵਿੱਚ ਗੁੱਸਾ ਨਹੀਂ ਸੀ ਕਰਦੇ ਅਤੇ ਹਰ ਇੱਕ ਨੂੰ ਮਾਫ ਕਰਨਾ ਤਾਂ ਇਕੱਲੇ ਉਹਨਾਂ ਨੂੰ ਹੀ ਆਉਂਦਾ ਸੀ।
ਬੀਤੀ 5 ਜਨਵਰੀ 2025 ਨੂੰ ਦੁਖੀਆਂ ਦੀ ਰੂਹ ਬਣ ਕੇ ਜਨਮ ਸਫਲਾ ਕਰਕੇ ਆਪਣੇ ਆਖਰੀ ਸਵਾਸ ਲੈਂਦੇ ਹੋਏ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਬਿਰਾਜੇ।
ਸਕਾਈ ਬਿਊਰੋ
-
Mohali2 months ago
ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ
-
Chandigarh2 months ago
ਪੰਜਾਬ ਵਿਧਾਨਸਭਾ ਦੀ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ
-
International2 months ago
ਯੂਕੇ ਵਿੱਚ ਭਾਰਤੀ ਵਿਅਕਤੀ ਵੱਲੋਂ ਪਤਨੀ ਦਾ ਕਤਲ
-
International2 months ago
ਭਾਰਤ ਦੀ ਆਸਟਰੇਲੀਆ ਵਿੱਚ ਆਸਟਰੇਲੀਆ ਤੇ ਸਭ ਤੋਂ ਵੱਡ ਜਿੱਤ
-
National2 months ago
ਸੰਭਲ ਹਿੰਸਾ ਵਿੱਚ 5 ਮੌਤਾਂ ਤੋਂ ਬਾਅਦ ਇੰਟਰਨੈਟ-ਸਕੂਲ ਬੰਦ, 5 ਦਿਨਾਂ ਲਈ ਬਾਹਰੀ ਲੋਕਾਂ ਦੇ ਦਾਖ਼ਲੇ ਤੇ ਪਾਬੰਦੀ
-
Mohali2 months ago
ਅਨੁਸੂਚਿਤ ਜਾਤੀ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਐਸਸੀ ਬੀਸੀ ਮੋਰਚੇ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲਿਆ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਲਾਇਬਰੇਰੀ ਦਾ ਦੌਰਾ