Connect with us

Editorial

ਪਲਾਸਟਿਕ ਦੇ ਸਿਰਫ ਇੱਕ ਵਾਰ ਵਰਤੋਂਯੋਗ ਸਾਮਾਨ ਤੇ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰੇ ਪ੍ਰਸ਼ਾਸ਼ਨ

Published

on

 

ਪਲਾਸਟਿਕ ਇੱਕ ਅਜਿਹਾ ਤੱਤ ਹੈ ਜਿਹੜਾ ਸਾਡੇ ਵਾਤਾਵਰਨ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦਾ ਹੈ। ਇਸਨੂੰ ਨਾ ਤਾਂ ਜੰਗ ਲੱਗਦੀ ਹੈ ਅਤੇ ਨਾ ਹੀ ਇਹ ਮਿੱਟੀ ਵਿੱਚ ਗਲਦਾ ਹੈ। ਇਸ ਕਾਰਨ ਇਹ ਸਾਡੇ ਵਾਤਾਵਰਨ ਵਿੱਚ ਕਈ ਦਹਾਕਿਆਂ ਤਕ ਬਣਿਆ ਰਹਿੰਦਾ ਹੈ ਅਤੇ ਇਸਦਾ ਜਹਿਰੀਲਾ ਅਸਰ ਧਰਤੀ ਦੇ ਜੀਵਨ ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਰਹਿੰਦਾ ਹੈ। ਇਸਦੇ ਬਾਰੀਕ ਕਣ ਪਾਣੀ ਵਿੱਚ ਘੁਲ ਜਾਂਦੇ ਹਨ ਜਿਸ ਨਾਲ ਪਾਣੀ ਵੀ ਜਹਿਰੀਲਾ ਹੋ ਜਾਂਦਾ ਹੈ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਜੇਕਰ ਇਸਨੂੰ ਅੱਗ ਲਗਾਈ ਜਾਵੇ ਤਾਂ ਵੀ ਇਸ ਨਾਲ ਜਿਹੜਾ ਜਹਿਰੀਲਾ ਧੂੰਆਂ ਨਿਕਲਦਾ ਹੈ ਉਹ ਬਹੁਤ ਜਿਆਦਾ ਘਾਤਕ ਹੁੰਦਾ ਹੈ।

ਇਸ ਵੇਲੇ ਹਾਲਾਤ ਇਹ ਹੋ ਚੁੱਕੇ ਹਨ ਕਿ ਦੁਨੀਆ ਭਰ ਵਿੱਚ ਪਲਾਸਟਿਕ ਦਾ ਕਚਰਾ ਬਹੁਤ ਜਿਆਦਾ ਵੱਧ ਚੁੱਕਿਆ ਹੈ। ਨਦੀਆਂ, ਨਾਲੇ ਅਤੇ ਸਮੁੰਦਰ ਹੋਵੇ ਜਾਂ ਖਾਲੀ ਪਈ ਜਮੀਨ, ਸਭ ਪਾਸੇ ਇਸਦੀ ਭਰਮਾਰ ਹੈ। ਪਲਾਾਸਟਿਕ ਦੀ ਲਗਾਤਾਰ ਵੱਧਦੀ ਵਰਤੋਂ ਕਾਰਨ ਧਰਤੀ ਤੇ ਰੋਜਾਨਾ ਟਨਾਂ ਦੇ ਹਿਸਾਬ ਨਾਲ ਪਲਾਸਟਿਕ ਦਾ ਕਚਰਾ ਪੈਦਾ ਹੁੰਦਾ ਹੈ ਅਤੇ ਆਮ ਲੋਕਾਂ ਦੇ ਘਰਾਂ ਵਿੱਚੋਂ ਰੋਜਾਨਾਂ ਜਿਹੜਾ ਕੂੜਾ ਨਿਕਲਦਾ ਹੈ ਉਸ ਵਿੱਚ ਸਭਤੋਂ ਵੱਧ ਹਿੱਸਾ ਪਲਾਸਟਿਕ ਦਾ ਹੀ ਹੁੰਦਾ ਹੈ। ਕੂੜੇ ਦੇ ਨਾਲ ਸੁੱਟਿਆ ਜਾਣ ਵਾਲਾ ਇਹ ਪਲਾਸਟਿਕ ਸਾਡੇ ਵਾਤਾਵਰਨ ਨੂੰ ਬਹੁਤ ਜਿਆਦਾ ਨੁਕਸਾਨ ਕਰਦਾ ਹੈ।

ਇਸਤੋਂ ਬਚਣ ਦਾ ਇਕਲੌਤਾ ਤਰੀਕਾ ਇਹੀ ਹੈ ਕਿ ਪਲਾਸਟਿਕ ਦੀ ਵਰਤੋਂ ਤੇ ਸਖਤੀ ਨਾਲ ਪਾਬੰਦੀ ਲਾਗੂ ਕੀਤੀ ਜਾਵੇ। ਇਸ ਸੰਬੰਧੀ ਭਾਰਤ ਸਰਕਾਰ ਵਲੋਂ ਦੋ ਸਾਲ ਪਹਿਲਾਂ ਦੇਸ਼ ਭਰ ਵਿੱਚ ਸਿੰਗਲ ਯੂਜ (ਇੱਕ ਵਾਰ ਵਰਤੋਂਯੋਗ) ਪਲਾਟਿਕ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਲਗਉਣ ਦੇ ਹੁਕਮ ਜਾਰੀ ਕੀਤੇ ਗਏ ਸਨ ਜਿਸਦੇ ਤਹਿਤ ਪਲਾਸਟਿਕ ਦੇ ਲਿਫਾਫਿਆਂ, ਕਟਲਰੀ, ਗਿਲਾਸ, ਬੋਤਲਾਂ, ਪੈਕਿੰਗ ਵਾਲੀਆਂ ਡੱਬੀਆਂ ਅਤੇ ਅਜਿਹੇ ਹੋਰ ਕਈ ਤਰ੍ਹਾਂ ਦੇ ਸਾਮਾਨ ਤੇ ਦੀ ਖਰੀਦ ਵੇਚ ਅਤੇ ਵਰਤੋਂ ਤੇ ਰੋਕ ਲਗਾਈ ਗਈ ਸੀ। ਕੇਂਦਰ ਸਰਕਾਰ ਵਲੋਂ ਪਲਾਸਟਿਕ ਦੇ ਇੱਕ ਵਾਰ ਵਰਤੋਂਯੋਗ ਸਾਮਾਨ ਤੇ ਰੋਕ ਦੇ ਹੁਕਮ ਲਾਗੂ ਕੀਤੇ ਜਾਣ ਤੋਂ ਬਾਅਦ ਸਥਾਨਕ ਪ੍ਰਸ਼ਾਸ਼ਨ ਵਲੋਂ ਵੀ ਇਸ ਸੰਬੰਧੀ ਕਾਰਵਾਈ ਆਰੰਭ ਕੀਤੀ ਗਈ ਸੀ ਜਿਸਦੇ ਤਹਿਤ ਦੁਕਾਨਾਂ ਦੀ ਚੈਕਿੰਗ ਕਰਕੇ ਅਜਿਹੇ ਸਾਮਾਨ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੇ ਚਾਲਾਨ ਵੀ ਕੱਟੇ ਗਏ ਸਨ ਅਤੇ ਨਾਲ ਹੀ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਵਿਚਲੀਆਂ ਦੁਕਾਨਾਂ ਤੇ ਜਾ ਕੇ ਦੁਕਾਨਦਾਰਾਂ ਨੂੰ ਇਸ ਸੰਬੰਧੀ ਜਾਗਰੂਕ ਵੀ ਕੀਤਾ ਜਾਂਦਾ ਸੀ।

ਸ਼ੁਰੂ ਸ਼ੁਰੂ ਵਿੱਚ ਪ੍ਰਸ਼ਾਸ਼ਨ ਦੀ ਇਸ ਕਾਰਵਾਈ ਦਾ ਥੋੜ੍ਹਾ ਅਸਰ ਵੀ ਵੇਖਣ ਵਿੱਚ ਆਇਆ ਸੀ ਪਰੰਤੂ ਛੇਤੀ ਹੀ ਪ੍ਰਸ਼ਾਸ਼ਨ ਦੀ ਇਹ ਕਾਰਵਾਈ ਢਿੱਲੀ ਪੈ ਗਈ ਜਿਸਤੋਂ ਬਾਅਦ ਪਲਾਸਟਿਕ ਦੇ ਅਜਿਹੇ ਹਰ ਤਰ੍ਹਾਂ ਦੇ ਸਾਮਾਨ ਦੀ ਵਰਤੋਂ ਫਿਰ ਆਮ ਹੋ ਗਈ ਹੈ। ਦੁਕਾਨਦਾਰਾਂ ਵਲੋਂ ਵੀ ਪਲਾਸਟਿਕ ਦੇ ਲਿਫਾਫਿਆਂ (ਜਿਹਨਾਂ ਦੀ ਸਭਤੋਂ ਜਿਆਦਾ ਵਰਤੋਂ ਹੁੰਦੀ ਹੈ) ਦੀ ਵਰਤੋਂ ਵੀ ਆਮ ਕੀਤੀ ਜਾ ਰਹੀ ਹੈ ਅਤੇ ਪਲਾਸਟਿਕ ਦੇ ਲਗਾਤਾਰ ਵੱਧਦੇ ਪ੍ਰਦੂਸ਼ਨ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੇ ਲਗਾਈ ਗਈ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਟੀਮਾਂ ਬਣਾ ਕੇ ਲਗਾਤਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਦੌਰਾਨ ਜਿੱਥੇ ਇਸ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ ਉੱਥੇ ਉਹਨਾਂ ਥੋਕ ਵਪਾਰੀਆਂ ਅਤੇ ਸਪਲਾਇਰਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਆਮ ਦੁਕਾਨਦਾਰਾਂ ਨੂੰ ਪਲਾਸਟਿਕ ਦਾ ਇਹ ਸਾਮਾਨ ਮੁਹਈਆ ਕਰਵਾਉਂਦੇ ਹਨ।

ਅਜਿਹਾ ਕੀਤੇ ਬਿਨਾ ਇਸ ਗੰਭੀਰ ਸਮੱਸਿਆ ਦੇ ਹਲ ਦੀ ਦੂਰ ਦੂਰ ਤਕ ਕੋਈ ਸੰਭਾਵਨਾ ਨਜਰ ਨਹੀਂ ਆ ਰਹੀ ਹੈ ਅਤੇ ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਸਖਤ ਕਦਮ ਚੁੱਕੇ ਜਾਣ ਦੀ ਲੋੜ ਹੈ। ਇਸਦੇ ਨਾਲ ਆਮ ਲੋਕਾਂ ਨੂੰ ਵੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਪਲਾਸਟਿਕ ਦੀਆਂ ਵਸਤਾਂ ਤੇ ਆਪਣੀ ਨਿਰਭਰਤਾ ਨੂੰ ਘੱਟ ਕਰਨਾ ਚਾਹੀਦਾ ਹੈ। ਆਮ ਲੋਕਾਂ ਨੂੰ ਚਾਹੀਦਾ ਹੈ ਕਿ ਛੋਟਾ ਮੋਟਾ ਸਾਮਾਨ ਖਰੀਦਣ ਲਈ ਬਾਜਾਰ ਜਾਣ ਵੇਲੇ ਆਪਣੇ ਨਾਲ ਝੋਲਾ ਜਰੂਰ ਰੱਖਣ ਤਾਂ ਜੋ ਲੋੜ ਪੈਣ ਤੇ ਸਾਮਾਨ ਉਸ ਵਿੱਚ ਪਾਇਆ ਜਾ ਸਕੇ। ਜੇਕਰ ਅਸੀਂ ਧਰਤੀ ਦੇ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਪਲਾਸਟਿਕ ਦੀ ਵਰਤੋਂ ਤੇ ਰੋਕ ਤਾਂ ਲਗਾਉਣੀ ਹੀ ਪੈਣੀ ਹੈ ਇਸ ਲਈ ਸਾਨੂੰ ਪਲਾਸਟਿਕ ਦੇ ਸਮਾਨ ਦੀ ਆਦਤ ਦਾ ਤਿਆਗ ਕਰਕੇ ਦੂਜੇ ਬਦਲ ਅਪਣਾਉਣੇ ਚਾਹੀਦੇ ਹਨ ਤਾਂ ਜੋ ਧਰਤੀ ਦੇ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪਲਾਸਟਿਕ ਦੇ ਜਹਿਰੀਲ ਕਚਰੇ ਦੀ ਸਮੱਸਿਆ ਨੂੰ ਕਾਬੂ ਕੀਤਾ ਜਾ ਸਕੇ।

Continue Reading

Editorial

ਇੰਟਰਨੈਟ ਤੇ ਲੋਕਾਂ ਨੂੰ ਘਟੀਆ ਅਤੇ ਨਕਲੀ ਸਾਮਾਨ ਵੇਚਣ ਵਾਲੇ ਠੱਗਾਂ ਖਿਲਾਫ ਸਖਤ ਕਾਰਵਾਈ ਕਰੇ ਸਰਕਾਰ

Published

on

By

 

 

ਪਿਛਲੇ ਕੁੱਝ ਸਾਲਾਂ ਦੌਰਾਨ ਆਮ ਲੋਕਾਂ ਵਲੋਂ ਵੱਖ ਵੱਖ ਤਰ੍ਹਾਂ ਦਾ ਸਾਮਾਨ ਆਨ ਲਾਈਨ ਮੰਗਵਾਉਣ ਦੇ ਰੁਝਾਨ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਲੋਕਾਂ ਵਲੋਂ ਆਪਣੀ ਹਰ ਤਰ੍ਹਾਂ ਦੀ ਛੋਟੀ ਵੱਡੀ ਲੋੜ ਦਾ ਸਮਾਨ ਲੈਣ ਲਈ ਆਨ ਲਾਈਨ ਖਰੀਦਦਾਰੀ ਤੇ ਜੋਰ ਦਿੰਦਿਆਂ ਇੰਟਰਨੈਟ ਤੇ ਸਾਮਾਨ ਵੇਚਣ ਵਾਲੀਆਂ ਵੈਬਸਾਈਟਾਂ ਤੋਂ ਵੱਖ ਵੱਖ ਤਰ੍ਹਾਂ ਦੇ ਸਾਮਾਨ ਦੀ ਖਰੀਦਦਾਰੀ ਵਧਾ ਦਿੱਤੀ ਗਈ ਹੈ। ਇਸਦੇ ਨਾਲ ਹੀ ਆਨਲਾਈਨ ਸਾਮਾਨ ਦੀ ਖਰੀਦ ਦੌਰਾਨ ਘਟੀਆ ਕੁਆਲਟੀ ਦੇ ਮਾਲ ਦੀ ਸਪਲਾਈ ਕੀਤੇ ਜਾਣ ਦੀਆਂ ਸ਼ਿਕਾਇਤਾਂ ਵੀ ਵੱਧ ਗਈਆਂ ਹਨ ਅਤੇ ਕਿਸੇ ਸਾਮਾਨ ਦਾ ਆਨਲਾਈਨ ਆਰਡਰ ਕਰਨ ਵਾਲੇ ਲੋਕ ਸਾਮਾਨ ਦੀ ਘਟੀਆ ਕੁਆਲਟੀ ਦੀ ਸ਼ਿਕਾਇਤ ਕਰਦੇ ਆਮ ਦਿਖ ਜਾਂਦੇ ਹਨ।

ਇਸਦਾ ਮੁੱਖ ਕਾਰਨ ਇਹ ਵੀ ਹੈ ਕਿ ਆਨਲਾਈਨ ਸਾਮਾਨ ਵੇਚਣ ਵਾਲੀਆਂ ਜਿਆਦਾਤਾਰ ਵੈਬਸਾਈਟਾਂ ਵਲੋਂ ਬ੍ਰਾਂਡਿਡ ਸਾਮਾਨ ਦੇ ਨਾਮ ਤੇ ਗ੍ਰਾਹਕਾਂ ਨੂੰ ਨਕਲੀ ਸਾਮਾਨ ਵੇਚ ਕੇ ਠੱਗਿਆ ਜਾਂਦਾ ਹੈ। ਅਜਿਹੀਆਂ ਵੈਬਸਾਈਟਾ ਵਲੋਂ ਭਾਵੇਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹਨਾਂ ਵਲੋਂ ਆਪਣੇ ਗ੍ਰਾਹਕਾਂ ਨੂੰ ਜਿਹੜਾ ਸਾਮਾਨ ਵੇਚਿਆ ਜਾਂਦਾ ਹੈ ਉਹ ਬ੍ਰਾਂਡਿਡ ਕੰਪਨੀਆਂ ਵਲੋਂ ਤਿਆਰ ਕੀਤਾ ਗਿਆ ਅਸਲੀ ਸਾਮਾਨ ਹੀ ਹੁੰਦਾ ਹੈ ਅਤੇ ਆਮ ਲੋਕ ਵੈਬਸਾਈਟ ਤੇ ਇਸ ਸਾਮਾਨ ਦੀਆਂ ਤਸਵੀਰਾਂ ਵੇਖ ਕੇ ਇਹ ਸਾਮਾਨ ਖਰੀਦਣ ਦਾ ਆਰਡਰ ਵੀ ਕਰਦੇ ਹਨ ਪਰੰਤੂ ਬਾਅਦ ਵਿੱਚ ਇਹਨਾਂ ਕੰਪਨੀਆਂ ਵਲੋਂ ਲੋਕਾਂ ਦੇ ਘਰਾਂ ਵਿੱਚ ਨਕਲੀ ਸਾਮਾਨ ਭੇਜ ਦਿੱਤਾ ਜਾਂਦਾ ਹੈ।

ਇਸ ਤਰੀਕੇ ਨਾਲ ਆਮ ਲੋਕਾਂ ਨੂੰ ਅਸਲੀ ਦੇ ਨਾਮ ਤੇ ਨਕਲੀ ਸਾਮਾਨ ਵੇਚਣ ਦੀ ਇਹਨਾਂ ਵੈਬਸਾਈਟਾਂ ਦੀ ਇਹ ਕਾਰਵਾਈ ਨਵੀਂ ਨਹੀਂ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ। ਹੋਰ ਤਾਂ ਹੋਰ ਕਈ ਨਾਮੀ ਈ ਕਾਮਰਸ ਕੰਪਨੀਆਂ ਤਕ ਵਲੋਂ ਆਮ ਲੋਕਾਂ ਨੂੰ ਅਜਿਹਾ ਨਕਲੀ ਸਾਮਾਨ ਸਪਲਾਈ ਕਰ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਸਾਮਾਨ ਖਰੀਦਣ ਵਾਲਾ ਵਿਅਕਤੀ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਇਹਨਾਂ ਈ ਕਾਮਰਸ ਕੰਪਨੀਆਂ ਦੇ ਪਲੇਟਫਾਰਮ ਤੇ ਅੱਗੇ ਕਈ ਹੋਰ ਛੋਟੇ ਵੱਡੇ ਦੁਕਾਨਦਾਰ ਆਪਣਾ ਸਾਮਾਨ ਵੇਚਦੇ ਹਨ ਜਿਹਨਾਂ ਤੋਂ ਇਹ ਈ ਕਾਮਰਸ ਕੰਪਨੀਆਂ ਕਮਿਸ਼ਨ ਲੈਂਦੀਆਂ ਹਨ।

ਲੋਕਾਂ ਨੂੰ ਇਸ ਤਰੀਕੇ ਨਾਲ ਵੱਡੀਆਂ ਕੰਪਨੀਆਂ ਦੇ ਸਾਮਾਨ ਦੇ ਨਾਮ ਤੇ ਨਕਲੀ ਸਾਮਾਨ ਵੇਚਣ ਦੀ ਇਹ ਕਾਰਵਾਈ ਉਹਨਾਂ ਨਾਲ ਸਿੱਧੀ ਠੱਗੀ ਹੈ ਪਰੰਤੂ ਇਸ ਤਰੀਕੇ ਨਾਲ ਖਪਤਕਾਰਾਂ ਦੀ ਹੁੰਦੀ ਲੁੱਟ ਤੇ ਕਾਬੂ ਕਰਨ ਲਈ ਸਰਕਾਰ ਵਲੋਂ ਸਖਤ ਨਿਯਮਾਂ ਦੀ ਅਣਹੋਂਦ ਕਾਰਨ ਇਹ ਲੁੱਟ ਲਗਾਤਾਰ ਚਲਦੀ ਰਹਿੰਦੀ ਹੈ। ਅਜਿਹਾ ਵੀ ਨਹੀਂ ਹੈ ਕਿ ਆਨਲਾਈਨ ਵਿਕਰੀ ਦੇ ਨਾਮ ਤੇ ਠੱਗੀ ਦੀ ਇਹ ਕਾਰਵਾਈ ਸਿਰਫ ਭਾਰਤ ਵਿੱਚ ਹੀ ਹੁੰਦੀ ਹੈ, ਬਲਕਿ ਪੂਰੇ ਵਿਸ਼ਵ ਵਿੱਚ ਅਜਿਹਾ ਆਮ ਹੁੰਦਾ ਹੈ ਪਰੰਤੂ ਵਿਸ਼ਵ ਦੇ ਜਿਆਦਾਤਰ ਵਿਕਸਿਤ ਮੁਲਕਾਂ ਵਿੱਚ ਨਕਲੀ ਸਾਮਾਨ ਵੇਚਣ ਵਾਲੀਆਂ ਅਜਿਹੀਆਂ ਆਨਲਾਈਨ ਕੰਪਨੀਆਂ ਵਲੋਂ ਕੀਤੀ ਜਾਂਦੀ ਆਮ ਖਪਤਕਾਰਾਂ ਦੀ ਲੁੱਟ ਤੇ ਰੋਕ ਲਗਾਉਣ ਲਈ ਸਖਤ ਕਾਨੂੰਨ ਲਾਗੂ ਹਨ ਅਤੇ ਕਿਸੇ ਵੀ ਕੰਪਨੀ ਵਲੋਂ ਗ੍ਰਾਹਕਾਂ ਨੂੰ ਵੇਚੇ ਗਏ ਸਾਮਾਨ ਦੇ ਖਰਾਬ ਨਿਕਲਣ ਜਾਂ ਉਸ ਵਿੱਚ ਕੋਈ ਨੁਕਸ ਸਾਮ੍ਹਣੇ ਆਉਣ ਤੇ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ।

ਪਰੰਤੂ ਸਾਡੇ ਦੇਸ਼ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ ਅਤੇ ਇਹਨਾਂ ਆਨ ਲਾਈਨ ਕੰਪਨੀਆਂ ਵਲੋਂ ਆਮ ਲੋਕਾਂ ਦੀ ਧੜ੍ਹਲੇ ਨਾਲ ਲੁੱਟ ਕੀਤੀ ਜਾਂਦੀ ਹੈ। ਸਾਡੇ ਦੇਸ਼ ਵਿੱਚ ਤਾਂ ਇਹ ਹਾਲ ਹੈ ਕਿ ਝੂਠੇ ਦਾਅਵੇ ਕਰਕੇ ਆਪਣਾ ਮਾਲ ਵੇਚਣ ਵਾਲੀਆਂ ਆਨਲਾਈਨ ਕੰਪਨੀਆਂ ਗ੍ਰਾਹਕ ਨੂੰ ਘਟੀਆ ਸਾਮਾਨ ਵੇਚਣ ਤੋਂ ਬਾਅਦ ਉਸਦੀ ਗੱਲ ਤਕ ਸੁਣਨ ਲਈ ਤਿਆਰ ਨਹੀਂ ਹੁੰਦੀਆਂ ਅਤੇ ਖਪਤਕਾਰ ਖੱਜਲ-ਖੁਆਰ ਹੁੰਦੇ ਰਹਿੰਦੇ ਹਨ। ਚਾਹੀਦਾ ਤਾਂ ਇਹ ਹੈ ਕਿ ਦੇਸ਼ ਵਿੱਚ ਵਿਕਣ ਵਾਲੇ ਵੱਖ ਵੱਖ ਤਰ੍ਹਾਂ ਦੇ ਸਾਮਾਨ ਦੀ ਕੁਆਲਟੀ ਦੇ ਮਿਆਰ ਤੈਅ ਕਰਕੇ ਅਜਿਹੇ ਸਾਮਾਨ ਦਾ ਉਤਪਾਦਨ ਜਾਂ ਮਾਰਕੀਟਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਇਸ ਗੱਲ ਲਈ ਪਾਬੰਦ ਕੀਤਾ ਜਾਵੇ ਕਿ ਜੇਕਰ ਕਿਸੇ ਕੰਪਨੀ ਵਲੋਂ ਤਿਆਰ ਕੀਤਾ ਗਿਆ ਸਾਮਾਨ ਘਟੀਆ ਪੱਧਰ ਦਾ ਨਿਕਲਦਾ ਹੈ ਤਾਂ ਕੰਪਨੀਆਂ ਨਾ ਸਿਰਫ ਮਾਰਕੀਟ ਵਿੱਚ ਵੇਚਿਆ ਗਿਆ ਆਪਣਾ ਪੂਰਾ ਸਾਮਾਨ ਵਾਪਿਸ ਲੈਣਗੀਆਂ ਬਲਕਿ ਖਪਤਕਾਰਾਂ ਨੂੰ ਹੋਣ ਵਾਲੇ ਨੁਕਸਾਨ ਦਾ ਹਰਜਾਨਾ ਵੀ ਅਦਾ ਕਰਨਗੀਆਂ।

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਖਪਤਕਾਰਾਂ ਨੂੰ ਠੱਗੀ ਦੀ ਇਸ ਕਾਰਵਾਈ ਤੋਂ ਬਚਾਉਣ ਲਈ ਲੋੜੀਂਦੀ ਕਾਰਵਾਈ ਨੂੰ ਅਮਲ ਵਿੱਚ ਲਿਆਏ ਅਤੇ ਇਸ ਸੰਬੰਧੀ ਸਖਤ ਕਾਨੂੰਨ ਬਣਾ ਕੇ ਖਪਤਕਾਰਾਂ ਦੇ ਹਿੱਤਾ ਦੀ ਰਾਖੀ ਕੀਤੀ ਜਾਵੇ। ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਸੰਬੰਧੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਆਮ ਲੋਕਾਂ ਦੀ ਇਸ ਤਰਕੇ ਨਾਲ ਕੀਤੀ ਜਾਂਦੀ ਲੁੱਟ ਤੋਂ ਬਚਾਇਆ ਜਾ ਸਕੇ।

 

Continue Reading

Editorial

ਆਧੁਨਿਕ ਯੁੱਗ ਵਿੱਚ ਵਹਿਮਾਂ ਭਰਮਾਂ ਵਿੱਚ ਫਸੀ ਦੁਨੀਆ

Published

on

By

 

ਆਧੁਨਿਕ ਯੁੱਗ ਵਿੱਚ ਜਿਥੇ ਅਮੀਰ ਲੋਕ ਹੁਣ ਪੁਲਾੜ ਦੀ ਸੈਰ ਕਰਨ ਜਾ ਰਹੇ ਹਨ, ਉਥੇ ਦੁਨੀਆਂ ਵਿਚ ਅਜਿਹੇ ਲੋਕ ਵੀ ਹਨ, ਜੋ ਕਿ ਵਹਿਮਾਂ ਭਰਮਾਂ ਵਿਚ ਉਲਝੇ ਹੋਏ ਹਨ। ਵੱਡੀ ਗਿਣਤੀ ਲੋਕ ਅੱਜ ਵੀ ਕੋਈ ਕੰਮ ਕਰਨ ਵੇਲੇ ਛਿੱਕ ਵੱਜਣ ਦਾ ਵਹਿਮ ਕਰਦੇ ਹਨ, ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦੇ ਵਹਿਮ ਭਰਮ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਪੰਚਕਾਂ ਦਾ ਵੀ ਕਾਫੀ ਵਹਿਮ ਕੀਤਾ ਜਾਂਦਾ ਹੈ। ਅਕਸਰ ਵੱਡੀ ਗਿਣਤੀ ਲੋਕ ਪੰਚਕਾਂ ਵਿੱਚ ਨਵਾਂ ਕੰਮ ਨਹੀਂ ਕਰਦੇ ਅਤੇ ਪੰਚਕਾਂ ਵਿੱਚ ਨਵਾਂ ਕਪੜਾ ਅਤੇ ਹੋਰ ਕੋਈ ਵੀ ਨਵਾਂ ਸਮਾਨ ਨਹੀਂ ਖਰੀਦਦੇ। ਇਸ ਤੋਂ ਇਲਾਵਾ ਮਕਾਨ ਦੀ ਉਸਾਰੀ ਕਰਵਾਉਣ ਵਾਲੇ ਕਈ ਲੋਕ ਪੰਚਕਾਂ ਵਿਚ ਨਾ ਤਾਂ ਢੂਲਾ ਬੰਨਦੇ ਹਨ ਅਤੇ ਨਾ ਖੋਲਦੇ ਹਨ। ਇਸ ਕਾਰਨ ਕਈ ਵਾਰ ਢੂਲਾ ਜਿਆਦਾ ਦਿਨ ਬੰਨਿਆ ਰਹਿੰਦਾ ਹੈ।

ਅਨੇਕਾਂ ਲੋਕ ਸਰਾਧਾਂ ਵਿਚ ਕੋਈ ਨਵਾਂ ਕਪੜਾ ਅਤੇ ਨਵਾਂ ਸਮਾਨ ਨਹੀਂ ਖਰੀਦਦੇ, ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਸਰਾਧਾਂ ਵਿਚ ਤਾਂ ਸਿਰਫ ਪਿਤਰਾਂ ਭਾਵ ਮ੍ਰਿਤਕ ਲੋਕਾਂ ਦਾ ਸਮਾਨ ਖਰੀਦਿਆ ਜਾਂਦਾ ਹੈ। ਦੂਜੇ ਪਾਸੇ ਕਈ ਅਗਾਂਹਵਧੂ ਲੋਕ ਅਜਿਹੇ ਵੀ ਹਨ, ਜੋ ਕਿ ਸਰਾਧਾਂ ਵਿਚ ਨਵਾਂ ਸਮਾਨ ਜਰੂਰ ਖਰੀਦਦੇ ਹਨ, ਕਿਉਂਕਿ ਗਾਹਕਾਂ ਦੀ ਘਾਟ ਕਾਰਨ ਸਰਾਧਾਂ ਵਿਚ ਸਾਮਾਨ ਸਸਤਾ ਹੋ ਜਾਂਦਾ ਹੈ ਅਤੇ ਆਧੁਨਿਕ ਸੋਚ ਦੇ ਮਾਲਕ ਅਨੇਕਾਂ ਲੋਕ ਸਰਾਧਾਂ ਵਿਚ ਸਸਤੇ ਹੋਏ ਸਮਾਨ ਦਾ ਲਾਹਾ ਲੈਂਦਿਆਂ ਨਵਾਂ ਸਮਾਨ ਖਰੀਦ ਲੈਂਦੇ ਹਨ।

ਵਹਿਮਾਂ ਭਰਮਾਂ ਦੇ ਸ਼ਿਕਾਰ ਲੋਕ ਅਕਸਰ ਰਾਸ਼ੀਫਲ ਉੱਪਰ ਵਿਸ਼ਵਾਸ ਰਖਦੇ ਹਨ। ਅਜਿਹੇ ਲੋਕਾਂ ਦੇ ਦਿਨ ਦੀ ਸੁਰੂਆਤ ਅਖਬਾਰ ਵਿਚ ਸਭ ਤੋਂ ਪਹਿਲਾਂ ਰਾਸ਼ੀਫਲ ਪੜ੍ਹਨ ਤੋਂ ਹੁੰਦੀ ਹੈ। ਇਹ ਲੋਕ ਰਾਸ਼ੀਫਲ ਵਿਚ ਲਿਖੇ ਉਪਰ ਬਹੁਤ ਵਿਸ਼ਵਾਸ ਕਰਦੇ ਹਨ ਅਤੇ ਉਸ ਅਨੁਸਾਰ ਆਪਣੇ ਕੰਮ ਕਰਦੇ ਹਨ। ਕਈ ਲੋਕ ਤਾਂ ਰਾਸ਼ੀਫਲ ਵਿਚ ਦੱਸੇ ਰੰਗਾਂ ਅਨੁਸਾਰ ਕਪੜੇ ਤਕ ਪਹਿਨਦੇ ਹਨ। ਕਈ ਲੋਕ ਸਵੇਰ ਵੇਲੇ ਵੱਖ ਵੱਖ ਟੀ ਵੀ ਚੈਨਲਾਂ ਤੇ ਚਲਦੇ ਰਾਸ਼ੀਫਲ ਅਤੇ ਹੋਰ ਵਹਿਮਾਂ ਭਰਮਾਂ ਵਾਲੇ ਪ੍ਰੋਗਰਾਮ ਵੇਖਦੇ ਰਹਿੰਦੇ ਹਨ ਅਤੇ ਇਨ੍ਹਾਂ ਅਨੁਸਾਰ ਆਪਣੇ ਕੰਮ ਕਰਦੇ ਹਨ।

ਸਾਡਾ ਸਮਾਜ ਭਾਵੇਂ ਆਧੁਨਿਕਤਾ ਦਾ ਹਾਣੀ ਹੈ ਪਰ ਇਸਦੇ ਬਾਵਜੂਦ ਅਨੇਕਾਂ ਲੋਕ ਅਜੇ ਵੀ ਪੁਰਾਣੇ ਯੁੱਗ ਵਿਚ ਰਹਿ ਰਹੇ ਹਨ ਅਤੇ ਪੁਰਾਣੇ ਸਮੇਂ ਦੇ ਵਹਿਮ ਭਰਮ ਮੰਨਦੇ ਆ ਰਹੇ ਹਨ। ਕਈ ਲੋਕਾਂ ਵਿਚ ਨਜਰ ਲਗੱਣ ਦਾ ਵਹਿਮ ਬਹੁਤ ਹੈ। ਅਕਸਰ ਅਨੇਕਾਂ ਲੋਕ ਇਹ ਕਹਿੰਦੇ ਦਿਖਾਈ ਦਿੰਦੇ ਹਨ ਕਿ ਉਹਨਾਂ ਨੂ ੰਜਾਂ ਉਹਨਾਂ ਦੇ ਕੰਮ ਨੂੰ ਕਿਸੇ ਦੀ ਨਜਰ ਲੱਗ ਗਈ ਹੈ। ਇਸ ਤਰ੍ਹਾਂ ਦੇ ਹਰ ਵਹਿਮ ਭਰਮ ਅਨੇਕਾਂ ਲੋਕਾਂ ਵਲੋਂ ਕੀਤੇ ਜਾਂਦੇ ਹਨ, ਜਿਹਨਾਂ ਦਾ ਕੋਈ ਵਿਗਿਆਨਿਕ ਅਧਾਰ ਨਹੀਂ ਹੁੰਦਾ। ਹੋਰ ਤਾਂ ਹੋਰ ਕਈ ਲੋਕ ਕੁੱਤੇ ਜਾਂ ਗਧੇ ਦੇ ਕੰਨ ਹਿਲਾਉਣ ਨੂੰ ਚੰਗਾ ਨਹੀਂ ਸਮਝਦੇ। ਇਸ ਤੋਂ ਇਲਾਵਾ ਰਾਤ ਨੂੰ ਉਲੂ ਬੋਲਣ ਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ ਅਤੇ ਦਿਨੇ ਉਲੂ ਦਾ ਦਿਖਾਈ ਦੇਣਾ ਮਾੜਾ ਸਮਝਿਆ ਜਾਂਦਾ ਹੈ। ਕਈ ਲੋਕ ਕਿਸੇ ਦੂਜੇ ਵਿਅਕਤੀ ਦਾ ਸਵੇਰੇ ਮੱਥੇ ਲੱਗਣ ਨੂੰ ਮਾੜਾ ਸਮਝਦੇ ਹਨ ਅਤੇ ਇਸ ਤੋਂ ਇਲਾਵਾ ਲੋਕ ਹੋਰ ਕਈ ਤਰ੍ਹਾਂ ਵਹਿਮ ਭਰਮ ਕਰਦੇ ਹਨ।

ਇਹਨਾਂ ਵਹਿਮਾਂ ਭਰਮਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੁੰਦਾ ਅਤੇ ਅਕਸਰ ਲੋਕ ਆਪਣੇ ਕੋਲੋਂ ਕਈ ਤਰ੍ਹਾਂ ਦੇ ਵਹਿਮ ਭਰਮ ਜੋੜ ਲਂੈਦੇ ਹਨ ਜਿਹੜੇ ਹੋਰਨਾਂ ਲਈ ਅਕਸਰ ਸਮੱਸਿਆ ਬਣ ਜਾਂਦੇ ਹਨ। ਵਹਿਮੀ ਲੋਕ ਅਕਸਰ ਕਿਸੇ ਤੋਂ ਕੋਈ ਚੀਜ ਲੈ ਕੇ ਨਹੀਂ ਖਾਂਦੇ ਅਤੇ ਉਹਨਾਂ ਨੂੰ ਇਹ ਡਰ ਰਹਿੰਦਾ ਹੈ ਕਿ ਕਿਤੇ ਕੋਈ ਉਹਨਾਂ ਨੂੰ ਜਾਦੂ ਟੂਣਾ ਕਰਕੇ ਕੋਈ ਚੀਜ ਨਾ ਖੁਆ ਦੇਵੇ।

ਅਸਲ ਵਿਚ ਵਹਿਮਾਂ ਭਰਮਾਂ ਦੇ ਸ਼ਿਕਾਰ ਲੋਕ ਕੁਝ ਹੱਦ ਤਕ ਮਨੋਰੋਗੀ ਹੁੰਦੇ ਹਨ, ਜਿਹਨਾਂ ਦਾ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ। ਅੱਜ ਦੇ ਆਧੁਨਿਕ ਸਮਾਜ ਵਿਚ ਵਹਿਮਾਂ ਭਰਮਾਂ ਨੂੰ ਕੋਈ ਜਗਾ ਨਹੀਂ ਮਿਲਣੀ ਚਾਹੀਦੀ।

ਬਿਊਰੋ

 

Continue Reading

Editorial

ਵੱਡੇ ਪੱਧਰ ਤੇ ਹੁੰਦੀ ਨਕਲੀ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਤੇ ਕਾਬੂ ਕਰਨ ਲਈ ਸਖਤ ਕਾਰਵਾਈ ਜਰੂਰੀ

Published

on

By

 

 

ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਡੇ ਦੇਸ਼ ਵਿੱਚ ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਦਾ ਧੰਦਾ ਖੁੱਲੇਆਮ ਚਲਦਾ ਹੈ ਅਤੇ ਜਿੱਥੇ ਵੀ ਵੇਖੋ ਅਜਿਹਾ ਸਾਮਾਨ ਆਮ ਵੇਚਿਆ ਜਾਂਦਾ ਹੈ। ਮਿਲਾਵਟੀ ਸਾਮਾਨ ਵੇਚਣ ਵਾਲਿਆਂ ਵਲੋਂ ਸਭ ਤੋਂ ਜ਼ਿਆਦਾ ਮਿਲਾਵਟ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਹੀ ਕੀਤੀ ਜਾਂਦੀ ਹੈ ਅਤੇ ਅਤੇ ਬਾਜਾਰਾਂ ਵਿੱਚ ਵਿਕਦਾ ਖਾਣ ਪੀਣ ਦਾ ਇਹ ਮਿਲਾਵਟੀ ਸਾਮਾਨ ਲੋਕਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਉਂਦਾ ਹੈ।

ਹਾਲਾਤ ਇਹ ਹਨ ਕਿ ਬਾਜ਼ਾਰ ਵਿੱਚ ਵਿਕਣ ਵਾਲੀ ਹਰ ਚੀਜ਼ ਵਿੱਚ ਵੱਡੇ ਪੱਧਰ ਤੇ ਮਿਲਾਵਟ ਕੀਤੀ ਜਾਂਦੀ ਹੈ ਅਤੇ ਇਸ ਦੌਰਾਨ ਸਭ ਤੋਂ ਜਿਆਦਾ ਮਿਲਾਵਟ ਦੁੱਧ ਅਤੇ ਉਸ ਤੋਂ ਬਣਨ ਵਾਲੀਆਂ ਵਸਤੂਆਂ ਵਿੱਚ ਹੀ ਹੁੰਦੀ ਹੈ। ਅਸਲੀਅਤ ਇਹ ਹੈ ਕਿ ਸਾਡੇ ਦੇਸ਼ ਵਿੱਚ ਦੁੱਧ ਦੀ ਜਿੰਨੀ ਖਪਤ ਹੁੰਦੀ ਹੈ ਉਸਦੇ ਮੁਕਾਬਲੇ ਉਸਦਾ ਉਤਪਾਦਨ ਅੱਧੇ ਤੋਂ ਵੀ ਘੱਟ ਹੈ ਅਤੇ ਦੁੱਧ ਦੀ ਖਪਤ ਵਿੱਚ ਹੋਣ ਵਾਲੇ ਵਾਧੇ ਨਾਲ ਉਤਪਾਦਨ ਅਤੇ ਮੰਗ ਵਿਚਲਾ ਇਹ ਪਾੜਾ ਹੋਰ ਵੀ ਵੱਧ ਜਾਂਦਾ ਹੈ। ਇਸਦੇ ਨਾਲ ਹੀ ਦੁੱਧ ਤੋਂ ਬਣਨ ਵਾਲੀਆਂ ਮਿਠਾਈਆਂ ਅਤੇ ਹੋਰ ਪਦਾਰਥ ਵੀ ਬਹੁਤ ਜ਼ਿਆਦਾ ਖਰੀਦੇ ਵੇਚੇ ਜਾਂਦੇ ਹਨ ਅਤੇ ਇਹੀ ਕਾਰਨ ਹੈ ਕਿ ਖਪਤ ਜ਼ਿਆਦਾ ਹੋਣ ਕਾਰਨ ਨਕਲੀ ਦੁੱਧ, ਖੋਆ ਅਤੇ ਪਨੀਰ ਦਾ ਕਾਰੋਬਾਰ ਧੜੱਲੇ ਨਾਲ ਚਲਦਾ ਹੈ।

ਬਾਜਾਰਾਂ ਵਿੱਚ ਹੋਣ ਵਾਲੀ ਵਿਕਰੀ ਵਿੱਚ ਜਿਵੇਂ ਜਿਵੇਂ ਵਾਧਾ ਹੁੰਦਾ ਹੈ, ਮਿਲਾਵਟੀ ਅਤੇ ਨਕਲੀ ਸਾਮਾਨ ਵੇਚਣ ਵਲਿਆਂ ਦਾ ਮੁਨਾਫਾ ਵੀ ਵੱਧਦਾ ਹੈ ਜਿਸ ਕਾਰਨ ਹਰ ਤਰ੍ਹਾਂ ਦੇ ਸਾਮਾਨ ਵਿੱਚ ਮਿਲਾਵਟ ਕਰਨ ਵਾਲੇ ਕੁੱਝ ਜਿਆਦਾ ਹੀ ਸਰਗਰਮ ਹੋ ਜਾਂਦੇ ਹਨ। ਇਸ ਸੰਬੰਧੀ ਟੀ ਵੀ ਚੈਨਲਾਂ ਵਲੋਂ ਸਮੇਂ ਸਮੇਂ ਤੇ ਦੇਸ਼ ਭਰ ਵਿੱਚ ਨਕਲੀ ਦੁੱਧ, ਖੋਆ, ਪਨੀਰ ਅਤੇ ਨਕਲੀ ਮਿਠਾਈਆਂ ਤਿਆਰ ਕਰਕੇ ਵੇਚੇ ਜਾਣ ਸੰਬੰਧੀ ਜਿਹੜੀਆਂ ਰਿਪੋਰਟਾਂ ਨਸ਼ਰ ਕੀਤੀਆਂ ਜਾਂਦੀਆਂ ਹਨ ਉਹ ਲੂ ਕੰਢੇ ਖੜ੍ਹੇ ਕਰਨ ਵਾਲੀਆਂ ਹੁੰਦੀਆਂ ਹਨ।

ਮਿਲਾਵਟ ਦਾ ਇਹ ਕਾਰੋਬਾਰ ਸਿਰਫ ਦੁੱਧ ਅਤੇ ਉਸਤੋਂ ਬਣਨ ਵਾਲੇ ਸਾਮਾਨ ਤਕ ਹੀ ਸੀਮਿਤ ਨਹੀਂ ਹੈ ਬਲਕਿ ਅੱਜ ਕੱਲ ਤਾਂ ਬਾਜਾਰਾਂ ਵਿੱਚ ਵਿਕਦੇ ਹਰ ਤਰ੍ਹਾਂ ਦੇ ਖਾਣ ਪੀਣ ਦੇ ਸਾਮਾਨ (ਅਨਾਜ, ਦਾਲਾਂ, ਮਸਾਲੇ ਅਤੇ ਖੁਰਾਕੀ ਤੇਲ ਸਮੇਤ ਖਾਣ ਪੀਣ ਦੇ ਹਰ ਤਰ੍ਹਾਂ ਦੇ ਸਾਮਾਨ) ਵਿੱਚ ਵੱਡੇ ਪੱਧਰ ਉਪਰ ਮਿਲਾਵਟ ਕੀਤੀ ਜਾਂਦੀ ਹੈ। ਇਸ ਸੰਬੰਧੀ ਸਮੇਂ ਸਮੇਂ ਤੇ ਸ਼ਿਕਾਇਤਾਂ ਵੀ ਸਾਮ੍ਹਣੇ ਆਉਂਦੀਆਂ ਹਨ ਪਰੰਤੂ ਹਾਲਾਤ ਵਿੱਚ ਕੋਈ ਫਰਕ ਨਹੀਂ ਪੈਂਦਾ। ਇਸ ਦੌਰਾਨ ਵਪਾਰੀ ਅਤੇ ਦੁਕਾਨਦਾਰ ਆਪਣਾ ਮੁਨਾਫਾ ਵਧਾਉਣ ਲਈ ਮਿਲਾਵਟੀ ਸਾਮਾਨ ਵੇਚ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਪਰੰਤੂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਲਾ ਤੰਤਰ ਜਿਵੇਂ ਡੂੰਘੀ ਨੀਂਦ ਸੁੱਤਾ ਰਹਿੰਦਾ ਹੈ। ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਜਿਹੜੀ ਚੀਜ਼ ਖਾ ਰਹੇ ਹਨ, ਉਹ ਨਾ ਸਿਰਫ ਮਿਲਾਵਟੀ ਹੈ ਬਲਕਿ ਉਹਨਾਂ ਦੀ ਸਿਹਤ ਲਈ ਨੁਕਸਾਨਦੇਹ ਵੀ ਹੈ।

ਦੇਸ਼ ਵਿੱਚ ਖੁੱਲੇਆਮ ਚਲਦੀ ਮਿਲਾਵਟੀ ਸਾਮਾਨ ਦੀ ਵਿਕਰੀ ਦੀ ਇਹ ਕਾਰਵਾਈ ਦੇਸ਼ ਦੇ ਖਜਾਨੇ ਨੂੰ ਵੀ ਖੋਰਾ ਲਗਾਉਂਦੀ ਹੈ ਕਿਉਂਕਿ ਮਿਲਾਵਟੀ ਸਾਮਾਨ ਦਾ ਇਹ ਸਾਰਾ ਕਾਰੋਬਾਰ ਦੋ ਨੰਬਰ ਵਿੱਚ ਹੀ ਹੁੰਦਾ ਹੈ। ਇਸ ਸੰਬੰਧੀ ਆਮ ਲੋਕ ਇਹ ਇਲਜਾਮ ਵੀ ਲਗਾਉਂਦੇ ਹਨ ਕਿ ਨਕਲੀ ਅਤੇ ਮਿਲਾਵਟੀ ਸਾਮਾਨ ਦਾ ਇਹ ਕਾਲਾ ਕਾਰੋਬਾਰ ਵੱਡੇ ਰਾਜਨੇਤਾਵਾਂ ਅਤੇ ਨੌਕਰਸ਼ਾਹਾਂ ਦੀ ਸਰਪਰਸਤੀ ਵਿੱਚ ਹੀ ਚਲਦਾ ਹੈ ਜਿਸਦੀ ਕਮਾਈ ਦਾ ਹਿੱਸਾ ਵੀ ਉੱਪਰ ਤਕ ਜਾਂਦਾ ਹੈ। ਇਸ ਤਰੀਕੇ ਨਾਲ ਸ਼ਰੇਆਮ ਹੁੰਦੀ ਮਿਲਾਵਟੀ ਅਤੇ ਨਕਲੀ ਸਾਮਾਨ ਦੀ ਵਿਕਰੀ ਸਰਕਾਰ ਦੀ ਕਾਰਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਚੁੱਕਦੀ ਹੈ।

ਨਕਲੀ ਅਤੇ ਮਿਲਾਵਟੀ ਸਾਮਾਨ ਦੀ ਖੁੱਲੇਆਮ ਵਿਕਰੀ ਦੀ ਇਸ ਕਾਰਵਾਈ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਦੇਸ਼ ਭਰ ਵਿਚ ਇਸਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਇਸ ਕਾਲੇ ਕਾਰੋਬਾਰ ਤੇ ਸਖਤੀ ਨਾਲ ਰੋਕ ਲਗਾਈ ਜਾਵੇ। ਪਰੰਤੂ ਇਸ ਸੰਬੰਧੀ ਸਰਕਾਰੀ ਪੱਧਰ ਤੇ ਹੋਣ ਵਾਲੀ ਕਾਰਵਾਈ ਦੀ ਅਣਹੋਂਦ ਕਾਰਨ ਮਿਲਾਵਟੀ ਸਾਮਾਨ ਦੀ ਇਸ ਵਿਕਰੀ ਦਾ ਅਮਲ ਲਗਾਤਾਰ ਵੱਧਦਾ ਜਾ ਰਿਹਾ ਹੈ। ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕੇ ਅਤੇ ਇਸ ਤਰੀਕੇ ਨਾਲ ਮਿਲਾਵਟੀ ਸਾਮਾਨ ਵੇਚ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਇਸ ਤਰੀਕੇ ਨਾਲ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੇ ਤੇ ਰੋਕ ਲੱਗੇ।

Continue Reading

Latest News

Trending