Mohali
ਪਿੰਡ ਸੋਹਾਣਾ ਨੂੰ ਨਗਰ ਨਿਗਮ ਮੁਹਾਲੀ ਵਿੱਚੋਂ ਬਾਹਰ ਕੱਢ ਕੇ ਦੁਬਾਰਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਲਿਆਉਣ ਦੀ ਮੰਗ
ਐਸ ਏ ਐਸ ਨਗਰ, 22 ਅਗਸਤ (ਸ.ਬ.) ਪਿੰਡ ਸੋਹਾਣਾ ਦੇ ਵਸਨੀਕ ਨਛੱਤਰ ਸਿੰਘ ਸੋਹਾਣਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਿੰਡ ਸੋਹਾਣਾ (ਤਹਿਸੀਲ ਅਤੇ ਜਿਲ੍ਹਾ ਮੁਹਾਲੀ) ਨੂੰ ਨਗਰ ਨਿਗਮ ਮੁਹਾਲੀ ਵਿੱਚੋਂ ਬਾਹਰ ਕੱਢ ਕੇ ਦੁਬਾਰਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਲਿਆਂਦਾ ਜਾਵੇ।
ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਪਿੰਡ ਸੋਹਾਣਾ ਦੇ ਵਸਨੀਕਾਂ ਨੇ ਆਪਸੀ ਸਲਾਹ ਮਸ਼ਵਰੇ ਅਤੇ ਸੋਚ ਵਿਚਾਰ ਤੋਂ ਬਾਅਦ ਪਿੰਡ ਦੇ ਮੋਹਤਬਰਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ, ਸਬੰਧਿਤ ਮੰਤਰੀ ਅਤੇ ਹੋਰ ਅਧਿਕਾਰੀਆਂ ਨੂੰ 25-9-2023 ਨੂੰ ਰਜਿਸਟਰਡ ਡਾਕ ਰਾਹੀਂ ਪਿੰਡ ਸੋਹਾਣਾ ਨੂੰ ਨਗਰ ਨਿਗਮ ਮੁਹਾਲੀ ਵਿੱਚੋਂ ਬਾਹਰ ਕੱਢ ਕੇ ਦੁਆਬਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਲਿਆਉਣ ਸਬੰਧੀ ਪੱਤਰ ਲਿਖਿਆ ਸੀ।
ਇਸ ਸਬੰਧੀ ਸਹਾਇਕ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਆਰ ਅਤੇ ਡੀ ਵੱਲੋਂ ਡਾਇਰੈਕਟਰ ਸਥਾਨਕ ਸਰਕਾਰ ਨੂੰ 25-10-2023 ਨੂੰ ਪੱਤਰ ਭੇਜ ਕੇ ਅਗਲੇਰੀ ਕਾਰਵਾਈ ਕਰਕੇ ਪਿੰਡ ਵਾਸੀਆਂ ਨੂੰ ਸੂਚਨਾ ਦੇਣ ਬਾਰੇ ਲਿਖਿਆ ਸੀ, ਪਰੰਤੂ ਸ਼ਾਇਦ ਹੁਣ ਤੱਕ ਇਸ ਪੱਤਰ ਉੱਤੇ ਕਾਰਵਾਈ ਮੁਕੰਮਲ ਨਹੀਂ ਹੋ ਪਾਈ ਹੈ।
ਉਹਨਾਂ ਲਿਖਿਆ ਹੈ ਕਿ ਪਿੰਡਾਂ ਵਾਲਿਆਂ ਦੀ ਸੱਭਿਆਚਾਰਿਕ ਸਾਂਝ, ਰਸਮੋ ਰਿਵਾਜ ਅਤੇ ਲੋੜਾਂ ਸ਼ਹਿਰ ਤੋਂ ਵੱਖ ਹੋਣ ਕਰਕੇ ਪਿੰਡਾਂ ਦੇ ਨਗਰ ਨਿਗਮ ਵਿੱਚ ਰਲੇਵੇ ਕਾਰਨ ਪਿੰਡਾਂ ਵਾਲਿਆਂ ਨੂੰ ਲਾਭ ਘੱਟ ਅਤੇ ਨੁਕਸਾਨ ਵੱਧ ਹੁੰਦਾ ਹੈ। ਉਹਨਾਂ ਮੰਗ ਕੀਤੀ ਹੈ ਕਿ ਪਿੰਡ ਸੋਹਾਣਾ ਅਤੇ ਨਗਰ ਨਿਗਮ ਮੁਹਾਲੀ ਵਿੱਚ ਸ਼ਾਮਿਲ ਕੀਤੇ ਗਏ ਹੋਰ ਪਿੰਡਾਂ ਦੇ ਵਸਨੀਕਾਂ ਦੀ ਰਾਏ ਲੈ ਕੇ ਜਾਂ 2003 ਦੀ ਵੋਟਰ ਸੂਚੀ ਮੁਤਾਬਿਕ ਪੁਰਾਣੇ ਵਸਨੀਕਾਂ ਦੀਆਂ ਵੋਟਾਂ ਪੁਆ ਕੇ ਫੈਸਲਾ ਕੀਤਾ ਜਾਵੇ।
ਉਹਨਾਂ ਲਿਖਿਆ ਹੈ ਕਿ ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਿਲ ਕੀਤੇ ਜਾਣ ਤੋਂ ਬਾਅਦ ਪਿੰਡ ਦੀਆਂ ਸਾਂਝੀਆਂ ਥਾਵਾਂ ਅਤੇ ਰਸਤਿਆਂ ਤੇ ਨਾਜਾਇਜ ਕਬਜ਼ੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਜਦੋਂ ਵੀ ਪਿੰਡ ਵਾਲਿਆਂ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਅਰਜੀ ਦੇ ਕੇ ਕਾਰਵਾਈ ਲਈ ਕਿਹਾ ਜਾਂਦਾ ਹੈ ਤਾਂ ਹੇਠਲੇ ਅਧਿਕਾਰੀਆਂ ਨੂੰ ਰਿਪਰੋਟ ਕਰਨ ਲਈ ਪੱਤਰ ਭੇਜ ਦਿੱਤਾ ਜਾਂਦਾ ਹੈ ਅਤੇ ਜਦੋਂ ਤਕ ਦਫਤਰੀ ਪ੍ਰਕਿਰਿਆਂ ਪੂਰੀ ਕਰਕੇ ਕਾਰਵਾਈ ਲਈ ਫਾਈਲ ਕਮਿਸ਼ਨਰ ਕੋਲ ਜਾਂਦੀ ਹੈ ਉਦੋਂ ਤੱਕ ਨਜਾਇਜ ਕਬਜੇ ਮੁਕੰਮਲ ਹੋ ਚੁੱਕੇ ਹੁੰਦੇ ਹਨ ਅਤੇ ਬਾਅਦ ਵਿੱਚ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਦੂਜੇ ਪਾਸੇ ਪੰਚਾਇਤ ਮੈਂਬਰ ਪਿੰਡ ਦੀ ਜਮੀਨੀ ਹਕੀਕਤ ਤੋਂ ਜਾਣੂ ਹੋਣ ਕਰਕੇ ਤੁਰੰਤ ਫੈਸਲਾ ਲੈਣ ਦੇ ਸਮਰੱਥ ਹੁੰਦੇ ਹਨ ਅਤੇ ਨੁਕਸਾਨ ਹੋਣ ਤੋਂ ਬੱਚ ਜਾਦਾ ਹੈ।
ਉਹਨਾਂ ਲਿਖਿਆ ਹੈ ਪਿੰਡ ਸੋਹਾਣਾ ਦੇ ਬੜਾ ਜੋਹੜ (ਟੋਭਾ) ਦੀ ਮਿਸਾਲ ਸਾਮ੍ਹਣੇ ਹੈ ਜਿਸਦੀ ਚਾਰ ਦੀਵਾਰੀ ਕਰਨ ਲਈ 2015 ਤੋਂ ਦਿੱਤੀ ਅਰਜੀ ਤੇ ਕਾਰਵਾਈ ਨਾ ਹੋਣ ਕਰਕੇ ਅਤੇ ਮਾਨਯੋਗ ਹਾਈ ਕੋਰਟ ਵੱਲੋਂ ਹੁਕਮ ਦਿੱਤੇ ਜਾਣ ਦੇ ਬਾਵਜੂਦ ਡੰਗ ਟਪਾਉ ਨਿਯਤ ਨਾਲ ਕੰਮ ਹੋ ਰਿਹਾ ਹੈ। ਹੋਰ ਤਾਂ ਹੋਰ ਨਿਗਮ ਅਧਿਕਾਰੀ ਮਾਨਯੋਗ ਹਾਈ ਕੋਰਟ ਵਿੱਚ ਵੀ ਗਲਤ ਬਿਆਨ ਅਤੇ ਹਲਫੀਆ ਬਿਆਨ ਦੇਣ ਤੋਂ ਵੀ ਗੁਰੇਜ ਨਹੀਂ ਕਰਦੇ। ਇਸੇ ਤਰ੍ਹਾਂ ਪਿੰਡ ਸੋਹਾਣਾ ਦੇ ਰਸਤੇ ਖਸਰਾ ਨੰਬਰ 500, 530, 563, ਆਦਿ ਮਾਲ ਮਹਿਕਮੇ ਵੱਲੋਂ ਮਿਣਤੀ ਕਰਕੇ ਰਿਪੋਰਟ ਕਰਨ ਦੇ ਬਾਵਜੂਦ ਵੀ ਕਾਰਵਾਈ ਨਾ ਹੋਣਾ ਪ੍ਰਤੱਖ ਮਿਸਾਲ ਹਨ।
ਉਹਨਾਂ ਮੰਗ ਕੀਤੀ ਕਿ ਪਿੰਡਾ ਨੂੰ ਆਪਣੀਆਂ ਲੋੜਾਂ ਮੁਤਾਬਿਕ ਵਿਕਾਸ ਲਈ ਖ਼ੁਦ ਮੁਖਤਿਆਰ ਸੰਸਥਾ ਬਣਾ ਕੇ ਰੱਖਿਆ ਜਾਵੇ ਨਾ ਕੀ ਵੱਖ-ਵੱਖ ਸ਼ਹਿਰਾਂ ਤੋਂ ਸਰਵਿਸ ਵਿੱਚ ਆਏ ਅਧਿਕਾਰੀਆਂ ਦੇ ਰਹਿਮੋ ਕਰਮ ਤੇ ਛੱਡਿਆ ਜਾਵੇ ਅਤੇ ਪੰਚਾਇਤ ਚੋਣਾਂ ਤੋਂ ਪਹਿਲਾਂ ਕਾਰਵਾਈ ਮੁਕੰਮਲ ਕਰਕੇ ਪਿੰਡ ਸੋਹਾਣਾ ਨੂੰ ਨਗਰ ਨਿਗਮ ਮੁਹਾਲੀ ਵਿੱਚੋਂ ਬਾਹਰ ਕੱਢਿਆ ਜਾਵੇ।
Mohali
ਸੈਕਟਰ 74 ਅਤੇ ਸੈਕਟਰ 91 ਵਿੱਚ ਰੋਜ ਲਗਾਈ ਜਾਂਦੀ ਹੈ ਕੂੜੇ ਨੂੰ ਅੱਗ : ਰਾਮਦੀਪ ਕੌਰ
ਜਹਿਰੀਲੀ ਹਵਾ ਕਾਰਨ ਲੋਕ ਹੋ ਰਹੇ ਹਨ ਬਿਮਾਰ
ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਨਗਰ ਨਿਗਮ ਵਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਲਗਾਏ ਜਾਂਦੇ ਕੂੜੇ ਦੇ ਢੇਰ ਨੂੰ ਅੱਗ ਲਗਾਏ ਜਾਣ ਦੀ ਕਾਰਵਾਈ ਕਾਰਨ ਸ਼ਹਿਰ ਦਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਦੌਰਾਨ ਸੈਕਟਰ 74 ਵਿੱਚ ਪੁਰਾਣੇ ਡੰਪਿਗ ਮੈਦਾਨ ਵਾਲੀ ਥਾਂ ਦੇ ਨਾਲ ਅਤੇ ਸੈਕਟਰ 90-91 ਵਿੱਚ ਜਲ ਬੋਰਡ ਦੇ ਨੇੜੇ ਦੀ ਖਾਲੀ ਜਮੀਨ ਤੇ ਕੂੜਾ ਸੁੱਟਣ ਅਤੇ ਫਿਰ ਕੂੜੇ ਨੂੰ ਅੱਗ ਲਗਾਏ ਜਾਣ ਕਾਰਨ ਸਥਾਨਕ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ।
ਇੱਥੇ ਜਿਕਰਯੋਗ ਹੈ ਕਿ ਸੈਕਟਰ 74 ਏ ਦੇ ਨਾਲ ਲੱਗਦੀ ਥਾਂ ਵਿੱਚ ਪਹਿਲਾਂ ਸਾਰੇ ਸ਼ਹਿਰ ਦਾ ਕੂੜਾ ਇਕੱਠਾ ਕਰਨ ਲਈ ਡੰਪਿੰਗ ਯਾਰਡ ਬਣਿਆ ਸੀ ਅਤੇ ਇਸ ਥਾਂ ਤੇ ਲੱਗਦੇ ਗੰਦਗੀ ਦੇ ਢੇਰਾਂ ਤੋਂ ਉਠਦੀ ਬਦਬੂ ਕਾਰਨ ਸਥਾਨਕ ਵਸਨੀਕ ਪਰੇਸ਼ਾਨ ਰਹਿੰਦੇ ਸਨ। ਇਸ ਸੰਬੰਧੀ ਸਥਾਨਕ ਵਸਨੀਕਾਂ ਵਲੋਂ ਮਾਣਯੋਗ ਅਦਾਲਤ ਵਿੱਚ ਮਾਮਲਾ ਦਾਇਰ ਕੀਤਾ ਗਿਆ ਸੀ ਜਿਸਤੇ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਵਲੋਂ ਇਸ ਥਾਂ ਤੇ ਕੂੜਾ ਸੁੱਟਣ ਤੇ ਰੋਕ ਲਗਾ ਦਿੱਤੀ ਗਈ ਸੀ।
ਸਮਾਜਸੇਵੀ ਆਗੂ ਰਾਮਦੀਪ ਕੌਰ ਨੇ ਕਿਹਾ ਕਿ ਮਾਣਯੋਗ ਅਦਾਲਤ ਵਲੋਂ ਇੱਥੇ ਕੂੜਾ ਸੁੱਟਣ ਤੇ ਰੋਕ ਲਗਾਏ ਜਾਣ ਤੋਂ ਬਾਅਦ ਕੁੱਝ ਸਮਾਂ ਤਾਂ ਠੀਕ ਠਾਕ ਲੰਘਿਆ ਸੀ ਪਰੰਤੂ ਬਾਅਦ ਵਿੱਚ ਨਗਰ ਨਿਗਮ ਵਲੋਂ ਇਸ ਪੁਰਾਣੇ ਡੰਪਿੰਗ ਯਾਰਡ ਦੇ ਨੇੜੇ ਪੈਂਦੀ ਖਾਲੀ ਥਾਂ ਅਤੇ ਸੈਕਟਰ 90-91 ਦੇ ਜਲ ਬੋਰਡ ਦੇ ਨੇੜੇ ਦੀ ਥਾਂ ਤੇ ਕੂੜੇ ਦੇ ਢੇਰ ਲਗਾਉਣੇ ਆਰੰਭ ਕਰ ਦਿੱਤੇ। ਉਹਨਾਂ ਕਿਹਾ ਕਿ ਨਗਰ ਨਿਗਮ ਦੀਆਂ ਟਰਾਲੀਆਂ ਵਿੱਚ ਦਰਖਤਾਂ ਦੀ ਰਹਿੰਦ ਖੁਹੰਦ ਅਤੇ ਹੋਰ ਕੂੜਾ ਲਿਆ ਕੇ ਇੱਥੇ ਢੇਰ ਲਗਾ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਕੂੜੇ ਦੇ ਇਹਨਾਂ ਢੇਰਾਂ ਵਿੱਚ ਰਾਤ ਵੇਲੇ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਕਾਰਨ ਇਸ ਖੇਤਰ ਵਿੱਚ ਹਰ ਪਾਸੇ ਜਹਿਰੀਲਾ ਧੂੰਆਂ ਫੈਲ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਹੈ ਪਰੰਤੂ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਵਸਨੀਕਾਂ ਨੂੰ ਪੱਲਿਉਂ ਟੈਕਰ ਮੰਗਵਾ ਕੇ ਇਹ ਅੱਗ ਬੁਝਾਉਣੀ ਪੈਂਦੀ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਥਾਂ ਤੇ ਕੂੜੇ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਅਤੇ ਅੱਗ ਲਗਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
Mohali
ਗੁ ਸਿੰਘ ਸ਼ਹੀਦਾਂ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ
ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਧਾਰਮਿਕ ਸਮਾਗਮ ਵਿੱਚ ਬੀਬੀ ਹਰਜਿੰਦਰ ਕੌਰ ਬਟਾਲਾ ਵਾਲਿਆਂ ਦੇ ਜੱਥੇ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੀਵਨ ਬ੍ਰਿਤਾਂਤ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਿਆਈ ਦੀ ਦਾਤ ਬਖਸ਼ ਕੇ ਗੁਰੂ ਅੰਗਦ ਦੇਵ ਜੀ ਬਣਾਉਣ ਦਾ ਪ੍ਰਸੰਗ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਭਾਈ ਨਰਿੰਦਰ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸੰਤ ਬਾਬਾ ਸਵਰਨ ਸਿੰਘ ਮਲਕਪੁਰ ਲੁਧਿਆਣੇ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਉਚਾਰਨ ਧੁਰ ਕੀ ਬਾਣੀ ਦੇ 62 ਸਲੋਕ ਜੋ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸੁਭਾਇਮਾਨ ਹਨ ਉਨਾਂ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਦੱਸਿਆ।
ਇਸ ਤੋਂ ਇਲਾਵਾ ਭਾਈ ਜਸਵਿੰਦਰ ਸਿੰਘ ਲੁਧਿਆਣੇ ਵਾਲੇ, ਅਕਾਲ ਕਵੀਸ਼ਰੀ ਜੱਥਾ, ਭਾਈ ਪਰਵਿੰਦਰ ਸਿੰਘ, ਭਾਈ ਓਂਕਾਰ ਸਿੰਘ, ਭਾਈ ਗੁਰਵਿੰਦਰ ਸਿੰਘ, ਮਾਤਾ ਸੰਦਰ ਕੌਰ ਜੀ ਸਰਬ ਸਾਂਝੀ ਸੋਸਾਇਟੀ, ਭਾਈ ਕੁਲਤਾਰ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਮਨਦੀਪ ਸਿੰਘ, ਭਾਈ ਨਿਤਿੰਨ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ।
Mohali
ਖਾਲਸਾ ਕਾਲਜ ਵਿੱਚ ਫੇਅਰਵੈਲ ਪਾਰਟੀ ਰੁਖ਼ਸਤ 2026 ਦਾ ਆਯੋਜਨ
ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਫੇਜ਼-3ਏ ਵਿੱਚ ਸਥਿਤ ਖਾਲਸਾ ਕਾਲਜ (ਅੰਮ੍ਰਿਤਸਰ) ਆਫ ਟੈਕਨਾਲੋਜੀ ਐਂਡ ਬਿਜ਼ਨਸ ਸਟਡੀਜ਼ ਵਿੱਚ ਕਾਲਜ ਦੀ ਪ੍ਰਿੰਸੀਪਲ ਡਾ. ਹਰਿਸ਼ ਕੁਮਾਰੀ ਦੀ ਅਗਵਾਈ ਹੇਠ ਫੇਅਰਵੈਲ ਪਾਰਟੀ ‘ਰੁਖ਼ਸਤ 2026’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੀ. ਕਾਮ, ਬੀ. ਕਾਮ ਆਨਰਜ਼, ਬੀ. ਬੀ. ਏ., ਬੀ. ਸੀ. ਏ., ਬੀ. ਏ., ਪੀ. ਜੀ. ਡੀ. ਸੀ. ਏ., ਐਮ. ਐਸ. ਸੀ. ਆਈ ਟੀ, ਐਮ. ਏ. ਸੋਸ਼ਿਓਲੋਜੀ, ਐਮ. ਬੀ. ਏ., ਐਮ. ਕਾਮ ਦੇ ਵਿਦਿਆਰਥੀਆਂ ਨੂੰ ਕਾਲਜ ਦੇ ਜੂਨੀਅਰ ਵਿਦਿਆਰਥੀਆਂ ਵੱਲੋਂ ਫੇਅਰਵੈਲ ਪਾਰਟੀ ਦਿੱਤੀ ਗਈ। ਇਸ ਮੌਕੇ ਵੇਦਿਕ ਜੋਤਿਸ਼ਾਚਾਰਿਆ ਡਾ. ਚਾਰਵੀ ਠਾਕੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਤ ਦੌਰਾਨ ਮਿਸਟਰ ਅਤੇ ਮਿਸ ਫੇਅਰਵੈਲ, ਮਿਸਟਰ ਹੈਂਡਸਮ ਅਤੇ ਮਿਸ ਚਾਰਮਿੰਗ ਮੁਕਾਬਲੇ ਕਰਵਾਏ ਗਏ ਜਿਸ ਦੌਰਾਨ ਵਿਦਿਆਰਥੀਆਂ ਨੇ ਸੁੰਦਰ ਪਹਿਰਾਵਿਆਂ ਵਿੱਚ ਰੈਂਪ ਤੇ ਮਨਮੋਹਕ ਅੰਦਾਜ਼ ਵਿੱਚ ਵਾਕ ਕੀਤੀ। ਇਸ ਦੌਰਾਨ ਜੂਨੀਅਰ ਵਿਦਿਆਰਥੀਆਂ ਵੱਲੋਂ ਵੱਖ-ਵੱਖ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਲੋਕ ਗੀਤ, ਵੈਸਟਰਨ ਗਾਣੇ, ਡਾਂਸ ਆਦਿ ਸ਼ਾਮਲ ਸਨ, ਜਿਨ੍ਹਾਂ ਨੇ ਸਭ ਦਾ ਮਨ ਮੋਹ ਲਿਆ।
ਮਿਸਟਰ ਅਤੇ ਮਿਸ ਫੇਅਰਵੈਲ ਮੁਕਾਬਲੇ ਵਿੱਚ ਬੀ. ਬੀ. ਏ. ਛੇਵੇਂ ਸੈਮਿਸਟਰ ਦੀ ਨੇਹਾ ਨੂੰ ਮਿਸ ਫੇਅਰਵੈਲ ਅਤੇ ਬੀ. ਸੀ. ਏ. ਛੇਵੇਂ ਸੈਮਿਸਟਰ ਦੇ ਕੇਤਨ ਨੂੰ ਮਿਸਟਰ ਫੇਅਰਵੈਲ ਦਾ ਖਿਤਾਬ ਮਿਲਿਆ। ਇਸੇ ਤਰ੍ਹਾਂ, ਬੀ. ਸੀ. ਏ. ਛੇਵੇਂ ਸੈਮਿਸਟਰ ਦੇ ਕਰਮਵੀਰ ਨੂੰ ਮਿਸਟਰ ਹੈਂਡਸਮ ਅਤੇ ਬੀ. ਕਾਮ ਛੇਵੇਂ ਸੈਮਿਸਟਰ ਦੀ ਪ੍ਰੀਤੀ ਨੂੰ ਮਿਸ ਚਾਰਮਿੰਗ ਦਾ ਖਿਤਾਬ ਦਿੱਤਾ ਗਿਆ।
ਸਮਾਗਮ ਦੇ ਅੰਤ ਵਿੱਚ ਵੇਦਿਕ ਜੋਤਿਸ਼ਾਚਾਰਿਆ ਡਾ. ਚਾਰਵੀ ਠਾਕੁਰ ਨੇ ਵਿਦਿਆਰਥੀਆਂ ਅਤੇ ਕਾਲਜ ਸਟਾਫ ਮੈਂਬਰਾਂ ਲਈ ਮੁਫ਼ਤ ਐਸਟ੍ਰੋ ਵਰਕਸ਼ਾਪ ਵੀ ਆਯੋਜਿਤ ਕੀਤੀ।
-
International2 months ago
ਇਰਾਨ ਵਿੱਚ ਮੌਜੂਦ ਹਨ 10,000 ਤੋਂ ਵਧੇਰੇ ਭਾਰਤੀ
-
International2 months agoਲੰਡਨ ਵਿੱਚ ਮਕਾਨ ਨੂੰ ਅੱਗ ਲੱਗਣ ਕਾਰਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
-
Editorial1 month agoਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣਦੇ ਲੋਕ ਮਸਲੇ?
-
National2 months agoਛਿੜ ਗਿਆ ਵਿਸ਼ਵ ਯੁੱਧ : ਇਜ਼ਰਾਈਲ ਵੱਲੋਂ ਇਰਾਨ ਦੀ ਰਾਜਧਾਨੀ ਤਹਿਰਾਨ ਤੇ ਹੋਰ ਸ਼ਹਿਰਾਂ ਤੇ ਹਵਾਈ ਹਮਲਾ
-
Chandigarh2 months ago
ਪੰਜਾਬ ਵਿਚ ਸਕੂਲਾਂ ਦਾ ਸਮਾਂ ਬਦਲਿਆ
-
Mohali1 month agoਭਾਰਤੀ ਨਵਵਰਸ਼ ਦੇ ਸਵਾਗਤ ਵਿੱਚ ਪ੍ਰਭਾਤ ਫੇਰੀ ਕੱਢੀ
-
Editorial1 month agoਜੰਗ ਦੀ ਅੱਗ ਵਿਚੋਂ ਵੀ ਆਰਥਿਕ ਲਾਭ ਲੱਭ ਰਹੇ ਨੇ ਪੂੰਜੀਪਤੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
