Mohali
ਪੰਜਾਬੀ ਫਿਲਮ ਐਂਡ ਟੀ ਵੀ ਐਕਟਰ ਐਸੋਸੀਏਸ਼ਨ ਦਾ ਸਥਾਪਨਾ ਦਿਵਸ ਆਯੋਜਿਤ

ਐਸ ਏ ਐਸ ਨਗਰ, 27 ਅਗਸਤ (ਸ.ਬ.) ਪੰਜਾਬੀ ਫਿਲਮ ਐਂਡ ਟੀ ਵੀ ਐਕਟਰ ਐਸੋਸੀਏਸ਼ਨ ਵਲੋਂ ਸੰਸਥਾ ਦੇ ਪ੍ਰਧਾਨ ਪਦਮਸ਼੍ਰੀ ਨਿਰਮਲ ਰਿਸ਼ੀ, ਜਨਰਲ ਸਕੱਤਰ ਬੀ ਐੱਨ ਸ਼ਰਮਾ, ਕੈਸ਼ੀਅਰ ਭਾਰਤ ਭੂਸ਼ਣ ਵਰਮਾ ਅਤੇ ਮਲਕੀਤ ਰੌਣੀ ਦੀ ਅਗਵਾਈ ਹੇਠ ਰਤਨ ਪ੍ਰੋਫੈਸ਼ਨਲ ਕਾਲਜ ਮੁਹਾਲੀ ਵਿਖੇ ਸੰਸਥਾ ਦੇ ਸਥਾਪਨਾ ਦਿਵਸ ਮੌਕੇ ਇੱਕ ਵਿਸ਼ੇਸ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਕਰਮਜੀਤ ਅਨਮੋਲ, ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬੀਨੂੰ ਢਿਲੋਂ, ਗਾਇਕ ਪੰਮੀ ਬਾਈ ਅਤੇ ਉੱਘੇ ਗੀਤਕਾਰ ਸ਼ਮਸ਼ੇਰ ਸੰਧੂ ਸਮੇਤ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਟੀਵੀ ਜਗਤ ਨਾਲ ਸਬੰਧਿਤ 200 ਦੇ ਕਰੀਬ ਨਾਮੀ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ।
ਇਸ ਸਮਾਗਮ ਦਾ ਆਗਾਜ਼ ਗਾਇਕਾ ਨਵੀ ਰਠੋਰ ਨੇ ਲੋਕ ਗੀਤ ‘ਬੋਲ ਮਿੱਟੀ ਦੇ ਬਾਵਿਆ’ ਨਾਲ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਐਸੋਸੀਏਸ਼ਨ ਦੇ ਐਡਵਾਈਜਰੀ ਕਮੇਟੀ ਮੈਂਬਰ ਮਲਕੀਤ ਰੌਣੀ ਵਲੋਂ ਕੀਤਾ ਗਿਆ। ਉਨ੍ਹਾਂ ਸੰਸਥਾ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕਰਦੇ ਹੋਏ ਸੰਸਥਾ ਵਲੋਂ ਕੀਤੇ ਜਾ ਰਹੇ ਕਾਰਜਾਂ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ।
ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਸੋਹੀ ਅਤੇ ਬੀਨੂੰ ਢਿਲੋਂ ਨੇ ਦੱਸਿਆ ਕਿ ਪੰਜਾਬੀ ਸਿਨੇਮਾ ਦੇ ਕਲਾਕਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਅਤੇ ਪੰਜਾਬੀ ਸਿਨੇਮਾ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਦੀ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ, ਜੋੋ ਕਿ ਅੱਜ ਤੱਕ ਆਪਣੀ ਸੇਵਾਵਾਂ ਦਿੰਦੀ ਆ ਰਹੀ ਹੈ।
ਸੰਸਥਾ ਦੇ ਕੈਸ਼ੀਅਰ ਭਾਰਤ ਭੂਸ਼ਣ ਵਰਮਾ ਅਤੇ ਪ੍ਰੈਸ ਸਕੱਤਰ ਸ਼ਵਿੰਦਰ ਮਾਹਲ ਨੇ ਕਿਹਾ ਕਿ ਕਿਸੇ ਵੀ ਕਲਾਕਾਰ ਤੇ ਕੋਈ ਮੁਸੀਬਤ ਜਾਂ ਭੀੜ ਪੈਣ ਤੇ ਸੰਸਥਾ ਪਹਿਲ ਦੇ ਅਧਾਰ ਤੇ ਕਲਾਕਾਰ ਦੇ ਨਾਲ ਖੜਦੀ ਹੈ। ਅਦਾਕਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਕੋਈ ਸੰਸਥਾ ਬਣਾਉਣੀ ਅਤੇ ਇੱਕ ਪਲੇਟਫਾਰਮ ਸਭ ਨੂੰ ਇਕੱਠਾ ਕਰਨਾ ਬਹੁਤ ਔਖਾ ਹੁੰਦਾ ਹੈ ਅਤੇ ਉਸ ਤੋਂ ਵੱਧ ਔਖਾ ਉਸ ਸੰਸਥਾ ਨੂੰ ਚਲਾਉਣਾ ਹੁੰਦਾ ਹੈ। ਇਸ ਮੌਕੇ ਪੰਜਾਬੀ ਗਾਇਕ ਪੰਮੀ ਬਾਈ, ਗੀਤਕਾਰ ਸ਼ਮਸ਼ੇਰ ਸੰਧ, ਮੈਡਮ ਸੁਨੀਤਾ ਧੀਰ, ਬੀ ਐਨ ਸ਼ਰਮਾ ਅਤੇ ਵਨਿੰਦਰ ਬਿੰਨੀ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਐਸੋਸ਼ੀਏਸ਼ਨ ਵਲੋਂ ਪੰਜਾਬੀ ਸਿਨੇਮਾ ਨਾਲ ਜੁੜੀਆਂ ਸ਼ਖ਼ਸੀਅਤਾਂ, ਗਾਇਕ, ਲੇਖਕ, ਪੱਤਰਕਾਰ, ਫਾਈਟ ਮਾਸਟਰ, ਮੇਕਅੱਪ ਮੈਨ, ਲਾਈਟਮੈਨ, ਨਿਰਦੇਸ਼ਕ ਆਦਿ ਨੂੰ ਉਨ੍ਹਾਂ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਜਿਹਨਾਂ ਵਿੱਚ ਗਾਇਕਾ ਰਜਿੰਦਰ ਰਾਜਨ, ਉੱਘੇ ਲੇਖਕ ਨਵਦੀਪ ਗਿੱਲ, ਨਿਰਦੇਸ਼ਕ ਸਿਮਰਜੀਤ ਹੁੰਦਲ, ਨਿਰਦੇਸ਼ਕ ਮਨਪ੍ਰੀਤ ਬਰਾੜ, ਕੈਮਰਾਮੈਨ ਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ, ਪਰਮਜੀਤ ਪੱਲੂ, ਪੱਤਰਕਾਰ ਹਰਜਿੰਦਰ ਸਿੰਘ ਜਵੰਦਾ, ਫਾਈਟ ਮਾਸਟਰ ਵਿਸ਼ਾਲ ਅਤੇ ਬੱਬੀ ਆਦਿ ਨਾਂ ਸ਼ਾਮਿਲ ਹਨ।
ਇਸ ਮੌਕੇ ਰਣਜੀਤ ਸ਼ਰਮਾ ਅਤੇ ਪੂਨਮ ਸ਼ੂਧ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਮਾਰੋਹ ਮੌਕੇ ਅਦਾਕਾਰ ਤਰਸੇਮ ਪੋਲ, ਪਰਮਜੀਤ ਸਿੰਘ ਭੰਗੂ, ਤੋਤਾ ਸਿੰਘ ਦੀਨਾ, ਦੀਦਾਰ ਗਿੱਲ, ਗਗਨ ਥਿੰਦ, ਮੈਡਮ ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਸਤਵੰਤ ਕੌਰ, ਸਿਮਰਨ ਸਹਿਜਪਾਲ, ਨਿਰਭੈ ਸਿੰਘ ਧਾਲੀਵਾਲ, ਸੰਜੂ ਸੋਲੰਕੀ, ਜਸਦੀਪ ਸਿੰਘ ਰਤਨ, ਅਮਨ ਜੌਹਲ, ਬੱਲ ਤੁਲੇਵਾਲ ਅਤੇ ਯੂਵੀ ਵੀ ਮੌਜੂਦ ਸਨ।
Mohali
ਝੂਠੇ ਪੁਲੀਸ ਮੁਕਾਬਲੇ ਵਿੱਚ 2 ਨੌਜਵਾਨਾਂ ਨੂੰ ਮਾਰਨ ਦੇ ਦੋਸ਼ ਵਿੱਚ ਤਤਕਾਲੀ ਐਸ. ਐਚ. ਓ ਅਤੇ ਇਕ ਥਾਣੇਦਾਰ ਦੋਸ਼ੀ ਕਰਾਰ, 6 ਨੂੰ ਸੁਣਾਈ ਜਾਵੇਗੀ ਸਜਾ
ਸਬੂਤਾਂ ਦੀ ਘਾਟ ਕਾਰਨ ਤਤਕਾਲੀ ਚੌਂਕੀ ਇੰਚਾਰਜ ਸਮੇਤ 5 ਪੁਲੀਸ ਕਰਮਚਾਰੀ ਬਰੀ
ਐਸ ਏ ਐਸ ਨਗਰ, 3 ਮਾਰਚ (ਪਰਵਿੰਦਰ ਕੌਰ ਜੱਸੀ) 1993 ਵਿੱਚ ਹੋਏ ਇਕ ਝੂਠੇ ਪੁਲੀਸ ਮੁਕਾਬਲੇ ਵਿੱਚ ਦੋ ਨੌਜਵਾਨਾਂ ਗੁਰਦੇਵ ਸਿੰਘ ਉਰਫ ਦੇਬਾ ਅਤੇ ਸੁਖਵੰਤ ਸਿੰਘ ਨੂੰ ਮਾਰਨ ਦੇ ਦੋਸ਼ ਵਿੱਚ ਮੁਹਾਲੀ ਵਿਚਲੀ ਸੀ. ਬੀ. ਆਈ ਦੀ ਅਦਾਲਤ ਵਲੋਂ ਉਸ ਸਮੇਂ ਦੇ ਐਸ. ਐਚ. ਓ ਪੱਟੀ ਰਹੇ ਸੀਤਾ ਰਾਮ ਨੂੰ ਧਾਰਾ 302, 201 ਅਤੇ 218 ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਦੋਂ ਕਿ ਥਾਣੇਦਾਰ ਰਾਜਪਾਲ ਨੂੰ ਧਾਰਾ 201 ਅਤੇ 120ਬੀ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਵਲੋਂ ਦੋਵਾਂ ਦੋਸ਼ੀਆਂ ਨੂੰ ਸਜਾ ਸੁਣਾਉਣ ਲਈ 6 ਮਾਰਚ ਦੀ ਤਰੀਕ ਨਿਸ਼ਚਤ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਉਸ ਸਮੇਂ ਦੇ ਕੈਰੋਂ ਚੌਂਕੀ ਇਚਾਰਜ ਰਹੇ ਨੌਰੰਗ ਸਿੰਘ ਸਮੇਤ 5 ਪੁਲੀਸ ਕਰਮਚਾਰੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੀ. ਬੀ. ਆਈ ਅਦਾਲਤ ਨੇ 1993 ਦੇ ਇਕ ਹੋਰ ਪੁਲੀਸ ਮੁਕਾਬਲੇ ਨੂੰ ਝੂਠਾ ਕਰਾਰ ਦਿੱਤਾ ਹੈ। ਪੁਲੀਸ ਨੇ 1993 ਵਿੱਚ ਦੋ ਨੌਜਵਾਨਾਂ ਨੂੰ ਮ੍ਰਿਤਕ ਦਿਖਾਇਆ ਸੀ।
ਸੀ. ਬੀ. ਆਈ. ਨੇ 1995 ਵਿਚ ਦਿੱਤੇ ਗਏ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ ਤੇ ਇਸ ਮਾਮਲੇ ਵਿਚ ਜਾਂਚ ਸ਼ੁਰੂ ਕੀਤੀ ਸੀ। ਸੀ. ਬੀ. ਆਈ. ਨੇ ਮੁੱਢਲੀ ਜਾਂਚ ਕੀਤੀ ਅਤੇ 27.11.1996 ਨੂੰ ਗਿਆਨ ਸਿੰਘ ਦਾ ਬਿਆਨ ਦਰਜ ਕੀਤਾ ਅਤੇ ਬਾਅਦ ਵਿਚ ਫਰਵਰੀ 1997 ਵਿਚ ਸੀ. ਬੀ. ਆਈ ਵਲੋਂ ਜੰਮੂ ਵਿਖੇ ਪੁਲੀਸ ਸਟੇਸ਼ਨ ਪੱਟੀ ਦੇ ਏ. ਐਸ. ਆਈ ਨੋਰੰਗ ਸਿੰਘ ਅਤੇ ਹੋਰਾਂ ਵਿਰੁੱਧ ਧਾਰਾ 364/34 ਅਧੀਨ ਕੇਸ ਦਰਜ ਕੀਤਾ ਸੀ।
ਸੀ.ਬੀ.ਆਈ ਦੇ ਸਰਕਾਰੀ ਵਕੀਲ ਅਨਮੋਲ ਨਾਰੰਗ ਨੇ ਦੱਸਿਆ ਕਿ ਤਤਕਾਲੀ ਐਸ.ਐਚ.ਓ ਸੀਤਾ ਰਾਮ (ਉਮਰ 80 ਸਾਲ) ਅਤੇ ਰਾਜਪਾਲ (ਉਮਰ ਕਰੀਬ 57 ਸਾਲ) ਨੂੰ ਹਿਰਾਸਤ ਵਿੱਚ ਲੈ ਕੇ ਪਟਿਆਲਾ ਜੇਲ ਭੇਜ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਸੀ. ਬੀ. ਆਈ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ ਤੇ ਜਾਂਚ ਕੀਤੀ ਜੋ ਇਹ ਸਾਬਤ ਕਰਦੇ ਹਨ ਕਿ 30.1.1993 ਨੂੰ ਗੁਰਦੇਵ ਸਿੰਘ ਉਰਫ਼ ਦੇਬਾ ਪੁੱਤਰ ਗਿਆਨ ਸਿੰਘ ਵਾਸੀ ਗਲੀਲੀਪੁਰ ਜਿਲਾ ਤਰਨਤਾਰਨ ਨੂੰ ਚੌਕੀ ਇੰਚਾਰਜ ਏ.ਐਸ.ਆਈ ਨੋਰੰਗ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਦੁਆਰਾ ਉਸਦੀ ਰਿਹਾਇਸ਼ ਤੋਂ ਚੁੱਕਿਆ ਗਿਆ ਸੀ ਅਤੇ ਇਸ ਤੋਂ ਬਾਅਦ 5.2.1993 ਨੂੰ ਇਕ ਹੋਰ ਨੌਜਵਾਨ ਸੁਖਵੰਤ ਸਿੰਘ ਨੂੰ ਏ.ਐਸ.ਆਈ ਦੀਦਾਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਵਲੋਂ ਤਰਨਤਾਰਨ ਦੇ ਪਿੰਡ ਬਾਹਮਣੀਵਾਲਾ ਵਿਖੇ ਉਸਦੀ ਰਿਹਾਇਸ਼ ਤੋਂ ਚੁੱਕਿਆ ਗਿਆ ਸੀ। ਬਾਅਦ ਵਿੱਚ ਦੋਵਾਂ ਨੂੰ 6.2.1993 ਨੂੰ ਥਾਣਾ ਪੱਟੀ ਦੇ ਭਾਗੂਪੁਰ ਖੇਤਰ ਵਿਚ ਇਕ ਪੁਲੀਸ ਮੁਕਾਬਲੇ ਵਿਚ ਮਾਰੇ ਗਏ ਦਿਖਾਇਆ ਗਿਆ ਅਤੇ ਮੁਕਾਬਲੇ ਦੀ ਕਹਾਣੀ ਬਣਾ ਕੇ ਥਾਣਾ ਪੱਟੀ, ਤਰਨਤਾਰਨ ਵਿਖੇ ਐਫ ਆਈ ਆਰ ਨੰਬਰ 9/1993 ਦਰਜ ਕੀਤੀ ਗਈ ਸੀ।
ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਸਸਕਾਰ ਲਾਵਾਰਿਸ ਹਾਲਤ ਵਿਚ ਕਰ ਦਿੱਤਾ ਗਿਆ ਅਤੇ ਪਰਿਵਾਰਾਂ ਨੂੰ ਨਹੀਂ ਸੌਂਪੀਆਂ ਗਈਆਂ। ਉਸ ਸਮੇਂ ਪੁਲੀਸ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਕਤਲ, ਜਬਰਦਸਤੀ ਆਦਿ ਦੇ 300 ਮਾਮਲਿਆਂ ਵਿਚ ਸ਼ਾਮਲ ਸਨ, ਪਰ ਸੀ.ਬੀ.ਆਈ ਜਾਂਚ ਦੌਰਾਨ ਇਹ ਤੱਥ ਗਲਤ ਪਾਇਆ ਗਿਆ। ਸਾਲ 2000 ਵਿਚ ਜਾਂਚ ਪੂਰੀ ਕਰਨ ਤੋਂ ਬਾਅਦ, ਸੀ.ਬੀ.ਆਈ ਨੇ ਤਰਨਤਾਰਨ ਦੇ 11 ਪੁਲੀਸ ਅਧਿਕਾਰੀਆਂ, ਜਿਨ੍ਹਾਂ ਵਿਚ ਨੋਰੰਗ ਸਿੰਘ ਤਤਕਾਲੀ ਇੰਚਾਰਜ ਚੌਂਕੀ ਕੈਰੋਂ, ਏ.ਐਸ.ਆਈ ਦੀਦਾਰ ਸਿੰਘ, ਕਸ਼ਮੀਰ ਸਿੰਘ ਤਤਕਾਲੀ ਡੀ.ਐਸ.ਪੀ ਪੱਟੀ, ਸੀਤਾ ਰਾਮ ਤਤਕਾਲੀ ਐਸ.ਐਚ.ਓ ਪੱਟੀ, ਦਰਸ਼ਨ ਸਿੰਘ, ਗੋਬਿੰਦਰ ਸਿੰਘ ਤਤਕਾਲੀ ਐਸ.ਐਚ.ਓ ਵਲਟੋਹਾ, ਏ.ਐਸ.ਆਈ ਸ਼ਮੀਰ ਸਿੰਘ, ਏ.ਐਸ.ਆਈ ਫਕੀਰ ਸਿੰਘ, ਸਿਪਾਹੀ ਸਰਦੂਲ ਸਿੰਘ, ਸਿਪਾਹੀ ਰਾਜਪਾਲ ਅਤੇ ਸਿਪਾਹੀ ਅਮਰਜੀਤ ਸਿੰਘ ਸ਼ਾਮਲ ਸਨ, ਵਿਰੁੱਧ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀ ਅਤੇ ਉਨ੍ਹਾਂ ਵਿਰੁੱਧ ਸਾਲ 2001 ਵਿਚ ਦੋਸ਼ ਤੈਅ ਕੀਤੇ ਗਏ ਸਨ। ਪਰ ਇਸ ਤੋਂ ਬਾਅਦ ਪੰਜਾਬ ਡਿਸਟਰਬਡ ਏਰੀਆ ਐਕਟ, 1983 ਦੇ ਤਹਿਤ ਲੋੜੀਂਦੀ ਮਨਜ਼ੂਰੀ ਦੀ ਅਪੀਲ ਦੇ ਆਧਾਰ ਤੇ ਉੱਚ ਅਦਾਲਤਾਂ ਦੁਆਰਾ 2021 ਤੱਕ ਕੇਸ ਤੇ ਰੋਕ ਲਗਾ ਦਿੱਤੀ ਗਈ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਖਾਰਜ ਕਰ ਦਿੱਤਾ ਗਿਆ ਸੀ।
ਹੈਰਾਨੀ ਦੀ ਗੱਲ ਹੈ ਕਿ ਸੀ.ਬੀ.ਆਈ ਵਲੋਂ ਇਕੱਠੇ ਕੀਤੇ ਗਏ ਸਾਰੇ ਸਬੂਤ ਇਸ ਕੇਸ ਦੀ ਨਿਆਂਇਕ ਫਾਈਲ ਵਿੱਚੋਂ ਗਾਇਬ ਹੋ ਗਏ ਅਤੇ ਉੱਚ ਅਦਾਲਤ ਵਲੋਂ ਸੂਚਿਤ ਕਰਨ ਤੋਂ ਬਾਅਦ, ਹਾਈ ਕੋਰਟ ਦੇ ਹੁਕਮਾਂ ਤੇ ਰਿਕਾਰਡ ਨੂੰ ਦੁਬਾਰਾ ਤਿਆਰ ਕੀਤਾ ਗਿਆ ਅਤੇ ਅੰਤ ਵਿੱਚ ਘਟਨਾ ਤੋਂ 30 ਸਾਲ ਬਾਅਦ, ਸਾਲ 2023 ਵਿਚ ਪਹਿਲੇ ਸਰਕਾਰੀ ਗਵਾਹ ਦਾ ਬਿਆਨ ਦਰਜ ਕੀਤਾ ਗਿਆ।
ਪੀੜਤ ਪਰਿਵਾਰਾਂ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਦਾ ਕਹਿਣਾ ਹੈ ਕਿ ਸੀ.ਬੀ.ਆਈ ਨੇ ਇਸ ਕੇਸ ਵਿਚ 48 ਗਵਾਹਾਂ ਦਾ ਹਵਾਲਾ ਦਿੱਤਾ ਸੀ, ਪਰ ਮੁਕੱਦਮੇ ਦੌਰਾਨ ਸਿਰਫ਼ 22 ਗਵਾਹਾਂ ਨੂੰ ਹੀ ਪੇਸ਼ ਕੀਤਾ ਗਿਆ ਕਿਉਂਕਿ 23 ਗਵਾਹਾਂ ਦੀ ਕੇਸ ਵਿੱਚ ਦੇਰੀ ਹੋਣ ਕਾਰਨ ਮੌਤ ਹੋ ਗਈ ਸੀ ਅਤੇ ਇਸ ਤੱਥ ਦੇ ਕਾਰਨ ਕੁਝ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਚਾਰ ਮੁਲਜ਼ਮਾਂ ਸਰਦੂਲ ਸਿੰਘ, ਅਮਰਜੀਤ ਸਿੰਘ, ਦੀਦਾਰ ਸਿੰਘ ਅਤੇ ਸਮੀਰ ਸਿੰਘ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ। ਅੰਤ ਵਿੱਚ ਮੁਕੱਦਮਾ ਸ਼ੁਰੂ ਹੋਣ ਤੋਂ 2 ਸਾਲਾਂ ਦੇ ਅੰਦਰ ਰਾਕੇਸ਼ ਕੁਮਾਰ ਗੁਪਤਾ ਦੀ ਸੀ. ਬੀ. ਆਈ ਦੀ ਵਿਸ਼ੇਸ਼ ਅਦਾਲਤ ਨੇ ਫੈਸਲਾ ਸੁਣਾਇਆ ਅਤੇ 2 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਅਤੇ 5 ਮੁਲਜ਼ਮਾਂ ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕਰ ਦਿੱਤਾ।
Mohali
ਮੁਹਾਲੀ ਪੁਲੀਸ ਵਲੋਂ 13 ਕਿਲੋ ਅਫੀਮ ਸਮੇਤ ਇਕ ਵਿਅਕਤੀ ਗ੍ਰਿਫਤਾਰ

ਪਹਿਲਾਂ ਵੀ ਦਰਜ ਹਨ ਨਸ਼ਾ ਤਸਕਰੀ ਅਤੇ ਇਰਾਦਾ ਕਤਲ ਦੇ ਮਾਮਲੇ
ਐਸ ਏ ਐਸ ਨਗਰ, 3 ਮਾਰਚ (ਪਰਵਿੰਦਰ ਕੌਰ ਜੱਸੀ) ਮੁਹਾਲੀ ਪੁਲੀਸ ਵਲੋਂ ਇਕ ਵਿਅਕਤੀ ਨੂੰ 13 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਲਾਲਚੀਆ ਤਹਿਸੀਲ ਗੁਰੂ ਹਰਸਹਾਏ ਜਿਲਾ ਫਿਰੋਜਪੁਰ ਵਜੋਂ ਹੋਈ ਹੈ।
ਇਸ ਸਬੰਧੀ ਐਸ.ਪੀ ਦਿਹਾਤੀ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਸ਼ਿਆਂ ਖਿਲਾਫ ਗੁਪਤ ਸੂਚਨਾ ਮਿਲਣ ਤੇ ਐਸ. ਐਸ. ਪੀ ਦੀਪਕ ਪਾਰਿਕ ਵਲੋਂ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ, ਜਿਸ ਵਿਚ ਉਨਾਂ ਸਮੇਤ ਜ਼ੀਰਕਪੁਰ ਦੇ ਡੀ.ਐਸ.ਪੀ ਜਸਪਿੰਦਰ ਸਿੰਘ ਗਿੱਲ, ਥਾਣਾ ਜ਼ੀਰਕਪੁਰ ਦੇ ਮੁਖੀ ਜਸਕੰਵਲ ਸਿੰਘ ਸੇਖੋਂ ਅਤੇ ਐਸ. ਆਈ ਸੁਰਜੀਤ ਸਿੰਘ ਸੀ.ਆਈ.ਏ ਸਨ।
ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਮੁਲਜਮ ਜਸ਼ਨਪ੍ਰੀਤ ਸਿੰਘ (ਜੋ ਇੱਕ ਸੀਆਜ ਕਾਰ ਵਿੱਚ ਸਵਾਰ ਸੀ), ਨੂੰ ਕਾਬੂ ਕਰਕੇ ਜਦੋਂ ਉਸ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿੱਚੋਂ 13 ਕਿਲੋ ਅਫੀਮ ਬਰਾਮਦ ਹੋਈ। ਉਹਨਾਂ ਦੱਸਿਆ ਕਿ ਮੁਲਜਮ ਜਸ਼ਨਪ੍ਰੀਤ ਸਿੰਘ ਦੀ ਮੁਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਸ ਵਿਰੁਧ ਥਾਣਾ ਸਿਟੀ ਫਰੀਦਕੋਟ ਵਿਖੇ ਅਪ੍ਰੈਲ 2022 ਵਿੱਚ ਇਰਾਦਾ ਕਤਲ ਦਾ ਮਾਮਲਾ ਦਰਜ ਹੈ। ਇਸੇ ਤਰਾਂ ਉਕਤ ਮੁਲਜਮ ਖਿਲਾਫ ਥਾਣਾ ਅਰਨੀਵਾਲਾ ਜਿਲਾ ਫਾਜਿਲਕਾ ਵਿਖੇ ਸਤੰਬਰ 2023 ਵਿੱਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਜਸ਼ਨਪ੍ਰੀਤ ਸਿੰਘ ਦੇ ਖਿਲਾਫ ਥਾਣਾ ਅਰਨੀਵਾਲਾ ਵਿਖੇ ਹੀ ਅਕਤੂਬਰ 2023 ਵਿੱਚ ਹੀ ਨਸ਼ਾ ਤਸਕਰੀ ਦਾ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਸੀ।
ਐਸ.ਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਉਕਤ ਅਫੀਮ ਕਿਸ ਨੂੰ ਸਪਲਾਈ ਕਰਨ ਲਈ ਆਇਆ ਸੀ ਅਤੇ ਇਸ ਤੋਂ ਪਹਿਲਾਂ ਉਹ ਮੁਹਾਲੀ ਜਿਲੇ ਵਿਚ ਕਿੰਨੀ ਵਾਰ ਨਸ਼ੇ ਦੀ ਸਪਲਾਈ ਕਰ ਚੁੱਕਾ ਹੈ।
Mohali
ਮੁਹਾਲੀ ਪੁਲੀਸ ਵਲੋਂ ਨਕਲੀ ਆਈ.ਏ.ਐਸ.ਅਫਸਰ ਕਾਬੂ

ਲੋਕਾਂ ਨੂੰ ਰੇਲਵੇ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੈਂਦਾ ਸੀ ਮੋਟੀਆਂ ਰਕਮਾਂ
ਐਸ.ਏ.ਐਸ.ਨਗਰ, 3 ਮਾਰਚ (ਪਰਵਿੰਦਰ ਕੌਰ ਜੱਸੀ) ਮੁਹਾਲੀ ਪੁਲੀਸ ਵਲੋਂ ਆਪਣੇ ਆਪ ਨੂੰ ਆਈ. ਏ. ਐਸ ਅਫਸਰ ਦੱਸ ਕੇ ਰੇਲਵੇ ਵਿੱਚ ਨੌਕਰੀ ਲਗਵਾਉਣ ਅਤੇ ਗਲਤ ਆਈ.ਡੀ ਦੇ ਕੇ ਮੁਹਾਲੀ ਦੇ ਇਕ ਹੋਟਲ ਵਿੱਚ ਰਹਿਣ ਵਾਲੇ ਨਕਲੀ ਆਈ ਏ ਐਸ ਅਧਿਕਾਰੀ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਵਿਅਕਤੀ ਦੀ ਪਛਾਣ ਪਵਨ ਕੁਮਾਰ ਵਾਸੀ ਰਾਜਸਥਾਨ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਨਕਲੀ ਜਾਅਲੀ ਆਈ. ਏ. ਐਸ ਅਫਸਰ ਕੋਲੋਂ ਭਾਰਤ ਸਰਕਾਰ ਦਾ ਲੋਗੋ ਲਗਵਾਈ ਹੋਈ ਇਕ ਕਾਰ ਵੀ ਬਰਾਮਦ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼ 5 ਵਿਚਲੇ ਹੋਟਲ ਜੋਡਿਕ ਦੀ ਮੈਨੇਜਰ ਸੰਗੀਤਾ ਨੇ ਥਾਣਾ ਫੇਜ਼ 1 ਵਿੱਚ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੇ ਹੋਟਲ ਵਿੱਚ ਇਕ ਵਿਅਕਤੀ ਰਹਿਣ ਲਈ ਆਇਆ, ਜਿਸ ਨੇ ਆਪਣੇ ਆਪ ਨੂੰ ਇਕ ਆਈ. ਏ. ਐਸ ਅਧਿਕਾਰੀ ਦੱਸਿਆ। ਉਸ ਨੇ ਹੋਟਲ ਵਿਚ ਦੋ ਕਮਰੇ ਬੁੱਕ ਕਰਵਾਏ ਸਨ ਅਤੇ ਆਈ. ਡੀ ਲਈ ਜੋ ਫੋਟੋ ਕਾਪੀ ਦਿੱਤੀ ਗਈ ਸੀ, ਉਸ ਵਿੱਚ ਉਸ ਦਾ ਚਿਹਰਾ ਸਾਫ ਦਿਖਾਈ ਨਹੀਂ ਦੇ ਰਿਹਾ ਸੀ।
ਸ਼ਿਕਾਇਤਕਰਤਾ ਮੁਤਾਬਕ ਉਕਤ ਆਈ.ਏ.ਐਸ ਅਫਸਰ ਦੱਸਣ ਵਾਲਾ ਹੋਟਲ ਵਿੱਚ 3-4 ਦਿਨ ਰਹਿ ਕੇ 28 ਫਰਵਰੀ ਨੂੰ ਚਲਾ ਗਿਆ ਅਤੇ ਉਸ ਦੇ ਨਾਲ ਆਏ 2 ਵਿਅਕਤੀ ਹੋਟਲ ਵਿੱਚ ਰਹਿਣ ਲੱਗ ਪਏ। ਉਕਤ ਵਿਅਕਤੀ ਜਦੋਂ ਨਾਲ ਆਏ ਦੋਵਾਂ ਵਿਅਕਤੀਆਂ ਨਾਲ ਗੱਲਬਾਤ ਕਰਦਾ ਸੀ ਤਾਂ ਉਨਾਂ ਨੂੰ ਸ਼ੱਕ ਹੋਇਆ ਅਤੇ ਉਨਾਂ ਉਕਤ ਵਿਅਕਤੀ ਕੋਲੋਂ ਆਈ. ਏ. ਐਸ ਅਫਸਰ ਵਾਲੀ ਆਈ.ਡੀ ਦੀ ਮੰਗ ਕੀਤੀ ਤਾਂ ਉਸ ਨੇ ਆਈ. ਡੀ ਦੇਣ ਤੋਂ ਨਾਂਹ ਕਰ ਦਿੱਤਾ।
ਇਸ ਸੰਬੰਧੀ ਸੂਚਨਾ ਮਿਲਣ ਤੋਂ ਬਾਅਦ ਮੁਹਾਲੀ ਪੁਲੀਸ ਹੋਟਲ ਵਿੱਚ ਪਹੁੰਚੀ ਤਾਂ ਇਕ ਵਿਅਕਤੀ ਨੇ ਆਪਣਾ ਨਾਮ ਵਿਕਾਸ ਅਤੇ ਦੂਜੇ ਨੇ ਪ੍ਰੇਮਾਨੰਦ ਦੱਸਿਆ ਜੋ ਕਿ ਹਰਿਆਣਾ ਦੇ ਰਹਿਣ ਵਾਲੇ ਹਨ। ਉਧਰ ਪਵਨ ਕੁਮਾਰ ਨੇ ਆਪਣੇ ਆਪ ਨੂੰ ਆਈ.ਏ.ਐਸ ਅਫਸਰ ਦੱਸਿਆ, ਪ੍ਰੰਤੂ ਉਹ ਮੌਕੇ ਤੇ ਆਈ.ਏ.ਐਸ ਅਫਸਰ ਸਬੰਧੀ ਸਬੂਤ ਪੇਸ਼ ਨਹੀਂ ਕਰ ਸਕਿਆ। ਜਦੋਂ ਪੁਲੀਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਖੁਦ ਨੂੰ ਆਈ. ਏ. ਐਸ. ਅਫਸਰ ਦੱਸਣ ਵਾਲਾ ਵਿਅਕਤੀ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਠੱਗੀ ਮਾਰਨ ਦੀ ਨੀਅਤ ਨਾਲ ਮੁਹਾਲੀ ਆਇਆ ਸੀ ਅਤੇ ਲੋਕਾਂ ਨੂੰ ਰੇਲਵੇ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮੋਟੀ ਰਕਮ ਹਾਸਲ ਕਰਦਾ ਸੀ।
ਪੁਲੀਸ ਨੇ ਇਸ ਮਾਮਲੇ ਵਿੱਚ ਨਕਲੀ ਆਈ. ਏ. ਐਸ ਅਫਸਰ ਪਵਨ ਕੁਮਾਰ ਖਿਲਾਫ ਧਾਰਾ 204, 205, 336, 339, 340, 318, 319 ਬੀ.ਐਨ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali2 months ago
ਦੁਖ ਦਾ ਪ੍ਰਗਟਾਵਾ
-
Mohali2 months ago
ਗਣਤੰਤਰਤ ਦਿਵਸ ਨੂੰ ਲੈ ਕੇ ਮੁਹਾਲੀ ਸ਼ਹਿਰ ਅਤੇ ਰੇਲਵੇ ਸਟੇਸ਼ਨ ਤੇ ਪੁਲੀਸ ਨੇ ਚਲਾਇਆ ਚੈਕਿੰਗ ਅਭਿਆਨ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International4 weeks ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
National2 months ago
ਮੌਸਮ ਵਿਭਾਗ ਵੱਲੋਂ 17 ਰਾਜਾਂ ਵਿੱਚ ਧੁੰਦ ਦਾ ਅਲਰਟ ਜਾਰੀ
-
Mohali2 months ago
ਵਿਜੀਲੈਂਸ ਵਲੋਂ 50 ਹਜ਼ਾਰ ਰੁਪਏ ਰਿਸ਼ਵਤ ਸਮੇਤ ਗ੍ਰਿਫਤਾਰ ਮੁਲਜਮ 2 ਦਿਨ ਦੇ ਰਿਮਾਂਡ ਤੇ