Editorial
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਟੋ ਚਾਲਕਾਂ ਵਿਰੁੱਧ ਹੋਵੇ ਸਖਤ ਕਾਰਵਾਈ
ਪਿਛਲੇ ਕੁੱਝ ਸਾਲਾਂ ਤੋਂ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਅਕਸਰ ਬਦਹਾਲੀ ਦੀ ਹਾਲਤ ਵਿੱਚ ਰਹਿੰਦੀ ਹੈ। ਇਸਦਾ ਕਾਰਨ ਇਹ ਵੀ ਹੈ ਕਿ ਪਿਛਲੇ ਸਾਲਾਂ ਦੌਰਾਨ ਵਾਹਨਾਂ ਦੀ ਲਗਾਤਾਰ ਵੱਧਦੀ ਗਿਣਤੀ ਕਾਰਨ ਸ਼ਹਿਰ ਦੀਆਂ ਸੜਕਾਂ ਦੀ ਸਮਰਥਾ ਦੇ ਮੁਕਾਬਲੇ ਇਹਨਾਂ ਤੇ ਪੈਣ ਵਾਲਾ ਟ੍ਰੈਫਿਕ ਦਾ ਭਾਰ ਕਾਫੀ ਜਿਆਦਾ ਹੈ ਅਤੇ ਇਸ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਸ ਦੌਰਾਨ ਦਿਨ ਵਿੱਚ ਤਾਂ ਹਾਲਾਤ ਫਿਰ ਵੀ ਠੀਕ ਰਹਿੰਦੇ ਹਨ ਪੰਰਤੂ ਸਵੇਰੇ ਅਤੇ ਸ਼ਾਮ ਵੇਲੇ ਜਦੋਂ ਦਫਤਰਾਂ ਦੇ ਖੁੱਲਣ ਅਤੇ ਬੰਦ ਹੋਣ ਦਾ ਸਮਾਂ ਹੁੰਦਾ ਹੈ ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ ਬਹੁਤ ਜਿਆਦਾ ਵੱਧ ਜਾਣ ਕਾਰਨ ਟ੍ਰੈਫਿਕ ਲਾਈਟਾਂ ਤੇ ਅਕਸਰ ਜਾਮ ਵਰਗੀ ਨੌਬਤ ਬਣ ਜਾਂਦੀ ਹੈ।
ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਕਾਰਨ ਸ਼ਹਿਰਵਾਸੀ ਜਿੱਥੇ ਬੁਰੀ ਤਰ੍ਹਾਂ ਤ੍ਰਸਤ ਦਿਖਦੇ ਹਨ ਉੱਥੇ ਉਹ ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਲਈ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੇ ਚਾਲਕਾਂ ਨੂੰ ਸਭਤੋਂ ਵੱਧ ਜਿੰਮੇਵਾਰ ਠਹਿਰਾਉਂਦੇ ਹਨ, ਜਿਹਨਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਖੁੱਲ ਕੇ ਉਲੰਘਣਾ ਕੀਤੀ ਜਾਂਦੀ ਹੈ ਅਤੇ ਸ਼ਹਿਰ ਦੇ ਵਸਨੀਕ ਇਹ ਆਮ ਸ਼ਿਕਾਇਤ ਕਰਦੇ ਹਨ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਟੋ ਚਾਲਕ ਪੂਰੀ ਤਰ੍ਹਾਂ ਬੇਲਗਾਮ ਹੋ ਚੁੱਕੇ ਹਨ। ਸ਼ਹਿਰ ਵਾਸੀ ਇਹ ਸ਼ਿਕਾਇਤ ਵੀ ਕਰਦੇ ਹਨ ਕਿ ਟ੍ਰੈਫਿਕ ਪੁਲੀਸ ਵਲੋਂ ਆਮ ਵਾਹਨ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਕਿਸੇ ਵੀ ਛੋਟੀ ਵੱਡੀ ਉਲੰਘਣਾ ਲਈ ਤਾਂ ਉਹਨਾਂ ਦਾ ਤੁਰੰਤ ਚਾਲਾਨ ਕਰ ਦਿੱਤਾ ਜਾਂਦਾ ਹੈ ਪਰੰਤੂ ਇਹੀ ਟ੍ਰੈਫਿਕ ਪੁਲੀਸ ਆਟੋ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੰਦੀ ਹੈ।
ਇਸ ਸੰਬੰਧੀ ਲੋਕ ਇਹ ਵੀ ਇਲਜਾਮ ਲਗਾਉਂਦੇ ਹਨ ਕਿ ਸ਼ਹਿਰ ਵਿੱਚ ਆਟੋ ਚਲਾਉਣ ਵਾਲੇ ਜਿਆਦਾਤਰ ਲੋਕਾਂ ਕੋਲ ਨਾ ਤਾਂ ਆਟੋ ਚਲਾਉਣ ਸੰਬੰਧੀ ਲਾਈਸੰਸ ਕੋਈ ਹੁੰਦਾ ਹੈ ਅਤੇ ਹੀ ਇਹਨਾਂ ਦੇ ਵਾਹਨਾਂ ਦੇ ਕਾਗਜ ਹੀ ਮੁਕੰਮਲ ਹੁੰਦੇ ਹਨ, ਪਰੰਤੂ ਟ੍ਰੈਫਿਕ ਪੁਲੀਸ ਵਲੋਂ ਅਜਿਹੇ ਆਟੋ ਚਾਲਕਾਂ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ। ਇਹਨਾਂ ਆਟੋ ਰਿਕਸ਼ਿਆਂ ਦੇ ਚਾਲਕਾਂ ਵਿੱਚੋਂ ਜਿਆਦਾਤਰ ਅਜਿਹੇ ਹਨ ਜਿਹੜੇ ਯੂ ਪੀ, ਬਿਹਾਰ ਵਰਗੇ ਸੂਬਿਆਂ ਤੋਂ ਇੱਥੇ ਰੁਜਗਾਰ ਦੀ ਭਾਲ ਵਿੱਚ ਆਉਂਦੇ ਹਨ ਅਤੇ ਇੱਥੇ ਉਹਨਾਂ ਦੇ ਕਿਸੇ ਜਾਣਕਾਰ ਵਲੋਂ ਉਹਨਾਂ ਨੂੰ ਦੋ ਚਾਰ ਦਿਨ ਆਟੋ ਚਲਾਉਣ ਦੀ ਥੋੜ੍ਹੀ ਬਹੁਤ ਜਾਣਕਾਰੀ ਦੇ ਕੇ ਜਾਂ ਆਪਣੇ ਨਾਲ ਘੁਮਾ ਕੇ ਕਿਰਾਏ ਤੇ ਆਟੋ ਦਿਵਾ ਦਿੱਤਾ ਜਾਂਦਾ ਹੈ। ਇਹਨਾਂ ਕੋਲ ਨਾ ਤਾਂ ਲਾਈਸੰਸ ਹੁੰਦਾ ਹੈ ਅਤੇ ਨਾ ਹੀ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪੂਰੀ ਜਾਣਕਾਰੀ ਹੀ ਹੁੰਦੀ ਹੈ।
ਅਜਿਹੇ ਨਵੇਂ ਨਵੇਂ ਬਣੇ ਆਟੋ ਚਾਲਕ ਸ਼ਹਿਰ ਦੀਆਂ ਸੜਕਾਂ ਤੇ ਖੜਦੂੰਗ ਤਾਂ ਮਚਾਉਂਦੇ ਹੀ ਹਨ, ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਇਹ ਆਟੋ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਆਪਣੀ ਇਸ ਕਾਰਵਾਈ ਨਾਲ ਆਟੋ ਵਿੱਚ ਬੈਠੀਆਂ ਸਵਾਰੀਆਂ ਲਈ ਵੀ ਖਤਰਾ ਪੈਦਾ ਕਰਦੇ ਹਨ ਅਤੇ ਸ਼ਹਿਰ ਵਿੱਚ ਚਲਦੇ ਅਜਿਹੇ ਥ੍ਰੀ ਵਹੀਲਰ ਕਈ ਵਾਰ ਹਾਦਸਿਆਂ ਦੌਰਾਨ ਸਵਾਰੀਆਂ ਨੂੰ ਜਖਮੀ ਵੀ ਕਰ ਚੁੱਕੇ ਹਨ। ਇਹ ਆਟੋ ਚਾਲਕ ਆਪਣੇ ਤੋਂ ਪਿੱਛੇ ਆਉਣ ਵਾਲੇ ਕਿਸੇ ਵਾਹਨ ਚਾਲਕ ਵਲੋਂ ਵਾਰ ਵਾਰ ਹਾਰਨ ਦੇਣ ਦੇ ਬਾਵਜੂਦ ਉਸਨੂੰ ਰਾਹ ਦੇਣ ਲਈ ਤਿਆਰ ਨਹੀਂ ਹੁੰਦੇ ਅਤੇ ਇਸ ਕਾਰਨ ਆਮ ਲੋਕਾਂ ਨੂੰ ਸੜਕਾਂ ਤੇ ਆਪਣਾ ਵਾਹਨ ਚਲਾਉਣ ਵਿੱਚ ਭਾਰੀ ਪਰੇਸ਼ਾਨੀ ਹੁੰਦੀ ਹੈ।
ਪਰੰਤੂ ਇਸ ਸਭ ਦੇ ਬਾਵਜੂਦ ਟ੍ਰੈਫਿਕ ਪੁਲੀਸ ਵਲੋਂ ਇਹਨਾਂ ਆਟੋ ਚਾਲਕਾਂ ਦੀਆਂ ਆਪਹੁਦਰੀਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਪੁਲੀਸ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ। ਇਸ ਸੰਬੰਧੀ ਸ਼ਹਿਰ ਵਾਸੀ ਇਲਜਾਮ ਲਗਾਉਂਦੇ ਹਨ ਕਿ ਟ੍ਰੈਫਿਕ ਪੁਲੀਸ ਵਲੋਂ ਸ਼ਹਿਰ ਵਿੱਚ ਚਲਦੇ ਆਟੋ ਚਾਲਕਾਂ ਤੋਂ ਹਰ ਮਹੀਨੇ ਇੱਕ ਬੱਝਵੀਂ ਰਕਮ ਦੀ ਵਸੂਲੀ ਤਾਂ ਕੀਤੀ ਹੀ ਜਾਂਦੀ ਹੈ, ਇਹ ਆਟੋ ਚਾਲਕ ਪੁਲੀਸ ਕਰਮਚਾਰੀਆਂ ਨੂੰ ਮੁਫਤ ਸਫਰ ਦੀ ਸਹੂਲੀਅਤ ਵੀ ਦਿੰਦੇ ਹਨ ਇਸ ਲਈ ਹੀ ਪੁਲੀਸ ਵਲੋਂ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਇਸ ਸਮੱਸਿਆ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਟ੍ਰੈਫਿਕ ਪੁਲੀਸ ਵਲੋਂ ਇਹਨਾਂ ਆਟੋ ਚਾਲਕਾਂ ਨੂੰ ਕਾਨੂੰਨ ਦੀ ਪਾਲਣਾ ਲਈ ਪਾਬੰਦ ਕੀਤਾ ਜਾਵੇ। ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਰਿਕਸ਼ਾ ਚਾਲਕਾਂ ਨੂੰ ਸਖਤੀ ਨਾਲ ਕਾਨੂੰਨ ਦਾ ਪਾਠ ਪੜ੍ਹਾਇਆ ਜਾਇਆ ਬਹੁਤ ਜਰੂਰੀ ਹੈ ਅਤੇ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ। ਇਹਨਾਂ ਆਟੋ ਰਿਕਸ਼ਾ ਚਾਲਕਾਂ ਦੀਆਂ ਆਪਹੁਦਰੀਆਂ ਕਾਰਨ ਸ਼ਹਿਰ ਦੀ ਕਾਨੂੰਨ ਵਿਵਸਥਾ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਇਹਨਾਂ ਵਲੋਂ ਕੀਤੀ ਜਾਣ ਵਾਲੀ ਕਾਨੂੰਨ ਦੀ ਉਲੰਘਣਾ ਨੂੰ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇ ਅਤੇ ਲਗਾਤਾਰ ਵੱਧਦੀ ਇਸ ਸਮੱਸਿਆ ਤੇ ਕਾਬੂ ਕੀਤਾ ਜਾ ਸਕੇ।
Editorial
ਸਰਕਾਰੀ ਕੰਮਕਾਜ ਵਿੱਚ ਹੁੰਦੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰੇ ਸਰਕਾਰ
ਪੰਜਾਬ ਦੀ ਸੱਤਾ ਤੇ ਕਾਬਿਜ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭਾਵੇਂ ਸੂਬੇ ਦੀ ਜਨਤਾ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਇਸ ਦੌਰਾਨ ਵਿਜੀਲੈਂਸ ਵਲੋਂ ਵੀ ਆਏ ਦਿਨ ਕਿਸੇ ਨਾ ਕਿਸੇ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਨੂੰ ਰੰਗੇ ਹੱਥੀ ਰਿਸ਼ਵਤ ਲੈਂਦਿਆਂ ਕਾਬੂ ਵੀ ਕੀਤਾ ਜਾ ਰਿਹਾ ਹੈ, ਪਰੰਤੂ ਸਰਕਾਰ ਦੀ ਇਹ ਕਾਰਵਾਈ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਦੀ ਸਮਰਥ ਨਹੀਂ ਹੈ। ਅਸਲੀਅਤ ਇਹੀ ਹੈ ਕਿ ਵੱਡੀ ਗਿਣਤੀ ਸਰਕਾਰੀ ਦਫਤਰਾਂ ਵਿਚ ਹੁਣੇ ਭ੍ਰਿਸਟਾਚਾਰ ਦਾ ਪੂਰਾ ਬੋਲਬਾਲਾ ਹੈ ਅਤੇ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਆਪਣੇ ਕੰਮ ਕਰਵਾਉਣ ਲਈ ਧੱਕੇ ਖਾਣੇ ਪੈਂਦੇ ਹਨ ਅਤੇ ਸਰਕਾਰੀ ਦਫਤਰਾਂ ਵਿੱਚ ਤੈਨਾਤ ਅਫਸਰਾਂ ਅਤੇ ਕਲਰਕਾਂ ਦੀ ਗੱਲ ਤਾਂ ਇੱਕ ਪਾਸੇ ਸਰਕਾਰੀ ਦਫਤਰਾਂ ਦੇ ਤਾਂ ਚਪੜਾਸੀ ਅਤੇ ਸਫਾਈ ਸੇਵਕ ਤਕ ਆਮ ਲੋਕਾਂ ਦੀ ਅਫਸਰਾਂ ਨਾਲ ਮੁਲਾਕਾਤ ਕਰਵਾਉਣ ਲਈ ਸੇਵਾ ਪਾਣੀ ਮੰਗ ਲੈਂਦੇ ਹਨ। ਸਰਕਾਰੀ ਦਫਤਰਾਂ ਦੇ ਕਲਰਕਾਂ ਤੇ ਬਾਬੂਆਂ ਵਲੋਂ ਅਕਸਰ ਕਿਸੇ ਕੰਮ ਦੀ ਫਾਈਲ ਅੱਗੇ ਤੋਰਨ ਲਈ ਫਾਈਲ ਨੂੰ ਪਹੀਏ ਲਗਾਉਣ ਦੀ ਗੱਲ ਆਖੀ ਜਾਂਦੀ ਹੈ, ਜਿਸਦਾ ਭਾਵ ਸੇਵਾ ਪਾਣੀ ਹੀ ਹੁੰਦਾ ਹੈ।
ਇਹ ਚਰਚਾ ਵੀ ਆਮ ਹੁੰਦੀ ਹੈ ਕਿ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕਮਿਸ਼ਨ ਲਿਆ ਜਾਂਦਾ ਹੈ ਅਤੇ ਸਰਕਾਰੀ ਕੰਮ ਕਰਨ ਵਾਲੇ ਠੇਕੇਦਾਰ ਅਕਸਰ ਇਹ ਸ਼ਿਕਵਾ ਵੀ ਕਰਦੇ ਹਨ ਕਿ ਜਦੋਂ ਤਕ ਉਹ ਸੰਬੰਧਿਤ ਕਲਰਕ ਜਾਂ ਅਧਿਕਾਰੀ ਨੂੰ ਉਸਦੀ ਕਮਿਸ਼ਨ ਵਲੋਂ ਮੰਗੀ ਜਾਂਦੀ ਰਕਮ ਦੀ ਪੇਸ਼ਗੀ ਅਦਾਇਗੀ ਨਹੀਂ ਕਰਦੇ ਉਹਨਾਂ ਦੇ ਬਿਲ ਪਾਸ ਨਹੀਂ ਕੀਤੇ ਜਾਂਦੇ। ਇਹ ਗੱਲ ਆਮ ਆਖੀ ਜਾਂਦੀ ਹੈ ਕਿ ਸਰਕਾਰੀ ਕੰਮ ਕਰਨ ਵਾਲੇ ਠੇਕੇਦਾਰ ਵੱਖ ਵੱਖ ਵਰਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਮਿਸ਼ਨ ਦੇ ਰੂਪ ਵਿੱਚ ਠੇਕੇ ਦੀ ਕੁਲ ਰਕਮ ਦਾ 15 ਤੋਂ 20 ਫੀਸਦੀ ਤਕ ਅਦਾ ਕਰਦੇ ਹਨ ਅਤੇ ਕਮਿਸ਼ਨ ਦੀ ਇਸ ਰਕਮ ਦੇ ਉੱਪਰ ਤਕ ਵੰਡੇ ਜਾਣ ਦੀ ਚਰਚਾ ਵੀ ਆਮ ਹੁੰਦੀ ਹੈ। ਇਹ ਵੀ ਇੱਕ ਕਾਰਨ ਹੈ ਕਿ ਇਹਨਾਂ ਠੇਕੇਦਾਰਾਂ ਵਲੋਂ ਕਰਵਾਏ ਜਾਣ ਵਾਲੇ ਕੰਮਾਂ ਦੌਰਾਨ ਹਲਕੇ ਪੱਧਰ ਦਾ ਮਟੀਰੀਅਲ ਵਰਤਿਆ ਜਾਂਦਾ ਹੈ। ਆਖਿਰ ਠੇਕੇਦਾਰ ਵੀ ਕੀ ਕਰਨ, ਉਹਨਾਂ ਨੇ ਵੀ ਤਾਂ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਕਮਿਸ਼ਨ ਦੀ ਰਕਮ ਨੂੰ ਵੀ ਵਿਚੋਂ ਹੀ ਪੂਰਾ ਕਰਨਾ ਹੁੰਦਾ ਹੈ ਅਤੇ ਉਸਦੀ ਭਰਪਾਈ ਲਈ ਉਹ ਜਾਂ ਤਾਂ ਘੱਟ ਮਟੀਰੀਅਲ ਨਾਲ ਕੰਮ ਸਾਰਦੇ ਹਨ ਜਾਂ ਫਿਰ ਘਟੀਆ ਮਟੀਰੀਅਲ ਵਰਤ ਕੇ ਕੰਮ ਪੂਰਾ ਕਰ ਦਿੰਦੇ ਹਨ।
ਲੋਕ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਅਧਿਕਾਰੀ ਕਿਸੇ ਦੀ ਗੱਲ ਨਹੀਂ ਸੁਣਦੇ ਅਤੇ ਉਹਨਾਂ ਦਾ ਆਮ ਲੋਕਾਂ ਪ੍ਰਤੀ ਰਵਈਆ ਕਾਫੀ ਰੁੱਖਾ ਹੁੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਮਰਜੀ ਨਾਲ ਹੀ ਕੰਮ ਕਰਦੇ ਹਨ ਅਤੇ ਸਰਕਾਰ ਦਾ ਅਫਸਰਸ਼ਾਹੀ ਉਪਰ ਕੋਈ ਕਾਬੂ ਨਹੀਂ ਹੈ। ਲੋਕ ਆਮ ਇਲਜਾਮ ਲਗਾਉਂਦੇ ਹਨ ਕਿ ਵੱਡੀ ਗਿਣਤੀ ਅਫਸਰ ਅਤੇ ਮੁਲਾਜਮ ਤਾਂ ਸਮੇਂ ਤੇ ਦਫਤਰ ਤਕ ਨਹੀਂ ਆਂਉਂਦੇ ਅਤੇ ਜੇ ਆਉਂਦੇ ਵੀ ਹਨ ਤਾਂ ਵੀ ਕਈ ਵਾਰ ਆਪਣੀ ਹਾਜਰੀ ਲਗਾ ਕੇ ਚਲੇ ਜਾਂਦੇ ਹਨ।
ਸੂਬੇ ਦੇ ਜਮੀਨੀ ਹਾਲਾਤ ਇਹੀ ਹਨ ਕਿ ਪੰਜਾਬ ਦੇ ਲਗਭਗ ਸਾਰੇ ਸਰਕਾਰੀ ਦਫਤਰ ਭ੍ਰਿਸ਼ਟਾਚਾਰ ਦੀ ਮਾਰ ਹੇਠ ਹਨ ਜਿਸ ਉਪਰ ਕਾਬੂ ਪਾਉਣ ਵਿਚ ਪੰਜਾਬ ਦੀ ਮੌਜੂਦਾ ਸਰਕਾਰ ਨਾਕਾਮ ਸਾਬਿਤ ਹੋ ਰਹੀ ਹੈ। ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਉਹਨਾਂ ਕੋਲ ਪਹੁੰਚਣ ਵਾਲੇ ਹਰ ਛੋਟੇ ਵੱਡੇ ਕੰਮ ਨੂੰ ਸਮਾਬੱਧ ਤਰੀਕੇ ਨਾਲ ਪੂਰਾ ਕਰਨ ਲਈ ਪਾਬੰਦ ਕੀਤਾ ਜਾਵੇ। ਇਸਦੇ ਨਾਲ ਨਾਲ ਸਰਕਾਰ ਵਲੋਂ ਇਸ ਗੱਲ ਦੇ ਵੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਕਿ ਆਪਣੇ ਕੋਲ ਪਹੁੰਚਣ ਵਾਲੀਆਂ ਫਾਈਲਾਂ ਨੂੰ ਬਿਨਾ ਵਜ੍ਹਾ ਰੋਕ ਕੇ ਰੱਖਣ ਅਤੇ ਸਰਕਾਰੀ ਕੰਮਾਂ ਨੂੰ ਲਮਕਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ।
ਸਰਕਾਰੀ ਕੰਮਕਾਜ ਦੌਰਾਨ ਹੋਣ ਵਾਲੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਮਿੱਥੇ ਸਮੇਂ ਵਿੱਚ ਆਪਣਾਂ ਕੰਮ ਮੁਕੰਮਲ ਨਾ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਸਰਕਾਰੀ ਕੰਮਕਾਜ ਦੀ ਜਵਾਬਦੇਹੀ ਤੈਅ ਕਰਕੇ ਅਤੇ ਕੰਮ ਨੂੰ ਲਮਕਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਸਖਤ ਕਾਰਵਾਈ ਦਾ ਡਰ ਪੈਦਾ ਕਰਕੇ ਸਰਕਾਰੀ ਕੰਮਾਂ ਵਿੱਚ ਹੋਣ ਵਾਲੇ ਭ੍ਰਿਸ਼ਟਾਚਾਰ ਨੂੰ ਕਾਫੀ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ ਅਤੇ ਸਰਕਾਰ ਵਲੋਂ ਇਸ ਸੰਬੰਧੀ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।
Editorial
ਲੋਕਤੰਤਰ ਦੀ ਮਰਿਆਦਾ ਦੇ ਖਿਲਾਫ ਹਨ ਸਿਆਸੀ ਨੇਤਾਵਾਂ ਦੇ ਵਿਗੜਦੇ ਬੋਲ
ਸਾਡੇ ਦੇਸ਼ ਵਿੱਚ ਸਿਆਸੀ ਨੇਤਾ ਆਪਣੇ ਭਾਸ਼ਣ ਦੌਰਾਨ ਜਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਸਰ ਅਜਿਹੀਆਂ ਗੱਲਾਂ ਕਹਿ ਦਿੰਦੇ ਹਨ, ਜੋ ਵਿਵਾਦ ਬਣ ਜਾਂਦੀਆਂ ਹਨ। ਬਾਅਦ ਵਿੱਚ ਇਹ ਨੇਤਾ ਆਪਣੀਆਂ ਗੱਲਾਂ ਲਈ ਮਾਫੀ ਵੀ ਮੰਗ ਲੈਂਦੇ ਹਨ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਮੇਸ਼ ਬਿਧੂੜੀ ਵੱਲੋਂ ਸਾਂਸਦ ਪ੍ਰਿਯੰਕਾ ਗਾਂਧੀ ਬਾਰੇ ਕੀਤੀ ਗਈ ਟਿੱਪਣੀ ਦਾ ਮਾਮਲਾ ਇਸ ਵੇਲੇ ਚਰਚਾ ਵਿੱਚ ਹੈ। ਇਸ ਤੋਂ ਇਲਾਵਾ ਇਸ ਭਾਜਪਾ ਆਗੂ ਵੱਲੋਂ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਉਹਨਾਂ ਦੇ ਪਿਤਾ ਜੀ ਬਾਰੇ ਵੀ ਗਲਤ ਬਿਆਨੀ ਕੀਤੀ ਗਈ ਹੈ, ਜਿਸ ਕਾਰਨ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਰੋਣ ਲੱਗ ਪਈ ਸੀ। ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਬਿਧੂੜੀ ਨੂੰ ਕਾਲਕਾਜੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੁੱਖ ਮੰਤਰੀ ਆਤਿਸ਼ੀ ਅਤੇ ਕਾਂਗਰਸੀ ਉਮੀਦਵਾਰ ਅਲਕਾ ਲਾਂਬਾ ਦੇ ਖ਼ਿਲਾਫ਼ ਮੈਦਾਨ ਵਿੱਚ ਉਤਾਰਿਆ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਬਿਧੂੜੀ ਨੇ ਕੁਬੋਲ ਬੋਲੇ ਹੋਣ। ਜਦੋਂ ਉਹ ਸਾਂਸਦ ਸਨ ਤਾਂ ਉਸ ਨੇ ਇੱਕ ਵਾਰ ਸੰਸਦ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਸੰਸਦ ਮੈਂਬਰ ਦਾਨਿਸ਼ ਅਲੀ (ਉਸ ਸਮੇਂ ਬਹੁਜਨ ਸਮਾਜ ਪਾਰਟੀ) ਦਾ ਅਪਮਾਨ ਕੀਤਾ ਸੀ। ਦਾਨਿਸ਼ ਅਲੀ ਬਾਰੇ ਬਿਧੂੜੀ ਦੇ ਬਿਆਨ ਤੇ ਭਾਜਪਾ ਨੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ ਪਰ ਹੁਣ ਦਿੱਲੀ ਚੋਣਾਂ ਦੌਰਾਨ ਉਸ ਨੂੰ ‘ਆਪ’ ਦੇ ਪ੍ਰਮੁੱਖ ਨੇਤਾ ਵਿਰੁੱਧ ਚੋਣ ਟਿਕਟ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਅਜਿਹੇ ਲੋਕ ਭਾਜਪਾ ਦੇ ਵਿਸ਼ਵਾਸਪਾਤਰ ਹਨ ਅਤੇ ਉਹ ਪਾਰਟੀ ਨੂੰ ਜਿੱਤ ਦਿਵਾਉਣ ਦੇ ਸਮਰੱਥ ਵੀ ਹਨ।
ਇਸ ਤੋਂ ਪਹਿਲਾਂ ਵੀ ਅਨੇਕਾਂ ਸਿਆਸੀ ਆਗੂ ਗਲਤ ਗੱਲਾਂ ਕਹਿੰਦੇ ਆਏ ਹਨ। ਇੱਥੋਂ ਤਕ ਕਿ ਜਦੋਂ ਸz. ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਸਨ ਤਾਂ ਭਾਜਪਾ ਆਗੂ ਅਕਸਰ ਹੀ ਮੀਡੀਆ ਸਾਹਮਣੇ ਉਹਨਾਂ ਬਾਰੇ ਇਤਰਾਜਯੋਗ ਸ਼ਬਦਾਵਲੀ ਵਰਤਦੇ ਰਹਿੰਦੇ ਸਨ। ਇਹ ਗੱਲ ਹੋਰ ਹੈ ਕਿ ਸz. ਮਨਮੋਹਨ ਸਿੰਘ ਨੇ ਉਹਨਾਂ ਨੂੰ ਕਦੇ ਵੀ ਮੋੜਵਾਂ ਜਵਾਬ ਨਹੀਂ ਦਿੱਤਾ ਅਤੇ ਉਹਨਾਂ ਦੀ ਚੁੱਪੀ ਹੀ ਵਿਰੋਧੀਆਂ ਨੂੰ ਚਿੱਤ ਕਰ ਦਿੰਦੀ ਸੀ।
ਪ੍ਰਧਾਨ ਮੰਤਰੀ ਦਾ ਅਹੁਦਾ ਇੱਕ ਬਹੁਤ ਹੀ ਮਰਿਆਦਾ ਵਾਲਾ ਅਹੁਦਾ ਹੁੰਦਾ ਹੈ, ਪਰ ਉਸ ਸਮੇਂ ਭਾਜਪਾ ਦੇ ਕੁਝ ਆਗੂਆਂ ਵੱਲੋਂ ਇਸ ਅਹੁਦੇ ਦੀ ਮਰਿਆਦਾ ਦਾ ਵੀ ਖਿਆਲ ਨਹੀਂ ਸੀ ਰਖਿਆ ਜਾਂਦਾ ਅਤੇ ਗਲੀ ਮੁਹੱਲੇ ਦੇ ਆਪੇ ਬਣੇ ਨੇਤਾ ਵੀ ਅਕਸਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਇਤਰਾਜਯੋਗ ਸ਼ਬਦਾਵਲੀ ਵਰਤ ਜਾਂਦੇ ਸਨ। ਕਿਹਾ ਜਾਂਦਾ ਹੈ ਕਿ ਅਨੇਕਾਂ ਲੋਕਾਂ ਨੂੰ ਇੱਕ ਸਿੱਖ ਆਗੂ ਦਾ ਭਾਰਤ ਦਾ ਪ੍ਰਧਾਨ ਮੰਤਰੀ ਬਣਨਾ ਚੰਗਾ ਨਹੀਂ ਸੀ ਲੱਗਿਆ।
ਕੁਝ ਸਾਲ ਪਹਿਲਾਂ ਲਾਲੂ ਪ੍ਰਸਾਦ ਯਾਦਵ ਨੇ ਵੀ ਬਿਹਾਰ ਦੀਆਂ ਸੜਕਾਂ ਨੂੰ ਅਦਾਕਾਰਾ ਤੇ ਭਾਜਪਾ ਸਾਂਸਦ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਮੁਲਾਇਮ ਬਣਾਉਣ ਦਾ ਬਿਆਨ ਦਿੱਤਾ ਸੀ। ਉਸ ਸਮੇਂ ਵੀ ਲਾਲੂ ਯਾਦਵ ਦੀ ਕਾਫੀ ਨਿਖੇਧੀ ਕੀਤੀ ਗਈ ਸੀ, ਜਿਸ ਤਰ੍ਹਾਂ ਹੁਣ ਭਾਜਪਾ ਆਗੂ ਬਿਧੂੜੀ ਦੀ ਹੋ ਰਹੀ ਹੈ। ਇਸ ਦੇ ਬਾਵਜੂਦ ਸਿਆਸੀ ਨੇਤਾ ਕੋਈ ਸਬਕ ਨਹੀਂ ਸਿੱਖ ਰਹੇ। ਨਾ ਹੀ ਸਿਆਸੀ ਪਾਰਟੀਆਂ ਅਜਿਹੇ ਨੇਤਾਵਾਂ ਖ਼ਿਲਾਫ਼ ਕੋਈ ਕਾਰਵਾਈ ਕਰਦੀਆਂ ਹਨ। ਅਸਲ ਵਿੱਚ ਅਜਿਹੇ ਨੇਤਾ ਹੀ ਸਿਆਸੀ ਪਾਰਟੀਆਂ ਨੂੰ ਚੰਗੇ ਲੱਗਦੇ ਹਨ, ਕਿਉਂਕਿ ਅਜਿਹੇ ਨੇਤਾ ਬੇਤੁੱਕੇ ਬਿਆਨ ਦੇ ਕੇ ਮੀਡੀਆ ਵਿੱਚ ਛਾਏ ਤਾਂ ਰਹਿੰਦੇ ਹਨ।
ਮੰਦੇ ਸ਼ਬਦ ਬੋਲਣ ਵਾਲੇ ਸਿਆਸੀ ਨੇਤਾਵਾਂ ਦੀ ਗਿਣਤੀ ਬਹੁਤ ਹੈ। ਅਜਿਹੇ ਆਗੂ ਪਤਾ ਨਹੀਂ ਕੀ ਸੋਚ ਕੇ ਅਜਿਹੇ ਸ਼ਬਦ ਬੋਲਦੇ ਰਹਿੰਦੇ ਹਨ। ਇਹ ਸੜਕਛਾਪ ਨੇਤਾ ਅਜਿਹੇ ਸਬਦ ਬੋਲ ਕੇ ਨਾ ਤਾਂ ਆਪਣਾ ਕੁੱਝ ਸੁਆਰ ਸਕਦੇ ਹਨ ਨਾ ਹੀ ਆਪਣੀ ਪਾਰਟੀ ਦਾ ਭਲਾ ਕਰ ਸਕਦੇ ਹਨ, ਬਲਕਿ ਆਪਣੀ ਪਾਰਟੀ ਦੀਆਂ ਵੋਟਾਂ ਵੀ ਖਰਾਬ ਕਰ ਦਿੰਦੇ ਹਨ ਕਿਉਂਕਿ ਔਰਤਾਂ ਅਤੇ ਹੋਰਨਾਂ ਆਗੂਆਂ ਬਾਰੇ ਚੰਗੀ ਸੋਚ ਰੱਖਣ ਵਾਲੇ ਲੋਕ ਅਜਿਹੇ ਨੇਤਾਵਾਂ ਨੂੰ ਵੋਟ ਪਾਉਣ ਦੀ ਥਾਂ ਵੋਟਾਂ ਵਾਲੇ ਦਿਨ ਘਰ ਤੋਂ ਹੀ ਨਹੀਂ ਨਿਕਲਦੇ।
ਸਿਆਸੀ ਨੇਤਾਵਾਂ ਦੇ ਵਿਗੜਦੇ ਬੋਲ ਲੋਕਤੰਤਰ ਦੀ ਮਰਿਆਦਾ ਦੇ ਖਿਲਾਫ ਹਨ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹ ਮੰਦੜੇ ਸ਼ਬਦ ਬੋਲਣ ਵਾਲੇ ਸਿਆਸੀ ਨੇਤਾਵਾਂ ਦੇ ਚੋਣ ਲੜਨ ਤੇ ਹੀ ਰੋਕ ਲਗਾ ਦੇਵੇ ਤਾਂ ਕਿ ਸਿਆਸੀ ਨੇਤਾ ਸੋਚ ਸਮਝ ਕੇ ਲਿਆ ਕਰਨ।
ਬਿਊਰੋ
Editorial
ਬਹੁਤ ਖਤਰਨਾਕ ਸਾਬਤ ਹੋ ਰਹੀ ਹੈ ਚਾਈਨਾ ਡੋਰ
ਅੱਜਕੱਲ ਵੱਖ ਵੱਖ ਇਲਾਕਿਆਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਪਤੰਗਾਂ ਉੜਾਈਆਂ ਜਾ ਰਹੀਆਂ ਹਨ ਅਤੇ ਮੀਡੀਆ ਰਿਪੋਰਟਾਂ ਅਨੁਸਾਰ ਪਤੰਗ ਉਡਾਉਣ ਲਈ ਆਮ ਡੋਰ ਦੀ ਥਾਂ ਚਾਈਨਾ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜੀ ਆਮ ਡੋਰ ਤੋਂ ਕਾਫੀ ਜਿਆਦਾ ਮਜਬੂਤ ਹੋਣ ਕਾਰਨ ਨੌਜਵਾਨ ਜਾਂ ਬੱਚੇ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ। ਇਹ ਡੋਰ ਅਕਸਰ ਆਮ ਇਨਸਾਨਾਂ ਅਤੇ ਜਾਨਵਰਾਂ ਲਈ ਬਹੁਤ ਨੁਕਸਾਨਦੇਹ ਸਾਬਿਤ ਹੁੰਦੀ ਹੈ ਅਤੇ ਇਸ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਅਨੇਕਾਂ ਵਿਅਕਤੀ ਜਖਮੀ ਵੀ ਚੁੱਕੇ ਹਨ।
ਪੰਜਾਬ ਸਰਕਾਰ ਵਲੋਂ ਭਾਵੇਂ ਸੂਬੇ ਵਿੱਚ ਚਾਈਨਾ ਡੋਰ ਦੀ ਵਿਕਰੀ ਤੇ ਪਾਬੰਦੀ ਲਗਾਈ ਹੋਈ ਹੈ ਪਰੰਤੂ ਇਸ ਦੇ ਬਾਵਜੂਦ ਕੁਝ ਦੁਕਾਨਦਾਰਾਂ ਵੱਲੋਂ ਚੋਰੀ ਛਿਪੇ ਇਹ ਡੋਰ ਵੇਚੀ ਜਾਂਦੀ ਹੈ ਅਤੇ ਇਸ ਸੰਬੰਧੀ ਮੀਡੀਆ ਵਿੱਚ ਖਬਰਾਂ ਵੀ ਆਉਂਦੀਆਂ ਹਨ। ਬੀਤੇ ਦਿਨ ਪੁਲੀਸ ਵਲੋਂ ਪਟਿਆਲਾ ਦੇ ਇੱਕ ਦੁਕਾਨਦਾਰ ਦੇ ਘਰ ਛਾਪਾ ਮਾਰ ਕੇ ਭਾਰੀ ਮਾਤਰਾ ਵਿੱਚ ਚਾਈਨਾ ਡੋਰ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਪੰਜਾਬ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਦੁਕਾਨਦਾਰਾਂ ਤੋਂ ਚਾਈਨਾ ਡੋਰ ਬਰਾਮਦ ਕੀਤੀ ਜਾ ਰਹੀ ਹੈ।
ਕੁੱਝ ਲੋਕ ਹੈਰਾਨੀ ਜਾਹਿਰ ਕਰਦੇ ਹਨ ਕਿ ਜਦੋਂ ਪੰਜਾਬ ਵਿੱਚ ਚਾਈਨਾ ਡੋਰ ਦੀ ਵਿਕਰੀ ਤੇ ਪਾਬੰਦੀ ਹੈ ਤਾਂ ਇਹ ਡੋਰ ਵਿਕ ਕਿਵੇਂ ਰਹੀ ਹੈ। ਇਸਦਾ ਕਾਰਨ ਇਹ ਹੈ ਕਿ ਕੁਝ ਦੁਕਾਨਦਾਰ ਲਾਲਚ ਵਿੱਚ ਇਹ ਚਾਈਨਾ ਡੋਰ ਵੇਚਦੇ ਹਨ, ਜਿਹੜੇ ਹੋਰਨਾਂ ਸੂਬਿਆਂ ਤੋਂ ਚੋਰੀ ਛਿੱਪੇ ਚਾਈਨਾ ਡੋਰ ਲਿਆਉਂਦੇ ਜਾਂ ਮੰਗਵਾਉਂਦੇ ਹਨ ਅਤੇ ਫਿਰ ਇਸਨੂੰ ਚੋਰੀ ਛਿਪੇ ਹੀ ਵੇਚਿਆ ਜਾਂਦਾ ਹੈ। ਇਹਨਾਂ ਦੁਕਾਨਦਾਰਾਂ ਦੇ ਪੱਕੇ ਗਾਹਕ ਹੁੰਦੇ ਹਨ, ਜੋ ਕਿ ਦੁਕਾਨਦਾਰਾਂ ਦੇ ਘਰਾਂ ਜਾਂ ਗੁਪਤ ਟਿਕਾਣਿਆਂ ਤੋਂ ਜਾਣੂੰ ਹੁੰਦੇ ਹਨ ਅਤੇ ਇਹ ਪੱਕੇ ਗਾਹਕ ਹੀ ਹੋਰ ਗਾਹਕਾਂ ਨੂੰ ਇਹਨਾਂ ਦੁਕਾਨਦਾਰਾਂ ਕੋਲ ਲੈ ਕੇ ਆਉਂਦੇ ਹਨ। ਇਸ ਤਰ੍ਹਾਂ ਚਾਈਨਾ ਡੋਰ ਦਾ ਵੇਚਣ ਦਾ ਧੰਦਾ ਚੋਰੀ ਛਿਪੇ ਚਲਦਾ ਰਹਿੰਦਾ ਹੈ।
ਇਸ ਸੰਬੰਧੀ ਮਾਹਿਰ ਕਹਿੰਦੇ ਹਨ ਕਿ ਚਾਈਨਾ ਡੋਰ ਬਹੁਤ ਖਤਰਨਾਕ ਹੁੰਦੀ ਹੈ ਅਤੇ ਜਾਨਵਰ ਹੋਵੇ ਜਾਂ ਇਨਸਾਨ, ਜੋ ਵੀ ਇਸਦੀ ਲਪੇਟ ਵਿੱਚ ਆਉਂਦਾ ਹੈ, ਉਹ ਬੁਰੀ ਤਰ੍ਹਾਂ ਜਖਮੀ ਹੋ ਜਾਂਦਾ ਹੈ ਅਤੇ ਇਸਦੀ ਲਪੇਟ ਵਿੱਚ ਆਉਣ ਵਾਲੇ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਇਸ ਦੇ ਬਾਵਜੂਦ ਅਨੇਕਾਂ ਨੌਜਵਾਨ ਚਾਈਨਾ ਡੋਰ ਨਾਲ ਹੀ ਪਤੰਗ ਉਡਾਉਣ ਨੂੰੂ ਪਹਿਲ ਦਿੰਦੇ ਹਨ। ਜਿਆਦਾਤਰ ਨੌਜਵਾਨ ਅਤੇ ਬੱਚੇ ਦੂਜਿਆਂ ਦੇ ਪਤੰਗ ਕੱਟਣ ਲਈ ਅਕਸਰ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਹਨ। ਇਸ ਸੰਬੰਧੀ ਅਕਸਰ ਮੀਡੀਆ ਵਿੱਚ ਛਪਦੇ ਆਰਟੀਕਲਾਂ ਅਤੇ ਖਬਰਾਂ ਰਾਹੀਂ ਲੋਕਾਂ ਨੂੰ ਚਾਈਨਾ ਡੋਰ ਸਬੰਧੀ ਸੁਚੇਤ ਵੀ ਕੀਤਾ ਜਾਂਦਾ ਹੈ ਪਰ ਇਸ ਦਾ ਅਸਰ ਘੱਟ ਹੀ ਹੁੰਦਾ ਹੈ।
ਇਸ ਚਾਈਨਾ ਡੋਰ ਨਾਲ ਇਨਸਾਨਾਂ ਦੇ ਨਾਲ ਅਕਸਰ ਹੀ ਪੰਛੀ ਅਤੇ ਜਾਨਵਰ ਵੀ ਜਖ਼ਮੀ ਹੋ ਜਾਂਦੇ ਹਨ। ਕਈ ਵਾਰ ਤਾਂ ਚਾਈਨਾ ਡੋਰ ਦੀ ਲਪੇਟ ਵਿੱਚ ਆਏ ਪੰਛੀਆਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਦੇ ਬਾਵਜੂਦ ਨੌਜਵਾਨਾਂ ਤੇ ਬੱਚਿਆਂ ਵਿੱਚ ਚਾਈਨਾ ਡੋਰ ਦੀ ਵਰਤੋਂ ਕਰਨ ਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ।
ਇਹ ਠੀਕ ਹੈ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਹਰ ਦੁਕਾਨਦਾਰ ਨੂੰ ਆਪਣਾ ਵਪਾਰ ਚਲਾਉਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਪਰ ਲਾਲਚ ਅਤੇ ਵਾਧੂ ਕਮਾਈ ਲਈ ਅਜਿਹੇ ਸਮਾਨ ਨੂੰ ਨਹੀਂ ਵੇਚਣਾ ਚਾਹੀਦਾ ਜੋ ਕਿ ਦੂਜਿਆਂ ਦੀ ਜ਼ਿੰਦਗੀ ਲਈ ਸਮੱਸਿਆ ਬਣੇ। ਇਸ ਵੇਲੇ ਤਾਂ ਹਾਲਾਤ ਇਹ ਹੋ ਗਏ ਹਨ ਕਿ ਕਰਿਆਨਾ ਅਤੇ ਹੋਰ ਸਮਾਨ ਵੇਚਣ ਵਾਲੇ ਦੁਕਾਨਦਾਰ ਵੀ ਚੋਰੀ ਛਿਪੇ ਚਾਈਨਾ ਡੋਰ ਦੀ ਵਿਕਰੀ ਕਰਦੇ ਰਹਿੰਦੇ ਹਨ।
ਪਤੰਗ ਅਤੇ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਉਹ ਕੁਝ ਪੈਸਿਆਂ ਦੇ ਲਾਲਚ ਲਈ ਚਾਈਨਾ ਡੋੋਰ ਦੀ ਵਿਕਰੀ ਨਾ ਕਰਨ। ਇਸ ਤੋਂ ਇਲਾਵਾ ਪ੍ਰਸ਼ਾਸ਼ਨ ਵਲੋਂ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਦੇ ਨਾਲ ਨਾਲ ਚਾਈਨਾ ਡੋਰ ਖਰੀਦਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕਰਨੀ ਚਾਹੀਦੀ ਹੈ। ਸਰਕਾਰ ਅਤੇ ਪੁਲੀਸ ਨੂੰ ਉਹਨਾਂ ਚੋਰ ਮੋਰੀਆਂ ਦਾ ਪਤਾ ਲਗਾਉਣਾ ਚਾਹੀਦਾ ਹੈ, ਜਿਹਨਾਂ ਰਾਹੀਂ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਚਾਈਨਾ ਡੋਰ ਆ ਰਹੀ ਹੈ ਅਤੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਪ੍ਰਤੀ ਸੁਚੇਤ ਕਰਨ।
ਬਿਊਰੋ
-
Mohali2 months ago
ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ
-
International2 months ago
ਭਾਰਤ ਦੀ ਆਸਟਰੇਲੀਆ ਵਿੱਚ ਆਸਟਰੇਲੀਆ ਤੇ ਸਭ ਤੋਂ ਵੱਡ ਜਿੱਤ
-
Chandigarh2 months ago
ਪੰਜਾਬ ਵਿਧਾਨਸਭਾ ਦੀ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ
-
Mohali2 months ago
ਵਿਧਾਇਕ ਕੁਲਵੰਤ ਸਿੰਘ ਨੇ ਰੱਖਿਆ ਪਿੰਡ ਜਗਤਪੁਰਾ ਤੋਂ ਕੰਡਾਲਾ ਸੜਕ ਦਾ ਨੀਂਹ ਪੱਥਰ
-
International2 months ago
ਯੂਕੇ ਵਿੱਚ ਭਾਰਤੀ ਵਿਅਕਤੀ ਵੱਲੋਂ ਪਤਨੀ ਦਾ ਕਤਲ
-
Chandigarh2 months ago
ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਭਲਕੇ ਹੋਣ ਵਾਲੀ ਗਿਣਤੀ ਦੀਆਂ ਤਿਆਰੀਆਂ ਮੁਕੰਮਲ : ਸਿਬਿਨ ਸੀ
-
National2 months ago
ਸੰਭਲ ਹਿੰਸਾ ਵਿੱਚ 5 ਮੌਤਾਂ ਤੋਂ ਬਾਅਦ ਇੰਟਰਨੈਟ-ਸਕੂਲ ਬੰਦ, 5 ਦਿਨਾਂ ਲਈ ਬਾਹਰੀ ਲੋਕਾਂ ਦੇ ਦਾਖ਼ਲੇ ਤੇ ਪਾਬੰਦੀ
-
Mohali1 month ago
ਅਨੁਸੂਚਿਤ ਜਾਤੀ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਐਸਸੀ ਬੀਸੀ ਮੋਰਚੇ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲਿਆ