Connect with us

International

ਜ਼ਮੀਨ ਖਿਸਕਣ ਕਾਰਨ 9 ਬੱਚਿਆਂ ਸਮੇਤ ਇੱਕੋ ਪਰਿਵਾਰ ਦੇ 12 ਵਿਅਕਤੀਆਂ ਦੀ ਮੌਤ

Published

on

 

ਪੇਸ਼ਾਵਰ, 30 ਅਗਸਤ (ਸ.ਬ.) ਪਾਕਿਸਤਾਨ ਦੇ ਉੱਤਰ ਪੱਛਮੀ ਪਾਕਿਸਤਾਨ ਵਿੱਚ ਅੱਜ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਇੱਕ ਪਰਿਵਾਰ ਦੇ 9 ਬੱਚਿਆਂ ਸਮੇਤ 12 ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਪੁਲੀਸ ਨੇ ਦੱਸਿਆ ਕਿ ਇਹ ਘਟਨਾ ਖੈਬਰ ਪਖਤੂਨਖਵਾ ਸੂਬੇ ਦੇ ਅੱਪਰ ਦੀਰ ਜ਼ਿਲ੍ਹੇ ਦੇ ਮੈਦਾਨ ਖੇਤਰ ਵਿੱਚ ਵਾਪਰੀ। ਮਲਬੇ ਤੋਂ ਸਾਰੀਆਂ 12 ਲਾਸ਼ਾਂ ਨੂੰ ਕੱਢ ਲਿਆ ਗਿਆ ਹੈ ਅਤੇ ਮੈਡੀਕਲ-ਕਾਨੂੰਨੀ ਕਾਰਵਾਈਆਂ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਦੋ ਔਰਤਾਂ, ਇਕ ਆਦਮੀ ਅਤੇ ਨੌਂ ਬੱਚੇ ਮਾਰੇ ਗਏ।

ਪਾਕਿਸਤਾਨ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਮਾਨਸੂਨ ਦੀ ਭਾਰੀ ਬਾਰਿਸ਼ ਹੋਈ ਹੈ। ਪਾਕਿਸਤਾਨ ਦਾ ਸਾਲਾਨਾ ਮਾਨਸੂਨ ਸੀਜ਼ਨ ਜੁਲਾਈ ਤੋਂ ਸਤੰਬਰ ਤੱਕ ਚੱਲਦਾ ਹੈ। ਪਾਕਿਸਤਾਨ ਦੇ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਪੂਰੇ ਦੇਸ਼ ਵਿੱਚ ਹਨੇਰੀ-ਤੂਫ਼ਾਨ ਦੇ ਨਾਲ ਹੋਰ ਵਿਆਪਕ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

Continue Reading

International

ਰੂਬੀ ਢੱਲਾ ਕੈਨੇਡੀਅਨ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚੋਂ ਬਾਹਰ

Published

on

By

 

ਵੈਨਕੂਵਰ, 22 ਫਰਵਰੀ (ਸ.ਬ.) ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ 9 ਮਾਰਚ ਨੂੰ ਹੋਣ ਵਾਲੀ ਚੋਣ ਲਈ ਪਾਰਟੀ ਹਾਈ ਕਮਾਂਡ ਨੇ ਪੰਜਾਬੀ ਮੂਲ ਦੀ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਦੀ ਉਮੀਦਵਾਰੀ ਖਾਰਜ ਕਰ ਦਿੱਤੀ ਹੈ। ਇਸ ਤਰ੍ਹਾਂ ਰੂਬੀ ਢੱਲਾ ਕੈਨੇਡੀਅਨ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਰੂਬੀ ਢੱਲਾ ਉੱਤੇ ਅਣਐਲਾਨੇ ਤੇ ਬੇਹਿਸਾਬੇ ਖਰਚੇ ਕਰਨ, ਸ਼ੱਕੀ ਚੋਣ ਫੰਡ, ਬਾਹਰੀ ਹਮਾਇਤ ਅਤੇ ਪਾਰਟੀ ਵਲੋਂ ਨਿਰਧਾਰਤ ਚੋਣ ਮਰਿਆਦਾਵਾਂ ਭੰਗ ਕਰਨ ਦੇ ਦੋਸ਼ ਲਗਾਏ ਗਏ ਹਨ। ਰੂਬੀ ਢੱਲਾ ਨੂੰ ਦੌੜ ਵਿੱਚੋਂ ਬਾਹਰ ਕੀਤੇ ਜਾਣ ਮਗਰੋਂ ਹੁਣ ਪਾਰਟੀ ਆਗੂ ਦੀ ਦੌੜ ਵਿਚ ਚਾਰ ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ, ਜਿਨ੍ਹਾਂ ਦੀ ਜਨਤਕ ਬਹਿਸ 24 ਤੇ 25 ਫਰਵਰੀ ਨੂੰ ਮੌਂਟਰੀਅਲ ਵਿੱਚ ਅੰਗਰੇਜ਼ੀ ਅਤੇ ਫਰਾਂਸੀਸੀ ਭਾਸ਼ਾ ਵਿੱਚ ਹੋਵੇਗੀ।

ਕਈ ਸਾਲਾਂ ਤੋਂ ਸਿਆਸਤ ਵਿੱਚੋਂ ਲਾਂਭੇ ਹੋ ਕੇ ਆਪਣੇ ਵਪਾਰਕ ਅਦਾਰੇ ਸੰਭਾਲ ਰਹੀ ਰੂਬੀ ਅਚਾਨਕ ਮੁੜ ਸਿਆਸਤ ਵਿੱਚ ਕੁੱਦਣ ਅਤੇ ਪਾਰਟੀ ਦੀ ਸਿਖਰਲੀ ਚੋਣ ਵਿੱਚ ਉਮੀਦਵਾਰੀ ਜਤਾਉਣ ਕਰਕੇ ਸ਼ੁਰੂਆਤ ਤੋਂ ਹੀ ਸਵਾਲਾਂ ਵਿੱਚ ਘਿਰ ਗਈ ਸੀ, ਜਿਨ੍ਹਾਂ ਦੀ ਪਾਰਟੀ ਜਾਂਚ ਕਰ ਰਹੀ ਸੀ। ਪਾਰਟੀ ਨੇ ਬੀਤੇ ਸੋਮਵਾਰ ਨੂੰ ਉਸ ਨੂੰ 27 ਸਵਾਲਾਂ ਦੀ ਸੂਚੀ ਭੇਜ ਕੇ ਜਵਾਬ ਮੰਗਿਆ ਸੀ। ਇਹ ਤਾਂ ਪਤਾ ਨਹੀਂ ਲੱਗਾ ਕਿ ਉਸ ਨੇ ਕੋਈ ਜਵਾਬ ਦਿੱਤਾ ਜਾਂ ਨਹੀਂ, ਪਰ ਪਾਰਟੀ ਨੇ ਉਸ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ।

ਰੂਬੀ ਢੱਲਾ ਨੇ ਪਾਰਟੀ ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਵਿਚ ਐਕਸ ਤੇ ਪੋਸਟ ਪਾ ਕੇ ਹੈਰਾਨੀ ਪ੍ਰਗਟਾਈ ਹੈ। ਢੱਲਾ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਸੂਚਿਤ ਕਰਨ ਦੀ ਥਾਂ ਪਾਰਟੀ ਹਾਈ ਕਮਾਂਡ ਨੇ ਇਹ ਗੱਲ ਮੀਡੀਆ ਨੂੰ ਲੀਕ ਕਿਵੇਂ ਕਰ ਦਿੱਤੀ ? ਉਸ ਨੇ ਕਿਹਾ ਕਿ ਉਸ ਤੇ ਲੱਗੇ ਦੋਸ਼ਾਂ ਵਿੱਚੋਂ ਕੋਈ ਵੀ ਸੱਚਾ ਨਹੀਂ ਸੀ, ਜਿਸ ਬਾਰੇ ਉਸ ਨੇ ਪਾਰਟੀ ਨੂੰ ਦੱਸ ਦਿੱਤਾ ਸੀ। ਰੂਬੀ ਨੇ ਕਿਹਾ ਕਿ ਉਸ ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ। ਉਸ ਨੇ ਖਦਸ਼ਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਉਸ ਦੀ ਉਮੀਦਵਾਰੀ ਨਕਾਰੀ ਗਈ ਹੈ।

ਰੂਬੀ ਨੇ ਇਸ ਗੱਲ ਤੇ ਵਿਸ਼ੇਸ ਜ਼ੋਰ ਦਿੱਤਾ ਕਿ ਪਾਰਟੀ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਲੀਡਰ ਬਣਾਉਣ ਲਈ ਉਸ ਨੂੰ ਮੁਕਾਬਲੇ ਵਿੱਚੋਂ ਬਾਹਰ ਕੀਤਾ ਹੈ। ਰੂਬੀ ਨੇ ਕਿਹਾ ਕਿ ਉਦੀ ਸੋਚ ਪ੍ਰਗਤੀਵਾਦੀ ਹੈ, ਪਰ ਪਾਰਟੀ ਨਹੀਂ ਚਾਹੁੰਦੀ ਕਿ ਅਜਿਹੀ ਸੋਚ ਵਾਲਾ ਕੋਈ ਵਿਅਕਤੀ ਪਾਰਟੀ ਲੀਡਰ ਬਣ ਕੇ ਦੇਸ਼ ਵਿੱਚ ਪ੍ਰਗਤੀਵਾਦੀ ਲਹਿਰ ਖੜੀ ਕਰੇ। ਉਸ ਨੇ ਕਿਹਾ ਕਿ 24 ਫਰਵਰੀ ਨੂੰ ਮੌਂਟਰੀਅਲ ਵਿੱਚ ਉਮੀਦਵਾਰਾਂ ਦੀ ਹੋਣ ਵਾਲੀ ਬਹਿਸ ਵਿੱਚ ਉਸ ਵਲੋਂ ਅਜਿਹੇ ਵਿਚਾਰ ਪ੍ਰਗਟਾਏ ਜਾਣ ਦੇ ਖਦਸ਼ਿਆਂ ਕਾਰਨ ਪਾਰਟੀ ਵਲੋਂ ਉਸ ਨੂੰ ਚੋਣ ਵਿੱਚੋਂ ਲਾਂਭੇ ਕੀਤਾ ਗਿਆ ਹੈ। ਰੂਬੀ ਨੇ ਕਿਹਾ ਕਿ ਉਹ ਪਾਰਟੀ ਆਗੂ ਦੀ ਦੌੜ ਵਿੱਚੋਂ ਬਾਹਰ ਕੀਤੇ ਜਾਣ ਦੇ ਬਾਵਜੂਦ ਉਹ ਦੇਸ਼ ਦੀ ਬਿਹਤਰੀ ਤੇ ਚੰਗੇ ਭਵਿੱਖ ਲਈ ਕੰਮ ਕਰਦੀ ਰਹੇਗੀ।

ਉਧਰ ਲਿਬਰਲ ਪਾਰਟੀ ਨੇ ਕਿਹਾ ਕਿ ਲੀਡਰਸ਼ਿਪ ਖਰਚਿਆਂ ਬਾਰੇ 10 ਮੈਂਬਰੀ ਕਮੇਟੀ ਦੀ ਰਿਪੋਰਟ ਸਮੇਤ ਚੋਣ ਪ੍ਰੀਕਿਰਿਆ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਬਾਹਰੀ ਲੋਕਾਂ ਦੀ ਹਮਾਇਤ ਜੁਟਾਉਣ ਸਮੇਤ 10 ਬੇਨੇਮੀਆਂ ਕਰਕੇ ਰੂਬੀ ਢੱਲਾ ਦੀ ਉਮੀਦਵਾਰੀ ਰੱਦ ਕੀਤੀ ਗਈ ਹੈ। ਹੁਣ ਪਾਰਟੀ ਆਗੂ ਦੀ ਦੌੜ ਵਿਚ ਚਾਰ ਉਮੀਦਵਾਰ ਮੈਦਾਨ ਚ ਰਹਿ ਗਏ ਹਨ, ਜਿਨ੍ਹਾਂ ਦੀ ਜਨਤਕ ਬਹਿਸ 24 ਤੇ 25 ਫਰਵਰੀ ਨੂੰ ਮੌਂਟਰੀਅਲ ਵਿੱਚ ਅੰਗਰੇਜ਼ੀ ਅਤੇ ਫਰਾਂਸੀਸੀ ਭਾਸ਼ਾ ਵਿੱਚ ਕਰਵਾਈ ਜਾਣੀ ਹੈ।

 

Continue Reading

International

ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ

Published

on

By

 

ਵਾਸ਼ਿੰਗਟਨ, 11 ਫਰਵਰੀ (ਸ.ਬ.) ਅਮਰੀਕਾ ਦੇ ਛੇ ਸੰਸਦ ਮੈਂਬਰਾਂ ਨੇ ਨਵੇਂ ਅਟਾਰਨੀ ਜਨਰਲ ਨੂੰ ਅਮਰੀਕੀ ਨਿਆਂ ਵਿਭਾਗ ਵੱਲੋਂ ਲਏ ਗਏ ‘ਵਿਵਾਦਿਤ’ ਫੈਸਲਿਆਂ ਖਿਲਾਫ਼ ਪੱਤਰ ਲਿਖਿਆ ਹੈ। ਇਨ੍ਹਾਂ ਵਿਚ ਕਥਿਤ ਰਿਸ਼ਵਤ ਘੁਟਾਲੇ ਵਿਚ ਸਨਅਤਕਾਰ ਗੌਤਮ ਅਡਾਨੀ ਸਮੂਹ ਖਿਲਾਫ਼ ਮੁਕੱਦਮਾ ਵੀ ਸ਼ਾਮਲ ਹੈ। ਸੰਸਦ ਮੈਂਬਰਾਂ ਨੇ ਪੱਤਰ ਵਿਚ ਖ਼ਦਸ਼ਾ ਜਤਾਇਆ ਕਿ ਇਸ ਨਾਲ ਨੇੜਲੇ ਭਾਈਵਾਲ ਭਾਰਤ ਨਾਲ ਰਿਸ਼ਤੇ ਖਤਰੇ ਵਿਚ ਪੈ ਸਕਦੇ ਹਨ।

ਲਾਂਸ ਗੁਡੇਨ, ਪੈਟ ਫੌਲਨ, ਮਾਈਕ ਹਰਿਡੋਪੋਲੋਸ, ਬਰੈਂਡਨ ਗਿਲ, ਵਿਲੀਅਮ ਆਰ ਟਿਮੌਂਸ ਤੇ ਬ੍ਰਾਇਨ ਬੇਬਿਨ ਨੇ 10 ਫਰਵਰੀ ਨੂੰ ਅਮਰੀਕੀ ਦੀ ਅਟਾਰਨੀ ਜਨਰਲ ਪਾਮੇਲਾ ਬੇਦੀ ਨੂੰ ਪੱਤਰ ਲਿਖ ਕੇ ਜੋਅ ਬਾਇਡਨ ਪ੍ਰਸ਼ਾਸਨ ਤਹਿਤ ਡੀਓਜੇ ਵੱਲੋਂ ਲਏ ਗਏ ਕੁਝ ਵਿਵਾਦਿਤ ਫੈਸਲਿਆਂ ਵੱਲ ਧਿਆਨ ਖਿੱਚਿਆ ਹੈ।

ਅਮਰੀਕੀ ਵਕੀਲਾਂ ਨੇ ਉਦਯੋਗਪਤੀ ਗੌਤਮ ਅਡਾਨੀ ਤੇ ਭਾਰਤ ਵਿੱਚ ਸੂਰਜੀ ਊਰਜਾ ਦੇ ਠੇਕੇ ਪ੍ਰਾਪਤ ਕਰਨ ਲਈ ਅਨੁਕੂਲ ਸ਼ਰਤਾਂ ਬਦਲੇ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਦੋਸ਼ ਲਗਾਇਆ ਹੈ।

ਸਰਕਾਰੀ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਇਹ ਜਾਣਕਾਰੀ ਅਮਰੀਕੀ ਬੈਂਕਾਂ ਅਤੇ ਨਿਵੇਸ਼ਕਾਂ ਤੋਂ ਛੁਪਾਈ ਗਈ ਸੀ ਜਿਨ੍ਹਾਂ ਤੋਂ ਅਡਾਨੀ ਸਮੂਹ ਨੇ ਇਸ ਪ੍ਰੋਜੈਕਟ ਲਈ ਅਰਬਾਂ ਡਾਲਰ ਇਕੱਠੇ ਕੀਤੇ ਸਨ। ਅਮਰੀਕੀ ਕਾਨੂੰਨ ਵਿਦੇਸ਼ੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਪੈਰਵੀ ਕਰਨ ਦੀ ਇਜਾਜ਼ਤ ਦਿੰਦਾ ਹੈ ਬਸ਼ਰਤੇ ਕਿ ਉਨ੍ਹਾਂ ਦਾ ਅਮਰੀਕੀ ਨਿਵੇਸ਼ਕਾਂ ਜਾਂ ਬਾਜ਼ਾਰਾਂ ਨਾਲ ਕੋਈ ਸਬੰਧ ਹੋਵੇ। ਹਾਲਾਂਕਿ, ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

Continue Reading

International

ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ

Published

on

By

 

 

ਢਾਕਾ, 6 ਫਰਵਰੀ (ਸ.ਬ.) ਬੰਗਲਾਦੇਸ਼ ਵਿਚ ਪ੍ਰਦਰਸ਼ਨਕਾਰੀਆਂ ਨੇ ਸ਼ੇਖ ਹਸੀਨਾ ਦੇ ਪਰਿਵਾਰਕ ਮੈਂਬਰਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਨੂੰ ਢਾਹ ਦਿੱਤਾ। ਇਸ ਦੌਰਾਨ ਉਨ੍ਹਾਂ ਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਕੰਧ-ਚਿੱਤਰਾਂ ਦੀ ਬੇਅਦਬੀ ਕੀਤੀ ਹੈ।

ਇਥੇ ਹਸੀਨਾ ਦੇ ਲਾਈਵ ਆਨਲਾਈਨ ਸੰਬੋਧਨ ਤੋਂ ਬਾਅਦ ਮਾਹੋਲ ਵਿਗੜ ਗਿਆ। ਕਈ ਹਜ਼ਾਰ ਲੋਕਾਂ ਨੇ ਰਾਜਧਾਨੀ ਦੇ ਧਨਮੰਡੀ ਖੇਤਰ ਵਿੱਚ ਹਸੀਨਾ ਦੇ ਪਿਤਾ ਮੁਜੀਬੁਰ ਰਹਿਮਾਨ ਦੇ ਘਰ ਦੇ ਸਾਹਮਣੇ ਰੈਲੀ ਕੀਤੀ, ਜਿਸ ਨੂੰ ਪਹਿਲਾਂ ਇੱਕ ਯਾਦਗਾਰ ਅਜਾਇਬ ਘਰ ਵਿੱਚ ਬਦਲ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵਿੱਚ ਇੱਕ ਖੁਦਾਈ ਕਰਨ ਵਾਲੇ ਨੇ ਰਿਹਾਇਸ਼ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ।

ਅੱਜ ਸਵੇਰੇ ਵੀ ਘਰ ਢਾਹੁਣ ਦਾ ਕੰਮ ਜਾਰੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਧਨਮੰਡੀ ਦੇ ਰੋਡ 5 ਤੇ ਸਥਿਤ ਹਸੀਨਾ ਦੇ ਸੁਧਾ ਸਦਨ ਦੇ ਘਰ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ। 5 ਅਗਸਤ ਨੂੰ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਨੂੰ ਬੇਦਖਲ ਕਰਨ ਤੋਂ ਬਾਅਦ ਤੋਂ ਸੁਧਾ ਸਦਨ ਪੂਰੀ ਤਰ੍ਹਾਂ ਖਾਲੀ ਹੋ ਗਿਆ ਸੀ।

ਪ੍ਰਦਰਸ਼ਨਕਾਰੀਆਂ ਨੇ ਹਸੀਨਾ ਦੇ ਚਚੇਰੇ ਭਰਾਵਾਂ ਸ਼ੇਖ ਹੇਲਾਲ ਉਦੀਨ ਅਤੇ ਸ਼ੇਖ ਸਲਾਉਦੀਨ ਜਵੇਲ ਦੇ ਖੁੱਲਨਾ ਘਰ ਨੂੰ ਵੀ ਢਾਹ ਦਿੱਤਾ। ਹਜ਼ਾਰਾਂ ਲੋਕ ਘਰ ਦੇ ਆਲੇ ਦੁਆਲੇ ਇਕੱਠੇ ਹੋਏ ਅਤੇ ਨਾਅਰੇ ਲਗਾ ਰਹੇ ਸਨ। ਖੁਲਨਾ ਮੈਟਰੋਪੋਲੀਟਨ ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਅਹਿਸਾਨ ਹਬੀਬ ਨੇ ਡੇਲੀ ਸਟਾਰ ਨੂੰ ਦੱਸਿਆ ਕਿ ਮੈਂ ਫੇਸਬੁੱਕ ਤੇ ਘਟਨਾ ਦੀ ਖ਼ਬਰ ਦੇਖੀ ਹੈ, ਪਰ ਮੇਰੇ ਕੋਲ ਹੋਰ ਜਾਣਕਾਰੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਵਿਚ ਮਾਹੋਲ ਵਿਗੜਣ ਤੋਂ ਬਾਅਦ 77 ਸਾਲਾ ਹਸੀਨਾ ਪਿਛਲੇ ਸਾਲ 5 ਅਗਸਤ ਤੋਂ ਭਾਰਤ ਵਿੱਚ ਰਹਿ ਰਹੀ ਹੈ। ਹਸੀਨਾ ਦੇ ਪਿਤਾ ਨੂੰ ਸੁਤੰਤਰਤਾ ਨਾਇਕ ਵਜੋਂ ਦੇਖਿਆ ਜਾਂਦਾ ਹੈ। ਇੱਕ ਫੇਸਬੁੱਕ ਲਾਈਵਸਟ੍ਰੀਮ ਵਿੱਚ ਹਸੀਨਾ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਨਿਆਂ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਇੱਕ ਇਮਾਰਤ ਨੂੰ ਢਾਹ ਸਕਦੇ ਹਨ, ਪਰ ਉਹ ਇਤਿਹਾਸ ਨੂੰ ਮਿਟਾ ਨਹੀਂ ਸਕਦੇ। ਬੰਗਲਾਦੇਸ਼ ਦੇ ਕੋਮਾਂਤਰੀ ਟ੍ਰਿਬਿਊਨਲ (ਆਈਸੀਟੀ) ਨੇ ਹਸੀਨਾ ਅਤੇ ਕਈ ਸਾਬਕਾ ਕੈਬਨਿਟ ਮੰਤਰੀਆਂ, ਸਲਾਹਕਾਰਾਂ ਅਤੇ ਫੌਜੀ ਅਤੇ ਸਿਵਲ ਅਧਿਕਾਰੀਆਂ ਲਈ ਮਨੁੱਖਤਾ ਅਤੇ ਨਸਲਕੁਸ਼ੀ ਵਿਰੁੱਧ ਅਪਰਾਧ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ।

Continue Reading

Latest News

Trending