Editorial
ਕੀ ਪੰਜਾਬੀਆਂ ਦੇ ਪਰਵਾਸ ਨੂੰ ਰੋਕ ਸਕਣਗੇ ਕੈਨੇਡਾ ਦੇ ਨਵੇਂ ਕਾਨੂੰਨ?
ਪੰਜਾਬੀਆਂ ਦੀ ਵੱਡੀ ਗਿਣਤੀ ਹੁਣੇ ਵੀ ਕੈਨੇਡਾ ਜਾਣ ਲਈ ਕਾਹਲੀ
ਕੈਨੇਡਾ ਸਰਕਾਰ ਵੱਲੋਂ ਉੱਥੇ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ ਨਿਸ਼ਚਿਤ ਕਰਨ ਲਈ ਨਵੇਂ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਹੁਣ ਕੈਨੇਡਾ ਸਰਕਾਰ ਨੇ ਸੈਲਾਨੀ ਵੀਜ਼ੇ ਤੇ ਕੈਨੇਡਾ ਆਏ ਲੋਕਾਂ ਨੂੰ ਵਰਕ ਪਰਮਿਟ ਦੇਣ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਤੁਰੰਤ ਲਾਗੂ ਹੋਣ ਕਰਕੇ ਕੈਨੇਡਾ ਵਿੱਚ ਪੱਕੇ ਹੋਣ ਦੀ ਇੱਕ ਹੋਰ ਚੋਰਮੋਰੀ ਬੰਦ ਹੋ ਗਈ ਹੈ।
ਪਰ ਸਵਾਲ ਇਹ ਉਠਦਾ ਹੈ ਕਿ ਕੀ ਕੈਨੇਡਾ ਦੇ ਨਵੇਂ ਕਾਨੂੰਨ ਪੰਜਾਬੀਆਂ ਦੇ ਪਰਵਾਸ ਨੂੰ ਰੋਕ ਸਕਣਗੇ? ਜਦੋਂ ਕੈਨੇਡਾ ਸਰਕਾਰ ਵੱਲੋਂ ਬੀਤੇ ਦਿਨ ਲਾਗੂ ਕੀਤੇ ਗਏ ਨਵੇਂ ਕਾਨੂੰਨ ਸਬੰਧੀ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੈਨੇਡਾ ਸਰਕਾਰ ਜਿੰਨੇ ਮਰਜੀ ਕਾਨੂੰਨ ਸਖਤ ਬਣਾ ਲਵੇ ਪਰ ਉਹ ਪੰਜਾਬੀਆਂ ਦੇ ਪੰਜਾਬ ਤੋਂ ਕੈਨੇਡਾ ਜਾਣ ਨੂੰ ਰੋਕ ਨਹੀਂ ਸਕੇਗੀ, ਕਿਉਂਕਿ ਜੇ ਜਾਇਜ ਤਰੀਕੇ ਨਾਲ ਪੰਜਾਬੀ ਕੈਨੇਡਾ ਨਹੀਂ ਜਾ ਸਕਣਗੇ ਤਾਂ ਪੰਜਾਬੀਆਂ ਨੇ ਡੰਕੀ ਰੂਟ ਰਾਹੀਂ ਕੈਨੇਡਾ ਜਾਣਾ ਸ਼ੁਰੂ ਕਰ ਦੇਣਾ ਹੈ। ਪੰਜਾਬੀਆਂ ਵਿੱਚ ਕੈਨੇਡਾ ਨਾਲ ਮੋਹ ਹੀ ਅਜਿਹਾ ਹੈ ਕਿ ਵੱਡੀ ਗਿਣਤੀ ਪੰਜਾਬੀ ਹਰ ਹੀਲਾ ਵਰਤ ਕੇ ਕੈਨੇਡਾ ਜਾਣਾ ਚਾਹੁੰਦੇ ਹਨ।
ਪੰਜਾਬ ਦਾ ਹਾਲ ਇਸ ਸਮੇਂ ਇਹ ਹੈ ਕਿ ਪੰਜਾਬ ਦੇ ਵੱਡੀ ਗਿਣਤੀ ਲੋਕ ਪਰਵਾਸ ਕਰਕੇ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਜਾ ਚੁੱਕੇ ਹਨ। ਇਸ ਤੋਂ ਇਲਾਵਾ ਆਈਲੈਟਸ ਪਾਸ ਵਿਦਿਆਰਥੀ ਵੀ ਪੜਾਈ ਦੇ ਬਹਾਨੇ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਜਾ ਕੇ ਰਹਿ ਰਹੇ ਹਨ ਅਤੇ ਉਥੋਂ ਦੇ ਪੱਕੇ ਵਸਨੀਕ ਬਣਨ ਲਈ ਯਤਨ ਕਰ ਰਹੇ ਹਨ।
ਕੈਨੇਡਾ ਵਿੱਚ ਪੰਜਾਬੀਆਂ ਸਮੇਤ ਹੋਰਨਾਂ ਦੇਸ਼ਾਂ ਦੇ ਪਰਵਾਸੀਆਂ ਦੀ ਗਿਣਤੀ ਬਹੁਤ ਵਧ ਗਈ ਹੈ। ਰਿਪੋਰਟਾਂ ਆ ਰਹੀਆਂ ਹਨ ਕਿ ਕੈਨੇਡਾ ਵਿੱਚ ਹੁਣ ਨੌਕਰੀਆਂ ਵਿੱਚ ਕਮੀ ਆ ਗਈ ਹੈ ਅਤੇ ਕੰਮ ਮਿਲਣਾ ਘੱਟ ਗਿਆ ਹੈ, ਜਿਸ ਕਾਰਨ ਕੈਨੇਡਾ ਦੇ ਮੂਲ ਵਸਨੀਕ ਪਰਵਾਸੀਆਂ ਨੂੰ ਜਿੰਮੇਵਾਰ ਸਮਝਦੇ ਹੋਏ ਪਰਵਾਸੀਆਂ ਨੂੰ ਚੰਗਾ ਨਹੀਂ ਸਮਝ ਰਹੇ। ਕੈਨੇਡਾ ਦੇ ਮੂਲ ਵਸਨੀਕਾਂ ਦੇ ਦਬਾਓ ਕਾਰਨ ਹੀ ਹੁਣ ਕੈਨੇਡਾ ਦੀ ਸਰਕਾਰ ਵਲੋਂ ਨਵੇਂ ਕਾਨੂੰਨ ਲਾਗੂ ਕਰਕੇ ਪਰਵਾਸੀਆਂ ਦੀ ਗਿਣਤੀ ਸੀਮਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਅਮਰੀਕਾ ਵਾਂਗ ਹੀ ਹੁਣ ਕੈਨੇਡਾ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਸੈਲਾਣੀ ਬਣਕੇ ਕੈਨੇਡਾ ਘੁੰਮਣ ਆਏ ਹਨ, ਉਹ ਹੁਣ ਕੈਨੇਡਾ ਵਿੱਚ ਕੰਮ ਨਹੀਂ ਕਰ ਸਕਣਗੇ ਬਲਕਿ ਉਹਨਾਂ ਨੂੰ ਕੈਨੇਡਾ ਘੁੰਮ ਕੇ ਵਾਪਸ ਆਪਣੇ ਦੇਸ਼ ਜਾਣਾ ਪਵੇਗਾ।
ਕਿਹਾ ਜਾਂਦਾ ਹੈ ਕਿ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ ਇੰਨੀ ਜਿਆਦਾ ਹੋ ਗਈ ਹੈ ਕਿ ਸਰੀ ਵਰਗੇ ਕੈਨੇਡੀਅਨ ਇਲਾਕਿਆਂ ਨੂੰ ਹੁਣ ਮਿੰਨੀ ਪੰਜਾਬ ਕਿਹਾ ਜਾ ਰਿਹਾ ਹੈ। ਉਂਝ ਕੈਨੇਡਾ ਦੇ ਵੱਡੀ ਗਿਣਤੀ ਇਲਾਕਿਆਂ ਵਿੱਚ ਅਨੇਕਾਂ ਪੰਜਾਬੀ ਰਹਿ ਰਹੇ ਹਨ ਪਰ ਇਹਨਾਂ ਦੀ ਸਭ ਤੋਂ ਜਿਆਦਾ ਗਿਣਤੀ ਟੋਰੰਟੋ, ਵੈਨਕੂਵਰ, ਸਰੀ ਆਦਿ ਸ਼ਹਿਰਾਂ ਵਿੱਚ ਹੈ। ਜਿਹੜੇ ਪੰਜਾਬੀ ਪੜ੍ਹਾਈ ਦੇ ਆਧਾਰ ਤੇ ਕੈਨੇਡਾ ਜਾਂਦੇ ਹਨ, ਉਹ ਉਥੇ ਕੰਮ ਕਰਨ ਲਈ ਵੀ ਤਿਆਰ ਰਹਿੰਦੇ ਹਨ। ਅਕਸਰ ਪੰਜਾਬੀ ਵਿਦਿਆਰਥੀ ਸਸਤੇ ਭਾਅ ਕੰਮ ਕਰਨ ਲੱਗ ਜਾਂਦੇ ਹਨ, ਜਿਸ ਕਾਰਨ ਉਥੋਂ ਦੇ ਮੂਲ ਵਸਨੀਕਾਂ ਨੂੰ ਕੰਮ ਦੀ ਘਾਟ ਆ ਰਹੀ ਹੈ। ਇਸੇ ਕਾਰਨ ਹੁਣ ਉਹ ਪੰਜਾਬੀਆਂ ਸਮੇਤ ਸਾਰੇ ਹੀ ਪਰਵਾਸੀ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਦਾ ਵਿਰੋਧ ਕਰਨ ਲੱਗ ਪਏ ਹਨ।
ਕੈਨੇਡਾ ਦੇ ਕਈ ਇਲਾਕਿਆਂ ਵਿੱਚੋਂ ਤਾਂ ਮੂਲ ਨਿਵਾਸੀ ਕੈਨੇਡਾ ਨੂੰ ਛੱਡ ਕੇ ਅਮਰੀਕਾ ਜਾਣ ਦੀ ਸੋਚ ਰਹੇ ਹਨ। ਦੂਜੇ ਪਾਸੇ ਪੰਜਾਬ ਵਿੱਚ ਵੱਡੀ ਗਿਣਤੀ ਲੋਕ ਹਰ ਹੀਲੇ ਕੈਨੇਡਾ ਜਾਣ ਲਈ ਕਾਹਲੇ ਪਏ ਹੋਏ ਹਨ। ਪਹਿਲਾਂ ਤਾਂ ਸਿਰਫ ਪੰਜਾਬ ਦੇ ਗਰੀਬ ਤੇ ਮੱਧ ਵਰਗੀ ਲੋਕ ਹੀ ਕੈਨੇਡਾ ਜਾਂਦੇ ਸਨ ਪਰ ਹੁਣ ਤਾਂ ਹਰ ਵਰਗ ਦੇ ਲੋਕ ਕੈਨੇਡਾ ਜਾ ਰਹੇ ਹਨ। ਕੈਨੇਡਾ ਦੀ ਖਿੱਚ ਹੀ ਅਜਿਹੀ ਹੈ ਕਿ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਕਰ ਰਹੇ ਅਤੇ ਅਨੇਕਾਂ ਅਮੀਰ ਲੋਕ ਵੀ ਪੰਜਾਬ ਛੱਡ ਕੇ ਕੈਨੇਡਾ ਚਲੇ ਗਏ ਹਨ। ਇਸ ਕਰਕੇ ਹੁਣ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਨਵੇਂ ਕਾਨੂੰਨ ਵੀ ਸ਼ਾਇਦ ਹੀ ਪੰਜਾਬੀਆਂ ਨੂੰ ਕੈਨੇਡਾ ਜਾਣ ਤੋਂ ਰੋਕ ਸਕਣ।
ਬਿਊਰੋ
Editorial
ਸ਼ਹਿਰ ਵਿਚਲੇ ਰਿਹਾਇਸ਼ੀ ਖੇਤਰ ਦੀਆਂ ਅੰਦਰੂਨੀ ਸੜਕਾਂ ਦੀ ਚੌੜਾਈ ਵਧਾਏ ਪ੍ਰਸ਼ਾਸ਼ਨ
ਸਾਡੇ ਸ਼ਹਿਰ ਨੂੰ ਭਾਵੇਂ ਇੱਕ ਅਤਿਆਧੁਨਿਕ ਪੱਧਰ ਦੇ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਪੰਜਾਬ ਸਰਕਾਰ ਦਾਅਵਿਆਂ ਵਿੱਚ ਸ਼ਹਿਰ ਵਾਸੀਆਂ ਨੂੰ ਵਿਸ਼ਵਪੱਧਰੀ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਪਰੰਤੂ ਜਮੀਨੀ ਹਾਲਾਤ ਇਹ ਹਨ ਕਿ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਲਈ ਵੀ ਬੁਰੀ ਤਰ੍ਹਾਂ ਤੰਗ ਹੋਣਾ ਪੈਂਦਾ ਹੈ। ਸਾਡੇ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਦੀਆਂ ਤੰਗ ਗਲੀਆਂ ਇਸਦੀ ਸਭਤੋਂ ਵੱਡੀ ਮਿਸਾਲ ਹਨ ਜਿੱਥੇ ਜੇਕਰ ਕੋਈ ਵਿਅਕਤੀ ਘਰ ਦੇ ਸਾਮ੍ਹਣੇ ਸੜਕ ਤੇ ਵਾਹਨ ਖੜ੍ਹਾ ਕਰ ਦੇਵੇ ਤਾਂ ਉੱਥੋਂ ਕਿਸ ਹੋਰ ਵਾਹਨ ਦਾ ਲੰਘਣਾ ਤਕ ਔਖਾ ਹੋ ਜਾਂਦਾ ਹੈ।
ਇਸਦਾ ਮੁੱਖ ਕਾਰਨ ਇਹ ਹੈ ਕਿ ਸ਼ਹਿਰ ਦੇ ਨਕਸ਼ੇ ਵਿੱਚ ਭਾਵੇਂ ਵੱਖ ਵੱਖ ਫੇਜ਼ਾਂ ਦੀਆਂ ਅੰਦਰੂਨੀ ਸੜਕਾਂ (ਗਲੀਆਂ) ਦੀ ਚੌੜਾਈ 35 ਤੋਂ 45 ਫੁੱਟ ਤਕ ਦਿਖਾਈ ਗਈ ਹੈ ਪਰੰਤੂ ਇਸ ਵਿੱਚੋਂ ਆਮ ਲੋਕਾਂ ਦੀ ਆਵਾਜਾਈ ਲਈ ਸਿਰਫ 12 ਤੋਂ 14 ਫੁੱਟ ਚੌੜੀ ਸੜਕ ਦੀ ਹੀ ਉਸਾਰੀ ਕੀਤੀ ਗਈ ਹੈ। ਬਾਕੀ ਬਚਦੀ ਲਗਭਗ ਦੋ ਤਿਹਾਈ ਥਾਂ ਲੋਕਾਂ ਦੇ ਘਰਾਂ ਸਾਮ੍ਹਣੇ ਖਾਲੀ ਛੱਡੀ ਹੋਣ ਕਾਰਨ ਉੱਥੇ ਲੋਕਾਂ ਵਲੋਂ ਬਗੀਚੀਆਂ ਬਣਾ ਲਈਆਂ ਗਈਆਂ ਜਾਂ ਪੱਕੇ ਕਬਜੇ ਕਰ ਲਏ ਜਾਣ ਕਾਰਨ ਉਹਨਾਂ ਦੀ ਨਿੱਜੀ ਵਰਤੋਂ ਹੇਠ ਹੈ।
50 ਸਾਲ ਪਹਿਲਾਂ ਜਦੋਂ ਸਾਡੇ ਸ਼ਹਿਰ ਦੀ ਉਸਾਰੀ ਦਾ ਅਮਲ ਆਰੰਭ ਹੋਇਆ ਸੀ ਉਸ ਵੇਲੇ ਇਸਦੇ ਯੋਜਨਾਕਾਰਾਂ ਵਲੋਂ ਇਸ ਗੱਲ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ ਕਿ ਭਵਿੱਖ ਵਿੱਚ ਸ਼ਹਿਰ ਦੇ ਵਿਕਾਸ ਦੇ ਪੜਾਆਂ ਦੌਰਾਨ ਜਦੋਂ ਸ਼ਹਿਰ ਦੀ ਆਬਾਦੀ ਵਿੱਚ ਵਾਧਾ ਹੋ ਜਾਵੇਗਾ ਅਤੇ ਲੋਕਾਂ ਕੋਲ ਆਵਾਜਾਈ ਲਈ ਨਿੱਜੀ ਵਾਹਨਾਂ ਦੀ ਗਿਣਤੀ ਵੱਧ ਜਾਵੇਗੀ ਤਾਂ ਸ਼ਹਿਰ ਵਿੱਚ ਬਣਾਈਆਂ ਜਾ ਰਹੀਆਂ ਇਹ ਤੰਗ ਗਲੀਆਂ ਲੋਕਾਂ ਦੀਆਂ ਆਵਾਜਾਈ ਲੋੜਾਂ ਨੂੰ ਪੂਰਾ ਕਰਨ ਦੀ ਸਮਰਥ ਨਹੀਂ ਰਹਿਣਗੀਆਂ। ਉਹਨਾਂ ਵਲੋਂ ਇਸ ਗੱਲ ਦਾ ਵੀ ਕੋਈ ਧਿਆਨ ਨਹੀਂ ਰੱਖਿਆ ਕਿ ਦੋ ਤਿੰਨ ਕਮਰਿਆਂ ਦੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਵਾਹਨ ਕਿੱਥੇ ਖੜ੍ਹੇ ਹੋਣਗੇ ਅਤੇ ਜਦੋਂ ਇਹ ਵਾਹਨ ਪਹਿਲਾਂ ਹੀ ਤੰਗ ਬਣਾਈਆਂ ਗਈਆਂ ਸੜਕਾਂ ਦੇ ਕਿਨਾਰੇ ਖੜ੍ਹੇ ਹੋ ਜਾਣਗੇ ਤਾਂ ਫਿਰ ਹੋਰਨਾਂ ਵਾਹਨਾਂ ਦੀ ਆਵਾਜਾਈ ਕਿਵੇਂ ਹੋਵੇਗੀ। ਸ਼ਹਿਰ ਦੀ ਉਸਾਰੀ ਦੇ ਪਹਿਲੇ ਦੋ ਤਿੰਨ ਦਹਾਕਿਆਂ ਦੌਰਾਨ (ਜਦੋਂ ਲੋਕਾਂ ਕੋਲ ਇੱਕਾ ਦੁੱਕਾ ਵਾਹਨ ਹੁੰਦੇ ਸਨ) ਆਮ ਲੋਕਾਂ ਨੂੰ ਇਹਨਾਂ ਸੜਕਾਂ ਦੀ ਚੌੜਾਈ ਨੂੰ ਲੈ ਕੇ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੀ ਪਰੰਤੂ ਸਮੇਂ ਦੇ ਨਾਲ ਨਾਲ ਸ਼ਹਿਰ ਵਿਚਲੇ ਰਿਹਾਇਸ਼ੀ ਖੇਤਰਾਂ ਦੀਆਂ ਇਹ ਤੰਗ ਗਲੀਆਂ ਆਮ ਵਸਨੀਕਾਂ ਲਈ ਵੱਡੀ ਪਰੇਸ਼ਾਨੀ ਬਣਦੀਆਂ ਗਈਆਂ। ਇੱਕ ਤਾਂ ਸ਼ਹਿਰ ਦੇ ਰਿਹਾਇਸ਼ੀ ਖੇਤਰ ਦੀਆਂ ਇਹਨਾਂ ਅੰਦਰੂਨੀ ਸੜਕਾਂ ਦੀ ਚੌੜਾਈ ਪਹਿਲਾਂ ਹੀ ਘੱਟ ਹੈ ਉੱਪਰੋਂ ਇਹਨਾਂ ਵਿੱਚ ਆਮ ਲੋਕਾਂ ਵਲੋਂ ਆਪਣੇ ਵਾਹਨ ਵੀ ਖੜ੍ਹੇ ਕਰ ਦਿੱਤੇ ਜਾਂਦੇ ਹਨ ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਜੇਕਰ ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸ਼ਨ ਵਲੋਂ ਹੁਣ ਤਕ ਆਮ ਲੋਕਾਂ ਦੀ ਇਸ ਸਮੱਸਿਆ ਤੋਂ ਪੂਰੀ ਤਰ੍ਹਾਂ ਟਾਲਾ ਵੱਟਿਆ ਜਾਂਦਾ ਰਿਹਾ ਹੈ ਅਤੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਨੂੰ ਚੌੜਾ ਕਰਨ ਲਈ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਪਿਛਲੇ ਕੁੱਝ ਸਾਲਾਂ ਤੋਂ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਸੜਕਾਂ ਕਿਨਾਰੇ ਬਣਾਏ ਗਏ ਫੁਟਪਾਥਾਂ ਨੂੰ ਨੀਵਾਂ ਕਰਕੇ ਕੰਮ ਜਰੂਰ ਚਲਾਇਆ ਜਾ ਰਿਹਾ ਹੈ, ਤਾਂ ਜੋ ਲੋਕ ਇਹਨਾਂ ਫੁਟਪਾਥਾਂ ਤੇ ਆਪਣੇ ਵਾਹਨ ਖੜ੍ਹੇ ਕਰ ਸਕਣ। ਪਰੰਤੂ ਸਵਾਲ ਇਹ ਵੀ ਹੈ ਕਿ ਜੇਕਰ ਇਹਨਾਂ ਫੁਟਪਾਥਾਂ ਦੀ ਉਸਾਰੀ ਗੱਡੀਆਂ ਦੀ ਪਾਰਕਿੰਗ ਲਈ ਹੀ ਕੀਤੀ ਜਾਣੀ ਹੈ ਤਾਂ ਫਿਰ ਪ੍ਰਸ਼ਾਸ਼ਨ ਵਲੋਂ ਇਹਨਾਂ ਗਲੀਆਂ ਨੂੰ ਚੌੜਾ ਕਿਉਂ ਨਹੀਂ ਕੀਤਾ ਜਾਂਦਾ ਅਤੇ ਹਰ ਸਾਲ ਕਰੋੜਾਂ ਰੁਪਏ ਖਰਚ ਕੇ ਇਹਨਾਂ ਫੁਟਪਾਥਾਂ ਦੀ ਉਸਾਰੀ ਕਰਵਾਉਣ ਦੀ ਭਲਾ ਕੀ ਤੁਕ ਬਣਦੀ ਹੈ।
ਨਗਰ ਨਿਗਮ ਦੇ ਅਧਿਕਾਰੀ ਤਰਕ ਦਿੰਦੇ ਹਨ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਮੁੱਢਲੀ ਪਲਾਨਿੰਗ ਵਿੱਚ ਕੋਈ ਬਦਲਾਅ ਕਰਨ ਦਾ ਅਧਿਕਾਰ ਉਹਨਾਂ ਕੋਲ ਨਹੀਂ ਹੈ ਅਤੇ ਪਲਾਨਿੰਗ ਵਿੱਚ ਤਬਦੀਲੀ ਗਮਾਡਾ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਹਾਲਾਂਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਨਗਰ ਨਿਗਮ ਵਲੋਂ ਇਸ ਸੰਬੰਧੀ ਗਮਾਡਾ ਨਾਲ ਤਾਲਮੇਲ ਕਰਕੇ ਸ਼ਹਿਰ ਦੀ ਮੁੱਢਲੀ ਪਲਾਨਿੰਗ ਵਿੱਚ ਲੋੜੀਂਦੀ ਤਬਦੀਲੀ ਕਿਊਂ ਨਹੀਂ ਕਰਵਾਈ ਗਈ ਹੈ। ਨਗਮ ਨਿਗਮ ਦੇ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਕਰਨ ਅਤੇ ਇਸ ਸੰਬੰਧੀ ਗਮਾਡਾ ਦੇ ਸੰਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸ਼ਹਿਰ ਦੀ ਮੁੱਢਲੀ ਪਲਾਨਿੰਗ ਵਿੱਚ ਲੋੜੀਂਦਾ ਫੇਰਬਦਲ ਕਰਵਾਉਣ ਅਤੇ ਅੰਦਰੂਨੀ ਸੜਕਾਂ ਦੀ ਚੌੜਾਈ ਵਿੱਚ ਵਾਧਾ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸੰਬੰਧੀ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇ।
Editorial
ਦਿਨੋਂ ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਖੇਤੀ
ਸਬਜ਼ੀਆਂ ਤੇ ਕਣਕ ਉੱਪਰ ਵੀ ਹੁੰਦਾ ਹੈ ਕੀੜੇਮਾਰ ਦਵਾਈਆਂ ਦਾ ਅਸਰ
ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਵਲੋਂ ਦੇਸ਼ ਦੇ ਅੰਨ-ਭੰਡਾਰ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਪੰਜਾਬ ਦੇ 12,000 ਤੋਂ ਵੱਧ ਪਿੰਡਾਂ ਵਿੱਚ ਰਹਿੰਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ। ਖੇਤੀਬਾੜੀ ਦੇ ਇਸ ਕਿੱਤੇ ਨਾਲ ਹਜ਼ਾਰਾਂ ਨਹੀਂ ਸਗੋਂ ਲੱਖਾਂ ਲੋਕ ਜੁੜੇ ਹੋਏ ਹਨ ਜਿਨ੍ਹਾਂ ਦੀ ਮਿਹਨਤ ਨਾਲ ਤਿਆਰ ਹੋਈ ਫ਼ਸਲ ਕਰੋੜਾਂ ਲੋਕਾਂ ਦਾ ਢਿੱਡ ਭਰਦੀ ਹੈ। ਦੂਜੇ ਪਾਸੇ ਤਸਵੀਰ ਦਾ ਇੱਕ ਪਾਸਾ ਇਹ ਵੀ ਹੈ ਕਿ ਪੰਜਾਬ ਦੀ ਧਰਤੀ ਜ਼ਹਿਰੀਲੀ ਹੋਣ ਕੰਢੇ ਪਹੁੰਚ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਕਿਸਾਨਾਂ ਵੱਲੋਂ ਫ਼ਸਲਾਂ ਉੱਪਰ ਲਗਾਤਾਰ ਕੀੜੇਮਾਰ ਦਵਾਈਆਂ ਅਤੇ ਰਸਾਇਨਕ ਖ਼ਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਮੁੱਖ ਤੌਰ ਤੇ ਕਣਕ ਅਤੇ ਝੋਨਾ ਹੀ ਬੀਜਿਆ ਜਾਣ ਕਰਕੇ ਜ਼ਮੀਨ ਦੇ ਖ਼ੁਰਾਕੀ ਤੱਤ ਘਟਦੇ ਜਾ ਰਹੇ ਹਨ। ਵੱਡੇ ਤੱਤਾਂ ਦੀ ਗੱਲ ਹੀ ਛੱਡੋ ਹੁਣ ਤਾਂ ਜ਼ਮੀਨ ਵਿੱਚੋਂ ਜ਼ਿੰਕ, ਮੈਗ਼ਨੀਜ਼ ਅਤੇ ਲੋਹੇ ਵਰਗੇ ਛੋਟੇ ਤੱਤ ਵੀ ਘੱਟ ਹੁੰਦੇ ਜਾ ਰਹੇ ਹਨ। ਕਿਸਾਨਾਂ ਵੱਲੋਂ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਜਿਹੜੀਆਂ ਕੀੜੇਮਾਰ ਦਵਾਈਆਂ ਛਿੜਕੀਆਂ ਜਾਂਦੀਆਂ ਹਨ ਉਨ੍ਹਾਂ ਦਾ ਅਸਰ ਸਿਰਫ਼ ਕੀੜਿਆਂ ਉੱਪਰ ਹੀ ਨਹੀਂ ਹੁੰਦਾ ਬਲਕਿ ਸਬਜ਼ੀਆਂ ਉੱਪਰ ਵੀ ਹੁੰਦਾ ਹੈ। ਕਈ ਵਾਰ ਤਾਂ ਕਿਸਾਨ ਬੀਜ ਨੂੰ ਕੀੜੇਮਾਰ ਦਵਾਈਆਂ ਦੇ ਘੋਲ ਵਿੱਚ ਡੁਬੋ ਕੇ ਹੀ ਫ਼ਸਲ ਬੀਜਦੇ ਹਨ, ਜਿਸ ਕਾਰਨ ਬੀਜ ਹੀ ਜ਼ਹਿਰੀਲਾ ਹੋ ਜਾਂਦਾ ਹੈ। ਉਸ ਬੀਜ ਤੋਂ ਪੈਦਾ ਹੋਈ ਫ਼ਸਲ ਨੇ ਤਾਂ ਜ਼ਹਿਰੀਲਾ ਹੋਣਾ ਹੀ ਹੁੰਦਾ ਹੈ।
ਇਹ ਜ਼ਹਿਰੀਲੀ ਫ਼ਸਲ ਜਿੱਥੇ ਮਨੁੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਉੱਥੇ ਹੀ ਇਸ ਦਾ ਸਭ ਤੋਂ ਵੱਡਾ ਸ਼ਿਕਾਰ ਪੰਛੀ ਹੋਏ ਹਨ। ਅੱਜ ਪੰਜਾਬ ਦੇ ਆਕਾਸ਼ ਵਿੱਚੋਂ ਜਿੱਥੇ ਗਿਰਝਾਂ ਪੂਰੀ ਤਰ੍ਹਾਂ ਅਲੋਪ ਹੋ ਚੁੱਕੀਆਂ ਹਨ। ਉੱਥੇ ਚਿੜੀਆਂ ਵੀ ਗਾਇਬ ਹੋ ਚੁੱਕੀਆਂ ਹਨ। ਕਬੂਤਰਾਂ ਬਾਰੇ ਤਾਂ ਕਿਹਾ ਜਾਂਦਾ ਹੈ ਕਿ ਮੋਟਰਾਂ ਉੱਪਰ ਰਹਿੰਦੇ ਖੇਤ ਮਜ਼ਦੂਰ ਇਨ੍ਹਾਂ ਨੂੰ ਮਾਰ ਕੇ ਖਾ ਜਾਂਦੇ ਹਨ।
ਕੋਈ ਸਮਾਂ ਹੁੰਦਾ ਸੀ ਕਿ ਪੰਜਾਬ ਵਿੱਚ ਹਰ ਪਾਸੇ ਮੋਰ ਪੈਲ਼ਾਂ ਪਾਉਂਦੇ ਫਿਰਦੇ ਹੁੰਦੇ ਸਨ ਪਰੰਤੂ ਉਹ ਮੋਰ ਹੁਣ ਗ਼ਾਇਬ ਹੋ ਗਏ ਹਨ। ਪਹਿਲਾਂ ਲੋਕਾਂ ਦੇ ਕੋਠਿਆਂ ਉੱਪਰ ਮੋਰ ਅਤੇ ਮੋਰਨੀਆਂ ਆਉਂਦੇ ਸਨ ਪਰ ਹੁਣ ਬਾਂਦਰ ਆਉਂਦੇ ਹਨ! ਪਹਿਲਾਂ ਅਕਸਰ ਹੀ ਲੋਕਾਂ ਦੇ ਬਰਾਂਡਿਆਂ ਵਿੱਚ ਚਿੜੀਆਂ ਅਤੇ ਕਬੂਤਰ ਆਪਣਾ ਰੈਣ-ਬਸੇਰਾ ਬਣਾ ਕੇ ਰੱਖਦੇ ਸਨ ਪਰੰਤੂ ਹੁਣ ਇਹ ਦਿਖਾਈ ਹੀ ਬਹੁਤ ਘੱਟ ਦਿੰਦੇ ਹਨ। ਇਸ ਸਭ ਦਾ ਕਾਰਨ ਜ਼ਹਿਰੀਲੀ ਖੇਤੀ ਨੂੰ ਮੰਨਿਆ ਜਾਂਦਾ ਹੈ।
ਪੰਜਾਬ ਦੀ ਜਿਹੜੀ ਧਰਤੀ ਕਦੇ ਸੋਨਾ ਉਗਲਦੀ ਸੀ ਉਹ ਹੁਣ ਜ਼ਹਿਰੀਲੀਆਂ ਸਬਜ਼ੀਆਂ ਪੈਦਾ ਕਰ ਰਹੀ ਹੈ। ਕਣਕ ਅਤੇ ਹੋਰ ਫਸਲਾਂ ਉੱਪਰ ਕਿਸਾਨਾਂ ਵੱਲੋਂ ਜੋ ਕੀੜੇਮਾਰ ਦਵਾਈਆਂ ਛਿੜਕੀਆਂ ਜਾਂਦੀਆਂ ਹਨ, ਉਨ੍ਹਾਂ ਦਾ ਅਸਰ ਸਭ ਤੋਂ ਜ਼ਿਆਦਾ ਪੰਛੀਆਂ ਉੱਪਰ ਹੁੰਦਾ ਹੈ। ਇਸ ਤੋਂ ਇਲਾਵਾ ਕਈ ਕਿਸਾਨਾਂ ਨੇ ਫਲਾਂ ਦੇ ਬਾਗ ਲਗਾਏ ਹੁੰਦੇ ਹਨ। ਕਿਸਾਨ ਇਨ੍ਹਾਂ ਫਲਾਂ ਤੇ ਕੀੜੇਮਾਰ ਦਵਾਈਆਂ ਛਿੜਕ-ਛਿੜਕ ਕੇ ਜ਼ਹਿਰੀਲਾ ਬਣਾ ਦਿੰਦੇ ਹਨ ਅਤੇ ਇਨ੍ਹਾਂ ਫਲਾਂ ਨੂੰ ਠੁੰਗ ਮਾਰ ਕੇ ਪੰਛੀ ਵੀ ਅਣ ਆਈ ਮੌਤ ਮਰ ਜਾਂਦੇ ਹਨ।
ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਇਨ੍ਹਾਂ ਕੀੜੇਮਾਰ ਦਵਾਈਆਂ ਦਾ ਪੰਛੀਆਂ ਉੱਪਰ ਤੁਰੰਤ ਅਸਰ ਨਹੀਂ ਹੁੰਦਾ ਬਲਕਿ ਹੌਲ਼ੀ-ਹੌਲ਼ੀ ਹੁੰਦਾ ਹੈ ਜੋ ਪੰਛੀਆਂ ਲਈ ਜਾਨਲੇਵਾ ਸਾਬਿਤ ਹੁੰਦਾ ਹੈ। ਪਹਿਲਾਂ ਕਿਸਾਨ ਖੇਤਾਂ ਵਿੱਚ ਦੇਸੀ ਰੂੜ੍ਹੀ ਖ਼ਾਦ ਪਾਉਂਦੇ ਸਨ ਪਰ ਹੁਣ ਕਿਸਾਨ ਰਸਾਇਨਿਕ ਖ਼ਾਦਾਂ ਦੀ ਵਰਤੋਂ ਕਰਦੇ ਹਨ ਜਿਸ ਕਰਕੇ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਜਾ ਰਹੀ ਹੈ।
ਪੰਜਾਬ ਨੂੰ ਭਾਰਤ ਦਾ ਅਮੀਰ ਤੇ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਹੈ। ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਪੰਜਾਬ ਨੇ ਸਨਅਤੀ,ਵਿਦਿਅਕ ਤੇ ਹੋਰ ਖੇਤਰਾਂ ਵਿੱਚ ਅਹਿਮ ਤਰੱਕੀ ਕੀਤੀ ਹੈ। ਜਿਸਦਾ ਸਬੂਤ ਲੁਧਿਆਣਾ ਤੇ ਹੋਰ ਸ਼ਹਿਰਾਂ ਵਿੱਚ ਚਲਦੇ ਕਾਰਖਾਨੇ, ਫੈਕਟਰੀਆਂ ਅਤੇ ਹਰ ਸ਼ਹਿਰ ਤੇ ਪਿੰਡ ਦੀ ਗਲੀ-ਮੋੜ ਤੇ ਖੁੱਲੇ ਸਕੂਲ/ਕਾਲਜਾਂ ਤੋਂ ਵੀ ਮਿਲਦਾ ਹੈ।
ਪੰਜਾਬ ਦੇ ਵਿਕਾਸ ਦੀ ਤਸਵੀਰ ਦਾ ਦੂਜਾ ਪਾਸਾ ਬੜਾ ਭਿਅੰਕਰ ਰੂਪ ਪੇਸ਼ ਕਰ ਰਿਹਾ ਹੈ। ਇੱਕ ਪਾਸੇ ਵਾਹੀਯੋਗ ਜ਼ਮੀਨ ਉਪਰ ਬਹੁਮੰਜ਼ਲੀ ਇਮਾਰਤਾਂ ਦੀ ਉਸਾਰੀ ਹੋ ਰਹੀ ਹੈ, ਦੂਜੇ ਪਾਸੇ ਪੰਜਾਬ ਵਿੱਚ ਵਾਹੀਯੋਗ ਜ਼ਮੀਨ ਲਗਾਤਾਰ ਘੱਟਦੀ ਜਾ ਰਹੀ ਹੈ, ਜਿਸ ਕਰਕੇ ਹੀ ਆਉਣ ਵਾਲੇ ਸਮੇਂ ਵਿੱਚ ਫਸਲਾਂ ਦੀ ਪੈਦਾਵਾਰ ਵੀ ਘੱਟ ਜਾਵੇਗੀ।
ਜੇਕਰ ਕੁਦਰਤੀ ਖੇਤੀ ਦੀ ਗੱਲ ਕੀਤੀ ਜਾਵੇ ਤਾਂ ਕੁਦਰਤੀ ਖੇਤੀ ਅੱਜ ਕੱਲ ਲਗਭਗ ਅਲੋਪ ਹੋ ਗਈ ਹੈ ਅਤੇ ਹਰ ਪਾਸੇ ਰਸਾਇਨਿਕ ਖਾਦਾਂ, ਕੀੜੇਮਾਰ ਦਵਾਈਆਂ, ਹਾਈਬ੍ਰਿਡ ਬੀਜ਼ਾਂ ਦੀ ਭਰਮਾਰ ਹੈ। ਹੁਣ ਤਾਂ ਸਰਦੀਆਂ ਵਿੱਚ ਮਿਲਣ ਵਾਲੀ ਗੋਭੀ ਤੇ ਮੂਲੀਆਂ ਵੀ ਗਰਮੀ ਵਿੱਚ ਮਿਲ ਜਾਂਦੀਆਂ ਹਨ ਤੇ ਲੋਕ ਇਨਾਂ ਨੂੰ ਖਰੀਦ ਕੇ ਖਾ ਵੀ ਲੈਂਦੇ ਹਨ। ਇਹ ਵੀ ਅਸਲ ਵਿੱਚ ਹਾਈਬ੍ਰਿਡ ਬੀਜ਼ਾਂ ਦਾ ਹੀ ਕਮਾਲ ਹੈ। ਹਾਲਾਂਕਿ ਇਸ ਦੌਰਾਨ ਪੰਜਾਬ ਦੇ ਕੁਝ ਕਿਸਾਨ ਹੁਣ ਕੁਦਰਤੀ ਖੇਤੀ ਵੀ ਕਰਨ ਲੱਗ ਪਏ ਹਨ ਅਤੇ ਹੁਣ ਮੰਡੀਆਂ ਤੇ ਬਾਜ਼ਾਰ ਵਿੱਚ ਕੁਦਰਤੀ ਖੇਤੀ ਨਾਲ ਉਗਾਈਆਂ ਸਬਜੀਆਂ ਵੀ ਮਿਲਣ ਲੱਗ ਪਈਆਂ ਹਨ ਪਰੰਤੂ ਕੁਦਰਤੀ ਢੰਗਾਂ ਨਾਲ ਉਗਾਈਆਂ ਜਾਂਦੀਆਂ ਸਬਜੀਆਂ ਦਾ ਉਤਪਾਦਨ ਕਾਫੀ ਘੱਟ ਹੈ।
ਕੁੱਝ ਲੋਕ ਕਹਿੰਦੇ ਹਨ ਕਿ ਸਰਕਾਰ ਕੁਦਰਤੀ ਖੇਤੀ ਵੱਲ ਧਿਆਨ ਨਹੀਂ ਦਿੰਦੀ ਅਤੇ ਨਾ ਹੀ ਖੇਤੀ ਵਿਭਿੰਨਤਾ ਲਈਕੁਝ ਕੀਤਾ ਜਾ ਰਿਹਾ ਹੈ। ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਈ ਉਤਸਾਹਿਤ ਕੀਤਾ ਜਾਵੇ ਅਤੇ ਸਾਰੀਆਂ ਹੀ ਫਸਲਾਂ ਦਾ ਮੰਡੀਕਰਨ ਕੀਤਾ ਜਾਵੇ। ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੁਦਰਤੀ ਖੇਤੀ ਵਲ ਧਿਆਨ ਦੇਣ। ਕੁਦਰਤੀ ਖੇਤੀ ਕਰਨ ਨਾਲ ਜਿੱਥੇ ਫਸਲਾਂ ਉੱਪਰ ਕੀੜੇਮਾਰ ਦਵਾਈਆਂ ਦਾ ਪ੍ਰਭਾਵ ਘੱਟ ਹੋਵੇਗਾ ਉੱਥੇ ੋਕਾਂ ਦੀ ਸਿਹਤ ਉੱਪਰ ਵੀ ਮਾਰੂ ਅਸਰ ਨਹੀਂ ਪਵੇਗਾ ਇਸ ਲਈ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਮੁੜਣਾ ਚਾਹੀਦਾ ਹੈ।
ਬਿਊਰੋ
Editorial
ਮੁੱਖ ਸੜਕਾਂ ਕਿਨਾਰੇ ਖੜ੍ਹਦੇ ਵਾਹਨਾਂ ਤੇ ਸਖਤੀ ਨਾਲ ਕਾਬੂ ਕਰੇ ਪ੍ਰਸ਼ਾਸ਼ਨ
ਸਰਦੀ ਦਾ ਜੋਰ ਵੱਧ ਗਿਆ ਹੈ ਅਤੇ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਧੁੰਧ ਪੈ ਰਹੀ ਹੈ ਜਿਸ ਨਾਲ ਸੜਕਾਂ ਤੇ ਦੇਖਣ ਦੀ ਸਮਰਥਾ ਕਾਫੀ ਘੱਟ ਗਈ ਹੈ। ਅਜਿਹੇ ਸਮੇਂ ਦੌਰਾਨ ਜਦੋਂ ਸੜਕ ਤੇ ਧੁੰਧ ਕਾਰਨ ਬਹੁਤ ਘੱਟ ਨਜਰ ਆ ਰਿਹਾ ਹੋਵੇ, ਸੜਕ ਹਾਦਸਿਆਂ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਅਤੇ ਸੜਕ ਤੇ ਕਿਸੇ ਕਿਸਮ ਦੀ ਰੁਕਾਵਟ ਵੀ ਖਤਰੇ ਦਾ ਕਾਰਨ ਬਣ ਜਾਂਦੀ ਹੈ। ਅਜਿਹੇ ਮੌਸਮ ਵਿੱਚ ਸਾਡੇ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮੁੱਖ ਸੜਕਾਂ ਦੇ ਕਿਨਾਰੇ ਲੋਕਾਂ ਵਲੋਂ ਵਾਹਨ ਖੜ੍ਹੇ ਕੀਤੇ ਜਾਣ ਕਾਰਨ, ਜਿੱਥੇ ਵਾਹਨਾਂ ਦੇ ਲਾਂਘੇ ਲਈ ਰਾਹ ਘੱਟ ਹੋ ਜਾਂਦਾ ਹੈ ਉੱਥੇ ਇਸ ਕਾਰਨ ਅਜਿਹੇ ਹਾਦਸਿਆਂ ਦੀ ਆਸ਼ੰਕਾ ਹੋਰ ਵੀ ਵੱਧ ਜਾਂਦੀ ਹੈ।
ਸਾਡੇ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਖੜ੍ਹਦੀਆਂ ਗੱਡੀਆਂ ਦੀ ਸਮੱਸਿਆ ਕਾਫੀ ਸਮੇਂ ਤੋਂ ਚਲਦੀ ਆ ਰਹੀ ਹੈ ਅਤੇ ਇਸ ਕਾਰਨ ਕਈ ਵਾਰ ਜਾਮ ਤਕ ਲਗਣ ਦੀ ਨੌਬਤ ਆ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਵਾਹਨ ਖੜ੍ਹੇ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮੁੱਖ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਹ ਕਾਰਵਾਈ ਭਾਵੇਂ ਕਾਨੂੰਨ ਦੀ ਸਿੱਧੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਕੁੱਝ ਸਾਲ ਪਹਿਲਾਂ ਤਕ ਟ੍ਰੈਫਿਕ ਪੁਲੀਸ ਵਲੋਂ ਅਜਿਹੇ ਵਾਹਨ ਚਾਲਕਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਰਹੀ ਹੈ ਜਿਸਦੇ ਤਹਿਤ ਅਜਿਹੀਆਂ ਗੱਡੀਆਂ ਨੂੰ ਕ੍ਰੇਨ ਨਾਲ ਚੁਕਵਾ ਕੇ ਥਾਣੇ ਪਹੁੰਚਾ ਦਿੱਤਾ ਜਾਂਦਾ ਸੀ ਅਤੇ ਫਿਰ ਜੁਰਮਾਨਾ ਵਸੂਲਣ ਤੋਂ ਬਾਅਦ ਹੀ ਇਹਨਾਂ ਨੂੰ ਛੱਡਿਆ ਜਾਂਦਾ ਸੀ, ਪਰੰਤੂ ਪਿਛਲੇ ਕਾਫੀ ਸਮੇਂ ਤੋਂ ਟ੍ਰੈਫਿਕ ਪੁਲੀਸ ਦੀ ਇਹ ਕਾਰਵਾਈ ਬੰਦ ਹੈ ਅਤੇ ਇਸ ਕਾਰਨ ਸੜਕਾਂ ਕਿਨਾਰੇ ਖੜ੍ਹਦੀਆਂ ਇਹਨਾਂ ਗੱਡੀਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ।
ਸਾਡੇ ਸ਼ਹਿਰ ਦੇ ਵਸਨੀਕ ਭਾਵੇਂ ਖੁਦ ਲਈ ਅਤਿ ਆਧੁਨਿਕ ਸੁਵਿਧਾਵਾਂ ਦੀ ਮੰਗ ਕਰਦੇ ਹਨ ਪਰੰਤੂ ਅਕਸਰ ਉਹਨਾਂ ਦੀਆਂ ਖੁਦ ਦੀਆਂ ਕਾਰਵਾਈਆਂ ਹੀ ਉਹਨਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦੇ ਰਾਹ ਦੀ ਰੁਕਾਵਟ ਬਣ ਜਾਂਦੀਆਂ ਹਨ। ਸਾਡੇ ਸ਼ਹਿਰ ਦੇ ਵਸਨੀਕਾਂ ਦੀ ਮਾਨਸਿਕਤਾ ਹੀ ਕੁੱਝ ਅਜਿਹੀ ਹੋ ਗਈ ਜਾਪਦੀ ਹੈ ਕਿ ਆਪਣੀ ਖੁਦ ਦੀ ਸਹੂਲੀਅਤ ਲਈ ਉਹ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੀ ਕੋਈ ਕਾਰਵਾਈ ਹੋਰਨਾਂ ਸ਼ਹਿਰੀਆਂ ਲਈ ਕਿੰਨੀ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਸ਼ਹਿਰ ਦੀਆਂ ਸੜਕਾਂ ਕਿਨਾਰੇ ਲੋਕਾਂ ਵਲੋਂ ਆਪਣੇ ਵਾਹਨ ਖੜ੍ਹੇ ਕਰਨ ਦੀ ਕਾਰਵਾਈ ਵੀ ਅਜਿਹੀ ਹੀ ਹੈ ਜਿਸ ਕਾਰਨ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਕਾਰਨ ਟ੍ਰੈਫਿਕ ਸਮੱਸਿਆ ਦੀ ਬਦਹਾਲੀ ਦੀ ਸ਼ਿਕਾਇਤ ਤਾਂ ਕਰਦੇ ਹਨ ਪਰੰਤੂ ਉਹ ਖੁਦ ਵੀ ਅਜਿਹਾ ਹੀ ਕਰਦੇ ਦਿਖਦੇ ਹਨ। ਸ਼ਹਿਰ ਵਾਸੀ ਕਿਸੇ ਹੋਰ ਵਲੋਂ ਕੀਤੀ ਜਾਂਦੀ ਕਾਨੂੰਨ ਦੀ ਉਲੰਘਣਾ ਤੇ ਤਾਂ ਇਤਰਾਜ ਕਰਦੇ ਦਿਖਦੇ ਹਨ ਪਰੰਤੂ ਜਦੋਂ ਖੁਦ ਤੇ ਗੱਲ ਆਉਂਦੀ ਹੈ ਤਾਂ ‘ਬਸ ਦੋ ਮਿਨਟ ਦਾ ਕੰਮ ਹੈ’ ਵਰਗੇ ਬਹਾਨੇ ਬਣਾ ਕੇ ਖੁਦ ਨੂੰ ਜਾਇਜ ਕਰਾਰ ਦੇਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹਨ।
ਮੁੱਖ ਸੜਕਾਂ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਇਹ ਕਾਰਵਾਈ ਉਹਨਾਂ ਥਾਵਾਂ ਤੇ ਜਿਆਦਾ ਦਿਖਦੀ ਹੈ ਜਿੱਥੇ ਸੜਕ ਕਿਨਾਰੇ ਬਣੀਆਂ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਜਾਂ ਕਿਸੇ ਕੰਮ ਆਏ ਵਿਅਕਤੀ ਮਾਰਕੀਟ ਦੀ ਪਾਰਕਿੰਗ ਵਿੱਚ ਜਾ ਕੇ ਗੱਡੀ ਖੜ੍ਹਾਉਣ ਦੀ ਥਾਂ ਮੁੱਖ ਸੜਕ ਦੇ ਕਿਨਾਰੇ ਤੇ ਆਪਣੀ ਗੱਡੀ ਖੜ੍ਹੀ ਕਰ ਦਿੰਦੇ ਹਨ ਅਤੇ ਖੁਦ ਮਾਰਕੀਟ ਵਿੱਚ ਚਲੇ ਜਾਂਦੇ ਹਨ। ਸ਼ਹਿਰ ਦੀ ਸਭ ਤੋਂ ਵਿਅਸਤ ਸੜਕ (ਜਿਹੜੀ ਫੇਜ਼ 1 ਨੂੰ ਫੇਜ਼ 11 ਨਾਲ ਜੋੜਦੀ ਹੈ) ਦਾ ਮਾਰਕੀਟਾਂ ਦੇ ਸਾਮ੍ਹਣੇ ਪੈਂਦਾ ਖੇਤਰ ਇਸ ਸਮੱਸਿਆ ਦਾ ਸਭ ਤੋਂ ਵੱਧ ਸ਼ਿਕਾਰ ਹੈ। ਫੇਜ਼ 5 ਦੇ 3-5 ਚੌਂਕ ਦੇ ਨਾਲ ਲੱਗਦੇ ਬੂਥਾਂ ਦੇ ਸਾਮ੍ਹਣੇ, ਫੇਜ਼ 7 ਦੀ ਮਾਰਕੀਟ ਦਾ ਉਹ ਹਿੱਸਾ ਜਿੱਥੇ ਵਿੱਚ ਵੱਡੀ ਗਿਣਤੀ ਬੈਂਕ ਮੌਜੂਦ ਹਨ, ਫੇਜ਼ 7 ਦੇ ਐਚ ਐਮ ਕਵਾਟਰਾਂ ਦੇ ਸਾਮ੍ਹਣੇ ਵਾਲੀ ਥਾਂ ਅਤੇ ਫੇਜ਼ 11 ਵਿੱਚ ਮਾਰਕੀਟ ਦੇ ਸਾਮ੍ਹਣੇ ਇਹ ਸਮੱਸਿਆ ਕਾਫੀ ਜਿਆਦਾ ਹੈ।
ਸਥਾਨਕ ਪ੍ਰਛਾਛਨ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਛਹਿਰ ਦੀਆਂ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਏ ਅਤੇ ਇਸ ਸਮੱਸਿਆ ਦੇ ਹਲ ਲਈ ਪ੍ਰਭਾਵੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ। ਇਸ ਸੰਬੰਧੀ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਸੜਕਾਂ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਇਸ ਕਾਰਨ ਪੇਸ਼ ਆਉਂਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਤੋਂ ਛੁਟਕਾਰਾ ਹਾਸਿਲ ਹੋ ਸਕੇ।
-
International2 months ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ
-
National2 months ago
ਬੱਸ ਪਲਟਣ ਕਾਰਨ 5 ਵਿਅਕਤੀਆਂ ਦੀ ਮੌਤ, 2 ਦਰਜਨ ਵਿਅਕਤੀ ਜ਼ਖ਼ਮੀ
-
International2 months ago
ਗੌਤਮ ਅਡਾਨੀ ਤੇ ਨਿਊਯਾਰਕ ਵਿੱਚ ਧੋਖਾਧੜੀ ਅਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
-
Chandigarh2 months ago
ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 3 ਵਜੇ ਤੱਕ ਹੋਈ 50 ਫੀਸਦੀ ਪੋਲਿੰਗ
-
Chandigarh2 months ago
ਪੰਜਾਬ ਯੂਨੀਵਰਸਿਟੀ ਦੇ ਮੁੰਡਿਆਂ ਦੇ ਹੋਸਟਲ ਵਿੱਚ ਹਿਮਾਚਲ ਦੇ ਨੌਜਵਾਨ ਦੀ ਮੌਤ
-
Mohali1 month ago
ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ
-
National2 months ago
ਆਜ਼ਮਗੜ੍ਹ ਵਿੱਚ ਗੁਆਂਢੀਆਂ ਨੇ ਇੱਕ ਨੌਜਵਾਨ ਨੂੰ ਪੈਟਰੋਲ ਪਾ ਕੇ ਸਾੜਿਆ
-
International1 month ago
ਭਾਰਤ ਦੀ ਆਸਟਰੇਲੀਆ ਵਿੱਚ ਆਸਟਰੇਲੀਆ ਤੇ ਸਭ ਤੋਂ ਵੱਡ ਜਿੱਤ