Editorial
ਜਿਲ੍ਹੇ ਵਿੱਚ ਜਨਤਕ ਥਾਵਾਂ ਤੇ ਹੁੰਦੀ ਸਿਗਰਟਨੋਸ਼ੀ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਏ ਪ੍ਰਸ਼ਾਸ਼ਨ
ਸਾਡੇ ਸ਼ਹਿਰ ਅਤੇ ਜਿਲ੍ਹੇ ਨੂੰ ਭਾਵੇਂ ਤੰਬਾਕੂ ਦੇ ਧੂਏਂ ਤੋਂ ਰਹਿਤ ਸ਼ਹਿਰ ਅਤੇ ਜਿਲ੍ਹੇ ਦਾ ਦਰਜਾ ਹਾਸਿਲ ਹੋਏ ਨੂੰ ਕਈ ਸਾਲ ਬੀਤ ਚੁੱਕੇ ਹਨ ਪਰੰਤੂ ਇਸਦੇ ਬਾਵਜੂਦ ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਵੱਖੋ ਵੱਖਰੀਆਂ ਥਾਵਾਂ ਤੇ ਖੁੱਲੇਆਮ ਸਿਗਰਟਨੋਸ਼ੀ ਕੀਤੇ ਜਾਣ ਦੀ ਕਾਰਵਾਈ ਆਮ ਨਜਰ ਆ ਜਾਂਦੀ ਹੈ। ਇਸ ਦੌਰਾਨ ਪ੍ਰਸ਼ਾਸ਼ਨ ਵਲੋਂ ਭਾਵੇਂ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਜਨਤਕ ਥਾਵਾਂ ਤੇ ਖੁੱਲੇਆਮ ਹੁੰਦੀ ਸਿਗਰਟਨੋਸ਼ੀ ਤੇ ਕਾਬੂ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਜਮੀਨੀ ਹਾਲਾਤ ਇਹ ਹਨ ਕਿ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਦੀ ਕਾਰਵਾਈ ਆਮ ਹੈ ਅਤੇ ਵੱਖ ਵੱਖ ਥਾਵਾਂ ਤੇ ਸਿਗਰਟਨੋਸ਼ੀ ਦੇ ਸ਼ੌਕੀਨਾਂ ਨੂੰ ਧੂੰਆਂ ਉਡਾਉਂਦੇ ਆਮ ਵੇਖਿਆ ਜਾ ਸਕਦਾ ਹੈ। ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਥਾਂ ਥਾਂ ਤੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੀਆਂ ਅਜਿਹੀਆਂ ਅਨੇਕਾਂ ਫੜੀਆਂ ਲੱਗਦੀਆਂ ਹਨ, ਜਿਹਨਾਂ ਰਾਂਹੀ ਆਮ ਲੋਕਾਂ ਨੂੰ ਜਨਤਕ ਤੌਰ ਤੇ ਸਿਗਰਟ, ਬੀੜੀ, ਜਰਦਾ ਅਤੇ ਤੰਬਾਕੂ ਦਾ ਅਜਿਹਾ ਹੋਰ ਸਾਜੋ ਸਾਮਾਨ ਵੇਚਿਆ ਜਾਂਦਾ ਹੈ। ਇਹਨਾਂ ਫੜੀਆਂ ਦੇ ਆਸਪਾਸ ਤੰਬਾਕੂਨੋਸ਼ੀ ਦੇ ਸ਼ੌਕੀਨ ਜਨਤਕ ਤੌਰ ਤੇ ਸਿਗਰਟਨੋਸ਼ੀ ਕਰਦੇ ਵੀ ਦਿਖਦੇ ਹਨ। ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਸ਼ੋਰੂਮਾਂ ਵਿੱਚ ਪਈਆਂ ਖਾਲੀ ਥਾਵਾਂ ਵਿੱਚ ਆਪਣੇ ਠੀਏ ਬਣਾ ਕੇ ਚਾਹ ਅਤੇ ਹੋਰ ਨਿੱਕ ਸੁੱਕ ਵੇਚਣ ਵਾਲੇ ਅਜਿਹੇ ਕਈ ਦੁਕਾਨਦਾਰ ਹਨ ਜਿਹੜੇ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਕਰਦੇ ਹਨ ਅਤੇ ਇਹਨਾਂ ਫੜੀ ਵਾਲਿਆਂ ਦੇ ਆਸ ਪਾਸ ਲੋਕਾਂ ਵਲੋਂ ਜਨਤਕ ਤੌਰ ਤੇ ਕੀਤੀ ਜਾਂਦੀ ਸਿਗਰਟਨੋਸ਼ੀ ਦੀਆਂ ਸ਼ਿਕਾਇਤਾਂ ਵੀ ਆਮ ਹਨ।
ਇਸੇ ਤਰ੍ਹਾਂ ਮੁੱਖ ਸੜਕਾਂ ਦੇ ਕਿਨਾਰੇ ਵੀ ਪੇੜਾਂ ਥੱਲੇ ਆਪਣੇ ਝੋਲੇ ਰੱਖ ਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੇ ਅਜਿਹੇ ਫੜੀਆਂ ਵਾਲੇ ਨਜਰ ਆ ਜਾਂਦੇ ਹਨ, ਪਰੰਤੂ ਸਥਾਨਕ ਪ੍ਰਸ਼ਾਸ਼ਨ ਵਲੋਂ ਇਸ ਪੂਰੇ ਖੇਤਰ ਵਿੱਚ ਅਣਅਧਿਕਾਰਤ ਤਰੀਕੇ ਨਾਲ ਸ਼ਰ੍ਹੇਆਮ ਹੁੰਦੀ ਤੰਬਾਕੂ ਉਤਪਾਦਾਂ ਦੀ ਇਸ ਵਿਕਰੀ ਤੇ ਰੋਕ ਲਗਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਦੋਂਕਿ ਜਨਤਕ ਥਾਵਾਂ ਤੇ ਅਣਅਧਿਕਾਰਤ ਤਰੀਕੇ ਨਾਲ ਕੀਤੀ ਜਾਂਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਦੀ ਇਹ ਕਾਰਵਾਈ ਸਜਾਯੋਗ ਅਪਰਾਧ ਦੇ ਦਾਇਰੇ ਵਿੱਚ ਆਉਂਦੀ ਹੈ। ਇਸ ਸੰਬੰਧੀ ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿੱਚ ਕਈ ਸਾਲ ਪਹਿਲਾਂ ਤੋਂ ਤੰਬਾਕੂਨੋਸ਼ੀ ਵਿਰੋਧੀ ਕਾਨੂੰਨ ਲਾਗੂ ਕੀਤਾ ਜਾ ਚੁੱਕਿਆ ਹੈ ਜਿਸਦੇ ਤਹਿਤ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ ਪਰੰਤੂ ਇਸਦੇ ਬਾਵਜੂਦ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਇਸ ਕਾਰਵਾਈ ਨੂੰ ਖੁੱਲ੍ਹੇਆਮ ਅੰਜਾਮ ਦਿੱਤਾ ਜਾਂਦਾ ਹੈ ਅਤੇ ਪ੍ਰਸ਼ਾਸ਼ਨ ਵਲੋਂ ਇਸ ਤਰੀਕੇ ਨਾਲ ਕੀਤੀ ਜਾਂਦੀ ਤੰਬਾਕੂ ਨੋਸ਼ੀ ਦੀ ਕਾਰਵਾਈ ਨੂੰ ਸਖਤੀ ਨਾਲ ਰੋਕਣ ਦੀ ਥਾਂ ਇਸਨੂੰ ਅਕਸਰ ਅਣਦੇਖਿਆ ਕਰ ਦਿੱਤਾ ਜਾਂਦਾ ਹੈ।
ਸਥਾਨਕ ਪ੍ਰਸ਼ਾਸ਼ਨ ਵਲੋਂ ਜਨਤਕ ਥਾਵਾਂ ਤੇ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਕਾਬੂ ਕਰਨ ਲਈ ਸਮਰਥ ਕਾਰਵਾਈ ਦੀ ਅਣਹੋਂਦ ਕਾਰਨ ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ। ਇਸ ਸੰਬੰਧੀ ਭਾਵੇਂ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਜਨਤਕ ਥਾਵਾਂ ਤੇ ਗੈਰਕਾਨੂੰਨੀ ਢੰਗ ਨਾਲ ਅੰਜਾਮ ਦਿੱਤੀ ਜਾਣ ਵਾਲੀ ਇਸ ਕਾਰਵਾਈ ਤੇ ਕਾਬੂ ਕਰਨ ਲਈ ਬਾਕਾਇਦਾ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਕਮੇਟੀ ਵਲੋਂ ਕਦੇ ਕਦਾਰ ਕਾਰਵਾਈ ਵੀ ਕੀਤੀ ਜਾਂਦੀ ਹੈ ਪਰੰਤੂ ਪ੍ਰਸ਼ਾਸ਼ਨ ਦੀ ਇਹ ਕਾਰਵਾਈ ਸ਼ਹਿਰ ਵਿੱਚ ਵੱਡੇ ਪੱਧਰ ਤੇ ਕੀਤੀ ਜਾਂਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਅਣਅਧਿਕਾਰਤ ਵਿਕਰੀ ਦੀ ਇਸ ਗੈਰ ਕਾਨੂੰਨੀ ਕਾਰਵਾਈ ਨੂੰ ਕਾਬੂ ਕਰਨ ਦੀ ਸਮਰਥ ਨਹੀਂ ਹੈ ਅਤੇ ਇਸਦਾ ਕੋਈ ਖਾਸ ਅਸਰ ਵੀ ਨਹੀਂ ਦਿਖਦਾ।
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਕੀਤੀ ਜਾਂਦੀ ਸਿਗਰਟਨੋਸ਼ੀ ਤੇ ਕਾਬੂ ਕਰਨ ਅਤੇ ਸ਼ਹਿਰ ਨੂੰ ਮੁਕੰਮਲ ਤੌਰ ਤੇ ਤੰਬਾਕੂ ਦੇ ਧੂਏਂ ਤੋਂ ਮੁਕਤ ਬਣਾਉਣ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਜਨਤਕ ਥਾਵਾਂ ਤੇ ਨਾਜਾਇਜ ਕਬਜੇ ਕਰਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੇ ਅਜਿਹੇ ਵਿਅਕਤੀਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਕਾਨੂੰਨ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਇਸ ਸੰਬੰਧੀ ਸ਼ਹਿਰ ਵਿੱਚ ਵੱਡੇ ਪੱਧਰ ਤੇ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਅਣਅਧਿਕਾਰਤ ਵਿਕਰੀ ਅਤੇ ਰੋਕ ਲਗਾਉਣ ਲਈ ਸਮਰਥ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਤਰੀਕੇ ਨਾਲ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲੱਗਣੀ ਚਾਹੀਦੀ ਹੈ ਤਾਂ ਜੋ ਇਸ ਸਸੱਸਿਆ ਨੂੰ ਹਲ ਕੀਤਾ ਜਾ ਸਕੇ।
Editorial
ਅੱਧੀ ਆਬਾਦੀ ਨੂੰ ਲੋੜੀਂਦਾ ਸਤਿਕਾਰ ਅਤੇ ਬਰਾਬਰੀ ਦਾ ਅਧਿਕਾਰ ਦਿੱਤਾ ਜਾਣਾ ਸਭ ਤੋਂ ਜਰੂਰੀ
ਹਰ ਸਾਲ 8 ਮਾਰਚ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਦੇਸ਼ ਵਿਦੇਸ਼ ਵਿੱਚ ਵੱਖੋ ਵੱਖਰੇ ਤਰੀਕੇ ਨਾਲ ਕਈ ਤਰ੍ਹਾਂ ਦੇ ਸਮਾਗਮਾਂ ਦਾ ਆਯੋਜਨ ਹੁੰਦਾ ਹੈ। ਇਹਨਾਂ ਵਿੱਚੋਂ ਜਿਆਦਾਤਰ ਸਮਾਗਮ ਅਜਿਹੇ ਹੁੰਦੇ ਹਨ ਜਿਹਨਾਂ ਵਿੱਚ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕ ਇਕੱਠੇ ਹੁੰਦੇ ਹਨ ਅਤੇ ਬੁਲਾਰਿਆਂ ਵਲੋਂ ਔਰਤਾਂ ਦੀ ਹਿੰਮਤ, ਹੌਸਲੇ ਅਤੇ ਦੇਸ਼ ਸਮਾਜ ਦੀ ਤਰੱਕੀ ਵਿੱਚ ਔਰਤਾਂ ਵਲੋਂ ਦਿੱਤੇ ਜਾਣ ਵਾਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਦੇਣ ਸੰਬੰਧੀ ਭਾਸ਼ਣਬਾਜੀ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ਦੇ ਖਾਣ ਪੀਣ ਦਾ ਪ੍ਰਬੰਧ ਕਰਕੇ ਪ੍ਰੋਗਰਾਮ ਦੀ ਸਮਾਪਤੀ ਕਰ ਦਿੱਤੀ ਜਾਂਦੀ ਹੈ।
ਪਰੰਤੂ ਕੀ ਮਹਿਲਾ ਦਿਵਸ ਦੇ ਮਾਇਨੇ ਅਜਿਹੇ ਦਿਖਾਵਟੀ ਪ੍ਰੋਗਰਾਮਾਂ ਤਕ ਹੀ ਸੀਮਿਤ ਹਨ? ਜੇਕਰ ਦੇਸ਼ ਸਮਾਜ ਵਿੱਚ ਔਰਤਾਂ ਦੀ ਹਾਲਤ ਵੱਲ ਨਜਰ ਮਾਰੀਏ ਤਾਂ ਅਜਿਹਾ ਹੀ ਲੱਗਦਾ ਹੈ। ਸਾਡੇ ਦੇਸ਼ ਵਿੱਚ ਭਾਵੇਂ ਔਰਤਾਂ ਦੀ ਤਰੱਕੀ ਹੋਣ ਅਤੇ ਉਹਨਾਂ ਦੀ ਹਾਲਤ ਵਿੱਚ ਸੁਧਾਰ ਹੋਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਇਹ ਦਾਅਵੇ ਅਸਲੀਅਤ ਤੋਂ ਕੋਹਾਂ ਦੂਰ ਹਨ ਅਤੇ ਦੇਸ਼ ਵਿੱਚ ਵੱਡੀ ਗਿਣਤੀ ਔਰਤਾ ਹੁਣੇ ਵੀ ਲਗਭਗ ਗੁਲਾਮੀ ਦੀ ਹਾਲਤ ਵਿੱਚ ਹੀ ਆਪਣਾ ਜੀਵਨ ਬਸਰ ਕਰ ਰਹੀਆਂ ਹਨ। ਫਰਕ ਸਿਰਫ ਇੰਨਾ ਹੈ ਕਿ ਹੁਣ ਉਹ ਥੋੜਾ ਸਜ ਧਜ ਕੇ ਰਹਿੰਦੀਆਂ ਹਨ ਪਰੰਤੂ ਉਹਨਾਂ ਨੂੰ ਸਾਡੀਆਂ ਧਾਰਮਿਕ, ਸਮਾਜਿਕ ਪਰੰਪਰਾਵਾਂ ਅਤੇ ਰਵਾਇਤਾਂ ਵਿੱਚ ਪੂਰੀ ਤਰ੍ਹਾਂ ਜਕੜ ਕੇ ਰੱਖਿਆ ਜਾਂਦਾ ਹੈ ਅਤੇ ਉਹਨਾਂ ਤੇ ਹੁਕਮ ਚਲਾਉਣ ਲਈ ਵੀ ਵੱਖ ਵੱਖ ਕਿਰਦਾਰ (ਵਿਆਹ ਤੋਂ ਪਹਿਲਾਂ ਪੇਕੇ ਵਿੱਚ ਅਤੇ ਵਿਆਹ ਤੋਂ ਬਾਅਦ ਸਹੁਰੇ ਘਰ ਵਿੱਚ) ਮੌਜੂਦ ਰਹਿੰਦੇ ਹਨ।
ਜਮੀਨੀ ਹਾਲਾਤ ਇਹ ਹਨ ਕਿ ਔਰਤ ਦੇ ਜਨਮ ਦੇ ਨਾਲ ਹੀ ਉਸਦੀ ਬੇਕਦਰੀ ਆਰੰਭ ਹੋ ਜਾਂਦੀ ਹੈ ਜਿਹੜੀ ਸਾਰੀ ਜਿੰਦਗੀ ਜਾਰੀ ਰਹਿੰਦੀ ਹੈ। ਸਾਡੇ ਲੋਕਾਂ ਤੇ ਇਹ ਮਾਨਸਿਕਤਾ ਅੱਜ ਵੀ ਹਾਵੀ ਹੈ ਕਿ ਪੁੱਤਰ ਹੀ ਖਾਨਦਾਨ ਦਾ ਵਾਰਿਸ ਬਣਦਾ ਹੈ ਅਤੇ ਉਸਨੂੰ ਅੱਗੇ ਵਧਾਉਂਦਾ ਹੈ। ਇਸੇ ਦਾ ਨਤੀਜਾ ਹੈ ਕਿ ਜਿੱਥੇ ਕਿਸੇ ਵੀ ਪਰਿਵਾਰ ਵਿੱਚ ਮੁੰਡੇ ਦਾ ਜਨਮ ਹੋਣ ਤੇ ਖੁਸ਼ੀਆਂ ਮਣਾਈਆਂ ਜਾਂਦੀਆਂ ਹਨ ਅਤੇ ਹਰ ਪਾਸਿਉਂ ਵਧਾਈਆਂ ਮਿਲਦੀਆਂ ਹਨ ਉੱਥੇ ਲੜਕੀ ਦੇ ਜਨਮ ਤੋਂ ਬਾਅਦ ਜਿਆਦਾਤਰ ਘਰਾਂ ਵਿੱਚ ਜਿਵੇਂ ਸੁੰਨ ਜਿਹੀ ਪਸਰ ਜਾਂਦੀ ਹੈ ਅਤੇ ਜੇਕਰ ਦੂਜੀ ਜਾਂ ਤੀਜੀ ਵਾਰ ਲੜਕੀ ਹੋਈ ਹੋਵੇ ਤਾਂ ਬਾਕਾਇਦਾ ਅਫਸੋਸ ਜਾਹਿਰ ਕਰਨ ਵਾਲੇ ਵੀ ਪਹੁੰਚ ਜਾਦੇ ਹਨ।
ਇਸ ਸੰਬੰਧੀ ਸਾਡੇ ਸਿਆਸੀ ਆਗੂ ਵੀ ਭਾਵੇਂ ਔਰਤਾਂ ਨੂੰ ਵੱਧ ਅਧਿਕਾਰ ਦੇਣ ਦੀ ਜਿੰਨੀ ਮਰਜੀ ਵਕਾਲਤ ਕਰਦੇ ਵਿਖਣ ਪਰੰਤੂ ਉਹ ਔਰਤਾਂ ਨੂੰ ਆਪਣੇ ਬਰਾਬਰ ਖੜ੍ਹਣ ਦਾ ਅਧਿਕਾਰ ਦੇਣ ਲਈ ਕਦੇ ਵੀ ਤਿਆਰ ਨਹੀਂ ਹੁੰਦੇ। ਜੇਕਰ ਇਸ ਸਭ ਦੇ ਬਾਵਜੂਦ ਮਹਿਲਾਵਾਂ ਅੱਜ ਸਮਾਜ ਦੇ ਹਰ ਖੇਤਰ ਵਿੱਚ ਮਰਦਾਂ ਤੋਂ ਅੱਗੇ (ਭਾਵੇਂ ਘੱਟ ਗਿਣਤੀ ਵਿੱਚ) ਨਜਰ ਆਉਂਦੀਆਂ ਹਨ ਤਾਂ ਇਸ ਵਾਸਤੇ ਇਹਨਾਂ ਔਰਤਾਂ ਦੀ ਕਰੜੀ ਮਿਹਨਤ, ਲਗਨ, ਹਿੰਮਤ ਅਤੇ ਹੌਂਸਲੇ ਦੀ ਦਾਦ ਦੇਣੀ ਚਾਹੀਦੀ ਹੈ ਜਿਹਨਾਂ ਵਲੋਂ ਵਿਪਰੀਤ ਹਾਲਾਤ ਦੇ ਬਾਵਜੂਦ ਸਮਾਜ ਵਿੱਚ ਆਪਣੀ ਬਣਦੀ ਥਾਂ ਹਾਸਿਲ ਕਰਕੇ ਸਮਾਜਿਕ ਮਾਨਤਾਵਾਂ ਨੂੰ ਚੁਣੌਤੀ ਦਿੱਤੀ ਜਾਂਦੀ ਹੈ।
ਇਹ ਗੱਲ ਵੀ ਉਭਰ ਕੇ ਸਾਮ੍ਹਣੇ ਆਉਂਦੀ ਹੈ ਕਿ ਸਾਡੇ ਸਮਾਜ ਵਿੱਚ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਨ ਹੋ ਨਿੱਬੜਦੀ ਹੈ। ਔਰਤਾਂ ਉੱਪਰ ਸਭ ਤੋਂ ਵੱਧ ਮਾਨਸਿਕ ਅਤੇ ਸਰੀਰਿਕ ਅਤਿਆਚਾਰ ਘਰ ਦੇ ਅੰਦਰ ਹੀ ਹੁੰਦੇ ਹਨ ਅਤੇ ਇਸਦੇ ਪਿੱਛੇ ਵੀ ਜਿਆਦਾਤਰ ਕੋਈ ਨਾ ਕੋਈ ਔਰਤ ਹੀ ਹੁੰਦੀ ਹੈ। ਕੋਈ ਸੱਸ ਜਦੋਂ ਦਾਜ ਲਿਆਉਣ ਵਾਸਤੇ ਆਪਣੀ ਨੂੰਹ ਨੂੰ ਤੰਗ ਕਰਦੀ ਹੈ ਉਸ ਵੇਲੇ ਉਸਨੂੰ ਇਹ ਗੱਲ ਪੂਰੀ ਤਰ੍ਹਾਂ ਭੁੱਲ ਜਾਂਦੀ ਹੈ ਕਿ ਉਸਦੀ ਖੁਦ ਦੀ ਧੀ ਵੀ ਕਿਸੇ ਘਰ ਦੀ ਨੂੰਹ ਹੈ ਜਿੱਥੇ ਉਸਨੂੰ ਅਜਿਹੇ ਹੀ ਸ਼ੋਸ਼ਣ ਦਾ ਸਾਮਣਾ ਕਰਨਾ ਪੈ ਸਕਦਾ ਹੈ। ਔਲਾਦ ਦੇ ਰੂਪ ਵਿੱਚ ਮੁੰਡਾ ਹੋਵੇ ਜਾ ਕੁੜੀ ਮਾਂ ਨੂੰ ਤਾਂ ਪਿਆਰਾ ਹੀ ਹੁੰਦਾ ਹੈ ਪਰੰਤੂ ਘਰ ਦੀਆਂ ਹੋਰਨਾਂ ਔਰਤਾਂ ਹੀ ਕੁੜੀ ਨੂੰ ਜਨਮ ਦੇਣ ਵਾਲੀ ਮਾਂ ਨੂੰ ਤਾਹਨੇ ਮਾਰ ਮਾਰ ਕੇ ਬੇਇੱਜਤ ਕਰਨ ਵਿੱਚ ਕਸਰ ਨਹੀਂ ਛੱਡਦੀਆਂ ਅਤੇ ਔਰਤਾਂ ਦੀ ਮੌਜੂਦਾ ਹਾਲਤ ਲਈ ਖੁਦ ਔਰਤ ਨੂੰ ਹੀ ਕਾਫੀ ਹੱਦ ਤਕ ਜਿੰਮੇਵਾਰ ਮੰਨਿਆ ਜਾ ਸਕਦਾ ਹੈ।
ਔਰਤਾਂ ਦੀ ਹਾਲਤ ਵਿੱਚ ਲੋੜੀਂਦਾ ਸੁਧਾਰ ਲਿਆਊਣ ਦੇ ਇਸ ਮੁੱਦੇ ਤੇ ਭਾਵੇਂ ਹੋਰ ਵੀ ਬਹੁਤ ਕੁੱਝ ਕਿਹਾ ਜਾ ਸਕਦਾ ਹੈ ਪਰੰਤੂ ਇਹਨਾਂ ਸਾਰੀਆਂ ਗੱਲਾਂ ਦਾ ਸਾਰ ਇੱਕ ਹੀ ਨਿਕਲਦਾ ਹੈ ਕਿ ਜੇਕਰ ਔਰਤਾਂ ਨੂੰ ਸਮਾਜ ਵਿੱਚ ਬਣਦਾ ਹੱਕ ਅਤੇ ਬਰਾਬਰੀ ਦਾ ਦਰਜਾ ਦੇਣਾ ਹੈ ਤਾਂ ਸਭਤੋਂ ਪਹਿਲਾਂ ਉਹਨਾਂ ਨੂੰ ਬਣਦੀ ਇੱਜਤ ਮਿਲਣੀ ਚਾਹੀਦੀ ਹੈ। ‘ਸੋ ਕਿਉਂ ਮੰਦਾ ਆਖੀਏ ਜਿਸ ਜੰਮੇ ਰਾਜਾਨੁ’ ਦੇ ਮਹਾਵਾਕ ਅਨੁਸਾਰ ਔਰਤਾਂ ਨੂੰ ਸਮਾਜ ਵਿੱਚ ਸਭਤੋਂ ਉੱਚਾ ਦਰਜਾ ਮਿਲਣਾ ਚਾਹੀਦਾ ਹੈ ਅਤੇ ਮਹਿਲਾ ਦਿਵਸ ਤੇ ਕੀਤੇ ਜਾਣ ਵਾਲੇ ਸਮਾਗਮਾਂ ਦੀ ਸਾਰਥਕਤਾ ਤਾਂ ਹੀ ਹੈ ਜੇਕਰ ਅਸੀਂ ਸਾਰੇ ਔਰਤਾਂ ਲੂੰ ਉਹਨਾਂ ਦੀ ਬਣਦੀ ਇੱਜਤ ਅਤੇ ਅਧਿਕਾਰ ਮੁਹਈਆ ਕਰਵਾਈਏ।
Editorial
ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਵਿਸ਼ੇਸ਼

ਨਾਰੀ! ਤੇਰੀ ਯਹੀ ਕਹਾਣੀ…..
ਮਹਿਲਾਵਾਂ ਦੀ ਹਾਲਤ ਵਿੱਚ ਸੁਧਾਰ ਲਈ ਸਮਾਜ ਨਿਭਾਵੇ ਜਿੰਮੇਵਾਰੀ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਦਿਹਾੜੇ ਮੌਕੇ ਦੁਨੀਆਂ ਦੇ ਵਿਕਸਤ ਮੁਲਕਾਂ ਤੋਂ ਲੈ ਕੇ ਵਿਕਾਸਸ਼ੀਲ ਅਤੇ ਅਵਿਕਸਤ ਮੁਲਕਾਂ ਵਿਚ ਵੀ ਥਾਂ ਥਾਂ ਵਿਸ਼ੇਸ਼ ਸਮਾਗਮ ਕੀਤੇ ਜਾ ਰਹੇ ਹਨ ਅਤੇ ਵੱਖ- ਵੱਖ ਬੁਲਾਰੇ ਸਟੇਜਾਂ ਉਪਰ ਬਾਹਾਂ ਉਲਾਰ ਉਲਾਰ ਕੇ ਔਰਤਾਂ ਦੀ ਭਲਾਈ ਲਈ ਕੰਮ ਕਰਨ ਦਾ ਦਾਅਵਾ ਕਰਦੇ ਹਨ ਪਰ ਦੂਜੇ ਪਾਸੇ ਭਾਰਤ ਸਮੇਤ ਇਸ ਦੁਨੀਆਂ ਵਿਚ ਕੁਲ ਔਰਤਾਂ ਵਿਚੋਂ ਅੱਧੀਆਂ ਔਰਤਾਂ ਅਜਿਹੀਆਂ ਹਨ, ਜਿਹਨਾਂ ਨੂੰ ਲਾਚਾਰ ਕਿਹਾ ਜਾ ਸਕਦਾ ਹੈ।
ਜਦੋਂ ਕਿਸੇ ਘਰ ਧੀ ਜੰਮਦੀ ਹੈ, ਤਾਂ ਉਸ ਨੂੰ ਜੰਮਦੀ ਨੂੰ ਹੀ ਬੇਗਾਨੇ ਘਰ ਦੀ ਪਰਾਈ ਅਮਾਨਤ ਕਿਹਾ ਜਾਣ ਲੱਗ ਜਾਂਦਾ ਹੈ। ਜਦੋਂ ਧੀ ਵਿਆਹੀ ਜਾਂਦੀ ਹੈ ਤਾਂ ਸਹੁਰੇ ਘਰ ਵਿੱਚ ਉਸ ਨੂੰ ਬੇਗਾਨੇ ਘਰ ਦੀ ਜਾਈ ਕਿਹਾ ਜਾਂਦਾ ਹੈ। ਇਸ ਤਰਾਂ ਔਰਤ ਨੂੰ ਆਪਣੇ ਜਨਮ ਤੋਂ ਲੈ ਕੇ ਮੌਤ ਤਕ ਇਹੋ ਗਲ ਪਤਾ ਨਹੀਂ ਲੱਗਦੀ, ਕਿ ਉਸ ਦਾ ਅਸਲੀ ਘਰ ਕਿਹੜਾ ਹੈ। ਨਾ ਤਾਂ ਪੇਕੇ ਘਰ ਵਿੱਚ ਉਸਦਾ ਹੱਕ ਮੰਨਿਆ ਜਾਂਦਾ ਹੈ ਤੇ ਨਾ ਹੀ ਉਸਨੂੰ ਸਹੁਰੇ ਘਰ ਵਿੱਚ ਉਸਦਾ ਹੱਕ ਦਿੱਤਾ ਜਾਂਦਾ ਹੈ। ਉਹਨਾਂ ਔਰਤਾਂ ਦੀ ਸਥਿਤੀ ਤਾਂ ਹੋਰ ਵੀ ਖਰਾਬ ਹੁੰਦੀ ਹੈ, ਜੋ ਕਿ ਪੇਕਿਆਂ ਅਤੇ ਸਹੁਰਿਆਂ ਦੇ ਵਿਚਾਲੇ ਦੋਵਾਂ ਪਰਿਵਾਰਾਂ ਤੋਂ ਦੂਰ ਆਪਣੇ ਪਤੀ ਦੀ ਇੱਛਾ ਮੁਤਾਬਿਕ ਵੱਖਰੀਆਂ ਰਹਿ ਕੇ ਅੱਧ ਵਿਚਾਲੇ ਜਿਹੇ ਲਟਕ ਰਹੀਆਂ ਹੁੰਦੀਆਂ ਹਨ।
ਇਕ ਪਾਸੇ ਜਿੱਥੇ ਅਨੇਕਾਂ ਔਰਤਾਂ ਨੌਕਰੀ ਤੇ ਵਪਾਰ ਦੇ ਖੇਤਰ ਵਿਚ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ ਉੱਥੇ ਦੂਜੇ ਪਾਸੇ ਅਜਿਹੀਆਂ ਔਰਤਾਂ ਦੀ ਗਿਣਤੀ ਵੀ ਬਹੁਤ ਹੈ, ਜਿਹੜੀਆਂ ਇਕ ਤਰਾਂ ਘਰ ਦੇ ਵਿਚ ਕੈਦ ਹੀ ਹੁੰਦੀਆਂ ਹਨ। ਸਾਰਾ ਦਿਨ ਪਹਿਲਾਂ ਬੱਚੇ ਤਿਆਰ ਕਰਨ ਤੇ ਸਕੂਲ ਤੋਰਨ, ਫਿਰ ਪਤੀ ਨੂੰ ਦਫਤਰ ਤੋਰਨਾ, ਫਿਰ ਘਰ ਦਾ ਕੰਮ ਤੇ ਫਿਰ ਬੱਚਿਆਂ ਦਾ ਸਕੂਲ ਤੇ ਪਤੀ ਦਾ ਦਫਤਰੋਂ ਜਾਂ ਦੁਕਾਨ ਤੋਂ ਆਉਣ ਤੇ ਫਿਰ ਕੰਮ ਹੀ ਕੰਮ। ਅਜਿਹੀਆਂ ਔਰਤਾਂ ਨੂੰ ਲਾਚਾਰ ਔਰਤਾਂ ਹੀ ਕਿਹਾ ਜਾ ਸਕਦਾ ਹੈ।
ਔਰਤਾਂ ਦਾ ਵੱਡਾ ਦੁਖਾਂਤ ਇਹ ਵੀ ਹੈ ਕਿ ਜਦੋਂ ਵੀ ਮਰਦ ਆਪਸ ਵਿੱਚ ਲੜਦੇ ਹਨ ਤਾਂ ਇਕ ਦੂਜੇ ਨੂੰ ਗਾਲੀ ਗਲੋਚ ਕਰਦੇ ਹਨ ਪਰ ਇਹਨਾਂ ਮਰਦਾਂ ਵਲੋਂ ਗਾਲਾਂ ਹਮੇਸ਼ਾ ਔਰਤ ਦਾ ਨਾਮ ਲੈ ਕੇ ਦਿੱਤੀਆਂ ਜਾਂਦੀਆਂ ਹਨ। ਮਰਦਾਂ ਵਲੋਂ ਇਕ ਦੂਜੇ ਨੂੰ ਗਾਲ ਭਾਵੇਂ ਮਾਂ ਦੀ ਹੋਵੇ ਜਾਂ ਧੀ ਭੈਣ ਦੀ ਪਰ ਗਾਲ ਵਿੱਚ ਹਮੇਸ਼ਾ ਔਰਤ ਦਾ ਵੀ ਬੁਰਾ ਚਿਤਵਿਆ ਹੁੰਦਾ ਹੈ। ਮਰਦਾਂ ਵਲੋਂ ਆਪਣੀ ਦੁਸ਼ਮਣੀ ਕੱਢਣ ਲਈ ਵੀ ਆਪਣੇ ਦੁਸ਼ਮਣ ਦੀਆਂ ਧੀਆਂ ਭੈਣਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਉਹਨਾਂ ਨਾਲ ਬਲਾਤਕਾਰ ਵਰਗੇ ਘਿਣਾਉਣੇ ਜੁਰਮ ਕੀਤੇ ਜਾਂਦੇ ਹਨ। ਜਦੋਂ ਇਕ ਰਾਜੇ ਜਾਂ ਮੁਲਕ ਦੀਆਂ ਫੌਜਾਂ ਵਲੋਂ ਦੂਜੇ ਮੁਲਕ ਉਪਰ ਹਮਲਾ ਕੀਤਾ ਜਾਂਦਾ ਹੈ, ਤਾਂ ਜੇਤੂ ਮੁਲਕ ਦੀਆਂ ਫੌਜਾਂ ਵਲੋਂ ਹਾਰੇ ਹੋਏ ਮੁਲਕ ਦੀ ਨਸਲ ਬਦਲਣ ਲਈ ਉਸ ਮੁਲਕ ਦੀਆਂ ਔਰਤਾਂ ਨਾਲ ਵੱਡੇ ਪੱਧਰ ਤੇ ਬਲਾਤਕਾਰ ਕੀਤੇ ਜਾਂਦੇ ਹਨ।
ਪੜ੍ਹੀਆਂ ਲਿਖੀਆਂ ਤੇ ਕੰਮਕਾਜੀ ਔਰਤਾਂ ਤਾਂ ਫਿਰ ਵੀ ਆਪਣਾ ਭਲਾ ਬੁਰਾ ਖੁਦ ਪਹਿਚਾਣ ਲੈਂਦੀਆਂ ਹਨ ਅਤੇ ਕੰਮਕਾਜੀ ਔਰਤਾਂ ਮਰਦਾਂ ਦੇ ਨਾਲ ਹਰ ਮੁਕਾਬਲੇ ਵਿਚ ਜਿੱਤ ਪ੍ਰਾਪਤ ਕਰਨ ਦਾ ਯਤਨ ਵੀ ਕਰਦੀਆਂ ਹਨ। 35 ਸਾਲ ਤੋਂ ਉਪਰ ਦੀਆਂ ਔਰਤਾਂ ਵੀ ਆਪਣਾ ਭਲਾ ਬੁਰਾ ਸੋਚਣ ਜੋਗੀਆਂ ਹੁੰਦੀਆਂ ਹਨ ਅਤੇ ਬਜੁਰਗ ਔਰਤਾਂ ਨੂੰ ਤਾਂ ਕਿਹਾ ਹੀ ਸਿਆਣੀਆਂ ਬੁੜੀਆਂ ਜਾਂਦਾ ਹੈ।
ਅੰਤਰਰਾਸ਼ਟਰੀ ਮਹਿਲਾਂ ਦਿਵਸ ਮੌਕੇ ਅਸੀਂ ਗਲ ਕਰਦੇ ਹਾਂ ਉਹਨਾਂ ਅੱਲੜ ਤੇ ਮੁਟਿਆਰ ਕੁੜੀਆ ਚਿੜੀਆਂ ਦੀ, ਜਿਹਨਾਂ ਦੇ ਸੁਪਨੇ ਅੱਧ ਵਿਚਾਲੇ ਹੀ ਟੁੱਟ ਜਾਂਦੇ ਹਨ। ਵਿਆਹ ਤੋਂ ਬਾਅਦ ਇਹ ਮੁਟਿਆਰਾ ਸਹੁਰੇ ਘਰ ਵਿਚ ਇਕ ਤਰਾਂ ਜੰਗਲ ਦਾ ਉਹ ਫੁੱਲ ਹੋ ਜਾਂਦੀਆਂ ਹਨ,ਜਿਸ ਨੂੰ ਵੇਖਣ ਦਾ ਹੱਕ ਸਿਰਫ ਚੰਦਰਮਾ ਨੂੰ ਹੀ ਹੁੰਦਾ ਹੈ। ਅਜਿਹੀਆਂ ਕੁੜੀਆਂ ਨੂੰ ਕੂੰਜਾਂ ਵੀ ਕਿਹਾ ਜਾਂਦਾ ਹੈ। ਕੁੜੀਆਂ ਤੇ ਕੂੰਜਾਂ ਦੇ ਵਿਚਾਲੇ ਕੁਦਰਤੀ ਸਾਂਝ ਵੀ ਹੈ ਤੇ ਦੋਵਾਂ ਦੀ ਹੋਣੀ ਵੀ ਇੱਕੋ ਜਿਹੀ ਹੀ ਹੋ ਗਈ ਲੱਗਦੀ ਹੈ।
ਹੁਣ ਗਲ ਕਰਦੇ ਹਾਂ ਦਾਜ ਪਿਛੇ ਛੱਡੀਆਂ ਧੀਆਂ ਜਾਂ ਫਿਰ ਸਹੁਰੇ ਘਰ ਰਹਿੰਦੀਆਂ ਉਹਨਾਂ ਧੀਆਂ ਦੀ ਜਿਹਨਾਂ ਨੂੰ ਦਾਜ ਪਿਛੇ ਦੁਖੀ ਕੀਤਾ ਜਾਂਦਾ ਹੈ ਅਤੇ ਦਾਜ ਪਿਛੇ ਦੁੱਖ ਦਰਦ ਸਹਿ ਰਹੀਆਂ ਮੁਟਿਆਰਾਂ ਆਪਣੀ ਹਿੱਕ ਵਿੱਚ ਹੀ ਬਹੁਤ ਕੁੱਝ ਸਾਂਭੀ ਬੈਠੀਆਂ ਹਨ। ਇਹਨਾਂ ਔਰਤਾਂ ਦੀ ਹਿੱਕ ਵਿੱਚ ਬਲਦੀ ਅੱਗ ਦਾ ਨਾ ਤਾਂ ਕੋਈ ਪਰਛਾਵਾਂ ਹੁੰਦਾ ਹੈ ਤੇ ਨਾ ਹੀ ਧੂੰਆਂ। ਅਜਿਹੀਆਂ ਵਿਆਹੁਤਾ ਮੁਟਿਆਰਾਂ ਦੀ ਤਕਦੀਰ ਹੀ ਉਹਨਾਂ ਦੀ ਸੌਂਕਣ ਬਣ ਜਾਂਦੀ ਹੈ ਤੇ ਤਦਬੀਰਾਂ ਉਹਨਾਂ ਤੋਂ ਹੁੰਦੀਆਂ ਨਹੀਂ ।
ਇਹ ਇਕ ਤਲਖ ਹਕੀਕਤ ਹੈ ਕਿ ਕਈ ਮੁਟਿਆਰਾਂ ਦੇ ਹੱਥਾਂ ਉੱਪਰ ਉਸ ਸਮੇਂ ”ਸ਼ਗਨਾਂ ਦੀ ਮਹਿੰਦੀ” ਲੱਗਦੀ ਹੈ, ਜਦੋਂ ਉਹਨਾਂ ਦੇ ਸਿਰ ਦੇ ਵਾਲਾਂ ਨੂੰ ਵੀ ਮਹਿੰਦੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਕਹਿਣ ਦਾ ਭਾਵ ਹੈ ਕਿ ਅਜਿਹੀਆਂ ਮੁਟਿਆਰਾਂ ਦਾ ਵਿਆਹ ਵੱਡੀ ਉਮਰ ਵਿੱਚ ਜਾਂ ਵਿਆਹ ਦੀ ਉਮਰ ਹੀ ਲੰਘਣ ਤੋਂ ਬਾਅਦ ਹੁੰਦਾ ਹੈ। ਦੂਜੇ ਪਾਸੇ ਕੁੱਝ ਭਰ ਜੋਬਨ ਵਿਆਹੁਤਾ ਮੁਟਿਆਰਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਹਨਾਂ ਦੇ ਹੱਥਾਂ ਉਪਰ ਲੱਗੀ ”ਸ਼ਗਨਾਂ ਦੀ ਮਹਿੰਦੀ” ਵੀ ਅਜੇ ਨਹੀਂ ਉਤਰੀ ਹੁੰਦੀ ਕਿ ਪਤੀ ਦੀ ਅਚਾਨਕ ਮੌਤ ਹੋਣ ਕਰਕੇ ਉਹਨਾਂ ਨੂੰ ਵਿਧਵਾ ਹੋਣ ਦਾ ਸੰਤਾਪ ਹੰਢਾਉਣਾ ਪੈ ਜਾਂਦਾ ਹੈ। ਅਜਿਹੀਆਂ ਮੁਟਿਆਰਾਂ ਦਾ ਹੱਸਦਾ-ਵੱਸਦਾ ਘਰ ਫਿਰ ਹੀ ਉਜੜ ਹੀ ਜਾਂਦਾ ਹੈ ਅਤੇ ਜ਼ਿੰਦਗੀ ਵਿੱਚ ਹਰ ਪਾਸੇ ਹੀ ਉਹਨਾਂ ਨੂੰ ਹਨੇਰਾ ਜਿਹਾ ਦਿਖਾਈ ਦਿੰਦਾ ਹੈ। ਅਜਿਹੀਆਂ ਔਰਤਾਂ ਦਾ ਫਿਰ ਉਹਨਾਂ ਦੀ ਆਪਣੀ ਜਿੰਦਗੀ ਦਾ ਵੀ ਕੋਈ ਅਰਥ ਜਿਹਾ ਨਹੀਂ ਰਹਿ ਜਾਂਦਾ।
ਔਰਤ ਭਾਵੇਂ ਕਿਸੇ ਵੀ ਉਮਰ ਦੀ ਹੋਵੇ ਤੇ ਕਿਸੇ ਵੀ ਵਰਗ, ਧਰਮ, ਜਾਤ ਤੇ ਕਬੀਲੇ ਨਾਲ ਸਬੰਧਿਤ ਹੋਵੇ ਪਰ ਉਹਨਾਂ ਦੀ ਹੋਣੀ ਹਮੇਸ਼ਾ ਇਕੋ ਜਿਹੀ ਰਹਿੰਦੀ ਹੈ। ਆਧੁਨਿਕ ਯੁੱਗ ਵਿੱਚ ਵੀ ਸਾਡਾ ਸਮਾਜ ਮਰਦ ਪ੍ਰਧਾਨ ਹੈ ਪਰ ਸਾਨੂੰ ਔਰਤਾਂ ਨੂੰ ਪ੍ਰੇਸ਼ਾਨ ਕਰਕੇ ਉਹਨਾਂ ਦੀ ਜ਼ਿੰਦਗੀ ਦੇ ‘ਦੁੱਖਾਂ ਦੇ ਹਰਕਾਰੇ’ ਨਹੀਂ ਬਣਨਾ ਚਾਹੀਦਾ, ਸਗੋਂ ਉਹਨਾਂ ਦੀ ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਸਹਾਇਤਾ ਕਰਕੇ ‘ ਸੱਚ ਦੇ ਵਣਜ਼ਾਰੇ’ ਬਣਨਾ ਚਾਹੀਦਾ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਆਓ ਪ੍ਰਣ ਕਰੀਏ ਕਿ ਅਸੀਂ ਲਾਚਾਰ ਤੇ ਬੇਬਸ ਔਰਤਾਂ ਦੀ ਸਹਾਇਤਾ ਕਰਕੇ ਉਹਨਾਂ ਦੀ ਹਨੇਰੀ ਜਿੰਦਗੀ ਵਿੱਚ ਚੰਦ, ਸੂਰਜ ਵਾਂਗ ਚਾਨਣ ਕਰਕੇ ਚਾਨਣ ਦੇ ਵਣਜਾਰੇ ਬਣਨ ਦਾ ਉਪਰਾਲਾ ਕਰਾਂਗੇ।
ਜਗਮੋਹਨ ਸਿੰਘ ਲੱਕੀ
ਮੋਬਾਇਲ 9463819174
Editorial
ਵਹਿਮਜਾਲ ਵਿੱਚ ਫਸਾ ਕੇ ਲੋਕਾਂ ਨੂੰ ਠੱਗਦੇ ਜੋਤਸ਼ੀਆਂ ਵਿਰੁੱਧ ਹੋਵੇ ਸਖਤ ਕਾਰਵਾਈ
ਰਾਜਾ ਹੋਵੇ ਜਾਂ ਰੰਕ, ਆਪਣੇ ਆਉਣ ਵਾਲੇ ਭਵਿੱਖ ਨੂੰ ਜਾਣਨ ਦੀ ਜਿਗਿਆਸਾ ਹਰੇਕ ਮਨੁੱਖ ਵਿੱਚ ਹੁੰਦੀ ਹੈ ਅਤੇ ਸਦੀਆਂ ਤੋਂ ਲੋਕ ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਲਈ ਜੋਤਸ਼ੀਆਂ ਦੀ ਸਲਾਹ ਲੈਂਦੇ ਆ ਰਹੇ ਹਨ। ਪਿਛਲੇ ਕੁੱਝ ਸਾਲਾਂ ਦੌਰਾਨ ਭਾਵੇਂ ਵਿਗਿਆਨ ਨੇ ਬਹੁਤ ਜਿਆਦਾ ਤਰੱਕੀ ਕੀਤੀ ਹੈ ਅਤੇ ਇਸ ਸਦਕਾ ਇਨਸਾਨ ਪੁਲਾੜ ਦੇ ਕਈ ਅਣਸੁਲਝੇ ਰਹੱਸਾਂ ਨੂੰ ਸਮਝਣ ਵਿੱਚ ਵੀ ਕਾਮਯਾਬ ਹੋ ਚੁੱਕਿਆ ਹੈ। ਪਰੰਤੂ ਇਸਦੇ ਬਾਵਜੂਦ ਅੱਜ ਦਾ ਆਧੁਨਿਕ ਵਿਗਿਆਨ, ਇਨਸਾਨ ਦੀ ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਜਿਗਿਆਸਾ ਦਾ ਹਲ ਨਹੀਂ ਕਰ ਪਾਇਆ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਦਾ ਆਧੁਨਿਕ ਮਨੁੱਖ ਹੁਣੇ ਵੀ ਲੋਕਾਂ ਦਾ ਭਵਿੱਖ ਦੱਸਣ ਦਾ ਦਾਅਵਾ ਕਰਨ ਵਾਲੇ ਨਜੂਮੀਆਂ (ਜੋਤਸ਼ੀਆਂ) ਦੇ ਚੱਕਰ ਵਿੱਚ ਉਲਝਿਆ ਨਜਰ ਆਉਂਦਾ ਹੈ।
ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਦੀ ਇਹ ਚਾਹਤ ਹੀ ਮਨੁੱਖਾਂ ਦੇ ਦਿਲੋ ਦਿਮਾਗ ਤੇ ਹਮੇਸ਼ਾ ਤੋਂ ਹਾਵੀ ਰਹੀ ਹੈ ਅਤੇ ਇਸ ਜਾਣਕਾਰੀ ਨੂੰ ਹਾਸਿਲ ਕਰਨ ਲਈ ਮਨੁੱਖ ਉਹ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਵੀ ਰਹਿੰਦਾ ਹੈ। ਆਪਣੇ ਆਉਣ ਵਾਲੇ ਭਵਿੱਖ ਨੂੰ ਜਾਣਨ ਦੀ ਇਹ ਜਿਗਿਆਸਾ ਲੋਕਾਂ ਨੂੰ ਜੋਤਸ਼ੀਆਂ ਦੇ ਚੱਕਰ ਵਿੱਚ ਫਸਾ ਦਿੰਦੀ ਹੈ ਜਿਹੜੇ ਆਮ ਲੋਕਾਂ ਦੀ ਇਸ ਮਾਨਸਿਕਤਾ ਦਾ ਖੁੱਲ੍ਹ ਕੇ ਫਾਇਦਾ ਚੁੱਕਦੇ ਹਨ। ਲੋਕਾਂ ਦਾ ਭਵਿੱਖ ਦੱਸਣ ਦਾ ਦਾਅਵਾ ਕਰਨ ਵਾਲੇ ਇਹ ਜੋਤਸ਼ੀ ਭਾਵੇਂ ਆਪਣੇ ਖੁਦ ਦੇ ਭਵਿੱਖ ਬਾਰੇ ਕੁੱਝ ਨਾ ਜਾਣਦੇ ਹੋਣ ਪਰੰਤੂ ਉਹਨਾਂ ਦਾ ਦਾਅਵਾ ਹੁੰਦਾ ਹੈ ਕਿ ਉਹ ਨਾ ਸਿਰਫ ਕਿਸੇ ਦੇ ਭਵਿੱਖ ਦਾ ਪੂਰਾ ਵੇਰਵਾ ਦੱਸ ਸਕਦੇ ਹਨ ਬਲਕਿ ਆਪਣੇ ਕੋਲ ਆਉਣ ਵਾਲੇ ਲੋਕਾਂ ਦੇ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਹਲ ਵੀ ਕਰ ਸਕਦੇ ਹਨ।
ਇਸ ਵਾਸਤੇ ਇਹ ਜੋਤਸ਼ੀ ਵੱਖ ਵੱਖ ਤਰੀਕੇ (ਉਪਾਅ) ਵੀ ਦੱਸਦੇ ਹਨ ਜਿਹੜੇ ਅਸਲ ਵਿੱਚ ਲੋਕਾਂ ਵਿੱਚ ਵਹਿਮ, ਭਰਮ ਅਤੇ ਅੰਧਵਿਸ਼ਵਾਸ਼ ਫੈਲਾਉਣ ਵਾਲੇ ਹੁੰਦੇ ਹਨ ਅਤੇ ਇਹਨਾਂ ਜੋਤਸ਼ੀਆਂ ਵਲੋਂ ਇਸੇ ਬਹਾਨੇ ਆਪਣੇ ਕੋਲ ਆਉਣ ਵਾਲਿਆਂ ਨੂੰ ਠੱਗਿਆ ਜਾਂਦਾ ਹੈ। ਇਹਨਾਂ ਜੋਤਸ਼ੀਆਂ ਵਲੋਂ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸ਼ ਦੇ ਸਹਾਰੇ ਕੀਤੀ ਜਾਣ ਵਾਲੀ ਠੱਗੀ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਜਾਂਦਾ ਹੈ। ਪਹਿਲਾਂ ਇਹ ਜੋਤਸ਼ੀ ਸੰਚਾਰ ਮਾਧਿਅਮਾਂ ਵਿੱਚ ਬਾਕਾਇਦਾ ਵੱਡੇ ਵੱਡੇ ਇਸ਼ਤਿਹਾਰ ਦਿੰਦੇ ਹਨ। ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਜਾਣ ਵਾਲੀ ਇਸ ਇਸ਼ਤਿਹਾਰਬਾਜੀ ਵਿੱਚ ਤੰਤਰ ਮੰਤਰ ਦੀ ਮਦਦ ਨਾਲ ਕਈ ਤਰ੍ਹਾਂ ਦੇ ਚਮਤਕਾਰ ਕਰਨ ਦੇ ਦਾਅਵੇ ਵੀ ਕੀਤੇ ਜਾਂਦੇ ਹਨ।
ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨਾਲ ਸਿੱਧੀ ਠੱਗੀ ਮਾਰਨ ਵਾਲੇ ਇਹ ਜੋਤਸ਼ੀ ਕਈ ਤਰ੍ਹਾਂ ਦੇ ਆਡੰਬਰ ਰਚਦੇ ਹਨ ਅਤੇ ਅੰਧਵਿਸ਼ਵਾਸ਼ ਫੈਲਾ ਕੇ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਕਾਲੇ ਜਾਦੂ ਅਤੇ ਤੰਤਰ ਮੰਤਰ ਦੀ ਮਦਦ ਨਾਲ ਆਪਣੀ ਸ਼ਰਣ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਦਾ ਕੋਈ ਵੀ ਕੰਮ ਕਰਵਾ ਦੇਣ ਦਾ ਦਾਅਵਾ ਕਰਨ ਵਾਲੇ ਇਹਨਾਂ ਜੋਤਸ਼ੀਆਂ ਕੋਲ ਆਉਣ ਵਾਲੇ ਲੋਕ ਕਿਸੇ ਚਮਤਕਾਰ ਦੀ ਆਸ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਹਨ ਅਤੇ ਠੱਗੀ ਦਾ ਸ਼ਿਕਾਰ ਹੁੰਦੇ ਹਨ।
ਇਹਨਾਂ ਜੋਤਸ਼ੀਆਂ ਵਲੋਂ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨਾਲ ਠੱਗੀ ਮਾਰਨ ਦੀ ਦੀ ਇਹ ਕਾਰਵਾਈ ਕਾਨੂੰਨ ਦੀ ਸਿੱਧੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਸਾਰੇ ਕੁੱਝ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਠੱਗੀ ਦੀਆਂ ਇਹ ਦੁਕਾਨਾਂ ਬੇਰੋਕਟੋਕ ਚਲਦੀਆਂ ਹਨ। ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਜਦੋਂ ਇਹ ਜੋਤਸ਼ੀ ਅਤੇ ਤਾਂਤਰਿਕ ਅਜਿਹਾ ਕੋਈ ਚਮਤਕਾਰ ਨਹੀਂ ਕਰ ਸਕਦੇ (ਜਿਸਦਾ ਦਾਅਵਾ ਉਹ ਆਪਣੇ ਪ੍ਰਚਾਰ ਵਿੱਚ ਦਿੱਤੇ ਜਾਂਦੇ ਇਸ਼ਤਿਹਾਰਾਂ ਵਿੱਚ ਕਰਦੇ ਹਨ) ਤਾਂ ਉਹਨਾਂ ਦੇ ਖਿਲਾਫ ਜਨਤਾ ਨੂੰ ਗੁੰਮਰਾਹ ਕਰਨ, ਅੰਧਵਿਸ਼ਵਾਸ਼ ਫੈਲਾਉਣ ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਦੇ ਮਾਮਲੇ ਦਰਜ ਕਿਉਂ ਨਹੀਂ ਕੀਤੇ ਜਾਂਦੇ ਅਤੇ ਜੋਤਿਸ਼ ਅਤੇ ਤੰਤਰ ਮੰਤਰ ਦੇ ਨਾਮ ਤੇ ਚਲਦੇ ਠੱਗੀ ਦੇ ਇਸ ਕਾਰੋਬਾਰ ਤੇ ਰੋਕ ਕਿਊਂ ਨਹੀਂ ਲਗਾਈ ਜਾਂਦੀ।
ਇਸ ਸੰਬੰਧੀ ਤਰਕਸ਼ੀਲਾਂ ਦੀ ਸੰਸਥਾ ਵਲੋਂ ਸਮੇਂ ਸਮੇਂ ਤੇ ਆਮ ਲੋਕਾਂ ਨੁੰ ਠੱਗਦੇ ਇਹਨਾਂ ਜੋਤਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ ਪਰੰਤੂ ਇਸਦੇ ਬਾਵਜੂਦ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਕਰਨ ਦੀ ਥਾਂ ਇਸਤੋਂ ਟਾਲਾ ਵੱਟਿਆ ਜਾਂਦਾ ਹੈ ਜਦੋਂਕਿ ਭੋਲੇ ਭਾਲੇ ਲੋਕਾਂ ਦੀ ਇਸ ਤਰੀਕੇ ਨਾਲ ਲੁੱਟ ਦੀ ਇਸ ਕਾਰਵਾਈ ਤੇ ਰੋਕ ਲਗਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਅਤੇ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਲੋਕਾਂ ਨਾਲ ਕੀਤੀ ਜਾਂਦੀ ਠੱਗੀ ਤੇ ਰੋਕ ਲਗਾਉਣ ਲਈ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਤਰੀਕੇ ਨਾਲ ਹੁੰਦੀ ਆਮ ਲੋਕਾਂ ਦੀ ਠੱਗੀ ਦੀ ਇਸ ਕਾਰਵਾਈ ਤੇ ਰੋਕ ਲੱਗੇ।
-
International2 months ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
National1 month ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
Mohali2 months ago
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ