Connect with us

Chandigarh

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਹੋਇਆ ਜ਼ੋਰਦਾਰ ਹੰਗਾਮਾ, ਕੁਲਦੀਪ ਸਿੰਘ ਧਾਲੀਵਾਲ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਹੋਈ ਤਿੱਖੀ ਬਹਿਸ

Published

on

 

 

ਐਨ ਓ ਸੀ ਬਾਰੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ-2024 ਪਾਸ

ਚੰਡੀਗੜ੍ਹ, 3 ਸਤੰਬਰ (ਸ.ਬ.) ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਜ਼ੋਰਦਾਰ ਹੰਗਾਮਾ ਹੋਇਆ ਅਤੇ ਇਸ ਦੌਰਾਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ।

ਮੁੱਖ ਮੰਤਰੀ ਮਾਨ ਵਲੋਂ ਪੇਸ਼ ਕੀਤੇ ਬਿੱਲ ਤੇ ਗੈਰ-ਕਾਨੂੰਨੀ ਕਾਲੋਨੀਆਂ ਬਾਰੇ ਬੋਲਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਅਜਿਹੀਆਂ ਬਹੁਤ ਸਾਰੀਆਂ ਗੈਰ-ਕਾਨੂੰਨੀ ਕਾਲੋਨੀਆਂ ਬਾਰੇ ਜਾਣਦੇ ਹਨ, ਜੋ ਕਿ ਅੰਮ੍ਰਿਤਸਰ ਵਿੱਚ ਹਨ। ਇਸ ਤੇ ਪ੍ਰਤਾਪ ਸਿੰਘ ਬਾਜਵਾ ਭੜਕ ਗਏ ਅਤੇ ਕਹਿਣ ਲੱਗੇ ਕਿ ਤੁਸੀਂ ਉਨ੍ਹਾਂ ਕਾਲੋਨੀਆਂ ਖ਼ਿਲਾਫ਼ ਕਾਰਵਾਈ ਕਰ ਲਓ। ਇਸ ਦੌਰਾਨ ਪੂਰੇ ਸਦਨ ਵਿੱਚ ਰੌਲਾ ਪੈ ਗਿਆ ਅਤੇ ਸਾਰੇ ਮੈਂਬਰ ਆਪਣੀਆਂ ਸੀਟਾਂ ਤੋਂ ਉੱਠ ਗਏ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸਭ ਨੂੰ ਆਪਣੀਆਂ ਸੀਟਾਂ ਤੇ ਬੈਠਣ ਲਈ ਕਿਹਾ ਗਿਆ। ਇਸ ਦੌਰਾਨ ਵਿਧਾਨ ਸਭਾ ਦੇ ਅੰਦਰ ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ। ਜਿਕਰਯੋਗ ਹੈ ਕਿ ਸੈਸ਼ਨ ਦੌਰਾਨ ਮੁੱਖ ਮੰਤਰੀ ਵਲੋਂ ਵਿਧਾਨਸਭਾ ਵਿੱਚ ਐਨ ਓ ਸੀ ਬਾਰੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ-2024 ਪੇਸ਼ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਐਨਓਸੀ ਵਾਲਾ ਬਿੱਲ ਹੈ। ਜਿਹੜੀਆਂ ਕਲੋਨੀਆਂ ਬਣੀਆਂ ਸਨ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਗ਼ੈਰ-ਕਾਨੂੰਨੀ ਹਨ। ਉਨ੍ਹਾਂ ਵਿੱਚ ਕੋਈ ਮੀਟਰ ਨਹੀਂ ਲੱਗਦੇ, ਨਾ ਹੀ ਪਾਣੀ ਦਾ ਕੁਨੈਕਸ਼ਨ ਮਿਲਦਾ ਹੈ।

ਜਾਇਦਾਦ ਸੋਧ ਬਿੱਲ ਤੇ ਚਰਚਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸੋਧ ਬਹੁਤ ਵਧੀਆ ਕਦਮ ਹੈ। ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿੱਚ ਵੀ ਪੈਸਾ ਆਵੇਗਾ ਕਿਉਂਕਿ ਜਦੋਂ ਪਾਪੜਾ ਐਕਟ 1995 ਬਣਿਆ ਸੀ। ਉਸ ਸਮੇਂ ਕੋਸ਼ਿਸ਼ ਸੀ ਕਿ ਪੰਜਾਬ ਵਿੱਚ ਗੈਰ-ਕਾਨੂੰਨੀ ਕਾਲੋਨੀਆਂ ਨਾ ਬਣਨ ਪਰ ਪਿਛਲੀਆਂ ਸਰਕਾਰਾਂ ਦੌਰਾਨ ਕਾਲੋਨੀਆਂ ਬਣਦੀਆਂ ਰਹੀਆਂ। ਇਸ ਕਾਰਨ ਆਮ ਲੋਕਾਂ ਨੂੰ ਦਿੱਕਤ ਆਉਂਦੀ ਹੈ। ਕੁਝ ਵੱਡੇ ਲੋਕ ਫਾਇਦਾ ਉਠਾ ਜਾਂਦੇ ਹਨ। ਕਈ ਤਰ੍ਹਾਂ ਦੀਆਂ ਪਾਬੰਦੀਆਂ ਹੁੰਦੀਆਂ ਹਨ ਪਰ ਜਦੋਂ ਵਿਅਕਤੀ ਪ੍ਰਾਪਰਟੀ ਖਰੀਦ ਲੈਂਦਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਗੈਰ-ਕਾਨੂੰਨੀ ਹੈ। ਇਸ ਵਿੱਚ 500 ਵਰਗ ਗਜ਼ ਦੇ ਪਲਾਟ ਸ਼ਾਮਲ ਕੀਤੇ ਜਾਣਗੇ। ਇਸ ਬਿਲ ਨੂੰ ਸਦਨ ਵਿੱਚ ਪਾਸ ਕਰ ਦਿੱਤਾ ਗਿਆ।

ਸੈਸ਼ਨ ਦੌਰਾਨ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਜਾਅਲੀ ਸਰਟੀਫ਼ਿਕੇਟ ਜਾਰੀ ਕਰਨ ਦਾ ਮਸਲਾ ਚੁੱਕਿਆ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਜਾਅਲੀ ਵੈਟਨਰੀ ਡਿਪਲੋਮਾ ਸਰਟੀਫ਼ਿਕੇਟ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਵੈਟਨਰੀ ਇੰਸਪੈਕਟਰਾਂ ਦੀ ਭਰਤੀ ਕੀਤੀ ਗਈ ਹੈ, ਉਸ ਲਈ ਸਰਕਾਰ ਦਾ ਨੋਟਿਸ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਇਆ ਸੀ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕੋਰਸ ਕਰਨ ਵਾਲੇ ਵਿਦਿਆਰਥੀ ਇਸ ਨੌਕਰੀ ਦੇ ਹੱਕਦਾਰ ਨਹੀਂ ਹੋਣਗੇ। ਉਹਨਾਂ ਮੰਗ ਕੀਤੀ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਾਮਲੇ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਵਿਦਿਆਰਥੀਆਂ ਨੂੰ ਬਣਦਾ ਹੱਕ ਦਿੱਤਾ ਜਾਵੇ।

ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੰਮ੍ਰਿਤਸਰ ਦੀਆਂ ਬੁਨਿਆਦੀ ਨਾਗਰਿਕ ਸੇਵਾਵਾਂ ਜਿਵੇਂ ਸੀਵਰੇਜ ਅਤੇ ਵਾਟਰ ਸਪਲਾਈ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਚੀਜ਼ਾਂ ਦੀ ਹਾਲਤ ਖਰਾਬ ਹੈ। ਇਸ ਕਾਰਨ ਲੋਕ ਪ੍ਰੇਸ਼ਾਨ ਹਨ। ਪਰ ਇਸ ਦਿਸ਼ਾ ਵਿੱਚ ਕੁਝ ਨਹੀਂ ਹੋਇਆ। ਉਹਨਾਂ ਕਿਹਾ ਕਿ ਜੇਈ ਨਗੇਂਦਰ ਪ੍ਰਸਾਦ ਕੋਲ ਮੁੱਖ ਮੰਤਰੀ ਨਾਲੋਂ ਜ਼ਿਆਦਾ ਤਾਕਤ ਹੈ। ਕਮਿਸ਼ਨਰ ਨਗਰ ਨਿਗਮ ਕਿਸੇ ਦੀ ਨਹੀਂ ਸੁਣਦਾ। ਜੇਕਰ ਸੀਵਰੇਜ ਦਾ ਪਾਣੀ ਉਸਦੀ ਰਸੋਈ ਵਿੱਚ ਵਹਿ ਰਿਹਾ ਹੋਵੇ ਤਾਂ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਕਿਹਾ ਕਿ ਇਹ ਤੈਅ ਕੀਤਾ ਜਾਣਾ ਚਾਹੀਦਾ ਹੈ ਕਿ ਜਦੋਂ ਵਿਭਾਗ ਦਾ ਮੰਤਰੀ ਕੁਝ ਕਹਿੰਦਾ ਹੈ ਤਾਂ ਉਸ ਦੀ ਪਾਲਣਾ ਕੀਤੀ ਜਾਵੇ। ਉਹਨਾਂ ਮੰਗ ਕੀਤੀ ਕਿ ਅੰਮ੍ਰਿਤਸਰ ਲਈ ਇੱਕ ਏਜੰਸੀ ਦੀ ਸਥਾਪਨਾ ਕੀਤੀ ਜਾਵੇ, ਜੋ ਲੋਕਾਂ ਨਾਲ ਸਬੰਧਤ ਕੰਮ ਦੇਖਦੀ ਰਹੇ। ਇਸ ਵੇਲੇ ਪਤਾ ਹੀ ਨਹੀਂ ਲੱਗਦਾ ਕਿਹੜੀ ਏਜੰਸੀ ਕਿਹੜਾ ਕੰਮ ਦੇਖ ਰਹੀ ਹੈ। ਅੰਮ੍ਰਿਤਸਰ ਨਗਰ ਨਿਗਮ ਦਾ ਕਾਰਜਕਾਲ 23 ਜਨਵਰੀ 2023 ਨੂੰ ਖਤਮ ਹੋ ਰਿਹਾ ਹੈ। ਉਹ ਇਕੱਲਾ ਸਾਰਾ ਕੰਮ ਨਹੀਂ ਦੇਖ ਸਕਦਾ।

ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਵਿੱਚ ਇਕੱਠੇ ਹੋਏ ਕਿਸਾਨਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਦਾ ਵਫ਼ਦ ਬਣਾਇਆ ਜਾਵੇ ਜੋ ਕਿਸਾਨਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸਮਝੇ। ਜੋ ਵੀ ਮਸਲੇ ਪੰਜਾਬ ਸਰਕਾਰ ਨਾਲ ਸਬੰਧਤ ਹਨ, ਉਹਨਾਂ ਨੂੰ ਸਰਕਾਰ ਪਹਿਲ ਦੇ ਆਧਾਰ ਤੇ ਉਨ੍ਹਾਂ ਨੂੰ ਹੱਲ ਕਰੇ ਅਤੇ ਕਿਸਾਨਾਂ ਨੂੰ ਵੀ ਵਾਪਸ ਭੇਜੋ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਨਾ ਵਿਗੜ ਸਕੇ। ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਕਿਸਾਨ ਆਗੂਆਂ ਨੂੰ ਫਲਾਈਟ ਵਿੱਚ ਸਵਾਰ ਨਹੀਂ ਹੋਣ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੋਲ ਉਠਾਇਆ ਜਾਣਾ ਸੀ। ਸਪੀਕਰ ਨੇ ਕਿਹਾ ਕਿ ਮਾਮਲਾ ਗੰਭੀਰ ਹੈ। ਇਹ ਮਾਮਲਾ ਵਿਚਾਰਿਆ ਜਾਣਾ ਚਾਹੀਦਾ ਹੈ।

Chandigarh

ਪੰਜਾਬ ਦੇ 13 ਕਸਬਿਆਂ ਵਿੱਚ 2,000 ਕਰੋੜ ਦੀ ਸਰਕਾਰੀ ਜ਼ਮੀਨ ਹੋਵੇਗੀ ਨਿਲਾਮ

Published

on

By

 

ਪੁੱਡਾ ਅਤੇ ਸੂਬੇ ਦੀਆਂ ਹੋਰ ਵਿਕਾਸ ਅਥਾਰਿਟੀਆਂ 12 ਮਾਰਚ ਤੋਂ ਸ਼ੁਰੂ ਕਰਕੇ 22 ਮਾਰਚ ਤੱਕ ਕਰਨਗੀਆਂ ਈ-ਨਿਲਾਮੀ

ਚੰਡੀਗੜ੍ਹ, 8 ਮਾਰਚ (ਸ.ਬ.) ਪੰਜਾਬ ਸਰਕਾਰ ਵਲੋਂ 13 ਕਸਬਿਆਂ ਵਿੱਚ 2,000 ਕਰੋੜ ਰੁਪਏ ਦੀ ਜ਼ਮੀਨ ਅਤੇ ਜਾਇਦਾਦਾਂ ਦੀ ਨਿਲਾਮੀ ਕੀਤੀ ਜਾ ਰੱਖ ਰਹੀ ਹੈ। ਇਸਦੇ ਤਹਿਤ ਮੁਹਾਲੀ, ਨਿਊ ਚੰਡੀਗੜ੍ਹ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਸਮੇਤ 13 ਕਸਬਿਆਂ ਵਿੱਚ 2,000 ਕਰੋੜ ਰੁਪਏ ਦੀਆਂ ਰਿਹਾਇਸ਼ੀ, ਵਪਾਰਕ ਅਤੇ ਸੰਸਥਾਗਤ ਥਾਵਾਂ ਨਿਲਾਮੀ ਲਈ ਉਪਲਬਧ ਹੋਣਗੀਆਂ। ਇਸ ਸੰਬੰਧੀ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਅਤੇ ਰਾਜ ਦੇ ਹੋਰ ਵਿਕਾਸ ਅਥਾਰਿਟੀਆਂ 12 ਮਾਰਚ ਨੂੰ ਈ-ਨਿਲਾਮੀ ਸ਼ੁਰੂ ਕਰਨਗੀਆਂ ਅਤੇ ਇਹ ਨਿਲਾਮੀ 22 ਮਾਰਚ ਨੂੰ ਖ਼ਤਮ ਹੋਵੇਗੀ।

ਇਸ ਨਿਲਾਮੀ ਦੇ ਤਹਿਤ ਗਰੁੱਪ ਹਾਊਸਿੰਗ, ਸਕੂਲ, ਵਪਾਰਕ ਪਲਾਟ ਅਤੇ ਹੋਰ ਜਾਇਦਾਦਾਂ, ਜਿਵੇਂ ਕਿ ਐਸ ਸੀ ਓ/ਐਸ ਸੀ ਐਫ ਅਤੇ ਬੂਥ ਆਦਿ ਨਿਲਾਮੀ ਲਈ ਉਪਲਬਧ ਹੋਣਗੇ। ਗਮਾਡਾ ਅਧਿਕਾਰੀਆਂ ਅਨੁਸਾਰ ਸਫਲ ਬੋਲੀਕਾਰ ਵੱਲੋਂ ਮੌਕੇ ਤੇ ਅੰਤਿਮ ਬੋਲੀ ਕੀਮਤ ਦਾ ਸਿਰਫ਼ 10 ਫ਼ੀਸਦੀ ਅਦਾ ਕਰ ਦਿੱਤੇ ਜਾਣ ਤੇ ਸਾਈਟਾਂ ਅਲਾਟ ਕਰ ਦਿੱਤੀਆਂ ਜਾਣਗੀਆਂ। ਬੋਲੀ ਦੀ ਰਕਮ ਦਾ 25 ਫ਼ੀਸਦੀ ਜਮ੍ਹਾਂ ਕਰਵਾਉਣ ਤੋਂ ਬਾਅਦ ਸਾਈਟਾਂ ਦਾ ਕਬਜ਼ਾ ਅਲਾਟੀਆਂ ਨੂੰ ਦੇ ਦਿੱਤਾ ਜਾਵੇਗਾ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁੱਡਾ ਅਤੇ ਹੋਰ ਖੇਤਰੀ ਵਿਕਾਸ ਅਥਾਰਟੀਆਂ ਨੇ ਸਤੰਬਰ ਅਤੇ ਅਕਤੂਬਰ 2024 ਵਿੱਚ, ਦੋ ਵਾਰ 2,000 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਸੀ।

Continue Reading

Chandigarh

ਪੰਜਾਬ ਵਿੱਚ ਫਿਰ ਬਦਲੇਗਾ ਮੌਸਮ, 12 ਅਤੇ 13 ਮਾਰਚ ਨੂੰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ

Published

on

By

 

ਚੰਡੀਗੜ੍ਹ, 8 ਮਾਰਚ (ਸ.ਬ.) ਪੰਜਾਬ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ 30 ਡਿਗਰੀ ਨੂੰ ਪਾਰ ਕਰ ਜਾਵੇਗਾ। ਇਸ ਦੌਰਾਨ 9 ਮਾਰਚ ਤੋਂ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਰਿਹਾ ਹੈ। ਜਿਸ ਕਾਰਨ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 3 ਦਿਨਾਂ ਵਿੱਚ ਤਾਪਮਾਨ 4 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ।ਮੌਸਮ ਕੇਂਦਰ ਮੁਤਾਬਕ ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਹਰ ਰੋਜ਼ ਧੁੱਪ ਨਿਕਲ ਰਹੀ ਹੈ। ਆਉਣ ਵਾਲੇ 4 ਦਿਨਾਂ ਵਿੱਚ ਵੀ ਧੁੱਪ ਨਿਕਲਣ ਦੀ ਸੰਭਾਵਨਾ ਹੈ। ਜਿਸ ਕਾਰਨ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.8 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਹਾਲਾਂਕਿ ਇਹ ਆਮ ਨਾਲੋਂ 1.6 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫ਼ਰੀਦਕੋਟ ਵਿੱਚ 31.1 ਡਿਗਰੀ ਸੈਲਸੀਅਸ ਅਤੇ ਅਬੋਹਰ ਵਿੱਚ 29.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, 9 ਮਾਰਚ ਤੋਂ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਰਿਹਾ ਹੈ। ਇਸ ਦੇ ਅਸਰ ਨਾਲ ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੋ ਸਕਦੀ ਹੈ ਅਤੇ ਬਾਰਿਸ਼ ਦੀ ਵੀ ਸੰਭਾਵਨਾ ਹੈ। ਇਨ੍ਹਾਂ ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ 12 ਮਾਰਚ ਤੋਂ ਦੇਖਣ ਨੂੰ ਮਿਲੇਗਾ ਅਤੇ ਅਨੁਮਾਨ ਹੈ ਕਿ 12 ਅਤੇ 13 ਮਾਰਚ ਨੂੰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਇਨ੍ਹਾਂ ਦਿਨਾਂ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

Continue Reading

Chandigarh

ਪੰਜਾਬ ਪੁਲੀਸ ਵਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਕਾਰਕੁੰਨ ਗ੍ਰਿਫ਼ਤਾਰ, ਚਾਰ ਪਿਸਤੌਲ ਬਰਾਮਦ

Published

on

By

 

ਟਾਰਗੇਟ ਕਿਲਿੰਗ ਦੀ ਵੱਡੀ ਵਾਰਦਾਤ ਨਾਕਾਮ ਕਰਨ ਦਾ ਦਾਅਵਾ

ਚੰਡੀਗੜ੍ਹ, 7 ਮਾਰਚ (ਸ.ਬ.) ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.), ਦੀ ਹਮਾਇਤ ਵਾਲੇ ਅੱਤਵਾਦੀ ਮਾਡਿਊਲ ਦੇ ਤਿੰਨ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਵਿੱਚ ਟਾਰਗੇਟ ਕਿਲਿੰਗ ਦੀ ਇੱਕ ਵੱਡੀ ਵਾਰਦਾਤ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਨੌਸ਼ਹਿਰਾ ਕਲਾਂ ਦੇ ਰਹਿਣ ਵਾਲੇ ਜਗਰੂਪ ਸਿੰਘ, ਕਪੂਰਥਲਾ ਦੇ ਪਿੰਡ ਮਿਰਜ਼ਾਪੁਰ ਦੇ ਰਹਿਣ ਵਾਲੇ ਸੁਖਜੀਤ ਸਿੰਘ ਅਤੇ ਤਰਨਤਾਰਨ ਦੇ ਪਿੰਡ ਫਤਿਹਾਬਾਦ ਦੇ ਰਹਿਣ ਵਾਲੇ ਨਵਪ੍ਰੀਤ ਸਿੰਘ ਉਰਫ਼ ਨਵ ਵਜੋਂ ਹੋਈ ਹੈ। ਪੁਲੀਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4 ਪਿਸਤੌਲਾਂ-ਜਿਨ੍ਹਾਂ ਵਿਚੋਂ ਦੋ ਅਤਿ-ਆਧੁਨਿਕ ਪਿਸਤੌਲਾਂ – ਇੱਕ .30 ਬੋਰ ਪੀਐਕਸ5 ਸਟੌਰਮ (ਬਰੇਟਾ) ਅਤੇ 9 ਐਮਐਮ ਗਲੌਕ ਪਿਸਤੌਲ – ਅਤੇ ਦੋ ਦੇਸੀ ਪਿਸਤੌਲਾਂ – .30 ਬੋਰ ਅਤੇ .32 ਬੋਰ ਸਮੇਤ ਚਾਰ ਮੈਗਜ਼ੀਨ ਅਤੇ 22 ਕਾਰਤੂਸ ਬਰਾਮਦ ਕੀਤੇ ਹਨ।

ਡੀ ਜੀ ਪੀ, ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗਿਰੋਹ ਅਮਰੀਕਾ ਸਥਿਤ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਵਾਸ਼ਹਿਰੀਆ ਵੱਲੋਂ ਚਲਾਇਆ ਜਾ ਰਿਹਾ ਸੀ, ਜੋ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਕਰੀਬੀ ਸਾਥੀ ਹੈ ਅਤੇ ਉਸ ਦੀ ਮਿਲੀਭੁਗਤ ਨਾਲ ਕੰਮ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਗੋਪੀ ਨਵਾਸ਼ਹਿਰੀਆ ਆਪਣੇ ਗ੍ਰੀਸ ਸਥਿਤ ਸਾਥੀ ਲਾਡੀ ਬਾਕਾਪੁਰੀਆ ਦੀ ਮਦਦ ਨਾਲ ਨੌਜਵਾਨਾਂ ਨੂੰ ਸੂਬੇ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪ੍ਰੇਰਿਤ ਕਰ ਰਿਹਾ ਸੀ।

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਏ. ਆਈ. ਜੀ. ਸੀ.ਆਈ. ਜਲੰਧਰ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਸੀ ਆਈ ਜਲੰਧਰ ਦੀਆਂ ਪੁਲੀਸ ਟੀਮਾਂ ਨੇ ਭਰੋਸੇਯੋਗ ਸੂਤਰਾਂ ਦੀ ਪੁਖ਼ਤਾ ਇਤਲਾਹ ਤੇ ਕਾਰਵਾਈ ਕਰਦਿਆਂ ਇੱਕ ਖੁਫੀਆ ਆਪ੍ਰੇਸ਼ਨ ਦੌਰਾਨ ਜਗਰੂਪ ਤੇ ਸੁਖਜੀਤ (ਜੋ ਜਲੰਧਰ ਦੇ ਸੂਰੀਆ ਐਨਕਲੇਵ ਵਿਖੇ ਅੰਡਰਬ੍ਰਿਜ ਨੇੜੇ ਇੱਕ ਆਲਟੋ ਕਾਰ ਵਿੱਚ ਆਪਣੇ ਦੂਜੇ ਸਾਥੀ ਦੀ ਉਡੀਕ ਕਰ ਰਹੇ ਸਨ) ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਜਗਰੂਪ ਵੱਲੋਂ ਮੁਲਜ਼ਮ ਨਵਪ੍ਰੀਤ ਦੀ ਸ਼ਮੂਲੀਅਤ ਬਾਰੇ ਕੀਤੇ ਗਏ ਖੁਲਾਸੇ ਤੋਂ ਬਾਅਦ, ਪੁਲੀਸ ਟੀਮਾਂ ਨੇ ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਏਆਈਜੀ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਜਗਰੂਪ ਸਿੰਘ ਇੱਕ ਜੁਰਾਇਮ-ਪੇਸ਼ਾ ਅਪਰਾਧੀ ਹੈ ਅਤੇ ਇਸ ਤੋਂ ਪਹਿਲਾਂ ਉਸਨੂੰ ਅੰਮ੍ਰਿਤਸਰ ਵਿੱਚ ਇੱਕ ਕਤਲ ਕੇਸ ਵਿੱਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸਬੰਧੀ ਪੁਲੀਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ (ਐਸਐਸਓਸੀ), ਅੰਮ੍ਰਿਤਸਰ ਵਿਖੇ ਐਫ਼.ਆਈ.ਆਰ ਨੰਬਰ 11 ਮਿਤੀ 02.03.2025 ਨੂੰ ਬੀਐਨਐਸ ਦੀਆਂ ਧਾਰਾਵਾਂ 113(1) ਅਤੇ 113(3) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25 (1ਬੀ) (ਏ) ਤਹਿਤ ਕੇਸ ਦਰਜ ਕੀਤਾ ਗਿਆ ਹੈ।

 

Continue Reading

Latest News

Trending