Editorial
ਆਰਥਿਕ ਤਬਾਹੀ ਤੋਂ ਬਚਣ ਲਈ ਆਪਣੇ ਖਰਚੇ ਘਟਾਉਣ ਪੰਜਾਬੀ
ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਨੂੰ ਆਰਥਿਕ ਤੌਰ ਤੇ ਦੇਸ਼ ਦੇ ਸਭ ਤੋਂ ਖੁਸ਼ਹਾਲ ਸੂਬੇ ਦਾ ਦਰਜਾ ਹਸਿਲ ਸੀ ਅਤੇ ਇੱਥੇ ਪ੍ਰਤੀ ਵਿਅਕਤੀ ਸਾਲਾਨਾ ਆਮਦਨ ਪਹਿਲੇ ਨੰਬਰ ਤੇ ਸੀ ਪਰੰਤੂ ਪਿਛਲੇ ਤਿੰਨ ਚਾਰ ਦਹਾਕਿਆਂ ਦੌਰਾਨ ਪੰਜਾਬ ਬਹੁਤ ਪਿਛੜ ਗਿਆ ਹੈ। ਹੁਣ ਇਸਦੀ ਗਿਣਤੀ ਆਰਥਿਕ ਤੌਰ ਤੇ ਬਦਹਾਲ ਸੂਬਿਆਂ ਵਿੱਚ ਹੁੰਦੀ ਹੈ ਅਤੇ ਪੰਜਾਬ ਇਸ ਵੇਲੇ ਭਾਰੀ ਕਰਜੇ ਦੀ ਮਾਰ ਹੇਠ ਹੈ। ਪੰਜਾਬ ਦੀ ਆਰਥਿਕਤਾ ਤਾਂ ਪਹਿਲਾਂ ਹੀ ਬਦਹਾਲ ਹੋ ਗਈ ਸੀ, ਉੱਪਰੋਂ ਪਿਛਲੇ ਸਾਲਾਂ ਦੌਰਾਨ ਕੋਰੋਨਾ ਮਹਾਮਾਰੀ ਕਾਰਨ ਆਈ ਆਰਥਿਕ ਬਦਹਾਲੀ ਨੇ ਲੋਕਾਂ ਦੀ ਹਾਲਤ ਹੋਰ ਵੀ ਪਤਲੀ ਕਰ ਦਿੱਤੀ ਹੈ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਦਾ ਕੰਮ ਕਾਜ ਪ੍ਰਭਾਵਿਤ ਹੋਇਆ ਅਤੇ ਉਹਨਾਂ ਦੀ ਆਮਦਨੀ ਦੇ ਸਾਧਨ ਵੀ ਬਹੁਤ ਘੱਟ ਜਾਣ ਕਾਰਨ ਲੋਕਾਂ ਲਈ ਆਪਣੇ ਜਰੂਰੀ ਖਰਚੇ ਪੂਰੇ ਕਰਨੇ ਤਕ ਔਖੇ ਹੋ ਚੁੱਕੇ ਹਨ।
ਇਸ ਵੇਲੇ ਹਾਲਾਤ ਇਹ ਹਨ ਕਿ ਆਮ ਲੋਕਾਂ ਦੀ ਆਮਦਨ ਤਾਂ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਗਈ ਹੈ ਪਰੰਤੂ ਉਹਨਾਂ ਦੇ ਖਰਚੇ ਪਹਿਲਾਂ ਵਰਗੇ ਹੀ ਹਨ। ਉੱਪਰੋਂ ਸਰਕਾਰ ਵਲੋਂ ਲਗਾਏ ਜਾਂਦੇ ਭਾਰੀ ਭਰਕਮ ਟੈਕਸਾਂ ਦੀ ਮਾਰ ਅਤੇ ਲਗਾਤਾਰ ਵੱਧਦੀ ਮਹਿੰਗਾਈ ਆਮ ਲੋਕਾਂ ਨੂੰ ਆਰਥਿਕ ਤਬਾਹੀ ਵੱਲ ਲਿਜਾ ਰਹੀ ਹੈ। ਤਰਾਸਦੀ ਇਹ ਵੀ ਹੈ ਕਿ ਆਰਥਿਕ ਬਦਹਾਲੀ ਦੇ ਇਸ ਦੌਰ ਵਿੱਚ ਵੀ ਪੰਜਾਬੀ ਫੋਕੀ ਚੌਧਰ ਵਿਖਾਉਣ ਲਈ ਕਈ ਵੱਡੇ ਖਰਚੇ ਸਹੇੜ ਰਹੇ ਹਨ ਜਿਹਨਾਂ ਵਾਸਤੇ ਉਹਨਾਂ ਨੂੰ ਭਾਰੀ ਕਰਜਾ ਲੈਣਾ ਪੈਂਦਾ ਹੈ। ਅੱਜ ਕੱਲ ਹੋਣ ਵਾਲੇ ਆਲੀਸ਼ਾਨ ਵਿਆਹ ਅਤੇ ਭੋਗ ਸਮਾਗਮ ਇਸਦੀ ਸਭਤੋਂ ਵੱਡੀ ਮਿਸਾਲ ਹਨ ਅਤੇ ਪੰਜਾਬੀ ਇੱਕ ਦੂਜੇ ਦੀ ਦੇਖਾਦੇਖੀ ਪਹਿਲਾਂ ਦਿਲ ਖੋਲ੍ਹ ਕੇ ਖਰਚਾ ਕਰਦੇ ਹਨ ਅਤੇ ਫਿਰ ਕਰਜਾਈ ਹੋ ਕੇ ਸਾਰੀ ਉਮਰ ਇਹ ਕਰਜਾ ਲਾਹੁੰਦੇ ਰਹਿੰਦੇ ਹਨ ਪਰੰਤੂ ਕਰਜੇ ਦੀ ਇਹ ਪੰਡ ਲਗਾਤਾਰ ਭਾਰੀ ਅਤੇ ਹੋਰ ਭਾਰੀ ਹੀ ਹੁੰਦੀ ਰਹਿੰਦੀ ਹੈ।
ਪੰਜਾਬੀਆਂ ਦੀ ਫੋਕੀ ਚੌਧਰ ਹਾਸਿਲ ਕਰਨ ਦੀ ਇਹ ਚਾਹਤ ਘਰ ਫੂਕ ਕੇ ਤਾਮਸ਼ਾ ਵੇਖਣ ਵਰਗੀ ਹੈ। ਅੱਜ ਕੱਲ ਲੋਕ ਆਪਣੇ ਬੱਚਿਆਂ ਦੇ ਵਿਆਹ ਸਮਾਗਮਾਂ ਦੌਰਾਨ ਲੱਖਾਂ ਨਹੀਂ ਬਲਕਿ ਕਰੋੜਾਂ ਖਰਚਨ ਤੇ ਜਾਂਦੇ ਹਨ। ਲੋਕਾਂ ਵਲੋਂ ਆਪਣੇ ਬੱਚਿਆਂ ਦੇ ਵਿਆਹ ਸਮਾਗਮ ਹੁਣ ਵੱਡੇ (ਅਤੇ ਮਹਿੰਗੇ) ਮੈਰਿਜ ਪੈਲਿਸਾਂ ਵਿੱਚ ਕਰਵਾਏ ਜਾਂਦੇ ਹਨ ਜਿਹਨਾਂ ਦਾ ਕਿਰਾਇਆ ਹੀ ਲੱਖਾਂ ਵਿੱਚ ਹੁੰਦਾ ਹੈ। ਇਸਤੋਂ ਇਲਾਵਾ ਕਪੜੇ, ਗਹਿਣੇ, ਮਿਠਾਈਆਂ ਅਤੇ ਹੋਰ ਲੈਣ ਦੇਣ ਕਰਨ ਵੇਲੇ ਪੰਜਾਬੀ ਖੁਦ ਨੂੰ ਜਿਵੇਂ ਮਹਾਰਾਜੇ ਹੀ ਸਮਝਦੇ ਹਨ ਅਤੇ ਹਰ ਚੀਜ ਤੇ ਦਿਲ ਖੋਲ੍ਹ ਕੇ ਖਰਚਾ ਕੀਤਾ ਜਾਂਦਾ ਹੈ। ਲੋਕਾਂ ਵਲੋਂ ਆਰਥਿਕ ਸਥਿਤੀ ਕਮਜੋਰ ਹੋਣ ਦੇ ਬਾਵਜੂਦ ਇਕ ਵਿਆਹ ਲਈ ਕਈ ਕਈ ਮਹਿੰਗੇ ਸਮਾਗਮ ਕੀਤੇ ਜਾਂਦੇ ਹਨ ਜਿਹਨਾਂ ਦੌਰਾਨ ਵੱਡੀਆਂ ਆਲੀਸ਼ਾਨ ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਵਿਆਹ ਤੋਂ ਪਹਿਲਾਂ ਹੋਣ ਵਾਲੇ ਪ੍ਰੀ ਵੈਡਿੰਗ ਸ਼ੂਟ ਤੇ ਹੀ ਹੁਣ ਲੱਖਾਂ ਰੁਪਏ ਖਰਚ ਹੋ ਜਾਂਦੇ ਹਨ।
ਤਰਾਸਦੀ ਇਹ ਵੀ ਹੈ ਕਿ ਜਿਆਦਾਤਰ ਲੋਕਾਂ ਵਲੋਂ ਇਕ ਦੂਜੇ ਦੀ ਦੇਖਾਦੇਖੀ ਕੀਤੇ ਜਾਣ ਵਾਲੇ ਇਹ ਵਿਆਹ ਸਮਾਗਮ ਕਰਜੇ ਲੈ ਕੇ ਆਯੋਜਿਤ ਕੀਤੇ ਜਾਂਦੇ ਹਨ। ਇਸ ਵਾਸਤੇ ਜਿੱਥੇ ਸ਼ਹਿਰੀ ਲੋਕ ਆਪਣੇ ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਅਤੇ ਬੈਂਕਾਂ ਤੋਂ ਵੀ ਕਰਜੇ ਲਂਦੇ ਹਨ ਉੱਥੇ ਕਿਸਾਨਾਂ ਵਲੋਂ ਤਾਂ ਇਸ ਵਾਸਤੇ ਅਕਸਰ ਆੜਤੀਆਂ ਤੋਂ ਭਾਰੀ ਵਿਆਜ ਤੇ ਕਰਜਾ ਚੁੱਕਿਆ ਜਾਂਦਾ ਹੈ ਜਿਸਦੀ ਭਰਪਾਈ ਬਹੁਤ ਔਖੀ ਹੁੰਦੀ ਹੈ। ਹਾਲਾਂਕਿ ਲੋਕ ਆਪਣੇ ਬੱਚਿਆਂ ਦੇ ਵਿਆਹ ਸਮਾਗਮਾਂ ਲਈ ਕੁੱਝ ਨਾ ਕੁੱਝ ਰਕਮ ਜੋੜ ਕੇ ਰੱਖਦੇ ਹਨ ਪਰੰਤੂ ਅੱਜ ਕਲ ਮਹਿੰਗਾਈ ਇੰਨੀ ਜਿਆਦਾ ਵੱਧ ਗਈ ਹੈ ਕਿ ਉਹ ਰਕਮ ਇੰਨੇ ਭਾਰੀ ਖਰਚਿਆਂ ਵਾਸਤੇ ਪੂਰੀ ਨਹੀਂ ਪੈਂਦੀ ਅਤੇ ਲੋਕਾਂ ਨੂੰ ਕਰਜੇ ਲੈਣ ਲਈ ਮਜਬੂਰ ਹੋਣਾ ਹੀ ਪੈਂਦਾ ਹੈ।
ਸਿਰਫ ਵਿਆਹ ਹੀ ਨਹੀਂ ਬਲਕਿ ਅੱਜਕੱਲ ਧਾਰਮਿਕ ਸਮਾਗਮਾਂ ਤੇ ਵੀ ਪੰਜਾਬੀ ਵੱਡਾ ਖਰਚਾ ਕਰਦੇ ਹਨ। ਖੁਸ਼ੀ ਦੇ ਮੌਕੇ ਕਰਵਾਏ ਜਾਂਦੇ ਧਾਰਮਿਕ ਸਮਾਗਮ ਦੌਰਾਨ ਤਾਂ ਲੋਕ ਵਿਆਹ ਵਰਗਾ ਖਾਣਾ ਤਿਆਰ ਕਰਵਾਉਂਦੇ ਹੀ ਹਨ, ਹੁਣ ਤਾਂ ਲੋਕ ਆਪਣੇ ਕਿਸੇ ਬਜੁਰਗ ਦੇ ਭੋਗ ਜਾਂ ਬਰਸੀ ਸਮਾਗਮ ਮੌਕੇ ਵੀ ਵੱਡੇ ਖਰਚਾ ਕਰਦੇ ਹਨ। ਇਸ ਤੋਂ ਇਲਾਵਾ ਪੰਜਾਬੀਆਂ ਨੂੰ ਨਵੇਂ, ਮਹਿੰਗੇ ਅਤੇ ਵੱਡੇ ਆਕਾਰੀ ਵਾਹਨ ਲੈਣ ਦਾ ਸ਼ੌਂਕ ਵੀ ਹੈੇ ਅਤੇ ਜਿਆਦਾਤਰ ਲੋਕ ਕਰਜਾ ਲੈ ਕੇ ਜਾਂ ਕਿਸ਼ਤਾਂ ਤੇ ਨਵੇਂ ਅਤੇ ਵੱਡੇ ਮਹਿੰਗੇ ਵਾਹਨ ਖਰੀਦਦੇ ਹਨ ਅਤੇ ਦੋ ਤਿੰਨ ਸਾਲਾਂ ਬਾਅਦ ਮੁੜ ਪੁਰਾਣੇ ਵਾਹਨਾਂ ਨੂੰ ਵੇਚ ਕੇ ਹੋਰ ਨਵੇਂ ਅਤੇ ਮਹਿੰਗੇ ਵਾਹਨ ਖਰੀਦਦੇ ਰਹਿੰਦੇ ਹਨ ਜਿਸ ਕਰਕੇ ਉਹਨਾਂ ਦੀ ਕਰਜੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਰਹਿੰਦੀ ਹੈ। ਅਜਿਹੇ ਹੋਰ ਵੀ ਕਈ ਵੱਡੇ ਖਰਚੇ ਹਨ, ਜਿਹਨਾਂ ਤੋਂ ਬਚਿਆ ਜਾ ਸਕਦਾ ਹੈ ਜਾਂ ਇਹਨਾਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਆਦਾਤਰ ਪੰਜਾਬੀਆਂ ਵਲੋਂ ਆਪਣੇ ਖਰਚੇ ਖੁਦ ਹੀ ਵਧਾਏ ਗਏ ਹਨ, ਜਿਸ ਕਾਰਨ ਉਹ ਲਗਾਤਾਰ ਕਰਜਾਈ ਹੋ ਰਹੇ ਹਨ। ਹੁਣ ਜਦੋਂ ਲੋਕਾਂ ਦੀ ਆਮਦਨ ਘੱਟ ਗਈ ਹੈ ਤਾਂ ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਖਰਚਿਆਂ ਵਿੱਚ ਕਮੀ ਲਿਆਉਣ। ਵਿਆਹ, ਭੋਗ ਅਤੇ ਹੋਰ ਸਮਾਗਮਾਂ ਤੇ ਲੱਖਾਂ ਰੁਪਏ ਖਰਚਣ ਦੀ ਥਾਂ ਇਹ ਸਮਾਗਮ ਸਾਦੇ ਕਰਵਾਏ ਜਾ ਸਕਦੇ ਹਨ ਜਾਂ ਬਹੁਤ ਵੱਡੇ ਪੱਧਰ ਤੇ ਸਮਾਗਮ ਨਾ ਕਰਕੇ ਵੀ ਕਾਫੀ ਰਕਮ ਬਚਾਈ ਜਾ ਸਕਦੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਆਮਦਨੀ ਦੇ ਹਿਸਾਬ ਨਾਲ ਪੈਸਾ ਖਰਚ ਕਰਨ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਵੱਧ ਮਿਹਨਤ ਕਰਨ ਤਾਂ ਜੋ ਉਹਨਾਂ ਨੂੰ ਹੋਰ ਕਰਜੇ ਲੈਣ ਲਈ ਮਜਬੂਰ ਨਾ ਹੋਣਾ ਪਵੇ।
Editorial
ਹੋਲੀ ਮੌਕੇ ਹੁੰਦੀ ਕੈਮੀਕਲ ਰੰਗਾਂ ਦੀ ਵਿਕਰੀ ਤੇ ਸਖਤੀ ਨਾਲ ਰੋਕ ਲੱਗੇ
ਹੋਲੀ ਮੌਜਮਸਤੀ ਦਾ ਤਿਉਹਾਰ ਹੈ ਅਤੇ ਲੋਕ ਇਸਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਇਸ ਦਿਨ ਲੋਕ ਪੁਰਾਣੀ ਦੁਸ਼ਮਣੀ ਭੁਲਾ ਕੇ ਅਤੇ ਇੱਕ ਦੂਜੇ ਤੇ ਰੰਗ ਪਾ ਕੇ ਗਲੇ ਲੱਗਦੇ ਹਨ ਅਤੇ ਇਕੱਠੇ ਹੋ ਕੇ ਖੁਸ਼ੀਆਂ ਮਣਾਉਂਦੇ ਹਨ। ਹੋਲੀ ਦਾ ਤਿਉੁਹਾਰ ਇਸੇ ਹਫਤੇ ਮਣਾਇਆ ਜਾਣਾ ਹੈ ਅਤੇ ਬਾਜਾਰਾਂ ਵਿੱਚ ਹੋਲੀ ਦੌਰਾਨ ਵਰਤੋਂ ਵਿੱਚ ਲਿਆਂਦੇ ਜਾਣ ਵਾਲੇ ਸਮਾਨ ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ। ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਦੁਕਾਨਦਾਰਾਂ ਵਲੋਂ ਹੋਲੀ ਨਾਲ ਸਬੰਧਿਤ ਸਮਾਨ ਅਤੇ ਵੱਖ ਵੱਖ ਤਰਾਂ ਦੇ ਰੰਗ ਸਜਾ ਕੇ ਵੇਚਣ ਲਈ ਦੁਕਾਨਾਂ ਸਜਾ ਲਈਆਂ ਗਈਆਂ ਹਨ ਅਤੇ ਇਸ ਦੌਰਾਨ ਲੋਕਾਂ ਵਲੋਂ ਹੋਲੀ ਦਾ ਸਾਮਾਨ ਵੇਚਣ ਵਾਲੀਆਂ ਇਹਨਾਂ ਦੁਕਾਨਾਂ ਤੇ ਲੋਕਾਂ ਵਲੋਂ ਖਰੀਦਦਾਰੀ ਵੀ ਕੀਤੀ ਜਾ ਰਹੀ ਹੈ।
ਹਰ ਸਾਲ ਅਜਿਹਾ ਵੇਖਣ ਵਿੱਚ ਆਉਂਦਾ ਹੈ ਕਿ ਹੋਲੀ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਲੋਕਾਂ ਵਲੋਂ ਆਮ ਰੰਗਾਂ ਦੀ ਥਾਂ ਕੈਮੀਕਲ ਵਾਲੇ ਜਾਂ ਤੇਜ ਅਸਰ ਵਾਲੇ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਹੈ। ਇਹ ਰੰਗ ਬਹੁਤ ਪੱਕੇ ਹੁੰਦੇ ਹਨ ਅਤੇ ਕਈ ਕਈ ਦਿਨ ਤਕ ਨਹੀਂ ਉਤਰਦੇ। ਇਸਦੇ ਨਾਲ ਹੀ ਇਹ ਰੰਗ ਮਨੁਖ ਦੀ ਚਮੜੀ ਲਈ ਵੀ ਬਹੁਤ ਖਤਰਨਾਕ ਹੁੰਦੇ ਹਨ ਅਤੇ ਇਹਨਾਂ ਕਾਰਨ ਅਕਸਰ ਲੋਕਾਂ ਨੂੰ ਐਲਰਜੀ ਹੋ ਜਾਂਦੀ ਹੈ ਜਾਂ ਉਹਨਾਂ ਦੀ ਚਮੜੀ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ। ਕਈ ਵਿਅਕਤੀਆਂ ਉਪਰ ਇਸ ਤਰਾਂ ਦੇ ਰੰਗ ਸੁੱਟਣ ਕਾਰਨ ਉਹਨਾਂ ਦੀ ਚਮੜੀ ਜਲਣ ਲੱਗਦੀ ਹੈ ਅਤੇ ਚਮੜੀ ਵਿਚ ਖਾਰਸ ਹੋਣ ਲੱਗਦੀ ਹੈ। ਕਈ ਕਈ ਦਿਨ ਤਕ ਨਾ ਉਤਰਨ ਵਾਲੇ ਇਹਨਾਂ ਰੰਗਾਂ ਕਾਰਨ ਲੋਕਾਂ ਦੀ ਚਮੜੀ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਉਹਨਾਂ ਦੇ ਕਪੜਿਆਂ ਤੇ ਚੜ੍ਹਿਆ ਇਹ ਪੱਕਾ ਰੰਗ ਉਤਰਦਾ ਹੀ ਨਹੀਂ ਹੈ। ਇਸ ਦੌਰਾਨ ਇਨਾਂ ਰੰਗਾਂ ਨੂੰ ਉਤਾਰਨ ਦੇ ਚੱਕਰ ਵਿੱਚ ਅਕਸਰ ਕਪੜੇ ਜਰੂਰ ਬਦਰੰਗ ਜਿਹੇ ਜਰੂਰ ਹੋ ਜਾਂਦੇ ਹਨ।
ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਤਰਾਂ ਦੇ ਕੈਮੀਕਲ ਅਤੇ ਤੇਜ ਅਸਰ ਵਾਲੇ ਰੰਗ ਭਾਰਤ ਵਿੱਚ ਨਹੀਂ ਬਣਦੇ ਅਤੇ ਇਹਨਾਂ ਨੂੰ ਚੀਨ ਤੋਂ ਮੰਗਾਇਆ ਜਾਂਦਾ ਹੈ। ਇਹਨਾਂ ਲੋਕਾਂ ਦੀ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਇਨਾਂ ਰੰਗਾਂ ਨੂੰ ਵੇਚਣ ਵਾਲੇ ਹੀ ਜਾਣਦੇ ਹੋਣਗੇ, ਪਰ ਇੰਨਾ ਜਰੂਰ ਕਿਹਾ ਜਾ ਸਕਦਾ ਹੈ ਕਿ ਇਹਨਾਂ ਰੰਗਾਂ ਕਾਰਨ ਅਕਸਰ ਲੋਕ ਪ੍ਰੇਸ਼ਾਨ ਹੁੰਦੇ ਹਨ ਅਤੇ ਕਈ ਤਰਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦ ੇਹਨ। ਇਸ ਤੋਂ ਇਲਾਵਾ ਹੋਲੀ ਮੌਕੇ ਕੁਝ ਸ਼ਰਾਰਤੀ ਅਨਸਰ ਰੰਗਾਂ ਦੇ ਨਾਲ ਕਾਲੇ ਤੇਲ, ਗਰੀਸ ਅਤੇ ਅਜਿਹੇ ਹੋਰ ਪਦਾਰਥਾਂ ਨੂੰ ਮਿਲਾ ਕੇ ਦੂਜਿਆਂ ਦੇ ਸ਼ਰੀਰ ਉਪਰ ਮਲ ਦਿੰਦੇ ਹਨ। ਜਿਸ ਵਿਅਕਤੀ ਦੇ ਸ਼ਰੀਰ ਉੱਪਰ ਇਹ ਗੰਦਗੀ ਮਲੀ (ਜਾਂ ਸੁੱਟੀ) ਜਾਂਦੀ ਹੈ ਉਸਨੂੰ ਭਾਰੀ ਤਕਲੀਫ ਸਹਿਣੀ ਪੈਂਦੀ ਹੈ। ਪਰੰਤੂ ਅਜਿਹਾ ਕਰਨ ਵਾਲੇ ਦੂਜਿਆਂ ਨੂੰ ਤਕਲੀਫ ਦੇ ਕੇ ਹੋਰ ਵੀ ਖੁਸ਼ ਹੁੰਦੇ ਹਨ। ਅਜਿਹੇ ਲੋਕ ਅਸਲ ਵਿੱਚ ਮਾਨਸਿਕ ਰੋਗੀ ਹੁੰਦੇ ਹਨ, ਜਿਹੜੇ ਦੂਜੇ ਲੋਕਾਂ ਨੰ ਦੁਖ ਪਹੁੰਚਾਊਣ ਲਈ ਕਿਸੇ ਨਾ ਕਿਸੇ ਬਹਾਨੇ ਦੀ ਭਾਲ ਵਿੱਚ ਰਹਿੰਦੇ ਹਨ ਅਤੇ ਹੋਲੀ ਮੌਕੇ ਆਪਣੀਆਂ ਕਾਰਵਾਈਆਂ ਨਾਲ ਹੋਰਨਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ।
ਹੋਲੀ ਮੌਕੇ ਜਿਹੜੇ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਹੈ, ਉਹਨਾਂ ਰੰਗਾਂ ਵਿੱਚ ਮਿਲਾਵਟ ਵੀ ਕੀਤੀ ਜਾਂਦੀ ਹੈ ਅਤੇ ਕੁੱਝ ਲਾਲਚੀ ਕਿਸਮ ਦੇ ਦੁਕਾਨਦਾਰ ਵਧੇਰੇ ਮੁਨਾਫਾ ਕਮਾਉਣ ਲਈ ਅਸਲੀ ਰੰਗਾਂ ਵਿਚ ਨਕਲੀ ਰੰਗ ਮਿਲਾਉਂਦੇ ਹਨ ਜਾਂ ਫਿਰ ਅਸਲੀ ਕਹਿ ਕੇ ਨਕਲੀ ਰੰਗ ਵੇਚ ਦਿੰਦੇ ਹਨ। ਅਜਿਹਾ ਕਰਕੇ ਇਹ ਦੁਕਾਨਦਾਰ ਖੁਦ ਤਾਂ ਮੋਟੀ ਕਮਾਈ ਕਰਦੇ ਹਨ ਪਰ ਇਹ ਲੋਕ ਦੂਜਿਆਂ ਨੂੰ ਨਕਲੀ ਰੰਗਾਂ ਦੇ ਰੂਪ ਵਿੱਚ ਬਿਮਾਰੀਆਂ ਵੇਚਦੇ ਹਨ। ਆਮ ਲੋਕਾਂ ਨੂੰ ਪਤਾ ਹੀ ਨਹੀਂ ਚਲਦਾ ਕਿ ਉਹ ਹੋਲੀ ਖੇਡਣ ਲਈ ਜਿਹੜੇ ਰੰਗ ਲੈ ਕੇ ਦੇ ਰਹੇ ਹਨ, ਉਹ ਅਸਲੀ ਹਨ ਜਾਂ ਨਕਲੀ। ਇਹਨਾਂ ਰੰਗਾਂ ਵਿਚ ਕੀਤੀ ਗਈ ਮਿਲਾਵਟ ਦਾ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਅਤੇ ਲੋਕਾਂ ਨੂੰ ਆਪਣੇ ਬੱਚਿਆਂ ਦੀ ਜਿੱਦ ਅੱਗੇ ਝੁਕਦਿਆਂ ਉਹਨਾਂ ਦੀ ਪਸੰਦ ਦੇ ਰੰਗ ਖਰੀਦਣੇ ਪਂੈਦੇ ਹਨ। ਬੱਚਿਆ ਨੂੰ ਅਕਸਰ ਕੈਮੀਕਲ ਵਾਲੇ ਚਟਕੀਲੇ ਰੰਗ ਪਸੰਦ ਆਉਦੇ ਹਨ ਅਤੇ ਇਹਨਾਂ ਕੈਮੀਕਲ ਰੰਗਾਂ ਦੀ ਵੱਡੇ ਪੱਧਰ ਤੇ ਵਿਕਰੀ ਹੁੰਦੀ ਹੈ।
ਸਥਾਨਕ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਸ ਵਲੋਂ ਕੈਮੀਕਲ ਵਾਲੇ, ਖਤਰਨਾਕ ਅਤੇ ਨਕਲੀ ਰੰਗਾਂ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਅਤੇ ਮਾਰਕੀਟ ਵਿਚ ਸਿਰਫ ਅਸਲੀ ਰੰਗ ਵਿਕਣ ਲਈ ਰੱਖਣ ਦਿੱਤੇ ਜਾਣ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਹੋਲੀ ਮੌਕੇ ਆਪਣੀ ਜਾਣ ਪਹਿਚਾਣ ਵਾਲੇ ਦੁਕਾਨਦਾਰ ਤੋਂ ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਰੰਗ ਖਰੀਦਣ। ਪ੍ਰਸ਼ਾਸ਼ਨ ਵਲੋਂ ਹੋਲੀ ਮੌਕੇ ਰੰਗਾਂ ਤੋਂ ਇਲਾਵਾ ਹੋਰ ਵਸਤਾਂ ਦੀ ਵਰਤੋਂ ਤੇ ਨਾਲ ਸਖਤੀ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਹੋਲੀ ਦੇ ਤਿਉਹਾਰ ਮੌਕੇ ਕਿਸੇ ਨੂੰ ਪਰੇਸ਼ਾਨ ਨਾ ਹੋਣਾ ਪਵੇ।
Editorial
ਉਭਰਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹਨ ਸੀਨੀਅਰ ਖਿਡਾਰੀਆਂ ਨੂੰ ਮਿਲਦੇ ਇਨਾਮ ਸਨਮਾਨ

ਸਕੂਲੀ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦੀ ਲੋੜ
ਭਾਰਤੀ ਕ੍ਰਿਕਟ ਟੀਮ ਵੱਲੋਂ ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਉਸ ਉਤੇ ਇਨਾਮਾਂ ਸਨਮਾਨਾਂ ਦੀ ਬਰਸਾਤ ਹੋ ਰਹੀ ਹੈ। ਇਸੇ ਦੌਰਾਨ ਹਾਕੀ ਇੰਡੀਆ ਨੇ ਵੀ ਆਪਣੇ ਸੱਤਵੇਂ ਸਾਲਾਨਾ ਪੁਰਸਕਾਰਾਂ ਲਈ 12 ਕਰੋੜ ਰੁਪਏ ਦੀ ਰਿਕਾਰਡ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ।
ਇਸ ਤਰੀਕੇ ਨਾਲ ਸੀਨੀਅਰ ਖਿਡਾਰੀਆਂ ਨੂੰ ਇਨਾਮ ਸਨਮਾਨ ਮਿਲਣ ਨਾਲ ਉਭਰਦੇ ਖਿਡਾਰੀਆਂ ਵਿੱਚ ਵੀ ਕਾਫੀ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਉਹ ਵੀ ਸੀਨੀਅਰ ਖਿਡਾਰੀਆਂ ਵਾਂਗ ਹੀ ਖੇਡਾਂ ਦੇ ਖੇਤਰ ਵਿੱਚ ਨਵੀਆਂ ਮੱਲਾਂ ਮਾਰਨ ਵੱਲ ਉਤਸ਼ਾਹਿਤ ਹੁੰਦੇ ਹਨ ਅਤੇ ਉਹਨਾ ਦੀ ਖੇਡ ਕਲਾ ਵਿੱਚ ਵਾਧਾ ਹੁੰਦਾ ਹੈ।
ਖਿਡਾਰੀਆਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਅਕਸਰ ਖਿਡਾਰੀ ਸ਼ਹੀਦਾਂ ਦੇ ਬੁੱਤਾਂ ਵਾਂਗੂੰ ਫੁੱਲਾਂ ਦੇ ਹਾਰਾਂ ਜੋਗੇ ਹੀ ਰਹਿ ਜਾਂਦੇ ਹਨ ਅਤੇ ਕਈ ਖਿਡਾਰੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਆਪਣੇ ਪੱਲਿਓਂ ਪੈਸੇ ਖਰਚ ਕਰਕੇ ਖੇਡਾਂ ਦਾ ਸਾਮਾਨ ਖਰੀਦਣਾ ਪੈਂਦਾ ਹੈ। ਕਈ ਵਾਰ ਸਕੂਲਾਂ ਵਿੱਚ ਬਾਲ ਖਿਡਾਰੀਆਂ ਨੂੰ ਸਰਕਾਰ ਵੱਲੋਂ ਭੇਜਿਆ ਪੈਸਾ ਖਿਡਾਰੀਆਂ ਤੱਕ ਪਹੁੰਚਦਾ ਹੀ ਨਹੀਂ ਜਾਂ ਰੁਪਏ ਵਿੱਚੋਂ ਪੰਜੀ ਦੱਸੀ ਹੀ ਰਹਿ ਜਾਂਦਾ ਹੈ।
ਰਾਜ ਸਰਕਾਰ ਅਤੇ ਕੇਂਦਰ ਸਰਕਾਰ ਭਾਵੇਂ ਭਿਸ਼ਟਾਚਾਰ ਮੁਕਤ ਸ਼ਾਸਨ ਦੇਣ ਦੇ ਜਿੰਨੇ ਮਰਜੀ ਦਾਅਵੇ ਕਰਨ ਪਰ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਅਜੇ ਜਾਰੀ ਹੈ ਤੇ ਖੇਡਾਂ ਦਾ ਖੇਤਰ ਵਿੀ ੲਸ ਵਿੱਚ ਸ਼ਾਮਲ ਹੈ। ਕਈ ਸਕੂਲਾਂ ਦਾ ਹਾਲ ਇਹ ਹੈ ਕਿ ਉਥੇ ਸਿਰਫ ਪੜ੍ਹਾਈ ਤੇ ਹੀ ਜੋਰ ਦਿਤਾ ਜਾਂਦਾ ਹੈ ਪਰ ਖੇਡਾਂ ਲਈ ਕੋਈ ਪੀਰੀਅਡ ਨਹੀਂ ਰਖਿਆ ਜਾਂਦਾ। ਜਦੋਂ ਕਿ ਵੱਡੀ ਗਿਣਤੀ ਸਕੂਲ ਅਜਿਹੇ ਵੀ ਹਨ, ਜਿਥੇ ਕਿ ਖੇਡਾਂ ਲਈ ਵੀ ਇੱਕ ਪੀਰੀਅਡ ਰਾਖਵਾਂ ਹੁੰਦਾ ਹੈ ਅਤੇ ਉਸ ਪੀਰੀਅਡ ਵਿੱਚ ਬੱਚੇ ਪੀ ਟੀ ਆਈ ਜਾਂ ਡੀ ਪੀ ਆਈ ਦੀ ਅਗਵਾਈ ਵਿੱਚ ਖੇਡਾਂ ਖੇਡਦੇ ਹਨ। ਕਈ ਸਕੂਲਾਂ ਵਿੱਚ ਤਾਂ ਬਕਾਇਦਾ ਕਈ ਖੇਡਾਂ ਦੀਆਂ ਟੀਮਾਂ ਵੀ ਬਣਾਈਆਂ ਹੁੰਦੀਆਂ ਹਨ।
ਸਕੂਲ ਦੀ ਪੜਾਈ ਦੌਰਾਨ ਹੀ ਉਭਰਦੇ ਖਿਡਾਰੀਆਂ ਦਾ ਜਨਮ ਹੁੰਦਾ ਹੈ ਅਤੇ ਉਹ ਸਕੂਲੀ ਪੜ੍ਹਾਈ ਦੌਰਾਨ ਹੀ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨ ਲੱਗ ਪੈਂਦੇ ਹਨ। ਇਹ ਠੀਕ ਹੈ ਕਿ ਮਾਂ ਦੇ ਪੇਟ ਵਿੱਚੋਂ ਕੋਈ ਵੀ ਬੱਚਾ ਮੁਹਾਰਤ ਹਾਸਲ ਕਰਕੇ ਨਹੀਂ ਆਉਂਦੇ ਅਤੇ ਉਸ ਨੂੰ ਦੁਨੀਆਂ ਵਿੱਚ ਆ ਕੇ ਹੀ ਹਰ ਤਰ੍ਹਾਂ ਦੀ ਮੁਹਾਰਤ ਅਤੇ ਗਿਆਨ ਪ੍ਰਾਪਤ ਕਰਨਾ ਪੈਂਦਾ ਹੈ। ਇਸੇ ਲਈ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਕੂਲ ਸਭ ਤੋਂ ਵਧੀਆ ਮਾਧਿਅਮ ਹਨ।
ਸਰਕਾਰ ਵੱਲੋਂ ਸਮੇਂ ਸਮੇਂ ਤੇ ਸਕੂਲੀ ਖਿਡਾਰੀਆਂ ਦੇ ਖੇਡ ਮੇਲੇ ਵੀ ਕਰਵਾਏ ਜਾਂਦੇ ਹਨ ਅਤੇ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਇਨਾਮ ਤੇ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ। ਖੇਡਾਂ ਦੇ ਇਹ ਸਰਟੀਫਿਕੇਟ ਇਹਨਾਂ ਖਿਡਾਰੀਆਂ ਨੂੰ ਉਚੇਰੀ ਵਿਦਿਆ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵੇਲੇ ਅਤੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਵੇਲੇ ਕਾਫੀ ਕੰਮ ਆਉਂਦੇ ਹਨ। ਵੱਖ- ਵੱਖ ਵਿਭਾਗਾਂ ਵਿੱਚ ਨੌਕਰੀਆਂ ਦੀ ਭਰਤੀ ਸਮੇਂ ਅਕਸਰ ਖਿਡਾਰੀਆਂ ਨੂੰ ਰੱਖਣ ਵਿੱਚ ਪਹਿਲ ਦਿਤੀ ਜਾਂਦੀ ਹੈ ਜਾਂ ਖੇਡ ਕੋਟਾ ਵੱਖਰਾ ਰਖਿਆ ਜਾਂਦਾ ਹੈ।
ਜਦੋਂ ਸੀਨੀਅਰ ਖਿਡਾਰੀਆਂ ਵੱਲੋਂ ਕੋਈ ਅੰਤਰਰਾਸ਼ਟਰੀ ਮੈਚ ਜਿੱਤਣ ਜਾਂ ਟਰਾਫੀ ਜਿੱਤਣ ਤੋਂ ਬਾਅਦ ਉਹਨਾਂ ਦੀਆਂ ਤਸਵੀਰਾਂ ਅਖਬਾਰਾਂ ਵਿੱਚ ਛਪਦੀਆਂ ਹਨ ਜਾਂ ਟੀ ਵੀ ਚੈਨਲਾਂ ਤੇ ਦਿਖਾਈਆਂ ਜਾਂਦੀਆਂ ਹਨ ਤਾਂ ਉਭਰਦੇ ਖਿਡਾਰੀਆਂ ਵਿੱਚ ਵੀ ਸੀਨੀਅਰ ਖਿਡਾਰੀਆਂ ਵਰਗੇ ਬਣਨ ਦਾ ਦਿਲ ਕਰਦਾ ਹੈ ਅਤੇ ਉਹ ਵੀ ਸੀਨੀਅਰ ਖਿਡਾਰੀਆਂ ਵਾਂਗ ਹੀ ਖੇਡ ਪ੍ਰਾਪਤੀਆਂ ਕਰਨ ਲਈ ਸਖਤ ਮਿਹਨਤ ਕਰਦੇ ਹਨ। ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਜਦੋਂ ਸੀਨੀਅਰ ਖਿਡਾਰੀ ਕੋਈ ਆਲਮੀ ਮੁਕਾਬਲਾ ਜਾਂ ਟਰਾਫੀ ਜਿੱਤਦੇ ਹਨ ਤਾਂ ਉਹ ਖੁਸ਼ੀ ਵਿੱਚ ਭੰਗੜੇ ਪਾਉਂਦੇ ਹਨ ਅਤੇ ਖੇਡ ਮੈਦਾਨ ਦਾ ਜੇਤੂ ਗੇੜਾ ਲਾਉਂਦੇ ਹਨ। ਇਨਾਮ ਅਤੇ ਟਰਾਫੀ ਲੈਣ ਸਮੇਂ ਵੀ ਸੀਨੀਅਰ ਖਿਡਾਰੀਆਂ ਦੀ ਖੁਸ਼ੀ ਵੇਖਣ ਵਾਲੀ ਹੁੰਦੀ ਹੈ। ਇਹਨਾਂ ਖਿਡਾਰੀਆਂ ਦੀ ਖੁਸ਼ੀ ਵੇਖ ਕੇ ਉਭਰਦੇ ਬਾਲ ਖਿਡਾਰੀ ਵੀ ਕਾਫੀ ਉਤਸ਼ਾਹਿਤ ਹੁੰਦੇ ਹਨ ਅਤੇ ਉਹ ਸੋਚਦੇ ਹਨ ਕਿ ਇਕ ਦਿਨ ਅਜਿਹਾ ਆਵੇਗਾ ਕਿ ਉਹਨਾਂ ਦੀਆਂ ਤਸਵੀਰਾਂ ਵੀ ਇਸੇ ਤਰਾਂ ਇਨਾਮ ਸਨਮਾਨ ਲੈਂਂਦਿਆਂ ਦੀਆਂ ਟੀ ਵੀ ਚੈਨਲਾਂ ਅਤੇ ਅਖਬਾਰਾਂ ਵਿੱਚ ਆਉਣਗੀਆਂ।
ਭਾਰਤ ਵਿੱਚ ਖਿਡਾਰੀਆਂ ਦੀ ਕਮੀ ਨਹੀਂ ਹੈ ਤੇ ਨਾ ਹੀ ਖੇਡ ਕਲਾ ਦੀ ਕਮੀ ਹੈ। ਅਸਲ ਵਿੱਚ ਵੱਡੀ ਗਿਣਤੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਦੀ ਥਾਂ ਪੜਾਈ ਵੱਲ ਹੀ ਸਾਰਾ ਧਿਆਨ ਦੇਣ ਲਈ ਕਿਹਾ ਜਾਂਦਾ ਹੈ, ਜਦੋਂ ਕਿ ਸਿਹਤ ਮਾਹਿਰ ਕਹਿੰਦੇ ਹਨ ਕਿ ਖੇਡਾਂ ਵਿੱਚ ਹਿਸਾ ਲੈਣ ਵਾਲਾ ਵਿਦਿਆਰਥੀ ਤੰਦਰੁਸਤ ਹੁੰਦਾ ਹੈ ਅਤੇ ਤੰਦਰੁਸਤ ਰਹਿਣ ਕਾਰਨ ਉਹ ਖੇਡਾਂ ਦੇ ਨਾਲ ਪੜ੍ਹਾਈ ਵਿੱਚ ਵੀ ਅੱਵਲ ਆਉਂਦਾ ਹੈ।
ਚਾਹੀਦਾ ਤਾਂ ਇਹ ਹੈ ਕਿ ਬਾਲ ਖਿਡਾਰੀਆਂ ਨੂੰ ਚੰਗੀ ਤਰ੍ਹਾਂ ਤਰਾਸ਼ਿਆ ਜਾਵੇ ਅਤੇ ਸਕੂਲਾਂ ਵਿੱਚ ਪੜਾਈ ਦੇ ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿਤਾ ਜਾਵੇ। ਸਕੂੁਲੀ ਪੜਾਈ ਵਿੱਚ ਸੀਨੀਅਰ ਖਿਡਾਰੀਆਂ ਦੀਆਂ ਜੀਵਨੀਆਂ ਵੀ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਇਨਾਂ ਜੀਵਨੀਆਂ ਨੂੰ ਪੜ ਕੇ ਬੱਚੇ ਵੀ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਹੋਣ।
ਬਿਊਰੋ
Editorial
ਹੋਰ ਵੀ ਉਲਝ ਗਈ ਅਕਾਲੀ ਦਲ ਦੀ ਪਹਿਲਾਂ ਤੋਂ ਹੀ ਉਲਝੀ ਤਾਣੀ

ਮਜੀਠੀਆ ਦੀ ਬਿਆਨਬਾਜੀ ਤੋਂ ਬਾਅਦ ਹੋਰ ਡੂੰਘਾ ਹੋਇਆ ਅਕਾਲੀ ਦਲ ਦਾ ਸੰਕਟ
ਅਕਾਲੀ ਦਲ ਬਾਦਲ ਦਾ ਸੰਕਟ ਹਲ ਹੋਣ ਦੀ ਥਾਂ ਦਿਨੋਂ ਦਿਨ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ ਅਤੇ ਇਸਦੇ ਨੇੜੇ ਭਵਿੱਖ ਵਿੱਚ ਹਲ ਹੋਣ ਦੇ ਆਸਾਰ ਦਿਖਾਈ ਨਹੀਂ ਦੇ ਰਹੇ ਹਨ। ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨੂੰ ਹਟਾਉਣ ਅਤੇ ਉਹਨਾਂ ਦੀ ਥਾਂ ਨਵੇਂ ਜਥੇਦਾਰ ਨਿਯੁਕਤ ਕਰਨ ਤੋਂ ਬਾਅਦ ਅਕਾਲੀ ਦਲ ਵਿੱਚ ਬਾਗੀ ਸੁਰਾਂ ਹੋਰ ਉਚੀਆਂ ਹੋ ਗਈਆਂ ਹਨ।
ਜਥੇਦਾਰਾਂ ਨੂੰ ਹਟਾਉਣ ਦੇ ਇਸ ਫੈਸਲੇ ਦਾ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆਂ ਵਲੋਂ ਵੀ ਵਿਰੋਧ ਕੀਤਾ ਗਿਆ ਹੈ, ਜਿਸ ਕਾਰਨ ਅਕਾਲੀ ਦਲ ਵਿੱਚ ਚਲ ਰਿਹਾ ਵਿਵਾਦ ਹੋਰ ਡੂੰਘਾ ਹੋ ਗਿਆ ਹੈ। ਮਜੀਠੀਆ ਦੇ ਬਿਆਨ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਕਾਰਜਕਾਰੀ ਪ੍ਰਧਾਨ ਸz. ਬਲਵਿੰਦਰ ਸਿੰਘ ਭੁੰਦੜ ਨੇ ਕਹਿ ਦਿੱਤਾ ਹੈ ਕਿ ਮਜੀਠੀਆ ਨੇ ਅਕਾਲੀ ਦਲ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।
ਪਿਛਲੇ ਦਿਨਾਂ ਦੌਰਾਨ ਪੰਥਕ ਹਲਕਿਆਂ ਵਿੱਚ ਵਾਪਰੀਆਂ ਇਹਨਾਂ ਘਟਨਾਵਾਂ ਨੇ ਸਭ ਦਾ ਧਿਆਨ ਖਿਚਿਆ ਹੈ। ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਦੋ ਹੋਰ ਜਥੇਦਾਰਾਂ ਨੂੰ ਹਟਾਉਣ ਅਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਬੁੱਢਾ ਦਲ ਅਤੇ ਹੋਰ ਜਥੇਬੰਦੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਨੂੰ ਜਥੇਦਾਰ ਹੀ ਮੰਨਣ ਤੋਂ ਇਨਕਾਰ ਕਰ ਦਿਤਾ ਹੈ। ਬੁੱਢਾ ਦਲ ਅਤੇ ਹੋਰ ਜਥੇਬੰਦੀਆਂ ਦੇ ਵਿਰੋਧ ਕਾਰਨ ਨਵੇਂ ਜਥੇਦਾਰ ਨੂੰ ਸਵੇਰੇ ਵੱਡੇ ਤੜਕੇ ਭਾਵ ਤਿੰਨ ਕੁ ਵਜੇ ਹੀ ਜਥੇਦਾਰੀ ਦੀਆਂ ਸੇਵਾਵਾਂ ਸੌਂਪਣ ਲਈ ਸਿਰੋਪਾ ਪਾ ਦਿਤਾ ਗਿਆ। ਇਸ ਸਬੰਧੀ ਵੀ ਭਾਈ ਹਰਪ੍ਰੀਤ ਸਿੰਘ ਅਤੇ ਹੋਰ ਸਿੱਖ ਆਗੂਆਂ ਨੇ ਸਵਾਲ ਉਠਾਏ ਹਨ ਅਤੇ ਇਸ ਨੂੰ ਮਰਿਆਦਾ ਦੀ ਉਲੰਘਣਾ ਦਸਿਆ ਹੈ।
ਇਸ ਮੁੱਦੇ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਜਿਸ ਤਰੀਕੇ ਨਾਲ ਬਿਆਨ ਦਿਤਾ ਗਿਆ ਹੈ, ਉਸ ਤੋਂ ਜਾਪਦਾ ਹੈ ਕਿ ਉਹ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਨਾਲ ਸਹਿਮਤ ਨਹੀਂ ਹਨ। ਪਿਛਲੇ ਕੁੱਝ ਸਮੇਂ ਤੋਂ ਮਜੀਠੀਆ ਵਲੋਂ ਸੁਖਬੀਰ ਬਾਦਲ ਤੋਂ ਕੁਝ ਦੂਰੀ ਬਣਾ ਕੇ ਰੱਖਣ ਦੀ ਚਰਚਾ ਵੀ ਹੋ ਰਹੀ ਹੈ, ਭਾਵੇਂ ਕਿ ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਮੌਕੇ ਦੋਵੇਂ ਆਗੂੁ ਇੱਕਠੇ ਨਜ਼ਰ ਆਏ ਸਨ। ਇਹ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਕਈ ਆਗੂ ਹੁਣ ਅਕਾਲੀ ਦਲ ਨੂੰ ਬਚਾਉਣ ਲਈ ਸੁਖਬੀਰ ਬਾਦਲ ਦੀ ਥਾਂ ਬਿਕਰਮ ਮਜੀਠੀਆ ਨੂੰ ਅੱਗੇ ਲਿਆਉਣਾਂ ਚਾਹੁੰਦੇ ਹਨ। ਸ਼ਾਇਦ ਇਸੇ ਕਰਕੇ ਹੀ ਬਿਕਰਮ ਮਜੀਠੀਆ ਅਜਿਹੇ ਬਿਆਨ ਦੇ ਰਹੇ ਹਨ।
ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਿਕਰਮ ਮਜੀਠੀਆ ਵੀ ਅਸਲ ਵਿੱਚ ਬਾਦਲ ਪਰਿਵਾਰ ਦਾ ਹੀ ਅੰਗ ਹਨ। ਇਸੇ ਕਰਕੇ ਹੀ ਸੁਖਬੀਰ ਬਾਦਲ ਵੱਲੋਂ ਵੀ ਅੰਦਰਖਾਤੇ ਆਪਣੀ ਥਾਂ ਮਜੀਠੀਆ ਨੂੰ ਉਭਾਰਿਆ ਹੋ ਸਕਦਾ ਹੈ, ਤਾਂ ਕਿ ਅਕਾਲੀ ਦਲ ਦੀ ਪ੍ਰਧਾਨਗੀ ਘਰ ਵਿੱਚ ਹੀ ਰਹੇ। ਮਜੀਠੀਆ ਪਰਿਵਾਰ ਅਤੇ ਬਾਦਲ ਪਰਿਵਾਰ ਵਿਚਾਲੇ ਨੇੜਲੀ ਰਿਸ਼ਤੇਦਾਰੀ ਦਾ ਸਭ ਨੂੰ ਪਤਾ ਹੀ ਹੈ।
ਗੱਲ ਭਾਵੇਂ ਕੋਈ ਵੀ ਹੋਵੇ ਪਰ ਇਸ ਸਮੇਂ ਬਿਕਰਮ ਮਜੀਠੀਆ ਦਾ ਜਥੇਦਾਰ ਸਾਹਿਬ ਨੂੰ ਹਟਾਉਣ ਦੇ ਫੈਸਲੇ ਬਾਰੇ ਬਿਆਨ ਆਉਣ ਤੋਂ ਬਾਅਦ ਨਵੀਂ ਚਰਚਾ ਜਰੂਰ ਛਿੜ ਗਈ ਹੈ ਅਤੇ ਕਿਆਸ ਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕੁਝ ਬੁਧੀਜੀਵੀ ਕਹਿੰਦੇ ਹਨ ਕਿ ਉਂਝ ਤਾਂ 105 ਸਾਲ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਕਰਾਰੀ ਹਾਰ ਨਾਲ ਹੀ ਹਨੇਰੇ ਵਿੱਚ ਛੁਪ ਗਿਆ ਸੀ, ਪਰ 2022 ਵਿੱਚ ਤਾਂ ਇਹ ਜੁਝਾਰੂ ਦਲ, ‘ਆਪ” ਹੱਥੋਂ ਇਸ ਤਰ੍ਹਾਂ ਨੁੱਕਰੇ ਲੱਗਾ ਕਿ ਚੋਣਾਂ ਵਿੱਚ ਜਿੱਤੇ ਕੁੱਲ 3 ਵਿਧਾਇਕਾਂ ਵਿੱਚੋਂ ਹੁਣ ਕੇਵਲ ਇੱਕ ਬੀਬੀ ਗੁਨੀਵ ਕੌਰ ਮਜੀਠੀਆ ਹੀ ਬਤੌਰ ਨੁਮਾਇੰਦਾ ਰਹਿ ਗਈ। ਦੂਜੇ ਦੋਨਾਂ ਵਿੱਚੋਂ ਇਕ ਮਨਪ੍ਰੀਤ ਇਆਲੀ ਬਾਗ਼ੀ ਸੁਰ ਰੱਖਣ ਲੱਗ ਪਿਆ ਅਤੇ ਡਾ. ਸੁੱਖੀ ਬੰਗਾ ਨੇ 8 ਮਹੀਨੇ ਪਹਿਲਾਂ ਆਪ ਦਾ ਪੱਲਾ ਫੜ ਲਿਆ।
ਪੰਥਕ ਹਲਕਿਆਂ ਵਿੱਚ ਚਰਚਾ ਹੋ ਰਹੀ ਹੈ ਕਿ ਬੀਤੇ ਸਾਲ 2 ਦਸੰਬਰ ਨੂੰ ਜਿਹੜੇ ਜਥੇਦਾਰਾਂ ਨੇ ਸੁਖਬੀਰ ਬਾਦਲ ਨੂੰ ਤਨਖਾਹ ਲਗਾਈ ਸੀ, ਉਹਨਾਂ ਜਥੇਦਾਰਾਂ ਨੂੰ ਹੀ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਘਰਾਂ ਨੂੰ ਤੋਰ ਦਿੱਤਾ ਗਿਆ ਹੈ ਅਤੇ ਇਸ ਸਭ ਲਈ ਮੋਹਰੀ ਭੂਮਿਕਾ ਸੁਖਬੀਰ ਬਾਦਲ ਵੱਲੋਂ ਹੀ ਨਿਭਾਈ ਦਸੀ ਜਾਂਦੀ ਹੈ। ਕੁਝ ਬੁਧੀਜੀਵੀ ਕਹਿੰਦੇ ਹਨ ਕਿ ਜਿਸ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰਾਂ ਨੂੰ ਘਰ ਤੋਰਨ ਅਤੇ ਨਵੇਂ ਜਥੇਦਾਰ ਨਿਯੁਕਤ ਕਰਨ ਦੇ ਫੈਸਲੇ ਕੀਤੇ ਗਏ ਹਨ ਉਸ ਉੱਪਰ ਬਾਦਲ ਦਲ ਦਾ ਹੀ ਕਬਜਾ ਹੈ ਅਤੇ ਇਹ ਸਾਰਾ ਕੁੱਝ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਤੇ ਹੀ ਅੰਜਾਮ ਦਿੱਤਾ ਗਿਆ ਹੈ।
ਬਾਗੀ ਅਕਾਲੀ ਆਗੂ ਕਹਿ ਰਹੇ ਹਨਕਿ ਸੁਖਬੀਰ ਬਾਦਲ ਵੱਲੋਂ ਲਗਾਤਾਰ ਪੰਥਕ ਮਰਿਆਦਾ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਪੰਥਕ ਸੰਸਥਾਵਾਂ ਨੂੰ ਢਾਹ ਲਗਾਈ ਜਾ ਰਹੀ ਹੈ। ਕੁੱਝ ਬੁਧੀਜੀਵੀ ਕਹਿ ਰਹੇ ਹਨ ਕਿਅਕਾਲੀ ਦਲ ਦੇ ਬਾਗੀ ਆਗੂਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਕਿ ਸੰਕੇਤ ਦਿੰਦਾ ਹੈ ਕਿ ਵੱਡੀ ਗਿਣਤੀ ਅਕਾਲੀ ਆਗੂ ਅਤੇ ਵਰਕਰ ਅਕਾਲੀ ਦਲ ਦੀ ਹਾਈਕਮਾਡ ਵਿੱਚ ਬਦਲਾਓ ਚਾਹੁੰਦੇ ਹਨ। ਕਹਿਣਾ ਦਾ ਭਾਵ ਇਹ ਹੈ ਕਿ ਵੱਡੀ ਗਿਣਤੀ ਅਕਾਲੀ ਆਗੂ ਹੁਣ ਬਾਦਲ ਪਰਿਵਾਰ ਨੂੰ ਅਕਾਲੀ ਦਲ ਤੋਂ ਲਾਂਭੇ ਕਰਨਾ ਚਾਹੁੰਦੇ ਹਨ ਅਤੇ ਵੱਡੀ ਗਿਣਤੀ ਅਕਾਲੀ ਆਗੂ ਇਸੇ ਕਾਰਨ ਹੀ ਬਾਗੀ ਸੁਰ ਅਪਨਾਅ ਕੇ ਬਗਾਵਤ ਕਰ ਚੁੱਕੇ ਹਨ। ਜਿਸ ਕਾਰਨ ਅਕਾਲੀ ਦਲ ਬਾਦਲ ਦਾ ਸੰਕਟ ਦਿਨੋਂ ਦਿਨ ਗਹਿਰਾਉਂਦਾ ਜਾ ਰਿਹਾ ਹੈ।
ਬਿਊਰੋ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International2 months ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
National2 months ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
Editorial1 month ago
ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਆਵਾਰਾ ਖੂੰਖਾਰ ਕੁੱਤਿਆਂ, ਪਸ਼ੂਆਂ ਅਤੇ ਬਾਂਦਰਾਂ ਦੀ ਸਮੱਸਿਆ
-
National2 months ago
ਕਪਿਲ ਸ਼ਰਮਾ, ਰੇਮੋ ਡਿਸੂਜ਼ਾ, ਸੁਗੰਧਾ ਮਿਸ਼ਰਾ ਅਤੇ ਰਾਜਪਾਲ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ