Mohali
ਉਦਯੋਗਿਕ ਖੇਤਰ ਦੀਆਂ ਸੜਕਾਂ ਦੀ ਸਾਰ ਲਵੇ ਨਗਰ ਨਿਗਮ : ਪ੍ਰਿਤਪਾਲ ਸਿੰਘ ਢੀਂਡਸਾ
ਬਿਜਲੀ ਦਫਤਰ ਜਾਣ ਵਾਲੀ ਸੜਕ ਦੀ ਮਾੜੀ ਹਾਲਤ ਕਾਰਨ ਲੋਕ ਹੁੰਦੇ ਹਨ ਪ੍ਰੇਸ਼ਾਨ
ਐਸ ਏ ਐਸ ਨਗਰ, 4 ਸਤੰਬਰ (ਸ.ਬ.) ਉਦਯੋਗਿਕ ਖੇਤਰ ਫੇਜ਼-1 ਵਿਖੇ ਸਥਿਤ ਬਿਜਲੀ ਦਫਤਰ ਨੂੰ ਜਾਣ ਵਾਲੀ ਸੜਕ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਹੁਣ ਇੱਥੋਂ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ। ਬਿਜਲੀ ਦਫਤਰ ਵਿਚ ਕੰਮ ਕਰਾਉਣ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਹਾਲਤ ਲੰਬੇ ਸਮੇਂ ਤੋਂ ਬਦਤਰ ਹੈ ਅਤੇ ਹੁਣ ਦੋ ਦਿਨ ਤੋਂ ਲਗਾਤਾਰ ਹੋ ਰਹੀ ਬਾਰਸ਼ ਦੇ ਕਾਰਣ ਸੜਕ ਉਤੇ ਪਏ ਟੋਇਆਂ ਵਿਚ ਕਾਫੀ ਪਾਣੀ ਭਰ ਗਿਆ ਹੈ। ਇਹਨਾਂ ਟੋਇਆਂ ਵਿਚ ਪਾਣੀ ਭਰਿਆ ਹੋਣ ਕਰਕੇ ਇਥੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ।
ਸੜਕ ਦੀ ਮਾੜੀ ਹਾਲਤ ਕਾਰਨ ਬਿਜਲੀ ਦਫਤਰ ਵਿੱਚ ਕੰਮ ਕਰਨ ਵਾਲੇ ਕਾਮਿਆਂ, ਅਫਸਰਾਂ ਤੇ ਉੱਥੇ ਕੰਮ ਕਰਾਉਣ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਰੋਜ ਹਜਾਰਾਂ ਦੀ ਗਿਣਤੀ ਵਿਚ ਲੋਕ ਇਥੇ ਕੰਮ ਕਰਾਉਣ ਆਉਂਦੇ ਹਨ ਪਰੰਤੂ ਨਗਰ ਨਿਗਮ ਵਲੋਂ ਇਸ ਸੜਕ ਦੀ ਮਾੜੀ ਹਾਲਤ ਨੂੰ ਸੁਧਾਰਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਇਸ ਸੰਬੰਧੀ ਆਈਟੀ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਸ਼ਹਿਰ ਦੇ ਸਨਅਤੀ ਖੇਤਰਾਂ ਦੀਆਂ ਜਿਆਦਾਤਰ ਸੜਕਾਂ ਬਹੁਤ ਮਾੜੀ ਹਾਲਤ ਵਿੱਚ ਹਨ ਪਰੰਤੂ ਨਗਰ ਨਿਗਮ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਸਨਅਤੀ ਇਲਾਕੇ ਵਲੋਂ ਕਰੋੜਾਂ ਰੁਪਏ ਦਾ ਪ੍ਰਾਪਰਟੀ ਟੈਕਸ ਭਰਿਆ ਜਾਂਦਾ ਹੈ ਪਰ ਇਸਦੇ ਬਾਵਜੂਦ ਸੜਕਾਂ ਦੀ ਹਾਲਤ ਮਾੜੀ ਹੈ। ਨਿਗਮ ਇਹਨਾਂ ਇਲਾਕਿਆਂ ਦਾ ਵਿਕਾਸ ਬਿਲਕੁਲ ਨਹੀਂ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਬਿਜਲੀ ਬੋਰਡ ਦੇ ਦਫਤਰ ਵਿਚ ਰੋਜਾਨਾ ਹਜਾਰਾਂ ਦੀ ਗਿਣਤੀ ਵਿਚ ਲੋਕ ਆਪਣਾ ਕੰਮ ਕਰਾਉਣ ਆਉਂਦੇ ਹਨ ਪਰ ਸੜਕ ਦੀ ਮਾੜੀ ਹਾਲਤ ਕਰਕੇ ਰੋਜ ਇਕ-ਦੋ ਬੰਦੇ ਪਾਣੀ ਵਿਚ ਡਿੱਗ ਜਾਂਦੇ ਹਨ। ਉਹਨਾਂ ਦੀ ਮੰਗ ਹੈ ਕਿ ਨਿਗਮ ਇਸ ਸੜਕ ਨੂੰ ਪਹਿਲ ਦੇ ਆਧਾਰ ਉਤੇ ਬਣਵਾਏ ਤਾਂ ਜੋ ਲੋਕਾਂ ਨੂੰ ਹੋ ਰਹੀ ਮੁਸ਼ਕਲ ਦੂਰ ਹੋ ਸਕੇ।
Mohali
ਪਿੰਡ ਸ਼ਾਮਪੁਰ ਦੇ ਇੱਕ ਵਿਅਕਤੀ ਦਾ ਕੁੱਟ ਕੁੱਟ ਕੇ ਕਤਲ, ਇੱਕ ਮੁਲਜਮ ਗ੍ਰਿਫਤਾਰ
ਗਲੀ ਵਿੱਚ ਟ੍ਰੈਕਟਰ ਖੜ੍ਹਾ ਕਰਕੇ ਉੱਚੀ ਆਵਾਜ ਵਿੱਚ ਗਾਣੇ ਵਜਾਉਣ ਤੇ ਹੋਇਆ ਝਗੜਾ, ਪੁਲੀਸ ਨੇ ਕਈ ਮੁਲਜਮਾਂ ਨੂੰ ਕੀਤਾ ਨਾਮਜ਼ਦ
ਐਸ ਏ ਐਸ ਨਗਰ, 14 ਜਨਵਰੀ (ਜਸਬੀਰ ਸਿੰਘ ਜੱਸੀ) ਪਿੰਡ ਸ਼ਾਮਪੁਰ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਕੁੱਟ ਕੁੱਟ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਲਜੀਤ ਪੁਰੀ (ਉਮਰ 45 ਸਾਲ) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਸਾਢੇ 11 ਵਜੇ ਦੇ ਕਰੀਬ ਨਰਿੰਦਰ ਉਰਫ ਨਿੰਦਰ ਮ੍ਰਿਤਕ ਬਲਜੀਤ ਪੁਰੀ ਦੇ ਘਰ ਦੇ ਸਾਹਮਣੇ ਵਾਲੀ ਗਲੀ ਵਿੱਚ ਟਰੈਕਟਰ ਖੜਾ ਕਰਕੇ ਉੱਚੀ ਆਵਾਜ ਵਿੱਚ ਗਾਣੇ ਚਲਾ ਰਿਹਾ ਸੀ। ਬਲਜੀਤ ਨੇ ਇਸ ਸਬੰਧੀ ਪਿੰਡ ਦੇ ਸਰਪੰਚ ਗੁਰਮੁੱਖ ਨੂੰ ਨਰਿੰਦਰ ਦੀ ਇਸ ਹਰਕਤ ਬਾਰੇ ਜਾਣੂੰ ਕਰਵਾਇਆ ਤਾਂ ਪਿੰਡ ਦੇ ਸਰਪੰਚ ਨੇ ਨਰਿੰਦਰ ਨੂੰ ਫੋਨ ਕਰਕੇ ਉੱਚੀ ਆਵਾਜ ਵਿੱਚ ਗਾਣੇ ਚਲਾਉਣ ਤੋਂ ਰੋਕਿਆ, ਪ੍ਰੰਤੂ ਨਰਿੰਦਰ ਨੇ ਗਾਣੇ ਬੰਦ ਨਹੀਂ ਕੀਤੇ, ਇਸ ਦੌਰਾਨ ਟਰੈਕਟਰ ਦੀ ਬੈਟਰੀ ਖਤਮ ਹੋ ਗਈ, ਜਿਸ ਕਾਰਨ ਗਾਣੇ ਬੰਦ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਨਰਿੰਦਰ ਨੇ ਫੋਨ ਕਰਕੇ ਦੂਜਾ ਟਰੈਕਟਰ ਮੰਗਵਾਇਆ ਅਤੇ ਮੁੜ ਉਸ ਜਗਾ ਤੇ ਟਰੈਕਟਰ ਖੜਾ ਕਰਕੇ ਉੱਚੀ ਆਵਾਜ ਵਿੱਚ ਗਾਣੇ ਲਗਾ ਦਿੱਤੇ। ਬਲਜੀਤ ਨੇ ਮੁੜ ਇਤਰਾਜ ਜਤਾਇਆ ਅਤੇ ਪਿੰਡ ਦੇ ਸਰਪੰਚ ਨੂੰ ਮੌਕੇ ਤੇ ਬੁਲਾਇਆ। ਪਿੰਡ ਦਾ ਸਰਪੰਚ ਮੌਕੇ ਤੇ ਪਹੁੰਚਿਆ ਪ੍ਰੰਤੂ ਨਰਿੰਦਰ ਨੇ ਸਰਪੰਚ ਦੀ ਗੱਲ ਨੂੰ ਅਣਗੋਲਿਆ ਕੀਤਾ ਅਤੇ ਇਸ ਦੌਰਾਨ ਨਰਿੰਦਰ ਦੇ ਕਹਿਣ ਤੇ ਨਰਿੰਦਰ ਸਮੇਤ ਇੰਦਰਪ੍ਰੀਤ ਸਿੰਘ, ਸਚਿਨ, ਪ੍ਰਜਲਵ ਉਰਫ਼ ਪੱਜੂ, ਜਸਵਿੰਦਰ ਪੁਰੀ ਉਰਫ਼ ਘਾਟੀ ਸਾਰੇ ਵਾਸੀ ਪਿੰਡ ਸ਼ਿਆਮਪੁਰ, ਬਲਜੀਤ ਦੇ ਘਰ ਵੜ ਗਏ ਅਤੇ ਬਲਜੀਤ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਵਲੋਂ ਬਲਜੀਤ ਦੀ ਛਾਤੀ ਤੇ ਮੁੱਕਿਆਂ ਦੇ ਕਈ ਵਾਰ ਕੀਤੇ ਗਏ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਕੁੱਟਮਾਰ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਵਲੋਂ ਬਲਜੀਤ ਨੂੰ ਸੈਕਟਰ 32 ਚੰਡੀਗੜ੍ਹ ਦੇ ਜੀ ਐਮ ਸੀ ਐਚ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਵੀ ਬਲਜੀਤ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਦੇ ਦੱਸਣ ਮੁਤਾਬਕ ਮ੍ਰਿਤਕ ਬਲਜੀਤ ਪੁਰੀ ਅਤੇ ਮੁਲਜਮ ਨਰਿੰਦਰ ਵਿਚਕਾਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ। ਬਲਜੀਤ ਨੇ ਨਰਿੰਦਰ ਰਾਹੀਂ ਕੋਈ ਪਲਾਟ ਵਿਕਵਾਇਆ ਸੀ, ਜਿਸ ਦੀ ਕਮਿਸ਼ਨ ਨਰਿੰਦਰ ਨੂੰ ਨਹੀਂ ਮਿਲੀ ਸੀ।
ਮ੍ਰਿਤਕ ਦੇ ਭਰਾ ਰਾਮਪਾਲ ਪੁਰੀ ਨੇ ਦੱਸਿਆ ਕਿ ਬਲਜੀਤ ਪੁਰੀ ਦਾ ਝਗੜਾ ਸਿਰਫ ਨਰਿੰਦਰ ਵਲੋਂ ਉੱਚੀ ਅਵਾਜ ਵਿੱਚ ਵਜਾਏ ਜਾ ਰਹੇ ਗਾਣਿਆਂ ਕਾਰਨ ਹੋਇਆ ਸੀ, ਇਸ ਤੋਂ ਇਲਾਵਾ ਉਨ੍ਹਾਂ ਦੀ ਨਰਿੰਦਰ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ। ਰਾਮਪਾਲ ਪੁਰੀ ਮੁਤਾਬਕ ਮ੍ਰਿਤਕ ਬਲਜੀਤ ਖੇਤੀਬਾੜੀ ਕਰਦਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ।
ਇਸ ਸਬੰਧੀ ਡੀ. ਐਸ. ਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਭਰਾ ਰਾਮਪਾਲ ਪੁਰੀ ਦੇ ਬਿਆਨਾਂ ਤੇ ਨਰਿੰਦਰ ਉਰਫ਼ ਨਿੰਦਰ, ਇੰਦਰਪ੍ਰੀਤ ਸਿੰਘ, ਸਚਿਨ, ਪ੍ਰਜਲਵ ਉਰਫ਼ ਪੱਜੂ, ਜਸਵਿੰਦਰ ਪੁਰੀ ਉਰਫ਼ ਘਾਟੀ ਸਾਰੇ ਵਾਸੀ ਪਿੰਡ ਸ਼ਿਆਮਪੁਰ ਵਿਰੁਧ ਥਾਣਾ ਸੋਹਾਣਾ ਵਿਖੇ ਬੀ.ਐਨ.ਐਸ ਐਕਟ ਦੀ ਧਾਰਾ 103 (2) ਦੇ ਤਹਿਤ ਮਾਮਲਾ ਦਰਜ ਕਰਕੇ ਨਰਿੰਦਰ ਉਰਫ ਨਿੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਬੁਧਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
Mohali
ਭਾਈ ਮਹਾਂ ਸਿੰਘ, ਮਾਈ ਭਾਗੋ ਅਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ
ਐਸ ਏ ਐਸ ਨਗਰ, 14 ਜਨਵਰੀ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਖੇ ਭਾਈ ਮਹਾਂ ਸਿੰਘ, ਮਾਈ ਭਾਗੋ ਅਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਦੀ ਯਾਦ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਈ ਸੁਖਵਿੰਦਰ ਸਿੰਘ ਦੇ ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਨੇ ਮੁਕਤਸਰ ਦੀ ਜੰਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 40 ਸਿੰਘਾਂ ਨੂੰ ਸ਼ਹੀਦੀ ਪ੍ਰਾਪਤ ਕਰਨ ਉਪਰੰਤ ਮੁਕਤਿਆਂ ਦਾ ਖਿਤਾਬ ਦੇਣ ਦਾ ਪੂਰਾ ਪ੍ਰਸੰਗ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਸੁਣਾਇਆ।
ਭਾਈ ਲਖਵਿੰਦਰ ਸਿੰਘ ਅੰਮ੍ਰਿਤਸਰ ਵਾਲਿਆਂ ਦੇ ਰਾਗੀ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸ਼੍ਰੋਮਣੀ ਪ੍ਰਚਾਰਕ ਭਾਈ ਜਤਿੰਦਰ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਮਾਈ ਭਾਗੋ ਦੇ ਅਣਮੁੱਲੇ ਯੋਗਦਾਨ ਨੂੰ ਸੰਗਤਾਂ ਨੂੰ ਜਾਣੂ ਕਰਵਾਇਆ।
ਇਸ ਤੋਂ ਇਲਾਵਾ ਭਾਈ ਜਸਪਾਲ ਸਿੰਘ ਲੁਧਿਆਣੇ ਵਾਲੇ, ਭਾਈ ਵਰਿੰਦਰ ਸਿੰਘ, ਭਾਈ ਸੁਰਜੀਤ ਸਿੰਘ ਪਟਿਆਲੇ ਵਾਲੇ, ਭਾਈ ਹਰਵਿੰਦਰ ਸਿੰਘ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ, ਸ਼੍ਰੋਮਣੀ ਪ੍ਰਚਾਰਕ ਭਾਈ ਮਨਜੀਤ ਸਿੰਘ ਅੰਬਾਲੇ ਵਾਲੇ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਭਾਈ ਰਾਜਵਿੰਦਰ ਸਿੰਘ ਸਮਰਾਲਾ, ਭਾਈ ਜਗਤਾਰ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਜੱਥੇ ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ ਅਤੇ ਭਾਈ ਜਰਨੈਲ ਸਿੰਘ ਦੇ ਜੱਥਿਆਂ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਗੁਰਦੁਆਰਾ ਸਿੰਘ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਆਉਣ ਵਾਲੀ 26 ਜਨਵਰੀ ਨੂੰ ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦਿਨ ਸਵੇਰੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਅਤੇ ਉੱਚ ਕੋਟਿ ਦੇ ਜੱਥੇ, ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਅਤੇ ਪ੍ਰਚਾਰਕ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
Mohali
ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਠੇਕੇਦਾਰ ਗ੍ਰਿਫਤਾਰ
ਏ. ਡੀ. ਸੀ. ਨੇ ਘਟਨਾ ਦੀ ਜਾਂਚ ਐਸ. ਡੀ. ਐਮ. ਨੂੰ ਸੌਂਪੀ, ਮ੍ਰਿਤਕ ਦੇ ਪਰਿਵਾਰ ਨੂੰ ਜਲਦ ਮਿਲੇਗਾ ਮੁਆਵਜਾ
ਐਸ ਏ ਐਸ ਨਗਰ, 14 ਜਨਵਰੀ (ਜਸਬੀਰ ਸਿੰਘ ਜੱਸੀ) ਏਅਰਪੋਰਟ ਰੋਡ ਤੇ ਸਥਿਤ ਟੀ.ਡੀ.ਆਈ. ਸਿਟੀ ਮੁਹਾਲੀ ਵਿੱਚ ਉਸਾਰੀ ਅਧੀਨ ਸ਼ੋਅਰੂਮ ਦੀ ਛੱਤ ਦਾ ਲੈਂਟਰ ਡਿੱਗਣ ਕਾਰਨ ਹੋਈ ਇਕ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਜਸਵੀਰ ਸਿੰਘ ਨਾਮ ਦੇ ਠੇਕੇਦਾਰ ਵਿਰੁਧ ਬੀ. ਐਨ. ਐਸ ਐਕਟ ਦੀ ਧਾਰਾ 105 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਠੇਕੇਦਾਰ ਜਸਵੀਰ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਸ ਮਾਮਲੇ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਐਸ. ਡੀ. ਐਮ. ਮੁਹਾਲੀ ਨੂੰ ਸੌਂਪੀ ਦਿੱਤੀ ਗਈ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜਾ ਦੇਣ ਸਬੰਧੀ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਸੱਚਾਈ ਸਾਹਮਣੇ ਆਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ 4:30 ਵਜੇ ਦੇ ਕਰੀਬ ਟੀ. ਡੀ. ਆਈ. ਸਿਟੀ ਵਿੱਚ ਇਕ ਸ਼ੋਅਰੂਮ ਦੀ ਛੱਤ ਦਾ ਲੈਂਟਰ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਇਕ ਹੋਰ ਜ਼ਖਮੀ ਹੋ ਗਿਆ ਸੀ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ (41) ਵਾਸੀ ਚੂਹੜਮਾਜਰਾ ਵਜੋਂ ਹੋਈ ਹੈ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੇ ਲੈਂਟਰ ਡਿੱਗਦੇ ਸਮੇਂ ਛਾਲ ਮਾਰ ਦਿੱਤੀ ਸੀ। ਮਲਬੇ ਹੇਠੋਂ ਕੱਢੇ ਗਏ ਦੂਜੇ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੈਂਟਰ ਡਿੱਗਣ ਦੀ ਸੂਚਨਾ ਜਿਵੇਂ ਹੀ ਪ੍ਰਸ਼ਾਸਨ ਤੱਕ ਪਹੁੰਚੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਨੇ ਤੁਰੰਤ ਐਸ. ਡੀ. ਐਮ. ਦਮਨਦੀਪ ਕੌਰ ਅਤੇ ਡੀ.ਐਸ.ਪੀ ਖਰੜ-1 ਕਰਨ ਸਿੰਘ ਸੰਧੂ ਦੀ ਅਗਵਾਈ ਹੇਠ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਸਨ। ਬਚਾਅ ਕਾਰਜ ਦੌਰਾਨ ਲੈਂਟਰ ਦੇ ਹੇਠਾਂ ਫਸੇ ਦੋ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਤੁਰੰਤ ਸਿਵਲ ਹਸਪਤਾਲ ਫੇਜ਼ 6 ਵਿਖੇ ਪਹੁੰਚਾਇਆ ਗਿਆ, ਡਾਕਟਰਾਂ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੂਜੇ ਦਾ ਇਲਾਜ ਚੱਲ ਰਿਹਾ ਹੈ।
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਅਨੁਸੂਚਿਤ ਜਾਤੀ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਐਸਸੀ ਬੀਸੀ ਮੋਰਚੇ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲਿਆ
-
National2 months ago
ਏਕਨਾਥ ਸ਼ਿੰਦੇ ਵੱਲੋਂ ਦਿੱਤਾ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਸ਼ਹਿਰ ਨੂੰ ਸਫਾਈ ਪੱਖੋਂ ਬਿਹਤਰ ਬਣਾਉਣ ਲਈ ਨਿਵਾਸੀਆਂ ਦਾ ਸਹਿਯੋਗ ਜਰੂਰੀ : ਟੀ ਬੈਨਿਥ
-
Mohali1 month ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
National2 months ago
ਈ ਡੀ ਵੱਲੋਂ ਕੋਲਕਾਤਾ ਅਤੇ ਆਸਪਾਸ ਚਾਰ ਟਿਕਾਣਿਆਂ ਤੇ ਛਾਪੇਮਾਰੀ