Connect with us

Editorial

ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਵਿੱਚ ਸਫਲ ਨਹੀਂ ਹੋਈ ਪੰਜਾਬ ਸਰਕਾਰ

Published

on

 

ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਵੇਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਇਸ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵੀ ਚਲਾਈ ਜਾ ਰਹੀ ਹੈ, ਜਿਸਦੇ ਤਹਿਤ ਵਿਜੀਲੈਂਸ ਵਲੋਂ ਵੱਖ ਵੱਖ ਵਿਭਾਗਾਂ ਦੇ ਕੁਝ ਭ੍ਰਿਸ਼ਟ ਮੁਲਾਜਮਾਂ ਨੂੰ ਆਏ ਦਿਨ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ ਪਰੰਤੂ ਇਸਦੇ ਬਾਵਜੂਦ ਨਵੀਂ ਸਰਕਾਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਕਾਬੂ ਕਰਨ ਵਿੱਚ (ਹੁਣ ਤਕ ਤਾਂ) ਕਾਮਯਾਬ ਨਹੀਂ ਹੋਈ ਹੈ।

ਵਿਜੀਲੈਂਸ ਵੱਲੋਂ ਅਕਸਰ ਗ੍ਰਿਫਤਾਰ ਕੀਤੇ ਜਾਂਦੇ ਭ੍ਰਿਸ਼ਟ ਮੁਲਾਜਮਾਂ ਨੂੰ ਕਾਬੂ ਕੀਤੇ ਜਾਣ ਨਾਲ ਇਹ ਜਾਹਿਰ ਹੁੰਦਾ ਹੈ ਕਿ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ। ਅਸਲ ਵਿੱਚ ਸਾਡਾ ਸਿਸਟਮ ਹੀ ਅਜਿਹਾ ਹੈ ਜਿਥੇ ਭ੍ਰਿਸ਼ਟਾਚਾਰ ਹਰ ਪਾਸੇ ਆਪਣੇ ਪੈਰ ਪਸਾਰ ਚੁੱਕਿਆ ਹੈ। ਅਨੇਕਾਂ ਸਰਕਾਰੀ ਮੁਲਾਜਮ ਅਜਿਹੇ ਹਨ ਜੋ ਕਿ ਕੁਝ ਚਾਹ ਪਾਣੀ ਲਏ ਬਿਨਾਂ ਆਮ ਲੋਕਾਂ ਦਾ ਕੋਈ ਕੰਮ ਨਹੀਂ ਕਰਦੇ। ਇਹਨਾਂ ਮੁਲਾਜਮਾਂ ਨੂੰ ਭਾਵੇਂ ਸਰਕਾਰ ਵੱਲੋਂ ਚੰਗੀ ਤਨਖਾਹ ਅਤੇ ਭੱਤੇ ਵੀ ਦਿਤੇ ਜਾਂਦੇ ਹਨ ਪਰ ਭ੍ਰਿਸ਼ਟਾਚਾਰ ਦਾ ਲਾਲਚ ਹੀ ਅਜਿਹਾ ਹੈ ਕਿ ਜਿਆਦਾਤਰ ਸਰਕਾਰੀ ਮੁਲਾਜਮ ਰਿਸ਼ਵਤ ਲੈਣ ਦਾ ਯਤਨ ਕਰਦੇ ਹਨ।

ਹੋਰ ਤਾਂ ਹਰ ਹੁਣ ਤਾਂ ਅਦਾਲਤਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਵੱਧ ਰਿਹਾ ਹੈ। ਅਦਾਲਤ ਦੇ ਮੁਲਾਜਮ ਪੇਸ਼ੀ ਭੁਗਤਣ ਆਏ ਲੋਕਾਂ ਤੋਂ ਚੁੱਪ ਚੁਪੀਤੇ ਆਪਣਾ ਚਾਹ ਪਾਣੀ ਲੈ ਲੈਂਦੇ ਹਨ ਜਿਸਦਾ ਜੱਜ ਸਾਹਿਬਾਨ ਨੂੰ ਪਤਾ ਹੀ ਨਹੀਂ ਚੱਲਦਾ। ਇਹੋ ਹਾਲ ਹੀ ਵੱਖ- ਵੱਖ ਸਰਕਾਰੀ ਵਿਭਾਗਾਂ ਦਾ ਦੱਸਿਆ ਜਾਂਦਾ ਹੈ। ਵੱਡਾ ਅਫਸਰ ਭਾਵੇਂ ਇਮਾਨਦਾਰ ਹੋਵੇ ਪਰ ਉਸ ਦੇ ਨਾਮ ਤੇ ਹੇਠਲੇ ਮੁਲਾਜਮ ਅਕਸਰ ਆਮ ਲੋਕਾਂ ਤੋਂ ਚਾਹ ਪਾਣੀ ਲੈ ਲੈਂਦੇ ਹਨ ਅਤੇ ਜੇਕਰ ਵੱਡਾ ਅਫਸਰ ਹੀ ਰਿਸ਼ਵਤਖੋਰ ਹੋਵੇ ਫਿਰ ਆਮ ਲੋਕਾਂ ਨਾਲ ਜੋ ਬੀਤਦੀ ਹੈ, ਉਹ ਤਾਂ ਮੁਕਤਭੋਗੀ ਹੀ ਜਾਣਦੇ ਹਨ।

ਹਾਲਾਂਕਿ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਆਪ ਸਰਕਾਰ ਦੇ ਕਾਰਜਕਾਲ ਵਿੱਚ ਪਿਛਲੀਆਂ ਸਰਕਾਰਾਂ ਦਾ ਮੁਕਾਬਲੇ ਭ੍ਰਿਸ਼ਟਾਚਾਰ ਨੂੰ ਕੁਝ ਨੱਥ ਪਈ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਅਤੇ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਤੋਂ ਰਿਸ਼ਵਤ ਮੰਗਣ ਵਾਲੇ ਸਰਕਾਰੀ ਮੁਲਾਜਮਾਂ ਦੀ ਸੂਚਨਾ ਤੁਰੰਤ ਵਿਜੀਲੈਂਸ ਨੂੰ ਦੇਣ ਤਾਂ ਕਿ ਰਿਸ਼ਵਤਖੋਰ ਸਰਕਾਰੀ ਮੁਲਾਜਮਾਂ ਨੂੰ ਸਜਾ ਮਿਲ ਸਕੇ।

ਬਿਊਰੋ

Continue Reading

Editorial

ਆਟੋ ਰਿਕਸ਼ਿਆਂ ਵਾਸਤੇ ਵੱਖਰੀ ਲੇਨ ਬਣਾਏ ਪ੍ਰਸ਼ਾਸ਼ਨ

Published

on

By

 

ਪਿਛਲੇ ਕੁੱਝ ਸਾਲਾਂ ਤੋਂ ਸਾਡੇ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਲਗਾਤਾਰ ਵੱਧ ਰਹੀ ਹੈ। ਇਹ ਇੱਕ ਅਜਿਹੀ ਸਮੱਸਿਆ ਹੈ ਜਿਹੜੀ ਹਰੇਕ ਸ਼ਹਿਰੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਅਤੇ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਕਾਰਨ ਆਮ ਲੋਕਾਂ ਦੀ ਸੁਰਖਿਅਤ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਸ ਸੰਬੰਧੀ ਸ਼ਹਿਰ ਵਾਸੀ ਅਕਸਰ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸ਼ਿਕਾਇਤ ਕਰਦੇ ਵੀ ਦਿਖਦੇ ਹਨ ਅਤੇ ਸ਼ਹਿਰਵਾਸੀਆਂ ਨਾਲ ਇਸ ਸੰਬੰਧੀ ਗੱਲ ਕਰਨ ਤੇ ਜਿਆਦਾਤਰ ਦਾ ਜਵਾਬ ਇਹੀ ਹੁੰਦਾ ਹੈ ਕਿ ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਲਈ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੇ ਚਾਲਕ ਹੀ ਸਭ ਤੋਂ ਵੱਧ ਜਿੰਮੇਵਾਰ ਹਨ। ਲੋਕ ਕਹਿੰਦੇ ਹਨ ਕਿ ਜਦੋਂ ਤਕ ਸ਼ਹਿਰ ਦੀਆਂ ਸੜਕਾਂ ਤੇ ਲਗਾਤਾਰ ਵੱਧ ਰਹੀ ਆਟੋ ਰਿਕਸ਼ਿਆਂ ਦੀ ਭੀੜ ਤੇ ਕਾਬੂ ਨਹੀਂ ਕੀਤਾ ਜਾਂਦਾ, ਟ੍ਰੈਫਿਕ ਦੀ ਇਸ ਸਮੱਸਿਆ ਨੂੰ ਹਲ ਨਹੀਂ ਕੀਤਾ ਜਾ ਸਕਦਾ।

ਸ਼ਹਿਰ ਦੇ ਵਸਨੀਕਾਂ ਵਲੋਂ ਇਹ ਗੱਲ ਪੁਖਤਾ ਢੰਗ ਨਾਲ ਆਖੀ ਜਾਂਦੀ ਹੈ ਕਿ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਣ ਵਾਲੇ ਇਹਨਾਂ ਆਟੋ ਰਿਕਸ਼ਿਆਂ ਦੇ ਜਿਆਦਾਤਰ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਰੱਜ ਕੇ ਉਲੰਘਣਾ ਕੀਤੀ ਜਾਂਦੀ ਹੈ ਅਤੇ ਇਹ ਆਟੋ ਚਾਲਕ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀਆਂ ਬਿਠਾਉਣ ਦੀ ਹੋੜ ਵਿੱਚ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ, ਪਰੰਤੂ ਇਸਦੇ ਬਾਵਜੂਦ ਟ੍ਰੈਫਿਕ ਪੁਲੀਸ ਵਲੋਂ ਇਹਨਾਂ ਆਟੋ ਚਾਲਕਾਂ ਦੀਆਂ ਆਪਹੁਦਰੀਆਂ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।

ਲੋਕਾਂ ਦੀ ਆਮ ਸ਼ਿਕਾਇਤ ਹੈ ਕਿ ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਦੀ ਗਿਣਤੀ ਇੰਨੀ ਜਿਆਦਾ ਵੱਧ ਚੁੱਕੀ ਹੈ ਕਿ ਸੜਕ ਤੇ ਹਰ ਵੇਲੇ ਆਟੋ ਵਾਲਿਆਂ ਦੀ ਹੀ ਭੀੜ ਦਿਸਦੀ ਹੈ ਅਤੇ ਆਮ ਵਾਹਨ ਚਾਲਕਾਂ ਲਈ ਸ਼ਹਿਰ ਦੀਆਂ ਸੜਕਾਂ ਤੇ ਆਪਣਾ ਵਾਹਨ ਚਲਾਉਣਾ ਤਕ ਔਖਾ ਹੁੰਦਾ ਜਾ ਰਿਹਾ ਹੈ। ਮੌਜੂਦਾ ਹਾਲਾਤ ਇਹ ਹਨ ਕਿ ਇੱਕ ਪਾਸੇ ਤਾਂ ਇਹ ਆਟੋ ਰਿਕਸ਼ੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਸਭਤੋਂ ਵੱਡਾ ਕਾਰਨ ਬਣੇ ਹੋਏ ਹਨ ਅਤੇ ਦੂਜੇ ਪਾਸੇ ਪ੍ਰਸ਼ਾਸ਼ਨ ਵਲੋਂ ਇਹਨਾਂ ਆਟੋ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ।

ਸ਼ਹਿਰ ਵਾਸੀ ਇਹ ਵੀ ਸ਼ਿਕਾਇਤ ਕਰਦੇ ਹਨ ਕਿ ਸ਼ਹਿਰ ਦੀ ਦੇਖ ਰੇਖ ਕਰਨ ਵਾਲੇ ਅਦਾਰਿਆਂ ਦੀ ਢਿੱਲੜ ਕਾਰਗੁਜਾਰੀ ਕਾਰਣ ਲੋਕਾਂ ਨੂੰ ਸਾਲਾਂ ਬੱਧੀ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਸਾਡੇ ਸ਼ਹਿਰ ਵਿੱਚ ਤੈਨਾਤ ਸਰਕਾਰੀ ਅਧਿਕਾਰੀਆਂ ਬਾਰੇ ਤਾਂ ਇਹ ਆਮ ਧਾਰਨਾ ਬਣ ਚੁੱਕੀ ਹੈ ਕਿ ਇਹ ਅਧਿਕਾਰੀ ਮਨਮਰਜੀ ਨਾਲ ਹੀ ਕੰਮ ਕਰਦੇ ਹਨ ਅਤੇ ਉਹਨਾਂ ਉੱਪਰ ਕਿਸੇ ਵੀ ਗੱਲ ਦਾ ਅਸਰ ਘੱਟ ਹੀ ਪੈਂਦਾ ਹੈ। ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਲੋਕਾਂ ਦੀ ਸੁਰਖਿਅਤ ਜਨਤਕ ਆਵਾਜਾਈ ਦਾ ਕੋਈ ਪ੍ਰਬੰਧ ਨਾ ਕੀਤੇ ਜਾਣ ਕਾਰਨ ਸ਼ਹਿਰ ਵਿੱਚ ਚਲਦੇ ਇਹ ਆਟੋ ਰਿਕਸ਼ੇ ਆਮ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤਕ ਲਿਜਾਣ ਦਾ ਇੱਕੋ ਇੱਕ ਜਰੀਆ ਹਨ ਅਤੇ ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਪ੍ਰਸ਼ਾਸ਼ਨ ਵਲੋਂ ਟ੍ਰੈਫਿਕ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਰਿਕਸ਼ਿਆਂ ਦੇ ਚਾਲਕਾਂ ਵਿਰੁੱਧ ਕੋਈ ਸਖਤ ਕਾਰਵਾਈ ਤੋਂ ਪਰਹੇਜ ਕੀਤਾ ਜਾਂਦਾ ਹੈ।

ਪਰੰਤੂ ਇਸਦੀ ਸਜਾ ਸ਼ਹਿਰ ਦੇ ਉਹਨਾਂ ਲੋਕਾਂ ਨੂੰ ਬਿਲਕੁਲ ਨਹੀਂ ਦਿੱਤੀ ਜਾ ਸਕਦੀ ਜਿਹੜੇ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਕਰਦੇ ਹਨ ਅਤੇ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਕਾਰਨ ਬੁਰੀ ਤਰ੍ਹਾਂ ਪਰੇਸ਼ਾਨ ਹੁੰਦੇ ਹਨ। ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਕਾਰਨ ਪੈਦਾ ਹੋਣ ਵਾਲੀ ਟੈ੍ਰਫਿਕ ਵਿਵਸਥਾ ਦੀ ਇਸ ਬਦਹਾਲੀ ਦੇ ਹਲ ਲਈ ਜਰੂਰੀ ਹੈ ਕਿ ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਤੇ ਦੋਵੇਂ ਪਾਸੇ ਆਟੋ ਰਿਕਸ਼ਿਆਂ ਵਾਸਤੇ ਵੱਖਰੀ ਲੇਨ ਬਣਾਈ ਜਾਵੇ ਅਤੇ ਆਟੋ ਚਾਲਕਾਂ ਲਈ ਇਹ ਜਰੂਰੀ ਕੀਤਾ ਜਾਵੇ ਕਿ ਉਹ ਆਪਣਾ ਵਾਹਨ ਇਸ ਵੱਖਰੀ ਲੇਨ ਤੇ ਹੀ ਚਲਾਉਣ ਤਾਂ ਜੋ ਉਹਨਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਕਾਰਵਾਈ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਆਵਾਜਾਈ ਤੇ ਕੋਈ ਅਸਰ ਨਾ ਪਵੇ।

ਇਸਦੇ ਨਾਲ ਹੀ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਾਸੀਆਂ ਦੀ ਜਨਤਕ ਆਵਾਜਾਈ ਦਾ ਪ੍ਰਬੰਧ ਕਰਨ ਲਈ ਸਿਟੀ ਬਸ ਸਰਵਿਸ ਆਰੰਭ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਦੀਆਂ ਸੜਕਾਂ ਤੇ ਲਗਾਤਾਰ ਵੱਧਦੀ ਇਹਨਾਂ ਆਟੋ ਰਿਕਸ਼ਆਂ ਦੀ ਗਿਣਤੀ ਤੇ ਕਾਬੂ ਹੋ ਸਕੇ ਅਤੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਹੋਵੇ। ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰੇ ਤਾਂ ਜੋ ਇਹਨਾਂ ਆਟੋ ਚਾਲਕਾਂ ਵਲੋਂ ਸੜਕਾਂ ਤੇ ਕੀਤੀਆਂ ਜਾਂਦੀਆਂ ਆਪਹੁਦਰੀਆਂ ਕਾਰਣ ਆਮ ਲੋਕਾਂ ਨੂੰ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਹਾਸਿਲ ਹੋਵੇ।

Continue Reading

Editorial

ਕੁਦਰਤ ਨਾਲ ਕੀਤੀ ਛੇੜਛਾੜ ਦੇ ਨਤੀਜੇ ਭੁਗਤ ਰਿਹਾ ਹੈ ਮਨੁੱਖ

Published

on

By

 

ਅਮਰੀਕਾ ਦੇ ਰਾਜ ਕੈਲੀਫੋਰਨੀਆਂ ਦੇ ਜੰਗਲਾਂ ਨੂੰ ਭਿਆਨਕ ਅੱਗ ਲੱਗੀ ਹੋਈ ਹੈ ਜਿਸ ਕਾਰਨ ਕਾਫੀ ਜਿਆਦਾ ਨੁਕਸਾਨ ਹੋਇਆ ਹੈ। ਕੈਲੀਫ਼ੋਰਨੀਆਂ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ ਕਾਰਨ ਹੁਣ ਤੱਕ ਘੱਟੋ-ਘੱਟ 24 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜ਼ਖਮੀ ਹੋਏ ਹਨ। ਇਸ ਅੱਗ ਕਾਰਨ ਹੁਣ ਤੱਕ 2,000 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਲਗਭਗ 100,000 ਲੋਕ ਬੇਘਰ ਹੋਏ ਹਨ। ਅੱਗ ਲੱਗਣ ਕਾਰਨ ਇੱਥੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਅੱਗ ਕਾਰਨ ਹੋਏ ਨੁਕਸਾਨ ਦਾ ਅਨੁਮਾਨ 85,000 ਕਰੋੜ ਰੁਪਏ ਤੋਂ ਵੱਧ ਹੈ। ਕਈ ਮਸ਼ਹੂਰ ਹਸਤੀਆਂ ਦੇ ਕਰੋੜਾਂ ਰੁਪਏ ਦੇ ਘਰ ਸੜ ਕੇ ਸੁਆਹ ਹੋ ਗਏ ਹਨ। ਇਸ ਅੱਗ ਵਿੱਚ ਕਈ ਫ਼ਿਲਮੀ ਸਿਤਾਰਿਆਂ ਦੇ ਘਰ ਵੀ ਤਬਾਹ ਹੋ ਗਏ ਹਨ। ਹਾਲਾਂਕਿ ਇਹਨਾਂ ਜੰਗਲਾਂ ਨੂੰ ਲੱਗੀ ਅੱਗ ਦੇ ਕਈ ਕਾਰਨ ਦੱਸੇ ਜਾ ਰਹੇ ਹਨ ਪਰ ਕਿਹਾ ਜਾ ਰਿਹਾ ਹੈ ਕਿ ਮਨੁੱਖ ਅਣਗਹਿਲੀ ਵੀ ਜੰਗਲਾਂ ਨੂੰ ਲੱਗੀ ਅੱਗ ਦਾ ਮੁੱਖ ਕਾਰਨ ਹੋ ਸਕਦੀ ਹੈ।

ਕੁਝ ਲੋਕਾਂ ਨੂੰ ਇਸ ਗੱਲ ਦੀ ਹੈਰਾਨੀ ਹੋ ਰਹੀ ਹੈ ਕਿ ਅਮਰੀਕਾ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਦਾ ਮੌਸਮ ਚਲ ਰਿਹਾ ਹੈ, ਪਰੰਤੂ ਇਸ ਦੇ ਬਾਵਜੂਦ ਉੱਥੇ ਜੰਗਲਾਂ ਨੂੰ ਅੱਗ ਲੱਗ ਗਈ ਹੈ, ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅਮਰੀਕਾ ਦੇ ਇਹਨਾਂ ਜੰਗਲਾਂ ਸਮੇਤ ਹੋਰਨਾਂ ਜੰਗਲਾਂ ਵਿੱਚ ਗਰਮੀਆਂ ਦੇ ਮੌਸਮ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ ਪਰ ਸਰਦੀਆਂ ਦੇ ਇਸ ਮੌਸਮ ਵਿੱਚ ਅਮਰੀਕਾ ਦੇ ਜੰਗਲਾਂ ਨੂੰ ਅੱਗ ਲੱਗਣ ਦੀ ਘਟਨਾ ਨੇ ਕਈ ਸਵਾਲ ਖੜੇ ਕਰ ਦਿਤੇ ਹਨ।

ਕੁੱਝ ਬੁੱਧੀਜੀਵੀ ਕਹਿ ਰਹੇ ਹਨ ਕਿ ਜਿਵੇਂ ਜਿਵੇਂ ਮਨੁੱਖ ਵੱਲੋਂ ਕੁਦਰਤ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਉਵੇਂ ਹੀ ਕੁਦਰਤ ਵੱਲੋਂ ਵੀ ਕਹਿਰ ਬਰਪਾ ਕੀਤਾ ਜਾ ਰਿਹਾ ਹੈ। ਇਸ ਕਰਕੇ ਹੀ ਕਦੇ ਸੁਨਾਮੀ ਆ ਜਾਂਦੀ ਹੈ, ਕਦੇ ਸੋਕਾ ਪੈ ਜਾਂਦਾ ਹੈ ਕਦੇ ਹੜ੍ਹ ਆ ਜਾਂਦੇ ਹਨ ਕਦੇ ਪਹਾੜ ਡਿੱਗ ਪੈਂਦੇ ਹਨ ਅਤੇ ਕਦੇ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ। ਕੁੱਝ ਲੋਕ ਕਹਿੰਦੇ ਹਨ ਕਿ ਅਮਰੀਕਾ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਸਮਝਦਾ ਹੈ, ਪਰ ਫਿਰ ਵੀ ਉਥੇ ਜੰਗਲਾਂ ਦੀ ਅੱਗ ਬੁਝਾਉਣ ਵਿੱਚ ਉਹ ਫੇਲ੍ਹ ਹੋ ਗਿਆ ਹੈ, ਜਿਸ ਤੋਂ ਪਤਾ ਚਲ ਜਾਂਦਾ ਹੈ ਕਿ ਕੁਦਰਤ ਦੇ ਕਹਿਰ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ।

ਇਸ ਵੇਲੇ ਪੂਰੀ ਦੁਨੀਆਂ ਵਿੱਚ ਹੀ ਮਨੁੱਖ ਵੱਲੋਂ ਕੁਦਰਤ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਅਤੇ ਕੁਦਰਤੀ ਸਰੋਤਾਂ ਨੂੰ ਖਤਮ ਕੀਤਾ ਜਾ ਰਿਹਾ ਹੈ, ਜਿਸ ਦੇ ਭਿਆਨਕ ਸਿੱਟੇ ਵੀ ਸਾਹਮਣੇ ਆ ਰਹੇ ਹਨ। ਦੁਨੀਆਂ ਦੇ ਵੱਡੀ ਗਿਣਤੀ ਦੇਸ਼ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਅਤੇ ਕਈ ਦੇਸ਼ਾਂ ਵਿੱਚ ਅਨਾਜ ਦੀ ਘਾਟ ਵੀ ਵੇਖਣ ਨੂੰ ਮਿਲ ਰਹੀ ਹੈ। ਰੂਸ ਅਤੇ ਯੂਕ੍ਰੇਨ ਅਤੇ ਇਜ਼ਰਾਇਲ ਫਲਸਤੀਨ ਜੰਗ ਨੇ ਵੀ ਦੁਨੀਆਂ ਦਾ ਬਹੁਤ ਨੁਕਸਾਨ ਕੀਤਾ ਹੈ। ਇਹਨਾਂ ਜੰਗਾਂ ਦੇ ਭਿਆਨਕ ਨਤੀਜੇ ਅਜੇ ਪੂਰੀ ਤਰ੍ਹਾਂ ਸਾਹਮਣੇ ਆਉਣੇ ਬਾਕੀ ਹਨ।

ਵਿਗਿਆਨੀ ਕਹਿ ਰਹੇ ਹਨ ਕਿ ਅਮਰੀਕਾ ਵਿੱਚ ਇਸ ਵਾਰ ਬਰਸਾਤਾਂ ਦੇ ਮੌਸਮ ਵਿੱਚ ਬਰਸਾਤਾਂ ਘੱਟ ਪਈਆਂ ਹਨ ਅਤੇ ਵਾਤਾਵਰਣ ਵਿੱਚ ਨਮੀ ਦੀ ਘਾਟ ਹੈ, ਜਿਸ ਕਾਰਨ ਵੀ ਜੰਗਲਾਂ ਨੂੰ ਅੱਗ ਲੱਗ ਸਕਦੀ ਹੈ। ਇਸ ਤੋਂ ਇਲਾਵਾ ਅਮਰੀਕਾ ਵਿਚ ਚਲਦੀਆਂ ਤੇਜ ਹਵਾਵਾਂ ਕਾਰਨ ਵੀ ਇਹ ਅੱਗ ਬਹੁਤ ਤੇਜੀ ਨਾਲ ਫੈਲੀ ਹੈ। ਕਹਿਣ ਦਾ ਭਾਵ ਇਹ ਹੈ ਕਿ ਕੁਦਰਤ ਅੱਗੇ ਕਿਸੇ ਵੀ ਮਹਾਂਸ਼ਕਤੀ ਦੀ ਕੋਈ ਔਕਾਤ ਨਹੀਂ ਹੈ, ਜਿਸ ਦਾ ਸਬੂਤ ਜੰਗਲਾਂ ਦੀ ਅੱਗ ਅੱਗੇ ਅਮਰੀਕਾ ਦਾ ਬੇਵੱਸ ਹੋਣਾ ਹੈ। ਜੇ ਮਨੁੱਖ ਹੁਣੇ ਵੀ ਨਾ ਸੰਭਲਿਆ ਅਤੇ ਉਸ ਨੇ ਕੁਦਰਤ ਨਾਲ ਛੇੜਛਾੜ ਜਾਰੀ ਰੱਖੀ ਤਾਂ ਇਸ ਦੇ ਨਤੀਜੇ ਭੁਗਤਣ ਲਈ ਵੀ ਉਸ ਨੂੰ ਤਿਆਰ ਰਹਿਣਾ ਚਾਹੀਦਾ ਹੈ।

ਬਿਊਰੋ

Continue Reading

Editorial

ਮੁਹਾਲੀ ਵਾਸੀਆਂ ਲਈ ਗੰਭੀਰ ਸਮੱਸਿਆ ਬਣ ਗਏ ਹਨ ਆਵਾਰਾ ਕੁੱਤੇ

Published

on

By

 

ਆਏ ਦਿਨ ਵਾਪਰ ਰਹੀਆਂ ਹਨ ਲੋਕਾਂ ਨੂੰ ਕੱਟਣ ਦੀਆਂ ਸਮੱਸਿਆਵਾਂ

ਮੁਹਾਲੀ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਇਹ ਆਵਾਰਾ ਕੁੱਤੇ ਗੰਭੀਰ ਸਮੱਸਿਆ ਬਣ ਗਏ ਹਨ। ਇਹਨਾਂ ਕੁੱਤਿਆਂ ਵੱਲੋਂ ਅਕਸਰ ਹੀ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਸਾਮ੍ਹਣੇ ਆਉਂਦੀਆਂ ਹਨ ਪਰੰਤੂ ਆਵਾਰਾ ਕੁੱਤਿਆਂ ਦੀ ਗਿਣਤੀ ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਵੱਲੋਂ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਪਿਛਲੇ ਸਮੇਂ ਦੌਰਾਨ ਚਲਾਈ ਕੁੱਤਿਆਂ ਦੀ ਨਸਬੰਦੀ ਸਕੀਮ ਦਾ ਜੋ ਹਾਲ ਹੋਇਆ ਹੈ, ਉਹ ਸਭ ਦੇ ਸਾਹਮਣੇ ਹੈ।

ਬੀਤੇ ਦਿਨ ਮੁਹਾਲੀ ਦੇ ਫੇਜ਼ 2 ਵਿੱਚ ਇੱਕ ਆਵਾਰਾ ਕੁੱਤੇ ਵਲੋਂ 11 ਸਾਲ ਦੇ ਇੱਕ ਬੱਚੇ ਨੂੰ ਕੱਟਣ ਦੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਵੀ ਆਵਾਰਾ ਕੁੱਤੇ ਅਨੇਕਾਂ ਲੋਕਾਂ ਨੂੰ ਕੱਟ ਚੁੱਕੇ ਹਨ। ਆਵਾਰਾ ਕੁੱਤਿਆਂ ਦੇ ਕੱਟਣ ਤੋਂ ਬਾਅਦ ਪੀੜਤ ਬੱਚੇ ਜਾਂ ਵਿਅਕਤੀ ਨਾਲ ਜੋ ਬੀਤਦੀ ਹੈ, ਇਹ ਪੀੜਤ ਹੀ ਜਾਣਦੇ ਹਨ।

ਮੁਹਾਲੀ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਇੰਨੀ ਜਿਆਦਾ ਵੱਧ ਗਈ ਹੈ, ਕਿ ਇਹ ਆਵਾਰਾ ਕੁੱਤੇ ਹਰ ਗਲੀ ਮੁਹੱਲੇ ਵਿੱਚ ਝੁੰਡਾਂ ਦੇ ਰੂਪ ਵਿੱਚ ਘੁੰਮ ਰਹੇ ਹਨ। ਇਹਨਾਂ ਆਵਾਰਾ ਕੁੱਤਿਆਂ ਨੇ ਆਪਣੇ ਇਲਾਕੇ ਵੀ ਵੰਡੇ ਹੋਏ ਹਨ ਅਤੇ ਜੇ ਕੋਈ ਕੁੱਤਾ ਆਪਣਾ ਇਲਾਕਾ ਛੱਡ ਕੇ ਦੂਜੇ ਇਲਾਕੇ ਵਿੱਚ ਜਾਂਦਾ ਹੈ ਤਾਂ ਉਸ ਉਪਰ ਦੂਜੇ ਇਲਾਕੇ ਦੇ ਕੁੱਤੇ ਹਮਲਾ ਕਰ ਦਿੰਦੇ ਹਨ। ਅਕਸਰ ਇਹ ਕੁੱਤੇ ਆਪਸ ਵਿੱਚ ਲੜਦੇ ਵੀ ਰਹਿੰਦੇ ਹਨ ਅਤੇ ਇੱਕ ਦੂਜੇ ਨੂੰ ਕੱਟਦੇ ਵੀ ਰਹਿੰਦੇ ਹਨ। ਇਸ ਤੋਂ ਇਲਾਵਾ ਅਨੇਕਾਂ ਕੁੱਤੇ ਰਾਤ ਸਮੇਂ ਰੋਂਦੇ ਵੀ ਰਹਿੰਦੇ ਹਨ, ਜਿਸ ਕਾਰਨ ਅੰਧਵਿਸਵਾਸੀ ਲੋਕਾਂ ਨੂੰ ਡਰ ਲੱਗਣ ਲੱਗ ਜਾਂਦਾ ਹੈ। ਕਈ ਵਾਰ ਸਾਰੀ ਰਾਤ ਹੀ ਆਵਾਰਾ ਕੁੱਤਿਆਂ ਦੀ ਆਪਸ ਵਿੱਚ ਲੜਾਈ ਜਾਰੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਦੀ ਨੀਂਦ ਖਰਾਬ ਹੁੰਦੀ ਹੈ।

ਇਹ ਕੁੱਤੇ ਆਵਾਜਾਈ ਵਿੱਚ ਵੀ ਵਿਘਨ ਪਾਉਂਦੇ ਹਨ ਅਤੇ ਇਹਨਾਂ ਕਾਰਨ ਅਕਸਰ ਹਾਦਸੇ ਵੀ ਵਾਪਰਦੇ ਹਨ। ਇਹ ਕੁੱਤੇ ਹਰ ਵਾਹਨ ਦੇ ਪਿੱਛੇ ਭੱਜਣ ਦਾ ਯਤਨ ਕਰਦੇ ਹਨ, ਜਿਸ ਕਾਰਨ ਅਕਸਰ ਦੋ ਪਹੀਆ ਵਾਹਨ ਚਾਲਕ ਆਪਣੇ ਵਾਹਨ ਨੂੰ ਇੱਕਦਮ ਤੇਜ ਕਰਦੇ ਹਨ ਅਤੇ ਇਸ ਦੌਰਾਨ ਜਦੋਂ ਵਾਹਨ ਉਹਨਾਂ ਦੇ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਹਾਦਸੇ ਵਾਪਰ ਜਾਂਦੇ ਹਨ।

ਇਹਨਾਂ ਆਵਾਰਾ ਕੁੱਤਿਆਂ ਦੀ ਦਹਿਸ਼ਤ ਸਿਰਫ ਮੁਹਾਲੀ ਤਕ ਹੀ ਸੀਮਿਤ ਨਹੀਂ ਹੈ, ਬਲਕਿ ਪੰਜਾਬ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਆਵਾਰਾ ਕੁੱਤਿਆਂ ਨੇ ਦਹਿਸ਼ਤ ਫੈਲਾਈ ਹੋਈ ਹੈ। ਕੁਝ ਦਿਨ ਪਹਿਲਾਂ ਮੁਲਾਂਪੁਰ ਦਾਖਾਂ ਨੇੜੇ ਇੱਕ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਦਿਤਾ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਇਲਾਕਿਆਂ ਵਿੱਚ ਬੱਚਿਆਂ ਅਤੇ ਬਾਲਗਾਂ ਉਪਰ ਆਵਾਰਾ ਕੁੱਤੇ ਹਮਲੇ ਕਰ ਚੁੱਕੇ ਹਨ ਅਤੇ ਸਿਰਫ ਮੁਹਾਲੀ ਨਹੀਂ ਬਲਕਿ ਪੂਰੇ ਪੰਜਾਬ ਵਿੱਚ ਹੀ ਆਵਾਰਾ ਕੁੱਤਿਆਂ ਦੀ ਸਮੱਸਿਆ ਗੰਭੀਰ ਹੋ ਗਈ ਹੈ। ਮੁਹਾਲੀ ਵਿੱਚ ਤਾਂ ਇਹ ਹਾਲ ਹੋ ਗਿਆ ਹੈ ਕਿ ਜੇ ਕੋਈ ਵਿਅਕਤੀ ਕਿਸੇ ਅਵਾਰਾ ਕੁੱਤੇ ਦੇ ਸੋਟੀ ਜਾਂ ਡੰਡਾ ਮਾਰ ਦਿੰਦਾ ਹੈ ਜਾਂ ਆਵਾਰਾ ਕੁੱਤਿਆਂ ਦੇ ਕਤੂਰਿਆਂ ਨੂੰ ਚੁੱਕ ਕੇ ਦੂਰ ਛੱਡ ਆਉਂਦਾ ਹੈ ਤਾਂ ਤੁਰੰਤ ਕੁੱਤਾ ਪ੍ਰੇਮੀ ਸਰਗਰਮ ਹੋ ਜਾਂਦੇ ਹਨ ਅਤੇ ਕੁੱਤਿਆਂ ਦੇ ਡੰਡਾ ਮਾਰਨ ਵਾਲੇ ਵਿਰੁੱਧ ਪੁਲੀਸ ਕੋਲ ਸ਼ਿਕਾਇਤ ਵੀ ਕਰਦੇ ਹਨ ਅਤੇ ਹੋਰ ਵੀ ਕਈ ਥਾਵਾਂ ਤੇ ਸ਼ਿਕਾਇਤਾਂ ਕਰਦੇ ਹਨ, ਜਿਸ ਕਾਰਨ ਆਮ ਲੋਕ ਆਵਾਰਾ ਕੁੱਤਿਆਂ ਨੂੰ ਡੰਡਾ ਮਾਰਨ ਤੋਂ ਵੀ ਡਰਨ ਲੱਗ ਪਏ ਹਨ।

ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਕਿ ਆਮ ਲੋਕਾਂ ਨੂੰ ਆਵਾਰਾ ਕੁੱਤਿਆਂ ਦੀ ਗੰਭੀਰ ਹੋ ਰਹੀ ਸਮੱਸਿਆ ਤੇ ਕਾਬੂ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲੇ।

ਬਿਊਰੋ

Continue Reading

Latest News

Trending