Editorial
ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਦੇ ਰਾਹ ਪਾਉਂਦਾ ਹੈ ਅਧਿਆਪਕ
ਕਿਸੇ ਸਿਆਣੇ ਨੇ ਸੱਚ ਹੀ ਕਿਹਾ ਹੈ ਕਿ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ। ਇੱਕ ਅਧਿਆਪਕ ਬਿਨਾਂ ਕਿਸੇ ਭੇਦ ਭਾਵ ਦੇ ਹਰੇਕ ਨੂੰ ਬਰਾਬਰ ਸਿੱਖਿਆ ਦਿੰਦਾ ਹੈ ਅਤੇ ਵਿਦਿਆਰਥੀਆਂ ਨੂੰ ਸਿਰਫ ਕਿਤਾਬੀ ਗਿਆਨ ਹੀ ਦਿੰਦਾ ਨਹੀਂ ਬਲਕਿ ਵਧੀਆ ਇਨਸਾਨ ਬਣਨ ਵਿੱਚ ਮਦਦ ਕਰਦਾ ਹੈ।
ਸਾਡੇ ਦੇਸ਼ ਵਿੱਚ ਹਰ ਸਾਲ ਸਾਰੇ ਅਧਿਆਪਕਾਂ ਦੇ ਸਨਮਾਨ ਵਿੱਚ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਜੋ ਅਧਿਆਪਕ ਅਤੇ ਵਿਦਿਆਰਥੀ ਦੋਵਾਂ ਲਈ ਮਹੱਤਵਪੂਰਨ ਦਿਨ ਹੁੰਦਾ ਹੈ। ਇਸ ਦਿਨ ਸਰਕਾਰ ਦੁਆਰਾ ਮਹਾਨ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਲਈ ਸਕੂਲਾਂ ਤੇ ਕਾਲਜਾਂ ਵਿੱਚ ਕਈ ਕਿਸਮ ਦੇ ਸਮਾਗਮ ਕੀਤੇ ਜਾਂਦੇ ਹਨ।
ਇਸਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਡਾਕਟਰ ਰਾਧਾਕ੍ਰਿਸ਼ਨਨ ਇੱਕ ਮਹਾਨ ਵਿਦਵਾਨ ਅਤੇ ਆਦਰਸ਼ ਅਧਿਆਪਕ ਸਨ। ਸਾਡੇ ਦੇਸ਼ ਵਿੱਚ 1962 ਵਿੱਚ ਪਹਿਲੀ ਵਾਰ ਅਧਿਆਪਕ ਦਿਵਸ ਮਨਾਇਆ ਗਿਆ ਸੀ।
ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਆਤਮ ਮੰਥਨ ਕਰਨਾ ਚਾਹੀਦਾ ਹੈ ਕਿ ਇੱਕ ਅਧਿਆਪਕ ਦੇ ਕੀ ਫਰਜ ਹਨ ਅਤੇ ਇਹ ਵੀ ਸੋਚਣਾ ਚਾਹੀਦਾ ਹੈ ਕਿ ਅਧਿਆਪਕਾਂ ਅਤੇ ਵਿਦਿਆਰਥੀ ਦੇ ਆਪਸੀ ਰਿਸ਼ਤੇ ਨੂੰ ਸੁਹਾਵਣਾ ਬਣਾਈ ਰੱਖਣ ਲਈ ਹੋਰ ਕੀ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਵੀ ਅਧਿਆਪਕਾਂ ਵਲੋਂ ਦਿੱਤੀ ਜਾਂਦੀ ਸਿਖਿਆ ਅਤੇ ਦੱਸੀਆਂ ਜਾਂਦੀਆਂ ਨੈਤਿਕ ਕਦਰਾਂ ਕੀਮਤਾਂ ਦੇ ਦਾਇਰੇ ਵਿੱਚ ਰਹਿ ਕੇ ਇੱਕ ਸੁਚੱਜੇ ਜੀਵਨ ਦੀ ਉਸਾਰੀ ਕਰਨੀ ਚਾਹੀਦੀ ਹੈ।
ਇੱਕ ਚੰਗਾ ਅਧਿਆਪਕ ਵਿਦਿਆਰਥੀਆਂ ਨੂੰ ਇਹਨਾਂ ਕਦਰਾਂ ਕੀਮਤਾਂ ਤੇ ਮੂਲ ਨਾਲ ਜਾਣੂ ਕਰਵਾਉਂਦਿਆਂ ਚੰਗੇ ਨਾਗਰਿਕ ਬਣਨ ਦੇ ਰਾਹ ਪਾਉਂਦਾ ਹੈ। ਸ਼ਾਇਦ ਇਸੇ ਲਈ ਕਿਹਾ ਗਿਆ ਹੈ ਕਿ ਅਧਿਆਪਕ ਇੱਕ ਮੋਮਬੱਤੀ ਦੀ ਤਰ੍ਹਾਂ ਆਉਂਦਾ ਹੈ ਜੋ ਆਪ ਜਲ ਕੇ ਵਿਦਿਆਰਥੀਆਂ ਦਾ ਜੀਵਨ ਰੌਸ਼ਨ ਕਰਦਾ ਹੈ।
ਆਸ਼ਾ ਰਾਣੀ
ਪ੍ਰਿੰਸੀਪਲ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ
ਸੈਕਟਰ 37 ਡੀ
Editorial
ਲਗਾਤਾਰ ਵੱਧਦੀ ਮਹਿੰਗਾਈ ਤੇ ਕਾਬੂ ਕਰਨ ਲਈ ਜਖੀਰੇਬਾਜਾਂ ਨੂੰ ਨੱਥ ਪਾਵੇ ਸਰਕਾਰ
ਪਿਛਲੇ ਸਮੇਂ ਦੌਰਾਨ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਹਾਲਤ ਪਤਲੀ ਕਰ ਦਿੱਤੀ ਹੈ ਅਤੇ ਉਹਨਾਂ ਵਾਸਤੇ ਆਪਣੇ ਜਰੂਰੀ ਖਰਚੇ ਕਰਨੇ ਵੀ ਔਖੇ ਹੋ ਗਏ ਹਨ। ਇਸ ਦੌਰਾਨ ਭਾਵੇਂ ਕੇਂਦਰ ਸਰਕਾਰ ਵਲੋਂ ਲਗਾਤਾਰ ਵੱਧਦੀ ਮਹਿੰਗਾਈ ਦਰ ਨੂੰ ਹੇਠਾਂ ਲਿਆਉਣ ਲਈ ਇੱਕ ਤੋਂ ਬਾਅਦ ਇੱਕ ਕਦਮ ਚੁੱਕੇ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰੰਤੂ ਜਿਸ ਤਰੀਕੇ ਨਾਲ ਮਹਿੰਗਾਈ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉਸ ਨਾਲ ਤਾਂ ਸਰਕਾਰ ਦੇ ਮਹਿੰਗਾਈ ਘੱਟ ਕਰਨ ਲਈ ਕਾਰਵਾਈ ਕਰਨ ਦੇ ਦਾਅਵੇ ਤਾਂ ਹਵਾ ਹਵਾਈ ਹੀ ਸਾਬਿਤ ਹੁੰਦੇ ਹਨ।
ਹਾਲਾਤ ਇਹ ਹਨ ਕਿ ਆਮ ਲੋਕਾਂ ਦੀਆਂ ਰੋਜਾਨਾ ਲੋੜ ਦੀਆਂ ਵਸਤੂਆਂ ਇੰਨੀਆਂ ਜਿਆਦਾ ਮਹਿੰਗੀਆਂ ਹੋ ਗਈਆਂ ਹਨ ਕਿ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ। ਜੇਕਰ ਲੋਕਾਂ ਦੀ ਆਮ ਵਰਤੋਂ ਦੀਆਂ ਜਰੂਰੀ ਵਸਤੂਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਸਤੂਆਂ ਦੇ ਦਾਮ ਲਗਾਤਾਰ ਵੱਧ ਰਹੇ ਹਨ। ਅਨਾਜ, ਦਾਲਾਂ, ਸਬਜੀਆਂ, ਰਿਫਾਇੰਡ ਤੇਲ, ਸਰੋਂ ਦਾ ਤੇਲ, ਮਸਾਲੇ, ਦੁੱਧ ਅਤੇ ਉਸਤੋਂ ਬਣੀਆਂ ਵਸਤੂਆਂ, ਕਪੜੇ, ਜੁੱਤੀਆਂ, ਦਵਾਈਆਂ ਆਦਿ ਸਭ ਕੁਝ ਬਹੁਤ ਮਹਿੰਗੇ ਹੋ ਗਏ ਹਨ, ਜਿਸ ਕਾਰਨ ਆਮ ਲੋਕਾਂ ਲਈ ਹੁਣ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ।
ਇਸ ਸੰਬੰਧੀ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੋਸ਼ ਲਗਾਉਂਦੀਆਂ ਹਨ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਹਿੰਗਾਈ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਮਹਿੰਗਾਈ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ਤੇ ਇਹ ਇਲਜਾਮ ਵੀ ਲਗਾ ਰਹੀਆਂ ਹਨ ਕਿ ਕੇਂਦਰ ਸਰਕਾਰ ਅਡਾਨੀ ਵਰਗੇ ਪੂੰਜੀਪਤੀਆਂ ਨੂੰ ਅਮੀਰ ਬਣਾਉਣ ਲਈ ਉਹਨਾਂ ਦੇ ਹੱਕ ਵਿੱਚ ਹੀ ਨੀਤੀਆਂ ਬਣਾਉਂਦੀ ਹੈ ਅਤੇ ਇਸ ਸਰਕਾਰ ਵਲੋਂ ਆਮ ਲੋਕਾਂ ਦੇ ਹਿਤਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਜਾਂਦੀ ਹੈ। ਵਿਰੋਧੀ ਪਾਰਟੀਆਂ ਵਲੋਂ ਸਰਕਾਰ ਉੱਪਰ ਲਗਾਏ ਇਹਨਾਂ ਇਲਜਾਮਾਂ ਤੇ ਆਮ ਚਰਚਾ ਵੀ ਹੁੰਦੀ ਹੈ ਅਤੇ ਇਹ ਗੱਲ ਵੀ ਆਮ ਆਖੀ ਜਾਂਦੀ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਰੋਕਣ ਲਈ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ।
ਇਸ ਦੌਰਾਨ ਇਹ ਗੱਲ ਆਮ ਆਖੀ ਜਾਂਦੀ ਹੈ ਕਿ ਲਗਾਤਾਰ ਵੱਧਦੀ ਇਸ ਮਹਿੰਗਾਈ ਲਈ ਅਜਿਹੇ ਵੱਡੇ ਵਪਾਰੀ ਅਤੇ ਜਮਾਂਖੋਰ ਹੀ ਜਿੰਮੇਵਾਰ ਹੁੰਦੇ ਹਨ ਜਿਹਨਾਂ ਵਲੋਂ ਜਰੂਰੀ ਵਸਤੂਆਂ ਦੀ ਕਾਲਾਬਾਜਾਰੀ ਕਰਕੇ ਬਾਜਾਰ ਵਿੱਚ ਇਹਨਾਂ ਵਸਤੂਆਂ ਦੀ ਬਨਾਵਟੀ ਥੁੜ ਪੈਦਾ ਕੀਤੀ ਜਾਂਦੀ ਹੈ ਅਤੇ ਫਿਰ ਕੀਮਤ ਵਧਾ ਕੇ ਮੋਟਾ ਮੁਨਾਫਾ ਕਮਾਇਆ ਜਾਂਦਾ ਹੈ। ਬਾਕੀ ਦੀ ਕਸਰ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨਾਲ ਪੂਰੀ ਹੋ ਜਾਂਦੀ ਹੈ ਜਿਹੜੀਆਂ ਲਗਾਤਾਰ ਵੱਧ ਰਹੀਆਂ ਹਨ ਅਤੇ ਇਸ ਕਾਰਨ ਜਿੱਥੇ ਸਾਮਾਨ ਦੀ ਢੋਆ ਢੁਆਈ ਦਾ ਖਰਚ ਵਧਣ ਕਾਰਨ ਸਾਮਾਨ ਦੀ ਕੀਮਤ ਵੱਧਦੀ ਹੈ ਉੱਥੇ ਪੈਟਰੋਲ, ਡੀਜਲ ਅਤੇ ਰਸੋਈ ਗੈਸ ਤੇ ਹੋਣ ਵਾਲਾ ਵੱਧ ਖਰਚ ਲੋਕਾਂ ਦੀ ਜੇਬ੍ਹ ਨੂੰ ਹੋਰ ਤੰਗ ਕਰ ਦਿੰਦਾ ਹੈ।
ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਮਹਿੰਗਾਈ ਰੋਕਣ ਲਈ ਕਿਸ ਕੋਲ ਜਾ ਕੇ ਫਰਿਆਦ ਕਰਨ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਮਹਿੰਗਾਈ ਨੂੰ ਰੋਕਣ ਲਈ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਨੂੰ ਪੈਟਰੋਲ ਡੀਜਲ ਤੇ ਵੈਟ ਘਟਾਉਣਾ ਚਾਹੀਦਾ ਹੈ, ਦੂਜੇ ਪਾਸੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਦਾ ਕਹਿਣਾ ਹੈ ਕਿ ਪੈਟਰੋਲ ਅਤੇ ਡੀਜਲ ਉਪਰ ਕੇਂਦਰ ਸਰਕਾਰ ਵਲੋਂ ਬਹੁਤ ਟੈਕਸ ਲਗਾਏ ਗਏ ਹਨ ਅਤੇ ਕੇਂਦਰ ਸਰਕਾਰ ਨੂੰ ਉਹਨਾਂ ਟੈਕਸਾਂ ਵਿਚ ਕਮੀ ਕਰਨੀ ਚਾਹੀਦੀ ਹੈ। ਕੇਂਦਰ ਦੀ ਸੱਤਾ ਤੇ ਕਾਬਜ ਭਾਰਤੀ ਜਨਤਾ ਪਾਰਟੀ ਦੇ ਕੁੱਝ ਆਗੂ ਅਕਸਰ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਭਾਰਤ ਵਿਚ ਮਹਿੰਗਾਈ ਵੱਧਣ ਲਈ ਪਿਛਲੀ ਮਨਮੋਹਨ ਸਰਕਾਰ ਦੀਆਂ ਗਲਤ ਨੀਤੀਆਂ ਜਿੰਮੇਵਾਰ ਹਨ। ਹੋਰ ਤਾਂ ਹੋਰ ਇਹ ਆਗੂ ਅਕਸਰ ਭਾਰਤ ਵਿਚ ਮਹਿੰਗਾਈ ਵਿਚ ਵਾਧੇ ਲਈ ਗੁਆਂਢੀ ਦੇਸ਼ਾਂ ਨੂੰ ਵੀ ਜਿੰਮੇਵਾਰ ਠਹਿਰਾ ਦਿੰਦੇ ਹਨ।
ਜਮੀਨੀ ਹਾਲਾਤ ਇਹ ਹਨ ਕਿ ਲਗਾਤਾਰ ਵੱਧਦੀ ਮਹਿੰਗਾਈ ਆਪਣੇ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਰਹੀ ਹੈ ਪਰੰਤੂ ਮਹਿੰਗਾਈ ਵਿੱਚ ਹੁੰਦੇ ਵਾਧੇ ਨੂੰ ਰੋਕਣ ਵਿਚ ਜਿਥੇ ਕੇਂਦਰ ਦੀ ਮੋਦੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ, ਉਥੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਵੀ ਮਹਿੰਗਾਈ ਉੱਪਰ ਕਾਬੂ ਪਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ। ਕੇਂਦਰ ਅਤੇ ਰਾਜ ਸਰਕਾਰਾਂ ਨੂ ੰਚਾਹੀਦਾ ਹੈ ਕਿ ਉਹਨਾਂ ਵਲੋਂ ਆਪਸ ਵਿੱਚ ਲੋੜੀਂਦਾ ਤਾਲਮੇਲ ਕਰਕੇ ਮਹਿੰਗਾਈ ਤੇ ਕਾਬੂ ਕਰਨ ਲਈ ਜਰੂਰੀ ਵਸਤਾਂ ਦੀ ਕਾਲਾਬਾਜਾਰੀ ਕਰਨ ਵਾਲੇ ਵੱਡੇ ਜਖੀਰੇਬਾਜਾਂ ਦੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾਵੇ ਤਾਂ ਜੋ ਲਗਾਤਾਰ ਵੱਧ ਰਹੀ ਮਹਿੰਗਾਈ ਵਿਚ ਹੋਰ ਹੋਣ ਵਾਲੇ ਇਸ ਵਾਧੇ ਨੂੰ ਰੋਕਿਆ ਜਾ ਸਕੇ।
Editorial
ਸ਼ਹਿਰ ਵਿੱਚ ਲਗਾਤਾਰ ਵੱਧਦੀ ਮੰਗਤਿਆਂ ਦੀ ਸੱਮਸਿਆ ਤੇ ਕਾਬੂ ਕਰੇ ਪ੍ਰਸ਼ਾਸ਼ਨ
ਪਿਛਲੇ ਕੁੱਝ ਸਮੇਂ ਦੌਰਾਨ ਸਾਡੇ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਮੰਗਤਿਆਂ ਦੀ ਸਮੱਸਿਆ ਬਹੁਤ ਜਿਆਦਾ ਵੱਧ ਗਈ ਹੈ ਅਤੇ ਇਹਨਾਂ ਮੰਗਤਿਆਂ ਦੀ ਗਿਣਤੀ ਵਿੱਚ ਕਾਫੀ ਜਿਆਦਾ ਵਾਧਾ ਹੋਇਆ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਜਿਸ ਪਾਸੇ ਵੀ ਨਜਰ ਮਾਰੋ ਇਹ ਮੰਗਤੇ ਨਜਰ ਆ ਜਾਂਦੇ ਹਨ। ਸ਼ਹਿਰ ਦੀਆਂ ਲਗਭਗ ਸਾਰੀਆਂ ਟ੍ਰੈਫਿਕ ਲਾਈਟਾਂ, ਬਾਜ਼ਾਰਾਂ ਅਤੇ ਇੱਥੋਂ ਤਕ ਕਿ ਲੋਕਾਂ ਦੇ ਘਰਾਂ ਅੱਗੇ ਜਾ ਕੇ ਭੀਖ ਮੰਗਣ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਵੱਧ ਚੁੱਕੀ ਹੈ।
ਇਹ ਮੰਗਤੇ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਅਤੇ ਘੁੰਮਣ ਫਿਰਨ ਆਉਣ ਵਾਲੇ ਲੋਕਾਂ ਨੂੰ ਘੇਰ ਕੇ ਖੜ੍ਹ ਜਾਂਦੇ ਹਨ। ਛੋਟੇ ਛੋਟੇ ਬੱਚਿਆਂ ਨੂੰ ਚੁੱਕੀ ਘੁੰਮ ਰਹੀਆਂ ਪ੍ਰਵਾਸੀ ਔਰਤਾਂ, ਫਟੇਹਾਲ ਕਪੜਿਆਂ ਅਤੇ ਗੰਦੇ ਮੰਦੇ ਚੀਥੜਿਆਂ ਵਿੱਚ ਲਿਪਟੇ ਛੋਟੇ ਛੋਟੇ ਬੱਚੇ ਅਤੇ ਕੁੱਝ ਵੱਡੀ ਉਮਰ ਦੇ ਭਿਖਾਰੀ ਅਚਾਨਕ ਹੀ ਤੁਹਾਡੇ ਸਾਮ੍ਹਣੇ ਆ ਕੇ ਬੜੀ ਦੀਨ ਹੀਨ ਜਿਹੀ ਸ਼ਕਲ ਬਣਾ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਮੰਗਣਾ ਸ਼ੁਰੂ ਕਰ ਦਿੰਦੇ ਹਨ। ਇਹ ਭਿਖਾਰੀ ਟ੍ਰੈਫਿਕ ਲਾਈਟਾਂ ਤੇ ਰੁਕਣ ਵਾਲੀਆਂ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਅਤੇ ਪੇਟ ਭਰਨ ਦਾ ਵਾਸਤਾ ਦੇ ਕੇ ਲੋਕਾਂ ਤੋਂ ਭੀਖ ਮੰਗਦੇ ਦਿਖਦੇ ਹਨ। ਹੋਰ ਤਾਂ ਹੋਰ ਕਈ ਛੋਟੇ ਛੋਟੇ ਬੱਚੇ (ਲਗਭਗ 5-7 ਸਾਲ ਤਕ ਦੀ ਉਮਰ ਦੇ) ਵੀ ਇਸੇ ਤਰ੍ਹਾਂ ਲੋਕਾਂ ਅੱਗੇ ਹੱਥ ਫੈਲਾਈ ਭੀਖ ਮੰਗਦੇ ਦਿਖਦੇ ਹਨ। ਇਹਨਾਂ ਮੰਗਤਿਆਂ ਦੇ ਇਸ ਤਰ੍ਹਾਂ ਅਚਾਨਕ ਸਾਮ੍ਹਣੇ ਆ ਜਾਣ ਤੇ ਜਿੱਥੇ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਉੱਥੇ ਹੋਰਨਾਂ ਥਾਵਾਂ ਤੋਂ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਉੱਪਰ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
ਇਹ ਭਿਖਾਰੀ ਉਦੋਂ ਤੱਕ ਲੋਕਾਂ ਦਾ ਖਹਿੜਾ ਨਹੀਂ ਛੱਡਦੇ ਜਦੋਂ ਤੱਕ ਉਨ੍ਹਾਂ ਨੂੰ ਕੁੱਝ ਨਾ ਕੁੱਝ ਮਿਲ ਨਾ ਜਾਵੇ ਅਤੇ ਜੇਕਰ ਇਹਨਾਂ ਨੂੰ ਕੁੱਝ ਨਾ ਮਿਲੇ ਤਾਂ ਕਈ ਵਾਰ ਇਹ ਲੋਕਾਂ ਨੂੰ ਗਾਲ੍ਹਾਂ ਕੱਢ ਕੇ ਭੱਜ ਜਾਂਦੇ ਹਨ। ਇਹਨਾਂ ਭਿਖਾਰੀਆਂ ਦੀ ਵੱਧਦੀ ਗਿਣਤੀ ਕਾਰਨ ਸ਼ਹਿਰਵਾਸੀ ਕਾਫੀ ਤੰਗ ਹੁੰਦੇ ਹਨ ਅਤੇ ਇਸ ਸਮੱਸਿਆ ਦੇ ਹਲ ਦੀ ਮੰਗ ਵੀ ਕਰਦੇ ਹਨ। ਸ਼ਹਿਰ ਵਾਸੀ ਅਕਸਰ ਇਹ ਇਲਜਾਮ ਲਗਾਉਂਦੇ ਹਨ ਕਿ ਸ਼ਹਿਰ ਦੇ ਬਾਹਰਵਾਰ ਬਣੀਆਂ ਝੁੱਗੀ ਕਲੋਨੀਆਂ ਵਿੱਚ ਰਹਿਣ ਵਾਲੇ ਕੁੱਝ ਪੇਸ਼ੇਵਰ ਲੋਕ ਬਾਕਾਇਦਾ ਇਹਨਾਂ ਭਿਖਾਰੀਆਂ ਦੇ ਗਿਰੋਹ ਚਲਾਉਂਦੇ ਹਨ ਅਤੇ ਇਹਨਾਂ ਵਲੋਂ ਭਿਖਾਰੀਆਂ ਤੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਬਾਕਾਇਦਾ ਯੋਜਨਾਬੱਧ ਤਰੀਕੇ ਨਾਲ ਭੀਖ ਮੰਗਵਾਈ ਜਾਂਦੀ ਹੈ। ਇਹਨਾਂ ਭਿਖਾਰੀਆਂ ਦੇ ਠੀਏ ਵੀ ਤੈਅ ਹਨ ਅਤੇ ਇਹ ਆਪਣੇ ਠੀਏ ਤੇ ਕਿਸੇ ਹੋਰ ਨੂੰ ਭੀਖ ਨਹੀਂ ਮੰਗਣ ਦਿੰਦੇ।
ਆਮ ਲੋਕ ਇਹਨਾਂ ਭਿਖਾਰੀਆਂ ਦੀ ਤਰਸਯੋਗ ਹਾਲਤ ਉੱਪਰ ਤਰਸ ਖਾ ਕੇ ਇਹਨਾਂ ਨੂੰ ਕੁੱਝ ਨਕਦੀ ਆਦਿ ਦੇ ਦਿੰਦੇ ਹਨ ਅਤੇ ਇਹ ਭਿਖਾਰੀ ਲੋਕਾਂ ਦੀ ਇਸੇ ਹਮਦਰਦੀ ਦਾ ਨਾਜਾਇਜ਼ ਫਾਇਦਾ ਚੁੱਕਦੇ ਹਨ। ਇਹ ਭਿਖਾਰੀ ਸਾਰਾ ਦਿਨ ਇਕੱਠੀ ਕੀਤੀ ਜਾਣ ਵਾਲੀ ਭੀਖ ਦੀ ਰਕਮ ਨਾਲ ਰਾਤ ਨੂੰ ਸ਼ਰਾਬ ਅਤੇ ਹੋਰ ਨਸ਼ੇ ਵੀ ਕਰਦੇ ਹਨ। ਸਥਾਨਕ ਫੇਜ਼ 7 ਦੇ ਅੰਬਾ ਵਾਲਾ ਚੌਂਕ ਤੋਂ ਕੁੰਭੜਾ ਚੌਂਕ ਵੱਲ ਜਾਂਦੀ ਮੁੱਖ ਸੜਕ ਦੇ ਫੇਜ਼ 7 ਵਾਲੇ ਪਾਸੇ ਪੈਛੀਆਂ ਕੋਠੀਆਂ ਦੇ ਵਸਨੀਕ ਸ਼ਿਕਾਇਤ ਕਰਦੇ ਹਨ ਕਿ ਰਾਤ ਨੂੰ ਇਹ ਭਿਖਾਰੀ ਉਹਨਾਂ ਦੀਆਂ ਕੋਠੀਆਂ ਦੇ ਪਿੱਛੇ ਵਾਲੀ ਖਾਲੀ ਥਾਂ ਤੇ ਇਕੱਠੇ ਹੋ ਕੇ ਸ਼ਰਾਬ ਪੀਂਦੇ ਅਤੇ ਖਰਮਸਤੀਆਂ ਕਰਦੇ ਹਨ। ਨਸ਼ਾ ਕਰਨ ਦੌਰਾਨ ਇਹ ਭਿਖਾਰੀ ਕਾਫੀ ਰੌਲਾ ਪਾਉਂਦੇ ਹਨ ਅਤੇ ਬਾਅਦ ਵਿੱਚ ਇਹ ਉੱਥੇ ਫੁਟਪਾਥ ਤੇ ਹੀ ਸੋ ਜਾਂਦੇ ਹਨ।
ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਭਿਖਾਰੀਆਂ ਵਲੋਂ ਜਨਤਕ ਥਾਵਾਂ ਤੇ ਭੀਖ ਮੰਗਣ ਦੀ ਇਹ ਕਾਰਵਾਈ ਕਾਨੂੰਨਨ ਜੁਰਮ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਅਜਿਹਾ ਕਰਨ ਤੇ ਇਹਨਾਂ ਮੰਗਤਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਇਸ ਸੰਬੰਧੀ ਚੰਡੀਗੜ੍ਹ ਪੁਲੀਸ ਵਲੋਂ ਉੱਥੇ ਭੀਖ ਮੰਗਣ ਵਾਲੇ ਮੰਗਤਿਆਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਹੈ ਪਰੰਤੂ ਸਾਡੇ ਸ਼ਹਿਰ ਵਿੱਚ ਸਥਾਨਕ ਪ੍ਰਸ਼ਾਸ਼ਨ ਵਲੋਂ ਇਹਨਾਂ ਮੰਗਤਿਆਂ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਇੱਥੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਚੰਡੀਗੜ੍ਹ ਵਿੱਚ ਮੰਗਤਿਆਂ ਦੇ ਖਿਲਾਫ ਕਾਰਵਾਈ ਹੋਣ ਦੇ ਡਰ ਕਾਰਨ ਉੱਥੇ ਭੀਖ ਮੰਗਣ ਵਾਲਿਆਂ ਵਲੋਂ ਵੀ ਹੁਣ ਇੱਥੇ ਆਪਣੇ ਟਿਕਾਣੇ ਕਾਇਮ ਕਰ ਲਏ ਗਏ ਹਨ।
ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿੱਚ ਭਿਖਾਰੀਆਂ ਦੀ ਵੱਧਦੀ ਗਿਣਤੀ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ। ਇਸਦੇ ਤਹਿਤ ਜਿੱਥੇ ਭੀਖ ਮੰਗਣ ਨੂੰ ਪੇਸ਼ਾ ਬਣਾ ਚੁੱਕੇ ਭਿਖਾਰੀਆਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ ਉੱਥੇ ਸ਼ਹਿਰ ਵਿੱਚ ਯੋਜਨਾਬੱਧ ਤਰੀਕੇ ਨਾਲ ਭੀਖ ਮੰਗਵਾਉਣ ਦੀ ਇਸ ਕਾਰਵਾਈ ਨੂੰ ਰੋਕਣ ਲਈ ਵੀ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਸੰਬੰਧੀ ਪੁਲੀਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੇ।
Editorial
ਜ਼ਿਮਨੀ ਚੋਣਾਂ ਵਿੱਚ ਸੱਤਾਧਾਰੀ ਧਿਰ ਨੂੰ ਭਾਰੀ ਪੈ ਸਕਦੇ ਹਨ ਸਖਤ ਫੈਸਲੇ
ਲੋਕਾਂ ਦੀ ਨਾਰਾਜਗੀ ਕਾਰਨ ਹੋ ਸਕਦਾ ਹੈ ਨੁਕਸਾਨ
ਪੰਜਾਬ ਦੀ ਸੱਤਾ ਤੇ ਕਾਬਜ ਆਮ ਅਦਾਮੀ ਪਾਰਟੀ ਦੀ ਸਰਕਾਰ ਵੱਲੋਂ ਬੀਤੇ ਦਿਨੀਂ ਪੈਟਰੋਲ ਅਤੇ ਡੀਜ਼ਲ ਤੇ ਵੈਟ ਦਰਾਂ ਵਿੱਚ ਕੀਤੇ ਵਾਧੇ, ਚੰਨੀ ਸਰਕਾਰ ਵਲੋਂ ਦਿੱਤੀ ਬਿਜਲੀ ਸਬਸਿਡੀ ਖਤਮ ਕਰਨ ਅਤੇ ਬੱਸ ਕਿਰਾਏ ਵਿੱਚ ਵਾਧਾ ਕਰਨ ਨਾਲ ਜਿੱਥੇ ਆਮ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਉਥੇ ਹੀ ਵਿਰੋਧੀ ਪਾਰਟੀਆਂ ਇਸ ਕਾਰਨ ਸਰਕਾਰ ਦੀ ਨਿਖੇਧੀ ਕਰ ਰਹੀਆਂ ਹਨ।
ਤਿਉਹਾਰਾਂ ਤੋਂ ਬਾਅਦ ਪੰਜਾਬ ਵਿੱਚ ਜ਼ਿਮਨੀ ਚੋਣਾਂ ਹੋਣ ਦੀ ਸੰਭਾਵਨਾ ਹੈ ਅਤੇ ਇਹਨਾਂ ਚੋਣਾਂ ਨੂੰ ਜਿੱਤਣ ਲਈ ਸਿਆਸੀ ਪਾਰਟੀਆਂ ਵੱਲੋਂ ਹੁਣੇ ਤੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਸਿਆਸੀ ਮਾਹਿਰ ਕਹਿ ਰਹੇ ਹਨ ਕਿ ਸਰਕਾਰ ਦੇ ਉਪਰੋਕਤ ਫੈਸਲਿਆਂ ਦਾ ਜਿਮਨੀ ਚੋਣਾਂ ਤੇ ਵੀ ਅਸਰ ਪੈ ਸਕਦਾ ਹੈ ਅਤੇ ਸੱਤਾਧਾਰੀ ਧਿਰ ਨੂੰ ਚੋਣਾਂ ਦੌਰਾਨ ਵੋਟਾਂ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਪੈਟਰੋਲ ਡੀਜਲ ਤੇ ਵੈਟ ਦਰਾਂ ਵਿੱਚ ਵਾਧੇ ਕਾਰਨ ਪੈਟਰੋਲ ਡੀਜਲ ਮਹਿੰਗੇ ਹੋ ਗਏ ਹਨ। ਬੱਸਾਂ ਦੇ ਕਿਰਾਏ ਵਧਣ ਕਾਰਨ ਬੱਸ ਸਫਰ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ ਬਿਜਲੀ ਸਬਸਿਡੀ ਖਤਮ ਕਰਨ ਨਾਲ ਵੀ ਲੋਕ ਮੌਜੂਦਾ ਸੱਤਾਧਾਰੀ ਪਾਰਟੀ ਨਾਲ ਨਾਰਾਜ ਹੋ ਰਹੇ ਹਨ।
ਪੰਜਾਬ ਦੇ ਸਾਰੇ ਵਰਗਾਂ ਵੱਲੋਂ ਪੈਟਰੋਲ ਡੀਜਲ ਤੇ ਵੈਟ ਦਰਾਂ ਵਧਾਉਣ ਅਤੇ ਬਿਜਲੀ ਸਬਸਿਡੀ ਖਤਮ ਕਰਨ ਦਾ ਤਕੜਾ ਵਿਰੋਧ ਕੀਤਾ ਜਾ ਰਿਹਾ ਹੈ। ਵੈਟ ਦਰਾਂ ਵਧਾਉਣ ਕਾਰਨ ਪੰਜਾਬ ਵਿੱਚ ਪੈਟਰੋਲ ਡੀਜਲ ਮਹਿੰਗਾ ਹੋ ਗਿਆ ਹੈ, ਜਿਸ ਕਾਰਨ ਲੋਕਾਂ ਉਪਰ ਹੋਰ ਆਰਥਿਕ ਬੋਝ ਪੈ ਗਿਆ ਹੈ। ਵੱਖ ਵੱਖ ਵਰਗਾਂ ਨਾਲ ਸਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਦਿਨ ਹੋਣ ਕਰਕੇ ਪਹਿਲਾਂ ਹੀ ਖਰਚੇ ਜਿਆਦਾ ਹੋ ਰਹੇ ਹਨ, ਉਪਰੋਂ ਸਰਕਾਰ ਨੇ ਵੈਟ ਵਧਾ ਕੇ ਪੈਟਰੋਲ ਡੀਜਲ ਮਹਿੰਗੇ ਕਰ ਦਿੱਤੇ ਹਨ ਜਿਸ ਕਾਰਨ ਲੋਕਾਂ ਦਾ ਖਰਚਾ ਹੋਰ ਵੱਧ ਗਿਆ ਹੈ ਜਦੋਂਕਿ ਲੋਕਾਂ ਦੀ ਆਮਦਨੀ ਪਹਿਲਾਂ ਜਿੰਨੀ ਹੀ ਹੈ।
ਸਰਕਾਰ ਵਲੋਂ ਬੱਸਾਂ ਦੇ ਕਿਰਾਏ ਵਿੱਚ ਕੀਤੇ ਵਾਧੇ ਦਾ ਵੀ ਭਾਰੀ ਵਿਰੋਧ ਹੋ ਰਿਹਾ ਹੈ। ਇਸਦੀ ਉਹਨਾਂ ਲੋਕਾਂ ਤੇ ਬਹੁਤ ਜਿਆਦਾ ਮਾਰ ਪਈ ਹੈ ਜਿਹੜੇ ਰੋਜਾਨਾ ਸਫਰ ਕਰਦੇ ਹਨ। ਅਜਿਹੇ ਵੱਡੀ ਗਿਣਤੀ ਲੋਕ ਹਨ ਜਿਹੜੇ ਨਾਲ ਲੱਗਦੇ ਖੇਤਰਾਂ ਤੋਂ ਮੁਹਾਲੀ ਚੰਡੀਗੜ੍ਹ ਕੰਮ ਲਈ ਆਉਂਦੇ ਹਨ ਅਤੇ ਕਿਰਾਇਆ ਵੱਧ ਜਾਣ ਨਾਲ ਉਹਨਾਂ ਦਾ ਮਹੀਨੇ ਦਾ ਬਜਟ ਵਿਗੜਣ ਦੀ ਸੰਭਾਵਨਾ ਬਣ ਗਈ ਹੈ। ਪੰਜਾਬ ਵਿੱਚ ਭਾਵੇਂ ਕਿ ਸਰਕਾਰੀ ਮੁਲਾਜਮਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਹਰ ਸਾਲ ਵਾਧਾ ਹੋਣ ਦੀ ਸੰਭਾਵਨਾ ਹੁੰਦੀ ਹੈ ਪਰ ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਦੀਆਂ ਤਨਖਾਹਾਂ ਸਾਲ ਬਾਅਦ ਵੀ ਘੱਟ ਹੀ ਵਧਦੀਆਂ ਹਨ। ਜੇ ਕੋਈ ਪ੍ਰਾਈਵੇਟ ਮੁਲਾਜਮ ਤਨਖਾਹ ਵਧਾਉਣ ਲਈ ਕਹਿੰਦਾ ਹੈ ਤਾਂ ਅਕਸਰ ਮਾਲਕ ਉਸ ਨੂੰ ਨੌਕਰੀ ਤੋਂ ਜਵਾਬ ਦੇ ਦਿੰਦੇ ਹਨ।
ਇਸ ਤੋਂ ਇਲਾਵਾ ਸਬਜੀਆਂ, ਦਾਲਾਂ ਤੇ ਫਲਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਪਹਿਲਾਂ ਹੀ ਲੋਕ ਮਹਿੰਗਾਈ ਦੀ ਚੱਕੀ ਵਿੱਚ ਪੀਸੇ ਜਾ ਰਹੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਮਨੀ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਨੂੰ ਵੈਟ ਦਰਾਂ ਵਿੱਚ ਕੀਤੇ ਗਏ ਵਾਧੇ, ਬਿਜਲੀ ਸਬਸਿਡੀ ਖਤਮ ਕਰਨ ਤੇ ਬੱਸ ਕਿਰਾਏ ਵਿੱਚ ਕੀਤੇ ਵਾਧੇ ਦਾ ਜਵਾਬ ਜਰੂਰ ਮਿਲੇਗਾ।
ਬਿਊਰੋ
-
Chandigarh2 months ago
ਕੇਂਦਰ ਸਰਕਾਰ ਦੇ ਬਜਟ ਨੇ ਹਰੇਕ ਵਰਗ ਨੂੰ ਰਾਹਤ ਪਹੁੰਚਾਈ : ਬੀਬੀ ਅਮਨਜੋਤ ਰਾਮੂੰਵਾਲੀਆ
-
International2 months ago
ਚੀਨ ਵਿੱਚ ਤੂਫਾਨ ਗਾਏਮੀ ਦਾ ਕਹਿਰ, ਦੋ ਵਿਅਕਤੀਆਂ ਦੀ ਮੌਤ, 201 ਜ਼ਖਮੀ
-
Chandigarh2 months ago
ਜ਼ੀਰਕਪੁਰ ਦੀ ਛੱਤ ਲਾਈਟ ਪੁਆਇੰਟ ਤੇ ਸੜਕ ਹਾਦਸਾ
-
International1 month ago
ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਉਲੰਪਿਕ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਨੂੰ ਮਿਲਿਆ ਤੀਜਾ ਤਮਗਾ
-
International2 months ago
ਓਲੰਪਿਕ ਤੋਂ ਠੀਕ ਪਹਿਲਾਂ ਫਰਾਂਸ ਵਿੱਚ ਵੱਡਾ ਹਮਲਾ
-
Chandigarh2 months ago
ਸਰਕਾਰ ਨੇ 77 ਬਾਲ ਭਿਖਾਰੀਆਂ ਦਾ ਮੁੜ ਵਸੇਬਾ ਕੀਤਾ : ਡਾ. ਬਲਜੀਤ ਕੌਰ
-
Chandigarh2 months ago
ਚੰਡੀਗੜ੍ਹ ਵਿੱਚ ਐਮ ਬੀ ਬੀ ਐਸ ਵਿਦਿਆਰਥਣ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
-
International2 months ago
ਆਸਟ੍ਰੇਲੀਆ ਵਿੱਚ ਦੋ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਦੋਵੇਂ ਪਾਇਲਟਾਂ ਦੀ ਮੌਤ