Editorial
ਸਵਾਰੀ ਸਿਸਟਮ ਦੇ ਆਧਾਰ ਤੇ ਚਲਦੇ ਆਟੋ ਰਿਕਸ਼ਿਆਂ ਵਾਸਤੇ ਸਪੀਡ ਲਿਮਟ ਲਾਗੂ ਕਰੇ ਪ੍ਰਸ਼ਾਸ਼ਨ
ਸਾਡੇ ਸ਼ਹਿਰ ਨੂੰ ਭਾਵੇਂ ਇੱਕ ਅੰਤਰਰਾਸ਼ਟਰੀ ਪੱਧਰ ਦੇ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਸ਼ਹਿਰ ਵਾਸੀਆਂ ਨੂੰ ਵਿਸ਼ਵਪੱਧਰੀ ਸੁਵਿਧਾਵਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਪਰੰਤੂ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਸਰਕਾਰ ਦੇ ਇਹਨਾਂ ਦਾਅਵਿਆਂ ਤੇ ਸਵਾਲ ਚੁੱਕਦੀ ਹੈ ਅਤੇ ਇਸ ਕਾਰਨ ਸ਼ਹਿਰ ਵਾਸੀਆਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ। ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਲਈ ਵਸਨੀਕ ਮੁੱਖ ਤੌਰ ਤੇ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਹਿਸਾਬ ਨਾਲ ਚਲਦੇ ਆਟੋ ਰਿਕਸ਼ਿਆਂ ਦੇ ਚਾਲਕਾਂ ਨੂੰ ਜਿੰਮੇਵਾਰ ਠਹਿਰਾਉਂਦੇ ਹਨ ਜਿਹਨਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਕਾਰਵਾਈ ਕਾਰਨ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਵੈਸੇ ਵੇਖਿਆ ਜਾਵੇ ਤਾਂ ਸ਼ਹਿਰ ਵਾਸੀਆਂ ਦੀ ਇਹ ਸ਼ਿਕਾਇਤ ਕਾਫੀ ਹੱਦ ਤਕ ਜਾਇਜ਼ ਲੱਗਦੀ ਹੈ, ਕਿਉਂਕਿ ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਦੇ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਇਸ ਗੱਲ ਨਾਲ ਸਾਰੇ ਹੀ ਸਹਿਮਤ ਨਜਰ ਆਉਂਦੇ ਹਨ ਕਿ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੇ ਚਾਲਕਾਂ ਵਲੋਂ ਕੀਤੀਆਂ ਜਾਂਦੀਆਂ ਆਪ ਹੁਦਰੀਆਂ ਕਾਰਨ ਸ਼ਹਿਰ ਵਿੱਚ ਟ੍ਰੈਫਿਕ ਦੀ ਭਾਰੀ ਸਮੱਸਿਆ ਪੇਸ਼ ਆਉਂਦੀ ਹੈ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਆਟੋ ਰਿਕਸ਼ੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਸਭ ਤੋਂ ਵੱਡਾ ਕਾਰਨ ਬਣ ਚੁੱਕੇ ਹਨ। ਸੜਕ ਤੇ ਚਲਦੇ ਚਲਦੇ ਕਿਸੇ ਆਟੋ ਰਿਕਸ਼ੇ ਦਾ ਚਾਲਕ ਅਚਾਨਕ ਕਦੋਂ ਸੜਕ ਦੇ ਵਿਚਕਾਰ ਆਪਣਾ ਵਾਹਨ ਰੋਕ ਲਵੇਗਾ ਜਾਂ ਫਿਰ ਹੋਰਨਾਂ ਆਟੋ ਚਾਲਕਾਂ ਨਾਲ ਰੇਸ ਲਗਾਉਣੀ ਸ਼ੁਰੂ ਕਰ ਦੇਵੇਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ। ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀ ਚੁੱਕਣ ਦੀ ਹੋੜ ਵਿੱਚ ਇਹ ਆਟੋ ਰਿਕਸ਼ੇ ਕਈ ਵਾਰ ਹਾਦਸਿਆਂ ਦਾ ਵੀ ਸ਼ਿਕਾਰ ਹੁੰਦੇ ਹਨ ਅਤ ਖੁਦ ਦੇ ਨਾਲ ਨਾਲ ਹੋਰਨਾਂ ਲੋਕਾਂ ਲਈ ਵੀ ਖਤਰੇ ਦਾ ਕਾਰਨ ਬਣਦੇ ਹਨ।
ਲੋਕ ਇਹ ਵੀ ਸ਼ਿਕਾਇਤ ਕਰਦੇ ਹਨ ਕਿ ਇਹ ਆਟੋ ਚਾਲਕ ਆਪਣੇ ਤੋਂ ਪਿੱਛੇ ਆਉਣ ਵਾਲੇ ਕਿਸੇ ਵਾਹਨ ਨੂੰ ਰਾਹ ਦੇਣ ਲਈ ਤਿਆਰ ਨਹੀਂ ਹੁੰਦੇ ਜਿਸ ਕਾਰਨ ਆਮ ਲੋਕਾਂ ਨੂੰ ਸੜਕਾਂ ਤੇ ਆਪਣਾ ਵਾਹਨ ਚਲਾਉਣ ਵਿੱਚ ਭਾਰੀ ਪਰੇਸ਼ਾਨੀ ਹੁੰਦੀ ਹੈ। ਇਹਨਾਂ ਬਾਰੇ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਆਟੋ ਚਾਲਕਾਂ ਦੀ ਮਾਨਸਿਕਤਾ ਹੀ ਅਜਿਹੀ ਹੋ ਗਈ ਹੈ ਕਿ ਇਹ ਸੜਕ ਤੇ ਚਲਦੇ ਹੋਰਨਾਂ ਵਾਹਨਾਂ ਦੇ ਚਾਲਕਾਂ ਨੂੰ ਤੁੱਛ ਸਮਝਦੇ ਹਨ। ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਚਾਲਕਾਂ ਦੇ ਖਿਲਾਫ ਟ੍ਰੈਫਿਕ ਪੁਲੀਸ ਵਲੋਂ ਕੋਈ ਸਖਤ ਕਾਰਵਾਈ ਅਮਲ ਵਿੱਚ ਨਾ ਲਿਆਂਦੇ ਜਾਣ ਕਾਰਨ ਟ੍ਰੈਫਿਕ ਪੁਲੀਸ ਦੀ ਕਾਰਗੁਜਾਰੀ ਤੇ ਤਾਂ ਸਵਾਲ ਉੱਠਦੇ ਹਨ, ਇਹ ਸਮੱਸਿਆ ਵੀ ਲਗਾਤਾਰ ਵੱਧ ਰਹੀ ਹੈ। ਇਸ ਸੰਬੰਧੀ ਆਮ ਵਾਹਨ ਚਾਲਕ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਟ੍ਰੈਫਿਕ ਪੁਲੀਸ ਵਲੋਂ ਹੋਰਨਾਂ ਵਾਹਨ ਚਾਲਕਾਂ ਵਲੋਂ ਕੀਤੀ ਜਾਂਦੀ ਛੋਟੀ ਤੋਂ ਛੋਟੀ ਉਲੰਘਣਾ ਕਾਰਨ ਉਹਨਾਂ ਦਾ ਤੁਰੰਤ ਚਾਲਾਨ ਕਰ ਦਿੱਤਾ ਜਾਂਦਾ ਹੈ ਪਰੰਤੂ ਟ੍ਰੈਫਿਕ ਪੁਲੀਸ ਵਲੋਂ ਇਹਨਾਂ ਆਟੋ ਰਿਕਸ਼ਾ ਚਾਲਕਾਂ ਦੀਆਂ ਆਪ ਹੁਦਰੀਆਂ ਨੂੰ ਪੂਰੀ ਤਰ੍ਹਾਂ ਨਜਰ ਅੰਦਾਜ ਕਰ ਦਿੱਤਾ ਜਾਂਦਾ ਹੈ।
ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਕਾਰਨ ਬਣਦੇ ਇਹਨਾਂ ਆਟੋ ਰਿਕਸ਼ਿਆਂ ਨੂੰ ਕਾਬੂ ਕਰਨ ਲਈ ਇਹ ਜਰੂਰੀ ਹੈ ਕਿ ਇਹਨਾਂ ਵਾਸਤੇ ਸਪੀਡ ਲਿਮਿਟ ਤੈਅ ਕੀਤੀ ਜਾਵੇ ਤਾਂ ਜੋ ਇਹ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀਆਂ ਚੁੱਕਣ ਦੀ ਹੋੜ ਵਿੱਚ ਸੜਕਾਂ ਤੇ ਖੜਦੂੰਗ ਮਚਾ ਕੇ ਹੋਰਨਾਂ ਵਾਹਨ ਚਾਲਕਾਂ ਲਈ ਪਰੇਸ਼ਾਨੀ ਪੈਦਾ ਨਾ ਕਰ ਸਕਣ। ਵੈਸੇ ਵੀ ਸਵਾਰੀਆਂ ਢੋਣ ਵਾਲੇ ਵਾਹਨਾਂ ਵਾਸਤੇ ਇੱਕ ਸੁਰਖਿਅਤ ਸਪੀਡ ਲਿਮਿਟ ਤੈਅ ਹੋਣੀ ਬਹੁਤ ਜਰੂਰੀ ਹੈ ਤਾਂ ਜੋ ਸਵਾਰੀਆਂ ਨੂੰ ਕੋਈ ਹਾਦਸਾ ਪੇਸ਼ ਨਾ ਆਵੇ। ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਕੋਈ ਅਜਿਹਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਇਹ ਆਟੋ ਰਿਕਸ਼ੇ ਇੱਕ ਮਿੱਥੀ ਸਪੀਡ ਤੋਂ ਵੱਧ ਤੇਜ ਚਲ ਹੀ ਨਾ ਸਕਣ।
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਜਿਲ੍ਹਾ ਟ੍ਰਾਂਸਪੋਰਟ ਅਧਿਕਾਰੀ ਨੂੰ ਲੋੜੀਂਦੀਆਂ ਹਿਦਾਇਤਾਂ ਜਾਰੀ ਕਰਨ ਅਤੇ ਇਹਨਾਂ ਆਟੋ ਰਿਕਸ਼ਿਆਂ ਦੀ ਰਫਤਾਰ ਨੂੰ ਕਾਬੂ ਕਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ। ਇਸਦੇ ਨਾਲ ਨਾਲ ਪ੍ਰਸ਼ਾਸ਼ਨ ਨੂੰ ਸ਼ਹਿਰ ਵਿੱਚ ਲਗਾਤਾਰ ਵੱਧਦੀ ਆਟੋ ਰਿਕਸ਼ਿਆਂ ਦੀ ਗਿਣਤੀ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਸ਼ਹਿਰ ਦੀਆਂ ਸੜਕਾਂ ਤੇ ਆਮ ਲੋਕਾਂ ਦੀ ਆਵਾਜਾਈ ਲਈ ਕੋਈ ਥਾਂ ਬਾਕੀ ਨਾ ਰਹੇ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲਗਾਤਾਰ ਵੱਧਦੀ ਇਸ ਸਮੱਸਿਆ ਨੂੰ ਕਾਬੂ ਕੀਤਾ ਜਾ ਸਕੇ।
Editorial
ਆਟੋ ਰਿਕਸ਼ਿਆਂ ਵਾਸਤੇ ਵੱਖਰੀ ਲੇਨ ਬਣਾਏ ਪ੍ਰਸ਼ਾਸ਼ਨ
ਪਿਛਲੇ ਕੁੱਝ ਸਾਲਾਂ ਤੋਂ ਸਾਡੇ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਲਗਾਤਾਰ ਵੱਧ ਰਹੀ ਹੈ। ਇਹ ਇੱਕ ਅਜਿਹੀ ਸਮੱਸਿਆ ਹੈ ਜਿਹੜੀ ਹਰੇਕ ਸ਼ਹਿਰੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਅਤੇ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਕਾਰਨ ਆਮ ਲੋਕਾਂ ਦੀ ਸੁਰਖਿਅਤ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਸ ਸੰਬੰਧੀ ਸ਼ਹਿਰ ਵਾਸੀ ਅਕਸਰ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸ਼ਿਕਾਇਤ ਕਰਦੇ ਵੀ ਦਿਖਦੇ ਹਨ ਅਤੇ ਸ਼ਹਿਰਵਾਸੀਆਂ ਨਾਲ ਇਸ ਸੰਬੰਧੀ ਗੱਲ ਕਰਨ ਤੇ ਜਿਆਦਾਤਰ ਦਾ ਜਵਾਬ ਇਹੀ ਹੁੰਦਾ ਹੈ ਕਿ ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਲਈ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੇ ਚਾਲਕ ਹੀ ਸਭ ਤੋਂ ਵੱਧ ਜਿੰਮੇਵਾਰ ਹਨ। ਲੋਕ ਕਹਿੰਦੇ ਹਨ ਕਿ ਜਦੋਂ ਤਕ ਸ਼ਹਿਰ ਦੀਆਂ ਸੜਕਾਂ ਤੇ ਲਗਾਤਾਰ ਵੱਧ ਰਹੀ ਆਟੋ ਰਿਕਸ਼ਿਆਂ ਦੀ ਭੀੜ ਤੇ ਕਾਬੂ ਨਹੀਂ ਕੀਤਾ ਜਾਂਦਾ, ਟ੍ਰੈਫਿਕ ਦੀ ਇਸ ਸਮੱਸਿਆ ਨੂੰ ਹਲ ਨਹੀਂ ਕੀਤਾ ਜਾ ਸਕਦਾ।
ਸ਼ਹਿਰ ਦੇ ਵਸਨੀਕਾਂ ਵਲੋਂ ਇਹ ਗੱਲ ਪੁਖਤਾ ਢੰਗ ਨਾਲ ਆਖੀ ਜਾਂਦੀ ਹੈ ਕਿ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਣ ਵਾਲੇ ਇਹਨਾਂ ਆਟੋ ਰਿਕਸ਼ਿਆਂ ਦੇ ਜਿਆਦਾਤਰ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਰੱਜ ਕੇ ਉਲੰਘਣਾ ਕੀਤੀ ਜਾਂਦੀ ਹੈ ਅਤੇ ਇਹ ਆਟੋ ਚਾਲਕ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀਆਂ ਬਿਠਾਉਣ ਦੀ ਹੋੜ ਵਿੱਚ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ, ਪਰੰਤੂ ਇਸਦੇ ਬਾਵਜੂਦ ਟ੍ਰੈਫਿਕ ਪੁਲੀਸ ਵਲੋਂ ਇਹਨਾਂ ਆਟੋ ਚਾਲਕਾਂ ਦੀਆਂ ਆਪਹੁਦਰੀਆਂ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।
ਲੋਕਾਂ ਦੀ ਆਮ ਸ਼ਿਕਾਇਤ ਹੈ ਕਿ ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਦੀ ਗਿਣਤੀ ਇੰਨੀ ਜਿਆਦਾ ਵੱਧ ਚੁੱਕੀ ਹੈ ਕਿ ਸੜਕ ਤੇ ਹਰ ਵੇਲੇ ਆਟੋ ਵਾਲਿਆਂ ਦੀ ਹੀ ਭੀੜ ਦਿਸਦੀ ਹੈ ਅਤੇ ਆਮ ਵਾਹਨ ਚਾਲਕਾਂ ਲਈ ਸ਼ਹਿਰ ਦੀਆਂ ਸੜਕਾਂ ਤੇ ਆਪਣਾ ਵਾਹਨ ਚਲਾਉਣਾ ਤਕ ਔਖਾ ਹੁੰਦਾ ਜਾ ਰਿਹਾ ਹੈ। ਮੌਜੂਦਾ ਹਾਲਾਤ ਇਹ ਹਨ ਕਿ ਇੱਕ ਪਾਸੇ ਤਾਂ ਇਹ ਆਟੋ ਰਿਕਸ਼ੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਸਭਤੋਂ ਵੱਡਾ ਕਾਰਨ ਬਣੇ ਹੋਏ ਹਨ ਅਤੇ ਦੂਜੇ ਪਾਸੇ ਪ੍ਰਸ਼ਾਸ਼ਨ ਵਲੋਂ ਇਹਨਾਂ ਆਟੋ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ।
ਸ਼ਹਿਰ ਵਾਸੀ ਇਹ ਵੀ ਸ਼ਿਕਾਇਤ ਕਰਦੇ ਹਨ ਕਿ ਸ਼ਹਿਰ ਦੀ ਦੇਖ ਰੇਖ ਕਰਨ ਵਾਲੇ ਅਦਾਰਿਆਂ ਦੀ ਢਿੱਲੜ ਕਾਰਗੁਜਾਰੀ ਕਾਰਣ ਲੋਕਾਂ ਨੂੰ ਸਾਲਾਂ ਬੱਧੀ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਸਾਡੇ ਸ਼ਹਿਰ ਵਿੱਚ ਤੈਨਾਤ ਸਰਕਾਰੀ ਅਧਿਕਾਰੀਆਂ ਬਾਰੇ ਤਾਂ ਇਹ ਆਮ ਧਾਰਨਾ ਬਣ ਚੁੱਕੀ ਹੈ ਕਿ ਇਹ ਅਧਿਕਾਰੀ ਮਨਮਰਜੀ ਨਾਲ ਹੀ ਕੰਮ ਕਰਦੇ ਹਨ ਅਤੇ ਉਹਨਾਂ ਉੱਪਰ ਕਿਸੇ ਵੀ ਗੱਲ ਦਾ ਅਸਰ ਘੱਟ ਹੀ ਪੈਂਦਾ ਹੈ। ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਲੋਕਾਂ ਦੀ ਸੁਰਖਿਅਤ ਜਨਤਕ ਆਵਾਜਾਈ ਦਾ ਕੋਈ ਪ੍ਰਬੰਧ ਨਾ ਕੀਤੇ ਜਾਣ ਕਾਰਨ ਸ਼ਹਿਰ ਵਿੱਚ ਚਲਦੇ ਇਹ ਆਟੋ ਰਿਕਸ਼ੇ ਆਮ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤਕ ਲਿਜਾਣ ਦਾ ਇੱਕੋ ਇੱਕ ਜਰੀਆ ਹਨ ਅਤੇ ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਪ੍ਰਸ਼ਾਸ਼ਨ ਵਲੋਂ ਟ੍ਰੈਫਿਕ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਰਿਕਸ਼ਿਆਂ ਦੇ ਚਾਲਕਾਂ ਵਿਰੁੱਧ ਕੋਈ ਸਖਤ ਕਾਰਵਾਈ ਤੋਂ ਪਰਹੇਜ ਕੀਤਾ ਜਾਂਦਾ ਹੈ।
ਪਰੰਤੂ ਇਸਦੀ ਸਜਾ ਸ਼ਹਿਰ ਦੇ ਉਹਨਾਂ ਲੋਕਾਂ ਨੂੰ ਬਿਲਕੁਲ ਨਹੀਂ ਦਿੱਤੀ ਜਾ ਸਕਦੀ ਜਿਹੜੇ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਕਰਦੇ ਹਨ ਅਤੇ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਕਾਰਨ ਬੁਰੀ ਤਰ੍ਹਾਂ ਪਰੇਸ਼ਾਨ ਹੁੰਦੇ ਹਨ। ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਕਾਰਨ ਪੈਦਾ ਹੋਣ ਵਾਲੀ ਟੈ੍ਰਫਿਕ ਵਿਵਸਥਾ ਦੀ ਇਸ ਬਦਹਾਲੀ ਦੇ ਹਲ ਲਈ ਜਰੂਰੀ ਹੈ ਕਿ ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਤੇ ਦੋਵੇਂ ਪਾਸੇ ਆਟੋ ਰਿਕਸ਼ਿਆਂ ਵਾਸਤੇ ਵੱਖਰੀ ਲੇਨ ਬਣਾਈ ਜਾਵੇ ਅਤੇ ਆਟੋ ਚਾਲਕਾਂ ਲਈ ਇਹ ਜਰੂਰੀ ਕੀਤਾ ਜਾਵੇ ਕਿ ਉਹ ਆਪਣਾ ਵਾਹਨ ਇਸ ਵੱਖਰੀ ਲੇਨ ਤੇ ਹੀ ਚਲਾਉਣ ਤਾਂ ਜੋ ਉਹਨਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਕਾਰਵਾਈ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਆਵਾਜਾਈ ਤੇ ਕੋਈ ਅਸਰ ਨਾ ਪਵੇ।
ਇਸਦੇ ਨਾਲ ਹੀ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਾਸੀਆਂ ਦੀ ਜਨਤਕ ਆਵਾਜਾਈ ਦਾ ਪ੍ਰਬੰਧ ਕਰਨ ਲਈ ਸਿਟੀ ਬਸ ਸਰਵਿਸ ਆਰੰਭ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਦੀਆਂ ਸੜਕਾਂ ਤੇ ਲਗਾਤਾਰ ਵੱਧਦੀ ਇਹਨਾਂ ਆਟੋ ਰਿਕਸ਼ਆਂ ਦੀ ਗਿਣਤੀ ਤੇ ਕਾਬੂ ਹੋ ਸਕੇ ਅਤੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਹੋਵੇ। ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰੇ ਤਾਂ ਜੋ ਇਹਨਾਂ ਆਟੋ ਚਾਲਕਾਂ ਵਲੋਂ ਸੜਕਾਂ ਤੇ ਕੀਤੀਆਂ ਜਾਂਦੀਆਂ ਆਪਹੁਦਰੀਆਂ ਕਾਰਣ ਆਮ ਲੋਕਾਂ ਨੂੰ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਹਾਸਿਲ ਹੋਵੇ।
Editorial
ਕੁਦਰਤ ਨਾਲ ਕੀਤੀ ਛੇੜਛਾੜ ਦੇ ਨਤੀਜੇ ਭੁਗਤ ਰਿਹਾ ਹੈ ਮਨੁੱਖ
ਅਮਰੀਕਾ ਦੇ ਰਾਜ ਕੈਲੀਫੋਰਨੀਆਂ ਦੇ ਜੰਗਲਾਂ ਨੂੰ ਭਿਆਨਕ ਅੱਗ ਲੱਗੀ ਹੋਈ ਹੈ ਜਿਸ ਕਾਰਨ ਕਾਫੀ ਜਿਆਦਾ ਨੁਕਸਾਨ ਹੋਇਆ ਹੈ। ਕੈਲੀਫ਼ੋਰਨੀਆਂ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ ਕਾਰਨ ਹੁਣ ਤੱਕ ਘੱਟੋ-ਘੱਟ 24 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜ਼ਖਮੀ ਹੋਏ ਹਨ। ਇਸ ਅੱਗ ਕਾਰਨ ਹੁਣ ਤੱਕ 2,000 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਲਗਭਗ 100,000 ਲੋਕ ਬੇਘਰ ਹੋਏ ਹਨ। ਅੱਗ ਲੱਗਣ ਕਾਰਨ ਇੱਥੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਅੱਗ ਕਾਰਨ ਹੋਏ ਨੁਕਸਾਨ ਦਾ ਅਨੁਮਾਨ 85,000 ਕਰੋੜ ਰੁਪਏ ਤੋਂ ਵੱਧ ਹੈ। ਕਈ ਮਸ਼ਹੂਰ ਹਸਤੀਆਂ ਦੇ ਕਰੋੜਾਂ ਰੁਪਏ ਦੇ ਘਰ ਸੜ ਕੇ ਸੁਆਹ ਹੋ ਗਏ ਹਨ। ਇਸ ਅੱਗ ਵਿੱਚ ਕਈ ਫ਼ਿਲਮੀ ਸਿਤਾਰਿਆਂ ਦੇ ਘਰ ਵੀ ਤਬਾਹ ਹੋ ਗਏ ਹਨ। ਹਾਲਾਂਕਿ ਇਹਨਾਂ ਜੰਗਲਾਂ ਨੂੰ ਲੱਗੀ ਅੱਗ ਦੇ ਕਈ ਕਾਰਨ ਦੱਸੇ ਜਾ ਰਹੇ ਹਨ ਪਰ ਕਿਹਾ ਜਾ ਰਿਹਾ ਹੈ ਕਿ ਮਨੁੱਖ ਅਣਗਹਿਲੀ ਵੀ ਜੰਗਲਾਂ ਨੂੰ ਲੱਗੀ ਅੱਗ ਦਾ ਮੁੱਖ ਕਾਰਨ ਹੋ ਸਕਦੀ ਹੈ।
ਕੁਝ ਲੋਕਾਂ ਨੂੰ ਇਸ ਗੱਲ ਦੀ ਹੈਰਾਨੀ ਹੋ ਰਹੀ ਹੈ ਕਿ ਅਮਰੀਕਾ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਦਾ ਮੌਸਮ ਚਲ ਰਿਹਾ ਹੈ, ਪਰੰਤੂ ਇਸ ਦੇ ਬਾਵਜੂਦ ਉੱਥੇ ਜੰਗਲਾਂ ਨੂੰ ਅੱਗ ਲੱਗ ਗਈ ਹੈ, ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅਮਰੀਕਾ ਦੇ ਇਹਨਾਂ ਜੰਗਲਾਂ ਸਮੇਤ ਹੋਰਨਾਂ ਜੰਗਲਾਂ ਵਿੱਚ ਗਰਮੀਆਂ ਦੇ ਮੌਸਮ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ ਪਰ ਸਰਦੀਆਂ ਦੇ ਇਸ ਮੌਸਮ ਵਿੱਚ ਅਮਰੀਕਾ ਦੇ ਜੰਗਲਾਂ ਨੂੰ ਅੱਗ ਲੱਗਣ ਦੀ ਘਟਨਾ ਨੇ ਕਈ ਸਵਾਲ ਖੜੇ ਕਰ ਦਿਤੇ ਹਨ।
ਕੁੱਝ ਬੁੱਧੀਜੀਵੀ ਕਹਿ ਰਹੇ ਹਨ ਕਿ ਜਿਵੇਂ ਜਿਵੇਂ ਮਨੁੱਖ ਵੱਲੋਂ ਕੁਦਰਤ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਉਵੇਂ ਹੀ ਕੁਦਰਤ ਵੱਲੋਂ ਵੀ ਕਹਿਰ ਬਰਪਾ ਕੀਤਾ ਜਾ ਰਿਹਾ ਹੈ। ਇਸ ਕਰਕੇ ਹੀ ਕਦੇ ਸੁਨਾਮੀ ਆ ਜਾਂਦੀ ਹੈ, ਕਦੇ ਸੋਕਾ ਪੈ ਜਾਂਦਾ ਹੈ ਕਦੇ ਹੜ੍ਹ ਆ ਜਾਂਦੇ ਹਨ ਕਦੇ ਪਹਾੜ ਡਿੱਗ ਪੈਂਦੇ ਹਨ ਅਤੇ ਕਦੇ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ। ਕੁੱਝ ਲੋਕ ਕਹਿੰਦੇ ਹਨ ਕਿ ਅਮਰੀਕਾ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਸਮਝਦਾ ਹੈ, ਪਰ ਫਿਰ ਵੀ ਉਥੇ ਜੰਗਲਾਂ ਦੀ ਅੱਗ ਬੁਝਾਉਣ ਵਿੱਚ ਉਹ ਫੇਲ੍ਹ ਹੋ ਗਿਆ ਹੈ, ਜਿਸ ਤੋਂ ਪਤਾ ਚਲ ਜਾਂਦਾ ਹੈ ਕਿ ਕੁਦਰਤ ਦੇ ਕਹਿਰ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ।
ਇਸ ਵੇਲੇ ਪੂਰੀ ਦੁਨੀਆਂ ਵਿੱਚ ਹੀ ਮਨੁੱਖ ਵੱਲੋਂ ਕੁਦਰਤ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਅਤੇ ਕੁਦਰਤੀ ਸਰੋਤਾਂ ਨੂੰ ਖਤਮ ਕੀਤਾ ਜਾ ਰਿਹਾ ਹੈ, ਜਿਸ ਦੇ ਭਿਆਨਕ ਸਿੱਟੇ ਵੀ ਸਾਹਮਣੇ ਆ ਰਹੇ ਹਨ। ਦੁਨੀਆਂ ਦੇ ਵੱਡੀ ਗਿਣਤੀ ਦੇਸ਼ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਅਤੇ ਕਈ ਦੇਸ਼ਾਂ ਵਿੱਚ ਅਨਾਜ ਦੀ ਘਾਟ ਵੀ ਵੇਖਣ ਨੂੰ ਮਿਲ ਰਹੀ ਹੈ। ਰੂਸ ਅਤੇ ਯੂਕ੍ਰੇਨ ਅਤੇ ਇਜ਼ਰਾਇਲ ਫਲਸਤੀਨ ਜੰਗ ਨੇ ਵੀ ਦੁਨੀਆਂ ਦਾ ਬਹੁਤ ਨੁਕਸਾਨ ਕੀਤਾ ਹੈ। ਇਹਨਾਂ ਜੰਗਾਂ ਦੇ ਭਿਆਨਕ ਨਤੀਜੇ ਅਜੇ ਪੂਰੀ ਤਰ੍ਹਾਂ ਸਾਹਮਣੇ ਆਉਣੇ ਬਾਕੀ ਹਨ।
ਵਿਗਿਆਨੀ ਕਹਿ ਰਹੇ ਹਨ ਕਿ ਅਮਰੀਕਾ ਵਿੱਚ ਇਸ ਵਾਰ ਬਰਸਾਤਾਂ ਦੇ ਮੌਸਮ ਵਿੱਚ ਬਰਸਾਤਾਂ ਘੱਟ ਪਈਆਂ ਹਨ ਅਤੇ ਵਾਤਾਵਰਣ ਵਿੱਚ ਨਮੀ ਦੀ ਘਾਟ ਹੈ, ਜਿਸ ਕਾਰਨ ਵੀ ਜੰਗਲਾਂ ਨੂੰ ਅੱਗ ਲੱਗ ਸਕਦੀ ਹੈ। ਇਸ ਤੋਂ ਇਲਾਵਾ ਅਮਰੀਕਾ ਵਿਚ ਚਲਦੀਆਂ ਤੇਜ ਹਵਾਵਾਂ ਕਾਰਨ ਵੀ ਇਹ ਅੱਗ ਬਹੁਤ ਤੇਜੀ ਨਾਲ ਫੈਲੀ ਹੈ। ਕਹਿਣ ਦਾ ਭਾਵ ਇਹ ਹੈ ਕਿ ਕੁਦਰਤ ਅੱਗੇ ਕਿਸੇ ਵੀ ਮਹਾਂਸ਼ਕਤੀ ਦੀ ਕੋਈ ਔਕਾਤ ਨਹੀਂ ਹੈ, ਜਿਸ ਦਾ ਸਬੂਤ ਜੰਗਲਾਂ ਦੀ ਅੱਗ ਅੱਗੇ ਅਮਰੀਕਾ ਦਾ ਬੇਵੱਸ ਹੋਣਾ ਹੈ। ਜੇ ਮਨੁੱਖ ਹੁਣੇ ਵੀ ਨਾ ਸੰਭਲਿਆ ਅਤੇ ਉਸ ਨੇ ਕੁਦਰਤ ਨਾਲ ਛੇੜਛਾੜ ਜਾਰੀ ਰੱਖੀ ਤਾਂ ਇਸ ਦੇ ਨਤੀਜੇ ਭੁਗਤਣ ਲਈ ਵੀ ਉਸ ਨੂੰ ਤਿਆਰ ਰਹਿਣਾ ਚਾਹੀਦਾ ਹੈ।
ਬਿਊਰੋ
Editorial
ਮੁਹਾਲੀ ਵਾਸੀਆਂ ਲਈ ਗੰਭੀਰ ਸਮੱਸਿਆ ਬਣ ਗਏ ਹਨ ਆਵਾਰਾ ਕੁੱਤੇ
ਆਏ ਦਿਨ ਵਾਪਰ ਰਹੀਆਂ ਹਨ ਲੋਕਾਂ ਨੂੰ ਕੱਟਣ ਦੀਆਂ ਸਮੱਸਿਆਵਾਂ
ਮੁਹਾਲੀ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਇਹ ਆਵਾਰਾ ਕੁੱਤੇ ਗੰਭੀਰ ਸਮੱਸਿਆ ਬਣ ਗਏ ਹਨ। ਇਹਨਾਂ ਕੁੱਤਿਆਂ ਵੱਲੋਂ ਅਕਸਰ ਹੀ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਸਾਮ੍ਹਣੇ ਆਉਂਦੀਆਂ ਹਨ ਪਰੰਤੂ ਆਵਾਰਾ ਕੁੱਤਿਆਂ ਦੀ ਗਿਣਤੀ ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਵੱਲੋਂ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਪਿਛਲੇ ਸਮੇਂ ਦੌਰਾਨ ਚਲਾਈ ਕੁੱਤਿਆਂ ਦੀ ਨਸਬੰਦੀ ਸਕੀਮ ਦਾ ਜੋ ਹਾਲ ਹੋਇਆ ਹੈ, ਉਹ ਸਭ ਦੇ ਸਾਹਮਣੇ ਹੈ।
ਬੀਤੇ ਦਿਨ ਮੁਹਾਲੀ ਦੇ ਫੇਜ਼ 2 ਵਿੱਚ ਇੱਕ ਆਵਾਰਾ ਕੁੱਤੇ ਵਲੋਂ 11 ਸਾਲ ਦੇ ਇੱਕ ਬੱਚੇ ਨੂੰ ਕੱਟਣ ਦੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਵੀ ਆਵਾਰਾ ਕੁੱਤੇ ਅਨੇਕਾਂ ਲੋਕਾਂ ਨੂੰ ਕੱਟ ਚੁੱਕੇ ਹਨ। ਆਵਾਰਾ ਕੁੱਤਿਆਂ ਦੇ ਕੱਟਣ ਤੋਂ ਬਾਅਦ ਪੀੜਤ ਬੱਚੇ ਜਾਂ ਵਿਅਕਤੀ ਨਾਲ ਜੋ ਬੀਤਦੀ ਹੈ, ਇਹ ਪੀੜਤ ਹੀ ਜਾਣਦੇ ਹਨ।
ਮੁਹਾਲੀ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਇੰਨੀ ਜਿਆਦਾ ਵੱਧ ਗਈ ਹੈ, ਕਿ ਇਹ ਆਵਾਰਾ ਕੁੱਤੇ ਹਰ ਗਲੀ ਮੁਹੱਲੇ ਵਿੱਚ ਝੁੰਡਾਂ ਦੇ ਰੂਪ ਵਿੱਚ ਘੁੰਮ ਰਹੇ ਹਨ। ਇਹਨਾਂ ਆਵਾਰਾ ਕੁੱਤਿਆਂ ਨੇ ਆਪਣੇ ਇਲਾਕੇ ਵੀ ਵੰਡੇ ਹੋਏ ਹਨ ਅਤੇ ਜੇ ਕੋਈ ਕੁੱਤਾ ਆਪਣਾ ਇਲਾਕਾ ਛੱਡ ਕੇ ਦੂਜੇ ਇਲਾਕੇ ਵਿੱਚ ਜਾਂਦਾ ਹੈ ਤਾਂ ਉਸ ਉਪਰ ਦੂਜੇ ਇਲਾਕੇ ਦੇ ਕੁੱਤੇ ਹਮਲਾ ਕਰ ਦਿੰਦੇ ਹਨ। ਅਕਸਰ ਇਹ ਕੁੱਤੇ ਆਪਸ ਵਿੱਚ ਲੜਦੇ ਵੀ ਰਹਿੰਦੇ ਹਨ ਅਤੇ ਇੱਕ ਦੂਜੇ ਨੂੰ ਕੱਟਦੇ ਵੀ ਰਹਿੰਦੇ ਹਨ। ਇਸ ਤੋਂ ਇਲਾਵਾ ਅਨੇਕਾਂ ਕੁੱਤੇ ਰਾਤ ਸਮੇਂ ਰੋਂਦੇ ਵੀ ਰਹਿੰਦੇ ਹਨ, ਜਿਸ ਕਾਰਨ ਅੰਧਵਿਸਵਾਸੀ ਲੋਕਾਂ ਨੂੰ ਡਰ ਲੱਗਣ ਲੱਗ ਜਾਂਦਾ ਹੈ। ਕਈ ਵਾਰ ਸਾਰੀ ਰਾਤ ਹੀ ਆਵਾਰਾ ਕੁੱਤਿਆਂ ਦੀ ਆਪਸ ਵਿੱਚ ਲੜਾਈ ਜਾਰੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਦੀ ਨੀਂਦ ਖਰਾਬ ਹੁੰਦੀ ਹੈ।
ਇਹ ਕੁੱਤੇ ਆਵਾਜਾਈ ਵਿੱਚ ਵੀ ਵਿਘਨ ਪਾਉਂਦੇ ਹਨ ਅਤੇ ਇਹਨਾਂ ਕਾਰਨ ਅਕਸਰ ਹਾਦਸੇ ਵੀ ਵਾਪਰਦੇ ਹਨ। ਇਹ ਕੁੱਤੇ ਹਰ ਵਾਹਨ ਦੇ ਪਿੱਛੇ ਭੱਜਣ ਦਾ ਯਤਨ ਕਰਦੇ ਹਨ, ਜਿਸ ਕਾਰਨ ਅਕਸਰ ਦੋ ਪਹੀਆ ਵਾਹਨ ਚਾਲਕ ਆਪਣੇ ਵਾਹਨ ਨੂੰ ਇੱਕਦਮ ਤੇਜ ਕਰਦੇ ਹਨ ਅਤੇ ਇਸ ਦੌਰਾਨ ਜਦੋਂ ਵਾਹਨ ਉਹਨਾਂ ਦੇ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਹਾਦਸੇ ਵਾਪਰ ਜਾਂਦੇ ਹਨ।
ਇਹਨਾਂ ਆਵਾਰਾ ਕੁੱਤਿਆਂ ਦੀ ਦਹਿਸ਼ਤ ਸਿਰਫ ਮੁਹਾਲੀ ਤਕ ਹੀ ਸੀਮਿਤ ਨਹੀਂ ਹੈ, ਬਲਕਿ ਪੰਜਾਬ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਆਵਾਰਾ ਕੁੱਤਿਆਂ ਨੇ ਦਹਿਸ਼ਤ ਫੈਲਾਈ ਹੋਈ ਹੈ। ਕੁਝ ਦਿਨ ਪਹਿਲਾਂ ਮੁਲਾਂਪੁਰ ਦਾਖਾਂ ਨੇੜੇ ਇੱਕ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਦਿਤਾ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਇਲਾਕਿਆਂ ਵਿੱਚ ਬੱਚਿਆਂ ਅਤੇ ਬਾਲਗਾਂ ਉਪਰ ਆਵਾਰਾ ਕੁੱਤੇ ਹਮਲੇ ਕਰ ਚੁੱਕੇ ਹਨ ਅਤੇ ਸਿਰਫ ਮੁਹਾਲੀ ਨਹੀਂ ਬਲਕਿ ਪੂਰੇ ਪੰਜਾਬ ਵਿੱਚ ਹੀ ਆਵਾਰਾ ਕੁੱਤਿਆਂ ਦੀ ਸਮੱਸਿਆ ਗੰਭੀਰ ਹੋ ਗਈ ਹੈ। ਮੁਹਾਲੀ ਵਿੱਚ ਤਾਂ ਇਹ ਹਾਲ ਹੋ ਗਿਆ ਹੈ ਕਿ ਜੇ ਕੋਈ ਵਿਅਕਤੀ ਕਿਸੇ ਅਵਾਰਾ ਕੁੱਤੇ ਦੇ ਸੋਟੀ ਜਾਂ ਡੰਡਾ ਮਾਰ ਦਿੰਦਾ ਹੈ ਜਾਂ ਆਵਾਰਾ ਕੁੱਤਿਆਂ ਦੇ ਕਤੂਰਿਆਂ ਨੂੰ ਚੁੱਕ ਕੇ ਦੂਰ ਛੱਡ ਆਉਂਦਾ ਹੈ ਤਾਂ ਤੁਰੰਤ ਕੁੱਤਾ ਪ੍ਰੇਮੀ ਸਰਗਰਮ ਹੋ ਜਾਂਦੇ ਹਨ ਅਤੇ ਕੁੱਤਿਆਂ ਦੇ ਡੰਡਾ ਮਾਰਨ ਵਾਲੇ ਵਿਰੁੱਧ ਪੁਲੀਸ ਕੋਲ ਸ਼ਿਕਾਇਤ ਵੀ ਕਰਦੇ ਹਨ ਅਤੇ ਹੋਰ ਵੀ ਕਈ ਥਾਵਾਂ ਤੇ ਸ਼ਿਕਾਇਤਾਂ ਕਰਦੇ ਹਨ, ਜਿਸ ਕਾਰਨ ਆਮ ਲੋਕ ਆਵਾਰਾ ਕੁੱਤਿਆਂ ਨੂੰ ਡੰਡਾ ਮਾਰਨ ਤੋਂ ਵੀ ਡਰਨ ਲੱਗ ਪਏ ਹਨ।
ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਕਿ ਆਮ ਲੋਕਾਂ ਨੂੰ ਆਵਾਰਾ ਕੁੱਤਿਆਂ ਦੀ ਗੰਭੀਰ ਹੋ ਰਹੀ ਸਮੱਸਿਆ ਤੇ ਕਾਬੂ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲੇ।
ਬਿਊਰੋ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਅਨੁਸੂਚਿਤ ਜਾਤੀ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਐਸਸੀ ਬੀਸੀ ਮੋਰਚੇ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲਿਆ
-
National2 months ago
ਏਕਨਾਥ ਸ਼ਿੰਦੇ ਵੱਲੋਂ ਦਿੱਤਾ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਸ਼ਹਿਰ ਨੂੰ ਸਫਾਈ ਪੱਖੋਂ ਬਿਹਤਰ ਬਣਾਉਣ ਲਈ ਨਿਵਾਸੀਆਂ ਦਾ ਸਹਿਯੋਗ ਜਰੂਰੀ : ਟੀ ਬੈਨਿਥ
-
Mohali1 month ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
National2 months ago
ਈ ਡੀ ਵੱਲੋਂ ਕੋਲਕਾਤਾ ਅਤੇ ਆਸਪਾਸ ਚਾਰ ਟਿਕਾਣਿਆਂ ਤੇ ਛਾਪੇਮਾਰੀ