Editorial
ਸੜਕਾਂ ਤੇ ਰੁਲਦੇ ਬਚਪਨ ਨੂੰ ਬਚਾਉਣ ਦੀ ਲੋੜ
ਕਹਿੰਦੇ ਹਨ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ ਅਤੇ ਜਿਹਨਾਂ ਮੁਲਕਾਂ ਵਿੱਚ ਬੱਚਿਆਂ ਨੂੰ ਲੋੜੀਂਦੀ ਸੁਰਖਿਆ, ਚੰਗੀ ਸਿਖਿਆ ਅਤੇ ਚੰਗਾ ਜੀਵਨ ਮਿਲਦਾ ਹੈ ਉਹ ਦੇਸ਼ ਸਭਤੋਂ ਵੱਧ ਤਰੱਕੀ ਕਰਦੇ ਹਨ ਪਰੰਤੂ ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਬੱਚੇ ਅਜਿਹੇ ਹਨ ਜਿਹਨਾਂ ਨੂੰ ਆਪਣਾ ਬਚਪਨ ਬਹੁਤ ਹੀ ਦੁਸ਼ਵਾਰੀਆਂ ਵਿੱਚ ਗੁਜਾਰਨਾ ਪੈਂਦਾ ਹੈ। ਇਹਨਾਂ ਵਿੱਚੋਂ ਵੱਡੀ ਗਿਣਤੀ ਬੱਚੇ ਜਿੱਥੇ ਬਾਲ ਮਜਦੂਰੀ ਕਰਦੇ ਹਨ ਜਾਂ ਸੜਕਾਂ ਕਿਨਾਰੇ ਬੋਰੀ ਚੁੱਕ ਕੇ ਕਬਾੜ ਫਰੋਲਦੇ ਦਿਖਦੇ ਹਨ, ਉੱਥੇ ਇਹਨਾਂ ਬੱਚਿਆਂ ਨੂੰ ਸੜਕਾਂ ਕਿਨਾਰੇ ਅਤੇ ਬਾਜਾਰਾਂ ਵਿੱਚ ਭੀਖ ਮੰਗਦਿਆਂ ਵੀ ਦੇਖਿਆ ਜਾ ਸਕਦਾ ਹੈ। ਇਸ ਸੰਬੰਧੀ ਭਾਵੇਂ ਸਰਕਾਰਾਂ ਵਲੋਂ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਕਿ ਉਹਨਾਂ ਵਲੋਂ ਬੱਚਿਆਂ ਦੀ ਭਲਾਈ ਲਈ ਬਹੁਤ ਕੰਮ ਕੀਤਾ ਗਿਆ ਹੈ ਅਤੇ ਬੱਚਿਆਂ ਦੀ ਭਲਾਈ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾ ਕੇ ਬੇਸਹਾਰਾ ਬੱਚਿਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ। ਪਰੰਤੂ ਅਸਲੀਅਤ ਇਹ ਹੈ ਕਿ ਦੇਸ਼ ਭਰ ਦੀਆਂ ਸੜਕਾਂ ਤੇ ਛੋਟੇ ਛੋਟੇ ਬੱਚਿਆਂ ਨੂੰ ਭੀਖ ਮੰਗਦਿਆਂ ਆਮ ਵੇਖਿਆ ਜਾ ਸਕਦਾ ਹੈ ਅਤੇ ਸੜਕਾਂ ਤੇ ਰੁਲ ਰਿਹਾ ਦੇਸ਼ ਦਾ ਬਚਪਨ ਸਰਕਾਰਾਂ ਦੇ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਚੁੱਕਦਾ ਹੈ।
ਸਾਡੇ ਸ਼ਹਿਰ ਦੀ ਹਾਲਾਤ ਵੀ ਅਜਿਹੀ ਹੀ ਹੈ ਅਤੇ ਸ਼ਹਿਰ ਦੀਆਂ ਲਗਭਗ ਸਾਰੀਆਂ ਟ੍ਰੈਫਿਕ ਲਾਈਟਾਂ ਤੇ ਛੋਟੇ ਛੋਟੇ ਬੱਚਿਆਂ ਨੂੰ ਲੋਕਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਭੀਖ ਮੰਗਦਿਆਂ ਆਮ ਵੇਖਿਆ ਜਾ ਸਕਦਾ ਹੈ। ਇਹਨਾਂ ਵਿੱਚੋਂ ਕੁੱਝ ਬੱਚੇ ਗੁਬਾਰੇ ਜਾਂ ਅਜਿਹਾ ਕੋਈ ਹੋਰ ਛੋਟਾ ਮੋਟਾ ਸਮਾਨ ਵੇਚਦੇ ਵੀ ਨਜਰ ਆਉਂਦੇ ਹਨ। ਇਸੇ ਤਰ੍ਹਾਂ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਵੀ ਮੈਲੇ ਕੁਚਲੇ ਕੱਪੜਿਆਂ ਵਿੱਚ ਲਿਪਟੇ ਭੀਖ ਮੰਗਣ ਵਾਲੇ ਅਜਿਹੇ ਬੱਚੇ ਆਮ ਦਿਖ ਜਾਂਦੇ ਹਨ ਜਿਹੜੇ ਹਰ ਵੇਲੇ ਆਉਣ ਜਾਣ ਵਾਲਿਆਂ ਤੋਂ ਦੀਨ ਹੀਨ ਜਿਹੀ ਸ਼ਕਲ ਬਣਾ ਕੇ ਭੀਖ ਮੰਗਦੇ ਰਹਿੰਦੇ ਹਨ। ਇਸਦੇ ਇਲਾਵਾ ਛੋਟੇ ਬੱਚੇ ਬੂਟ ਪਾਲਿਸ਼ ਜਾਂ ਅਜਿਹੇ ਹੋਰ ਛੋਟੇ ਮੋਟੇ ਕੰਮ ਜਾਂ ਬਾਲ ਮਜਦੂਰੀ ਕਰਦੇ ਵੀ ਦਿਖਾਈ ਦਿੰਦੇ ਹਨ।
ਇਸ ਸੰਬੰਧੀ ਭਾਵੇਂ ਬਾਲ ਕਲਿਆਣ ਵਿਭਾਗ ਵਲੋਂ ਦੁਕਾਨਦਾਰਾਂ ਨਾਲ ਮੀਟਿੰਗਾਂ ਕਰੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਬਾਲ ਮਜਦੂਰੀ ਇੱਕ ਸਜ਼ਾਯੋਗ ਅਪਰਾਧ ਹੈ ਅਤੇ ਕੋਈ ਵੀ ਦੁਕਾਨਦਾਰ ਬੱਚਿਆਂ ਤੋਂ ਬਾਲ ਮਜਦੂਰੀ ਨਾ ਕਰਵਾਏ ਪਰੰਤੂ ਇਸਦੇ ਬਾਵਜੂਦ ਇਹ ਕੰਮ ਬਾਦਸਤੂਰ ਜਾਰੀ ਰਹਿੰਦਾ ਹੈ। ਖਾਣ ਪੀਣ ਦੀਆਂ ਰੇਹੜੀਆਂ ਅਤੇ ਚਾਹ ਦੇ ਖੋਖਿਆਂ ਤੇ ਕਦੇ ਨਾ ਕਦੇ ਅਜਿਹੇ ਮੁੰਡੂ ਜਾਂ ਛੋਟੂ ਕਹਾਉਂਦੇ ਬੱਚੇ ਜੂਠੇ ਗਿਲਾਸ ਜਾਂ ਭਾਂਡੇ ਧੋਂਦੇ ਆਮ ਦਿਖ ਜਾਂਦੇ ਹਨ। ਇਸ ਤੋਂ ਇਲਾਵਾ ਦੁਕਾਨਾਂ, ਵਰਕਸ਼ਾਪਾਂ ਵਿੱਚ ਵੀ ਛੋਟੀ ਉਮਰ ਦੇ ਬੱਚੇ ਕੰਮ ਕਰਦੇ ਹਨ। ਇਹ ਬੱਚੇ ਭਾਵੇਂ 11-12 ਸਾਲ ਦੀ ਉਮਰ ਦੇ ਹੀ ਹੁੰਦੇ ਹਨ ਪਰੰਤੂ ਖੁਦ ਨੂੰ 14 ਜਾਂ 15 ਸਾਲ ਦਾ ਹੀ ਦੱਸਦੇ ਹਨ ਤਾਂ ਜੋ ਉਹਨਾਂ ਨੂੰ ਕੰਮ ਮਿਲ ਜਾਵੇ। ਅਜਿਹੀਆਂ ਦੁਕਾਨਾਂ ਅਤੇ ਵਰਕਸ਼ਾਪਾਂ ਵਿਚ ਕੰਮ ਕਰਦੇ ਬੱਚਿਆਂ ਨੂੰ ਫਿਰ ਵੀ ਇਹ ਤਸੱਲੀ ਹੁੰਦੀ ਹੈ ਕਿ ਉਹ 5-6 ਸਾਲ ਲਗਾਤਾਰ ਕੰਮ ਸਿੱਖ ਕੇ ਫਿਰ ਖੁਦ ਆਪਣਾ ਕੰਮ ਕਰਨ ਜੋਗੇ ਹੋ ਜਾਣਗੇ ਅਤੇ ਆਪਣੀ ਜਿੰਦਗੀ ਖੁਦ ਸੰਵਾਰਨ ਜੋਗੇ ਹੋ ਸਕਣਗੇ।
ਸ਼ਹਿਰ ਵਿੱਚ ਤਾਂ ਇਹ ਬਾਲ ਮਜਦੂਰ ਨਜਰ ਆ ਜਾਂਦੇ ਹਨ ਪਰੰਤੂ ਇੱਟਾਂ ਦੇ ਭੱਠਿਆਂ ਤੇ ਇੱਟਾਂ ਪੱਥਦੇ ਬੱਚੇ ਤਾਂ ਕਿਸੇ ਨੂੰ ਦਿਖਾਈ ਵੀ ਨਹੀਂ ਦਿੰਦੇ, ਜਿਹਨਾਂ ਦੇ ਮਾਪੇ ਭੱਠਾ ਮਾਲਕਾਂ ਦੇ ਬੰਧੂਆਂ ਮਜਦੂਰ ਹੁੰਦੇ ਹਨ ਅਤੇ ਇਹਨਾਂ ਕੋਲ ਸਿਵਾਏ ਇੱਟਾਂ ਪੱਥਣ ਦੇ ਹੋਰ ਕੋਈ ਕੰਮ ਨਹੀਂ ਹੁੰਦਾ। ਸਭਤੋਂ ਮਾੜੀ ਹਾਲਤ ਸੜਕਾਂ ਤੇ ਭੀਖ ਮੰਗਦੇਬੱਚਿਆਂ ਦੀ ਹੈ ਜਿਹਨਾਂ ਦੀ ਜਵਾਨੀ ਵੀ ਅਕਸਰ ਗਲਤ ਕੰਮਾਂ ਵਿੱਚ ਹੀ ਬੀਤਦੀ ਹੈ। ਛੋਟੇ ਹੁੰਦਿਆਂ ਉਹਨਾਂ ਦੇ ਮਾਪੇ ਉਹਨਾਂ ਤੋਂ ਜਬਰਦਸਤੀ ਭੀਖ ਮੰਗਵਾਉਦੇ ਹਨ ਅਤੇ ਭੀਖ ਵਿੱਚ ਇਕੱਠੇ ਕੀਤੇ ਪੈਸਿਆਂ ਨਾਲ ਖੁਦ ਐਸ਼ ਪ੍ਰਸਤੀ ਕਰਦੇ ਹਨ। ਆਪਣੇ ਮਾਂ ਬਾਪ ਨੂੰ ਅਜਿਹਾ ਕਰਦਿਆਂ ਵੇਖ ਕੇ ਬੱਚਿਆਂ ਉਪਰ ਵੀ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਉਹ ਵੀ ਗਲਤ ਰਸਤੇ ਪੈ ਜਾਂਦੇ ਹਨ। ਵੱਡਿਆਂ ਦੀ ਦੇਖਾ ਦੇਖੀ ਇਹਨਾਂ ਬੱਚਿਆਂ ਨੂੰ ਵੀ ਛੋਟੀ ਉਮਰ ਤੋਂ ਹੀ ਚੋਰੀਆਂ ਕਰਨ ਅਤੇ ਨਸ਼ੇ ਕਰਨ ਦੀ ਆਦਤ ਪੈ ਜਾਂਦੀ ਹੈ ਜਿਹੜੀ ਸਾਰੀ ਉਮਰ ਉਹਨਾਂ ਦੇ ਨਾਲ ਹੀ ਚਲਦੀ ਹੈ।
ਇਸ ਵੇਲੇ ਹਾਲਾਤ ਇਹ ਹਨ ਕਿ ਤਮਾਮ ਸਰਕਾਰੀ ਦਾਅਵਿਆਂ ਦੇ ਬਾਵਜੂਦ ਦੇਸ਼ ਦੇ ਭਵਿੱਖ ਦਾ ਇੱਕ ਹਿੱਸਾ ਅਜਿਹਾ ਵੀ ਹੈ ਜਿਹੜਾ ਭੀਖ ਮੰਗਕੇ ਜਾਂ ਫਿਰ ਕੋਈ ਹੋਰ ਕੰਮ ਕਰਕੇ ਜਿੰਦਗੀ ਲੰਘਾ ਰਿਹਾ ਹੈ ਅਤੇ ਇਹਨਾਂ ਬੱਚਿਆਂ ਦਾ ਬਚਪਨ ਸੜਕਾਂ ਤੇ ਰੁਲ ਰਿਹਾ ਹੈ। ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਸੜਕਾਂ ਤੇ ਰੁਲਦੇ ਇਸ ਬਚਪਨ ਨੂੰ ਬਚਾਉਣ ਲਈ ਲੋੜੀਂਦੇ ਕਦਮ ਚੁੱਕੇ ਅਤੇ ਇਹਨਾਂ ਬੱਚਿਆਂ ਦੀ ਸਾਂਭ ਸੰਭਾਲ ਕਰਕੇ ਉਹਨਾਂ ਦੀੇ ਰਹਿਣ ਸਹਿਣ ਅਤੇ ਸਿਖਿਆ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹ ਬੱਚੇ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਦੇਣ। ਇਹ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਇਹਨਾਂ ਦੀ ਸਾਂਭ ਸੰਭਾਲ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ ਜਿਸ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
Editorial
ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਮੰਨਦੇ
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਭਲਕੇ ਸੰਸਾਰ ਭਰ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਣਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਦੁਨੀਆ ਦੇ ਵੱਖ ਵੱਖ ਮੁਲਕਾਂ ਵਿੱਚ ਕਈ ਵੱਡੇ ਸਮਾਗਮ ਵੀ ਆਯੋਜਿਤ ਕੀਤੇ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਪ੍ਰਕਾਸ਼ ਦਿਹਾੜੇ (ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਇਆ) ਵਜੋਂ ਮਣਾਇਆ ਜਾਂਦਾ ਹੈ, ਕਿਉਂਕਿ ਉਹਨਾਂ ਨੇ ਲੋਕਾਂ ਵਿੱਚ ਦਿਲਾਂ ਵਿੱਚ ਫੈਲੇ ਝੂਠ, ਫਰੇਬ, ਈਰਖਾ, ਦਵੇਸ਼ ਅਤੇ ਸਮਾਜ ਵਿੱਚ ਫੈਲੇ ਜਾਤਪਾਤ ਅਤੇ ਛੂਆਛੂਤ ਦੇ ਹਨੇਰੇ ਨੂੰ ਦੂਰ ਕਰਕੇ ਲੋਕਾਂ ਦੇ ਮਨਾਂ ਵਿਚ ਸਰਬਤ ਦੇ ਭਲੇ ਅਤੇ ਸਰਵਸਾਂਝੀਵਾਲਤਾ ਦਾ ਅਲੌਲਿਕ ਚਾਨਣ ਭਰਿਆ ਸੀ ਅਤੇ ਪੂਰੀ ਮਨੁੱਖਤਾ ਦੀ ਭਲਾਈ ਦਾ ਉਪਦੇਸ਼ ਦਿੱਤਾ ਸੀ।
ਇਸ ਗੱਲ ਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਕਿ ਸਮੂਹ ਗੁਰੂਨਾਨਕ ਨਾਮ ਲੇਵਾ ਸੰਗਤ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਅਪਾਰ ਸ਼ਰਧਾ ਹੈ ਅਤੇ ਉਹਨਾਂ ਦੇ ਪzzਕਾਸ਼ ਦਿਹਾੜੇ ਤੇ ਦੁਨੀਆ ਭਰ ਵਿੱਚ ਹੋਣ ਵਾਲੇ ਵੱਡੇ ਵੱਡੇ ਸਮਾਗਮ ਇਸਦੀ ਗਵਾਹੀ ਵੀ ਭਰਦੇ ਹਨ। ਪਰੰਤੂ ਜੇਕਰ ਅਸੀਂ ਖੁਦ ਤੋਂ ਇਹ ਸਵਾਲ ਪੁੱਛੀਏ ਕਿ ਅਸੀ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸੱਚੀ ਸ਼ਰਧਾ ਰੱਖਣ ਦਾ ਦਾਅਵਾ ਤਾਂ ਕਰਦੇ ਹਾਂ ਪਰੰਤੂ ਕੀ ਅਸੀਂ (ਸਾਰੇ) ਉਹਨਾਂ ਦੀ ਦਿੱਤੀ ਹੋਈ ਸਿਖਿਆ ਤੇ ਅਮਲ ਵੀ ਕਰਦੇ ਹਾਂ, ਤਾਂ ਆਪਣੇ ਅੰਦਰ ਝਾਤ ਮਾਰਨ ਤੇ ਸਾਨੂੰ ਇਸਦਾ ਜਵਾਬ ਨਾਂਹ ਵਿੱਚ ਹੀ ਮਿਲਦਾ ਹੈ ਅਤੇ ਸਾਡੇ ਵਲੋਂ ਕੀਤਾ ਜਾਂਦਾ ਸ਼ਰਧਾ ਦਾ ਇਹ ਪ੍ਰਗਟਾਵਾ ਸਿਰਫ ਲੋਕ ਦਿਖਾਵੇ ਵਰਗਾ ਹੀ ਲੱਗਦਾ ਹੈ।
ਅਸਲੀਅਤ ਇਹੀ ਹੈ ਕਿ ਅਸੀਂ ਸਾਰੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਤਾਂ ਰੱਖਦੇ ਹਾਂ ਪਰੰਤੂ ਆਪਣੀ ਰੋਜਾਨਾ ਜਿੰਦਗੀ ਵਿੱਚ ਉਹਨਾਂ ਦੀਆਂ ਸਿਖਿਆਵਾਂ ਨੂੰ ਭੁੱਲ ਕੇ ਦੁਬਾਰਾ ਉਸੇ ਗਹਿਰੇ ਹਨੇਰੇ ਵਿੱਚ ਡੁੱਬ (ਜਾਂ ਗਵਾਚ) ਜਾਂਦੇ ਹਾਂ ਜਿਸਤੋਂ ਬਾਹਰ ਕੱਢਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ। ਗੁਰੂ ਸਾਹਿਬ ਵਲੋਂ ਦਿੱਤੇ ਸਰਬਤ ਦੇ ਭਲੇ ਅਤੇ ਸਰਵਸਾਂਝੀਵਾਲਤਾ ਦੇ ਉਪਦੇਸ਼ ਨੂੰ ਤਾਂ ਅਸੀਂ ਕਾਫੀ ਹੱਦ ਤਕ ਭੁਲਾ ਦਿੱਤਾ ਹੈ ਅਤੇ ਅੱਜ ਦਾ ਮਨੁੱਖ ਆਪਣੇ ਨਿੱਜੀ ਫਾਇਦੇ ਲਈ ਦੂਜਿਆਂ ਦਾ ਨੁਕਸਾਨ ਕਰਨ ਵਿੱਚ ਹੀ ਲੱਗਿਆ ਰਹਿੰਦਾ ਹੈ। ਹੋਰ ਤਾਂ ਹੋਰ ਮਨੁੱਖ ਦੀ ਖੁਦ ਨੂੰ ਵੱਧ ਤੋਂ ਵੱਧ ਮਾਇਕ ਫਾਇਦਾ ਪਹੁੰਚਉਣ ਅਤੇ ਖੁਦ ਲਈ ਐਸ਼ੋ ਇਸ਼ਰਤ ਦੇ ਇੰਤਜਾਮ ਜੁਟਾਉਣ ਦੀ ਚਾਹਤ ਇੰਨੀ ਜਿਆਦਾ ਵੱਧ ਗਈ ਹੈ ਕਿ ਅਸੀਂ ਇਸ ਵਾਸਤੇ ਕੋਈ ਵੀ ਗਲਤ ਕੰਮ ਕਰਨ ਲਈ ਵੀ ਤਿਆਰ ਹੋ ਜਾਂਦੇ ਹਾਂ।
ਗੁਰੂ ਸਾਹਿਬ ਨੇ ਸਾਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੰਤ ਦਾ ਸੰਦੇਸ਼ ਦਿੱਤਾ ਸੀ ਪਰੰਤੂ ਅਸੀਂ ਕੁਦਰਤ ਦਾ ਬੁਰੀ ਤਰ੍ਹਾਂ ਘਾਣ ਕਰਕੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ। ਨਾ ਤਾਂ ਸਾਡੇ ਵਾਤਾਵਰਨ ਵਿੱਚ ਸਾਹ ਲੈਣ ਲਈ ਸਾਫ ਸੁਥਰੀ ਹਵਾ ਬਾਕੀ ਬਚੀ ਹੈ ਅਤੇ ਨਾ ਹੀ ਪੀਣ ਵਾਲਾ ਸਾਫ ਪਾਣੀ ਬਚਿਆ ਹੈ। ਜਾਤਪਾਤ ਅਤੇ ਛੁਆਛੂਤ ਦੀ ਜਿਸ ਲਾਹਨਤ ਤੋਂ ਗੁਰੂ ਸਾਹਿਬ ਨੇ ਸਾਨੂੰ ਛੁਟਕਾਰਾ ਦਿਵਾਇਆ ਸੀ ਅਸੀਂ ਦੁਬਾਰਾ ਉਸਦੀ ਜਕੜ ਵਿੱਚ ਫਸ ਚੁੱਕੇ ਹਾਂ। ਸਾਡਾ ਸਮਾਜ ਇਹਨਾਂ ਸਮਾਜਿਕ ਬੁਰਾਈਆਂ ਨੂੰ ਮੰਨਦਾ ਵੀ ਹੈ ਅਤੇ ਬਾਕਾਇਦਾ ਮਾਨਤਾ ਵੀ ਦਿੰਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਸਾਨੂ ਸਾਰਿਆਂ ਨੂੰ ਆਪਣੇ ਅੰਦਰ ਝਾਤ ਮਾਰ ਕੇ ਉਹਨਾਂ ਕਾਰਨਾਂ ਦੀ ਭਾਲ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਗੁਰੂ ਵਲੋਂ ਦਿੱਤੀ ਗਈ ਸਿਖਿਆ ਦੇ ਅਨੁਸਾਰ ਚਲਣ ਦੀ ਥਾਂ ਇਸਦੇ ਉਲਟ ਕਿਉਂ ਹੋ ਗਏ ਹਾਂ। ਇਹ ਦੁਨੀਆਵੀ ਸੁਖ ਸਾਡੇ ਲਈ ਇੰਨੇ ਜਿਆਦਾ ਮਹੱਤਵਪੂਰਨ ਕਿਊਂ ਬਣ ਗਏ ਹਨ ਕਿ ਅਸੀਂ ਖੁਦ ਹੀ ਆਪਣਾ ਸਭ ਕੁੱਝ ਤਬਾਹ ਕਰਨ ਵੱਲ ਤੁਰ ਪਏ ਹਾਂ। ਗੁਰੂ ਦੀ ਸਿਖਿਆ ਅਨੁਸਾਰ ਚਲਣ ਦੀ ਥਾਂ ਅਸੀਂ ਖੁਦ ਨੂੰ ਇੰਨਾ ਤਾਕਤਵਰ ਅਤੇ ਮਹਾਨ ਕਿਉਂ ਸਮਝਣ ਲੱਗ ਪਏ ਹਾਂ ਕਿ ਸਾਨੂੰ ਹਰ ਕੋਈ ਆਪਣੇ ਤੋਂ ਹੀਣਾ ਜਾਪਦਾ ਹੈ ਅਤੇ ਅਸੀਂ ਸਰਬਤ ਦੇ ਭਲੇ ਦਾ ਰਾਹ ਤਿਆਗ ਕੇ ਪੂਰੀ ਤਰ੍ਹਾਂ ਨਿੱਜਤਾ ਦੇ ਹਾਣੀ ਹੋ ਗਏ ਹਾਂ।
ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣਾ ਆਪ ਸਵਾਰੀਏ ਅਤੇ ਗੁਰੂ ਸਾਹਿਬ ਦੇ ਦੱਸੇ ਰਾਹ ਤੇ ਚਲਦਿਆਂ ਸਰਬਤ ਦੇ ਭਲੇ ਲਈ ਕੰਮ ਕਰੀਏ। ਗੁਰੂ ਪ੍ਰਤੀ ਸੱਚੀ ਸ਼ਰਧਾ ਇਹੀ ਹੋਵੇਗੀ ਕਿ ਅਸੀਂ ਗੁਰੂ ਨੂੰ ਮੰਨਣ ਦੇ ਨਾਲ ਨਾਲ ਸਾਨੂੰ ਗੁਰੂ ਦੀ ਦਿੱਤੀ ਸਿਖਿਆ ਤੇ ਵੀ ਅਮਲ ਕਰੀਏ ਅਤੇ ਸਰਬਤ ਦੇ ਭਲੇ ਲਈ ਕੰਮ ਕਰੀਏ ਅਜਿਹਾ ਕਰਕੇ ਹੀ ਅਸੀਂ ਇੱਕ ਸਿਹਤਮੰਦ ਅਤੇ ਖੁਸ਼ਹਾਲ ਸਮਾਜ ਸਿਰਜ ਸਕਦੇ ਹਾਂ।
Editorial
ਪੰਜਾਬ ਵਿੱਚ ਕੋਈ ਵੱਡਾ ਬਦਲਾਓ ਲਿਆਉਣ ਵਿੱਚ ਕਾਮਯਾਬ ਨਹੀਂ ਹੋਈ ਆਪ ਸਰਕਾਰ
ਪੰਜਾਬ ਵਿੱਚ ਬਦਲਾਓ ਲਿਆਉਣ ਦਾ ਨਾਅਰਾ ਲਗਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਪੰਜਾਬ ਵਿੱਚ ਕੋਈ ਵੱਡਾ ਬਦਲਾਓ ਲਿਆਉਣ ਵਿੱਚ ਕਾਮਯਾਬ ਨਹੀਂ ਹੋਈ ਹੈ। ਆਪ ਸਰਕਾਰ ਬਣੀ ਨੂੰ ਤਿੰਨ ਸਾਲ ਦੇ ਕਰੀਬ ਸਮਾਂ ਹੋਣ ਲੱਗਿਆ ਹੈ ਪਰ ਇਹ ਪਾਰਟੀ ਅਜੇ ਤਕ ਪੰਜਾਬ ਵਿੱਚ ਕੁੱਝ ਵੀ ਅਜਿਹਾ ਨਹੀਂ ਕਰ ਪਾਈ ਹੈ ਜਿਸ ਨਾਲ ਉਸਦਾ ਸੂਬੇ ਵਿੱਚ ਬਦਲਾਓ ਲਿਆਉਣ ਦਾ ਵਾਅਦਾ ਪੂਰਾ ਹੁੰਦਾ ਦਿਖੇ ਅਤੇ ਸੂਬੇ ਦੇ ਜਿਆਦਾਤਰ ਲੋਕ ਸਿਆਸੀ ਚਰਚਾ ਦੌਰਾਨ ਇਹ ਗੱਲ ਅਕਸਰ ਕਹਿੰਦੇ ਹਨ ਕਿ ਪਹਿਲਾਂ ਦੀਆਂ ਸਰਕਾਰਾਂ ਦੀ ਕਾਰਗੁਜਾਰੀ ਨੂੰ ਭੰਡ ਕੇ ਸੱਤਾ ਤੇ ਕਾਬਿਜ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਪਣੇ ਤੋਂ ਪਹਿਲੀਆਂ ਸਰਕਾਰਾਂ ਦੇ ਰਾਹ ਤੇ ਹੀ ਚਲ ਰਹੀ ਹੈ।
ਪੰਜਾਬ ਦੀਆਂ ਵਿਰੋਧੀ ਪਾਰਟੀਆਂ ਤਾਂ ਦੋਸ਼ ਲਗਾ ਰਹੀਆਂ ਹਨ ਕਿ ਮੰਡੀਆਂ ਵਿੱਚ ਰੁਲਦੇ ਕਿਸਾਨ ਅਤੇ ਅਣਵਿਕਿਆ ਝੋਨਾ ਹੀ ਪੰਜਾਬ ਦੀ ਆਪ ਸਰਕਾਰ ਵੱਲੋਂ ਲਿਆਦਾਂ ਬਦਲਾਓ ਹੈ। ਕਾਂਗਰਸ ਆਗੂ ਦਾਅਵਾ ਕਰਦੇ ਹਨ ਕਿ ਕਾਂਗਰਸ ਸਰਕਾਰਾਂ ਵੇਲੇ ਪੰਜਾਬ ਵਿੱਚ ਕਿਸਾਨਾਂ ਦਾ ਝੋਨਾ ਕਦੇ ਨਹੀਂ ਸੀ ਰੁਲਿਆ। ਇਸੇ ਤਰ੍ਹਾਂ ਅਕਾਲੀ ਆਗੂ ਦਾਅਵਾ ਕਰਦੇ ਹਨ ਕਿ ਪੰਜਾਬ ਵਿੱਚ ਅਕਾਲੀ ਸਰਕਾਰਾਂ ਸਮੇਂ ਵੀ ਕਿਸਾਨ ਮੰਡੀਆਂ ਵਿੱਚ ਨਹੀਂ ਸੀ ਰੁਲੇ। ਜ਼ਿਮਨੀ ਚੋਣਾਂ ਦੌਰਾਨ ਚੋਣ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਸਰਕਾਰ ਦੀਆਂ ਹੁਣ ਤਕ ਦੀਆਂ ਪ੍ਰਾਪਤੀਆਂ ਨੂੰ ਗਿਣਾਇਆ ਜਾ ਰਿਹਾ ਹੈ, ਉਥੇ ਹੀ ਵਿਰੋਧੀ ਦਲਾਂ ਦੇ ਆਗੂ ਦੋਸ਼ ਲਗਾ ਰਹੇ ਹਨ ਕਿ ਪੰਜਾਬ ਦੀ ਆਪ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ। ਵਿਰੋਧੀ ਆਗੂ ਤਾਂ ਪੰਜਾਬ ਵਿੱਚ ਡੀਏਪੀ ਖਾਦ ਦੀ ਕਮੀ ਲਈ ਵੀ ਪੰਜਾਬ ਦੀ ਆਪ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਹਨ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਸੱਤਾ ਪ੍ਰਾਪਤੀ ਤੋਂ ਬਾਅਦ ਵੱਡਾ ਬਦਲਾਓ ਲਿਆਉਣ ਦਾ ਵਾਅਦਾ ਕੀਤਾ ਸੀ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਕਰਦਿਆਂ ਉਸਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਸਨ, ਜਿਸ ਕਾਰਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆ ਗਈ ਸੀ, ਜੋਕਿ ਹੁਣ ਪੰਜਾਬ ਵਿੱਚ ਰਾਜ ਕਰ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਆਸ ਸੀ ਕਿ ਪੰਜਾਬ ਦੀ ਆਪ ਸਰਕਾਰ ਪੰਜਾਬ ਵਿੱਚ ਵੱਡਾ ਬਦਲਾਓ ਲਿਆਵੇਗੀ ਪਰੰਤੂ ਅਜਿਹਾ ਕੁੱਝ ਵੀ ਨਹੀਂ ਹੋ ਪਾਇਆ ਹੈ।
ਆਪ ਸਰਕਾਰ ਨੇ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਮੁਹਿੰਮ ਜਰੂਰ ਚਲਾਈ ਹੈ ਅਤੇ ਇਸ ਦੇ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ, ਪਰ ਆਮ ਲੋਕਾਂ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਅਜੇ ਵੀ ਕੁਝ ਹੱਦ ਤਕ ਲੁਕਵੇਂ ਰੂਪ ਵਿੱਚ ਜਾਰੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਪਰ ਅਫਸਰਸ਼ਾਹੀ ਉਹੀ ਰਹਿੰਦੀ ਹੈ ਅਤੇ ਕਈ ਵਾਰ ਸਰਕਾਰ ਦੀਆਂ ਚੰਗੀਆਂ ਨੀਤੀਆਂ ਨੂੰ ਵੀ ਸਰਕਾਰੀ ਅਧਿਕਾਰੀਆਂ ਅਤੇ ਮੁਲਾਜਮਾਂ ਵੱਲੋਂ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾਂਦਾ ਜਾਂ ਅਗਿਆਨਤਾ ਹੋਣ ਕਾਰਨ ਵੱਡੀ ਗਿਣਤੀ ਲੋਕ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ।
ਆਮ ਆਦਮੀ ਪਾਰਟੀ ਦੇ ਆਗੂ ਦਾਅਵਾ ਕਰਦੇ ਹਨ ਕਿ ਆਪ ਸਰਕਾਰ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਦੇਣ ਦਾ ਯਤਨ ਕਰ ਰਹੀ ਹੈ। ਆਪ ਆਗੂਆਂ ਅਨੁਸਾਰ ਹੁਣ ਆਮ ਲੋਕਾਂ ਦੀ ਸਰਕਾਰੀ ਦਫਤਰਾਂ ਵਿੱਚ ਸੁਣਵਾਈ ਹੋਣ ਲੱਗ ਪਈ ਹੈ ਅਤੇ ਆਮ ਲੋਕਾਂ ਦੇ ਕੰਮ ਵੀ ਸਹੀ ਸਮੇਂ ਤੇ ਹੋਣ ਲੱਗ ਪਏ ਹਨ। ਆਪ ਆਗੂ ਦਾਅਵਾ ਕਰਦੇ ਹਨ ਕਿ ਪੰਜਾਬ ਦਾ ਹਰ ਵਰਗ ਪੰਜਾਬ ਦੀ ਆਪ ਸਰਕਾਰ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਹੈ, ਜਦੋਂਕਿ ਵਿਰੋਧੀ ਪਾਰਟੀਆਂ ਦੇ ਆਗੂ ਕਹਿ ਰਹੇ ਹਨ ਕਿ ਪੰਜਾਬ ਦੀ ਆਪ ਸਰਕਾਰ ਤੋਂ ਹਰ ਵਰਗ ਨਿਰਾਸ਼ ਹੈ।
ਆਮ ਆਦਮੀ ਪਾਰਟੀ ਆਪਣੇ ਰਹਿੰਦੇ ਕਾਰਜਕਾਲ ਵਿੱਚ ਪੰਜਾਬ ਵਿੱਚ ਕੋਈ ਵੱਡਾ ਬਦਲਾਓ ਲਿਆਉਣ ਅਤੇ ਆਮ ਲੋਕਾਂ ਦਾ ਭਰੋਸਾ ਜਿੱਤਣ ਵਿੱਚ ਕਿੰਨੀ ਕੁ ਕਾਮਯਾਬ ਹੁੰਦੀ ਹੈ, ਇਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ।
ਬਿਊਰੋ
Editorial
ਮਨਚਲੇ ਨੌਜਵਾਨਾਂ ਵਲੋਂ ਜਨਤਕ ਥਾਵਾਂ ਤੇ ਕੀਤੀ ਜਾਂਦੀ ਹੁੱਲੜਬਾਜੀ ਤੇ ਸਖਤੀ ਨਾਲ ਰੋਕ ਲੱਗੇ
ਸਰਦੀ ਦਾ ਅਸਰ ਵਧਣ ਲੱਗ ਗਿਆ ਹੈ ਅਤੇ ਇਸਦੇ ਨਾਲ ਹੀ ਦਿਨ ਵੀ ਛੋਟੇ ਹੋਣ ਲੱਗ ਗਏ ਹਨ। ਇਸ ਦੌਰਾਨ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਹੋਣ ਵਾਲਾ ਮਨਚਲੇ ਨੌਜਵਾਨਾਂ ਦਾ ਇਕੱਠ ਅਤੇ ਇਹਨਾਂ ਸ਼ੋਹਦਿਆਂ ਵਲੋਂ ਕੀਤੀ ਜਾਣ ਵਾਲੀ ਹੁਲੱੜਬਾਜੀ ਵੀ ਵੱਧ ਰਹੀ ਹੈ ਜਿਸ ਕਾਰਨ ਆਮ ਲੋਕਾਂ ਨੂੰ ਨਾ ਸਿਰਫ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਬਲਕਿ ਇਸ ਕਾਰਨ ਆਮ ਲੋਕ ਖੁਦ ਨੂੰ ਅਸੁਰਖਿਅਤ ਮਹਿਸੂਸ ਕਰਦੇ ਹਨ।
ਪਿਛਲੇ ਕੁੱਝ ਸਮੇਂ ਤੋਂ ਸ਼ਹਿਰ ਵਿੱਚ ਹੁੱਲੜਬਾਜੀ ਦੀਆਂ ਇਹਨਾਂ ਘਟਨਾਵਾਂ ਵਿੱਚ ਮੁੜ ਵਾਧਾ ਵੇਖਿਆ ਜਾ ਰਿਹਾ ਹੈ ਅਤੇ ਹੁੱਲੜਬਾਜਾਂ ਦੇ ਇਹ ਟੋਲੇ ਸ਼ਹਿਰ ਦੀਆਂਵੱਖ ਵੱਖ ਮਾਰਕੀਟਾਂ ਵਿੱਚ ਆਮ ਦਿਖਦੇ ਹਨ। ਇਸ ਦੌਰਾਨ ਫੇਜ਼ 3 ਬੀ ਦੀ ਮਾਰਕੀਟ (ਜਿਸਨੂੰ ਅਜਿਹੇ ਮਨਚਲਿਆਂ ਵਲੋਂ ਗੇੜੀ ਰੂਟ ਲਈ ਸਭਤੋਂ ਵੱਧ ਵਰਤਿਆ ਜਾਂਦਾ ਸੀ) ਵਿੱਚ ਪੁਲੀਸ ਵਲੋਂ ਕੀਤੀ ਗਈ ਸਖਤੀ ਕਾਰਨ ਉੱਥੇ ਵਾਹਨ ਚਾਲਕਾਂ ਦੀ ਹੁਲੱੜਬਾਜੀ ਕੱਝ ਹੱਦ ਤਕ ਘੱਟ ਜਰੂਰ ਹੋਈ ਹੈ ਪਰੰਤੂ ਰੇਹੜੀਆਂ ਫੜੀਆਂ ਤੇ ਇਹਨਾਂ ਹੁਲੱੜਬਾਜਾਂ ਦੀ ਭੀੜ ਪਹਿਲਾਂ ਵਾਂਗ ਹੀ ਦਿਖਦੀ ਹੈ। ਮਾਰਕੀਟਾਂ ਵਿੱਚ ਟਿਕਾਣੇ ਬਣਾ ਕੇ ਖੜ੍ਹਦੇ ਇਹਨਾਂ ਸ਼ੋਹਦਿਆਂ ਅਤੇ ਸ਼ਰਾਰਤੀ ਅਨਸਰਾਂ ਵਲੋਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਕਾਰਨ ਲੋਕ ਮਾਰਕੀਟਾਂ ਵਿੱਚ ਆਉਣ ਤੋਂ ਹੀ ਡਰਦੇ ਹਨ ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।
ਦਿਵਾਲੀ ਦਾ ਤਿਉਹਾਰ ਭਾਵੇਂ ਲੰਘ ਗਿਆ ਹੈ ਪਰੰਤੂ ਫਿਰ ਵੀ ਬਾਜਾਰਾਂ ਵਿੱਚ ਕਾਫੀ ਰੌਣਕ ਦਿਖਦੀ ਹੈ। ਅਤੇ ਬਾਜਾਰਾਂ ਵਿੱਚ ਭੀੜ ਭੜੱਕਾ ਵੀ ਹੁੰਦਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਪਰਿਵਾਰ ਸਮੇਤ ਬਾਜਾਰਾਂ ਵਿੱਚ ਪਹੁੰਚਦੇ ਹਨ। ਪਰੰਤੂ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਇਹਨਾਂ ਲੋਕਾਂ ਨੂੰ ਉਸ ਵੇਲੇ ਕਾਫੀ ਜਿਆਦਾ ਨਮੋਸ਼ੀ ਸਹਿਣੀ ਪੈਂਦੀ ਹੈ ਜਦੋਂ ਉਹਨਾਂ ਦਾ ਸਾਮ੍ਹਣਾ ਜਨਤਕ ਥਾਵਾਂ ਤੇ ਇਕੱਠੇ ਹੋਣ ਵਾਲੇ ਹੁਲੱੜਬਾਜ ਕਿਸਮ ਦੇ ਨੌਜਵਾਨਾਂ ਨਾਲ ਹੁੰਦਾ ਹੈ। ਮਾਰਕੀਟਾਂ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦੇ ਆਸਪਾਸ ਅਜਿਹੇ ਵਿਹਲੜ ਨੌਜਵਾਨਾਂ ਦੀਆਂ ਮੰਡਲੀਆਂ ਆਮ ਨਜਰ ਆਉਂਦੀਆਂ ਹਨ ਜਿਹੜੇ ਆਉਣ ਜਾਣ ਵਾਲੇ ਲੋਕਾਂ ਨੂੰ ਟਿੱਚਰਾਂ ਤਕ ਕਰਦੇ ਹਨ।
ਸ਼ਹਿਰ ਦੀਆਂ ਮਾਰਕੀਟਾਂ ਅਤੇ ਜਨਤਕ ਥਾਵਾਂ ਤੇ ਦੇਰ ਰਾਤ ਤਕ ਡੇਰਾ ਜਮਾਉਣ ਵਾਲੇ ਇਹ ਹੁਲੱੜਬਾਜ ਕਈ ਵਾਰ ਖੁੱਲੀ ਥਾਂ ਤੇ ਸ਼ਰਾਬ ਪੀਂਦੇ ਵੀ ਨਜਰ ਆ ਜਾਂਦੇ ਹਨ ਅਤੇ ਇਹਨਾਂ ਕਾਰਨ ਸ਼ਹਿਰ ਦਾ ਸ਼ਾਂਤ ਮਾਹੌਲ ਵੀ ਪ੍ਰਭਾਵਿਤ ਹੁੰਦਾ ਹੈ। ਇਹਨਾਂ ਸ਼ੋਹਦਿਆਂ (ਜਿਹਨਾਂ ਵਿੱਚ ਜਿਆਦਾਤਰ ਵੱਡੇ ਘਰਾਂ ਦੇ ਕਾਕੇ ਹੁੰਦੇ ਹਨ) ਵਲੋਂ ਗਲੀ ਮੁਹੱਲਿਆਂ ਵਿੱਚ ਖੁੱਲੀਆਂ ਜੀਪਾਂ ਅਤੇ ਮੋਟਰਸਾਈਕਲਾਂ ਤੇ ਗੇੜੀਆਂ ਕੱਢਣ ਅਤੇ ਲੋਕਾਂ ਨਾਲ ਦੁਰਵਿਵਹਾਰ ਅਤੇ ਲੜਾਈ ਝਗੜੇ ਦੀਆਂ ਕਾਰਵਾਈਆਂ ਵੀ ਆਮ ਹਨ। ਆਪਣੀਆਂ ਕਾਰਵਾਈਆਂ ਨਾਲ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਇਹਨਾਂ ਹੁੱਲੜਬਾਜਾਂ ਦਾ ਮੁੱਖ ਨਿਸ਼ਾਨਾ ਅਕਸਰ ਨੌਜਵਾਨ ਕੁੜੀਆਂ ਹੁੰਦੀਆਂ ਹਨ ਜਿਹਨਾਂ ਉੱਪਰ ਆਪਣਾ ਫਿਜੂਲ ਦਾ ਰੌਹਬ ਜਮਾਉਣ ਲਈ ਇਹ ਗੁੰਡਾ ਅਨਸਰ ਇਹ ਸਾਬਿਤ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਕਿ ਨਾ ਤਾਂ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਹੈ ਅਤੇ ਨਾ ਹੀ ਕੋਈ ਉਹਨਾਂ ਦਾ ਕੋਈ ਕੁੱਝ ਵਿਗਾੜ ਹੀ ਸਕਦਾ ਹੈ। ਇਹ ਹੁਲੱੜਬਾਜ ਜਦੋਂ ਖੁੱਲੀਆਂ ਗੱਡੀਆਂ ਵਿੱਚ ਬਹੁਤ ਤੇਜ ਆਵਾਜ ਵਿੱਚ ਸੰਗੀਤ ਵਜਾਉਂਦੇ ਹੋਏ ਨਿਕਲਦੇ ਹਨ ਤਾਂ ਇਸ ਕਾਰਨ ਆਸਪਾਸ ਦਾ ਮਾਹੌਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।
ਇਸ ਸੰਬੰਧੀ ਭਾਵੇਂ ਪੁਲੀਸ ਵਲੋਂ ਸਮੇਂ ਸਮੇਂ ਤੇ ਨਾਕੇਬੰਦੀ ਕਰਕੇ ਅਜਿਹੇ ਨੌਜਵਾਨਾਂ ਦੇ ਖਿਲਾਫ ਮੁਹਿੰਮ ਚਲਾਈ ਜਾਂਦੀ ਹੈ ਜਿਸਦਾ ਅਸਰ ਵੀ ਨਜਰ ਆਉਂਦਾ ਹੈ ਅਤੇ ਪੁਲੀਸ ਦੀ ਕਾਰਵਾਈ ਤੋਂ ਡਰਦੇ ਇਹ ਹੁੱਲੜਬਾਜ (ਥੋੜ੍ਹੇ ਸਮੇਂ ਲਈ) ਗਾਇਬ ਵੀ ਹੋ ਜਾਂਦੇ ਹਨ ਪਰੰਤੂ ਪੁਲੀਸ ਦੀ ਕਾਰਵਾਈ ਦੇ ਰੁਕਦਿਆਂ ਹੀ ਇਹ ਵਾਪਸ ਪਰਤ ਆਉਂਦੇ ਹਨ। ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਇਹਨਾਂ ਗੁੰਡਾ ਅਨਸਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਇਸ ਵਾਸਤੇ ਮਾਰਕੀਟਾਂ ਵਿੱਚ ਵਿਸ਼ੇਸ਼ ਤੌਕ ਤੇ ਪੁਲੀਸ ਫੋਰਸ ਦੀ ਤੈਨਾਤੀ ਕੀਤੀ ਜਾਵੇ ਜਿਸ ਵਲੋਂ ਸ਼ਹਿਰ ਵਾਸੀਆਂ ਦੇ ਦਿਲੋ ਦਿਮਾਗ ਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲੇ ਅਜਿਹੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਲਗਾਤਾਰ ਵਾਪਰਦੀਆਂ ਗੁੰਡਾਗਰਦੀ ਦੀਆਂ ਅਜਿਹੀਆਂ ਘਟਨਾਵਾਂ ਤੇ ਕਾਬੂ ਕਰਨ ਲਈ ਯੋਜਨਾਬੱਧ ਢੰਗ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰ ਵਾਸੀਆਂ ਵਿੱਚ ਵੱਧ ਰਹੀ ਅਸੁਰਖਿਆ ਦੀ ਭਾਵਨਾ ਨੂੰ ਕਾਬੂ ਕਰਕੇ ਉਹਨਾਂ ਦਾ ਪ੍ਰਸ਼ਾਸ਼ਨ ਵਿੱਚ ਭਰੋਸਾ ਬਹਾਲ ਰੱਖਿਆ ਜਾ ਸਕੇ।
-
Mohali2 months ago
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਤੇ ਫੋਰਟਿਸ ਹਸਪਤਾਲ ਵਿੱਚ ਕਰਵਾਇਆ ਭਰਤੀ
-
International2 months ago
ਕੈਨੇਡਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜ-ਛਾੜ
-
Mohali2 months ago
ਭਗਤ ਪੂਰਨ ਸਿੰਘ ਸੁਸਾਇਟੀ ਵੱਲੋਂ 28 ਸਤੰਬਰ ਨੂੰ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ
-
International1 month ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Editorial2 months ago
ਮੁਹਾਲੀ ਸ਼ਹਿਰ ਅਤੇ ਜਿਲ੍ਹੇ ਨੂੰ ਮੁਕੰਮਲ ਤੌਰ ਤੇ ਤੰਬਾਕੂ ਦੇ ਧੂਏਂ ਤੋਂ ਮੁੁਕਤ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਏ ਪ੍ਰਸ਼ਾਸ਼ਨ
-
Mohali2 months ago
ਐਮ ਪੀ ਸੀ ਏ ਦਾ ਵਫਦ ਨਵ ਨਿਯੁਕਤ ਅਸਟੇਟ ਅਫਸਰਾਂ ਨੂੰ ਮਿਲਿਆ
-
International1 month ago
ਡੈਨਮਾਰਕ ਵਿੱਚ ਇਜ਼ਰਾਈਲੀ ਦੂਤਾਵਾਸ ਨੇੜੇ ਦੋ ਧਮਾਕੇ, ਭਾਰੀ ਪੁਲੀਸ ਬਲ ਤਾਇਨਾਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ