Connect with us

Editorial

ਦੇਸ਼ ਦੀ ਰਾਸ਼ਟਰੀ ਰਾਜਨੀਤੀ ਤੇ ਵੱਡਾ ਪ੍ਰਭਾਵ ਪਾਉਣਗੀਆਂ ਹਰਿਆਣਾ ਅਤੇ ਜੰਮੂ ਕਸ਼ਮੀਰ ਚੋਣਾਂ

Published

on

 

ਇਸ ਸਮੇਂ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਲਈ ਚੋਣ ਸਰਗਰਮੀਆਂ ਜੋਰ ਫੜ ਗਈਆਂ ਹਨ। ਇਸ ਦੌਰਾਨ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਆਪਸੀ ਗਠਜੋੜਾਂ ਦਾ ਐਲਾਨ ਹੋ ਚੁੱਕਿਆ ਹੈ ਉੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜਿਹੜੇ ਆਗੂਆਂ ਨੂੰ ਪਾਰਟੀ ਟਿਕਟਾਂ ਮਿਲ ਗਈਆਂ ਹਨ, ਉਹ ਪੂਰੀ ਤਰ੍ਹਾਂ ਚੋਣ ਮੈਦਾਨ ਵਿੱਚ ਨਿਤਰ ਆਏ ਹਨ ਪਰ ਜਿਹੜੇ ਆਗੂਆਂ ਨੂੰ ਟਿਕਟਾਂ ਨਹੀਂ ਮਿਲੀਆਂ, ਉਹ ਬਗ਼ਾਵਤ ਦੇ ਰਾਹ ਤੁਰ ਪਏ ਹਨ। ਦੋਵਾਂ ਸੂਬਿਆਂ ਵਿੱਚ ਚੋਣ ਲੜ ਰਹੀਆਂ ਕਰੀਬ ਸਾਰੀਆਂ ਹੀ ਪਾਰਟੀਆਂ ਨਾਲ ਅਜਿਹਾ ਕੁਝ ਹੀ ਹੋ ਰਿਹਾ ਹੈ।

ਹਰਿਆਣਾ ਵਿੱਚ ਜਿਥੇ ਭਾਜਪਾ ਤੀਜੀ ਵਾਰ ਸਰਕਾਰ ਬਣਾ ਕੇ ਹੈਟ੍ਰਿਕ ਮਾਰਨ ਦਾ ਯਤਨ ਕਰ ਰਹੀ ਹੈ, ਉਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਇਹ ਚੋਣਾਂ ਜਿੱਤਣ ਲਈ ਪੂਰਾ ਜੋਰ ਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਖੇਤਰੀ ਦਲ ਵੀ ਇਹਨਾਂ ਚੋਣਾਂ ਦੌਰਾਨ ਆਪਣੀ ਪੂਰੀ ਸਮਰਥਾ ਦਾ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਖੇਤਰੀ ਦਲਾਂ ਦਾ ਵੀ ਹਰਿਆਣਾ ਵਿੱਚ ਚੰਗਾ ਆਧਾਰ ਹੈ ਅਤੇ ਇਹਨਾਂ ਦੇ ਸਮਰਥਕਾਂ ਦੀਆਂ ਵੋਟਾਂ ਦੀ ਗਿਣਤੀ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਦਾ ਗਠਨ ਕਰ ਸਕਦੀ ਹੈ।

ਹਰਿਆਣਾ ਵਿੱਚ ਕਾਂਗਰਸ ਵੱਲੋਂ ਚੋਣਾਂ ਜਿੱਤਣ ਲਈ ਖਿਡਾਰੀਆਂ ਤੇ ਵੀ ਟੇਕ ਰੱਖੀ ਜਾ ਰਹੀ ਹੈ ਅਤੇ ਪ੍ਰਸਿੱਧ ਖਿਡਾਰੀਆਂ/ਪਹਿਲਵਾਨਾਂ ਦਾ ਸਮਰਥਣ ਲੈ ਕੇ ਤੇ ਉਹਨਾਂ ਨੂੰ ਟਿਕਟਾਂ ਦੇ ਕੇ ਚੋਣਾਂ ਜਿੱਤਣ ਲਈ ਪੂਰੀ ਸਰਗਰਮੀ ਦਿਖਾਈ ਜਾ ਰਹੀ ਹੈ। ਇਸ ਤੋਂ ਇਲਾਵਾ ਚੋਣਾਂ ਲੜ ਰਹੀਆਂ ਕਰੀਬ ਸਾਰੀਆਂ ਹੀ ਪਾਰਟੀਆਂ ਵੱਲੋਂ ਵੋਟਰਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਵੀ ਕੀਤੇ ਜਾ ਰਹੇ ਹਨ ਅਤੇ ਹਰਿਆਣਾ ਦੇ ਲੋਕਾਂ ਨੂੰ ਆਪਣੀ ਹੀ ਪਾਰਟੀ ਵਲੋਂ ਸਥਿਰ ਅਤੇ ਚੰਗੀ ਸਰਕਾਰ ਤੇ ਸ਼ਾਸਨ ਦੇਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ।

ਜੇਕਰ ਜੰਮੂ ਕਸ਼ਮੀਰ ਦੀ ਗੱਲ ਕੀਤੇ ਜਾਵੇ ਤਾਂ ਉਥੇ 10 ਸਾਲਾਂ ਬਾਅਦ ਚੋਣਾਂ ਹੋ ਰਹੀਆਂ ਹਨ ਅਤੇ ਜੰਮ ਕਸ਼ਮੀਰ ਦੇ ਕੇਂਦਰ ਸਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਉੱਥੇ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ। ਇਹਨਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਜਿੱਥੇ ਭਾਜਪਾ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਉੱਥੇ ਕਾਂਗਰਸ ਨੇ ਇਹ ਚੋਣਾਂ ਜਿੱਤਣ ਲਈ ਇੱਕ ਖੇਤਰੀ ਪਾਰਟੀ ਨਾਲ ਸਮਝੌਤਾ ਵੀ ਕਰ ਲਿਆ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਮੁੜ ਬਹਾਲ ਕੀਤਾ ਜਾਵੇਗਾ। ਕਾਂਗਰਸ ਪਾਰਟੀ ਵੀ ਹਰ ਹੀਲੇ ਜੰਮੂ ਕਸ਼ਮੀਰ ਦੀਆਂ ਚੋਣਾਂ ਜਿੱਤਣਾ ਚਾਹੁੰਦੀ ਹੈ ਅਤੇ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਆ ਗਈ ਹੈ। ਦੂਜੇ ਪਾਸੇ ਭਾਜਪਾ ਚਾਹੁੰਦੀ ਹੈ ਕਿ ਜੰਮੂ ਕਸ਼ਮੀਰ ਵਿੱਚ ਉਸ ਦੀ ਜਿੱਤ ਹੋਵੇ ਤਾਂ ਕਿ ਉਸ ਵੱਲੋਂ ਜੰਮੂ ਕਸ਼ਮੀਰ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਕੀਤੇ ਗਏ ਯਤਨਾਂ ਨੂੰ ਬੂਰ ਪਵੇ।

ਪੂਰੇ ਦੇਸ਼ ਦੀਆਂ ਨਜਰਾਂ ਦੋਵਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੇ ਲੱਗੀਆਂ ਹੋਈਆਂ ਹਨ ਅਤੇ ਇੰਨਾ ਤੈਅ ਹੈ ਕਿ ਇਹਨਾਂ ਦੋਵਾਂ ਰਾਜਾਂ ਦੀਆਂ ਚੋਣਾਂ ਦੇ ਨਤੀਜੇ ਭਾਵੇਂ ਕਿਸੇ ਦੇ ਵੀ ਹੱਕ ਵਿੱਚ ਹੋਣ ਪਰੰਤੂ ਉਹ ਦੇਸ਼ ਦੀ ਰਾਜਨੀਤੀ ਤੇ ਕਾਫੀ ਗਹਿਰਾ ਅਸਰ ਛੱਡਣਗੇ।

ਬਿਊਰੋ

Continue Reading

Editorial

ਮਾਰਕੀਟਾਂ ਵਿਚਲੀਆਂ ਪਾਰਕਿੰਗਾਂ ਦੀ ਹਾਲਤ ਵਿੱਚ ਸੁਧਾਰ ਕਰਨ ਲਈ ਕਦਮ ਚੁੱਕੇ ਪ੍ਰਸ਼ਾਸਨ

Published

on

By

 

ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਭਾਵੇਂ ਸਾਡੇ ਸ਼ਹਿਰ ਨੂੰ ਅੰਤਰਰਾਸ਼ਟਰੀ ਪੱਧਰ ਦੇ ਇੱਕ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਸਰਕਾਰ ਵਲੋਂ ਸ਼ਹਿਰ ਵਾਸੀਆਂਨੂੰ ਵਿਸ਼ਵਪੱਧਰੀ ਅਤਿ ਆਧੁਨਿਕ ਸੁਵਿਧਾਵਾਂ ਮੁਹਈਆ ਕਰਵਾਉਣ ਦੀ ਗੱਲ ਵੀ ਕੀਤੀ ਜਾਂਦੀ ਹੈ ਪਰੰਤੂ ਸ਼ਹਿਰ ਦੀਆਂ ਮਾਰਕੀਟਾਂ ਵਿਚਲੀਆਂ ਪਾਰਕਿੰਗਾਂ ਦੀ ਬਦਹਾਲੀ ਸਰਕਾਰ ਦੇ ਇਹਨਾਂ ਦਾਅਵਿਆਂ ਦਾ ਮਜਾਕ ਉੜਾਉਂਦੀ ਹੈ ਅਤੇ ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਮਾੜੀ ਹਾਲਤ ਅਤੇ ਇਹਨਾਂ ਪਾਰਕਿੰਗਾਂ ਵਿੱਚ ਵਾਹਨ ਖੜੇ ਕਰਨ ਵਾਸਤੇ ਲੋੜੀਂਦੇ ਪ੍ਰਬੰਧਾਂ ਦੀ ਘਾਟ ਕਾਰਨ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਜਾਂ ਕਿਸੇ ਹੋਰ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਅਕਸਰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ।

ਇਸ ਵੇਲੇ ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਖੱਡੇ ਪਏ ਹੋਏ ਹਨ ਅਤੇ ਇਹਨਾਂ ਵਿੱਚ ਵਾਹਨਾਂ ਨੂੰ ਖੜ੍ਹਾ ਕਰਨ ਲਈ ਲੋੜੀਂਦੇ ਪ੍ਰਬੰਧ ਨਾ ਹੋਣ ਕਰਨ ਲੋਕਾਂ ਵਲੋਂ ਮਨਮਰਜੀ ਅਤੇ ਆੜੇ ਤਿਰਛੇ ਢੰਗ ਨਾਲ ਆਪਣੇ ਵਾਹਨ ਖੜ੍ਹੇ ਕਰ ਦਿੱਤੇ ਜਾਂਦੇ ਹਨ ਜਿਸ ਕਾਰਨ ਮਾਰਕੀਟਾਂ ਦੀ ਪਾਰਕਿੰਗ ਵਿੱਚ ਵਾਹਨਾਂ ਦਾ ਘੜਮੱਸ ਜਿਹਾ ਪਿਆ ਰਹਿੰਦਾ ਹੈ। ਮਾਰਕੀਟਾਂ ਵਿੱਚ ਲੋਕਾਂ ਵਲੋਂ ਬੇਤਰਤੀਬ ਢੰਗ ਨਾਲ ਆਪਣੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਕਾਰਨ ਹੋਰਨਾਂ ਵਾਹਨ ਚਾਲਕਾਂ ਨੂੰ ਪਾਰਕਿੰਗ ਵਿੱਚ ਆਪਣੇ ਵਾਹਨ ਖੜੇ ਕਰਨ ਵਿੱਚ ਵੱਡੀ ਸਮੱਸਿਆ ਪੇਸ਼ ਆਉਂਦੀ ਹੈ।

ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਮਾਰਕੀਟਾਂ ਵਿੱਚ ਪਹੁੰਚਣ ਵਾਲੇ ਵਾਹਨ ਚਾਲਕਾਂ ਦਾ ਜਿੱਥੇ ਦਿਲ ਕਰਦਾ ਹੈ, ਉਹ ਆਪਣਾ ਵਾਹਨ ਖੜ੍ਹਾ ਕਰ ਦਿੰਦੇ ਹਨ। ਅਜਿਹੇ ਲੋਕਾਂ ਦੀ ਗਿਣਤੀ ਵੀ ਕਾਫੀ ਹੈ ਜਿਹੜੇ ਪਾਰਕਿੰਗ ਵਿੱਚ ਥਾਂ ਨਾ ਮਿਲਣ ਤੇ ਕਿਸੇ ਹੋਰ ਵਾਹਨ ਦੇ ਪਿੱਛੇ ਆਪਣਾ ਵਾਹਨ ਖੜ੍ਹਾ ਕਰਕੇ ਆਪਣੇ ਕੰਮ ਤੇ ਚਲੇ ਜਾਂਦੇ ਹਨ। ਬਾਅਦ ਵਿੱਚ ਜਦੋਂ ਪਹਿਲਾਂ ਤੋਂ ਖੜ੍ਹੇ ਵਾਹਨ ਦਾ ਚਾਲਕ ਵਾਪਸ ਜਾਣ ਲਈ ਆਪਣੀ ਗੱਡੀ ਤਕ ਪਹੁੰਚਦਾ ਹੈ ਤਾਂ ਉਸਨੂੰ ਆਪਣਾ ਵਾਹਨ ਬਾਹਰ ਕੱਢਣ ਲਈ ਥਾਂ ਨਹੀਂ ਮਿਲਦੀ ਅਤੇ ਉਸਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਇਸ ਤਰੀਕੇ ਨਾਲ ਕੀਤੀ ਜਾਂਦੀ ਬੇਤਰਤੀਬ ਪਾਰਕਿੰਗ ਕਾਰਨ ਕਈ ਵਾਰ ਵਾਹਨ ਚਾਲਕਾਂ ਵਿਚਾਲੇ ਝਗੜੇ ਦੀ ਨੌਬਤ ਤਕ ਆ ਜਾਂਦੀ ਹੈ।

ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਨਗਰ ਨਿਗਮ ਦੀ ਹੈ ਪਰੰਤੂ ਜੇਕਰ ਇਸ ਸੰਬੰਧੀ ਜੇਕਰ ਨਗਰ ਨਿਗਮ ਦੀ ਕਾਰਗੁਜਾਰੀ ਦੀ ਗੱਲ ਕੀਤੀ ਜਾਵੇ ਤਾਂ ਨਗਰ ਨਿਗਮ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਵਿਚਲੀਆਂ ਪਾਰਕਿੰਗਾਂ ਵਿੱਚ ਲੋੜੀਂਦੀਆਂ ਸਹੂਲਤਾਂ ਦੇਣ ਦੇ ਨਾਮ ਤੇ ਸਿਰਫ ਖਾਨਾਪੂਰਤੀ ਕੀਤੀ ਜਾਂਦੀ ਹੈ। ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਖੱਡੇ ਪਏ ਹੋਏ ਹਨ ਅਤੇ ਥੋੜ੍ਹੀ ਜਿਹੀ ਬਰਸਾਤ ਹੋਣ ਤੇ ਇਹਨਾਂ ਖੱਡਿਆਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ। ਜਦੋਂ ਗੱਡੀਆਂ ਇਹਨਾਂ ਖੱਡਿਆਂ ਤੋਂ ਲੰਘਦੀਆਂ ਹਨ ਤਾਂ ਇਸ ਗੰਦੇ ਪਾਣੀ ਦੇ ਛਿੱਟੇ ਉੱਛ ਉੱਛਲ ਕੇ ਆਉਂਦੇ ਜਾਂਦੇ ਲੋਕਾਂ ਤੇ ਪੈਂਦੇ ਹਨ। ਜਿਆਦਾਤਰ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨ ਖੜੇ ਕਰਨ ਲਈ ਲਾਈਨਾਂ ਵੀ ਨਹੀਂ ਲੱਗੀਆਂ ਅਤੇ ਨਾ ਹੀ ਇਹ ਜਾਣਕਾਰੀ ਦੇਣ ਲਈ ਕੋਈ ਬੋਰਡ ਜਾਂ ਨਿਸ਼ਾਨ ਲਗਾਏ ਗਏ ਹਨ ਜਿਸ ਨਾਲ ਇਹ ਪਤਾ ਚਲ ਸਕੇ ਕਿ ਦੋ ਪਹੀਆ ਅਤੇ ਤਿੰਨ ਪਹੀਆ ਵਾਹਨ ਕਿਹੜੇ ਪਾਸੇ ਖੜੇ ਕਰਨੇ ਹਨ ਅਤੇ ਚਾਰ ਪਹੀਆ ਵਾਹਨ ਕਿੱਥੇ ਖੜੇ ਕਰਨੇ ਹਨ। ਵਾਹਨਾਂ ਦੀ ਪਾਰਕਿੰਗ ਵਾਸਤੇ ਲਾਈਨਾਂ ਨਾ ਲੱਗੀਆਂ ਹੋਣ ਅਤੇ ਕੋਈ ਨਿਸ਼ਾਨ ਨਾ ਹੋਣ ਕਾਰਨ ਆਮ ਵਾਹਨ ਚਾਲਕ ਮਨ ਮਰਜੀ ਨਾਲ ਵਾਹਨ ਖੜੇ ਕਰ ਦਿੰਦੇ ਹਨ, ਜਿਸ ਕਾਰਨ ਇਹਨਾਂ ਪਾਰਕਿੰਗਾਂ ਵਿੱਚ ਅੱਗੇ ਪਿਛਲੇ ਖੜ੍ਹੇ ਵਾਹਨਾਂ ਕਾਰਨ ਹਾਲਾਤ ਬੇਹਾਲ ਰਹਿੰਦੇ ਹਨ।

ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚਲੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਰੇਹੜੀ ਫੜੀ ਵਾਲਿਆਂ ਵਲੋਂ ਨਾਜਾਇਜ਼ ਕਬਜ਼ਾ ਕਰਕੇ ਖਾਣ ਪੀਣ ਦਾ ਸਾਮਾਨ ਵੇਚਣ ਦੀ ਕਾਰਵਾਈ ਵੀ ਪਾਰਕਿੰਗ ਵਿਵਸਥਾ ਵਿੱਚ ਵੱਡੀ ਰੁਕਾਵਟ ਬਣਦੀ ਹੈ। ਇਸ ਸੰਬੰਧੀ ਨਗਰ ਨਿਗਮ ਵਲੋਂ ਭਾਵੇਂ ਨਾਜਾਇਜ਼ ਕਬਜ਼ੇ ਕਰਕੇ ਲਗਾਈਆਂ ਜਾਂਦੀਆਂ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਤੇ ਕਾਬੂ ਕਰਨ ਲਈ ਚਲਾਈ ਗਈ ਲਗਾਤਾਰ ਮੁਹਿੰਮ ਚਲਾਉਣ ਦੀ ਗੱਲ ਕੀਤੀ ਜਾਂਦੀ ਹੈ ਪਰੰਤੂ ਇਹ ਸਮੱਸਿਆ ਪਹਿਲਾਂ ਵਾਂਗ ਹੀ ਹੈ ਅਤੇ ਹੁਣ (ਖਾਸ ਕਰ ਦਿਨ ਢਲਣ ਤੋਂ ਬਾਅਦ) ਇਸ ਵਿੱਚ ਹੋਰ ਵਾਧਾ ਹੋਣ ਲੱਗ ਗਿਆ ਹੈ।

ਇਸ ਸੰਬੰਧੀ ਸ਼ਹਿਰ ਦੇ ਵਪਾਰੀਆਂ ਦੀ ਨੁਮਾਇੰਦਿਗੀ ਕਰਨ ਵਾਲੇ ਵਪਾਰ ਮੰਡਲ ਵਲੋਂ ਸਮੇਂ ਸਮੇਂ ਤੇ ਨਗਰ ਨਿਗਮ ਤੋਂ ਮੰਗ ਕੀਤੀ ਜਾਂਦੀ ਹੈ ਕਿ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਹਾਲਤ ਵਿੱਚ ਲੋੜੀਂਦਾ ਸੁਧਾਰ ਵਿਚ ਲਾਈਨਾਂ ਅਤੇ ਸਿਗਨਲ ਆਦਿ ਲਗਾਏ ਜਾਣ ਪਰੰਤੂ ਇਸ ਪੱਖੋਂ ਨਗਰ ਨਿਗਮ ਦੀ ਕਾਰਗੁਜਾਰੀ ਸਿਰਫ ਖਾਨਾਪੂਰਤੀ ਕਰਨ ਤਕ ਹੀ ਸੀਮਿਤ ਹੈ। ਨਗਰ ਨਿਗਮ ਨੂੰ ਚਾਹੀਦਾ ਹੈ ਕਿ ਉਹ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨ ਖੜੇ ਕਰਨ ਲਈ ਆ ਰਹੀਆਂ ਦਿਕਤਾਂ ਨੂੰ ਦੂਰ ਕਰਨ ਲਈ ਲੋੜੀਂਦੀ ਕਾਰਵਾਈ ਕਰੇ ਅਤੇ ਇਸ ਵਾਸਤੇ ਇਹਨਾਂ ਪਾਰਕਿੰਗਾਂ ਦੀ ਲੋੜੀਂਦੀ ਮੁਰਮੰਤ ਕਰਕੇ ਉੱਥੇ ਵਾਹਨ ਖੜ੍ਹਾਉਣ ਲਈ ਲਾਈਨਾਂ ਅਤੇ ਹੋਰ ਸਿਗਨਲ ਲਗਾਏ ਜਾਣ ਤਾਂ ਜੋ ਆਮ ਲੋਕਾਂ ਨੂੰ ਇਸ ਸੰਬੰਧੀ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇ।

Continue Reading

Editorial

ਕੀ ਭਰੋਸੇ ਦਾ ਵੋਟ ਜਿੱਤ ਸਕੇਗੀ ਟਰੂਡੋ ਸਰਕਾਰ?

Published

on

By

 

ਕੈਨੇਡਾ ਵਿੱਚ ਇਸ ਸਮੇਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਦਾ ਕਾਰਨ ਇਹ ਹੈ ਕਿ ਜਗਮੀਤ ਸਿੰਘ ਦੀ ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਵੱਲੋਂ ਕੈਨੇਡਾ ਦੀ ਟਰੂਡੋ ਸਰਕਾਰ ਤੋਂ ਸਮਰਥਨ ਵਾਪਸ ਲੈ ਲਏ ਜਾਣ ਕਾਰਨ ਟਰੂਡੋ ਸਰਕਾਰ ਘੱਟ ਗਿਣਤੀ ਵਿੱਚ ਰਹਿ ਗਈ ਹੈ ਅਤੇ ਉਸ ਦੇ ਭਵਿੱਖ ਅੱਗੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ।

ਅਗਲੇ ਕੁਝ ਦਿਨਾਂ ਬਾਅਦ ਕੈਨੇਡਾ ਵਿੱਚ ਹੋਣ ਵਾਲੇ ਸੰਸਦ ਇਜਲਾਸ ਦੌਰਾਨ ਜੇਕਰ ਐਨ. ਡੀ. ਪੀ. ਬੇਭਰੋਸਗੀ ਦਾ ਮਤਾ ਲੈ ਆਉਂਦੀ ਹੈ ਤਾਂ ਘੱਟ ਗਿਣਤੀ ਰਹਿ ਗਈ ਟਰੂਡੋ ਸਰਕਾਰ ਡਿੱਗ ਸਕਦੀ ਹੈ। ਟਰੂਡੋ ਸਰਕਾਰ ਡਿੱਗ ਪੈਂਦੀ ਹੈ ਤਾਂ ਕੈਨੇਡਾ ਵਿੱਚ ਮੱਧਕਾਲੀ ਚੋਣਾਂ ਹੋ ਸਕਦੀਆਂ ਹਨ। ਕਿਹਾ ਜਾ ਰਿਹਾ ਹੈ ਕਿ ਟਰੂਡੋ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਲਿਆਉਣ ਲਈ ਪੂੁਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਦੂਜੇ ਪਾਸੇ ਟਰੂਡੋ ਦਾ ਕਹਿਣਾ ਹੈ ਕਿ ਐਨ. ਡੀ. ਪੀ. ਨੂੰ ਰਾਜਨੀਤੀ ਕਰਨ ਦੀ ਥਾਂ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਕੈਨੇਡਾ ਦੇ ਵਸਨੀਕਾਂ ਲਈ ਕੀ ਕਰ ਸਕਦੇ ਹਾਂ। ਟਰੂਡੋ ਨੂੰ ਯਕੀਣ ਹੈ ਕਿ ਉਸ ਦੀ ਸਰਕਾਰ ਬਚ ਜਾਵੇਗੀ। ਕੈਨੇਡਾ ਪਾਰਲੀਮੈਂਟ ਦੀਆਂ 338 ਵਿੱਚੋਂ 154 ਸੀਟਾਂ ਲਿਬਰਲਾਂ ਕੋਲ ਹਨ। ਜਗਮੀਤ ਸਿੰਘ ਦੀ ਪਾਰਟੀ ਹਾਊਸ ਆਫ਼ ਕਾਮਨ ਵਿੱਚ ਚੌਥੇ ਸਥਾਨ ਤੇ ਹੈ।

ਦਰਅਸਲ ਐਨ. ਡੀ. ਪੀ.-ਲਿਬਰਲਜ਼ ਦਾ ਸਮਝੌਤਾ ਜੂਨ 2025 ਤੱਕ ਸੀ। 338 ਦੀ ਪਾਰਲੀਮੈਂਟ ਵਿੱਚ ਐਨ. ਡੀ. ਪੀ. ਦੇ 24 ਸਾਂਸਦ ਹਨ। ਮਾਰਚ 2022 ਵਿੱਚ ਲਿਬਰਲ ਪਾਰਟੀ ਦੇ 154 ਸੰਸਦ ਮੈਂਬਰਾਂ ਨਾਲ 24 ਐਨ. ਡੀ. ਪੀ. ਦੇ ਸੰਸਦ ਮੈਂਬਰ ਸ਼ਾਮਲ ਹੋਏ ਤਾਂ ਟਰੂਡੋ ਪ੍ਰਧਾਨ ਮੰਤਰੀ ਬਣੇ ਸਨ। ਟਰੂਡੋ ਅਤੇ ਜਗਮੀਤ ਸਿੰਘ ਦੀ ਸਿਆਸੀ ਦੋਸਤੀ ਦੀਆਂ ਗੱਲਾਂ ਉਸ ਸਮੇਂ ਪੂਰੀ ਦੁਨੀਆਂ ਵਿੱਚ ਹੋਈਆਂ ਸਨ।

ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ) ਦੇ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਟਰੂਡੋ ਅਤੇ ਲਿਬਰਲ ਕਾਰਪੋਰੇਟ ਹਿੱਤਾਂ ਲਈ ਬਹੁਤ ਜ਼ਿਆਦਾ ਸਮਰਪਿਤ ਹਨ। ਉਸ ਨੇ ਇਸ ਵਜ੍ਹਾ ਨੂੰ ਸਰਕਾਰ ਨਾਲ ਆਪਣੀ ਡੀਲ ਨੂੰ ਖ਼ਤਮ ਕਰਨ ਦੇ ਆਪਣੇ ਕਾਰਨਾਂ ਵਿੱਚੋਂ ਇੱਕ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਨਾਲ ਐਨ. ਡੀ. ਪੀ ਦੇ ਰਾਜਨੀਤਿਕ ਸਮਝੌਤੇ ਦੇ ਅੰਤ ਦਾ ਐਲਾਨ ਕਰਨ ਵਾਲੀ ਔਨਲਾਈਨ ਸਾਂਝੀ ਕੀਤੀ ਗਈ ਵੀਡੀਓ ‘ਕਰੀਬ ਇੱਕ ਮਹੀਨਾ ਪਹਿਲਾਂ’ ਰਿਕਾਰਡ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਐਨ.ਡੀ.ਪੀ ਨੇ 2022 ਵਿੱਚ ਟਰੂਡੋ ਨਾਲ ਭਰੋਸੇ ਅਤੇ ਸਪਲਾਈ ਸਮਝੌਤਾ ਕੀਤਾ ਸੀ। ਜਗਮੀਤ ਸਿੰਘ ਵਲੋਂ ਜਾਰੀ ਤਾਜਾ ਬਿਆਨ ਅਨੁਸਾਰ ਲਿਬਰਲ ਬਹੁਤ ਕਮਜ਼ੋਰ ਅਤੇ ਸੁਆਰਥੀ ਹੋਣ ਦੇ ਨਾਲ ਨਾਲ ਕਾਰਪੋਰੇਟ ਹਿੱਤਾਂ ਲਈ ਬਹੁਤ ਜ਼ਿਆਦਾ ਸਮਰਪਿਤ ਹਨ, ਇਸ ਲਈ ਉਹ ਲੋਕਾਂ ਲਈ ਲੜ ਨਹੀਂ ਸਕਦੇ। ਉਹ ਬਦਲਾਅ ਨਹੀਂ ਲਿਆ ਸਕਦੇ, ਨਾ ਹੀ ਉਹ ਉਮੀਦਾਂ ਤੇ ਖਰੇ ਉਤਰ ਸਕਦੇ ਹਨ, ਇਸ ਲਈ ਉਹ 2022 ਦੇ ਸਮਝੌਤੇ ਨੂੰ ਖ਼ਤਮ ਕਰ ਰਹੇ ਹਨ। ਇੱਕ ਟੀ ਵੀ ਇੰਟਰਵਿਊ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਜਦੋਂ ਐਨ. ਡੀ. ਪੀ ਨੇ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੂੰ ਕਾਰਪੋਰੇਟ ਲਾਲਚ ਤੇ ਕਾਰਵਾਈ ਕਰਨ ਲਈ ਕਿਹਾ ਤਾਂ ਇਹ ਅਸਫਲ ਰਹੀ।

ਕੈਨੇਡਾ ਇਸ ਸਮੇਂ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਉਥੇ ਬੇਰੁਜ਼ਗਾਰੀ ਬਹੁਤ ਫੈਲ ਗਈ ਹੈ। ਰਿਹਾਇਸ਼ ਲਈ ਘਰਾਂ ਦੀ ਘਾਟ ਆ ਗਈ ਹੈ। ਹਰ ਚੀਜ ਬਹੁਤ ਮਹਿੰਗੀ ਹੋ ਗਈ ਹੈ। ਉਥੋਂ ਦੇ ਮੂਲ ਵਸਨੀਕਾਂ ਨੂੰ ਕੰਮ ਨਹੀਂ ਮਿਲ ਰਿਹਾ, ਜਿਸ ਕਰਕੇ ਉਥੋਂ ਦੇ ਮੂਲ ਵਸਨੀਕ ਪਰਵਾਸੀਆਂ ਨਾਲ ਨਫ਼ਰਤ ਕਰਨ ਲੱਗ ਪਏ ਹਨ। ਇਹਨਾਂ ਮੂਲ ਵਸਨੀਕਾਂ ਦਾ ਕਹਿਣਾ ਹੈ ਕਿ ਟਰੂਡੋ ਨੇ ਦੁਨੀਆ ਭਰ ਦੇ ਪਰਵਾਸੀ ਕੈਨੇਡਾ ਵਿੱਚ ਲਿਆ ਦਿਤੇ ਹਨ, ਜਿਸ ਕਾਰਨ ਇਹ ਪਰਵਾਸੀ ਕੈਨੇਡਾ ਵਿੱਚ ਵੱਡੀ ਸਮੱਸਿਆ ਬਣ ਗਏ ਹਨ। ਇਸੇ ਕਾਰਨ ਕੈਨੇਡਾ ਦੇ ਮੂਲ ਵਸਨੀਕ ਟਰੂਡੋ ਦਾ ਵਿਰੋਧ ਕਰ ਰਹੇ ਹਨ।

ਇਸ ਤੋਂ ਇਲਾਵਾ ਕੈਨੇਡਾ ਵਿੱਚ ਸ਼ਰੇਆਮ ਸੜਕਾਂ ਤੇ ਘੁੰਮ ਰਹੇ ਨਸ਼ੇੜੀਆਂ ਕਾਰਨ ਵੀ ਅੰਤਰਰਾਸ਼ਟਰੀ ਵਿਦਿਆਰਥੀ ਹੁਣ ਕੈਨੇਡਾ ਜਾਣ ਤੋਂ ਗੁਰੇਜ਼ ਕਰਨ ਲੱਗ ਪਏ ਹਨ। ਕੈਨੇਡਾ ਗਏ ਵੱਡੀ ਗਿਣਤੀ ਪੰਜਾਬੀ ਨੌਜਵਾਨ ਕੈਨੇਡਾ ਵਿੱਚ ਕੰਮ ਨਾ ਮਿਲਣ ਕਾਰਨ ਹੁਣ ਕਿਸੇ ਨਾ ਕਿਸੇ ਤਰੀਕੇ ਅਮਰੀਕਾ ਜਾਣ ਦਾ ਯਤਨ ਕਰ ਰਹੇ ਹਨ। ਟਰੂਡੋ ਦੇ ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਟਰੂਡੋ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ, ਇਸ ਲਈ ਟਰੂਡੋ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜਦੋਂ ਤੋਂ ਟਰੂਡੋ ਦੇ ਸਿਆਸੀ ਸਾਥੀ ਜਗਮੀਤ ਸਿੰਘ ਨੇ ਉਸ ਦਾ ਸਾਥ ਛਡਿਆ ਹੈ, ਉਦੋਂ ਤੋਂ ਟਰੂਡੋ ਇੱਕਲੇ ਰਹਿ ਗਏ ਹਨ ਤੇ ਉਹਨਾਂ ਦੀ ਸਰਕਾਰ ਦੀ ਹੋਂਦ ਹੀ ਖਤਰੇ ਵਿੱਚ ਆ ਗਈ ਹੈ।

ਹੁਣ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਜੇ ਟਰੂਡੋ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਪੇਸ਼ ਹੁੰਦਾ ਹੈ ਤਾਂ ਟਰੂਡੋ ਆਪਣੀ ਸਰਕਾਰ ਨੂੰ ਬਚਾਉਣ ਵਿੱਚ ਕਾਮਯਾਬ ਰਹਿੰਦੇ ਹਨ ਜਾਂ ਉਹਨਾਂ ਨੂੰ ਗੱਦੀ ਛੱਡਣੀ ਪੈਂਦੀ ਹੈ।

ਬਿਊਰੋ

Continue Reading

Editorial

ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸ਼ਾਂ ਤੋਂ ਕੱਢਣ ਲਈ ਜਾਗਰੂਕਤਾ ਲਿਆਂਦੀ ਜਾਣੀ ਜਰੂਰੀ

Published

on

By

 

 

ਇਹ ਵਿਗਿਆਨ ਦਾ ਯੁਗ ਹੈ ਅਤੇ ਦੁਨੀਆ ਭਰ ਵਿੱਚ ਹਰ ਪਾਸੇ ਵਿਗਿਆਨ ਅਤੇ ਤਕਨਾਲੋਜੀ ਦਾ ਬੋਲਬਾਲਾ ਹੈ। ਵਿਗਿਆਨੀਆਂ ਵਲੋਂ ਕੀਤੀਆਂ ਗਈਆਂ ਨਵੀਆਂ ਖੋਜਾਂ ਨੇ ਨਾ ਸਿਰਫ ਪੂਰੀ ਦੁਨੀਆ ਨੂੰ ਇੱਕ ਦੂਜੇ ਦੇ ਨੇੜੇ ਲਿਆ ਦਿੱਤਾ ਹੈ ਬਲਕਿ ਅੱਜ ਦਾ ਇਨਸਾਨ ਸਿਰਫ ਸਾਡੀ ਧਰਤੀ ਤਕ ਹੀ ਸੀਮਿਤ ਨਾ ਰਹਿ ਕੇ ਪੁਲਾੜ ਵਿੱਚ ਨਵੇਂ ਨਵੇਂ ਗ੍ਰਿਹਾਂ ਦੀ ਭਾਲ ਕਰਕੇ ਉੱਥੇ ਜੀਵਨ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਕਹਿਣ ਨੂੰ ਅਸੀਂ ਵੀ ਬਹੁਤ ਤਰੱਕੀ ਵੀ ਕਰ ਲਈ ਹੈ ਪਰੰਤੂ ਅਸਲੀਅਤ ਇਹੀ ਹੈ ਕਿ ਅੱਜ ਦਾ ਮਨੁੱਖ ਹੁਣੇ ਵੀ ਸਦੀਆਂ ਪੁਰਾਣੇ ਅੰਧਵਿਸ਼ਵਾਸ਼ਾਂ ਅਤੇ ਵਹਿਮਾਂ ਭਰਮਾਂ ਵਿੱਚ ਹੀ ਗ੍ਰਸਿਆ ਨਜਰ ਆਉਂਦਾ ਹੈ ਅਤੇ ਖੁਦ ਨੂੰ ਆਧੁਨਿਕ ਅਤੇ ਵਿਸ਼ਵ ਗੁਰੂ ਕਹਿਣ ਵਾਲਾ ਸਾਡਾ ਮੁਲਕ ਵੀ ਇਹਨਾਂ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸ਼ਾਂ ਵਿੱਚ ਗ੍ਰਸਿਆ ਹੋਇਆ ਹੈ। ਵਿਗਿਆਨ ਦੇ ਇਸ ਦੌਰ ਵਿੱਚ ਸਾਇੰਸ ਦੀਆਂ ਕਾਢਾਂ ਨਾਲ ਭਾਵੇਂ ਹਰ ਸਮੱਸਿਆ ਦਾ ਹਲ ਲੱਭ ਲਿਆ ਗਿਆ ਹੈ ਪਰੰਤੂ ਸਾਡੇ ਦੇਸ਼ ਦੀ ਜਨਤਾ ਦਾ ਇੱਕ ਵੱਡਾ ਹਿੱਸਾ ਹੁਣੇ ਵੀ ਅਜਿਹਾ ਹੈ ਜਿਹੜਾ ਤਰ੍ਹਾਂ ਤਰ੍ਹਾਂ ਦੇ ਅੰਧਵਿਸ਼ਵਾਸ਼ਾਂ ਅਤੇ ਵਹਿਮਾਂ ਭਰਮਾਂ ਵਿੱਚ ਫਸਿਆ ਹੋਇਆ ਹੈ। ਇਹ ਉਹ ਲੋਕ ਹਨ ਜਿਹੜੇ ਕਿਸੇ ਵੀ ਪਰੇਸ਼ਾਨੀ ਦਾ ਵਿਗਿਆਨਕ ਹਲ ਕੱਢਣ ਦੀ ਥਾਂ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸ਼ਾਂ ਦੇ ਸਹਾਰੇ ਹੀ ਉਸਦਾ ਹਲ ਲੱਭਣ ਦਾ ਯਤਨ ਕਰਦੇ ਹਨ।

ਸਾਡੇ ਦੇਸ਼ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਅਜਿਹਾ ਹੈ ਜਿਹੜਾ ਅਖਬਾਰ ਵਿੱਚ ਸਭ ਤੋਂ ਪਹਿਲਾਂ ਆਪਣਾ ਰਾਸ਼ੀਫਲ ਹੀ ਪੜ੍ਹਦਾ ਹੈ ਅਤੇ ਇਸ ਵਿੱਚੋਂ ਵੱਡੀ ਗਿਣਤੀ ਲੋਕ ਅਜਿਹੇ ਹੁੰਦੇ ਹਨ ਜਿਹੜੇ ਇਸ ਰਾਸ਼ੀਫਲ ਨੂੰ ਵੇਖ ਕੇ ਹੀ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ। ਜੇ ਉਹਨਾਂ ਦੀ ਰਾਸ਼ੀ ਵਿੱਚ ਕੁਝ ਅਸ਼ੁੱਭ ਲਿਖਿਆ ਹੋਵੇ ਤਾਂ ਉਹ ਉਸ ਦਿਨ ਘਰ ਤੋਂ ਬਾਹਰ ਤਕ ਨਹੀਂ ਨਿਕਲਦੇ। ਇਹਨਾਂ ਲੋਕਾਂ ਨੂੰ ਇਹ ਛੋਟੀ ਜਿਹੀ ਗੱਲ ਤਕ ਸਮਝ ਨਹੀਂ ਆਉਂਦੀ ਕਿ ਜੇਕਰ ਉਹ ਵੱਖ ਵੱਖ ਅਖਬਾਰਾਂ ਜਾਂ ਹੋਰਨਾਂ ਥਾਂਵਾ ਤੇ ਛਪਦੇ ਰਾਸ਼ੀਫਲਾਂ ਨੂੰ ਆਪਸ ਵਿੱਚ ਮਿਲਾ ਕੇ ਵੇਖਣਗੇ ਤਾਂ ਉਹ ਸਾਰੇ ਵੱਖ ਵੱਖ ਨਿਕਲਣਗੇ ਅਤੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ।

ਅੰਧਵਿਸ਼ਵਾਸ਼ ਦਾ ਇਹ ਵਰਤਰਾ ਸਾਡੇ ਸਮਾਜ ਵਿੱਚ ਇਸ ਕਦਰ ਹਾਵੀ ਹੈ ਕਿ ਇੱਥੇ ਲੋਕ ਛਿੱਕ ਆਉਣ ਦਾ ਵੀ ਵਹਿਮ ਕਰਦੇ ਹਨ ਅਤੇ ਜੇਕਰ ਕਿਸੇ ਵਿਅਕਤੀ ਦੇ ਘਰੋਂ ਬਾਹਰ ਜਾਣ ਜਾਂ ਕੋਈ ਕੰਮ ਸ਼ੁਰੂ ਕਰਨ ਵੇਲੇ ਕਿਸੇ ਹੋਰ ਵਲੋਂ ਛਿੱਕ ਮਾਰ ਦਿੱਤੀ ਜਾਵੇ ਤਾਂ ਇਸਨੂੰ ਅਸ਼ੁੱਭ ਮੰਨਿਆਂ ਜਾਂਦਾ ਹੈ। ਕਿਸੇ ਕੰਮ ਤੇ ਜਾਣ ਵੇਲੇ ਬਿੱਲੀ ਵਲੋਂ ਰਾਸਤਾ ਕੱਟ ਦਿੱਤੇ ਜਾਣ ਨੂੰ ਵੀ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਅਜਿਹੇ ਲੋਕ ਆਮ ਮਿਲ ਜਾਂਦੇ ਹਨ ਜਿਹੜੇ ਰਾਹ ਵਿੱਚ ਬਿੱਲੀ ਦੇ ਸਾਮ੍ਹਣੇ ਤੋਂ ਲੰਘ ਜਾਣ ਤੇ ਕੰਮ ਤੇ ਜਾਣ ਦੀ ਥਾਂ ਵਾਪਸ ਪਰਤ ਆਉਂਦੇ ਹਨ। ਹੋਰ ਤਾਂ ਹੋਰ ਕੋਰੋਨਾ ਦੀ ਮਹਾਮਾਰੀ ਦੇ ਹਲ ਲਈ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਜਨਤਾ ਨੂੰ ਪਹਿਲਾਂ ਥਾਲੀਆਂ ਅਤੇ ਫਿਰ ਤਾਲੀਆਂ ਵਜਾਉਣ ਦਾ ਟੋਟਕਾ ਦਿੱਤਾ ਜਾ ਚੁੱਕਿਆ ਹੈ, ਜਿਸ ਨਾਲ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਇਹਨਾਂ ਅੰਧਵਿਸ਼ਾਸ਼ਾਂ ਅਤੇ ਵਹਿਮਾਂ ਭਰਮਾਂ ਦੀਆਂ ਜੜ੍ਹਾ ਕਿੰਨੀਆਂ ਗਹਿਰੀਆਂ ਹਨ।

ਲੋਕਾਂ ਦੀ ਆਪਣੇ ਭਵਿੱਖ ਦੀ ਅਗਾਉਂ ਜਾਣਕਾਰੀ ਹਾਸਿਲ ਕਰਨ ਦੀ ਚਾਹਤ, ਬਿਨਾ ਕੁੱਝ ਕੀਤੇ ਅਮੀਰ ਬਣਨ ਦੀ ਲਾਲਸਾ ਅਤੇ ਅਗਲੇ ਜਨਮ ਵਿੱਚ ਵਿਸ਼ਵਾਸ ਵੀ ਉਹਨਾਂ ਨੂੰ ਵਹਿਮਾਂ ਭਰਮਾਂ ਵਿੱਚ ਫਸਾ ਕੇ ਰੱਖਦੇ ਹਨ। ਜੇਕਰ ਕੋਈ ਵਿਅਕਤੀ ਇਹਨਾਂ ਵਹਿਮਾਂ ਭਰਮਾਂ ਦੇ ਖਿਲਾਫ ਆਵਾਜ ਚੁੱਕਦਾ ਹੈ ਤਾਂ ਉਸਦਾ ਸਭਤੋਂ ਵੱਡਾ ਵਿਰੋਧ ਉਸਦੇ ਆਪਣੇ ਪਰਿਵਾਰ ਤੋਂ ਹੀ ਹੁੰਦਾ ਹੈ। ਅੰਧਵਿਸ਼ਵਾਸ਼ ਦੇ ਪਸਾਰ ਲਈ ਦੇਸ਼ ਭਰ ਵਿੱਚ ਫੈਲੇ ਜੋਤਸ਼ੀ ਅਤੇ ਤੰਤਰ ਮੰਤਰ ਦੇ ਨਾਮ ਤੇ ਲੋਕਾਂ ਨੂੰ ਠੱਗਣ ਵਾਲੇ ਅਖੌਤੀ ਬਾਬੇ ਵੀ ਜਿੰਮੇਵਾਰ ਹਨ ਜਿਹੜੇ ਲੋਕਾਂ ਵਿੱਚ ਇਹਨਾਂ ਵਹਿਮਾਂ ਭਰਮਾਂ ਦਾ ਪਸਾਰ ਕਰਦੇ ਹਨ ਅਤੇ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੇ ਉਲ ਜਲੂਲ ਉਪਾਅ ਦੱਸ ਕੇ ਇਹਨਾਂ ਵਹਿਮਾਂ ਨੂੰ ਹੋਰ ਵਧਾਉਂਦੇ ਹਨ।

ਆਮ ਲੋਕਾਂ ਨੂੰ ਅੰਧਵਿਸ਼ਵਾਸ਼ਾਂ ਅਤੇ ਵਹਿਮਾਂ ਭਰਮਾਂ ਦੇ ਇਸ ਚੰਗੁਲ ਤੋਂ ਬਾਹਰ ਕੱਢਣ ਲਈ ਜਰੂਰੀ ਹੈ ਕਿ ਇਸ ਸੰਬੰਧੀ ਸਮਾਜ ਵਿੱਚ ਜਾਗਰੂਕਤਾ ਲਿਆਂਦੀ ਜਾਵੇ। ਇਸ ਵਾਸਤੇ ਸਾਡੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਆਮ ਲੋਕਾਂ ਨੂੰ ਇਹਨਾਂ ਵਹਿਮਾਂ ਭਰਮਾਂ ਵਿਚੋਂ ਬਾਹਰ ਕੱਢਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਵਾਸਤੇ ਸਰਕਾਰ ਵਲੋਂ ਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ ਜਿਸਦੇ ਤਹਿਤ ਆਮ ਲੋਕਾਂ ਵਿੱਚ ਵਹਿਮਾਂ ਭਰਮਾਂ ਦਾ ਪਸਾਰ ਕਰਨ ਵਾਲੀਆਂ ਫਿਲਮਾਂ, ਟੀ ਵੀ ਸੀਰੀਅਲਾਂ ਅਤੇ ਹੋਰ ਪ੍ਰੋਗਰਾਮਾਂ ਤੇ ਰੋਕ ਲੱਗਣੀ ਚਾਹੀਦੀ ਹੈ ਅਤੇ ਨਾਲ ਹੀ ਆਮ ਲੋਕਾਂ ਨੂੰ ਠੱਗਦੇ ਜੋਤਸ਼ੀਆਂ ਅਤੇ ਬਾਬਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੇਸ਼ ਦੀ ਜਨਤਾ ਨੂੰ ਇਹਨਾਂ ਫਜੂਲ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸ਼ਾਂ ਤੋਂ ਬਾਹਰ ਕੱਢਿਆ ਜਾ ਸਕੇ।

 

 

Continue Reading

Latest News

Trending