Editorial
ਮਹਿੰਗੇ ਵਿਆਹ, ਵਧਦੇ ਖ਼ਰਚੇ, ਫੋਕੀ ਟੋਹਰ ਨੇ ਕਰਜ਼ਈ ਕੀਤੇ ਪੰਜਾਬੀ
ਵਿਆਹਾਂ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ। ਵੱਡੀ ਗਿਣਤੀ ਲੋਕ ਪਹਿਲੇ ਨਰਾਤੇ ਆਪਣੇ ਧੀਆਂ ਪੁੱਤਰਾਂ ਦਾ ਮੰਗਨਾ ਕਰ ਲੈਂਦੇ ਹਨ ਅਤੇ ਦੂਜੇ ਨਰਾਤੇ ਵਿਆਹ ਕਰ ਲੈਂਦੇ ਹਨ। ਇਸ ਤੋਂ ਇਲਾਵਾ ਅਕਤੂਬਰ, ਨਵੰਬਰ ਅਤੇ ਦਸੰਬਰ ਦੇ ਪਹਿਲੇ ਅੱਧ ਤਕ ਵਿਆਹਾਂ ਦਾ ਸੀਜਨ ਰਹਿੰਦਾ ਹੈ। ਵੱਡੀ ਗਿਣਤੀ ਲੋਕ ਆਪਣੇ ਬੱਚਿਆਂ ਦੇ ਵਿਆਹ ਇਹਨਾਂ ਮਹੀਨਿਆਂ ਦੌਰਾਨ ਹੀ ਕਰਦੇ ਹਨ।
ਅੰਦਾਜ਼ਾ ਹੈ ਕਿ ਭਾਰਤ ਵਿੱਚ ਨਵੰਬਰ ਤੋਂ ਦਸੰਬਰ ਦੇ ਅੱਧ ਤੱਕ ਲਗਭਗ 3.50 ਲੱਖ ਵਿਆਹ ਹੋਣਗੇ। ਪਿਛਲੇ ਸਾਲ ਇਸੇ ਸੀਜ਼ਨ ਵਿੱਚ ਕਰੀਬ 3.20 ਲੱਖ ਵਿਆਹ ਹੋਏ ਸਨ। ਇੱਕ ਅੰਦਾਜ਼ੇ ਮੁਤਾਬਕ ਇਸ ਸਾਲ ਦੇਸ਼ ਵਿੱਚ ਵਿਆਹਾਂ ਤੇ ਲਗਭਗ 4.25 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ।
ਪੰਜਾਬ ਦੇ ਲੋਕ ਵੀ ਦੇਸ਼ ਦੇ ਅਮੀਰ ਲੋਕਾਂ ਦੀ ਨਕਲ ਕਰਕੇ ਮਹਿੰਗੇ ਵਿਆਹ ਕਰਨ ਲੱਗ ਪਏ ਹਨ ਭਾਵ ਵਿਆਹਾਂ ਤੇ ਬਹੁਤ ਜਿਆਦਾ ਖਰਚਾ ਕਰਨ ਲੱਗੇ ਪਏ ਹਨ, ਇਸ ਕਾਰਨ ਪੰਜਾਬ ਦੇ ਵੱਡੀ ਗਿਣਤੀ ਲੋਕ ਕਰਜਈ ਵੀ ਹੋਣ ਲੱਗ ਪਏ ਹਨ। ਅੱਜ ਵਿਆਹਾਂ ਦਾ ਰੂਪ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ। ਪਹਿਲਾਂ ਤਾਂ ਵਿਆਹ ਆਮ ਘਰਾਂ ਵਿੱਚ ਹੀ ਹੋ ਜਾਂਦੇ ਸਨ ਪਰ ਅੱਜ-ਕੱਲ੍ਹ ਆਮ ਦਿਹਾੜੀਦਾਰ ਵੀ ਆਪਣੇ ਬੱਚਿਆਂ ਦੇ ਵਿਆਹ ਮੈਰਿਜ਼ ਪੈਲੇਸਾਂ ਵਿੱਚ ਕਰਨਾ ਚਾਹੁੰਦਾ ਹੈ। ਇਸ ਤਰ੍ਹਾਂ ਵਿਆਹਾਂ ਦਾ ਬਦਲਿਆ ਸਰੂਪ ਵੀ ਲੋਕਾਂ ਨੂੰ ਕਰਜਈ ਬਣਾ ਰਿਹਾ ਹੈ।
ਹੁਣ ਵਿਆਹ ਦੇ ਵੀ ਕਈ ਕਈ ਫੰਕਸ਼ਨ ਹੋਣ ਲੱਗ ਪਏ ਹਨ। ਪਹਿਲਾਂ ਤਾਂ ਵਿਆਹ ਵਾਲੇ ਕਾਰਡ ਦੇ ਨਾਲ ਮਿਲਦੇ ਜੁਲਦੇ ਮਿਠਾਈ ਦੇ ਡੱਬੇ ਬਣਾਏ ਜਾਂਦੇ ਹਨ ਜਿਹਨਾਂ ਉਪਰ ਕਾਫੀ ਖਰਚਾ ਹੁੰਦਾ ਹੈ। ਫਿਰ ਆਮ ਮਿਠਾਈ ਦੀ ਥਾਂ ਡਰਾਈ ਫਰੂਟ ਹੀ ਵੰਡਿਆ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰੀ ਵੈਡਿੰਗ ਸ਼ੂਟਿੰਗ ਵੀ ਵਿਆਹਾਂ ਦਾ ਖਰਚਾ ਵਧਾ ਰਹੀ ਹੈ। ਅਕਸਰ ਹੀ ਹੁਣ ਮੁੰਡੇ ਕੁੜੀ ਦੇ ਵਿਆਹ ਤੋਂ ਪਹਿਲਾਂ ਮੰਗਣੀ ਵੇਲੇ ਜਾਂ ਸ਼ਗਨ ਦੀ ਰਸਮ ਵੇਲੇ ਹੀ ਮੁੰਡੇ ਕੁੜੀ ਨੂੰ ਫੋਟੋਗ੍ਰਾਫਰਾਂ ਵਲੋਂ ਕਿਸੇ ਹਿੱਲ ਸਟੇਸ਼ਨ ਜਾਂ ਵੱਡੇ ਪਾਰਕਾਂ ਵਿੱਚ ਲਿਜਾ ਕੇ ਉਹਨਾਂ ਉਪਰ ਫਿਲਮੀ ਅਦਾਕਾਰਾਂ ਵਾਂਗ ਗਾਣੇ ਫਿਲਮਾਏ ਜਾਂਦੇ ਹਨ। ਇਹ ਸਭ ਕੁਝ ਬਹੁਤ ਮਹਿੰਗਾ ਪਂੈਦਾ ਹੈ। ਫਿਰ ਵਿਆਹਾਂ ਮੌਕੇ ਮਹਿੰਗੇ ਡੀ ਜੇ ਅਤੇ ਪ੍ਰੀ ਵੈਡਿੰਗ ਗਾਣਿਆਂ ਨੂੰ ਦਿਖਾਉਣ ਲਈ ਲਗਾਈਆਂ ਵੱਡੀਆਂ ਸਕਰੀਨਾਂ ਦਾ ਖਰਚਾ ਵੀ ਵੱਡਾ ਹੁੰਦਾ ਹੈ। ਇਸ ਤੋਂ ਇਲਾਵਾ ਅੱਜ ਕੱਲ ਹਰ ਕੋਈ ਹੀ ਆਪਣੀ ਧੀ ਦੇ ਵਿਆਹ ਵਿੱਚ ਗੱਡੀ ਜਰੂਰ ਦਿੰਦਾ ਹੈ ਜਾਂ ਫਿਰ ਮੁੰਡੇ ਵਾਲੇ ਮੰਗ ਕੇ ਲੈ ਲੈਂਦੇ ਹਨ। ਮਹਿੰਗੇ ਵਿਆਹ ਕਰਨ ਦਾ ਲਗਾਤਾਰ ਵੱਧ ਰਿਹਾ ਰੁਝਾਨ ਲੋਕਾਂ ਨੂੰ ਕਰਜ਼ਈ ਕਰ ਰਿਹਾ ਹੈ। ਇਹ ਘਰ ਫੂਕ ਕੇ ਤਮਾਸ਼ਾ ਵੇਖਣ ਦੀ ਗੱਲ ਹੋਈ ਪਈ ਹੈ।
ਇਸ ਤੋਂ ਇਲਾਵਾ ਆਮ ਲੋਕ ਦੂਜਿਆਂ ਦੀ ਰੀਸੋ ਰੀਸੀ ਮਹਿੰਗੀਆਂ ਗੱਡੀਆਂ ਲੈਂਦੇ ਹਨ ਅਤੇ ਕਰਜਾ ਲੈ ਕੇ ਆਲੀਸ਼ਾਨ ਘਰ ਪਾ ਲੈਂਦੇ ਹਨ। ਪਰੰਤੂ ਕਰਜ਼ਾ ਲੈ ਕੇ ਪਾਏ ਅਜਿਹੇ ਬੰਗਲਿਆਂ ਵਰਗੇ ਘਰਾਂ ਵਿੱਚ ਕਰਜ਼ੇ ਦੀ ਕਿਸ਼ਤ ਦੀ ਫਿਕਰ ਵਿੱਚ ਨੀਂਦ ਨਹੀਂ ਆਉਂਦੀ। ਫਿਰ ਬਲੱਡ ਪ੍ਰੈਸ਼ਰ ਅਤੇ ਨੀਂਦ ਦੀ ਗੋਲੀਆਂ ਤੋਂ ਗੱਲ ਸ਼ੁਰੂ ਹੋ ਕੇ ਮਨੁੱਖ ਸਰੀਰ ਸਾਰੀ ਉਮਰ ਦਾ ਰੋਗੀ ਬਣ ਜਾਂਦਾ ਹੈ।
ਲਗਾਤਾਰ ਵਧ ਰਹੀ ਮਹਿੰਗਾਈ, ਮਹਿੰਗੇ ਵਿਆਹਾਂ, ਵਧੇਰੇ ਖ਼ਰਚੇ, ਫੌਕੀ ਟੌਹਰ ਕਾਰਨ ਆਮ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ। ਆਮ ਆਦਮੀ ਨੂੰ ਕਰਜ਼ੇ ਦੇ ਜੰਜਾਲ ਵਿੱਚ ਫਸੇ ਹੋਣ ਤੋਂ ਬਾਅਦ ਪਤਾ ਨਹੀਂ ਚਲਦਾ ਕਿ ਉਹ ਕੀ ਕਰੇ ਕੀ ਨਾ ਕਰੇ। ਪੰਜਾਬੀਆਂ ਦੇ ਮਹਿੰਗੇ ਵਿਆਹ, ਮਹਿੰਗੀਆਂ ਅਤਿਆਧੁਨਿਕ ਸਹੂਲਤਾਂ ਵਾਲੀਆਂ ਗੱਡੀਆਂ ਅਤੇ ਮਹਲਾਂ ਵਰਗੀਆਂ ਆਲੀਸ਼ਾਨ ਕੋਠੀਆਂ ਦੇ ਮਾਲਕ ਹੋਣਾ ਖੁਸ਼ੀ ਵਾਲੀ ਗੱਲ ਹੈ ਪਰ ਇਹ ਮਿਹਨਤ ਦੀ ਕਮਾਈ ਨਾਲ ਲਈਆਂ ਹੋਣੀਆਂ ਚਾਹੀਦੀਆਂ ਹਨ, ਨਾ ਕਿ ਬੈਂਕਾਂ ਅਤੇ ਆੜਤੀਆਂ ਦੇ ਕਰਜ਼ਈ ਹੋ ਕੇ, ਅਤੇ ਹਰ ਵਿਅਕਤੀ ਨੂੰ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ ਵਰਨਾ ਫੋਕੀ ਟੌਹਰ ਅਤੇ ਮਹਿੰਗੇ ਸ਼ੌਕ ਬੰਦੇ ਨੂੰ ਕਰਜਈ ਤਾਂ ਕਰਦੇ ਹੀ ਹਨ ਉਸਦੇ ਦਿਲੋਦਿਮਾਗ ਦਾ ਅਮਨਚੈਨ ਵੀ ਖਾ ਜਾਂਦੇ ਹਨ।
ਬਿਊਰੋ
Editorial
ਉਲਜਲੂਲ ਹਰਕਤਾਂ ਕਰਕੇ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਸ਼ੋਹਦਿਆਂ ਵਿਰੁੱਧ ਸਖਤ ਕਾਰਵਾਈ ਹੋਵੇ
ਸਾਡੇ ਸ਼ਹਿਰ ਦੀਆਂ ਮਾਰਕੀਟਾਂ ਅਤੇ ਹੋਰਨਾਂ ਜਨਤਕ ਥਾਵਾਂ ਤੇ ਨੌਜਵਾਨਾਂ ਦੇ ਟੋਲੇ (ਜਿਹਨਾਂ ਵਿੱਚੋਂ ਵੱਡੀ ਗਿਣਤੀ ਸ਼ਹਿਰ ਵਿੱਚ ਪੀ ਜੀ ਰਹਿੰਦੇ ਜਾਂ ਨੇੜਲੇ ਪਿੰਡਾਂ ਤੋਂ ਇੱਥੇ ਘੁੰਮਣ ਆਏ ਨੌਜਵਾਨਾਂ ਦੀ ਹੀ ਹੁੰਦੀ ਹੈ) ਅਕਸਰ ਖਰਸਮਤੀਆਂ ਕਰਦੇ ਵੇਖੇ ਜਾ ਸਕਦੇ ਹਨ ਅਤੇ ਇਹ ਟੋਲੇ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਲਈ ਹਮੇਸ਼ਾ ਖਤਰਾ ਬਣੇ ਰਹਿੰਦੇ ਹਨ। ਖੁੱਲੀਆਂ ਜੀਪਾਂ ਅਤੇ ਮੋਟਰ ਸਾਈਕਲਾਂ ਦੇ ਝੁੰਡਾਂ ਵਿੱਚ ਘੁੰਮਣ ਵਾਲੇ ਇਹਨਾਂ ਨੌਜਵਾਨ ਸ਼ੋਹਦਿਆਂ ਵਲੋਂ ਜਿੱਥੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਆਉਣ ਵਾਲੀਆਂ ਮਹਿਲਾਵਾਂ ਅਤੇ ਨੌਜਵਾਨ ਕੁੜੀਆਂ ਨਾਲ ਛੇੜਛਾੜ ਕਰਨ ਦੀਆਂ ਘਟਨਾਵਾਂ ਆਮ ਹਨ ਉੱਥੇ ਅਜਿਹੇ ਨੌਜਵਾਨਾਂ ਦੇ ਝੁੰਡ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਗਲੀਆਂ ਵਿੱਚ ਵੀ ਗੇੜੀਆਂ ਲਗਾਉਂਦੇ ਦੇਖੇ ਜਾ ਸਕਦੇ ਹਨ।
ਸਥਾਨਕ ਪੁਲੀਸ ਵਲੋਂ ਭਾਵੇਂ ਸ਼ਹਿਰ ਦੀ ਕਾਨੂੰਨ ਵਿਵਸਥਾ ਦੇ ਕਾਬੂ ਹੇਠ ਹੋਣ ਅਤੇ ਸ਼ਹਿਰ ਵਿੱਚ ਅਮਨ ਅਮਾਨ ਹੋਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਅਤੇ ਪੁਲੀਸ ਵਲੋਂ ਸ਼ਹਿਰ ਵਿੱਚ ਵਾਪਰਦੇ ਅਪਰਾਧਾਂ ਤੇ ਕਾਬੂ ਕਰਨ ਲਈ ਲਗਾਤਾਰ ਕਾਰਵਾਈ ਵੀ ਕੀਤੀ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਪਰੰਤੂ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਤਸੱਲੀਬਖਸ਼ ਨਹੀਂ ਮੰਨਿਆ ਜਾ ਸਕਦਾ ਅਤੇ ਇਹ ਗੱਲ ਆਮ ਤੌਰ ਤੇ ਵੇਖਣ ਵਿੱਚ ਆਉਂਦੀ ਹੈ ਕਿ ਸ਼ਹਿਰ ਵਿੱਚ ਖੜਦੂਗ ਪਾਉਂਦੇ ਅਤੇ ਆਪਣੀਆਂ ਹਰਕਤਾਂ ਨਾਲ ਆਮ ਲੋਕਾਂ ਲਈ ਪਰੇਸ਼ਾਨੀ ਬਣਦੇ ਸ਼ੋਹਦਿਆਂ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਦੀ ਅਣਹੋਂਦ ਕਾਰਨ ਜਿੱਥੇ ਆਮ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵੱਧਦੀ ਹੈ ਉੱਥੇ ਇਸ ਨਾਲ ਕਾਨੂੰਨ ਵਿਵਸਥਾ ਦੀ ਹਾਲਤ ਵੀ ਪ੍ਰਭਾਵਿਤ ਹੁੰਦੀ ਹੈ।
ਇਹ ਨੌਜਵਾਨ ਸ਼ਹਿਰ ਦੀਆਂ ਸੜਕਾਂ ਤੇ ਜਦੋਂ ਆਪਣੇ ਵਾਹਨ ਚਲਾਉਂਦੇ ਹਨ ਤਾਂ ਹੋਰਨਾਂ ਵਾਹਨਾਂ ਦਾ ਸੜਕ ਤੇ ਚਲਣਾ ਮੁਸ਼ਕਿਲ ਕਰ ਦਿੰਦੇ ਹਨ। ਟ੍ਰੈਫਿਕ ਨਿਯਮਾਂ ਦੀ ਖੁੱਲ੍ਹ ਕੇ ਉਲੰਘਣਾ ਕਰਦੇ ਇਹ ਨੌਜਵਾਨ ਦੋ ਪਹੀਆ ਵਾਹਨਾਂ ਤੇ ਤਿੰਨ ਤਿੰਨ ਦੀ ਗਿਣਤੀ ਵਿੱਚ ਬਿਨਾਂ ਹੈਲਮੇਟ ਪਾਏ ਸ਼ਹਿਰ ਦੀਆਂ ਸੜਕਾਂ ਤੇ ਖੜਦੂੰਗ ਪਾਉਂਦੇ ਹਨ ਅਤੇ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਪਸਾਰ ਕਰਦੇ ਹਨ। ਅਜਿਹੇ ਨੌਜਵਾਨਾਂ ਦੀ ਆੜ ਵਿੱਚ ਕਈ ਅਪਰਾਧਿਕ ਤੱਤ ਵੀ ਸ਼ਾਮਿਲ ਹੋ ਜਾਂਦੇ ਹਨ ਜਿਹੜੇ ਸ਼ਹਿਰ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਸਾਲ ਦਾ ਅਖੀਰ ਚਲ ਰਿਹਾ ਹੈ ਅਤੇ ਇਸ ਦੌਰਾਨ ਲੋਕ ਠੰਡੇ ਮੌਸਮ ਦਾ ਆਨੰਦ ਲੈਣ ਲਈ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਘੁੰਮਣ ਦੇ ਮੂਡ ਵਿੱਚ ਜਾਂ ਖਰੀਦਦਾਰੀ ਆਦਿ ਕਰਨ ਲਈ ਬਾਜਾਰਾਂ ਵਿੱਚ ਜਾਂਦੇ ਹਨ। ਪਰੰਤੂ ਮਾਰਕੀਟਾਂ ਵਿੱਚ ਆਉਣ ਵਾਲੇ ਲੋਕਾਂ ਵਾਸਤੇ ਹਾਲਾਤ ਉਸ ਵੇਲੇ ਨਮੋਸ਼ੀ ਵਾਲੇ ਬਣ ਜਾਂਦੇ ਹਨ ਜਦੋਂ ਉਹਨਾਂ ਦੇ ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਦਾ ਸੁਆਗਤ ਕਰਨ ਲਈ ਨੌਜਵਾਨ ਸ਼ੋਹਦਿਆਂ ਦੇ ਟੋਲੇ ਉੱਥੇ ਹਾਜਿਰ ਹੁੰਦੇ ਹਨ, ਜਿਹਨਾਂ ਵਲੋਂ ਕੀਤੀਆਂ ਜਾਣ ਵਾਲੀਆਂ ਹਰਕਤਾਂ ਅਕਸਰ ਬਰਦਾਸ਼ਤ ਤੋਂ ਬਾਹਰ ਹੋ ਜਾਂਦੀਆਂ ਹਨ।
ਕਿਸੇ ਵੀ ਖੇਤਰ ਦੇ ਵਸਨੀਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਪੈਮਾਨਾ ਉਸ ਖੇਤਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਨਾਲ ਹੀ ਮਾਪਿਆ ਜਾਂਦਾ ਹੈ ਅਤੇ ਜਿਸ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਤਸੱਲੀਬਖਸ਼ ਨਾ ਹੋਣ ਤਾਂ ਉੱਥੇ ਮਿਲਣ ਵਾਲੀਆਂ ਬਾਕੀ ਦੀਆਂ ਸਾਰੀਆਂ ਸਹੂਲਤਾਂ ਬੇਮਾਅਨਾ ਹੋ ਜਾਂਦੀਆਂ ਹਨ। ਇਸ ਲਿਹਾਜ ਨਾਲ ਵੇਖਿਆ ਜਾਵੇ ਤਾਂ ਸਰਕਾਰ ਦੇ ਦਾਅਵਿਆਂ ਵਿੱਚ ਭਾਵੇਂ ਸਾਡੇ ਸ਼ਹਿਰ ਨੂੰ ਇੱਕ ਅੰਤਰਰਾਸ਼ਟਰੀ ਪੱਧਰ ਦੇ ਅਤਿਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਪਰੰਤੂ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਤੇ ਸਦਾ ਹੀ ਸਵਾਲੀਆ ਨਿਸ਼ਾਨ ਉਠਦੇ ਰਹਿੰਦੇ ਹਨ।
ਸ਼ਹਿਰ ਵਾਸੀਆਂ ਦਾ ਕਾਨੂੰਨ ਵਿਵਸਥਾ ਤੇ ਭਰੋਸਾ ਬਰਕਰਾਰ ਰਹੇ ਇਸ ਵਾਸਤੇ ਇਹ ਜਰੂਰੀ ਹੈ ਕਿ ਪੁਲੀਸ ਵਲੋਂ ਇਹਨਾਂ ਬੇਲਗਾਮ ਸ਼ੋਹਦਿਆਂ ਵਲੋਂ ਕੀਤੀ ਜਾਂਦੀ ਹੁਲੱੜਬਾਜੀ ਨੂੰ ਕਾਬੂ ਕਰਨ ਲਈ ਸਖਤ ਕਾਰਵਾਈ ਕੀਤੀ ਜਾਵੇ। ਇਹਨਾਂ ਨੌਜਵਾਨਾਂ ਨੂੰ ਇਹ ਗੱਲ ਸਖਤੀ ਨਾਲ ਸਮਝਾਈ ਜਾਣੀ ਚਾਹੀਦੀ ਹੈ ਕਿ ਉਹਨਾਂ ਲਈ ਕਾਨੂੰਨ ਦੀ ਪਾਲਣਾ ਕੀਤੀ ਜਾਣੀ ਜਰੂਰੀ ਹੈ ਅਤੇ ਸ਼ਹਿਰ ਦੇ ਵਾਤਾਵਰਣ ਨੂੰ ਖਰਾਬ ਕਰਨ ਵਾਲੀ ਉਹਨਾਂ ਦੀ ਇਸ ਕਾਰਵਾਈ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾਜਾਵੇਗਾ। ਸਿਰਫ ਸਖਤ ਕਾਰਵਾਈ ਦਾ ਡਰ ਹੀ ਇਹਨਾਂ ਸ਼ੋਹਦਿਆਂ ਨੂੰ ਕਾਬੂ ਵਿੱਚ ਕਰਨ ਦਾ ਸਮਰਥ ਹੋ ਸਕਦਾ ਹੈ ਅਤੇ ਇਸ ਸੰਬੰਧੀ ਪੁਲੀਸ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਸ਼ਹਿਰ ਵਾਸੀਆਂ ਦਾ ਕਾਨੂੰਨ ਵਿਵਸਥਾ ਵਿੱਚ ਭਰੋਸਾ ਬਹਾਲ ਕਰਨ ਲਈ ਅਜਿਹਾ ਕੀਤਾ ਜਾਣਾ ਬਹੁਤ ਜਰੂਰੀ ਹੈ ਅਤੇ ਪੁਲੀਸ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ।
Editorial
ਕਿਸਾਨ ਅੰਦੋਲਨ ਨੇ ਨੌਜਵਾਨਾਂ ਵਿੱਚ ਭਵਿੱਖ ਪ੍ਰਤੀ ਨਵੀਂ ਸੋਚ ਪੈਦਾ ਕੀਤੀ
ਪਿਛਲੇ ਕਾਫੀ ਸਮੇਂ ਤੋਂ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੇ ਕਿਸਾਨ ਅੰਦੋਲਨ ਨੇ ਪੰਜਾਬ ਦੇ ਸਿਆਸੀ, ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਹੋਰ ਸਾਰੇ ਪੱਖਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਸ ਅੰਦੋਲਨ ਨੇ ਪੰਜਾਬ ਦੇ ਨੌਜਵਾਨਾਂ ਅੰਦਰ ਆਪਣੇ ਭਵਿੱਖ ਪ੍ਰਤੀ ਨਵੀਂ ਸੋਚ ਪੈਦਾ ਕੀਤੀ ਹੈ। ਕਿਸਾਨ ਅੰਦੋਲਨ ਵਿੱਚ ਭਾਵੇਂ ਹਰ ਵਰਗ ਦੇ ਕਿਸਾਨਾਂ ਦੀ ਸ਼ਮੂਲੀਅਤ ਦਿਖਾਈ ਦਿੰਦੀ ਹੈ, ਪਰ ਇਸ ਅੰਦੋਲਨ ਵਿੱਚ ਵੱਡੀ ਗਿਣਤੀ ਨੌਜਵਾਨ ਵੀ ਨਜ਼ਰ ਆ ਰਹੇ ਹਨ, ਜੋ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਆ ਰਹੀ ਨਵੀਂ ਸੋਚ ਦਾ ਸੰਕੇਤ ਹਨ ਕਿ ਪੰਜਾਬ ਦੇ ਨੌਜਵਾਨ ਆਪਣੇ ਹੱਕਾਂ ਲਈ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਤੋਂ ਵੀ ਪਿੱਛੇ ਨਹੀਂ ਹਟ ਰਹੇ।
ਅਫਸੋਸ ਨਾਲ ਕਹਿਣਾ ਪੈਂਦਾ ਰਿਹਾ ਹੈ ਕਿ ਮੀਡੀਆ ਦੇ ਇੱਕ ਹਿੱਸੇ ਵਲੋਂ ਅਕਸਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦੱਸਦਿਆਂ ਅਕਸਰ ਅਜਿਹੀਆਂ ਰਿਪੋਰਟਾਂ ਛਾਪੀਆਂ ਜਾਂ ਨਸ਼ਰ ਕੀਤੀਆਂ ਜਾਂਦੀਆਂ ਹਨ ਜਿਵੇਂ ਪੁੂਰੇ ਦੇਸ ਵਿਚੋਂ ਸਿਰਫ ਪੰਜਾਬ ਵਿੱਚ ਹੀ ਨਸ਼ਾ ਚਲਦਾ ਹੋਵੇ। ਹਾਲਾਂਕਿ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਪੰਜਾਬ ਵਿੱਚ ਇਸ ਸਮੇਂ ਨਸ਼ਾ ਕਾਫੀ ਪ੍ਰਚਲਿਤ ਹੈ। ਪਰ ਨਸ਼ੇ ਦੇ ਬਹਾਨੇ ਸਾਰੇ ਪੰਜਾਬੀ ਨੌਜਵਾਨਾਂ ਨੂੰ ਹੀ ਨਸ਼ੇੜੀ ਕਿਹਾ ਜਾਣਾ ਵੀ ਗਲਤ ਹੈ। ਪੰਜਾਬ ਵਿੱਚ ਵੱਡੀ ਗਿਣਤੀ ਨੌਜਵਾਨ ਅਜਿਹੇ ਹਨ ਜੋ ਕਿ ਨਸ਼ੇ ਤੋਂ ਪੂਰੀ ਤਰ੍ਹਾਂ ਦੂਰ ਹਨ ਪਰ ਅਜਿਹੇ ਨੌਜਵਾਨਾਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ।
ਪਿਛਲੇ ਦਿਨਾਂ ਦੌਰਾਨ ਸ਼ਹੀਦੀ ਹਫਤੇ ਦੇ ਚਲਦਿਆਂ ਪੰਜਾਬੀ ਨੌਜਵਾਨਾਂ ਵੱਲੋਂ ਵੱਖ ਵੱਖ ਥਾਂਵਾਂ ਉਪਰ ਲੰਗਰ ਲਗਾਏ ਗਏ ਅਤੇ ਅਨੇਕਾਂ ਥਾਂਵਾਂ ਤੇ ਹੁਣੇ ਵੀ ਲੰਗਰ ਲਗਾਏ ਜਾ ਰਹੇ ਹਨ, ਜਿਹਨਾਂ ਵਿੱਚ ਪੰਜਾਬੀ ਨੌਜਵਾਨ ਪੂਰੇ ਉਤਸ਼ਾਹ ਅਤੇ ਮਰਿਆਦਾ ਨਾਲ ਸੇਵਾ ਕਰ ਰਹੇ ਹਨ। ਜੇ ਮੀਡੀਆ ਦੇ ਇੱਕ ਹਿਸੇ ਦੀ ਗੱਲ ਮੰਨ ਲਈਏ ਕਿ ਪੰਜਾਬ ਦੇ ਨੌਜਵਾਨ ਨਸ਼ੇੜੀ ਹਨ ਤਾਂ ਲੰਗਰ ਵਿੱਚ ਸੇਵਾ ਕਰਨ ਵਾਲੇ ਪੰਜਾਬੀ ਨੌਜਵਾਨ ਕੌਣ ਹਨ? ਕਿਸਾਨ ਅੰਦੋਲਨ ਵਿੱਚ ਆਪਣੇ ਬਜੁਰਗਾਂ ਨਾਲ ਸੰਘਰਸ਼ ਕਰ ਰਹੇ ਪੰਜਾਬੀ ਨੌਜਵਾਨ ਫੇਰ ਕੌਣ ਹਨ?
ਕਿਸਾਨ ਅੰਦੋਲਨ ਕਾਰਨ ਭਾਵੇਂ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਪਰੰਤੂ ਇਹ ਕਿਸਾਨ ਅੰਦੋਲਨ ਪੰਜਾਬ ਦੇ ਨੌਜਵਾਨ ਨੂੰ ਸੇਧ ਦੇਣ ਵਿੱਚ ਕੁਝ ਹੱਦ ਤਕ ਜਰੁੂਰ ਸਫਲ ਹੁੰਦਾ ਦਿਖਾਈ ਦੇ ਰਿਹਾ ਹੈ। ਕੜਾਕੇ ਦੀ ਠੰਡ ਵਿੱਚ ਆਪਣੇ ਬਜੁਰਗਾਂ ਦੀ ਅਗਵਾਈ ਵਿੱਚ ਪੰਜਾਬੀ ਨੌਜਵਾਨ ਨਿਰਸਵਾਰਥ ਭਾਵ ਨਾਲ ਸੇਵਾ ਕਰ ਰਹੇ ਹਨ ਅਤੇ ਦਿਨ ਰਾਤ ਕੰਮ ਰਹੇ ਹਨ।
ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਸਾਰੇ ਨੌਜਵਾਨ ਜਹਾਜ਼ ਚੜ ਕੇ ਵਿਦੇਸ਼ ਚਲੇ ਗਏ ਹਨ ਅਤੇ ਪੰਜਾਬ ਵਿੱਚ ਸਿਰਫ ਬੁੱਢੇ ਹੀ ਰਹਿ ਗਏ ਹਨ ਪਰ ਕਿਸਾਨ ਅੰਦੋਲਨ ਵਿੱਚ ਦਿਖਾਈ ਦੇ ਰਹੇ ਵੱਡੀ ਗਿਣਤੀ ਨੌਜਵਾਨ ਇਸ ਗੱਲ ਨੂੰ ਵੀ ਗਲਤ ਸਾਬਿਤ ਕਰਦੇ ਹਨ। ਇਹ ਠੀਕ ਹੈ ਕਿ ਪੰਜਾਬ ਦੇ ਅਨੇਕਾਂ ਨੌਜਵਾਨ ਵਿਦੇਸ਼ ਚਲੇ ਗਏ ਹਨ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਨੌਜਵਾਨ ਅਜੇ ਪੰਜਾਬ ਵਿੱਚ ਹੀ ਹਨ ਜੋ ਕਿ ਖੇਤੀ ਵਰਗੇ ਆਪਣੇ ਜੱਦੀ ਪੁਸ਼ਤੀ ਧੰਦੇ ਨਾਲ ਜੁੜੇ ਹੋਏ ਹਨ।
ਪੰਜਾਬ ਦੇ ਵੱਡੀ ਗਿਣਤੀ ਲੋਕ ਭਾਵੇਂ ਕਿਸਾਨਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਵਾਰ ਵਾਰ ਸੜਕ ਅਤੇ ਰੇਲ ਆਵਾਜਾਈ ਰੋਕੇ ਜਾਣ ਦੇ ਵਿਰੁੱਧ ਹਨ ਪਰ ਇਸ ਦੇ ਬਾਵਜੂਦ ਉਹ ਕਿਸਾਨਾਂ ਦੀਆਂ ਮੰਗਾਂ ਨਾਲ ਸਹਿਮਤ ਹਨ। ਵੱਡੀ ਗਿਣਤੀ ਪੰਜਾਬੀ ਇਹ ਵੀ ਕਹਿੰਦੇ ਹਨ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਲਈ ਸੰਘਰਸ਼ ਸ਼ੁਰੂ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਮਾਰਗ ਦਰਸ਼ਨ ਕੀਤਾ ਹੈ ਅਤੇ ਨੌਜਵਾਨਾਂ ਨੂੰ ਹਰ ਸਥਿਤੀ ਦਾ ਮੁਕਾਬਲਾ ਕਰਨ ਦਾ ਰਾਹ ਦਿਖਾਇਆ ਹੈ। ਲੋਕ ਇਹ ਵੀ ਕਹਿ ਰਹੇ ਹਨ ਕਿ ਕਿਸਾਨ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਦੇ ਨਾਲ ਹੀ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲਹਿਰ ਵੀ ਚਲਾਉਣ ਤਾਂ ਪੰਜਾਬ ਵਿੱਚ ਨਸ਼ਾ ਬਹੁਤ ਹੱਦ ਤਕ ਖਤਮ ਕੀਤਾ ਜਾ ਸਕਦਾ ਹੈ।
ਭਾਵੇਂ ਮੌਜੂਦਾ ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਲ ਨਹੀਂ ਪਰ ਇਸ ਕਿਸਾਨ ਅੰਦੋਲਨ ਦੇ ਸਭ ਦਾ ਧਿਆਨ ਜਰੁਰ ਖਿਚਿਆ ਹੈ ਅਤੇ ਇਹ ਅੰਦੋਲਨ ਨਾਲ ਹਰ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਕੁਝ ਹੱਕ ਤਕ ਪ੍ਰਭਾਵਿਤ ਜਰੂਰ ਹੋਇਆ ਹੈ। ਦੁੱਖ ਦੀ ਗਲ ਹੈ ਕਿ ਸਾਰੇ ਮੁਲਕ ਦਾ ਪੇਟ ਭਰਨ ਵਾਲਾ ਕਿਸਾਨ ਖੁਦ ਭੁੱਖੇ ਢਿੱਡ ਰਹਿ ਰਿਹਾ ਹੈ ਅਤੇ ਕਰਜ਼ੇ ਤੇ ਹੋਰ ਕਾਰਨਾਂ ਕਾਰਨ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ। ਇਸ ਦੇ ਬਾਵਜੂਦ ਮੌਜੂਦਾ ਕਿਸਾਨ ਅੰਦੋਲਨ ਨੇ ਪੰਜਾਬ ਦੇ ਨੋਜਵਾਨਾਂ ਅੰਦਰ ਭਵਿੱਖ ਪ੍ਰਤੀ ਨਵੀਂ ਸੋਚ ਪੈਦਾ ਕੀਤੀ ਹੈ ਅਤੇ ਪੰਜਾਬ ਦੇ ਵੱਡੀ ਗਿਣਤੀ ਨੌਜਵਾਨਾਂ ਨੂੰ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਦਾ ਹੁਨਰ ਦਿਖਾਇਆ ਹੈ।
ਬਿਊਰੋ
Editorial
ਸ਼ਹਿਰ ਵਿਚਲੀ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹਲ ਲਈ ਕਾਰਗਰ ਨੀਤੀ ਬਣਾਉਣ ਦੀ ਲੋੜ
ਪਿਛਲੇ ਸਾਲਾਂ ਦੌਰਾਨ ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਲਗਾਤਾਰ ਵੱਧਦੀ ਰਹੀ ਹੈ ਅਤੇ ਪ੍ਰਸ਼ਸ਼ਾਨ ਕੋਲ ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਦੇ ਹਲ ਲਈ ਕੋਈ ਕਾਰਗਰ ਨੀਤੀ ਨਾ ਹੋਣ ਕਾਰਨ ਇਹ ਲਗਤਾਰ ਵੱਧ ਰਹੀ ਹੈ। ਸ਼ਹਿਰ ਵਿੱਚ ਥਾਂ ਥਾਂ ਤੇ ਡੇਰਾ ਜਮਾਈ ਬੈਠੇ ਇਹ ਆਵਾਰਾ ਕੁੱਤੇ ਨਾ ਸਿਰਫ ਗੰਦਗੀ ਫੈਲਾਉਂਦੇ ਹਨ ਬਲਕਿ ਇਹ ਰੈਬੀਜ ਦੀ ਖਤਰਨਾਕ ਬਿਮਾਰੀ ਵੀ ਫੈਲਾਉਂਦੇ ਹਨ ਅਤੇ ਇਹਨਾਂ ਕਾਰਨ ਹਰ ਸਾਲ ਹਜਾਰਾਂ ਵਿਅਕਤੀ ਰੈਬੀਜ ਦੀ ਬਿਮਾਰੀ ਦਾ ਸ਼ਿਕਾਰ ਹੁੰਦੇੇ ਹਨ। ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਸਾਲ ਰੈਬੀਜ ਦੇ 18 ਤੋਂ 20 ਹਜਾਰ ਮਾਮਲੇ ਸਾਮ੍ਹਣੇ ਆਉਂਦੇ ਹਨ। ਪਿਛਲੇ ਸਾਲਾਂ ਦੌਰਾਨ ਜਿੱਥੇ ਇਹਨਾਂ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧਦੀ ਰਹੀ ਹੈ ਉੱਥੇ ਇਹਨਾਂ ਵਲੋਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ।
ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਆਵਾਰਾ ਕੁੱਤਿਆਂ ਦੀ ਇਹ ਸਮੱਸਿਆ ਬਹੁਤ ਜਿਆਦਾ ਵੱਧ ਚੁੱਕੀ ਹੈ ਅਤੇ ਹਰ ਪਾਸੇ ਇਹਨਾਂ ਆਵਾਰਾ ਕੁੱਤਿਆਂ ਦੀ ਭਰਮਾਰ ਦਿਖਦੀ ਹੈ। ਇਹਨਾਂ ਕੁੱਤਿਆਂ ਵਲੋਂ ਸਮੇਂ ਸਮੇਂ ਤੇ ਬੱਚਿਆਂ, ਔਰਤਾਂ ਅਤੇ ਬਜੁਰਗਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੇ ਮਾਮਲੇ ਵੀ ਅਕਸਰ ਸਾਮ੍ਹਣੇ ਆਉਂਦੇ ਹਨ। ਸ਼ਹਿਰ ਦੀਆਂ ਉਹਨਾਂ ਥਾਵਾਂ ਨੇੜੇ ਇਹਨਾਂ ਦੀ ਗਿਣਤੀ ਕੁੱਝ ਜਿਆਦਾ ਦਿਖਦੀ ਹੈ ਜਿੱਥੇ ਮੀਟ, ਮੁਰਗਾ, ਮੱਛੀ ਅਤੇ ਅਜਿਹਾ ਹੋਰ ਸਾਮਾਨ ਵਿਕਦਾ ਹੈ। ਕੱਚਾ ਮੀਟ ਖਾਣ ਵਾਲੇ ਇਹਨਾਂ ਕੁਤਿਆਂ ਦੇ ਮੂੰਹ ਨੂੰ ਲੱਗਿਆ ਖੂਨ ਇਹਨਾਂ ਨੂੰ ਹਰ ਕਿਸੇ ਤੇ ਹਮਲਾ ਕਰਨ ਲਈ ਉਕਸਾਉਂਦਾ ਰਹਿੰਦਾ ਹੈ ਅਤੇ ਮੌਕਾ ਮਿਲਦੇ ਹੀ ਇਹ ਕੁੱਤੇ ਕਿਸੇ ਤੇ ਵੀ ਹਮਲਾ ਕਰ ਦਿੰਦੇ ਹਨ।
ਹਾਲਾਤ ਇਹ ਹਨ ਕਿ ਰਿਹਾਇਸ਼ੀ ਖੇਤਰਾਂ ਦੀਆਂ ਗਲੀਆਂ ਵਿੱਚ ਘੁੰਮਦੇ ਇਹਨਾਂ ਖੂੰਖਾਰ ਕੁੱਤਿਆਂ ਦੀ ਦਹਿਸ਼ਤ ਕਾਰਨ ਛੋਟੇ ਬਚੇ ਘਰਾਂ ਤੋਂ ਬਾਹਰ ਨਿਕਲਣ ਵੇਲੇ ਵੀ ਡਰਦੇ ਹਨ। ਸ਼ਹਿਰ ਦੇ ਪਾਰਕਾਂ ਅਤੇ ਹੋਰਨਾਂ ਖਾਲੀ ਥਾਵਾਂ, ਸੜਕਾਂ ਦੇ ਕਿਨਾਰੇ, ਰਿਹਾਇਸ਼ੀ ਕਾਲੋਨੀਆਂ ਵਿੱਚ ਅਤੇ ਮਾਰਕੀਟਾਂ ਵਿੱਚ ਇਹਨਾਂ ਆਵਾਰਾ ਕੁੱਤਿਆਂ ਦੇ ਝੁੰਡ ਆਮ ਦਿਖ ਜਾਂਦੇ ਹਨ। ਇਹ ਕੁੱਤੇ ਆਪਸ ਵਿੱਚ ਲੜਦੇ ਵੀ ਹਨ ਅਤੇ ਇਸ ਦੌਰਾਨ ਆਉਂਦੇ ਜਾਂਦੇ ਵਾਹਨਾਂ ਵਿੱਚ ਵੱਜ ਕੇ ਸੜਕ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ।
ਆਵਾਰਾ ਕੁੱਤਿਆਂ ਦੀ ਵੱਧਦੀ ਗਿਣਤੀ ਤੇ ਕਾਬੂ ਕਰਨ ਲਈ ਪ੍ਰਸ਼ਾਸ਼ਨ ਵਲੋਂ ਪਹਿਲੇ ਸਮਿਆਂ ਦੌਰਾਨ (ਲਗਭਗ ਢਾਈ ਦਹਾਕੇ ਪਹਿਲਾਂ ਤਕ) ਇਹਨਾਂ ਨੂੰ ਫੜ ਕੇ ਮਾਰ ਦਿੱਤਾ ਜਾਂਦਾ ਸੀ, ਜਿਸ ਨਾਲ ਇਹ ਸਮੱਸਿਆ ਕਾਫੀ ਹੱਦ ਤਕ ਕਾਬੂ ਹੇਠ ਰਹਿੰਦੀ ਸੀ। ਪਰੰਤੂ ਬਾਅਦ ਵਿੱਚ ਜਾਨਵਰਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਇੱਕ ਸੰਸਥਾ ਵਲੋਂ ਇਸ ਸੰਬੰਧੀ ਅਦਾਲਤ ਵਿੱਚ ਕੇਸ ਪਾਏ ਜਾਣ ਤੋਂ ਬਾਅਦ ਮਾਣਯੋਗ ਅਦਾਲਤ ਵਲੋਂ ਆਵਾਰਾ ਕੁਤਿਆਂ ਨੂੰ ਮਾਰਨ ਉਪਰ ਰੋਕ ਲਗਾ ਦਿਤੀ ਗਈ ਸੀ ਅਤੇ ਉਸਤੋਂ ਬਾਅਦ ਤੋਂ ਇਹਨਾਂ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧਦੀ ਰਹੀ ਹੈ। ਨਗਰ ਨਿਗਮ ਵਲੋਂ ਇਸ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਕੁਤਿਆਂ ਦੀ ਨਸਬੰਦੀ ਦੀ ਸਕੀਮ ਵੀ ਚਲਾਈ ਜਾਂਦੀ ਹੈ, ਪਰੰਤੂ ਇਸਦੇ ਨਤੀਜੇ ਆਸ ਮੁਤਾਬਿਕ ਨਤੀਜੇ ਨਹੀਂ ਆਉਂਦੇ ਅਤੇ ਇਹਨਾਂ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ।
ਆਵਾਰਾ ਕੁੱਤਿਆਂ ਦੀ ਇਸ ਲਗਾਤਾਰ ਵੱਧਦੀ ਸਮੱਸਿਆ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਇੱਕਜੁਟ ਹੋ ਕੇ ਇਸ ਸਮੱਸਿਆ ਦੇ ਹਲ ਲਈ ਮਾਣਯੋਗ ਅਦਾਲਤ ਤਕ ਪਹੁੰਚ ਕਰਨ ਅਤੇ ਇਸ ਸਮੱਸਿਆ ਦਾ ਹਲ ਕੱਢਣ ਲਈ ਕਾਰਵਾਈ ਕਰਨ। ਇਸ ਸੰਬੰਧੀ ਆਮ ਲੋਕਾਂ ਨੂੰਵੱਢਦੇ (ਆਦਮਖੋਰ ਹੋ ਚੁੱਕੇ) ਕੁੱਤਿਆਂ ਨੂੰ ਮਾਰਨ ਉੱਪਰ ਲਗਾਈ ਗਈ ਰੋਕ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਜਦੋਂ ਤਕ ਮਾਣਯੋਗ ਅਦਾਲਤ ਵਲੋਂ ਇਸ ਸੰਬੰਧੀ ਮੰਜੂਰੀ ਨਹੀਂ ਦਿੱਤੀ ਜਾਂਦੀ, ਆਵਾਰਾ ਕੁੱਤਿਆਂ ਨੂੰ ਫੜ ਕੇ ਰੱਖਣ ਲਈ ਕੁੱਤਾ ਘਰਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਉਸ ਵਲੋਂ ਸੂਬੇ ਦੀਆਂ ਸਾਰੀਆਂ ਕਾਰਪੋਰੇਸ਼ਨਾਂ, ਨਗਰ ਕੌਂਸਲਾਂ ਅਤੇ ਪੰਚਾਇਤਾਂ ਨੂੰ ਆਵਾਰਾ ਕੁਤਿਆਂ ਦੀ ਸਮੱਸਿਆਂ ਦੇ ਹੱਲ ਕਰਨ ਲਈ ਉਪਰਾਲੇ ਕਰਨ ਦੇ ਹੁਕਮ ਦਿੱਤੇ ਜਾਣ ਅਤੇ ਇਹਨਾਂ ਕੁੱਤਿਆਂ ਨੂੰ ਰੱਖਣ ਵਾਸਤੇ ਬਦਲਵੇਂ ਪ੍ਰਬੰਧ ਕੀਤੇ ਜਾਣ। ਇਸ ਸੰਬੰਧੀ ਜੇ ਹੁਣੇ ਵੀ ਟਾਲਮਟੋਲ ਦੀ ਨੀਤੀ ਅਖਤਿਆਰ ਕੀਤੀ ਜਾਂਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਵਾਰਾ ਕੁੱਤੇ ਪੂਰੀ ਤਰ੍ਹਾਂ ਆਮ ਲੋਕਾਂ ਦੀ ਜਾਨ ਦਾ ਖੌਅ ਬਣ ਜਾਣਗੇ। ਇਸ ਲਈ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਤੁਰੰਤ ਅਮਲ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।
-
International2 months ago
ਇਟਲੀ ਵਿੱਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਪਿੰਡ ਕੁੰਭੜਾ ਵਿੱਚ ਲੜਾਈ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਰੱਖ ਕੇ ਇਨਸਾਫ ਲਈ ਏਅਰਪੋਰਟ ਰੋਡ ਤੇ ਲਾਇਆ ਧਰਨਾ
-
Mohali2 months ago
ਜੂਡੋ ਇੰਟਰ ਕਾਲਜ ਵਿੱਚ ਘਨੌਰ ਕਾਲਜ ਨੇ ਜਿੱਤੇ ਗੋਲ਼ਡ ਮੈਡਲ
-
Editorial2 months ago
ਜ਼ਿਮਨੀ ਚੋਣਾਂ ਦੌਰਾਨ ਸੂਬੇ ਦੀਆਂ ਚਾਰੇ ਸੀਟਾਂ ਤੇ ਹੋ ਰਹੇ ਹਨ ਸਖ਼ਤ ਮੁਕਾਬਲੇ
-
International1 month ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ
-
National2 months ago
ਸ਼ਾਹਰੁਖ਼ ਖ਼ਾਨ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਰਾਏਪੁਰ ਤੋਂ ਵਕੀਲ ਗ੍ਰਿਫ਼ਤਾਰ
-
Editorial2 months ago
ਗੈਰ ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਸੱਚਮੁੱਚ ਸਖ਼ਤ ਕਾਰਵਾਈ ਕਰਨਗੇ ਟਰੰਪ?