Editorial
ਪੰਚਾਇਤ ਚੋਣਾਂ ਨੇ ਪੰਜਾਬ ਵਿੱਚ ਭਖਾਈ ਸਿਆਸੀ ਹਲਚਲ
ਪੰਜਾਬ ਦੀ ਆਪ ਸਰਕਾਰ ਦੀ ਕਾਰਗੁਜਾਰੀ ਬਾਰੇ ਲੋਕਾਂ ਦਾ ਫੈਸਲਾ ਸੁਣਾਉਣਗੀਆਂ ਪੰਚਾਇਤ ਚੋਣਾਂ
ਪੰਜਾਬ ਵਿੱਚ ਪੰਚਾਇਤ ਚੋਣਾਂ ਦੇ ਐਲਾਨ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਇੱਕ ਤਰ੍ਹਾਂ ਸ਼ਾਂਤ ਪਈ ਸੀ ਪਰ ਪੰਚਾਇਤ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਜਿਵੇਂ ਇੱਕਦਮ ਉਬਾਲ ਆ ਗਿਆ ਹੈ। ਇਸ ਸਮੇਂ ਪੰਚਾਇਤ ਚੋਣਾਂ ਦੇ ਚਲ ਰਹੇ ਅਮਲ ਦੌਰਾਨ ਪੰਜਾਬ ਦੇ ਸਿਆਸੀ ਪਾਣੀਆਂ ਵਿੱਚ ਹਲਚਲ ਮੱਚੀ ਹੋਈ ਹੈ ਅਤੇ ਪੰਚਾਇਤ ਚੋਣਾਂ ਵਿੱਚ ਹਿੱਸਾ ਲੈ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇਹ ਚੋਣਾਂ ਜਿੱਤਣ ਲਈ ਆਪਣਾ ਪੂਰਾ ਸਿਆਸੀ ਜੋਰ ਲਗਾਇਆ ਜਾ ਰਿਹਾ ਹੈ।
ਇਸ ਦੌਰਾਨ ਜਿਥੇ ਸੱਤਾਧਾਰੀ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਨੂੰ ਜਿੱਤਣ ਲਈ ਪੂਰੀ ਤਰ੍ਹਾਂ ਸਰਗਰਮ ਹੈ, ਉਥੇ ਵਿਰੋਧੀ ਪਾਰਟੀਆਂ ਵੀ ਇਹਨਾਂ ਚੋਣਾਂ ਨੂੰ ਆਪਣੀ ਅਣਖ ਦਾ ਸਵਾਲ ਬਣਾ ਰਹੀਆਂ ਹਨ। ਵਿਰੋਧੀ ਪਾਰਟੀਆਂ ਦੇ ਆਗੂ ਤਾਂ ਸੱਤਾਧਾਰੀ ਧਿਰ ਦੇ ਆਗੂਆਂ ਤੇ ਇਹਨਾਂ ਚੋਣਾਂ ਦੌਰਾਨ ਧੱਕੇਸ਼ਾਹੀ ਕਰਨ ਦੇ ਵੀ ਦੋਸ਼ ਲਗਾ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੁੂ ਵੀ ਵਿਰੋਧੀ ਆਗੂਆਂ ਤੇ ਕਈ ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ। ਇਸ ਤਰ੍ਹਾਂ ਪੰਜਾਬ ਦੀ ਸਿਆਸਤ ਵਿੱਚ ਦੋਸ਼ ਤੇ ਪ੍ਰਤੀਦੋਸ਼ ਲਗਾਉਣ ਦਾ ਨਵਾਂ ਮਾਹੌਲ ਬਣ ਗਿਆ ਹੈ। ਕਈ ਇਲਾਕਿਆਂ ਵਿੱਚ ਸਿਆਸੀ ਆਗੂਆਂ ਅਤੇ ਪ੍ਰਸ਼ਾਸਿਨਕ ਜਾਂ ਪੁਲੀਸ ਅਧਿਕਾਰੀਆਂ ਵਿਚਾਲੇ ਬਹਿਸ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ।
ਪੰਜਾਬ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਇਸ ਸਮੇਂ ਪੰਚਾਇਤ ਚੋਣਾਂ ਕਾਰਨ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਅਤੇ ਸਰਪੰਚੀ ਦੇ ਉਮੀਦਵਾਰਾਂ ਵੱਲੋਂ ਜਿੱਥੇ ਆਪਣੇ ਸਮਰਥਕਾਂ ਨਾਲ ਜਾ ਕੇ ਲੋਕਾਂ ਨਾਲ ਮੇਲ ਜੋਲ ਵਧਾਇਆ ਜਾ ਰਿਹਾ ਹੈ, ਉੱਥੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਭਾਵੇਂ ਕਿ ਕਈ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚਾਂ ਅਤੇ ਪੰਚਾਇਤਾਂ ਦੀ ਚੋਣ ਹੋ ਚੁੱਕੀ ਹੈ ਪਰ ਵੱਡੀ ਗਿਣਤੀ ਪਿੰਡਾਂ ਵਿੱਚ ਪੰਚਾਇਤ ਚੋਣਾਂ ਦੌਰਾਨ ਗਹਿਗੱਚ ਮੁਕਾਬਲੇ ਹੋਣ ਦੀ ਸੰਭਾਵਨਾ ਹੈ। ਚੋਣ ਲੜ ਰਹੇ ਸਾਰੇ ਉਮੀਦਵਾਰਾਂ ਵੱਲੋਂ ਇਹਨਾਂ ਚੋਣਾਂ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਗਈ ਹੈ। ਇਹਨਾਂ ਚੋਣਾਂ ਵਿੱਚ ਜਿਥੇ ਆਮ ਆਦਮੀ ਪਾਰਟੀ ਪੂਰੇ ਜੋਰ ਸ਼ੋਰ ਨਾਲ ਹਿੱਸਾ ਲੈ ਰਹੀ ਹੈ, ਉਥੇ ਕਾਂਗਰਸ, ਅਕਾਲੀ ਦਲ ਅਤੇ ਹੋਰ ਸਿਆਸੀ ਪਾਰਟੀਆਂ ਵੀ ਹਿੱਸਾ ਲੈ ਰਹੀਆਂ ਹਨ। ਵੱਡੀ ਗਿਣਤੀ ਪਿੰਡਾਂ ਵਿੱਚ ਪੰਚਾਇਤ ਚੋਣਾਂ ਲਈ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜਮਾ ਰਹੇ ਹਨ।
ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਲਈ ਪੰਚਾਇਤ ਚੋਣਾਂ ਖਾਸ ਅਹਿਮੀਅਤ ਰੱਖਦੀਆਂ ਹਨ। ਆਮ ਆਦਮੀ ਪਾਰਟੀ ਨੇ 2022 ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ 92 ਸੀਟਾਂ ਜਿੱਤ ਕੇ ਪੰਜਾਬ ਦੀ ਸੱਤਾ ਸੰਭਾਲੀ ਸੀ। ਪਰ ਇਹ ਪਾਰਟੀ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਦੀਆਂ ਸਿਰਫ਼ ਤਿੰਨ ਸੀਟਾਂ ਸੰਗਰੂਰ, ਅਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਹੀ ਜਿੱਤ ਸਕੀ। ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਦੌਰਾਨ ਪਹਿਲਾਂ ਜਿੱਤੇ 92 ਵਿਧਾਨ ਸਭਾ ਹਲਕਿਆਂ ਵਿੱਚੋਂ ਸਿਰਫ਼ 32 ਹਲਕਿਆਂ ਵਿੱਚ ਹੀ ਸਭ ਤੋਂ ਵੱਧ ਵੋਟਾਂ ਲੈ ਸਕੀ ਸੀ। ਆਮ ਆਦਮੀ ਪਾਰਟੀ ਵਲੋਂ ਭਾਵੇਂ ਜਲੰਧਰ ਪੱਛਮੀ ਜ਼ਿਮਨੀ ਚੋਣ ਸ਼ਾਨਦਾਰ ਤਰੀਕੇ ਨਾਲ ਜਿੱਤ ਕੇ ਵਿਰੋਧੀਆਂ ਨੂੰ ਮਾਤ ਦਿੱਤੀ ਸੀ। ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਪੰਚਾਇਤ ਚੋਣਾਂ ਪੰਜਾਬ ਦੀ ਆਪ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਬਾਰੇ ਵੀ ਲੋਕਾਂ ਦਾ ਫੈਸਲਾ ਸੁਣਾਉਣਗੀਆਂ।
ਬਿਊਰੋ
Editorial
ਮਨੋਰੰਜਨ ਦੇ ਸਾਧਨਾਂ ਰਾਂਹੀ ਕੀਤੇ ਜਾਂਦੇ ਅੰਧਵਿਸ਼ਵਾਸ ਦੇ ਪਸਾਰ ਤੇ ਰੋਕ ਲੱਗੇ
ਫਿਲਮਾਂ ਅਤੇ ਟੀ ਵੀ ਪ੍ਰੋਗਰਾਮ ਲੋਕਾਂ ਦੇ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਹਨ ਅਤੇ ਹੁਣ ਇਹਨਾਂ ਦੇ ਨਾਲ ਆਨਲਾਈਨ ਪਲੇਟ ਫਾਰਮ ਵੀ ਜੁੜ ਗਏ ਹਨ ਜਿਹਨਾਂ ਰਾਂਹੀ ਆਮ ਲੋਕਾਂ ਦੇ ਵੇਖਣ ਲਈ ਕਈ ਤਰ੍ਹਾਂ ਦੇ ਸੀਰੀਅਲ ਅਤੇ ਫਿਲਮਾਂ ਦਾ ਪ੍ਰਸਾਰਨ ਕੀਤਾ ਜਾਂਦਾ ਹੈ। ਆਨ ਲਾਈਨ ਪਲੇਟਫਾਰਮਾਂ ਦੇ ਨਾਲ ਖਾਸ ਗੱਲ ਇਹ ਵੀ ਹੈ ਕਿ ਇਹਨਾਂ ਦੇ ਦਰਸ਼ਕ ਆਪਣੀ ਮਰਜੀ ਅਤੇ ਸਹੂਲੀਅਤ ਦੇ ਹਿਸਾਬ ਨਾਲ ਜਦੋਂ ਚਾਹੁੰਣ ਆਪਣੇ ਪਸੰਦੀਦਾ ਪ੍ਰੋਗਰਾਮ ਦੇਖ ਸਕਦੇ ਹਨ ਜਦੋਂਕਿ ਟੀ ਵੀ ਵੇਖਣ ਵਾਲੇ ਦਰਸ਼ਕਾਂ ਨੂੰ ਕੋਈ ਵੀ ਪ੍ਰੋਗਰਾਮ ਵੇਖਣ ਲਈ ਉਸ ਪ੍ਰੋਗਰਾਮ ਦੇ ਪ੍ਰਸਾਰਣ ਦੌਰਾਨ ਟੀ ਵੀ ਦੇ ਸਾਮ੍ਹਣੇ ਬੈਠਣਾ ਪੈਂਦਾ ਹੈ। ਪਹਿਲਾਂ ਫਿਲਮਾਂ ਦਾ ਜੋਰ ਜਿਆਦਾ ਹੋਇਆ ਕਰਦਾ ਸੀ ਅਤੇ ਲੋਕ ਬਾਕਾਇਦਾ ਪ੍ਰੋਗਰਾਮ ਬਣਾ ਕੇ ਆਪਣੇ ਪਰਿਵਾਰਾਂ ਜਾਂ ਦੋਸਤਾਂ ਮਿੱਤਰਾਂ ਦੇ ਨਾਲ ਫਿਲਮਾਂ ਵੇਖਣ ਜਾਇਆ ਕਰਦੇ ਸੀ।
ਪਰੰਤੂ ਪਿਛਲੇ ਦੋ ਤਿੰਨ ਦਹਾਕਿਆਂ ਦੌਰਾਨ ਕਾਫੀ ਕੁੱਝ ਬਦਲ ਗਿਆ ਹੈ ਇਸ ਦੌਰਾਨ ਇੱਕ ਤੋਂ ਬਾਅਦ ਇੱਕ ਆਰੰਭ ਹੋਏ ਕਈ ਨਵੇਂ ਮਨੋਰੰਜਨ ਅਤੇ ਖਬਰੀਆ ਚੈਨਲਾਂ ਵਲੋਂ ਦਰਸ਼ਕਾਂ ਦੇ ਮਨੋਰੰਜਨ ਅਤੇ ਉਹਨਾਂ ਨੂੰ ਤਾਜਾ ਖਬਰਾਂ ਦੇਣ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ ਅਤੇ ਹੁਣ ਤਾਂ ਆਨ ਲਾਈਨ ਪਲੇਟ ਫਾਰਮ ਵੀ ਆ ਗਏ ਹਨ ਜਿਹਨਾਂ ਨਾਲ ਦਰਸ਼ਕਾਂ ਦਾ ਇੱਕ ਵੱਡਾ ਵਰਗ ਜੁੜ ਗਿਆ ਹੈ। ਟੀ ਵੀ ਚੈਨਲ ਹੋਣ ਜਾਂ ਆਨਲਾਈਨ ਪਲੇਟ ਫਾਰਮ, ਇਹਨਾਂ ਵਲੋਂ ਆਪਣੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਆਪਣੀ ਲੋਕਪ੍ਰਿਅਤਾ ਵਿੱਚ ਵਾਧਾ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਬਣਾ ਕੇ ਪ੍ਰਸਾਰਿਤ ਕੀਤੇ ਜਾਂਦੇ ਹਨ ਅਤੇ ਇਹਨਾਂ ਵਿੱਚੋਂ ਜਿਆਦਾਤਰ ਜਾਦੂ ਟੂਣੇ, ਭੂਤਾਂ-ਪ੍ਰੇਤਾਂ, ਚੁੜੈਲਾਂ, ਡਾਇਨਾਂ, ਭਟਕਦੀਆਂ ਆਤਮਾਵਾਂ, ਨਾਗਿਨ, ਕਾਲੇ ਜਾਦੂ ਅਤੇ ਅਜਿਹਾ ਅੰਧਵਿਸ਼ਵਾਸ਼ ਵਧਾਉਣ ਵਾਲੀਆਂ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਦੇ ਸੀਰੀਅਲ ਬਣਾ ਕੇ ਵਿਖਾਏ ਜਾਂਦੇ ਹਨ।
ਟੀ ਵੀ ਸੀਰੀਅਲਾਂ ਵਿੱਚ ਪਿਛਲੇ ਜਨਮ ਦੀ ਕੋਈ ਕਹਾਣੀ ਜੋੜ ਕੇ ਉਸਨੂੰ ਇਸ ਜਨਮ ਵਿੱਚ ਜਾਰੀ ਰੱਖਣ ਵਾਲੀਆਂ ਕਹਾਣੀਆਂ ਤੇ ਆਧਾਰਿਤ ਸੀਰੀਅਲ ਵੀ ਕਾਫੀ ਚਲਦੇ ਹਨ। ਇਸਤੋਂ ਇਲਾਵਾ ਵੱਖ-ਵੱਖ ਦੇਵੀ ਦੇਵਤਿਆਂ ਦੇ ਨਾਮ ਤੇ ਵੀ ਅਜਿਹੇ ਕਈ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ ਜਿਹੜੇ ਸਮਾਜ ਵਿੱਚ ਅੰਧ ਵਿਸ਼ਵਾਸ ਦਾ ਪਸਾਰ ਕਰਦੇ ਹਨ ਅਤੇ ਇਹਨਾਂ ਸੀਰੀਅਲਾਂ ਨੂੰ ਵੇਖਣ ਵਾਲੇ ਲੋਕ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਰਹੇ ਹਨ। ਸਾਡੀਆਂ ਫਿਲਮਾਂ ਵਿੱਚ ਵੀ ਅਜਿਹੀਆਂ ਚਮਤਕਾਰਿਕ ਕਹਾਣੀਆਂ ਵਿਖਾ ਕੇ ਅੰਧ ਵਿਸ਼ਵਾਸ ਦਾ ਪਸਾਰ ਕੀਤਾ ਜਾਂਦਾ ਹੈ ਅਤੇ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਤੇ ਫਿਲਮਾਂ ਆਮ ਬਣਦੀਆਂ ਹਨ। ਆਨਲਾਈਨ ਪਲੇਟਫਾਰਮਾਂ ਤੇ ਵੀ ਅਜਿਹੇ ਕਈ ਤਰ੍ਹਾਂ ਦੇ ਪ੍ਰੋਗਰਾਮ ਤਿਆਰ ਕਰਕੇ ਵਿਖਾਏ ਜਾਂਦੇ ਹਨ ਜਿਹਨਾਂ ਵਿੱਚ ਚਮਤਕਾਰਾਂ, ਜਾਦੂ ਟੂਣੇ, ਤੰਤਰ ਮੰਤਰ ਦੇ ਜ਼ੋਰ ਨਾਲ ਗੈਬੀ ਸ਼ਕਤੀਆਂ ਦਾ ਸੁਪਨਮਈ ਅਤੇ ਡਰਾਵਣਾ ਮਾਹੌਲ ਸਿਰਜ ਕੇ ਲੋਕਾਂ ਵਿੱਚ ਅੰਧਵਿਸ਼ਵਾਸ਼ ਦਾ ਪਸਾਰ ਕੀਤਾ ਜਾਂਦਾ ਹੈ।
ਜਾਦੂ ਟੂਣੇ ਅਤੇ ਭੂਤਾਂ ਪ੍ਰੇਤਾਂ ਦੀਆਂ ਇਹ ਕਹਾਣੀਆਂ ਆਮ ਲੋਕਾਂ ਨੂੰ ਡਰਾਉਂਦੀਆਂ ਵੀ ਹਨ ਅਤੇ ਉਹਨਾਂ ਵਿੱਚ ਅੰਧਵਿਸ਼ਵਾਸ਼ ਵੀ ਪੈਦਾ ਕਰਦੀਆਂ ਹਨ। ਅਜਿਹੀਆਂ ਤਮਾਮ ਕਹਾਣੀਆਂ ਵਿੱਚ ਕਿਸੇ ਨਾ ਕਿਸੇ ਅਜਿਹੇ ਤਾਂਤਰਿਕ ਜਾਂ ਜਾਦੂਗਰ ਨੂੰ ਵੀ ਜਰੂਰ ਵਿਖਾਇਆ ਜਾਂਦਾ ਹੈ ਜੋ ਕਈ ਤਰ੍ਹਾਂ ਦੀਆਂ ਜਾਦੂਈ ਸ਼ਕਤੀਆਂ ਦਾ ਮਾਲਕ ਹੁੰਦਾ ਹੈ ਅਤੇ ਪ੍ਰੇਤ ਆਤਮਾਵਾਂ ਨੂੰ ਆਪਣੇ ਕਬਜੇ ਵਿੱਚ ਕਰਕੇ ਆਪਣੀ ਸ਼ਰਣ ਵਿੱਚ ਆਉਣ ਵਾਲੇ ਲੋਕਾਂ ਨੂੰ ਭੂਤਾਂ ਪ੍ਰੇਤਾਂ ਤੋਂ ਬਚਾਉਂਦਾ ਹੈ। ਅਜਿਹੀਆਂ ਕਹਾਣੀਆਂ ਦੇ ਅਸਰ ਕਾਰਨ ਵੀ ਅਕਸਰ ਵਹਿਮਾਂ ਵਿੱਚ ਫਸੇ ਆਮ ਲੋਕ ਅਜਿਹੇ ਬਾਬਿਆਂ ਦੇ ਚੱਕਰ ਵਿੱਚ ਫਸ ਜਾਂਦੇ ਹਨ।
ਇਸਦੇ ਨਾਲ ਨਾਲ ਕੁੱਝ ਟੀ ਵੀ ਚੈਨਲਾਂ ਤੇ ਸਵੇਰੇ ਸ਼ਾਮ ਧਾਰਮਿਕ ਪ੍ਰੋਗਰਾਮ ਦੇ ਨਾਮ ਤੇ ਵੱਖ ਵੱਖ ਬਾਬਿਆਂ ਦੇ ਇਸ਼ਤਿਹਾਰਨੁਮਾ ਪ੍ਰੋਗਰਾਮਾਂ ਦਾ ਪ੍ਰਸਾਰਣ ਵੀ ਕੀਤਾ ਜਾਂਦਾ ਹੈ ਜਿਹੜੇ ਇਹਨਾਂ ਬਾਬਿਆਂ ਵਲੋਂ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਖੁਦ ਹੀ ਤਿਆਰ ਕੀਤੇ ਜਾਂਦੇ ਹਨ। ਇਹਨਾਂ ਪ੍ਰਗਰਾਮਾਂ ਵਿੱਚ ਇੱਕ ਗੱਲ ਸਾਂਝੀ ਹੁੰਦੀ ਹੈ ਕਿ ਇਹਨਾਂ ਬਾਬਿਆਂ ਦੇ ਕਥਿਤ ਭਗਤ ਵਾਰੀ ਵਾਰੀ ਆਪਣੇ ਦੁਖੜੇ ਦੱਸਦੇ ਹਨ ਅਤੇ ਇਹ ਬਾਬੇ ਆਪਣੇ ਸ਼ਰਧਾਲੂਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹਿੰਦੇ ਹਨ। ਅਜਿਹੇ ਪ੍ਰੋਗਰਾਮ ਭੋਲੇ ਭਾਲੇ ਲੋਕਾਂ ਦੇ ਦਿਲੋ ਦਿਮਾਗ ਤੇ ਗਹਿਰਾ ਪ੍ਰਭਾਵ ਛੱਡਦੇ ਹਨ ਅਤੇ ਇਹਨਾਂ ਨੂੰ ਵੇਖ ਕੇ ਪ੍ਰਭਾਵਿਤ ਹੋਏ ਲੋਕਾਂ ਵਿੱਚ ਅੰਧਵਿਸ਼ਵਾਸ਼ ਅਤੇ ਵਹਿਮਾਂ ਭਰਮਾਂ ਦਾ ਪਸਾਰ ਹੁੰਦਾ ਹੈ।
ਅਜਿਹੇ ਪ੍ਰੋਗਰਾਮਾਂਕਾਰਨ ਅੰਧਵਿਸ਼ਵਾਸ਼ ਦੇ ਇਸ ਲਗਾਤਾਰ ਵੱਧਦੇ ਪਸਾਰ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਭੂਤਾਂ ਪ੍ਰੇਤਾਂ, ਆਤਮਾਵਾਂ, ਤੰਤਰ ਮੰਤਰ, ਜਾਦੂ ਟੂਣੇ ਦਾ ਪ੍ਰਚਾਰ ਕਰਕੇ ਅੰਧਵਿਸ਼ਵਾਸ਼ ਫੈਲਾਉਣ ਵਾਲੇ ਅਜਿਹੇ ਗੁੰਮਰਾਹਕੁੰਨ ਪ੍ਰੋਗਰਾਮਾਂ ਉਪਰ ਪਾਬੰਦੀ ਲੱਗਾਈ ਜਾਵੇ। ਇਸਦੇ ਨਾਲ ਨਾਲ ਆਮ ਲੋਕਾਂ ਨੂੰ ਆਪਣੇ ਭਰਮ ਜਾਲ ਵਿਚ ਫਸਾਉਣ ਵਾਲੇ ਅਖੌਤੀ ਬਾਬਿਆਂ ਦੇ ਪੋ੍ਰਗਰਾਮਾਂ ਦੇ ਪ੍ਰਸਾਰਣ ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਸ ਤਰੀਕੇ ਨਾਲ ਲੋਕਾਂ ਵਿੱਚ ਅੰਧਵਿਸ਼ਵਾਸ ਦਾ ਪ੍ਰਚਾਰ ਅਤੇ ਪਸਾਰ ਕਰਨ ਵਾਲੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ।
Editorial
ਪ੍ਰਵਾਸ ਕਾਰਨ ਖਾਲੀ ਹੋਏ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦੇ ਪਿੰਡ ਦੀ ਚਰਚਾ ਨਾਲ ਮੁੜ ਉਭਰਿਆ ਪਰਵਾਸ ਦਾ ਮੁੱਦਾ
ਅੱਜ ਕੱਲ ਕੌਮੀ ਮੀਡੀਆ ਵਿੱਚ ਪ੍ਰਸਿੱਧ ਗਾਇਕ ਦਿਲਜੀਤ ਦੋਸਾਂਝ ਦੇ ਪਿੰਡ ਦੋਸਾਂਝ ਕਲਾਂ ਦੀ ਖਬਰ ਚਰਚਾ ਵਿੱਚ ਹੈ। ਜਲੰਧਰ ਜ਼ਿਲ੍ਹੇ ਦੀ ਫਿਲੌਰ ਤਹਿਸੀਲ ਦੇ ਪਿੰਡ ਦੋਸਾਂਝ ਕਲਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਪਿੰਡ ਦੇ ਜਿਆਦਾਤਰ ਪਰਿਵਾਰ ਪ੍ਰਵਾਸ ਕਰਕੇ ਵਿਦੇਸ਼ ਵਿੱਚ ਵਸ ਚੁੱਕੇ ਹਨ ਅਤੇ ਪਿੰਡ ਵਿੱਚ ਹਰ ਦੂਜੇ ਘਰ ਦੇ ਬਾਹਰ ਤਾਲਾ ਲੱਗਿਆ ਹੋਇਆ ਹੈ।
ਇਸ ਪਿੰਡ ਦੇ ਹਰ ਦੂਜੇ ਘਰ ਵਿੱਚ ਲੱਗੇ ਤਾਲੇ ਆਪਣੀ ਕਹਾਣੀ ਆਪ ਕਹਿ ਰਹੇ ਹਨ। ਅਜਿਹਾ ਸਿਰਫ ਦੋਸਾਂਝ ਕਲਾਂ ਵਿੱਚ ਹੀ ਨਹੀਂ ਹੈ ਬਲਕਿ ਪੰਜਾਬ ਦੇ ਦੋਆਬਾ ਖੇਤਰ ਦੇ ਵੱਡੀ ਗਿਣਤੀ ਪਿੰਡਾਂ ਦੀ ਅਸਲੀਅਤ ਇਹੀ ਹੈ। ਦੋਆਬਾ ਖੇਤਰ ਦੇ ਅਨੇਕਾਂ ਪਿੰਡ ਅਜਿਹੇ ਹਨ, ਜਿਹਨਾਂ ਦੇ ਵੱਡੀ ਗਿਣਤੀ ਵਸਨੀਕ ਵਿਦੇਸ਼ਾਂ ਵਿੱਚ ਜਾ ਚੁੱਕੇ ਹਨ ਅਤੇ ਪਿੱਛੇ ਘਰਾਂ ਨੂੰ ਤਾਲੇ ਲੱਗੇ ਹੋਏ ਹਨ। ਇਹਨਾਂ ਵਿਦੇਸ਼ ਗਏ ਲੋਕਾਂ ਨੇ ਆਪਣੇ ਪਿੰਡਾਂ ਵਿੱਚ ਆਲੀਸ਼ਾਨ ਘਰ ਬਣਾਏ ਹੋਏ ਹਨ, ਜੋ ਖਾਲੀ ਪਏ ਹਨ। ਇਸ ਮੁੱਦੇ ਤੇ ਹੀ ਹਿੰਦੀ ਫਿਲਮ ‘ਡੰਕੀ’ ਬਣਾਈ ਗਈ ਸੀ, ਜਿਸ ਵਿੱਚ ਸ਼ਾਹਰੁਖ ਖਾਨ ਨੇ ਮੁੱਖ ਭੂੁਮਿਕਾ ਨਿਭਾਈ ਸੀ। ਹੁਣ ਇਸੇ ਮੁੱਦੇ ਤੇ ਹੀ ਪੰਜਾਬੀ ਫਿਲਮ ‘ਵੱਡਾ ਘਰ’ ਬਣਾਈ ਗਈ ਹੈ।
ਪੰਜਾਬ ਵਿੱਚੋਂ ਸਭ ਤੋਂ ਪਹਿਲਾਂ ਦੋਆਬਾ ਖੇਤਰ ਦੇ ਲੋਕਾਂ ਨੇ ਹੀ ਵਿਦੇਸ਼ਾਂ ਨੂੰ ਪਰਵਾਸ ਕੀਤਾ। ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਦੋਆਬੇ ਵਿੱਚ ਜ਼ਮੀਨਾਂ ਦੀ ਘਾਟ ਹੈ। ਦੋਆਬੇ ਤੋਂ ਬਾਅਦ ਮਾਲਵੇ ਅਤੇ ਮਾਝੇ ਦੇ ਲੋਕ ਵੀ ਪਰਵਾਸ ਦੇ ਰਾਹ ਪੈ ਗਏ, ਹੁਣ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮਾਲਵੇ ਤੋਂ ਹਰ ਦਿਨ ਜਹਾਜ਼ ਭਰ ਕੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹੋਣ।
ਪਹਿਲਾਂ ਪੰਜਾਬੀ ਨੌਜਵਾਨ ਵੱਧ ਤੋਂ ਵੱਧ 10-12 ਸਾਲਾਂ ਲਈ ਵਿਦੇਸ਼ ਜਾਂਦੇ ਸਨ ਅਤੇ ਕਮਾਈ ਕਰਕੇ ਵਾਪਸ ਆ ਜਾਂਦੇ ਸਨ। ਹੁਣ ਲੋਕ ਕਮਾਈ ਕਰਨ ਲਈ ਵੀ ਵਿਦੇਸ਼ ਜਾਂਦੇ ਹਨ ਪਰ ਉਹਨਾਂ ਦਾ ਮੁੱਖ ਮਕਸਦ ਉਥੇ ਜਾ ਕੇ ਪੱਕੇ ਵਸਨੀਕ ਬਣਨਾ ਹੀ ਹੁੰਦਾ ਹੈ। ਇਹ ਗੱਲ ਹੋਰ ਹੈ ਕਿ ਹੁਣ ਕੈਨੇਡਾ ਅਤੇ ਅਮਰੀਕਾ ਸਮੇਤ ਵੱਡੀ ਗਿਣਤੀ ਦੇਸ਼ਾਂ ਨੇ ਪਰਵਾਸੀ ਲੋਕਾਂ ਲਈ ਸਖ਼ਤ ਕਾਨੂੰਨ ਬਣਾ ਦਿਤੇ ਹਨ ਪਰੰਤੂ ਅਜਿਹੇ ਕਾਨੂੰਨ ਵੀ ਪੰਜਾਬੀਆਂ ਨੂੰ ਪਰਵਾਸ ਕਰਨ ਤੋਂ ਰੋਕਣ ਵਿੱਚ ਅਸਮਰਥ ਹਨ ਜਿਹੜੇ ਲੋੜ ਪੈਣ ਤੇ ਹਵਾਈ ਜਹਾਜ਼ ਦੇ ਟਾਇਰਾਂ ਵਿੱਚ ਬੈਠ ਕੇ ਵਿਦੇਸ਼ ਤੱਕ ਦਾ ਸਫਰ ਕਰ ਚੁੱਕੇ ਹਨ।
ਇਸ ਵੇਲੇ ਤਾਂ ਹਾਲਾਤ ਇਹ ਹਨ ਕਿ ਪੰਜਾਬ ਦੇ ਵਸਨੀਕਾਂ ਖਾਸ ਕਰਕੇ ਹਰ ਅੱਲ੍ਹੜ ਤੇ ਨੌਜਵਾਨ ਮੁੰਡੇ ਕੁੜੀਆਂ ਉਪਰ ਉਚੇਰੀ ਪੜ੍ਹਾਈ ਕਰਨ ਦੇ ਬਹਾਨੇ ਸੱਤ ਸਮੁੰਦਰ ਪਾਰ ਜਾ ਕੇ ਵਿਦੇਸ਼ ਵਿੱਚ ਵਸਣ ਦਾ ਜਨੂਨ ਜਿਹਾ ਹਾਵੀ ਹੈ, ਜਿਸਦਾ ਸਬੂਤ ਹਰ ਪਿੰਡ-ਸ਼ਹਿਰ ਦੀ ਹਰ ਗਲੀ ਮੋੜ ਉਪਰ ਖੁਲ੍ਹੇ ਆਈਲੈਟਸ ਕੇਂਦਰਾਂ ਵਿੱਚ ਵਿਦੇਸ਼ ਜਾਣ ਦੇ ਚਾਹਵਾਨ ਮੁੰਡੇ ਕੁੜੀਆਂ ਦੀ ਭੀੜ ਨਾਲ ਸਹਿਜੇ ਹੀ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਪੰਜਾਬੀਆਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ, ਜੋ ਕਿ ਹਰ ਹੀਲੇ ਵਿਦੇਸ਼ ਜਾਣਾ ਚਾਹੁੰਦੇ ਹਨ ਅਤੇ ਏਜੰਟਾਂ ਦੇ ਢਹੇ ਚੜ੍ਹ ਕੇ ਨਜਾਇਜ਼ ਅਤੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਅਤੇ ਹੋਰ ਵਿਕਸਤ ਮੁਲਕਾਂ ਵਿੱਚ ਜਾਣ ਦਾ ਯਤਨ ਕਰਦੇ ਹਨ। ਇਹ ਗੱਲ ਹੋਰ ਹੈ ਕਿ ਵਿਦੇਸ਼ ਜਾਣ ਦੇ ਚਾਹਵਾਨ ਇਹਨਾਂ ਨੌਜਵਾਨਾਂ ਵਿਚੋਂ ਵੱਡੀ ਗਿਣਤੀ ਸਹੀ ਟਿਕਾਣੇ ਉਪਰ ਪਹੁੰਚਣ ਦੀ ਥਾਂ ਜਾਂ ਤਾਂ ਕਿਸ਼ਤੀਆਂ ਰਾਹੀਂ ਸਰਹੱਦ ਪਾਰ ਕਰਨ ਸਮੇਂ ਸਮੁੰਦਰ ਦੇ ਬਰਫ ਵਰਗੇ ਪਾਣੀ ਵਿੱਚ ਡੁਬ ਜਾਂਦੇ ਹਨ ਜਾਂ ਫਿਰ ਡੁਬੋ ਦਿਤੇ ਜਾਂਦੇ ਹਨ। ਅਜਿਹੇ ਕਈ ਨੌਜਵਾਨ ਵਿਦੇਸ਼ੀ ਪੁਲੀਸ ਦੇ ਹੱਥੇ ਚੜ੍ਹ ਕੇ ਵਿਦੇਸ਼ੀ ਜੇਲਾਂ ਵਿੱਚ ਕੈਦ ਹੋ ਕੇ ਰਹਿ ਜਾਂਦੇ ਹਨ, ਜਿਥੇ ਕਿ ਉਹ ਉਸ ਮੁਲਕ ਵਿਚ ਬੋਲੀ ਜਾਂਦੀ ਭਾਸ਼ਾ ਦੀ ਜਾਣਕਾਰੀ ਨਾ ਹੋਣ, ਪੈਸੇ ਦੀ ਤੋਟ ਹੋਣ ਅਤੇ ਹੋਰ ਕੋਈ ਹੀਲਾ ਨਾ ਹੋਣ ਕਰਕੇ ਆਪਣੀ ਰਿਹਾਈ ਲਈ ਕੋਈ ਚਾਰਾਜੋਈ ਵੀ ਨਹੀਂ ਕਰ ਸਕਦੇ।
ਇੱਕ ਅੰਦਾਜੇ ਮੁਤਾਬਕ ਗੈਰ ਕਾਨੂੰਨੀ ਪਰਵਾਸ ਕਰਨ ਦੀ ਕੋਸ਼ਿਸ਼ ਦੌਰਾਨ ਪੰਜਾਬੀਆਂ ਸਮੇਤ ਹੁਣ ਤੱਕ 35 ਹਜ਼ਾਰ ਤੋਂ ਵੱਧ ਪਰਵਾਸੀ ਸਮੁੰਦਰ ਵਿਚ ਡੁੱਬ ਮੋਏ ਹਨ। ਬੇਗਾਨੇ ਮੁਲਕਾਂ ਵਿੱਚ ਸਮੁੰਦਰ ਦੇ ਬਰਫ ਵਰਗੇ ਪਾਣੀ ਵਿੱਚ ਡੁੱਬਣ ਕਾਰਨ ਉਹਨਾਂ ਦੀਆਂ ਜਿਉਂਦਿਆਂ ਦੀਆਂ ਸਮਾਧਾਂ ਬਣ ਗਈਆਂ। ਉਹਨਾਂ ਦੀਆਂ ਅੰਤਿਮ ਰਸਮਾਂ ਤਾਂ ਕਿਸੇ ਨੇ ਕੀ ਕਰਨੀਆਂ ਸਨ, ਉਹਨਾਂ ਦੇ ਸਰੀਰ ਮੱਛੀਆਂ ਅਤੇ ਹੋਰ ਸਮੁੰਦਰੀ ਜੀਵਾਂ ਦੀ ਖੁਰਾਕ ਬਣ ਗਏ। ਅਜਿਹੇ ਨੌਜਵਾਨਾਂ ਦੇ ਮਾਪੇ ਅਜੇ ਵੀ ਆਪਣੇ ਪੁੱਤਰਾਂ ਦੀ ਉਡੀਕ ਕਰ ਰਹੇ ਹਨ।
ਪੰਜਾਬ ਦੀ ਮੌਜੂਦਾ ਸਰਕਾਰ ਦਾਅਵੇ ਕਰਦੀ ਹੈ ਕਿ ਅਨੇਕਾਂ ਪੰਜਾਬੀ ਨੌਜਵਾਨਾਂ ਨੂੰ ਰੁਜਗਾਰ ਦੇ ਕੇ ਉਸ ਨੇ ਪਰਵਾਸ ਨੂੰ ਠੱਲ ਪਾਈ ਹੈ ਪਰ ਹਰ ਦਿਨ ਪੰਜਾਬ ਤੋਂ ਦਿੱਲੀ ਦੇ ਏਅਰਪੋਰਟ ਵੱਲ ਕਾਰਾਂ ਟੈਕਸੀਆਂ ਵਿੱਚ ਜਾਂਦੇ ਪੰਜਾਬੀ ਨੌਜਵਾਨ ਆਪਣੀ ਕਹਾਣੀ ਖੁਦ ਕਹਿੰਦੇ ਹਨ। ਪੰਜਾਬੀਆਂ ਦੇ ਪਰਵਾਸ ਕਰਨ ਦੇ ਬਹੁਤ ਕਾਰਨ ਹਨ ਜਿਹਨਾਂ ਬਾਰੇ ਪਹਿਲਾਂ ਹੀ ਬਹੁਤ ਕੁਝ ਲਿਖਿਆ ਤੇ ਕਿਹਾ ਜਾ ਚੁਕਿਆ ਹੈ। ਪੰਜਾਬੀਆਂ ਦੇ ਪਰਵਾਸ ਬਾਰੇ ਚਿੰਤਾ ਤਾਂ ਹਰ ਬੁੱਧੀਜੀਵੀ ਕਰਦਾ ਹੈ ਪਰ ਪਰਵਾਸ ਨੂੰ ਰੋਕਣ ਸਬੰਧੀ ਕੋਈ ਠੋਸ ਸੁਝਾਅ ਕੋਈ ਵੀ ਨਹੀਂ ਦੇ ਸਕਿਆ, ਜਿਸ ਕਰਕੇ ਪੰਜਾਬੀਆਂ ਦਾ ਪਰਵਾਸ ਪਹਿਲਾਂ ਵਾਂਗ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣ ਦੇ ਆਸਾਰ ਹਨ।
ਬਿਊਰੋ
Editorial
ਸ਼ਹਿਰ ਵਿਚਲੇ ਰਿਹਾਇਸ਼ੀ ਖੇਤਰ ਦੀਆਂ ਅੰਦਰੂਨੀ ਸੜਕਾਂ ਦੀ ਚੌੜਾਈ ਵਧਾਏ ਪ੍ਰਸ਼ਾਸ਼ਨ
ਸਾਡੇ ਸ਼ਹਿਰ ਨੂੰ ਭਾਵੇਂ ਇੱਕ ਅਤਿਆਧੁਨਿਕ ਪੱਧਰ ਦੇ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਪੰਜਾਬ ਸਰਕਾਰ ਦਾਅਵਿਆਂ ਵਿੱਚ ਸ਼ਹਿਰ ਵਾਸੀਆਂ ਨੂੰ ਵਿਸ਼ਵਪੱਧਰੀ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਪਰੰਤੂ ਜਮੀਨੀ ਹਾਲਾਤ ਇਹ ਹਨ ਕਿ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਲਈ ਵੀ ਬੁਰੀ ਤਰ੍ਹਾਂ ਤੰਗ ਹੋਣਾ ਪੈਂਦਾ ਹੈ। ਸਾਡੇ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਦੀਆਂ ਤੰਗ ਗਲੀਆਂ ਇਸਦੀ ਸਭਤੋਂ ਵੱਡੀ ਮਿਸਾਲ ਹਨ ਜਿੱਥੇ ਜੇਕਰ ਕੋਈ ਵਿਅਕਤੀ ਘਰ ਦੇ ਸਾਮ੍ਹਣੇ ਸੜਕ ਤੇ ਵਾਹਨ ਖੜ੍ਹਾ ਕਰ ਦੇਵੇ ਤਾਂ ਉੱਥੋਂ ਕਿਸ ਹੋਰ ਵਾਹਨ ਦਾ ਲੰਘਣਾ ਤਕ ਔਖਾ ਹੋ ਜਾਂਦਾ ਹੈ।
ਇਸਦਾ ਮੁੱਖ ਕਾਰਨ ਇਹ ਹੈ ਕਿ ਸ਼ਹਿਰ ਦੇ ਨਕਸ਼ੇ ਵਿੱਚ ਭਾਵੇਂ ਵੱਖ ਵੱਖ ਫੇਜ਼ਾਂ ਦੀਆਂ ਅੰਦਰੂਨੀ ਸੜਕਾਂ (ਗਲੀਆਂ) ਦੀ ਚੌੜਾਈ 35 ਤੋਂ 45 ਫੁੱਟ ਤਕ ਦਿਖਾਈ ਗਈ ਹੈ ਪਰੰਤੂ ਇਸ ਵਿੱਚੋਂ ਆਮ ਲੋਕਾਂ ਦੀ ਆਵਾਜਾਈ ਲਈ ਸਿਰਫ 12 ਤੋਂ 14 ਫੁੱਟ ਚੌੜੀ ਸੜਕ ਦੀ ਹੀ ਉਸਾਰੀ ਕੀਤੀ ਗਈ ਹੈ। ਬਾਕੀ ਬਚਦੀ ਲਗਭਗ ਦੋ ਤਿਹਾਈ ਥਾਂ ਲੋਕਾਂ ਦੇ ਘਰਾਂ ਸਾਮ੍ਹਣੇ ਖਾਲੀ ਛੱਡੀ ਹੋਣ ਕਾਰਨ ਉੱਥੇ ਲੋਕਾਂ ਵਲੋਂ ਬਗੀਚੀਆਂ ਬਣਾ ਲਈਆਂ ਗਈਆਂ ਜਾਂ ਪੱਕੇ ਕਬਜੇ ਕਰ ਲਏ ਜਾਣ ਕਾਰਨ ਉਹਨਾਂ ਦੀ ਨਿੱਜੀ ਵਰਤੋਂ ਹੇਠ ਹੈ।
50 ਸਾਲ ਪਹਿਲਾਂ ਜਦੋਂ ਸਾਡੇ ਸ਼ਹਿਰ ਦੀ ਉਸਾਰੀ ਦਾ ਅਮਲ ਆਰੰਭ ਹੋਇਆ ਸੀ ਉਸ ਵੇਲੇ ਇਸਦੇ ਯੋਜਨਾਕਾਰਾਂ ਵਲੋਂ ਇਸ ਗੱਲ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ ਕਿ ਭਵਿੱਖ ਵਿੱਚ ਸ਼ਹਿਰ ਦੇ ਵਿਕਾਸ ਦੇ ਪੜਾਆਂ ਦੌਰਾਨ ਜਦੋਂ ਸ਼ਹਿਰ ਦੀ ਆਬਾਦੀ ਵਿੱਚ ਵਾਧਾ ਹੋ ਜਾਵੇਗਾ ਅਤੇ ਲੋਕਾਂ ਕੋਲ ਆਵਾਜਾਈ ਲਈ ਨਿੱਜੀ ਵਾਹਨਾਂ ਦੀ ਗਿਣਤੀ ਵੱਧ ਜਾਵੇਗੀ ਤਾਂ ਸ਼ਹਿਰ ਵਿੱਚ ਬਣਾਈਆਂ ਜਾ ਰਹੀਆਂ ਇਹ ਤੰਗ ਗਲੀਆਂ ਲੋਕਾਂ ਦੀਆਂ ਆਵਾਜਾਈ ਲੋੜਾਂ ਨੂੰ ਪੂਰਾ ਕਰਨ ਦੀ ਸਮਰਥ ਨਹੀਂ ਰਹਿਣਗੀਆਂ। ਉਹਨਾਂ ਵਲੋਂ ਇਸ ਗੱਲ ਦਾ ਵੀ ਕੋਈ ਧਿਆਨ ਨਹੀਂ ਰੱਖਿਆ ਕਿ ਦੋ ਤਿੰਨ ਕਮਰਿਆਂ ਦੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਵਾਹਨ ਕਿੱਥੇ ਖੜ੍ਹੇ ਹੋਣਗੇ ਅਤੇ ਜਦੋਂ ਇਹ ਵਾਹਨ ਪਹਿਲਾਂ ਹੀ ਤੰਗ ਬਣਾਈਆਂ ਗਈਆਂ ਸੜਕਾਂ ਦੇ ਕਿਨਾਰੇ ਖੜ੍ਹੇ ਹੋ ਜਾਣਗੇ ਤਾਂ ਫਿਰ ਹੋਰਨਾਂ ਵਾਹਨਾਂ ਦੀ ਆਵਾਜਾਈ ਕਿਵੇਂ ਹੋਵੇਗੀ। ਸ਼ਹਿਰ ਦੀ ਉਸਾਰੀ ਦੇ ਪਹਿਲੇ ਦੋ ਤਿੰਨ ਦਹਾਕਿਆਂ ਦੌਰਾਨ (ਜਦੋਂ ਲੋਕਾਂ ਕੋਲ ਇੱਕਾ ਦੁੱਕਾ ਵਾਹਨ ਹੁੰਦੇ ਸਨ) ਆਮ ਲੋਕਾਂ ਨੂੰ ਇਹਨਾਂ ਸੜਕਾਂ ਦੀ ਚੌੜਾਈ ਨੂੰ ਲੈ ਕੇ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੀ ਪਰੰਤੂ ਸਮੇਂ ਦੇ ਨਾਲ ਨਾਲ ਸ਼ਹਿਰ ਵਿਚਲੇ ਰਿਹਾਇਸ਼ੀ ਖੇਤਰਾਂ ਦੀਆਂ ਇਹ ਤੰਗ ਗਲੀਆਂ ਆਮ ਵਸਨੀਕਾਂ ਲਈ ਵੱਡੀ ਪਰੇਸ਼ਾਨੀ ਬਣਦੀਆਂ ਗਈਆਂ। ਇੱਕ ਤਾਂ ਸ਼ਹਿਰ ਦੇ ਰਿਹਾਇਸ਼ੀ ਖੇਤਰ ਦੀਆਂ ਇਹਨਾਂ ਅੰਦਰੂਨੀ ਸੜਕਾਂ ਦੀ ਚੌੜਾਈ ਪਹਿਲਾਂ ਹੀ ਘੱਟ ਹੈ ਉੱਪਰੋਂ ਇਹਨਾਂ ਵਿੱਚ ਆਮ ਲੋਕਾਂ ਵਲੋਂ ਆਪਣੇ ਵਾਹਨ ਵੀ ਖੜ੍ਹੇ ਕਰ ਦਿੱਤੇ ਜਾਂਦੇ ਹਨ ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਜੇਕਰ ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸ਼ਨ ਵਲੋਂ ਹੁਣ ਤਕ ਆਮ ਲੋਕਾਂ ਦੀ ਇਸ ਸਮੱਸਿਆ ਤੋਂ ਪੂਰੀ ਤਰ੍ਹਾਂ ਟਾਲਾ ਵੱਟਿਆ ਜਾਂਦਾ ਰਿਹਾ ਹੈ ਅਤੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਨੂੰ ਚੌੜਾ ਕਰਨ ਲਈ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਪਿਛਲੇ ਕੁੱਝ ਸਾਲਾਂ ਤੋਂ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਸੜਕਾਂ ਕਿਨਾਰੇ ਬਣਾਏ ਗਏ ਫੁਟਪਾਥਾਂ ਨੂੰ ਨੀਵਾਂ ਕਰਕੇ ਕੰਮ ਜਰੂਰ ਚਲਾਇਆ ਜਾ ਰਿਹਾ ਹੈ, ਤਾਂ ਜੋ ਲੋਕ ਇਹਨਾਂ ਫੁਟਪਾਥਾਂ ਤੇ ਆਪਣੇ ਵਾਹਨ ਖੜ੍ਹੇ ਕਰ ਸਕਣ। ਪਰੰਤੂ ਸਵਾਲ ਇਹ ਵੀ ਹੈ ਕਿ ਜੇਕਰ ਇਹਨਾਂ ਫੁਟਪਾਥਾਂ ਦੀ ਉਸਾਰੀ ਗੱਡੀਆਂ ਦੀ ਪਾਰਕਿੰਗ ਲਈ ਹੀ ਕੀਤੀ ਜਾਣੀ ਹੈ ਤਾਂ ਫਿਰ ਪ੍ਰਸ਼ਾਸ਼ਨ ਵਲੋਂ ਇਹਨਾਂ ਗਲੀਆਂ ਨੂੰ ਚੌੜਾ ਕਿਉਂ ਨਹੀਂ ਕੀਤਾ ਜਾਂਦਾ ਅਤੇ ਹਰ ਸਾਲ ਕਰੋੜਾਂ ਰੁਪਏ ਖਰਚ ਕੇ ਇਹਨਾਂ ਫੁਟਪਾਥਾਂ ਦੀ ਉਸਾਰੀ ਕਰਵਾਉਣ ਦੀ ਭਲਾ ਕੀ ਤੁਕ ਬਣਦੀ ਹੈ।
ਨਗਰ ਨਿਗਮ ਦੇ ਅਧਿਕਾਰੀ ਤਰਕ ਦਿੰਦੇ ਹਨ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਮੁੱਢਲੀ ਪਲਾਨਿੰਗ ਵਿੱਚ ਕੋਈ ਬਦਲਾਅ ਕਰਨ ਦਾ ਅਧਿਕਾਰ ਉਹਨਾਂ ਕੋਲ ਨਹੀਂ ਹੈ ਅਤੇ ਪਲਾਨਿੰਗ ਵਿੱਚ ਤਬਦੀਲੀ ਗਮਾਡਾ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਹਾਲਾਂਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਨਗਰ ਨਿਗਮ ਵਲੋਂ ਇਸ ਸੰਬੰਧੀ ਗਮਾਡਾ ਨਾਲ ਤਾਲਮੇਲ ਕਰਕੇ ਸ਼ਹਿਰ ਦੀ ਮੁੱਢਲੀ ਪਲਾਨਿੰਗ ਵਿੱਚ ਲੋੜੀਂਦੀ ਤਬਦੀਲੀ ਕਿਊਂ ਨਹੀਂ ਕਰਵਾਈ ਗਈ ਹੈ। ਨਗਮ ਨਿਗਮ ਦੇ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਕਰਨ ਅਤੇ ਇਸ ਸੰਬੰਧੀ ਗਮਾਡਾ ਦੇ ਸੰਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸ਼ਹਿਰ ਦੀ ਮੁੱਢਲੀ ਪਲਾਨਿੰਗ ਵਿੱਚ ਲੋੜੀਂਦਾ ਫੇਰਬਦਲ ਕਰਵਾਉਣ ਅਤੇ ਅੰਦਰੂਨੀ ਸੜਕਾਂ ਦੀ ਚੌੜਾਈ ਵਿੱਚ ਵਾਧਾ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸੰਬੰਧੀ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇ।
-
National2 months ago
ਬੱਸ ਪਲਟਣ ਕਾਰਨ 5 ਵਿਅਕਤੀਆਂ ਦੀ ਮੌਤ, 2 ਦਰਜਨ ਵਿਅਕਤੀ ਜ਼ਖ਼ਮੀ
-
International2 months ago
ਗੌਤਮ ਅਡਾਨੀ ਤੇ ਨਿਊਯਾਰਕ ਵਿੱਚ ਧੋਖਾਧੜੀ ਅਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
-
Chandigarh2 months ago
ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 3 ਵਜੇ ਤੱਕ ਹੋਈ 50 ਫੀਸਦੀ ਪੋਲਿੰਗ
-
Chandigarh2 months ago
ਪੰਜਾਬ ਯੂਨੀਵਰਸਿਟੀ ਦੇ ਮੁੰਡਿਆਂ ਦੇ ਹੋਸਟਲ ਵਿੱਚ ਹਿਮਾਚਲ ਦੇ ਨੌਜਵਾਨ ਦੀ ਮੌਤ
-
Mohali2 months ago
ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ
-
International1 month ago
ਭਾਰਤ ਦੀ ਆਸਟਰੇਲੀਆ ਵਿੱਚ ਆਸਟਰੇਲੀਆ ਤੇ ਸਭ ਤੋਂ ਵੱਡ ਜਿੱਤ
-
National2 months ago
ਬੋਰਵੈਲ ਵਿੱਚ ਡਿੱਗਣ ਕਾਰਨ 4 ਸਾਲਾ ਬੱਚੇ ਦੀ ਮੌਤ
-
Chandigarh2 months ago
ਪੰਜਾਬ ਵਿਧਾਨਸਭਾ ਦੀ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ