Editorial
ਗੁਰਸ਼ਰਨ, ਭਗਤ ਸਿੰਘ ਦਾ ਕੀ ਲੱਗਦਾ : ਸੰਜੀਵਨ ਸਿੰਘ
ਅਸੀ ਚਾਹੁੰਨੇ ਆਂ, ਭਗਤ ਸਿੰਘ ਫੇਰ ਆਵੇ ਸਾਨੂੰ ਨਸ਼ਿਆਂ, ਫਿਰਕਾਪ੍ਰਸਤੀ, ਜਾਤ-ਪਾਤ, ਭ੍ਰਿਸ਼ਟਾਚਾਰ ਦੇ ਗਧੀ- ਗੇੜ ਵਿੱਚੋਂ ਕੱਢਣ ਲਈ ਸਾਡੇ ਵਾਸਤੇ ਕੁੱਲੀ, ਗੁੱਲੀ ਤੇ ਜੁੱਲੀ ਦਾ ਹੀਲਾ ਕਰਨ ਲਈ। ਭਗਤ ਸਿੰਘ ਵਾਰ ਫੇਰ ਆਵੇ ਹੀ ਆਵੇ। ਸਾਨੂੰ ਸੰਕਟਾਂ, ਦੁੱਖ਼ਾਂ-ਤਕਲੀਫ਼ਾਂ ਤੋਂ ਖਹਿੜਾ ਛਡਵਾਉਣ ਲਈ, ਲੋੜਾਂ ਤੇ ਥੌੜ੍ਹਾ ਦੇ ਹੱਲ ਲਈ, ਸਾਡੇ ਸੁਪਨਿਆਂ ਤੇ ਖ਼ੁਆਬਾ ਨੂੰ ਸਾਕਾਰ ਕਰਨ ਲਈ, ਹੁਣ ਤਾਂ ਭਗਤ ਸਿੰਘ ਨੂੰ ਆਉਂਣਾ ਹੀ ਪਊ।
ਅਸੀਂ ਆਪਣੀਆਂ ਮੋਟਰਾ-ਕਾਰਾਂ ਪਿੱਛੇ, ਸਕੂਟਰਾਂ, ਮੋਟਰ-ਸਾਇਕਲਾਂ ਪਿੱਛੇ, ਝੱਗਿਆਂ-ਟੀ, ਬੂਨੈਣਾ ਉੱਤੇ ਭਗਤ ਸਿੰਘ ਦੀ ਮੁੱਛ ਨੂੰ ਤਾਓ ਦਿੰਦੇ ਦੀ ਤਸਵੀਰਾਂ ਅਤੇ ਸਟਿਕਰ ਲਗਵਾ ਕੇ ਅਤੇ ਭਗਤ ਸਿੰਘ ਵਰਗੀ ਬਸੰਤੀ ਪੱਗ ਬੰਨ ਕੇ ਆਪਣਾ ਫਰਜ਼ ਪੂਰਾ ਕਰ ਤਾਂ ਦਿੱਤਾ। ਹੁਣ ਤਾਂ ਯਾਰ ਭਗਤ ਸਿਆਂਹ, ਸਾਡੇ ਨੇਤਾ ਵੀ ਤੇਰੇ ਵਰਗੀਆਂ ਪੱਗਾਂ ਬੰਨਦੇ ਨੇ। ਕੁੜਤੇ ਪਜ਼ਾਮੇ ਵੀ ਲੱਗੇ ਪਾਉਣ, ਜਮ੍ਹਾਂ ਈ ਤੇਰੇ ਵਰਗੇ। ਹੁਣ ਤਾਂ ਅਸੀਂ ਮੁੱਛ ਨੂੰ ਤਾਓ ਵੀ ਦਿੰਨੇ ਆ, ਜਿਮੇਂ ਤੂੰ ਦਿੰਦਾ ਸੀ। ਹੁਣ ਤਾਂ ਆਜਾ ਯਾਰ ਭਗਤ ਸਿਆਂਹ, ਆਜਾ ਯਾਰਾਂ। ਇਕ ਵਾਰ ਜੰਮ ਸੂਰਮਿਆਂ, ਇਕ ਵਾਰ ਫੇਰ ਜੰਮ, ਕਿਸੇ ਮਾਂ ਦੀ ਸੁੱਲਖਣੀ ਕੁੱਖ ਵਿੱਚੋਂ ਸਾਡੇ ਆਲੀ ਬੇੜੀ ਲਾਅ ਬੰਨ੍ਹੇ।
ਪਰ ਇਕ ਗੱਲ ਚੇਤੇ ਰੱਖੀ ਜੰਮੀ ਜ਼ਰੂਰ ਪਰ ਸਾਡੇ ਘਰ ਨਾ ਜੰਮੀ, ਕਿਸੇ ਹੋਰ ਦੇ ਘਰ ਜੰਮੀ। ਤੂੰ ਲੈਣੇ ਨੇ ਪੰਗੇ ਜਣੇ-ਖਣੇ ਨਾਲ। ਅਸੀਂ ਆ ਬਾਲ-ਬੱਚੇਦਾਰ, ਕਬੀਲਦਾਰ, ਸਾਊ ਤੇ ਸ਼ਰੀਫ, ਉਹ ਵੀ ਪੁੱਜ ਕੇ। ਜੇ ਸਾਡੀ ਕੋਈ ਇਕ ਗੱਲ ਤੇ ਥੱਪੜ ਜੜ੍ਹ ਦਵੇਂ ਤਾਂ ਅਸੀਂ ਦੂਈ ਗੱਲ ਮੂਹਰੇ ਕਰ ਦਿੰਨੇ ਆਂ, ਅਹਿੰਸਾਵਾਦੀ ਜੋ ਹੋਏ। ਪੰਗਿਆਂ ਵਿੱਚ ਤਾਂ ਸਾਡੇ ਤੇ ਤਾਂ ਕੇਸ-ਕੂਸ ਦਰਜ ਹੋ ਜੂੰ। ਕਹਿੰਦੇ ਨੇ, ਵੀਜ਼ਾ ਤਾਂ ਕੀ, ਪਾਸਪੋਰਟ ਬਣਾਉਣ ਲਈ ਵੀ ਫਾਰਮ ਦੇ ਖ਼ਾਨੇ ਵਿੱਚ ਲਿਖਣਾ ਪੈਂਦਾ ਐ, ਕੋਈ ਪੁਲੀਸ ਕੇਸ ਤਾਂ ਨ੍ਹੀਂ। ਅਸੀਂ ਹੋਣੈ ਅਬਰੋਡ ਮੁਲਕ ਸੈਂਟਲ ਕਿਸੇ ਬਾਰਲੇ ਮੁਲਕ ਕਨੈਡਾ, ਅਮਰੀਕਾ, ਇੰਗਲੈਂਡ। ਇੱਥੇ ਹੈ ਕੀ ਮਿੱਟੀ, ਘੱਟੇ ਤੋਂ ਬਿਨ੍ਹਾਂ। ਬਾਬੂ ਚਾਹ-ਪਾਣੀ ਬਿਨ੍ਹਾਂ ਅੱਖ ਚੱਕ ਨੇ ਨ੍ਹੀ ਦੇਖਦੇ। ਇਹ ਵੀ ਪਤਾ ਨਹੀਂ, ਕਦ ਕੋਈ ਕੋਈ ਕਪੜੇ ਦੇਖ ਕੇ ਬੁਲਾਦੇ ਪਾਰ। ਤੂੰ ਹੀ ਯਾਰ ਸਾਂਭ ਆ ਕੇ ਕੰਜਰਖ਼ਾਨਾ।
ਭਗਤ ਸਿੰਘ ਜੰਮੇ ਜ਼ਰੂਰ ਪਰ ਸਾਡੇ ਨ੍ਹੀਂ, ਗੁਆਂਢੀਆਂ ਦੇ। ਭਾਵੇਂ ਆਟੇ ਵਿਚ ਲੂਣ ਹੀ ਸਹੀ, ਪੋਟਿਆ ਤੇ ਗਿਣਨ ਜੋਗੇ ਪਰ ਅਜਿਹੇ ਲੋਕ ਵੀ ਹੈਗੇ ਹਾਲੇ ਜਿਹੜੇ ਨਾ ਤਾਂ ਭਗਤ ਸਿੰਘ ਦੇ ਆਪਣੇ ਘਰ ਜੰਮਣ ਤੋਂ ਖੋਫਜ਼ਦਾ ਨੇ, ਨਾ ਹੀ ਆਪ ਭਗਤ ਸਿੰਘ ਬਨਣ ਤੋਂ ਭੈਅਭੀਤ। ਉਹ ਤਾਂ ਸਗੋਂ ਭਗਤ ਸਿੰਘ ਦੇ ਖ਼ਿਆਲਾ ਤੇ ਵਿਚਾਰਾਂ ਦੀ ਜੋਤ ਨੂੰ ਹਰ ਘਰ, ਹਰ ਦਰ ਤੇ ਜਗਾ ਰਹੇ ਨੇ। ਭਗਤ ਸਿੰਘ ਵਰਗੀ ਦਲੇਰੀ, ਬੇਬਾਕੀ, ਬੇਖੋਫ਼ੀ ਨਾਲ ਦੂਸ਼ਿਤ, ਭ੍ਰਿਸ਼ਟ ਅਤੇ ਗੰਧਲੇ ਹੋ ਗਏ ਸਮਾਜਿਕ ਤਾਣੇ-ਬਾਣੇ ਦੀ ਉਲਝੀ ਹੋਈ ਤੰਦ ਨੂੰ ਸੁਲਝਾਉਣ ਦੇ ਗੰਭੀਰ ਤੇ ਸੁਹਿਰਦ ਯਤਨ ਕਰ ਰਹੇ ਨੇ। ਭੈਅ ਭੀਤ, ਡਰੀ ਹੋਈ ਤੇ ਸਹਿਮੀ ਅਵਾਮ ਨੂੰ ਚਿੜ੍ਹੀਆਂ ਤੋਂ ਸ਼ੇਰ ਬਣਾਉਣ ਲਈ ਹਰ ਧਰਮ, ਜਾਤ, ਫ਼ਿਰਕੇ, ਰੰਗ ਤੇ ਨਸਲ ਦੇ ਲੋਕ ਉਨ੍ਹਾਂ ਨੂੰ ਹਲੂਣ ਰਹੇ ਨੇ, ਹਲਾਸ਼ੇਰੀ ਦੇ ਰਹੇ ਨੇ। ਇੰਨ੍ਹਾਂ ਵਤਨਪ੍ਰਸਤਾਂ ਦੇ ਕਾਫ਼ਲੇ ਵਿਚ ਕੁੱਝ ਕਲਮਕਾਰ ਤੇ ਕਲਾਕਾਰ ਵੀ ਸ਼ਾਮਿਲ ਨੇ।
ਕਲਮ ਤੇ ਕਲਾ ਦੇ ਅੰਬਰ ਵਿਚ ਜਿਸ ਗ਼ੈਰਤਮੰਦ ਇਨਸਾਨ ਦਾ ਨਾਂ ਧਰੂ ਤਾਰੇ ਵਾਂਗ ਲਿਸ਼ਕ ਰਿਹੈ, ਉਸਦਾ ਨਾਂ ਹੈ ਗੁਰਸ਼ਰਨ ਭਾਅ ਜੀ, ਭਾਈ ਮੰਨਾ ਸਿੰਘ। ਗੁਰਸ਼ਰਨ ਸਿਰਫ਼ ਆਪਣੇ ਜਾਣੂੰਆਂ, ਰੰਗਕਰਮੀਆਂ, ਕਲਮਕਾਰਾਂ ਤੇ ਕਲਾਕਾਰਾਂ ਦਾ ਹੀ ਭਾਅ ਜੀ ਨਹੀ ਸੀ। ਉਹ ਸਮਾਜ ਦੇ ਦੱਬੇ-ਕੁੱਚਲੇ, ਪੀੜਤ, ਸ਼ੌਸ਼ਿਤ ਅਤੇ ਸਾਧਣ-ਹੀਣ ਤਬਕੇ ਦਾ ਵੀ ਭਾਅ ਜੀ ਸੀ। ਸ਼ਹੀਦ, ਕਲਮਕਾਰ ਤੇ ਕਲਾਕਾਰ ਕਦੇ ਵੀ ਇਕ ਜਾਤ, ਧਰਮ, ਫਿਰਕੇ, ਨਸਲ, ਰੰਗ ਦੇ ਨਹੀਂ ਹੁੰਦੇ। ਇਹ ਤਾਂ ਸਾਰੀ ਇਨਸਾਨੀਅਤ ਦੇ, ਸਾਰੀ ਕਾਇਨਾਤ ਦੇ ਹੁੰਦੇ ਨੇ।
ਭਗਤ ਸਿੰਘ ਤੇ ਗੁਰਸ਼ਰਨ ਭਾਜੀ ਵਿਚ ਜਿਹੜੀ ਮੁੱਢਲੀ ਸਾਂਝ ਸੀ ਉਹ ਇਹ ਸੀ ਕਿ ਦੋਵੇਂ ਰੰਗਕਰਮੀ ਸਨ। ਭਗਤ ਸਿੰਘ ਨੇ ਵਿਦਿਆਰਥੀ ਜੀਵਨ ਵਿਚ ਲਾਹੌਰ ਵਿੱਚ ਕੁੱਝ ਨਾਟਕਾਂ ਵਿਚ ਹਿੱਸਾ ਲਿਆ, ਤੇ ਗੁਰਸ਼ਰਨ ਭਾਅ ਜੀ ਨੇ ਨਾਟਕ ਰਾਹੀਂ ਲੋਕ-ਮਸਲੇ, ਲੋਕ-ਮੁਹਾਵਰੇ ਵਿੱਚ ਉਭਾਰੇ। ਸਾਡੇ ਚੇਤਿਆਂ ਵਿਚ ਭਗਤ ਸਿੰਘ ਦੀ ਸ਼ਖਸੀਅਤ ਗੁਸੈਲ ਨੌਜਵਾਨ ਦੀ ਐ, ਇਕ ਹੱਥ ਪਸਤੌਲ ਤੇ ਦੂਜਾ ਹੱਥ ਮੁੱਛ ਤੇ, ਚਿਹਰਾਂ ਤਣਿਆ ਹੋਇਆ। ਪਰ ਇਸਦੇ ਬਿਲਕੁੱਲ ਉਲਟ ਭਗਤ ਸਿੰਘ ਯਾਰਾਂ ਦਾ ਯਾਰ ਸੀ, ਹਾਸਾ-ਠੱਠਾ ਕਰਦਾ ਸੀ, ਫਿਲਮਾਂ ਤੇ ਵਧੀਆਂ ਭਾਂਤ-ਭਾਂਤ ਪਕਵਾਨਾਂ ਦਾ ਸ਼ੌਕੀਨ ਸੀ, ਸੁੰਦਰਤਾ ਦਾ ਵੀ ਪੁਜਾਰੀ ਸੀ।
ਗੁਰਸ਼ਰਨ ਭਾਅ ਜੀ ਜਦ ਕਿਸੇ ਨਾਟਕ ਵਿੱਚ ਰੋਲ ਨਿਭਾ ਰਹੇ ਹੁੰਦੇ ਜਾਂ ਕਿਸੇ ਮੁੱਦੇ-ਮਸਲੇ ਤੇ ਗੱਲ ਕਰਦੇ। ਉਹ ਹਮੇਸ਼ਾ ਭਾਵੁਕ ਹੋ ਕੇ ਰੋਹ ਵਿੱਚ ਆ ਜਾਂਦੇ। ਗੁੱਸੇ ਨਾਲ ਕੰਬਣ ਲੱਗ ਜਾਂਦੇ। ਪਰ ਜਦ ਸਧਾਰਣ ਅਵਸਥਾ ਵਿਚ ਹੁੰਦੇ ਤਾਂ ਇਕ ਦਮ ਬੱਚੇ ਹੁੰਦੇ। ਬੱਚਿਆਂ ਵਾਂਗ ਖਿਲਖਿਲਾਕੇ ਹੱਸਦੇ, ਬੱਚਿਆਂ ਵਾਂਗ ਰੁੱਸਦੇ ਤੇ ਝੱਟ ਮੰਨ ਜਾਂਦੇ।
ਭਗਤ ਸਿੰਘ ਨੇ ਆਪਣੇ ਖੇਤ ਵਿਚ ਬੰਦੂਕਾ ਬੀਜਿਆਂ ਤੇ ਗੁਰਸ਼ਰਨ ਸਿੰਘ ਨੇ ਸ਼ਬਦ। ਭਗਤ ਸਿੰਘ ਨੇ ਬੰਬਾਂ-ਬੰਦੂਕਾਂ ਨਾਲ ਦੇਸ਼ ਨੂੰ ਅਜ਼ਾਦ ਕਰਵਾਇਆਂ ਤੇ ਗੁਰਸ਼ਰਨ ਭਾਜੀ ਨੇ ਸਮਾਜਿਕ ਤਬਦੀਲੀ ਲਈ ਯਤਨ ਕੀਤੇ। ਇਕ ਸੋਚ ਤੇ ਵਿਚਾਰਧਾਰਾ ਹੋਣ ਲਈ ਸਮਕਾਲੀ ਹੋਣਾਂ ਕੋਈ ਜ਼ਰੂਰੀ ਨ੍ਹੀਂ। ਲਾਜ਼ਮੀ ਹੈ ਤਾਂ ਮਨੁੱਖਤਾ ਲਈ ਤੜਫ਼, ਲੋਕਾਈ ਲਈ ਦਰਦ, ਆਪਣੇ ਵਤਨ, ਆਪਣੀ ਮਿੱਟੀ ਲਈ ਕੁੱਝ ਕਰਨ ਗੁਜ਼ਰਨ ਦਾ ਜ਼ਜਬਾ। ਭਾਵੇਂ ਭਗਤ ਸਿੰਘ ਵੱਲੋਂ ਮੁਲਕ ਲਈ ਆਪਾ ਵਾਰਣ ਤੋਂ ਬਾਈ ਸਾਲ ਬਾਅਦ ਗੁਰਸ਼ਰਨ ਸਿੰਘ ਦਾ ਜਨਮ ਹੋਇਆ। ਦੋਵੇਂ ਬੇਸ਼ਕ ਵੱਖ-ਵੱਖ ਸਮਿਆਂ ਅਤੇ ਖੇਤਰਾਂ ਵਿਚ ਸਰਗਰਮ ਸਨ ਪਰ ਵਿਚਾਰਧਾਰਕ ਤੇ ਸਮਾਜਿਕ ਸਰੋਕਾਰ ਦੀ ਸਾਂਝ ਸਪਸ਼ਟ ਝਲਕਦੀ ਹੈ।
ਭਗਤ ਸਿੰਘ ਤੇ ਗੁਰਸ਼ਰਨ ਸਿੰਘ ਦੋਵੇਂ ਵਧੀਕੀਆਂ, ਧੱਕੇਸ਼ਾਹੀਆਂ ਤੇ ਹੈਂਕੜਾਂ ਖਿਲਾਫ਼ ਲੜੇ। ਭਗਤ ਸਿੰਘ ਲੜਿਆਂ ਬੇਗ਼ਾਨਿਆਂ ਨਾਲ ਤੇ ਗੁਰਸ਼ਰਨ ਸਿੰਘ ਆਪਣਿਆਂ ਨਾਲ। ਹਕੂਮਤਾਂ ਤੇ ਝੰਡੇ ਤਾਂ ਬਦਲੇ ਸਨ ਪਰ ਉਨ੍ਹਾਂ ਦੇ ਮਿਜ਼ਾਜ਼ ਤੇ ਕਿਰਦਾਰ ਨ੍ਹੀਂ ਬਦਲੇ। ਭਗਤ ਸਿੰਘ ਤੇ ਗੁਰਸ਼ਰਨ ਸਿੰਘ ਦਾ ਮੱਤ, ਸੋਚ ਤੇ ਸਮਝ ਸੀ, ਸਮਾਜਿਕ ਤਬਦੀਲੀ ਸਿਰਫ਼ ਹਥਿਆਰਾਂ ਨਾਲ ਹੀ ਨਹੀਂ, ਸਗੋਂ ਵਿਚਾਰਾਂ ਅਤੇ ਇਲਮ ਨਾਲ ਵੀ ਹੋ ਸਕਦੀ ਐ। ਦੋਵਾਂ ਨੇ ਹੀ ਨਾਬਰਾਬਰੀ ਅਤੇ ਵਿਤਕਰੇਬਾਜ਼ੀ ਖਿਲਾਫ਼ ਅਵਾਜ਼ ਬੁਲੰਦ ਕੀਤੀ ਅਤੇ ਸਾਰਾ ਕੁੱਝ, ਸਾਰਿਆ ਵਾਸਤੇ ਦਾ ਨਾਹਰਾ ਲਾਇਆ।
ਭਗਤ ਸਿੰਘ ਨੇ ਹਾਕਿਮ ਨੂੰ ਪੱਤਰ ਲਿਖ ਕੇ ਕਿਹਾ ਸੀ, ਉਹਨਾਂ ਨੂੰ ਫਾਂਸੀ ਦੇਣ ਦੀ ਥਾ ਗੋਲੀ ਮਾਰੀ ਜਾਵੇ। ਪਰ ਕਿਉਂਕਿ ਤੁਹਾਡੇ ਹੱਥ ਵਿਚ ਤਾਕਤ ਹੈ। ਦੁਨੀਆ ਵਿਚ ਤਾਕਤ ਨੂੰ ਸਾਰੇ ਹੱਕ ਹਾਸਲ ਹੁੰਦੇ ਹਨ। ਅਸੀਂ ਜਾਣਦੇ ਹਾਂ, ਤੁਸੀਂ ਲੋਕ ਆਪਣਾ ਇਰਾਦਾ ਪੂਰਾ ਕਰਨ ਲਈ, ਜਿਸ ਦੀ ਲਾਠੀ, ਉਸ ਦੀ ਮੈਸ ਦਾ ਅਸੂਲ ਅਪਨਾਉਗੇ। ਪਰ ਅਸੀਂ ਜੰਗੀ ਕੈਦੀ ਹਾਂ। ਇਸ ਲਈ ਅਸੀਂ ਮੰਗ ਕਰਦੇ ਹਾਂ, ਸਾਡੇ ਨਾਲ ਜੰਗੀ ਕੈਦੀਆਂ ਵਰਗਾ ਸਲੂਕ ਕੀਤਾ ਜਾਵੇ, ਫਾਂਸੀ ਉੱਤੇ ਲਟਕਾਉਣ ਦੀ ਬਜਾਏ ਸਾਨੂੰ ਗੋਲੀ ਨਾਲ ਉਡਾਇਆ ਜਾਵੇ। ਇਸ ਲਈ ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਆਪਣੇ ਫੌਜੀ ਮਹਿਕਮੇ ਨੂੰ ਹੁਕਮ ਦੇਵੋ, ਸਾਨੂੰ ਗੋਲੀ ਨਾਲ ਮਾਰਨ ਲਈ ਇਕ ਫੌਜੀ ਦਸਤਾ ਭੇਜੇ।
ਗੁਰਸ਼ਰਨ ਭਾਅ ਜੀ ਦੇ ਨਾਟਕੀ ਸਫ਼ਰ ਦੀ ਸ਼ੁਰੂਆਤ ਨਾਲ ਵੀ ਇਕ ਦਿਲਚਸਪ ਘਟਨਾ ਜੁੜੀ ਹੋਈ ਹੈ। ਉਹ ਹਾਈਡਰੌਲਿਕ ਮਾਹਿਰ ਦੇ ਤੌਰ ਉੱਤੇ ਭਾਖੜਾ ਡੈਮ ਤੇ ਕੰਮ ਕਰ ਰਹੇ ਸਨ। ਲੋਹੜੀ ਦੀ ਛੁੱਟੀ ਦੀ ਮੰਗ ਨੂੰ ਲੈ ਕੇ ਭਾਖੜਾ ਡੈਮ ਦੇ ਮੁਲਾਜ਼ਮਾਂ ਨੇ ਹੜਤਾਲ ਕਰ ਤੀ, ਗੁਰਸ਼ਰਨ ਭਾਅ ਜੀ ਨੇ ਕੁੱਝ ਘੰਟਿਆਂ ਵਿਚ ਨਾਟਕ ਲਿਖਿਆ ਕੇ ਮੰਚਿਤ ਕੀਤਾ ‘ਲੋਹੜੀ ਦੀ ਹੜਤਾਲ’। ਇਹ ਸੀ ਭਾਅ ਜੀ ਗੁਰਸ਼ਰਨ ਦਾ ਪਹਿਲਾਂ ਨਾਟਕ ਤੇ ਇਸ ਤੋਂ ਬਾਅਦ ਲਗਾਤਾਰ ਅੱਧੀ ਸਦੀ ਤੋਂ ਵੱਧ ਉਨ੍ਹਾਂ ਆਪਣੇ ਸੈਕੜੇ ਨਾਟਕਾਂ, ਨੁਕੜ ਨਾਟਕਾਂ ਦੇ ਹਜ਼ਾਰਾਂ ਮੰਚਣ ਪਿੰਡਾਂ, ਵਿਹੜਿਆਂ, ਸੱਥਾਂ, ਚੌਤਰਿਆਂ, ਗੱਲੀਆਂ-ਮੁੱਹਲਿਆਂ। ਸ਼ਹਿਰ ਦੇ ਵੱਡੇ ਆਡੀਟੋਰੀਅਮਾਂ ਤੋਂ ਇਲਾਵਾ ਕਨੇਡਾ, ਅਮਰੀਕਾ, ਇੰਗਲੈਂਡ ਸਮੇਤ ਕਈ ਦੇਸ਼ਾਂ ਵਿਚ ਮੰਚਣ ਕੀਤੇ।
ਰਾਤਾਂ ਚਾਹੇ ਕਿੰਨ੍ਹੀਆਂ ਵੀ ਕਾਲੀਆਂ ਹੋਣ, ਮਾਹੌਲ਼ ਭਾਵੇਂ ਕਿੰਨ੍ਹਾਂ ਵੀ ਸਾਹ-ਘੁੱਟਵਾਂ ਹੋਵੇ, ਦਾਨਵ ਭਾਵੇਂ ਕਿੰਨਾ ਦਾ ਦਨਦਨਾਉਣ ਪਰ ਜਦ ਮਾਨਵ ਰੋਹ ਵਿੱਚ ਗਿਆ। ਗੁਰੂਆਂ, ਪੀਰਾਂ-ਪੈਂਗਬਰਾਂ ਦੇ ਮੁਰੀਦਾ, ਦੇਸ ਭਗਤਾਂ, ਸੂਰਬੀਰਾਂ, ਯੋਧਿਆਂ ਦੀਆਂ ਕੁਰਬਾਨੀਆਂ ਦੇ ਵਾਰਿਸਾ ਨੇ ਉਪਰਲੀ-ਥੱਲੇ ਕਰ ਦੇਣੀ ਆ।
ਗੁਰਸ਼ਰਨ ਭਗਤ ਸਿੰਘ ਕੀ ਲੱਗਦੈ ਇਹ ਤਾਂ ਦੱਸਣ ਦੀ ਬਾਲ੍ਹੀ ਲੋੜ ਨ੍ਹੀਂ। ਪਰ ਇਸ ਸੋਚਣ ਦੀ ਲੋੜ ਜ਼ਰੂਰ ਐ, ਅਸੀਂ ਭਗਤ ਸਿੰਘ ਦੇ ਕੀ ਲੱਗਦੈ। ਅਸੀਂ ਭਗਤ ਸਿੰਘ ਦੇ ਕੁੱਸ਼ ਲੱਗਦੈ ਵੀ ਆਂ ਕਿ ਨਹੀਂ। ਜਦ ਅਸੀਂ ਭਗਤ ਸਿੰਘ ਦੇ ਕੁੱਸ਼ ਲੱਗਣ ਦੀ ਠਾਣ ਲਈ, ਧਾਰ ਲਿਆ ਭਗਤ ਸਿੰਘ ਬਨਣਾ ਵੀ ਆ ਤੇ ਭਗਤ ਸਿੰਘ ਜੰਮਣੇ ਵੀ ਨੇ। ਉਹ ਵੀ ਆਪਣੇ ਘਰ। ਫੇਰ ਸੁਲਝੂ ਤਾਣੀ, ਉਲਝੀ ਹੋਈ। ਫੇਰ ਪੁੱਠੀ ਹੋਊ ਸਿੱਧੀ।ਫੇਰ ਹਾਕਿਮ ਜਰਕਣਗੇ ਵੀ ਤੇ ਤ੍ਰਬਕਣਗੇ ਵੀ।
ਸੰਜੀਵਨ ਸਿੰਘ
Editorial
ਦੇਸ਼ ਨੂੰ ਖੋਖਲਾ ਕਰ ਰਿਹਾ ਹੈ ਹਰ ਪਾਸੇ ਫੈਲਿਆ ਭ੍ਰਿਸ਼ਟਾਚਾਰ
ਸਾਡੇ ਦੇਸ਼ ਵਿੱਚ ਹਰ ਪਾਸੇ ਲਗਾਤਾਰ ਵੱਧਦਾ ਭ੍ਰਿਸ਼ਟਾਚਾਰ ਹੁਣ ਇੱਕ ਅਜਿਹਾ ਘੁਣ ਬਣ ਗਿਆ ਹੈ ਜਿਹੜਾ ਸਾਡੀਆਂ ਜੜ੍ਹਾਂ ਨੂੰ ਲਗਾਤਾਰ ਖੋਖਲਾ ਕਰਦਾ ਜਾ ਰਿਹਾ ਹੈ। ਪਿਛਲੇ ਕੁੱਝ ਦਹਾਕਿਆਂ ਦੌਰਾਨ ਵੱਖ- ਵੱਖ ਸਰਕਾਰੀ ਵਿਭਾਗਾਂ ਵਿੱਚ ਫੈਲੀ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਟੱਪ ਗਿਆ ਹੈ ਅਤੇ ਲੋਕਾਂ ਨੂੰ ਆਪਣੇ ਜਾਇਜ ਕੰਮਾਂ ਕਾਰਾਂ ਲਈ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਿਸ਼ਵਤ ਦੇਣ ਲਈ ਮਜਬੂਰ ਹੋਣਾ ਹੀ ਪੈਂਦਾ ਹੈ। ਉੱਪਰ ਤਕ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਕਾਰਨ ਆਮ ਆਦਮੀ ਦੀ ਕਿਤੇ ਸੁਣਵਾਈ ਵੀ ਨਹੀਂ ਹੁੰਦੀ।
ਹੁਣ ਤਾਂ ਦੇਸ਼ ਦੀ ਸੁਰਖਿਆ ਕਰਨ ਵਾਲੀ ਭਾਰਤੀ ਫੌਜ ਅਤੇ ਰਖਿਆ ਵਿਭਾਗ ਉੱਪਰ ਵੀ ਭ੍ਰਿਸ਼ਟਾਚਾਰ ਦਾ ਇਹ ਪਰਛਾਵਾਂ ਪੈ ਚੁਕਿਆ ਹੈ ਅਤੇ ਸਮੇਂ ਸਮੇਂ ਤੇ ਵੱਖ ਵੱਖ ਰਖਿਆ ਸੌਦਿਆਂ ਵਿੱਚ ਦਲਾਲੀ ਹੋਣ ਦੀਆਂ ਖਬਰਾਂ ਵੀ ਸਾਮ੍ਹਣੇ ਆਉਂਦੀਆਂ ਰਹਿੰਦੀਆਂ ਹਨ। ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦਾ ਇਹ ਅਮਲ ਸਿਰਫ ਸਰਕਾਰੀ ਅਦਾਰਿਆਂ ਤਕ ਹੀ ਸੀਮਿਤ ਨਹੀਂ ਹੈ ਬਲਕਿ ਭ੍ਰਿਸ਼ਟਾਚਾਰ ਦੀ ਇਸ ਬਿਮਾਰੀ ਵਿੱਚ ਨਿੱਜੀ ਅਦਾਰਿਆਂ ਦੇ ਕਰਮਚਾਰੀ ਅਤੇ ਅਧਿਕਾਰੀ ਵੀ ਪੂਰੀ ਤਰ੍ਹਾਂ ਜਕੜੇ ਗਏ ਹਨ। ਅਜਿਹੀਆਂ ਕੰਪਨੀਆਂ ਜਿਹੜੀਆਂ ਆਪਣੇ ਕੰਮ ਕਾਜ ਲਈ ਹੋਰਨਾਂ ਲੋਕਾਂ ਤੋਂ ਠੇਕੇ ਤੇ ਕੰਮ ਕਰਵਾਉਂਦੀਆਂ ਹਨ ਜਾਂ ਆਪਣੇ ਉਤਪਾਦਾਂ ਲਈ ਬਾਜਾਰ ਤੋਂ ਸਾਮਾਨ ਖਰੀਦਦਆਂ ਹਨ, ਉਹਨਾਂ ਦੇ ਸੰਬੰਧਿਤ ਅਧਿਕਾਰੀਆਂ ਉੱਪਰ ਮੋਟੀ ਰਿਸ਼ਵਤ ਖਾਣ ਦੇ ਇਲਜਾਮ ਆਮ ਲੱਗਦੇ ਹਨ ਅਤੇ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।
ਇਸ ਵੇਲੇ ਹਾਲਾਤ ਇਹ ਹਨ ਕਿ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੀਆਂ ਜੜ੍ਹਾਂ ਹਰ ਪਾਸੇ ਫੈਲ ਚੁੱਕੀਆਂ ਹਨ ਅਤੇ ਬੱਚੇ ਦੇ ਜਨਮ ਤੋਂ ਲੈ ਕੇ ਇਨਸਾਨ ਦੀ ਮੌਤ ਤਕ ਦੇ ਸਫਰ ਦੌਰਾਨ ਭ੍ਰਿਸ਼ਟਾਚਾਰ ਦਾ ਇਹ ਕੋਹੜ ਉਸਦੇ ਨਾਲ ਨਾਲ ਹੀ ਚਲਦਾ ਹੈ। ਬੱਚੇ ਦੇ ਜਨਮ ਵੇਲੇ ਨਰਸਾਂ ਅਤੇ ਹੋਰ ਸਟਾਫ ਵਲੋਂ ਨਵਜੰਮੇ ਬੱਚੇ ਦੇ ਪਰਿਵਾਰ ਵਾਲਿਆਂ ਤੋਂ ਜਿਹੜੀ ਵਧਾਈ ਵਸੂਲੀ ਜਾਂਦੀ ਹੈ ਉਹ ਵੀ ਭ੍ਰਿਸ਼ਟਾਚਾਰ ਦਾ ਇਕ ਰੂਪ ਹੈ। ਫਿਰ ਬੱਚੇ ਦਾ ਜਨਮ ਸਰਟੀਫਿਕੇਟ ਬਣਾਉਣ, ਕਿਸੇ ਚੰਗੇ ਸਕੂਲ ਵਿਚ ਦਾਖਲ ਕਰਵਾਉਣ, ਉਚੇਰੀ ਵਿਦਿਆ ਪ੍ਰਾਪਤੀ ਕਰਨ ਲਈ ਦਾਖਲਾ ਦਿਵਾਉਣ, ਨੌਕਰੀ ਪ੍ਰਾਪਤ ਕਰਨ ਜਾਂ ਕੋਈ ਕੰਮ ਧੰਦਾ ਚਲਾਉਣ, ਕਰਜਾ ਲੈਣ, ਵੱਖ ਵੱਖ ਸਰਕਾਰੀ ਵਿਭਾਗਾਂ ਤੋਂ ਆਪਣੇ ਕੰਮ ਕਰਵਾਉਣ ਲਈ ਭ੍ਰਿੈਟਾਚਾਰ ਦਾ ਸਹਾਰਾ ਲੈਣਾ ਪੈਂਦਾ ਹੈ।
ਬਾਅਦ ਵਿੱਚ ਜਦੋਂ ਵਿਕਅਤੀ ਖੁਦ ਕਮਾਉਣ ਲੱਗ ਜਾਂਦਾ ਹੈ, ਉਦੋਂ ਤਕ ਉਹ ਖੁਦ ਵੀ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕਿਆ ਹੁੰਦਾ ਹੈ। ਆਪਣੀਆਂ ਟੈਕਸ ਦੇਣਦਾਰੀਆਂ ਬਚਾਉਣ ਲਈ ਉਹ ਕਈ ਤਰ੍ਹਾਂ ਦੇ ਭ੍ਰਿਸ਼ਟ ਤਰੀਕੇ ਅਜਮਾਉਂਦਾ ਹੈ ਅਤੇ ਭ੍ਰਿਸ਼ਟਾਚਾਰ ਦਾ ਇਹ ਸਫਰ ਲਗਾਤਰ ਚਲਦਾ ਰਹਿੰਦਾ ਹੈ। ਬਾਅਦ ਵਿੱਚ ਫਿਰ ਉਹੀ ਵਿਅਕਤੀ ਆਪਣੀ ਔਲਾਦ ਵਾਸਤੇ ਭਿਸ਼ਟਾਚਾਰ ਦੇ ਨਵੇਂ ਚੱਕਰ ਵਿੱਚ ਉਲਝ ਜਾਂਦਾ ਹੈ ਅਤੇ ਆਪਣਾ ਕੋਈ ਵੀ ਵੱਡਾ ਛੋਟਾ ਕੰਮ ਕਢਵਾਉਣ ਲਈ ਸੰਬੰਧਿਤ ਅਧਿਕਾਰੀ ਜਾਂ ਕਰਮਚਾਰੀ ਨੂੰ ਰਿਸ਼ਵਤ ਦੀ ਅਦਾਇਗੀ ਕਰਦਾ ਹੈ। ਇਹ ਸਿਲਸਿਲਾ ਲਗਾਤਾਰ ਚਲਦਾ ਹੀ ਰਹਿੰਦਾ ਹੈ ਅਤੇ ਵਿਅਕਤੀ ਦੀ ਮੌਤ ਹੋਣ ਤਕ ਭ੍ਰਿਸ਼ਟਾਚਾਰ ਉਸਦਾ ਪਿੱਛਾ ਨਹੀਂ ਛੱਡਦਾ। ਹੁਣ ਤਾਂ ਭਗਵਾਨ ਦਾ ਘਰ ਵੀ ਇਸਤੋਂ ਬਚਿਆ ਹੋਇਆ ਨਹੀਂ ਹੈ ਅਤੇ ਅਤੇ ਸਾਡੇ ਧਰਮ ਅਸਥਾਨ ਵੀ ਇਸ ਭ੍ਰਿਸ਼ਟਾਚਾਰ ਦੀ ਮਾਰ ਹੇਠ ਆ ਚੁੱਕੇ ਹਨ, ਜਿੱਥੇ ਪਾਠ ਪੂਜਾ ਦੀ ਵਾਰੀ ਪਹਿਲਾਂ ਹਾਸਿਲ ਕਰਨ ਲਈ ਰਿਸ਼ਵਤ ਦੇਣੀ ਪੈਂਦੀ ਹੈ।
ਇਸ ਪੱਖੋਂ ਤ੍ਰਾਸਦੀ ਇਹ ਵੀ ਹੈ ਕਿ ਹਰ ਵਾਰ ਵਾਰੀ ਬਦਲ ਕੇ ਦੇਸ਼ ਅਤੇ ਸੂਬਿਆਂ ਦੀ ਸੱਤਾ ਤੇ ਰਾਜ ਕਰਨ ਵਾਲੀਆਂ ਸਾਡੀਆਂ ਸਿਆਸੀ ਪਾਰਟੀਆਂ (ਜਿਹੜੀਆਂ ਆਮ ਲੋਕਾਂ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਰਾਜ ਪ੍ਰਬੰਧ ਦੇਣ ਦਾ ਦਾਅਵਾ ਕਰਕੇ ਵੋਟਾਂ ਮੰਗਦੀਆਂ ਹਨ) ਵਿੱਚ ਇਹ ਬਿਮਾਰੀ ਕੁੱਝ ਜਿਆਦਾ ਹੀ ਹੈ ਅਤੇ ਸਿਆਸੀ ਪਾਰਟੀਆਂ ਵਲੋਂ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਚੰਦਾ ਲੈਣ ਦੇ ਨਾਮ ਤੇ ਵੱਡੇ ਪੱਧਰ ਤੇ ਕੀਤੇ ਜਾਂਦੇ ਭ੍ਰਿਸ਼ਟਾਚਾਰ ਦੀਆਂ ਖਬਰਾਂ ਆਮ ਹਨ। ਇਹਨਾਂ ਸਿਆਸੀ ਪਾਰਟੀਆਂ ਉੱਪਰ ਚੋਣਾਂ ਦੋਰਾਨ ਚਾਹਵਾਨ ਉਮੀਦਵਾਰਾਂ ਤੋਂ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਇਲਜਾਮ (ਜਿਹੜੇ ਇਹਨਾਂ ਹੀ ਪਾਰਟੀਆਂ ਦੇ ਨਾਰਾਜ ਆਗੂਆਂ ਵਲੋਂ ਲਗਾਏ ਜਾਂਦੇ ਹਨ) ਵੀ ਆਮ ਲੱਗਦੇ ਹਨ ਅਤੇ ਸਿਆਸੀ ਪਾਰਟੀਆਂ ਅਤੇ ਇਹਨਾਂ ਦੇ ਆਗੂਆਂ ਵਲੋਂ ਚੋਣ ਜਿੱਤਣ ਲਈ ਇਹਨਾਂ ਹਰ ਤਰ੍ਹਾਂ ਦੇ ਭ੍ਰਿਸ਼ਟ ਤਰੀਕੇ ਅਪਣਾਏ ਜਾਂਦੇ ਹਨ।
ਦੇਸ਼ ਅਤੇ ਸਮਾਜ ਵਿੱਚ ਹਰ ਪਾਸੇ ਫੈਲ ਚੁੱਕੇ ਇਸ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੇ ਹੁਣ ਬਹੁਤ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ ਅਤੇ ਇਹ ਉਹ ਬਿਮਾਰੀ ਹੈ ਜਿਹੜੀ ਸਾਡੇ ਪੂਰੇ ਢਾਂਚੇ ਨੂੰ ਤਬਾਹ ਕਰ ਰਹੀ ਹੈ। ਜਿਸ ਦੇਸ਼ ਨੂੰ ਚਲਾਉਣ ਵਾਲੀ ਸਰਕਾਰ ਦੇ ਆਗੂ ਹੀ ਭ੍ਰਿਸ਼ਟ ਹੋਣ ਉਸਦਾ ਵਿਕਾਸ ਭਲਾ ਕਿਵੇਂ ਸੰਭਵ ਹੈ ਅਤੇ ਭ੍ਰਿਸ਼ਟਾਚਾਰ ਦਾ ਇਹ ਘੁਣ ਸਾਡੇ ਦੇਸ਼ ਨੂੰ ਅੰਦਰੋ ਖੋਖਲਾ ਕਰਦਾ ਆ ਰਿਹਾ ਹੈ। ਇਸਤੇ ਕਾਬੂ ਕਰਨ ਲਈ ਜਨਤਾ ਨੂੰ ਹੀ ਅੱਗੇ ਆਊਣਾ ਪੈਣਾ ਹੈ ਕਿਉਂਕਿ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਇੱਕ ਦਿਨ ਇਸਨੇ ਸਾਡੇ ਦੇਸ਼ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਣਾ ਹੈ।
Editorial
ਜ਼ਿਮਨੀ ਚੋਣਾਂ : ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਚੋਣ ਸਰਗਰਮੀਆਂ ਹੋਈਆਂ ਤੇਜ਼
ਪੰਜਾਬ ਵਿੱਚ 13 ਨਵੰਬਰ ਨੂੰ 4 ਵਿਧਾਨ ਸਭਾ ਹਲਕਿਆਂ (ਬਰਨਾਲਾ, ਗਿੱਦੜਬਾਹਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ) ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਇਹਨਾਂ ਹਲਕਿਆਂ ਵਿੱਚ ਸਿਆਸੀ ਸਰਗਰਮੀਆਂ ਇੱਕਦਮ ਤੇਜ਼ ਹੋ ਗਈਆਂ ਹਨ, ਜਿਸ ਕਾਰਨ ਪੰਜਾਬ ਦੀ ਸਿਆਸਤ ਵੀ ਭਖ ਗਈ ਹੈ।
ਇਸ ਦੌਰਾਨ ਆਮ ਆਦਮੀ ਪਾਰਟੀ ਭਾਵੇਂ ਸਭ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰਕੇ ਅੱਗੇ ਨਿਕਲਣ ਦਾ ਦਾਅਵਾ ਕਰ ਰਹੀ ਹੈ, ਪਰ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਮਾਨ ਵੱਲੋਂ ਵੀ ਬੀਤੇ ਦਿਨ ਜ਼ਿਮਨੀ ਚੋਣਾਂ ਲਈ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਚੋਣ ਸਥਿਤੀ ਦਿਲਚਸਪ ਹੋ ਗਈ ਹੈ। ਇਸ ਤੋਂ ਇਲਾਵਾ ਕੁਝ ਆਜ਼ਾਦ ਉਮੀਦਵਾਰਾਂ ਵੱਲੋਂ ਵੀ ਜ਼ਿਮਨੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸਿਆਸੀ ਪਾਰਟੀਆਂ ਦੇ ਬਾਗੀ ਆਗੂ ਵੀ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕਰ ਰਹੇ ਹਨ।
ਆਮ ਆਦਮੀ ਪਾਰਟੀ ਵਲੋਂ ਜਲੰਧਰ ਜ਼ਿਮਨੀ ਚੋਣਾਂ ਵਾਂਗ ਇਸ ਵਾਰ ਵੀ ਜ਼ਿਮਨੀ ਚੋਣਾਂ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਲਿਆ ਗਿਆ ਹੈ ਅਤੇ ਦੂਜੇ ਪਾਸੇ ਹੋਰਨਾਂ ਸਿਆਸੀ ਪਾਰਟੀਆਂ ਵੱਲੋਂ ਵੀ ਇਹ ਚੋਣਾਂ ਜਿੱਤਣ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਚੋਣ ਲੜ ਰਹੀਆਂ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਸਥਿਤੀ ਸਪਸ਼ਟ ਹੋ ਗਈ ਹੈ ਅਤੇ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਇਲਾਕਿਆਂ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ।
ਇਸ ਸਮੇਂ ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਕਰੀਬ ਸਾਰੀਆਂ ਹੀ ਸਿਆਸੀ ਪਾਰਟੀਆਂ ਅੰਦਰੂਨੀ ਫੁੱਟ ਦਾ ਸ਼ਿਕਾਰ ਹਨ ਅਤੇ ਪਾਰਟੀ ਟਿਕਟਾਂ ਨਾ ਮਿਲਣ ਕਾਰਨ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਕੁਝ ਆਗੂਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਣੀ ਚੋਣ ਲਈ ਟਿਕਟ ਨਾ ਮਿਲਣ ਤੋਂ ਖਫ਼ਾ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੀਤ ਸਿੰਘ ਬਾਠ ਨੇ ਜਿਥੇ ਚੇਅਰਮੈਨ ਤੋਂ ਅਸਤੀਫਾ ਦੇ ਕੇ ਆਜ਼ਾਦ ਉਮੀਦਵਾਰ ਦੇ ਰੂਪ ਵਿੱਚ ਬਰਨਾਲਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਹੋ ਹਾਲ ਹੋਰਨਾਂ ਵਿਧਾਨ ਸਭਾ ਹਲਕਿਆਂ ਦਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਬਾਗੀ ਹੋਏ ਆਗੂ ਆਪੋ ਆਪਣੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਵਿੱਚ ਅੜਿੱਕਾ ਬਣਨਗੇ, ਜਿਸ ਕਰਕੇ ਸਿਆਸੀ ਪਾਰਟੀਆਂ ਬਾਗੀ ਹੋਏ ਆਗੂਆਂ ਨੂੰ ਮਨਾਉਣ ਦੇ ਯਤਨ ਕਰ ਰਹੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਜਿਮਨੀ ਚੋਣਾਂ ਲਈ ਚੋਣਾਂ ਪ੍ਰਚਾਰ ਹੋਰ ਤੇਜ਼ ਹੋਵੇਗਾ ਅਤੇ ਚੋਣਾਂ ਦੌਰਾਨ ਵੱਖ-ਵੱਖ ਥਾਵਾਂ ਤੇ ਸਖ਼ਤ ਮੁਕਾਬਲੇ ਵੇਖਣ ਨੂੰ ਮਿਲਣਗੇ। ਇਸ ਸਮੇਂ ਜ਼ਿਮਨੀ ਚੋਣਾਂ ਵਾਲੇ ਚਾਰੇ ਵਿਧਾਨ ਸਭਾ ਹਲਕੇ ਪੂਰੀ ਤਰਾਂ ਚੋਣ ਰੰਗ ਵਿੱਚ ਰੰਗੇ ਗਏ ਹਨ।
Editorial
ਪ੍ਰਦੂਸ਼ਨ ਦੇ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਲਈ ਯੋਜਨਾਬੱਧ ਢੰਗ ਨਾਲ ਕਾਰਵਾਈ ਦੀ ਲੋੜ
ਤਿੰਨ ਦਹਾਕੇ ਪਹਿਲਾਂ ਤਕ ਸਾਡੇ ਸ਼ਹਿਰ ਨੂੰ ਸਿਰਫ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਸਭ ਤੋਂ ਵੱਧ ਸਾਫ ਸੁਥਰੇ ਵਾਤਾਵਰਨ ਵਾਲੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਸੀ ਅਤੇ ਉਸ ਵੇਲੇ ਹਰ ਪਾਸੇ ਛਾਈ ਹਰਿਆਲੀ, ਸਾਫ ਸੁਥਰੀ ਹਵਾ ਅਤੇ ਪਾਣੀ ਕਾਰਨ ਹਰ ਵਿਅਕਤੀ ਇੱਥੇ ਆਪਣਾ ਪੱਕਾ ਟਿਕਾਣਾ ਕਰਨ ਦਾ ਚਾਹਵਾਨ ਹੁੰਦਾ ਸੀ। ਉਸ ਦੌਰਾਨ ਦੁਨੀਆ ਦੇ ਹਰ ਕੋਨੇ ਵਿੱਚ ਵਸੇ ਪੰਜਾਬੀ ਸਾਡੇ ਸ਼ਹਿਰ ਵਿੱਚ ਆਪਣਾ ਇੱਕ ਅਦਦ ਘਰ ਬਣਾਉਣ ਦਾ ਸੁਫਨਾ ਵੇਖਿਆ ਕਰਦੇ ਸੀ ਤਾਂ ਜੋ ਉਹ ਜਦੋਂ ਵੀ ਪੰਜਾਬ ਆਉਣ, ਇੱਥੋਂ ਦੇ ਸਾਫ ਸੁਥਰੇ ਵਾਤਾਵਰਨ ਦਾ ਲਾਹਾ ਲੈ ਸਕਣ।
ਪਰੰਤੂ ਸਮੇਂ ਦੇ ਨਾਲ ਨਾਲ ਵਿਕਾਸ ਦੀ ਦੌੜ ਵਿੱਚ ਉਲਝਿਆ ਸਾਡਾ ਸ਼ਹਿਰ ਹੁਣ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਚੁੱਕਿਆ ਹੈ ਅਤੇ ਇਸ ਨਾਲ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਦੇ ਵਿਕਾਸ ਦੇ ਨਾਮ ਤੇ ਚਲੀ ਇਸ ਅੰਨ੍ਹੀ ਦੌੜ ਦੀ ਸਾਡੇ ਸ਼ਹਿਰ ਨੇ ਕਿੰਨੀ ਭਾਰੀ ਕੀਮਤ ਅਦਾ ਕੀਤੀ ਹੈ। ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਦੇ ਵਾਤਾਵਰਣ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਰਿਹਾ ਹੈ ਅਤੇ ਪ੍ਰਦੂਸ਼ਨ ਦਾ ਇਹ ਜ਼ਹਿਰ ਹੌਲੀ-ਹੌਲੀ ਸ਼ਹਿਰ ਵਾਸੀਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ।
ਸ਼ਹਿਰ ਵਿੱਚ ਸਫਾਈ ਦਾ ਕੰਮ ਕਰਨ ਵਾਲੇ ਵਿਅਕਤੀਆਂ ਵਲੋਂ ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣ ਦੀ ਕਾਰਵਾਈ ਹੋਵੇ ਜਾਂ ਸ਼ਹਿਰ ਵਿੱਚ ਚਲਦੇ ਵਾਹਨਾਂ ਅਤੇ ਇੱਥੇ ਲੱਗੀਆਂ ਫੈਕਟ੍ਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲਾ ਧੂੰਆਂ, ਇਹ ਸਾਰੇ ਮਿਲ ਕੇ ਸ਼ਹਿਰ ਦੇ ਵਾਤਾਵਰਣ ਵਿੱਚ ਜਿਹੜਾ ਜ਼ਹਿਰ ਘੋਲਦੇ ਹਨ ਉਸਦਾ ਸਿੱਧਾ ਨੁਕਸਾਨ ਆਮ ਲੋਕਾਂ ਦੀ ਸਿਹਤ ਤੇ ਹੀ ਹੁੰਦਾ ਹੈ। ਸ਼ਹਿਰ ਦੇ ਉਦਯੋਗਿਕ ਖੇਤਰ ਵਿੱਚ ਸਥਿਤ ਕੁੱਝ ਵੱਡੀਆਂ ਕੰਪਨੀਆਂ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਵਾਤਾਵਰਨ ਵਿੱਚ ਆਪਣਾ ਜ਼ਹਿਰੀਲਾ ਧੂੰਆਂ ਛੱਡਦੀਆਂ ਆ ਰਹੀਆਂ ਹਨ ਅਤੇ ਇਹਨਾਂ ਫੈਕਟ੍ਰੀਆਂ ਦੀ ਇਹ ਕਾਰਵਾਈ ਸ਼ਹਿਰ ਅਤੇ ਇਸਦੇ ਆਸਪਾਸ ਦੇ ਲੰਮੇ ਚੌੜੇ ਖੇਤਰ ਦੇ ਵਾਤਾਵਰਣ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦੀ ਹੈ।
ਸ਼ਹਿਰ ਦੇ ਵਾਤਾਵਰਣ ਦੇ ਲਗਾਤਾਰ ਗੰਧਲੇ ਹੋਣ ਦਾ ਹੀ ਅਸਰ ਹੈ ਕਿ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਰਹੀ ਹੈ। ਹਾਲਾਤ ਇਹ ਹਨ ਕਿ ਸ਼ਹਿਰ ਦੇ ਵਸਨੀਕ ਵਾਤਾਵਰਣ ਵਿੱਚ ਲਗਾਤਾਰ ਵੱਧਦੇ ਜਾ ਰਹੇ ਇਸ ਪ੍ਰਦੂਸ਼ਨ ਦੇ ਜ਼ਹਿਰ ਦੇ ਸ਼ਿਕਾਰ ਹੋ ਰਹੇ ਹਨ ਅਤੇ ਸ਼ਹਿਰ ਵਿੱਚ ਸਾਹ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤ੍ਰਾਸਦੀ ਇਹ ਹੈ ਕਿ ਇਸ ਸਭ ਦੇ ਬਾਵਜੂਦ ਸੂਬੇ ਦੇ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਵਾਤਾਵਰਣ ਦੇ ਗੰਧਲਾ ਹੋਣ ਤੇ ਕਾਬੂ ਕਰਨ ਅਤੇ ਇਸ ਵਿੱਚ ਸੁਧਾਰ ਕਰਨ ਲਈ ਸਿਵਾਏ ਕਾਗਜ਼ੀ ਕਾਰਵਾਈ ਦੇ ਕੁੱਝ ਵੀ ਨਹੀਂ ਕੀਤਾ ਜਾਂਦਾ ਅਤੇ ਸ਼ਹਿਰ ਦੇ ਵਾਤਾਵਰਣ ਵਿੱਚ ਪ੍ਰਦੂਸ਼ਣ ਦੇ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਵਿੱਚ ਇਹ ਵਿਭਾਗ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ।
ਸ਼ਹਿਰ ਦੇ ਵਾਤਾਵਰਨ ਵਿੱਚ ਪ੍ਰਦੂਸ਼ਨ ਦੇ ਇਸ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਲਈ ਜ਼ਰੂਰੀ ਹੈ ਕਿ ਸ਼ਹਿਰਵਾਸੀ ਇਸ ਵਾਸਤੇ ਨਾ ਸਿਰਫ ਖੁਦ ਲਾਮਬੰਦ ਹੋਣ ਬਲਕਿ ਇਕੱਠੇ ਹੋ ਕੇ ਸਰਕਾਰ ਨੂੰ ਮਜ਼ਬੂਰ ਕਰਨ ਕਿ ਉਹ ਸ਼ਹਿਰ ਦੇ ਬੁਰੀ ਤਰ੍ਹਾਂ ਗੰਧਲੇ ਹੁੰਦੇ ਜਾ ਰਹੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ। ਇਸ ਸੰਬੰਧੀ ਵਾਤਾਵਰਣ ਦੀ ਸਾਂਭ ਸੰਭਾਲ ਦਾ ਕੰਮ ਕਰਨ ਵਾਲੀਆਂ ਸੰਸਥਾਵਾਂ ਵਲੋਂ ਸਮੇਂ ਸਮੇਂ ਤੇ ਸ਼ਹਿਰ ਦੇ ਵਾਤਾਵਰਣ ਵਿੱਚ ਘੁਲਦੇ ਜਾ ਰਹੇ ਜ਼ਹਿਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸ਼ਹਿਰ ਨੂੰ ਹਰਾ ਭਰਾ ਅਤੇ ਸਾਫ ਸੁਥਰਾ ਰੱਖਣ ਲਈ ਆਪਣਾ ਬਣਦਾ ਯੋਗਦਾਨ ਵੀ ਪਾਇਆ ਜਾਂਦਾ ਹੈ ਪਰੰਤੂ ਪ੍ਰਦੂਸ਼ਣ ਦੇ ਵੱਧਦੇ ਪੱਧਰ ਨੂੰ ਮੁੱਖ ਰੱਖਦਿਆਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ।
ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਣ ਦੀ ਇਹ ਸਮੱਸਿਆ ਬਹੁਤ ਹੀ ਗੰਭੀਰ ਹੈ ਅਤੇ ਇਸਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਇਸ ਸੰਬੰਧੀ ਇਮਾਨਦਾਰੀ ਨਾਲ ਕਦਮ ਚੁੱਕੇ ਜਾਣ। ਜੇਕਰ ਸਰਕਾਰ ਅਜਿਹਾ ਕਰੇ ਤਾਂ ਨਾ ਸਿਰਫ ਪ੍ਰਦੂਸ਼ਨ ਵਿੱਚ ਹੋਣ ਵਾਲੇ ਵਾਧੇ ਤੇ ਕਾਬੂ ਕੀਤਾ ਜਾ ਸਕਦਾ ਹੈ ਬਲਕਿ ਇਸਦਾ ਪੱਧਰ ਘੱਟ ਕਰਕੇ ਸਾਡੇ ਸ਼ਹਿਰ ਨੂੰ ਮੁੜ ਪ੍ਰਦੂਸ਼ਨ ਮੁਕਤ ਸ਼ਹਿਰਾਂ ਦੀ ਸੂਚੀ ਵਿੱਚ ਵੀ ਸ਼ਾਮਿਲ ਕਰਵਾਇਆ ਜਾ ਸਕਦਾ ਹੈ। ਇਸ ਲਈ ਹਵਾ ਦੇ ਪ੍ਰਦੂਸ਼ਨ ਤੇ ਕਾਬੂ ਕਰਨ ਲਈ ਜਨਤਕ ਥਾਵਾਂ ਤੇ ਜੱਥੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਇਸ ਸੰਬੰਧੀ ਸ਼ਹਿਰਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਖੁਦ ਵੀ ਸ਼ਹਿਰ ਦੇ ਵਾਤਾਵਰਣ ਨੂੰ ਸੰਭਾਲਣ ਲਈ ਅੱਗੇ ਆਉਣ ਅਤੇ ਪ੍ਰਦੂਸ਼ਨ ਦੇ ਇਸ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਲਈ ਮਿਲ ਕੇ ਕੰਮ ਕਰਨ ਤਾਂ ਜੋ ਵਾਤਾਵਰਨ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।
-
International1 month ago
ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ
-
International1 month ago
ਅਮਰੀਕਾ ਵਿੱਚ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਸਮੇਤ 4 ਯਾਤਰੀਆਂ ਦੀ ਮੌਤ
-
International1 month ago
ਵੀਅਤਨਾਮ ਵਿੱਚ ਯਾਗੀ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 141 ਹੋਈ
-
International2 months ago
ਸੜਕ ਤੋਂ ਮਿਲੀ ਵਿਅਕਤੀ ਦੀ ਖ਼ੂਨ ਨਾਲ ਲੱਥਪੱਥ ਲਾਸ਼
-
International2 months ago
ਚੀਨ ਦੇ ਹੈਨਾਨ ਵਿੱਚ ਚੱਕਰਵਾਤ ਕਾਰਨ 2 ਵਿਅਕਤੀਆਂ ਦੀ ਮੌਤ, 92 ਜ਼ਖਮੀ
-
International1 month ago
ਭਾਰਤ ਵਿੱਚ ਹੁਨਰਮੰਦ ਲੋਕਾਂ ਨੂੰ ਲਾਂਭੇ ਕੀਤਾ ਜਾ ਰਿਹੈ: ਰਾਹੁਲ ਗਾਂਧੀ
-
Chandigarh2 months ago
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
-
Chandigarh2 months ago
ਜਮਹੂਰੀ ਕਿਸਾਨ ਸਭਾ ਡੀ ਏ ਪੀ ਖਾਦ ਦਾ ਘਪਲਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਮੰਗੀ