Mohali
ਪੰਜਾਬ ਵਿੱਚ ਅੰਤਰਰਾਸ਼ਟਰੀ ਮਿਆਰਾਂ ਦੇ ਬਰਾਬਰ ਹੋਵੇਗੀ ਨਰਸਿੰਗ ਦੀ ਸਿੱਖਿਆ : ਬਲਬੀਰ ਸਿੰਘ
ਸਿਹਤ ਮੰਤਰੀ ਨੇ ਨਰਸਿੰਗ ਟਿਊਟਰਾਂ ਨੂੰ ਸਿਖਲਾਈ ਦੇਣ ਲਈ ਵਰਕਸ਼ਾਪ ਦਾ ਉਦਘਾਟਨ ਕੀਤਾ
ਐਸ ਏ ਐਸ ਨਗਰ, 8 ਅਕਤੂਬਰ (ਸ.ਬ.) ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ 250 ਨਰਸਿੰਗ ਕਾਲਜਾਂ ਦੇ 5,000 ਫੈਕਲਟੀ ਮੈਂਬਰਾਂ ਨੂੰ ਸਿਖਲਾਈ ਦੇ ਕੇ ਸਿਹਤ ਖੇਤਰ ਦੀ ਕਾਇਆ ਕਲਪ ਕਰਨ ਲਈ ਇੱਕ ਉਤਸ਼ਾਹੀ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸਦਾ ਉਦੇਸ਼ ਨਰਸਿੰਗ ਸਿੱਖਿਆ ਨੂੰ ਅੰਤਰਰਾਸ਼ਟਰੀ ਪੱਧਰ ਤੇ ਉੱਚਾ ਚੁੱਕਣਾ ਅਤੇ ਪੰਜਾਬ ਦੇ ਲੋਕਾਂ ਲਈ ਉੱਚ ਪੱਧਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣਾ ਹੈ। ਚੰਡੀਗੜ੍ਹ ਯੂਨੀਵਰਸਿਟੀ, (ਘੜੂੰਆਂ) ਮੁਹਾਲੀ ਦੇ ਆਡੀਟੋਰੀਅਮ ਵਿਖੇ ਸਿਖਲਾਈ ਵਰਕਸ਼ਾਪਦਾ ਉਦਘਾਟਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਨਰਸਿੰਗ ਕਾਲਜਾਂ, ਵਿਦਿਆਰਥੀਆਂ ਅਤੇ ਸਿਹਤ ਵਿਭਾਗ ਨੂੰ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਮਰੀਜ਼ਾਂ ਦੀ ਦੇਖਭਾਲ ਮੁਹੱਈਆ ਕਰਵਾਉਣ ਲਈ ਆਪਸੀ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਰੋਕਥਾਮ ਅਤੇ ਦੇਖਭਾਲ ਤੇ ਆਧਾਰਿਤ ਜੀਵਨ ਸ਼ੈਲੀ ਵਿੱਚ ਤਬਦੀਲੀਆਂ, ਸਿਹਤ ਸਿੱਖਿਆ ਵਰਗੇ ਵਿਸ਼ਿਆਂ ਬਾਰੇ ਸਿਖਲਾਈ ਵੀ ਦਿੱਤੀ ਜਾਣੀ ਚਾਹੀਦੀ ਹੈ। ਵਰਕਸ਼ਾਪ ਵਿੱਚ ਮੁਹਾਲੀ, ਰੋਪੜ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਨਰਸਿੰਗ ਸੰਸਥਾਵਾਂ ਦੇ 500 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸਿਹਤ ਮੰਤਰੀ ਨੇ ਪੰਜਾਬ ਵਿੱਚ ਐਨ ਆਰ ਟੀ ਐਸ ਅਤੇ ਪ੍ਰਾਇਮਰੀ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਵੀ ਸ਼ੁਰੂਆਤ ਕੀਤੀ ਜੋ ਨਰਸਿੰਗ ਪੇਸ਼ੇਵਰਾਂ ਨੂੰ ਕੇਂਦਰੀ ਰਜਿਸਟ੍ਰੇਸ਼ਨ ਨਾਲ ਜੋੜਨ ਵਿੱਚ ਮਦਦ ਕਰੇਗੀ। ਉਹਨਾਂ ਕਿਹਾ ਕਿ ਇਸ ਸਿਖਲਾਈ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਕਲੀਨਿਕਲ ਸਿਖਲਾਈ, ਐਨ ਆਰ ਟੀ ਐਸ, ਟੀ ਐਨ ਏ ਆਈ, ਉੱਤਰ ਪੱਤਰੀਆਂ ਦਾ ਔਨਲਾਈਨ ਮੁਲਾਂਕਣ, ਕਾਲਜ ਨਿਰੀਖਣ, ਅਤੇ ਕੇਂਦਰ ਸੁਪਰਡੈਂਟ, ਨਿਰੀਖਕ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਭੂਮਿਕਾਵਾਂ ਸ਼ਾਮਲ ਹਨ।
ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਵਿੱਚ ਪੀ. ਐਨ. ਆਰ. ਸੀ. ਦੇ ਰਜਿਸਟਰਾਰ ਡਾ. ਪੁਨੀਤ ਗਿਰਧਰ, ਡਾ. ਐਵਲਿਨ ਪੀ. ਕਾਨਨ, ਭਾਰਤ ਸਰਕਾਰ ਦੇ ਨਰਸਿੰਗ ਸਲਾਹਕਾਰ ਡਾ. ਦੀਪਿਕਾ ਸੀ. ਖਾਖਾ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਹਿਤਿੰਦਰ ਕੌਰ, ਕਾਰਪੋਰੇਟ ਆਗੂ ਅਤੇ ਉਦਯੋਗਪਤੀ ਰਾਹੁਲ ਸ਼ਰਮਾ ਵਲੋਂ ਮੁੱਖ ਭਾਸ਼ਣ ਦਿੱਤੇ ਗਏ।
ਇਸਤੋਂ ਪਹਿਲਾਂ ਪੰਜਾਬ ਦੇ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਦੌਰਾਨ ਡਾ. ਅਵਨੀਸ਼ ਕੁਮਾਰ ਨੇ ਮੁੱਖ ਮਹਿਮਾਨ ਅਤੇ ਹੋਰ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਵਰਕਸ਼ਾਪਾਂ ਦੀ ਲੜੀ ਬਾਰੇ ਸੰਖੇਪ ਜਾਣਕਾਰੀ ਦਿੱਤੀ।
Mohali
ਅਪਰਾਧਾਂ ਨੂੰ ਨੱਥ ਪਾਉਣ ਲਈ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪੁਲੀਸ ਨਾਲ ਕੀਤੀ ਜਾਵੇਗੀ ਮਹੀਨਾਵਾਰ ਮੀਟਿੰਗ : ਹਰਚਰਨ ਸਿੰਘ ਭੁੱਲਰ
ਸੀਨੀਅਰ ਆਈ ਪੀ ਐਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੇ ਰੋਪੜ ਰੇਂਜ ਦੇ ਡੀ ਆਈ ਜੀ ਵਜੋਂ ਅਹੁਦਾ ਸੰਭਾਲਿਆ
ਐਸ ਏ ਐਸ ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ) ਸੀਨੀਅਰ ਆਈ ਪੀ ਐਸ ਅਧਿਕਾਰੀ ਸz. ਹਰਚਰਨ ਸਿੰਘ ਭੁੱਲਰ ਨੇ ਅੱਜ ਰੋਪੜ ਰੇਂਜ ਦੇ ਡੀ ਆਈ ਜੀ ਵਜੋਂ ਅਹੁਦਾ ਸੰਭਾਲ ਲਿਆ। ਇਸ ਸੰਬੰਧੀ ਅੱਜ ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਖੇਤਰ ਵਿੱਚ ਅਪਰਾਧਾਂ ਨੂੰ ਨੱਥ ਪਾਉਣ ਲਈ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪੁਲੀਸ ਨਾਲ ਮਹੀਨਾਵਾਰ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਅਪਰਾਧੀਆਂ ਦੀ ਜਾਣਕਾਰੀ ਇਕ ਦੂਜੇ ਨਾਲ ਸਾਂਝੀ ਕੀਤੀ ਜਾ ਸਕੇ।
ਸ. ਭੁੱਲਰ ਨੇ ਕਿਹਾ ਕਿ ਪੁਲੀਸ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੁਲੀਸ ਪੂਰੀ ਮਸ਼ਤੈਦੀ ਨਾਲ ਕੰਮ ਕਰੇਗੀ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਉਹ ਮੁਹਾਲੀ ਦੇ ਡੀਐਸ ਪੀ, ਐਸ ਪੀ, ਐਸ ਐਸ ਪੀ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ ਅਤੇ ਇਸ ਇਲਾਕੇ ਦੇ ਲੋਕਾਂ ਨੂੰ ਇਨਸਾਫ ਦਿਵਾਉਣਾ ਉਹਨਾਂ ਦਾ ਮੁੱਖ ਟੀਚਾ ਹੋਵੇਗਾ ਜਿਸ ਦੌਰਾਨ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨਾਲ ਨੇੜਤਾ ਕਾਇਮ ਕਰਨ ਲਈ ਪੁਲੀਸ ਪਬਲਿਕ ਮੀਟਿੰਗਾਂ ਆਯੋਜਿਤ ਕੀਤੀਆਂ ਜਾ ਰਹੀਆਂ, ਜਿਹਨਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਮਾੜੇ ਕੰਮ ਕਰਨ ਵਾਲੇ ਵਿਅਕਤੀਆਂ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਉਹ ਉਹਨਾਂ ਦੀ ਸੂਚਨਾ ਪੁਲੀਸ ਨੂੰ ਜ਼ਰੂਰ ਦੇਣ ਤਾਂ ਜੋ ਅਪਰਾਧੀਆਂ ਨੂੰ ਕਾਬੂ ਕੀਤਾ ਜਾ ਸਕੇ।
ਟਰੈਵਲ ਏਜੰਟਾਂ ਵਲੋਂ ਧੋਖਾਧੜੀ ਦੇ ਮਾਮਲਿਆਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਉਹ ਅਜਿਹੇ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਵਿਰੁਧ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਸੜਕੀ ਹਾਦਸਿਆਂ ਨੂੰ ਠੱਲ ਪਾਉਣ ਲਈ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐਸ. ਐਸ. ਪੀ ਮੁਹਾਲੀ ਸ੍ਰੀ ਦੀਪਕ ਪਾਰੀਕ ਵੀ ਹਾਜ਼ਰ ਸਨ।
Mohali
ਮੁਹਾਲੀ ਪੁਲੀਸ ਵੱਲੋਂ ਇੱਕ ਨਸ਼ਾ ਤਸਕਰ ਦਾ ਘਰ ਅਤੇ ਗੱਡੀ ਫਰੀਜ
ਮੁਲਜਮ ਭਾਗੀਰਥ ਵਿਰੁੱਧ ਦਰਜ਼ ਹਨ ਹੈਰੋਇਨ ਅਤੇ ਗਾਂਜਾ ਬਰਾਮਦ ਹੋਣ ਦੇ ਤਿੰਨ ਮਾਮਲੇ
ਐਸ.ਏ.ਐਸ.ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ) ਥਾਣਾ ਫੇਜ਼-11 ਦੀ ਪੁਲੀਸ ਨੇ ਉਸ ਦੇ ਇਲਾਕੇ ਵਿੱਚ ਰਹਿੰਦੇ ਇਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਫਰੀਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜਮ ਭਾਗੀਰਥ ਉਰਫ ਬਿੱਟੀ ਵਿਰੁੱਧ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਪੁਲੀਸ ਵਲੋਂ ਅੱਜ ਸਮਰਥ ਅਥਾਰਟੀ ਦਿੱਲੀ ਦੇ ਹੁਕਮਾਂ ਰਾਹੀਂ ਉਸਦਾ ਸੈਕਟਰ 66 ਵਿਚਲਾ ਮਕਾਨ ਨੰਬਰ 794 ਅਤੇ ਉਸ ਦੀ ਇਨੋਵਾ ਕਰਿਸਟਾ ਗੱਡੀ ਨੂੰ ਫਰੀਜ ਕੀਤਾ ਗਿਆ ਹੈ। ਫਰੀਜ ਕਰਨ ਦੀ ਅੱਜ ਦੀ ਇਸ ਕਾਰਵਾਈ ਦੌਰਾਨ ਥਾਣਾ ਫੇਜ਼-11 ਦੇ ਮੁਖੀ ਗਗਨਦੀਪ ਸਿੰਘ ਵੀ ਮੌਜੂਦ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜਮ ਭਾਗੀਰਥ ਉਰਫ ਬਿੱਟੀ ਵਿਰੁੱਧ ਪੁਲੀਸ ਨੇ 5 ਜੂਨ 2021 ਨੂੰ 150 ਗ੍ਰਾਮ ਗਾਂਜਾ ਬਰਾਮਦ ਹੋਣ ਦਾ ਮਾਮਲਾ ਦਰਜ ਕੀਤਾ ਸੀ। ਇਸ ਵਿਅਕਤੀ ਨੂੰ ਫੇਜ਼ 11 ਦੀ ਪੁਲੀਸ ਨੇ 17 ਸੰਤਬਰ 2022 ਨੂੰ 27 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਫਿਰ 16 ਨਵੰਬਰ 2022 ਨੂੰ ਭਾਗੀਰਥ ਨੂੰ ਫੇਜ਼ 11 ਦੀ ਪੁਲੀਸ ਨੇ ਮੁੜ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ।
ਥਾਣਾ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਮੁਤਾਬਕ ਮੁਲਜਮ ਭਾਗੀਰਥ ਐਨ. ਡੀ. ਪੀ. ਐਸ. ਐਕਟ ਤੋਂ ਇਲਾਵਾ ਹੋਰਨਾਂ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। 2021 ਵਿੱਚ ਪੁਲੀਸ ਵਲੋਂ ਕੀਤੀ ਛਾਪੇਮਾਰੀ ਦੌਰਾਨ ਇਸ ਵਿਅਕਤੀ ਦੇ ਟਿਕਾਣੇ ਤੋਂ 4 ਕਾਰਤੂਸ 32 ਬੋਰ, 1 ਕਾਰਤੂਸ 9 ਐਮ. ਐਮ. ਪਿਸਟਲ, 1 ਲੱਖ 48 ਹਜਾਰ ਰੁਪਏ ਡਰੱਗ ਮਨੀ ਅਤੇ ਵੱਖ ਵੱਖ ਤਰ੍ਹਾਂ ਦੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਸਨ।
Mohali
ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਵਿਖਾਉਂਦਾ ਸੀ ਫੇਜ਼ 6 ਦੇ ਨਿੱਜੀ ਸਕੂਲ ਦਾ ਅਧਿਆਪਕ
ਮਾਪਿਆਂ ਵਲੋਂ ਇੱਕਠੇ ਹੋ ਕੇ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ, ਪੁਲੀਸ ਕਰ ਰਹੀ ਹੈ ਪੁੱਛਗਿੱਛ
ਐਸ ਏ ਐਸ ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ) ਸਥਾਨਕ ਫੇਜ਼ 6 ਦੇ ਇਕ ਨਿਜੀ ਸਕੂਲ ਦੇ ਖੇਡ ਅਧਿਆਪਕ ਵਲੋਂ ਆਪਣੇ ਹੀ ਸਕੂਲ ਦੀਆਂ ਲੜਕੀਆਂ ਨੂੰ ਅਸ਼ਲੀਲ ਵੀਡੀਓਜ ਦਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲੀਸ ਵਲੋਂ ਅਮਨਪ੍ਰੀਤ ਸਿੰਘ ਨਾਂ ਦੇ ਇਸ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼ 6 ਦੇ ਇਕ ਨਿੱਜੀ ਸਕੂਲ ਦੇ ਖੇਡ ਅਧਿਆਪਕ ਵਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਅਸ਼ਲੀਲ ਫਿਲਮਾਂ ਦਿਖਾਈਆਂ ਜਾ ਰਹੀਆਂ ਸਨ। ਵਿਦਿਆਰਥਣਾਂ ਵਲੋਂ ਉਕਤ ਅਧਿਆਪਕ ਦੀਆਂ ਉਕਤ ਹਰਕਤਾਂ ਤੋਂ ਤੰਗ ਆ ਕੇ ਇਸ ਸਬੰਧੀ ਆਪਣੇ ਮਾਪਿਆਂ ਨੂੰ ਜਾਣਕਾਰੀ ਦਿੱਤੀ। ਇਸ ਸੰਬੰਧੀ ਅੱਜ ਬੱਚਿਆਂ ਦੇ ਮਾਪੇ ਇਕਠੇ ਹੋ ਕੇ ਫੇਜ਼ 6 ਦੀ ਚੌਂਕੀ ਪਹੁੰਚੇ ਅਤੇ ਪੁਲੀਸ ਨੂੰ ਸ਼ਿਕਾਇਤ ਕੀਤੀ ਜਿਸਤੋਂ ਬਾਅਦ ਪੁਲੀਸ ਵਲੋਂ ਉਕਤ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਅਤੇ ਉਕਤ ਅਧਿਆਪਕ ਨੂੰ ਥਾਣੇ ਸੱਦਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਸਕੂਲ ਦੇ ਪ੍ਰਿੰਸੀਪਲ ਵਲੋਂ ਉਕਤ ਅਧਿਆਪਕ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲੀਸ ਵਲੋਂ ਉਕਤ ਅਧਿਆਪਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖਬਰ ਲਿਖੇ ਜਾਣ ਤਕ ਵਿਦਿਆਰਥਣਾਂ ਦੇ ਮਾਪੇ ਚੌਂਕੀ ਵਿੱਚ ਹੀ ਸਨ ਅਤੇ ਪੁਲੀਸ ਵਲੋਂ ਇਸ ਸੰਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਸੀ।
ਸੰਪਰਕ ਕਰਨ ਤੇ ਐਸ ਐਸ ਪੀ ਦੀਪਕ ਪਾਰਿਕ ਨੇ ਕਿਹਾ ਕਿ ਜਿਸ ਵਿਰੁਧ ਵੀ ਸ਼ਿਕਾਇਤ ਮਿਲੀ ਹੈ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
Mohali1 month ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
International2 months ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
National1 month ago
ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਮੁੜ ਹਿੰਸਾ
-
National1 month ago
ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਹੋਣਗੇ ਸੰਜੀਵ ਖੰਨਾ
-
National1 month ago
ਜਨਮ ਦਿਨ ਮੌਕੇ ਸਿਲੰਡਰ ਫਟਣ ਕਾਰਨ ਦਾਦਾ-ਦਾਦੀ ਅਤੇ ਪੋਤੇ ਦੀ ਮੌਤ
-
Mohali1 month ago
ਰਾਜ ਪੱਧਰੀ ਕ੍ਰਿਕਟ ਮੁਕਾਬਲਿਆਂ ਦੌਰਾਨ ਐਸ ਏ ਐਸ ਨਗਰ ਦੀ ਟੀਮ ਵੱਲੋਂ ਜੇਤੂ ਸ਼ੁਰੂਆਤ