Connect with us

Mohali

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਡੇਰਾਬੱਸੀ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ

Published

on

 

 

ਲਾਲੜੂ, 8 ਅਕਤੂਬਰ (ਸ.ਬ.) ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਡੇਰਾਬੱਸੀ ਇਲਾਕੇ ਦੀਆਂ ਵੱਖ-ਵੱਖ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ ਗਿਆ।

ਲਾਲੜੂ, ਧਨੌਨੀ, ਜੜੌਤ, ਤਸਿੰਬਲੀ ਅਤੇ ਸਮਗੌਲੀ ਵਿੱਚ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਬਾਅਦ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੇ ਖਰੀਦ ਸੀਜ਼ਨ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਪ੍ਰਸ਼ਾਸਨਿਕ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਵਿੱਚ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ, ਆੜ੍ਹਤੀਆਂ ਅਤੇ ਰਾਈਸ ਮਿਲਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੇ ਹਿੱਤਾਂ ਦੀ ਪੂਰਣ ਰਾਖੀ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਨੂੰ ਪੂਰੀ ਵਚਨਬੱਧਤਾ ਨਾਲ ਨਿਭਾਇਆ ਜਾਵੇਗਾ।

 

Continue Reading

Mohali

ਸਿਪਾਹੀ ਅਤੇ ਐਸ.ਪੀ.ਓ ਨੂੰ ਅਗਵਾ ਕਰਕੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਵਾਲੇ ਤਤਕਾਲੀ ਐਸ.ਐਚ.ਓ ਸਮੇਤ 3 ਪੁਲੀਸ ਵਾਲਿਆਂ ਨੂੰ ਉਮਰ ਕੈਦ, 7 ਲੱਖ 50 ਹਜਾਰ ਜੁਰਮਾਨਾ

Published

on

By

 

ਐਸ ਏ ਐਸ ਨਗਰ, 24 ਦਸੰਬਰ (ਜਸਬੀਰ ਸਿੰਘ ਜੱਸੀ) ਕਰੀਬ 32 ਸਾਲ ਪੁਰਾਣੇ ਇਕ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਅਗਵਾ ਕਰਕੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਅਤੇ ਲਾਸ਼ਾਂ ਨੂੰ ਅਣਪਛਾਤੇ ਦੱਸ ਕੇ ਸੰਸਕਾਰ ਕਰਨ ਦੇ ਮਾਮਲੇ ਵਿੱਚ ਸੀ. ਬੀ. ਆਈ. ਦੇ ਸਪੈਸ਼ਲ ਜੱਜ ਰਾਕੇਸ਼ ਗੁਪਤਾ ਦੀ ਅਦਾਲਤ ਵਲੋਂ ਉਸ ਸਮੇਂ ਦੇ ਥਾਣਾ ਸਿਟੀ ਤਰਨਤਾਰਨ ਦੇ ਇੰਚਾਰਜ ਰਹੇ ਗੁਰਬਚਨ ਸਿੰਘ ਨੂੰ ਧਾਰਾ 302 ਵਿੱਚ ਉਮਰ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਧਾਰਾ 364 ਵਿੱਚ 7 ਸਾਲ ਕੈਦ ਅਤੇ 50 ਹਜਾਰ ਰੁਪਏ ਜੁਰਮਾਨਾ, ਧਾਰਾ 343 ਵਿੱਚ 2 ਸਾਲ ਦੀ ਕੈਦ ਅਤੇ 25 ਹਜਾਰ ਰੁਪਏ ਜੁਰਮਾਨਾ, ਧਾਰਾ 218 ਵਿੱਚ 2 ਸਾਲ ਦੀ ਕੈਦ ਅਤੇ 25 ਹਜਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਮਾਮਲੇ ਦੇ ਦੂਜੇ ਦੋਸ਼ੀ ਐਸ.ਆਈ ਰੇਸ਼ਮ ਸਿੰਘ ਨੂੰ ਧਾਰਾ 302 ਵਿੱਚ ਉਮਰ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਧਾਰਾ 120ਬੀ ਅਤੇ 218 ਵਿੱਚ 2 ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਤੀਜੇ ਦੋਸ਼ੀ ਅਤੇ ਏ.ਐਸ.ਆਈ ਹੰਸ ਰਾਜ ਨੂੰ ਧਾਰਾ 302 ਵਿੱਚ ਉਮਰ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਧਾਰਾ 120ਬੀ218 ਵਿੱਚ 2 ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਅਦਾਲਤ ਵਲੋਂ ਦਿੱਤੇ ਹੁਕਮਾਂ ਮੁਤਾਬਕ ਉਕਤ ਦੋਸ਼ੀਆਂ ਨੇ ਜੇਕਰ ਜੁਰਮਾਨਾ ਅਦਾ ਨਾ ਕੀਤਾ ਤਾਂ 3 ਸਾਲ ਦੀ ਕੈਦ ਹੋਰ ਕੱਟਣੀ ਪਵੇਗੀ। ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਮੁਲਜਮ ਪੁਲੀਸ ਕਰਮਚਾਰੀ ਅਰਜੁਨ ਸਿੰਘ ਦੀ ਦਸੰਬਰ 2021 ਵਿੱਚ ਮੌਤ ਹੋ ਗਈ ਸੀ।

ਪੀੜਤ ਦੇ ਵਕੀਲ ਸਰਬਜੀਤ ਸਿੰਘ ਵੇਰਕਾ, ਜਗਜੀਤ ਸਿੰਘ ਅਤੇ ਪੁਸ਼ਪਿੰਦਰ ਸਿੰਘ ਨੱਤ ਮੁਤਾਬਕ ਉਕਤ ਮਾਮਲੇ ਵਿੱਚ ਦੋਸ਼ੀਆਂ ਨੂੰ ਸਜਾ ਤੱਕ ਪਹੁੰਚਾਉਣ ਲਈ ਉਨਾਂ ਵਲੋਂ ਦਰਜ ਕੀਤੀ ਗਈ ਝੂਠੀ ਐਫ. ਆਈ. ਆਰ ਅਤੇ ਜਿਸ ਬਾਗ ਵਿੱਚ ਮੁਕਾਬਲਾ ਦਿਖਾਇਆ ਗਿਆ ਹੈ, ਵਿੱਚ ਕੰਮ ਕਰਦੇ ਦਿਹਾੜੀਦਾਰ ਦੇ ਬਿਆਨ, ਜਿਸ ਵਿੱਚ ਉਸ ਵਲੋਂ ਕਿਹਾ ਗਿਆ ਕਿ ਇਸ ਬਾਗ ਵਿੱਚ ਕੋਈ ਵੀ ਪੁਲੀਸ ਮੁਤਾਬਲਾ ਜਾਂ ਗੋਲੀਬਾਰੀ ਹੋਈ ਹੀ ਨਹੀਂ, ਉਲਟਾ ਉਸ ਦਿਨ ਉਕਤ ਦਿਹਾੜੀ ਦਾਰ ਦੀ ਲੜਕੀ ਨਾਲ ਇਕ ਥਾਣੇਦਾਰ ਮਹਿੰਗਾਰਾਮ ਵਲੋਂ ਜਬਰ ਜਿਨਾਹ ਕੀਤਾ ਗਿਆ ਅਤੇ ਇਸ ਜਬਰ ਜਿਨਾਹ ਦੇ ਦਰਜ ਮਾਮਲੇ ਵਿੱਚ ਉਕਤ ਪੁਲੀਸ ਵਾਲੇ ਨੂੰ ਸਜਾ ਵੀ ਹੋਈ ਸੀ। ਇਸ ਤੋਂ ਇਲਾਵਾ ਮ੍ਰਿਤਕਾਂ ਦੇ ਪੋਸਟਮਾਰਟਮ ਵਿੱਚ ਦੱਸਿਆ ਗਿਆ ਕਿ ਉਨਾਂ ਦੋਵਾਂ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਨਾਲ ਹੋਈ ਸੀ, ਜੋ ਕਿ ਦੋਸ਼ੀਆਂ ਦੇ ਵਿਰੁਧ ਇਕ ਅਹਿਮ ਸਬੂਤ ਸੀ।

ਮ੍ਰਿਤਕ ਗੁਰਨਾਮ ਸਿੰਘ ਉਰਫ ਪਾਲੀ ਪੰਜਾਬ ਪੁਲੀਸ ਵਿਚ ਸੀ. ਪੀ. ਓ ਸੀ ਅਤੇ ਅਗਵਾ ਕਰਨ ਤੋਂ ਪਹਿਲਾਂ ਵਾਲੀ ਰਾਤ ਉਹ ਡਿਊਟੀ ਤੋਂ ਘਰ ਆਇਆ ਸੀ। ਮ੍ਰਿਤਕ ਜਗਦੀਪ ਸਿੰਘ ਉਰਫ ਮੱਖਣ ਜਲੰਧਰ ਪੁਲੀਸ ਵਿੱਚ ਸਿਪਾਹੀ ਸੀ ਅਤੇ ਕੁਝ ਦਿਨਾਂ ਤੋਂ ਕਿਸੇ ਵਲੋਂ ਧਮਕੀ ਮਿਲਣ ਤੋਂ ਬਾਅਦ ਗੈਰਹਾਜਰ ਚੱਲ ਰਿਹਾ ਸੀ।

ਜਾਣਕਾਰੀ ਅਨੁਸਾਰ ਸੀ.ਬੀ.ਆਈ ਵਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ ਚਾਰਜਸ਼ੀਟ ਮੁਤਾਬਕ ਜਗਦੀਪ ਸਿੰਘ ਉਰਫ ਮੱਖਣ ਨੂੰ ਐਸ.ਐਚ.ਓ ਗੁਰਬਚਨ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਪਹਿਲਾਂ ਪੁਲੀਸ ਨੇ ਘਰ ਵਿੱਚ ਗੋਲੀ ਚਲਾਈ ਅਤੇ ਗੋਲੀ ਵੱਜਣ ਕਾਰਨ ਮੱਖਣ ਦੀ ਸੱਸ ਸਵਿੰਦਰ ਕੌਰ ਦੀ ਮੌਤ ਹੋ ਗਈ, ਇਹ ਘਟਨਾ 18.11.1992 ਦੀ ਹੈ। ਇਸੇ ਤਰ੍ਹਾਂ ਗੁਰਨਾਮ ਸਿੰਘ ਉਰਫ ਪਾਲੀ ਨੂੰ ਐਸ.ਐਚ.ਓ ਗੁਰਬਚਨ ਸਿੰਘ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ 21.11.1992 ਨੂੰ ਉਸਦੇ ਘਰੋਂ ਅਗਵਾ ਕਰ ਲਿਆ ਸੀ। ਗੁਰਨਾਮ ਸਿੰਘ ਉਰਫ ਪਾਲੀ ਅਤੇ ਜਗਦੀਪ ਸਿੰਘ ਉਰਫ ਮੱਖਣ ਨੂੰ 30.11.1992 ਨੂੰ ਗੁਰਬਚਨ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ ਅਤੇ ਇਸ ਸਬੰਧੀ ਪੰਜਾਬ ਪੁਲੀਸ ਨੇ ਵਲੋਂ ਦੱਸੀ ਕਹਾਣੀ ਮੁਤਾਬਕ ਐਸ.ਐਚ.ਓ ਗੁਰਬਚਨ ਸਿੰਘ ਸਮੇਤ ਹੋਰ ਦੋਸ਼ੀ ਵਿਅਕਤੀਆਂ ਅਤੇ ਪੁਲੀਸ ਅਧਿਕਾਰੀਆਂ ਨੇ 30.11.1992 ਦੀ ਸਵੇਰ ਨੂੰ ਗਸ਼ਤ ਕਰਦੇ ਸਮੇਂ ਇੱਕ ਨੌਜਵਾਨ ਨੂੰ ਇੱਕ ਗੱਡੀ ਵਿਚ ਘੁੰਮਦਾ ਦੇਖਿਆ ਅਤੇ ਨੂਰ ਦੀ ਅੱਡਾ, ਤਰਨਤਾਰਨ ਨੇੜੇ ਉਕਤ ਵਿਅਕਤੀ ਨੂੰ ਸ਼ੱਕੀ ਢੰਗ ਨਾਲ ਕਾਬੂ ਕੀਤਾ, ਜਿਸ ਨੇ ਆਪਣੀ ਪਛਾਣ ਗੁਰਨਾਮ ਸਿੰਘ ਉਰਫ ਪਾਲੀ ਵਜੋਂ ਦੱਸੀ ਅਤੇ ਪੁੱਛਗਿੱਛ ਦੌਰਾਨ ਉਸ ਨੇ ਰੇਲਵੇ ਰੋਡ, ਟੀਟੀ ਅਤੇ ਗੁਰਨਾਮ ਸਥਿਤ ਦਰਸ਼ਨ ਸਿੰਘ ਦੇ ਪ੍ਰੋਵੀਜ਼ਨ ਸਟੋਰ ਵਿਚ ਹੈਂਡ ਗ੍ਰੇਨੇਡ ਸੁੱਟਣ ਵਿਚ ਆਪਣੀ ਸ਼ਮੂਲੀਅਤ ਕਬੂਲ ਕੀਤੀ। ਗੁਰਨਾਮ ਸਿੰਘ ਪਾਲੀ ਨੂੰ ਬੇਹਲਾ ਬਾਗ ਵਿਚ ਕਥਿਤ ਤੌਰ ਤੇ ਛੁਪਾਏ ਗਏ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਲਈ ਲਿਜਾਇਆ ਗਿਆ ਤਾਂ ਬਾਗ ਦੇ ਅੰਦਰੋਂ ਖਾੜਕੂਆਂ ਨੇ ਪੁਲੀਸ ਪਾਰਟੀ ਤੇ ਗੋਲੀਬਾਰੀ ਕਰ ਦਿੱਤੀ ਅਤੇ ਪੁਲੀਸ ਫੋਰਸ ਨੇ ਸਵੈ ਰੱਖਿਆ ਵਿਚ ਜਵਾਬੀ ਕਾਰਵਾਈ ਕੀਤੀ ਅਤੇ ਗੁਰਨਾਮ ਸਿੰਘ ਉਰਫ ਪਾਲੀ ਬਚਣ ਦੀ ਨੀਅਤ ਨਾਲ ਆਉਣ ਵਾਲੀਆਂ ਗੋਲੀਆਂ ਦੀ ਦਿਸ਼ਾ ਵੱਲ ਭੱਜਿਆ ਪਰ ਕਰਾਸ ਫਾਇਰਿੰਗ ਵਿਚ ਮਾਰਿਆ ਗਿਆ। ਉਕਤ ਐਫ.ਆਈ.ਆਰ ਵਿਚ ਅੱਗੇ ਦਿਖਾਇਆ ਗਿਆ ਕਿ ਬਾਗ ਦੀ ਤਲਾਸ਼ੀ ਲੈਣ ਤੇ ਜਗਦੀਪ ਸਿੰਘ ਉਰਫ ਮੱਖਣ ਵਜੋਂ ਪਛਾਣ ਕੀਤੇ ਗਏ ਇਕ ਮਾਰੇ ਗਏ ਖਾੜਕੂ ਦੀ ਲਾਸ਼ ਵੀ ਬਰਾਮਦ ਹੋਈ। ਦੋਵੇਂ ਲਾਸ਼ਾਂ ਦਾ ਸਸਕਾਰ ਸ਼ਮਸ਼ਾਨਘਾਟ ਵਿਚ ਲਾਵਾਰਿਸ ਕਹਿ ਕੇ ਕੀਤਾ ਗਿਆ।

Continue Reading

Mohali

ਸੋਹਾਣਾ ਹਾਦਸੇ ਤੋਂ ਬਾਅਦ ਚੌਕਸ ਹੋਈ ਨਗਰ ਨਿਗਮ, ਸਰਵੇ ਵਿੱਚ 97 ਇਮਾਰਤਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਹਾਈਰਾਈਜ ਬਣਾਉਣ ਦੀ ਗੱਲ ਆਈ ਸਾਮ੍ਹਣੇ

Published

on

By

 

ਮੇਅਰ ਜੀਤੀ ਸਿੱਧੂ ਨੇ ਕਮਿਸ਼ਨਰ, ਬਿਲਡਿੰਗ ਬਰਾਂਚ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਐਸ ਏ ਐਸ ਨਗਰ, 24 ਦਸੰਬਰ (ਸ.ਬ.) ਪਿੰਡ ਸੋਹਾਣਾ ਵਿੱਚ ਬੇਸਮੈਂਟ ਪੁੱਟੇ ਜਾਣ ਕਾਰਨ ਨਾਲ ਦੀ ਇਮਾਰਤ ਡਿੱਗਣ ਨਾਲ ਦੋ ਨੌਜਵਾਨ ਬੱਚਿਆਂ ਦੀ ਮੌਤ ਤੋਂ ਬਾਅਦ ਨਗਰ ਨਿਗਮ ਹਰਕਤ ਵਿੱਚ ਹੈ। ਨਗਰ ਨਿਗਮ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਅਣਅਧਿਕਾਰਤ ਬਣੀਆਂ ਦੁਕਾਨਾਂ ਦੇ ਮਾਮਲੇ ਵਿੱਚ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਟੀ ਬੈਨਿਥ ਅਤੇ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਦੇ ਨਾਲ ਨਾਲ ਫਾਇਰ ਵਿਭਾਗ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪਿੰਡਾਂ ਵਿੱਚ ਸਿਰਫ ਤਿੰਨ ਮੰਜ਼ਿਲਾਂ ਬਿਲਡਿੰਗਾਂ ਪਾਸ ਹਨ ਪਰ ਕਈ ਲੋਕਾਂ ਨੇ ਨਿਯਮਾਂ ਦੀ ਉਲੰਘਣਾ ਕਰਕੇ ਬਹੁ ਮੰਜਿਲਾ ਬਿਲਡਿੰਗਾਂ ਬਣਾਈਆਂ ਹੋਈਆਂ ਹਨ। ਉਹਨਾਂ ਕਿਹਾ ਕਿ ਸਰਵੇ ਵਿੱਚ ਅਜਿਹੀਆਂ 97 ਬਿਲਡਿੰਗਾਂ ਆਈਆਂ ਹਨ ਜਿਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕਰਕੇ ਤਿੰਨ ਮੰਜ਼ਿਲਾਂ ਤੋਂ ਉੱਚਾ ਬਣਾਇਆ ਹੈ।

ਉਹਨਾਂ ਕਿਹਾ ਕਿ ਮਿਉਂਸਪਲ ਟਾਊਨ ਪਲੈਨਰ ਸਮੇਤ ਬਿਲਡਿੰਗ ਬਰਾਂਚ ਦੀ ਪੂਰੀ ਟੀਮ ਸਰਵੇ ਵਿੱਚ ਜੁਟੀ ਹੋਈ ਹੈ। ਮੁਹਾਲੀ ਨਗਰ ਨਿਗਮ ਦੇ ਅਧੀਨ ਛੇ ਪਿੰਡ ਸੋਹਾਣਾ, ਕੁੰਬੜਾ, ਮਟੌਰ, ਸ਼ਾਹੀ ਮਾਜਰਾ, ਮਦਨਪੁਰ ਅਤੇ ਪਿੰਡ ਮੁਹਾਲੀ ਹਨ। ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਨਾ ਸਿਰਫ ਲਾਲ ਡੋਰੇ ਦੇ ਅੰਦਰ ਬਲਕਿ ਲਾਲ ਡੋਰੇ ਦੇ ਬਾਹਰ ਵੀ ਅਣਅਧਿਕਾਰਤ ਬਿਲਡਿੰਗਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਪਿੰਡਾਂ ਵਿੱਚ ਬਣੀਆਂ ਸਮੁੱਚੀਆਂ ਬਿਲਡਿੰਗਾਂ ਦੇ ਫਾਇਰ ਸੇਫਟੀ ਉਪਕਰਨਾਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਕੋਈ ਵੀ ਹਾਦਸਾ ਹੋਣ ਵੇਲੇ ਅੱਗ ਲੱਗਣ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ ਜਿਸ ਨਾਲ ਵਧੇਰੇ ਨੁਕਸਾਨ ਹੋ ਸਕਦਾ ਹੈ। ਉਹਨਾਂ ਕਿਹਾ ਕਿ ਬਿਲਡਿੰਗ ਬਰਾਂਚ ਵੱਲੋਂ ਮੀਟਿੰਗ ਵਿੱਚ ਦੱਸਿਆ ਗਿਆ ਹੈ ਕਿ ਮੁਹਾਲੀ ਦੇ ਸਮੂਹ ਪਿੰਡਾਂ ਵਿੱਚ ਸਰਵੇ ਚੱਲ ਰਿਹਾ ਹੈ ਅਤੇ ਜਿਨ੍ਹਾਂ ਬਿਲਡਿੰਗਾਂ ਦੀ ਉਸਾਰੀ ਬਗੈਰ ਨਕਸ਼ੇ ਪਾਸ ਕੀਤੇ ਕੀਤੀ ਜਾ ਰਹੀ ਹੈ, ਉਹਨਾਂ ਨੂੰ ਰੋਕ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਨਗਰ ਨਿਗਮ ਦੀ ਇੰਜੀਨੀਅਰਿੰਗ ਵਿਭਾਗ ਵੱਲੋਂ ਪਿੰਡਾਂ ਦੇ ਲਾਲ ਡੋਰੇ ਅੰਦਰ ਬਣੀਆਂ ਸਮੁੱਚੀਆਂ ਬਿਲਡਿੰਗਾਂ ਦੀ ਸਟਰੈਂਥ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਮਜ਼ੋਰ ਬਿਲਡਿੰਗਾਂ ਦੀ ਰਿਪੋਰਟ ਉਪਰੰਤ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿਨ੍ਹਾਂ ਬਿਲਡਿੰਗਾਂ ਦੀ ਉਚਾਈ ਨਿਰਧਾਰਿਤ ਸੀਮਾ ਤੋਂ ਵੱਧ ਹੈ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਇਹਨਾਂ ਨੂੰ ਠੀਕ ਕਰਨ ਵਾਸਤੇ ਕਿਹਾ ਜਾਵੇਗਾ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਨਗਰ ਨਿਗਮ ਵੱਲੋਂ ਖੁਦ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦਾ ਸਾਰਾ ਹਰਜਾ ਖਰਚਾ ਬਿਲਡਿੰਗ ਮਾਲਕ ਕੋਲੋਂ ਵਸੂਲਿਆ ਜਾਵੇਗਾ। ਉਹਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

 

Continue Reading

Mohali

ਸੋਹਾਣਾ ਵਰਗੀ ਕੋਈ ਹੋਰ ਤ੍ਰਾਸਦੀ ਬਰਦਾਸ਼ਤ ਨਹੀਂ ਹੋਵੇਗੀ : ਆਸ਼ਿਕਾ ਜੈਨ

Published

on

By

 

ਡੀ ਸੀ ਨੇ ਸਥਾਨਕ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਚੱਲ ਰਹੀ ਹਰੇਕ ਉਸਾਰੀ ਇਮਾਰਤੀ ਨਿਯਮਾਂ ਅਨੁਸਾਰ ਹੋਣੀ ਯਕੀਨੀ ਬਣਾਉਣ ਲਈ ਕਿਹਾ

ਐਸ ਏ ਐਸ ਨਗਰ, 24 ਦਸੰਬਰ (ਸ.ਬ.) ਸੋਹਾਣਾ ਵਿੱਚ ਇੱਕ ਬਹੁਮੰਜਲੀ ਇਮਾਰਤ ਡਿੱਗਣ ਕਾਰਨ ਹੋਈਆਂ ਦੋ ਦਰਦਨਾਕ ਨੌਜਵਾਨ ਮੌਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਪੈਂਦੀਆਂ ਸਾਰੀਆਂ ਸਥਾਨਕ ਸਰਕਾਰਾਂ (ਨਗਰ ਨਿਗਮ ਤੇ ਨਗਰ ਕੌਸਲਾਂ) ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਚੱਲ ਰਹੀ ਹਰੇਕ ਉਸਾਰੀ ਇਮਾਰਤੀ ਨਿਯਮਾਂ ਅਨੁਸਾਰ ਹੋਣੀ ਯਕੀਨੀ ਬਣਾਈ ਜਾਵੇ।

ਉਨ੍ਹਾਂ ਕਿਹਾ ਭਵਿੱਖ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਉਲੰਘਣਾ ਨੋਟਿਸ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਦਰਦਨਾਕ ਘਟਨਾਵਾਂ (ਜਿਨ੍ਹਾਂ ਲਈ ਘੋਰ ਮਨੁੱਖੀ ਲਾਪਰਵਾਹੀ ਜ਼ਿੰਮੇਵਾਰ ਹੈ) ਦੇ ਮੱਦੇਨਜ਼ਰ ਸਬੰਧਤ ਇਮਾਰਤੀ ਸ਼ਾਖਾਵਾਂ ਨੂੰ ਸਮੇਂ ਸਿਰ ਕਾਰਵਾਈ ਕਰਨ ਲਈ ਵਧੇਰੇ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਰਫ਼ ਨਕਸ਼ਿਆਂ ਨੂੰ ਮਨਜ਼ੂਰੀ ਦੇਣਾ ਹੀ ਕਾਫ਼ੀ ਨਹੀਂ ਹੈ ਬਲਕਿ ਚੱਲ ਰਹੀਆਂ ਉਸਾਰੀਆਂ ਦਾ ਸਮੇਂ-ਸਮੇਂ ਤੇ ਨਿਰੀਖਣ ਵੀ ਕਰਨਾ ਚਾਹੀਦਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸਾਰੀ ਇਮਾਰਤ ਦੇ ਉਪ-ਨਿਯਮਾਂ/ਪ੍ਰਵਾਨਿਤ ਡਰਾਇੰਗ ਅਨੁਸਾਰ ਹੈ ਜਾਂ ਨਹੀਂ।

ਡਿਪਟੀ ਕਮਿਸ਼ਨਰ ਨੇ ਏਡੀਸੀ (ਜ) ਵਿਰਾਜ ਐਸ ਤਿੜਕੇ, ਨਗਰ ਨਿਗਮ ਕਮਿਸ਼ਨਰ ਟੀ ਬੈਨੀਥ, ਏਡੀਸੀ (ਯੂਡੀ) ਅਨਮੋਲ ਸਿੰਘ ਧਾਲੀਵਾਲ, ਏਡੀਸੀ (ਆਰਡੀ) ਸੋਨਮ ਚੌਧਰੀ ਅਤੇ ਮੁੱਖ ਮੰਤਰੀ ਫੀਲਡ ਅਫਸਰ (ਸੀ.ਐੱਮ.ਐੱਫ.ਓ.) ਦੀਪਾਂਕਰ ਗਰਜੀ ਨਾਲ ਹਾਲ ਕੀਤੀ ਮੀਟਿੰਗ ਦੌਰਾਨ ਤਾਜਾ ਦੁਖਾਂਤ ਤੋਂ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸਥਾਨਕ ਸੰਸਥਾਵਾਂ ਨੂੰ ਉਸਾਰੀਆਂ ਦੀ ਜਾਂਚ ਕਰਨ ਲਈ ਨਵੇਂ ਸਿਰੇ ਤੋਂ ਸਰਵੇਖਣ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਉਲੰਘਣਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਨੋਟਿਸ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਨੋਟਿਸ ਰਾਹੀਂ ਉਲੰਘਣਾ ਨੂੰ ਦੂਰ ਕਰਨ ਦਾ ਮੌਕਾ ਦੇਣ ਤੋਂ ਬਾਅਦ ਜਨਤਕ ਹਿੱਤ ਵਿੱਚ ਕਾਨੂੰਨ ਅਨੁਸਾਰ ਢਾਹੁਣ ਜਾਂ ਹੋਰ ਸਖ਼ਤ ਕਾਰਵਾਈ ਕੀਤੀ ਜਾਵੇ।

ਨਗਰ ਨਿਗਮ ਵੱਲੋਂ ਪਹਿਲਾਂ ਹੀ ਅਜਿਹਾ ਸਰਵੇਖਣ ਕਰਵਾਉਣ ਦੇ ਕਦਮ ਦਾ ਸੁਆਗਤ ਕਰਦਿਆਂ ਉਨ੍ਹਾਂ ਨਗਰ ਨਿਗਮ ਦੇ ਕਮਿਸ਼ਨਰ ਟੀ ਬੈਨਿਥ ਨੂੰ ਕਿਹਾ ਕਿ ਉਹ ਆਪਣੇ ਤੌਰ ਤੇ ਉਲੰਘਣਾਵਾਂ ਨੂੰ ਦੂਰ ਕਰਨ ਲਈ ਨੋਟਿਸ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਜੇਕਰ ਉਲੰਘਣਾ ਕਰਨ ਵਾਲਾ ਨਹੀਂ ਮੰਨਦਾ ਤਾਂ ਨਗਰ ਨਿਗਮ ਵੱਲੋਂ ਇਮਾਰਤ ਦੇ ਮਾਲਕ ਦੇ ਖਰਚੇ ਤੇ ਕਾਨੂੰਨ ਅਨੁਸਾਰ ਢਾਹੁਣ ਵਰਗੀ ਜਾਂ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਨੂੰ ਨਗਰ ਨਿਗਮ ਖੇਤਰ ਤੋਂ ਬਾਹਰ ਦੀਆਂ ਬਹੁਮੰਜ਼ਿਲਾ ਇਮਾਰਤਾਂ ਦੀ ਉਸਾਰੀ ਵਿੱਚ ਹੋ ਰਹੀ ਉਲੰਘਣਾ ਨੂੰ ਰੋਕਣ ਦੀ ਤਾਕੀਦ ਕਰਦਿਆਂ ਉਨ੍ਹਾਂ ਕਿਹਾ ਕਿ ਅਥਾਰਟੀ ਵੱਲੋਂ ਨਗਰ ਨਿਗਮ ਦੀ ਹੱਦ ਤੋਂ ਬਾਹਰ ਦੇ ਖੇਤਰਾਂ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਵੀ ਦੁਖਦਾਈ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ (ਲਾਲ ਲਕੀਰ) ਜੋ ਗ੍ਰਾਮ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ, ਵਿੱਚ ਉੱਚੀਆਂ ਇਮਾਰਤਾਂ ਦੀ ਉਸਾਰੀ ਕਾਨੂੰਨ ਅਨੁਸਾਰ ਯਕੀਨੀ ਬਣਾਉਣ ਲਈ ਸਖ਼ਤ ਰੁਖ ਅਪਣਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਇੱਕ ਵੱਖਰਾ ਪੱਤਰ ਭੇਜਿਆ ਜਾਵੇਗਾ।

 

Continue Reading

Latest News

Trending