Connect with us

Editorial

ਪਰਾਲੀ ਦੀ ਸਮੱਸਿਆ ਦਾ ਢੁੱਕਵਾਂ ਹੱਲ ਕੱਢਣ ਵਿੱਚ ਕਾਮਯਾਬ ਨਹੀਂ ਹੋਈ ਪੰਜਾਬ ਸਰਕਾਰ

Published

on

 

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦਾ ਹੱਲ ਕੱਢਣ ਵਿੱਚ ਹੁਣ ਤਕ ਸਫਲ ਨਹੀਂ ਹੋ ਪਾਈ ਹੈ, ਜਿਸ ਕਾਰਨ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣ ਦੀ ਕਾਰਵਾਈ ਜਾਰੀ ਹੈ। ਇਸ ਸੰਬੰਧੀ ਮੀਡੀਆ ਵਿੱਚ ਆਏ ਅੰਕੜਿਆਂ ਅਨੁਸਾਰ ਕਿਸਾਨਾਂ ਵੱਲੋਂ ਪੰਜਾਬ ਵਿੱਚ ਹੁਣ ਤਕ 200 ਤੋਂ ਵੱਧ ਥਾਵਾਂ ਤੇ ਪਰਾਲੀ ਨੂੰ ਅੱਗ ਲਗਾਈ ਜਾ ਚੁੱਕੀ ਹੈ। ਭਾਵੇਂ ਕਿ ਕੁਝ ਥਾਵਾਂ ਤੇ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਪਰਾਲੀ ਦੀਆਂ ਗੰਢਾਂ ਬਣਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ ਪਰ ਵੱਡੀ ਗਿਣਤੀ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਕੇ ਸਾੜਿਆ ਵੀ ਜਾ ਰਿਹਾ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਤੋਂ ਨਾ ਤਾਂ ਤੂੜੀ ਬਣਦੀ ਹੈ ਤੇ ਨਾ ਹੀ ਇਹ ਪਰਾਲੀ ਕਿਸੇ ਹੋਰ ਕੰਮ ਆਉਂਦੀ ਹੈ, ਜਿਸ ਕਰਕੇ ਕਿਸਾਨ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਹਨ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਖੇਤਾਂ ਵਿੱਚ ਪਰਾਲੀ ਨੂੰ ਵਾਹੁਣ ਤੇ ਬਹੁਤ ਖਰਚਾ ਆਉਂਦਾ ਹੈ ਤੇ ਮਿਹਨਤ ਵੀ ਬਹੁਤ ਲੱਗਦੀ ਹੈ, ਜਿਸ ਕਰਕੇ ਕਿਸਾਨ ਪਰਾਲੀ ਨੂੰ ਅੱਗ ਲਾਉਣ ਨੂੰ ਤਰਜੀਹ ਦਿੰਦੇ ਹਨ।

ਦੂਜੇ ਪਾਸੇ ਵਾਤਾਵਰਣ ਪ੍ਰੇਮੀ ਪਰਾਲੀ ਨੂੰ ਅੱਗ ਲਗਾਉਣ ਦਾ ਵਿਰੋਧ ਕਰਦੇ ਹਨ। ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣ ਜਾਂਦਾ ਹੈ। ਇਸ ਤੋਂ ਇਲਾਵਾ ਪਰਾਲੀ ਦੀ ਅੱਗ ਕਾਰਨ ਕਈ ਹਰੇ ਭਰੇ ਰੁੱਖ ਵੀ ਸੜ ਜਾਂਦੇ ਹਨ ਅਤੇ ਕਈ ਵਾਰ ਪਰਾਲੀ ਦੀ ਅੱਗ ਕਾਰਨ ਪੰਛੀ ਵੀ ਸੜ ਜਾਂਦੇ ਹਨ। ਇਸ ਤੋਂ ਇਲਾਵਾ ਕਈ ਵਾਰ ਇਨਸਾਨ ਵੀ ਪਰਾਲੀ ਦੀ ਅੱਗ ਦਾ ਸ਼ਿਕਾਰ ਹੋ ਚੁਕੇ ਹਨ।

ਭਾਵੇਂ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਅਨੇਕਾਂ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਨੂੰ ਹੱਲ ਕਰਨ ਦੇ ਯਤਨ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਅਸਲੀਅਤ ਇਹ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਨੂੰ ਹਲ ਕਰਨ ਵਿੱਚ ਕਾਮਯਾਬ ਨਹੀਂ ਹੋ ਪਾਈ ਹੈ ਜਿਸ ਕਾਰਨ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਕਾਰਵਾਈਆਂ ਜਾਰੀ ਹਨ।

ਬਿਊਰੋ

Continue Reading

Editorial

ਆਵਾਜ਼ ਪ੍ਰਦੂਸ਼ਨ ਵਿੱਚ ਹੁੰਦੇ ਵਾਧੇ ਤੇ ਕਾਬੂ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

Published

on

By

 

ਆਵਾਜ ਦੇ ਪਦੂਸ਼ਨ ਦੀ ਸਮੱਸਿਆ ਅਜਿਹੀ ਹੈ ਜਿਹੜੀ ਛੋਟੇ ਬੱਚੇ ਤੋਂ ਲੈ ਕੇ ਬਜੁਰਗਾਂ ਤਕ, ਸਾਰਿਆਂ ਨੂੰ ਪਰੇਸ਼ਾਨ ਕਰਦੀ ਹੈ। ਵਾਤਾਵਰਨ ਵਿੱਚ ਲਗਾਤਾਰ ਵੱਧਦੇ ਸ਼ੋਰ ਪ੍ਰਦੂਸ਼ਨ ਕਾਰਨ ਜਿੱਥੇ ਲੋਕਾਂ ਵਿੰਚ ਬੋਲੇਪਨ ਦੀ ਸਮੱਸਿਆ ਵਧ ਰਹੀ ਹੈ ਉੱਥੇ ਬੱਚਿਆਂ ਅਤੇ ਬਜੁਰਗਾਂ ਨੂੰ ਸਭਤੋਂ ਵੱਧ ਪਰੇਸ਼ਾਨ ਹੋਣਾ ਪੈਂਦਾ ਹੈ। ਬਜੁਰਗਾਂ ਨੂੰ ਇਸ ਰੌਲੇ ਵਿੱਚ ਨੀਂਦ ਨਹੀਂ ਆਂਉਂਦੀ ਅਤੇ ਇਹ ਸ਼ੋਰ ਸ਼ਰਾਬਾ ਬੱਚਿਆਂ ਦੀ ਪੜਾਈ ਦਾ ਵੀ ਭਾਰੀ ਨੁਕਸਾਨ ਕਰਦਾ ਹੈ।

ਅੱਜਕੱਲ ਵਿਆਹਾਂ ਦਾ ਸੀਜਨ ਚਲ ਰਿਹਾ ਹੈ ਅਤੇ ਇਸ ਕਾਰਨ ਇਸ ਸਮੱਸਿਆ ਵਿੱਚ ਹੋਰ ਵੀ ਵਾਧਾ ਹੋ ਗਿਆ ਹੈ। ਇਸਦਾ ਕਾਰਨ ਇਹ ਹੈ ਕਿ ਵਿਆਹ ਦੌਰਾਨ ਢੋਲ ਢਮੱਕਾ ਤਾਂ ਹੋਣਾ ਹੀ ਹੁੰਦਾ ਹੈ ਅਤੇ ਰੋਜਾਨਾ ਵੱਡੀ ਗਿਣਤੀ ਵਿੱਚ ਹੋਣ ਵਾਲੇ ਵਿਆਹ ਸਮਾਗਮਾਂ ਦੌਰਾਨ ਇੰਨੀ ਤੇਜ ਆਵਾਜ ਵਿੱਚ ਸੰਗੀਤ ਵਜਾਇਆ ਜਾਂਦਾ ਹੈ ਕਿ ਕੰਨ ਜਿਵੇਂ ਸੁੰਨ ਜਿਹੇ ਹੋ ਕੇ ਰਹਿ ਜਾਂਦੇ ਹਨ। ਹਾਲਾਤ ਇਹ ਹਨ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਖੁੱਲ ਚੁੱਕੇ ਮੈਰਿਜ਼ ਪੈਲਿਸਾਂ ਵਿੱਚ ਬਹੁਤ ਉੱਚੀ ਆਵਾਜ ਵਿੱਚ ਸੰਗੀਤ ਵਜਾਇਆ ਜਾਂਦਾ ਹੈ ਅਤੇ ਇਸ ਦੌਰਾਨ ਆਰਕੈਸਟਰਾਂ ਵਾਲਿਆਂ ਦੇ ਸਪੀਕਰਾਂ ਦੀ ਆਵਾਜ ਵੀ ਬਹੁਤ ਉੱਚੀ ਰੱਖੀ ਜਾਂਦੀ ਹੈ।

ਇਹਨਾਂ ਪਾਰਟੀਆਂ ਦੌਰਾਨ ਇੰਨਾ ਵੱਧ ਸ਼ੋਰ ਪੈਦਾ ਕਰਨ ਵਾਲੇ ਖੁਦ ਦਾ ਨੁਕਸਾਨ ਤਾਂ ਕਰਦੇ ਹੀ ਹਨ ਹੋਰਨਾਂ ਲੋਕਾਂ ਲਈ ਵੀ ਪਰੇਸ਼ਾਨੀ ਖੜੀ ਕਰਦੇ ਹਨ। ਇਹਨਾਂ ਵਿਆਹ ਸਮਾਗਮਾਂ ਦੌਰਾਨ ਦੇਰ ਰਾਤ ਨੂੰ (ਜਦੋਂ ਆਸ ਪਾਸ ਦੇ ਲੋਕ ਸੌਂ ਜਾਂਦੇ ਹਨ) ਪਟਾਕੇ ਅਤੇ ਆਤਿਸ਼ਬਾਜੀ ਵੀ ਚਲਾਈ ਜਾਂਦੀ ਹੈ ਅਤੇ ਇਹ ਪਟਾਕੇ ਅਤੇ ਆਤਿਸ਼ਬਾਜੀ ਧੂਏਂ ਦੇ ਪ੍ਰਦੂਸ਼ਨ ਦੇ ਨਾਲ ਨਾਲ ਆਵਾਜ ਪ੍ਰਦੂਸ਼ਨ ਵਿੱਚ ਵੀ ਵੱਡੀ ਪੱਧਰ ਤੇ ਵਾਧਾ ਕਰਦੀ ਹੈ।

ਹਾਲਾਂਕਿ ਆਵਾਜ ਪ੍ਰਦੂਸ਼ਨ ਦੀ ਇਹ ਸਮੱਸਿਆ ਪੂਰਾ ਸਾਲ ਚਲਦੀ ਹੈ ਅਤੇ ਮੌਜੂਦਾ ਹਾਲਾਤ ਇਹ ਹਨ ਕਿ ਹਰੇਕ ਵਿਅਕਤੀ ਸ਼ੋਰ ਪ੍ਰਦੂਸ਼ਨ ਵਿੱਚ ਆਪੋ ਆਪਣਾ ਯੋਗਦਾਨ ਪਾ ਰਿਹਾ ਹੈ। ਕਈ ਵਾਰ ਉੱਚੀ ਆਵਾਜ ਵਿੱਚ ਵਜਾਏ ਜਾਂਦੇ ਡੀ ਜੇ ਕਾਰਨ ਆਮ ਲੋਕਾਂ ਵਿੱਚ ਆਪਸੀ ਝਗੜੇ ਦੀ ਨੌਬਤ ਤਕ ਆ ਜਾਂਦੀ ਹੈ ਜਿਸ ਦੌਰਾਨ ਗੱਲ ਮਾਰਕੁਟਾਈ ਤੱਕ ਵੀ ਪਹੁੰਚ ਜਾਂਦੀ ਹੈ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਕੁੱਝ ਲੋਕ ਆਪਣੇ ਘਰਾਂ ਵਿੱਚ ਕਾਫੀ ਤੇਜ ਆਵਾਜ ਵਿੱਚ ਸੰਗੀਤ ਵਜਾਉਂਦੇ ਹਨ ਅਤੇ ਕਈ ਵਾਹਨ ਚਾਲਕ ਆਪਣੇ ਵਾਹਨਾਂ ਵਿੱਚ ਅਜਿਹੇ ਸਟੀਰਿਓ ਫਿਟ ਕਰਵਾਉਂਦੇ ਹਨ ਜਿਹਨਾਂ ਦੀ ਆਵਾਜ ਦੀ ਧਮਕ ਜਮੀਨ ਤਕ ਨੂੰ ਹਿਲਾ ਦਿੰਦੀ ਹੈ।

ਇਸੇ ਤਰ੍ਹਾਂ ਧਾਰਮਿਕ ਸਥਾਨਾਂ ਵਿੱਚ ਵੀ ਸਪੀਕਰ ਲਗਾ ਕੇ ਉੱਚੀ ਆਵਾਜ ਵਿੱਚ ਧਾਰਮਿਕ ਗੀਤ ਵਜਾਏ ਜਾਂਦੇ ਹਨ, ਜਿਸ ਕਾਰਨ ਭਾਰੀ ਸ਼ੋਰ ਸ਼ਰਾਬਾ ਹੁੰਦਾ ਹੈ। ਉੱਚੀ ਆਵਾਜ ਵਿੱਚ ਚਲਾਏ ਜਾਣ ਵਾਲੇ ਸਪੀਕਰਾਂ ਤੇ ਪਾਬੰਦੀ ਹੋਣ ਦੇ ਬਾਵਜੂਦ ਅਕਸਰ ਲੋਕ ਇਹਨਾਂ ਸਪੀਕਰਾਂ ਨੂੰ ਚਲਾਕੇ ਰੱਖਦੇ ਹਨ। ਅਜਿਹਾ ਜਿਆਦਾਤਰ ਸਾਰੀ ਰਾਤ ਚਲਣ ਵਾਲੇ ਜਗਰਾਤਿਆਂ ਦੌਰਾਨ ਕੀਤਾ ਜਾਂਦਾ ਹੈ ਜਿਸ ਦੌਰਾਨ ਭਜਨ ਮੰਡਲੀਆਂ ਉੱਚੀ ਆਵਾਜ ਵਿੱਚ ਭਜਨ ਗਾਉਂਦੀਆਂ ਰਹਿੰਦੀਆਂ ਹਨ।

ਇਸ ਸ਼ੋਰ ਪ੍ਰਦੂਸ਼ਨ ਵਿੱਚ ਉਹ ਵਾਹਨ ਚਾਲਕਾਂ ਵੀ ਵੱਡਾ ਯੋਗਦਾਨ ਦਿੰਦੇ ਹਨ ਜਿਹੜੇ ਅਕਸਰ ਬਿਨਾਂ ਕਾਰਨ ਹੀ ਆਪਣੇ ਵਾਹਨਾਂ ਦੇ ਹਾਰਨ ਵਜਾਉਂਦੇ ਰਹਿੰਦੇ ਹਨ। ਕਈ ਵਿਅਕਤੀ ਤਾਂ ਅਜਿਹੇ ਵੀ ਹਨ ਜਿਹੜੇ ਜਦੋਂ ਕਿਸੇ ਦੇ ਘਰ ਜਾਂਦੇ ਹਨ ਤਾਂ ਜਦੋਂ ਤੱਕ ਅਗਲਾ ਦਰਵਾਜਾ ਨਾ ਖੋਲ੍ਹੇ ਉਹ ਹਾਰਨ ਹੀ ਵਜਾਉੁਂਦੇ ਰਹਿੰਦੇ ਹਨ। ਜਿਹਨਾਂ ਵਾਹਨਾਂ ਉਪਰ ਪ੍ਰੈਸ਼ਰ ਹਾਰਨ (ਜੋ ਬਹੁਤ ਤੇਜ ਆਵਾਜ ਪੈਦਾ ਕਰਦੇ ਹਨ) ਲੱਗੇ ਹੁੰਦੇ ਹਨ ਉਹਨਾਂ ਦੇ ਚਾਲਕ ਵਲੋਂ ਜਦੋਂ ਸੜਕ ਕਿਨਾਰੇ ਪੈਦਲ ਜਾ ਰਹੇ ਕਿਸੇ ਵਿਅਕਤੀ ਦੇ ਨੇੜੇ ਆ ਕੇ ਆਪਣਾ ਹਾਰਨ ਵਜਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਦੀ ਹਾਲਤ ਉਹੀ ਸਮਝ ਸਕਦਾ ਹੈ ਜਿਸਦੇ ਨਾਲ ਅਜਿਹਾ ਵਾਪਰਿਆ ਹੋਵੇ। ਹੋਰ ਤਾਂ ਹੋਰ ਮੋਟਰਸਾਇਕਲਾਂ ਵਾਲੇ ਵੀ ਬਹੁਤ ਉੱਚੀ ਆਵਾਜ ਵਿੱਚ ਹਾਰਨ ਵੀ ਵਜਾਉਂਦੇ ਹਨ ਅਤੇ ਬੁਲੇਟ ਮੋਟਰਸਾਇਕਲ ਦੇ ਸਾਈਲੈਂਸਰਾਂ ਵਿੱਚੋਂ ਪਟਾਕਿਆਂ ਦੀ ਆਵਾਜ ਕੱਢਣਾ ਜਿਵੇਂ ਨੌਜਵਾਨਾਂ ਦਾ ਫੈਸ਼ਨ ਬਣ ਗਿਆ ਹੈ।

ਲਗਾਤਾਰ ਵੱਧਦੇ ਸ਼ੋਰ ਪ੍ਰਦੂਸ਼ਨ ਤੇ ਕਾਬੂ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਵਰਤਾਰਾ ਲਗਾਤਾਰ ਵੱਧ ਰਿਹਾ ਹੈ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਅਤੇ ਇਸ ਤਰੀਕੇ ਨਾਲ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਨ ਵਾਲੀ ਸ਼ੋਰ ਪ੍ਰਦੂਸ਼ਣ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ। ਅਜਿਹੇ ਲੋਕਾਂ ਦੇ ਖਿਲਾਫ ਹੋਣ ਵਾਲੀ ਸਖਤ ਕਾਰਵਾਈ ਦਾ ਡਰ ਹੀ ਸ਼ੋਰ ਪ੍ਰਦੂਸ਼ਨ ਤੇ ਕਾਬੂ ਕਰਨ ਦਾ ਸਮਰਥ ਹੋ ਸਕਦਾ ਹੈ ਇਸ ਲਈ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ।

 

 

 

Continue Reading

Editorial

ਭਗਵੰਤ ਮਾਨ ਸਰਕਾਰ ਲਈ ਵਕਾਰ ਦਾ ਸਵਾਲ ਹੋਵੇਗੀ ਸੂਬੇ ਦੀਆਂ ਚਾਰ ਵਿਧਾਨਸਭਾ ਸੀਟਾਂ ਦੀ ਜ਼ਿਮਣੀ ਚੋਣ

Published

on

By

 

ਸੂਬੇ ਦੀਆਂ ਚਾਰ ਵਿਧਾਨ ਸਭਾ ਹਲਕਿਆਂ ਦੀ ਜਿਮਣੀ ਚੋਣ ਲਈ ਸਰਗਰਮੀਆਂ ਆਰੰਭ

ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਪੰਚਾਇਤ ਚੋਣਾਂ ਲਈ ਵੋਟਾਂ ਪੈਣ ਵਾਲੇ ਦਿਨ ਹੀ ਪੰਜਾਬ ਵਿੱਚ ਚਾਰ ਵਿਧਾਨ ਸਭ ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ, ਜਿਸ ਕਾਰਨ ਪੰਚਾਇਤ ਚੋਣਾਂ ਦੌਰਾਨ ਹੀ ਜਿਮਨੀ ਚੋਣਾਂ ਲਈ ਵੀ ਸਰਗਰਮੀਆਂ ਸ਼ੁਰੂ ਹੋ ਗਈਆਂ। ਹਾਲਾਂਕਿ ਜਿਮਨੀ ਚੋਣਾਂ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਪਹਿਲਾਂ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਕੁਝ ਦਿਨਾਂ ਤੋਂ ਸਿਆਸੀ ਪਾਰਟੀਆਂ ਦੇ ਆਗੂ ਪੰਚਾਇਤ ਚੋਣਾਂ ਵਿੱਚ ਰੁਝੇ ਹੋਏ ਸਨ, ਜਿਸ ਕਰਕੇ ਜਿਮਨੀ ਚੋਣਾਂ ਦੀਆਂ ਤਿਆਰੀਆਂ ਵੱਲ ਧਿਆਨ ਨਹੀਂ ਸੀ ਦਿੱਤਾ ਜਾ ਸਕਿਆ ਪਰ ਜਿਮਨੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਜਿਮਨੀ ਚੋਣਾਂ ਵਾਲੇ ਹਲਕਿਆਂ ਵਿੱਚ ਚੋਣ ਸਰਗਰਮੀਆਂ ਤੇਜ ਹੋ ਗਈਆਂ ਹਨ ਅਤੇ ਪੰਚਾਇਤ ਚੋਣਾਂ ਵਿੱਚ ਰੁਝੇ ਵੱਡੀ ਗਿਣਤੀ ਸਿਆਸੀ ਆਗੂ ਪੰਚਾਇਤੀ ਵੋਟਾਂ ਨੂੰ ਜਿਮਨੀ ਚੋਣਾਂ ਲਈ ਪੱਕੀਆਂ ਵੋਟਾਂ ਕਰਨ ਦੇ ਯਤਨਾਂ ਵਿੱਚ ਲੱਗ ਗਏ ਹਨ।

ਪਿਛਲੇ ਸਮੇਂ ਦੌਰਾਨ ਹੋਈਆਂ ਲੋਕਸਭਾ ਚੋਣਾਂ ਦੌਰਾਨ 4 ਮੌਜੂਦਾ ਵਿਧਾਇਕਾਂ (ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਬਰਨਾਲਾ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਚੱਬੇਵਾਲ ਦੇ ਵਿਧਾਇਕ ਡਾ. ਰਾਜਕੁਮਾਰ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਸੀਟ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ) ਦੇ ਸੰਸਦ ਮੈਂਬਰ ਚੁਣੇ ਜਾਣ ਕਾਰਨ ਇਹ ਸੀਟਾਂ ਖਾਲੀ ਪਈਆਂ ਹਨ ਅਤੇ ਹੁਣ ਇਹਨਾਂ ਵਿੱਚ ਜਿਮਣੀ ਚੋਣਾਂ ਹੋਣੀਆਂ ਹਨ।

ਜ਼ਿਮਨੀ ਚੋਣਾਂ ਵਾਲੇ ਚਾਰ ਵਿਧਾਨ ਸਭਾ ਹਲਕਿਆਂ ਵਿਚੋਂ ਗਿੱਦੜਬਾਹਾ ਦੀ ਸੀਟ ਨੂੰ ਸਭ ਤੋਂ ਹਾਟ ਸੀਟ ਸਮਝਿਆ ਜਾਂਦਾ ਹੈ। ਗਿੱਦੜਬਾਹਾ ਹਲਕਾ ਅਕਾਲੀ ਦਲ ਦਾ ਗੜ੍ਹ ਵੀ ਸਮਝਿਆ ਜਾਂਦਾ ਰਿਹਾ ਹੈ, ਭਾਵੇਂ ਕਿ ਹੁਣ ਇਥੋਂ ਦੇ ਸਿਆਸੀ ਸਮੀਕਰਨ ਬਦਲ ਚੁੱਕੇ ਹਨ। ਗਿੱਦੜਬਾਹਾ ਹਲਕੇ ਵਿੱਚ ਚੰਗਾ ਆਧਾਰ ਰੱਖਣ ਵਾਲੇ ਸੀਨੀਅਰ ਅਕਾਲੀ ਆਗੂ ਡਿੰਪੀ ਢਿੱਲੋਂ ਕੁਝ ਸਮਾਂ ਪਹਿਲਾਂ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਸਮਝਿਆ ਜਾ ਰਿਹਾ ਹੈ ਕਿ ਗਿੱਦੜਬਾਹਾ ਦੀ ਜ਼ਿਮਨੀ ਚੋਣ ਦੌਰਾਨ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਦੂਜੇ ਪਾਸੇ ਗਿੱਦੜਬਾਹਾ ਜ਼ਿਮਨੀ ਚੋਣ ਦੌਰਾਨ ਸਾਂਸਦ ਰਾਜਾ ਵੜਿੰਗ ਦੀ ਪਤਨੀ ਦੇ ਵੀ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜਨ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ, ਹਾਲਾਂਕਿ ਕਾਂਗਰਸ ਪਾਰਟੀ ਨੇ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਅਕਾਲੀ ਦਲ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜਨ ਦੀ ਚਰਚਾ ਹੋ ਰਹੀ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਵੱਲੋਂ ਇਹ ਚੋਣ ਨਹੀਂ ਲੜੀ ਜਾਵੇਗੀ। ਇਸੇ ਦੌਰਾਨ ਮਨਪ੍ਰੀਤ ਬਾਦਲ ਵੱਲੋਂ ਵੀ ਇਸ ਹਲਕੇ ਤੋਂ ਚੋਣ ਲੜਨ ਸਬੰਧੀ ਚਰਚਾ ਹੋ ਰਹੀ ਹੈ ਪਰ ਅਧਿਕਾਰਤ ਤੌਰ ਤੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ, ਜਿਸ ਕਰਕੇ ਸਭ ਗੱਲਾਂ ਹਵਾ ਹਵਾਈ ਹੀ ਹਨ।

ਜ਼ਿਮਨੀ ਚੋਣਾਂ ਦੌਰਾਨ ਜਿਥੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਸਰਕਾਰ ਦੀ ਹੁਣ ਤਕ ਕਾਰਗੁਜਾਰੀ ਦੇ ਆਧਾਰ ਤੇ ਵੋਟਾਂ ਮੰਗੀਆਂ ਜਾਣਗੀਆਂ, ਉਥੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੀਆਂ ਨਾਕਾਮੀਆਂ ਨੂੰ ਉਭਾਰਿਆ ਜਾਵੇਗਾ। ਇਹਨਾਂ ਜ਼ਿਮਨੀ ਚੋਣਾਂ ਵਿੱਚ ਜਿਹੜੀ ਪਾਰਟੀ ਜੇਤੂ ਰਹੇਗੀ, ਉਸ ਦਾ ਹੱਥ ਪੰਜਾਬ ਦੀ ਸਿਆਸਤ ਵਿੱਚ ਉੱਪਰ ਹੋਵੇਗਾ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਹੋਈਆਂ ਪੰਚਾਇਤ ਚੋਣਾਂ ਦੇ ਨਤੀਜੇ ਵੀ ਜ਼ਿਮਨੀ ਚੋਣਾਂ ਤੇ ਕੁਝ ਹੱਦ ਤਕ ਪ੍ਰਭਾਵ ਜਰੂਰ ਪਾਉਣਗੇ।

ਬਿਊਰੋ

 

Continue Reading

Editorial

ਸਾਡੇ ਸ਼ਹਿਰ ਵਿੱਚ ਵੀ ਲੱਗੇ ਪਟਾਕੇ ਚਲਾਉਣ ਤੇ ਮੁਕੰਮਲ ਪਾਬੰਦੀ

Published

on

By

 

ਜਿਲ੍ਹਾ ਪ੍ਰਸ਼ਾਸਨ ਵਲੋਂ ਬੀਤੇ ਦਿਨੀਂ ਦਿਵਾਲੀ, ਗੁਰਪੁਰਬ ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਪਟਾਕੇ ਅਤੇ ਆਤਿਸ਼ਬਾਜੀ ਚਲਾਊਣ ਵਾਲਿਆਂ ਲਈ ਸਮਾਂ ਸੀਮਾਂ ਦਾ ਐਲਾਨ ਕੀਤਾ ਗਿਆ ਹੈ ਜਿਸਦੇ ਤਹਿਤ ਇਹਨਾਂ ਤਿਉਹਾਰਾਂ ਮੌਕੇ ਮਿੰਥੇ ਸਮੇਂ ਤੇ ਹੀ ਪਟਾਕੇ ਅਤੇ ਆਤਿਸ਼ਬਾਜੀ ਚਲਾਈ ਜਾ ਸਕੇਗੀ। ਹਾਲਾਂਕਿ ਇਸ ਵਾਰ ਆਸ ਕੀਤੀ ਜਾ ਰਹੀ ਸੀ ਕਿ ਲਗਾਤਾਰ ਵੱਧਦੇ ਪ੍ਰਦੂਸ਼ਨ ਅਤੇ ਸਾਹ ਦੀਆਂ ਵੱਧਦੀਆਂ ਬਿਮਾਰੀਆਂ ਦੇ ਖਤਰੇ ਨੂੰ ਮੁੱਖ ਰੱਖਦਿਆਂ ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਪਟਾਕੇ ਚਲਾਉਣ ਦੀ ਕਾਰਵਾਈ ਉੱਪਰ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਜਾਣਗੇ, ਪਰੰਤੂ ਅਜਿਹਾ ਨਈਂ ਹੋਇਆ ਹੈ ਅਤੇ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਇਸ ਵਾਰ ਵੀ ਸ਼ਹਿਰ ਅਤੇ ਜਿਲ੍ਹੇ ਵਿੱਚ ਪਟਾਕਿਆਂ ਅਤੇ ਆਤਿਸ਼ਬਾਜੀ ਦੇ ਜਹਿਰੀਲੇ ਧੂਏ ਕਾਰਨ ਵਾਤਾਵਰਨ ਦੇ ਬੁਰੀ ਤਰ੍ਹਾਂ ਪਲੀਤ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।

ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪਟਾਕੇ ਚਲਾਉਣ ਦੌਰਾਨ ਜਿਹੜਾ ਜਹਿਰੀਲਾ ਧੂਆਂ ਨਿਕਲਦਾ ਹੈ ਉਹ ਮਨੁੱਖੀ ਸਿਹਤ ਲਈ ਬਹੁਤ ਜਿਆਦਾ ਨੁਕਸਾਨਦਾਇਕ ਹੁੰਦਾ ਹੈ। ਇਸ ਵੇਲੇ ਵਾਤਾਵਰਨ ਵਿੱਚ ਪ੍ਰਦੂਸ਼ਨ ਦਾ ਪੱਧਰ ਪਹਿਲਾਂ ਹੀ ਜਿਆਦਾ ਹੈ ਇਸ ਲਈ ਪਟਾਕਿਆਂ ਦੇ ਧੂਏਂ ਨਾਲ ਸਾਡੇ ਵਾਤਾਵਰਨ ਵਿੱਚ ਜਿਹੜਾ ਜਹਿਰ ਘੁਲਣਾ ਹੈ ਉਸ ਨੇ ਸਾਡੇ ਸਾਰਿਆਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਪਾਉਣਾ ਹੈ। ਸਾਡੇ ਸ਼ਹਿਰ ਵਿੱਚ ਅਜਿਹੇ ਵੱਡੀ ਗਿਣਤੀ ਬਜੁਰਗ ਰਹਿੰਦੇ ਹਨ ਜਿਹੜੇ ਪਹਿਲਾਂ ਹੀ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹਨ ਅਤੇ ਪਟਾਕਿਆਂ ਦੇ ਰੂਪ ਵਿੱਚ ਵਾਤਾਵਰਨ ਵਿੱਚ ਵਧਣ ਵਾਲਾ ਪ੍ਰਦੂਸ਼ਨ ਦਾ ਇਹ ਜਹਿਰ ਅਜਿਹੇ ਵਿਅਕਤੀਆਂ ਲਈ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ।

ਸਥਾਨਕ ਪ੍ਰਸ਼ਾਸ਼ਨ ਵਲੋਂ ਭਾਵੇਂ ਪਟਾਕੇ ਅਤੇ ਆਤਿਸ਼ਬਾਜੀ ਚਲਾੳਣ ਵਾਸਤੇ ਸਮਾਂ ਸੀਮਾਂ ਨਿਰਧਾਰਤ ਕਰ ਦਿੱਤੀ ਗਈ ਹੈ ਪਰੰਤੂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪ੍ਰਸ਼ਾਸ਼ਨ ਵਲੋਂ ਜਾਰੀ ਕੀਤੇ ਗਏ ਇਹਨਾਂ ਹੁਕਮਾਂ ਦਾ ਜਮੀਨੀ ਪੱਧਰ ਤੇ ਕੀ ਹਸ਼ਰ ਹੋਣਾ ਹੈ। ਪਟਾਕੇ ਚਲਾਉਣ ਦੀ ਸਮਾਂ ਸੀਮਾਂ ਤੈਅ ਕਰਨ ਦੇ ਹੁਕਮ ਹਰ ਸਾਲ ਹੀ ਜਾਰੀ ਕੀਤੇ ਜਾਂਦੇ ਹਨ ਪਰੰਤੂ ਲੋਕ ਇਹਨਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਅਤੇ ਪ੍ਰਸ਼ਾਸ਼ਨ ਵਲੋਂ ਵੀ ਸਿਰਫ ਹੁਕਮ ਜਾਰੀ ਕਰਕੇ ਆਪਣੇ ਹੱਥ ਝਾੜ ਲਏ ਜਾਂਦੇ ਹਨ ਅਤੇ ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਹੁੰਦੀ।

ਇਸ ਸੰਬੰਧੀ ਦਿੱਲੀ ਸਰਕਾਰ ਵਲੋਂ ਪ੍ਰਦੂਸ਼ਨ ਦੇ ਖਤਰੇ ਨੂੰ ਮੁੱਖ ਰੱਖਦਿਆਂ ਬੀਤੇ ਕੱਲ ਪਟਾਕਿਆਂ ਤੇ ਮਕੰਮਲ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਗਏ ਹਨ ਅਤੇ ਚੰਡੀਗੜ੍ਹ ਵਲੋ ਵੀ ਆਉਂਦੇ ਦਿਨਾਂ ਵਿੱਚ ਅਜਿਹਾ ਕੀਤੇ ਜਾਣ ਦੀ ਪੂਰੀ ਉਮੀਦ ਹੈ। ਦਿੱਲੀ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਪਟਾਕੇ ਚਲਾਉਣ ਦੀ ਕਾਰਵਾਈ ਤੇ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕੀਤੇ ਜਾਣ ਤੋਂ ਬਾਅਦ ਸਾਡੇ ਸ਼ਹਿਰ ਵਿੱਚ ਵੀ ਇਹ ਮੰਗ ਕੀਤੀ ਜਾ ਰਹੀ ਸੀ ਕਿ ਇੱਥੇ ਵੀ ਪਟਾਕਿਆਂ ਤੇ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕੀਤੇ ਜਾਣ ਪਰੰਤੂ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਟਾਕੇ ਚਲਾਉਣ ਲਈ ਸਮਾਂ ਤੈਅ ਕੀਤੇ ਜਾਣ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਇਸ ਸਾਲ ਵੀ ਸ਼ਹਿਰ ਵਿੱਚ ਨਾ ਸਿਰਫ ਵੱਡੇ ਪੱਧਰ ਤੇ ਪਟਾਕੇ ਵੇਚੇ ਜਾਣਗੇ ਬਲਕਿ ਇਹਨਾਂ ਪਟਾਕਿਆ ਨੂੰ ਚਲਾਏ ਜਾਣ ਕਾਰਨ ਸ਼ਹਿਰ ਦੇ ਵਾਤਾਵਰਨ ਨੂੰ ਵੀ ਭਾਰੀ ਨੁਕਸਾਨ ਸਹਿਣਾ ਪੈਣਾ ਹੈ।

ਸਵਾਲ ਇਹ ਉਠਦਾ ਹੈ ਕਿ ਜੇਕਰ ਵਾਤਾਵਰਨ ਦੇ ਮੁੱਦੇ ਤੇ ਦਿੱਲੀ ਅਤੇ ਚੰਡੀਗੜ੍ਹ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਪਟਾਕੇ ਚਲਾਉਣ ਦੀ ਕਾਰਵਾਈ ਤੇ ਰੋਕ ਲਗਾਈ ਜਾ ਸਕਦੀ ਹੈ ਫਿਰ ਸਾਡੇ ਸ਼ਹਿਰ (ਜਿੱਥੇ ਵਾਤਾਵਰਨ ਦੇ ਪ੍ਰਦੂਸ਼ਨ ਦਾ ਪੱਧਰ ਚੰਡੀਗੜ੍ਹ ਤੋਂ ਵੀ ਜਿਆਦਾ ਹੈ) ਵਿੱਚ ਪ੍ਰਸ਼ਾਸ਼ਨ ਵਲੋਂ ਪਟਾਕੇ ਚਲਾਉਣ ਦੀ ਇਜਾਜਤ ਕਿਉਂ ਦਿੱਤੀ ਜਾ ਰਹੀ ਹੈ। ਜੇਕਰ ਪ੍ਰਸ਼ਾਸ਼ਨ ਵਲੋਂ ਤਿਉਹਾਰਾਂ ਮੌਕੇ ਪਟਾਕੇ ਵੇਚਣ ਅਤੇ ਚਲਾਉਣ ਉਪਰ ਪਾਬੰਦੀ ਨਾ ਲਗਾਈ ਗਈ ਤਾਂ ਤਿਉਹਾਰਾਂ ਮੌਕੇ ਲੋਕਾਂ ਵਲੋਂ ਬਹੁਤ ਵੱਡੀ ਮਾਤਰਾ ਵਿੱਚ ਪਟਾਕੇ ਚਲਾਏ ਜਾਣੇ ਹਨ ਜਿਸ ਨਾਲ ਸਾਡਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਾ ਹੈ ਅਤੇ ਇਸ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਥਾਨਕ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਸ ਵਲੋਂ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਵਾਸਤੇ ਸਮਾਂ ਸੀਮਾ ਤੈਅ ਕਰਨ ਸੰਬੰਧੀ ਜਾਰੀ ਕੀਤੇ ਗਏ ਆਪਣੇ ਹੁਕਮਾਂ ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਸ਼ਹਿਰ ਵਿੱਚ ਪਟਾਕਿਆਂ ਦੀ ਖਰੀਦ, ਵੇਚ ਅਤੇ ਵਰਤੋਂ ਉੱਪਰ ਮੁਕੰਮਲ ਪਾਬੰਦੀ ਦੇ ਹੁਕਮ ਲਾਗੂ ਕੀਤੇ ਜਾਣ ਤਾਂ ਜੋ ਸਾਡੇ ਸ਼ਹਿਰ ਦੇ ਵਾਤਾਵਰਨ ਨੂੰ ਹੋਰ ਪਲੀਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਪਟਾਕਿਆਂ ਕਾਰਨ ਵਾਪਰਦੇ ਹਾਦਸਿਆਂ ਤੋਂ ਵੀ ਬਚਾਓ ਹੋ ਸਕੇ।

 

Continue Reading

Latest News

Trending