Connect with us

Chandigarh

ਕਿਸਾਨਾਂ ਨੇ ਘੇਰਿਆ ਚੰਡੀਗੜ੍ਹ, ਪੁਲੀਸ ਵੱਲੋਂ ਰੋਕੇ ਜਾਣ ਤੋਂ ਬਾਅਦ ਕਿਸਾਨਾਂ ਨੇ ਕਿਸਾਨ ਭਵਨ ਦੇ ਗੇਟ ਉੱਤੇ ਹੀ ਲਗਾਇਆ ਧਰਨਾ

Published

on

 

ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਲਈ ਚੰਡੀਗੜ੍ਹ ਵੱਲ ਤੁਰੇ ਕਿਸਾਨ, ਪੁਲੀਸ ਨੇ ਕੀਤੀ ਬੈਰੀਕੇਡਿੰਗ, ਜਾਮ ਵਿੱਚ ਫ਼ਸੇ ਲੋਕ

ਚੰਡੀਗੜ੍ਹ, 18 ਅਕਤੂਬਰ (ਸ.ਬ.) ਸੰਯੁਕਤ ਕਿਸਾਨ ਮੋਰਚਾ ਵਲੋਂ ਪਹਿਲਾਂ ਐਲਾਨੇ ਪ੍ਰੋਗਰਾਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਲਗਾਏ ਜਾਣ ਵਾਲੇ ਧਰਨੇ ਲਈ ਜਾ ਰਹੇ ਕਿਸਾਨਾਂ ਨੂੰ ਪੁਲੀਸ ਵਲੋਂ ਰੋਕੇ ਜਾਣ ਤੋਂ ਬਾਅਦ ਕਿਸਾਨਾਂ ਨੇ ਕਿਸਾਨ ਭਵਨ ਦੇ ਗੇਟ ਉੱਤੇ ਹੀ ਧਰਨਾ ਲਗਾ ਦਿੱਤਾ ਹੈ। ਇਸ ਦੌਰਾਨ ਚੰਡੀਗੜ੍ਹ ਪੁਲੀਸ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ਵਿਚ ਪੁੱਜੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਆਪਣੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਹੁਣ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੀ ਧਰਨਾ ਲਗਾ ਦਿੱਤਾ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦ ਤੱਕ ਉਨ੍ਹਾਂ ਦੇ ਹਿਰਾਸਤ ਵਿਚ ਲਏ ਗਏ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਮੰਡੀਆਂ ਵਿਚ ਝੋਨਾ ਨਹੀਂ ਖਰੀਦਿਆ ਜਾਂਦਾ, ਉਦੋਂ ਤੱਕ ਕਿਸਾਨ ਇਥੇ ਹੀ ਡਟੇ ਰਹਿਣਗੇ। ਇਸ ਮੌਕੇ ਤੇ ਉੱਘੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਸਿੰਘ ਕਾਦੀਆਂ ਆਦਿ ਆਗੂ ਕਿਸਾਨ ਭਵਨ ਵਿਚ ਮੌਜੂਦ ਹਨ ਅਤੇ ਇੱਥੇ ਪੁਲੀਸ ਕਰਮਚਾਰੀ ਉਨ੍ਹਾਂ ਨੂੰ ਕਿਸਾਨ ਭਵਨ ਤੋਂ ਬਾਹਰ ਜਾਣ ਲਈ ਰੋਕ ਰਹੇ ਹਨ।

ਪੰਜਾਬ ਕਿਸਾਨ ਯੂਨੀਅਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਪਹੁੰਚੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਦੇ ਬੋਧ ਸਿੰਘ ਮਾਨਸਾ, ਮੈਡੀਕਲ ਪ੍ਰੈਕਟੀਸ਼ਨਰ ਦੇ ਧੰਨਾ ਮਲ ਗੋਇਲ, ਕਿਸਾਨ ਆਗੂ ਕਰਨੈਲ ਸਿੰਘ ਮਾਨਸਾ, ਸੁਖਚਰਨ ਸਿੰਘ ਦਾਨੇਵਾਲੀਆ ਸਮੇਤ ਹੋਰਨਾਂ ਕਿਸਾਨ ਆਗੂਆਂ ਨੂੰ ਚੰਡੀਗੜ੍ਹ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇੱਥੇ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਸ਼ਨਿਚਰਵਾਰ ਸ਼ਾਮ 4 ਵਜੇ ਮੀਟਿੰਗ ਕਰਨ ਦਾ ਸੱਦਾ ਭੇਜਿਆ ਗਿਆ ਹੈ।

Chandigarh

ਪੰਜਾਬ ਕੈਬਨਿਟ ਨੇ ਕਿਸਾਨਾਂ ਨੂੰ ਜ਼ਮੀਨਾਂ ਵਿੱਚੋਂ ਗਾਰ ਕੱਢਣ ਦੀ ਪ੍ਰਵਾਨਗੀ ਦਿੱਤੀ

Published

on

By

ਪੰਜਾਬ ਪੰਚਾਇਤੀ ਰਾਜ ਰੂਲਜ਼ 1994 ਵਿੱਚ ਵੀ ਸੋਧ ਨੂੰ ਮੰਜੂਰੀ ਦਿੱਤੀ

ਚੰਡੀਗੜ੍ਹ, 17 ਅਪ੍ਰੈਲ (ਸ.ਬ.) ਪੰਜਾਬ ਮੰਤਰੀ ਮੰਡਲ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸਤਲੁਜ ਅਤੇ ਘੱਗਰ ਦਰਿਆ ਦੇ ਨਾਲ ਲੱਗਦੇ ਖੇਤਰਾਂ ਵਿੱਚੋਂ ਕਿਸਾਨਾਂ ਨੂੰ ਆਪਣੀਆਂ ਜਮੀਨਾਂ ਵਿੱਚੋਂ ਗਾਰ ਕੱਢਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਨ੍ਹਾਂ ਦਰਿਆਵਾਂ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਮਾਲਕ ਕਿਸਾਨ ਹੁਣ ਆਪਣੀ ਜ਼ਮੀਨ ਵਿੱਚੋਂ ਗਾਰ (ਡੀਸਿਲਟਿੰਗ) ਕੱਢ ਸਕਣਗੇ। ਪੰਜਾਬ ਸਰਕਾਰ ਨੇ 9 ਸੰਵੇਦਨਸ਼ੀਲ ਡੀਸਿਲਟਿੰਗ ਸਾਈਟਾਂ ਦੀ ਸ਼ਨਾਖ਼ਤ ਕੀਤੀ ਹੈ, ਜਿੱਥੋਂ ਜ਼ਮੀਨ ਮਾਲਕਾਂ ਨੂੰ ਆਪਣੀ ਲਾਗਤ ਤੇ ਡੀਸਿਲਟਿੰਗ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।

ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਸਾਲ ਹੜ੍ਹਾਂ ਦੇ ਦੌਰਾਨ ਕਿਸਾਨਾਂ ਦੇ ਖੇਤਾਂ ਵਿੱਚ ਰੇਤ ਚੜ੍ਹ ਗਈ ਸੀ ਅਤੇ ਉਸ ਸਮੇਂ ‘ਜਿਸ ਦਾ ਖੇਤ, ਉਸ ਦੀ ਰੇਤ’ ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਸਤਲੁਜ ਤੇ ਘੱਗਰ ਦਰਿਆ ਦੇ ਐਨ ਨਾਲ ਲੱਗਦੇ 9 ਅਜਿਹੇ ਖੇਤਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿੱਥੋਂ ਜ਼ਮੀਨ ਮਾਲਕ ਕਿਸਾਨ ਪ੍ਰਵਾਨਗੀ ਲੈ ਕੇ ਡੀਸਿਲਟਿੰਗ ਕਰ ਸਕਣਗੇ। ਚੀਮਾ ਨੇ ਦੱਸਿਆ ਕਿ ਇਹ ਕਦਮ ਹੜ੍ਹਾਂ ਤੋਂ ਬਚਾਓ ਅਤੇ ਅਗਾਊਂ ਪ੍ਰਬੰਧ ਕਰਨ ਲਈ ਚੁੱਕਿਆ ਗਿਆ ਹੈ।

ਕੈਬਨਿਟ ਦੇ ਫ਼ੈਸਲੇ ਅਨੁਸਾਰ ਕਿਸਾਨ ਆਪਣੀ ਜ਼ਮੀਨ ਵਿੱਚੋਂ ਕੱਢੀ ਰੇਤ ਜਾਂ ਮਿੱਟੀ ਨੂੰ ਆਪਣੀ ਲੋੜ ਅਨੁਸਾਰ ਮੁਫ਼ਤ ਵਰਤ ਸਕਣਗੇ। ਕਿਸਾਨਾਂ ਨੂੰ ਇਹ ਮਨਜ਼ੂਰੀ 30 ਜੂਨ 2026 ਤੱਕ ਸਮਾਂਬੱਧ ਕੀਤੀ ਗਈ ਹੈ। ਸ਼ਨਾਖ਼ਤ ਸਾਈਟਾਂ ਵਿੱਚ ਹਰਸ਼ਾ ਬੇਲਾ, ਮੰਡਲਾ ਤਾਜੋਵਾਲ, ਰੁਕਨੇਵਾਲਾ,ਖੈਰਾ ਬੇਟ,ਬੁਰਜ ਚਹਿਲਾਂ ਅਤੇ ਕਰਾਲੀ ਆਦਿ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਕੈਬਨਿਟ ਵੱਲੋਂ ਅੱਜ ਪੰਜਾਬ ਪੰਚਾਇਤੀ ਰਾਜ ਰੂਲਜ਼ 1994 ਵਿੱਚ ਸੋਧ ਨੂੰ ਵੀ ਮੰਜੂਰੀ ਦਿੱਤੀ ਗਈ ਹੈ, ਜਿਸਤੋਂ ਬਾਅਦ ਹੁਣ ਜ਼ਿਲ੍ਹਾ ਪਰਿਸ਼ਦ ਦੇ ਚੁਣੇ ਜਾਣ ਵਾਲੇ ਚੇਅਰਮੈਨ ਅਤੇ ਉਪ ਚੇਅਰਮੈਨਾਂ ਦੇ ਰਾਖਵੇਂਕਰਨ ਦੀ ਰੋਟੇਸ਼ਨ ਵਿੱਚ ਤਬਦੀਲੀ ਹੋਵੇਗੀ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਛੇ ਜ਼ਿਲ੍ਹਿਆਂ ਦੀ ਹੱਦਬੰਦੀ ਵਿੱਚ ਤਬਦੀਲੀ ਆਈ ਹੈ ਜਿਨ੍ਹਾਂ ਦੇ ਪਿੰਡਾਂ ਦੀ ਇੱਕ ਦੂਜੇ ਜ਼ਿਲ੍ਹੇ ਵਿੱਚ ਅਦਲਾ ਬਦਲੀ ਹੋਈ ਹੈ। ਉਹਨਾਂ ਕਿਹਾ ਕਿ ਇਸ ਅਦਲਾ ਬਦਲੀ ਕਾਰਨ ਇਨ੍ਹਾਂ ਜ਼ਿਲ੍ਹਿਆਂ ਦੇ ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨਾਂ ਅਤੇ ਉਪ ਚੇਅਰਮੈਨਾਂ ਦੇ ਰਾਖਵੇਂਕਰਨ ਵਿੱਚ ਵੀ ਤਬਦੀਲੀ ਆਵੇਗੀ। ਉਹਨਾਂ ਕਿਹਾ ਕਿ ਜ਼ਿਲ੍ਹਾ ਮੁਹਾਲੀ, ਪਟਿਆਲਾ, ਮਲੇਰਕੋਟਲਾ, ਸੰਗਰੂਰ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਦੀਆਂ ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨਾਂ ਅਤੇ ਉਪ ਚੇਅਰਮੈਨਾਂ ਦੇ ਰਾਖਵੇਂਕਰਨ ਦਾ ਰੋਸਟਰ ਤਬਦੀਲ ਹੋਵੇਗਾ।

Continue Reading

Chandigarh

ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲਿਜਾਣ ਲਈ ਅਤੇ ਭਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਲਈ ਕੰਮ ਕਰੇਗੀ ਪੰਜਾਬੀ ਲੋਕ ਰਾਜ ਪਾਰਟੀ : ਕਿਰਨਬੀਰ ਸਿੰਘ ਕੰਗ

Published

on

By

ਨਵੀਂ ਸਿਆਸੀ ਪਾਰਟੀ ਦਾ ਗਠਨ ਕੀਤਾ, 2027 ਵਿੱਚ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜੇਗੀ ਪੰਜਾਬੀ ਲੋਕ ਰਾਜ ਪਾਰਟੀ

ਚੰਡੀਗੜ੍ਹ, 17 ਅਪ੍ਰੈਲ (ਭਗਵੰਤ ਸਿੰਘ ਬੇਦੀ) ਸਾਬਕਾ ਅਕਾਲੀ ਆਗੂ ਅਤੇ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਕਿਰਨਬੀਰ ਸਿੰਘ ਕੰਗ ਵਲੋਂ ਆਪਣੀ ਨਵੀਂ ਸਿਆਸੀ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਗਿਆ ਹੈ। ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੰਜਾਬੀ ਲੋਕ ਰਾਜ ਪਾਰਟੀ ਦੇ ਗਠਨ ਦਾ ਐਲਾਨ ਕਰਦਿਆਂ ਉਹਨਾਂ ਕਿਹਾ ਕਿ ਪਾਰਟੀ ਪੰਜਾਬ ਨੂੰ ਫਿਰ ਤੋਂ ਵਿਕਾਸ ਦੀਆਂ ਲੀਹਾਂ ਤੇ ਲਿਜਾਣ ਅਤੇ ਭਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਲਈ ਕੰਮ ਕਰੇਗੀ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬੀ ਲੋਕ ਰਾਜ ਪਾਰਟੀ ਦਾ ਗਠਨ ਪੰਜਾਬ ਨੂੰ ਮੁੜ ਹਿੰਦੁਸਤਾਨ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਹਾਕਿਆਂ ਤੋਂ ਪੰਜਾਬ ਨਾਲ ਖਿਲਵਾੜ ਕਰਦੀਆਂ ਆ ਰਹੀਆਂ ਹਨ ਅਤੇ ਸਰਕਾਰਾਂ ਦਾ ਧਿਆਨ ਵਿਕਾਸ ਦੀ ਥਾਂ ਤੇ ਲੁੱਟ ਖਸੁੱਟ ਵੱਲ ਜਿਆਦਾ ਹੈ, ਜਿਸ ਕਾਰਨ ਹਿੰਦੁਸਤਾਨ ਦਾ ਇੱਕ ਨੰਬਰ ਸੂਬਾ ਵਿਕਾਸ ਪੱਖੋਂ ਪੱਛੜ ਕੇ 18ਵੇਂ ਨੰਬਰ ਤੇ ਪਹੁੰਚ ਚੁੱਕਾ ਹੈ।

ਉਹਨਾਂ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰਦੀਆਂ ਬਲਕਿ ਉਹ ਪੰਜਾਬ ਨੂੰ ਲਗਾਤਾਰ ਲੁੱਟ ਰਹੀਆਂ ਹਨ, ਜਿਸ ਕਾਰਨ ਪੰਜਾਬ ਅੱਜ 4 ਲੱਖ ਕਰੋੜ ਦਾ ਕਰਜਾਈ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਜਨਤਾ ਨੂੰ ਮੁਫਤ ਦੀਆਂ ਸਕੀਮਾਂ ਦੇਣ ਦੀ ਦੀ ਥਾਂ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮੁਹਈਆ ਕਰਵਾਇਆ ਜਾਵੇ। ਪੰਜਾਬੀਆਂ ਦੀ ਸਾਰ ਲਈ ਜਾਵੇ ਅਤੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਲਈ ਹਰ ਪੱਖੋਂ ਕਦਮ ਚੁੱਕੇ ਜਾਣ।

ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ ਚੋਣਾਂ ਲੜਨਾ ਨਹੀਂ ਹੈ ਬਲਕਿ ਪੰਜਾਬ ਦੇ ਇਮਾਨਦਾਰ ਤੇ ਨੇਕ ਲੋਕਾਂ ਨੂੰ ਚੋਣਾਂ ਲੜਾ ਕੇ ਪੰਜਾਬ ਨੂੰ ਇੱਕ ਚੰਗੀ ਸਰਕਾਰ ਦੇਣਾ ਹੈ ਉਹਨਾਂ ਕਿਹਾ ਕਿ ਪੰਜਾਬੀ ਲੋਕ ਰਾਜ ਪਾਰਟੀ 2027 ਦੀਆਂ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜੇਗੀ ਅਤੇ ਮੌਜੂਦਾ ਸਿਆਸੀ ਪਾਰਟੀਆਂ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਆਉਂਦੀਆਂ 2027 ਦੀਆਂ ਚੋਣਾਂ ਦੌਰਾਨ ਉਹਨਾਂ ਦਾ ਖੁਦ ਲੜਨ ਦਾ ਕੋਈ ਇਰਾਦਾ ਨਹੀਂ ਹੈ, ਪਰ ਜੇਕਰ ਪਾਰਟੀ ਉਹਨਾਂ ਨੂੰ ਦੀ ਡਿਊਟੀ ਲਾਏਗੀ ਤਾਂ ਇਸ ਬਾਰੇ ਵਿਚਾਰ ਵੀ ਹੋ ਸਕਦਾ ਹੈ।

ਇਸ ਮੌਕੇ ਜਸਪ੍ਰੀਤ ਸਿੰਘ ਦਹੀਆ ਨੇ ਕਿਹਾ ਕਿ ਅੱਜ ਪੰਜਾਬ ਨੂੰ ਚਾਰੇ ਪਾਸਿਓਂ ਲੁੱਟਿਆ ਜਾ ਰਿਹਾ ਹੈ। ਪੰਜਾਬ ਵਿੱਚ ਸਾਧਨਾਂ ਦੀ ਕੋਈ ਕਮੀ ਨਹੀਂ ਹੈ ਪਰ ਲੁਟੇਰਿਆਂ ਵੱਲੋਂ ਸਾਰੇ ਪਾਸਿਉਂ ਲਗਾਤਾਰ ਲੁੱਟ ਕੀਤੇ ਜਾਣ ਨਾਲ ਪੰਜਾਬ ਆਰਥਿਕ ਪੱਖੋਂ ਪਛੜ ਰਿਹਾ ਹੈ।

ਇਸ ਮੌਕੇ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਸਭ ਤੋਂ ਵੱਡੇ ਪੁੱਤਰ ਸਾਹਿਬ ਸਿੰਘ ਦੀ ਪਰਿਵਾਰਿਕ ਮੈਂਬਰ ਡਾਕਟਰ ਸਿਮਰਤ ਕੌਰ ਸੰਧੂ ਨੇ ਕਿਹਾ ਕਿ ਪੰਜਾਬ ਦੀਆਂ ਨੂੰ ਅੱਗੇ ਹੋ ਕੇ ਪੰਜਾਬ ਦੇ ਵਿਕਾਸ ਵਿੱਚ ਮੋਹਰੀ ਹੋਣ ਅਤੇ ਪੰਜਾਬ ਨੂੰ ਭ੍ਰਿਸ਼ਟਚਾਰ, ਨਸ਼ਿਆਂ ਅਤੇ ਭਾਈ ਭਤੀਜਾਵਾਦ ਤੋਂ ਛੁਟਕਾਰਾ ਦਿਵਾਉਣ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਭੰਗੂ, ਬ੍ਰਿਗੇਡੀਅਰ ਸੰਜੀਵ ਕੁਮਾਰ, ਤਬਲੀਨ ਜਪਰਾ, ਪਰਮਿੰਦਰ ਸੰਧੂ, ਰਜੀਵ ਜੌੜਾ, ਐਡਵੋਕੇਟ ਬਖਸ਼ਿੰਦਰ ਪਾਲ ਸਿੰਘ, ਹਰਮਿੰਦਰ ਸਿੰਘ ਲਾਲੀ, ਵਰਿੰਦਰ ਸਿੰਘ ਸੰਧੂ, ਗਗਨਦੀਪ ਸਿੰਘ ਬੈਂਸ ਸਮੇਤ ਪੰਜਾਬੀ ਲੋਕ ਰਾਜ ਪਾਰਟੀ ਦੇ ਹੋਰ ਆਗੂ ਮੌਜੂਦ ਸਨ।

Continue Reading

Chandigarh

ਪੰਜਾਬ ਪੁਲੀਸ ਵਲੋਂ 4 ਹੈਂਡ ਗ੍ਰਨੇਡਾਂ ਸਮੇਤ ਇਕ ਮੁਲਜ਼ਮ ਕਾਬੂ

Published

on

By

ਮੁਲਜ਼ਮ ਕੋਲੋਂ 2 ਵਿਦੇਸ਼ੀ ਪਿਸਤੌਲ ਸਮੇਤ ਗੋਲੀ ਸਿੱਕਾ ਵੀ ਬਰਾਮਦ

ਚੰਡੀਗੜ੍ਹ, 16 ਅਪ੍ਰੈਲ (ਸ.ਬ.) ਪੰਜਾਬ ਪੁਲੀਸ ਵਲੋਂ 4 ਹੈਂਡ ਗ੍ਰਨੇਡਾਂ ਸਮੇਤ ਇਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਇਸ ਵਿਅਕਤੀ ਨੂੰ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਐਸ ਐਸ ਓ ਸੀ ਮੁਹਾਲੀ ਦੀਆਂ ਟੀਮਾਂ ਵਲੋਂ ਕੀਤੀ ਗਈ ਇਸ ਸਾਂਝੀ ਕਾਰਵਾਈ ਦੌਰਾਨ ਕਾਬੂ ਕੀਤਾ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਅਤੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦੇ ਨਿਰਦੇਸ਼ਾਂ ਤੇ ਕੰਮ ਕਰਦਾ ਸੀ। ਪੁਲੀਸ ਅਨੁਸਾਰ, ਚੰਡੀਗੜ੍ਹ ਬੰਬ ਧਮਾਕੇ ਨਾਲ ਵੀ ਇਸ ਦੇ ਤਾਰ ਜੁੜੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਤੋਂ ਚਾਰ ਹੈਂਡ ਗ੍ਰਨੇਡ, ਦੋ ਵਿਦੇਸ਼ੀ ਪਿਸਤੌਲ ਅਤੇ ਵੱਡੀ ਮਾਤਰਾ ਵਿੱਚ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਪੁਲੀਸ ਸਟੇਸ਼ਨ, ਅੰਮ੍ਰਿਤਸਰ ਵਿਖੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ। ਪੁਲੀਸ ਹੁਣ ਇਸ ਨੈਟਵਰਕ ਵਿਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ, ਉਨ੍ਹਾਂ ਨੂੰ ਟਰੈਕ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਹੋਰ ਜਾਂਚ ਕਰ ਰਹੀ ਹੈ।

Continue Reading

Latest News

Trending