Editorial
ਮਨੁੱਖੀ ਗਲਤੀਆਂ ਅਤੇ ਅਣਗਹਿਲੀਆਂ ਕਾਰਨ ਲਗਾਤਾਰ ਵੱਧ ਰਹੇ ਹਨ ਸੜਕ ਹਾਦਸੇ
ਅੱਜਕੱਲ ਸੜਕਾਂ ਤੇ ਜਿਸ ਪਾਸੇ ਵੀ ਵੇਖੋ ਭੀੜ ਭੜੱਕਾ ਹੀ ਨਜਰ ਆਉਂਦਾ ਹੈ ਅਤੇ ਸੜਕਾਂ ਉੱਪਰ ਲਗਾਤਾਰ ਵੱਧਦੇ ਭੀੜ ਭੜੱਕੇ ਕਾਰਨ ਸੜਕ ਹਾਦਸਿਆਂ ਦੀ ਗਿਣਤੀ ਵੀ ਕਾਫੀ ਵੱਧ ਗਈ ਹੈ। ਹਾਲਾਂਕਿ ਲਗਾਤਾਰ ਵੱਧਦੀ ਸੜਕ ਹਾਦਸਿਆਂ ਦੀ ਇਸ ਗਿਣਤੀ ਲਈ ਸੜਕਾਂ ਤੇ ਵੱਧਦੀ ਭੀੜ ਦੇ ਨਾਲ ਨਾਲ ਵਾਹਨ ਚਾਲਕਾਂ ਵਲੋਂ ਵਰਤੀ ਜਾਂਦੀ ਅਣਗਹਿਲੀ ਅਤੇ ਮਨੁੱਖੀ ਗਲਤੀਆਂ ਨੂੰ ਵੱਧਰੇ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਅਤੇ ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿੱਚ ਲੋਕਾਂ ਦੇ ਵਾਹਨ ਆਪਸ ਵਿੱਚ ਹੀ ਟਕਰਾ ਜਾਂਦੇ ਹਨ ਜਿਸ ਕਾਰਨ ਵਾਪਰਨ ਵਾਲੇ ਹਾਦਸਿਆਂ ਵਿੱਚ ਜਾਨ ਮਾਲ ਦਾ ਭਾਰੀ ਨੁਕਸਾਨ ਹੁੰਦਾ ਹੈ।
ਸਾਡੇ ੪ਹਿਰ ਦੇ ਹਾਲਾਤ ਵੀ ਅਜਿਹੇ ਹੀ ਹੋ ਗਏ ਹਨ ਅਤੇ ੪ਹਿਰ ਦੀਆਂ ਸੜਕਾਂ ਉਪਰ ਵਾਹਨਾਂ ਦੀ ਲਗਾਤਾਰ ਵੱਧਦੀ ਗਿਣਤੀ ਕਾਰਨ ਅਕਸਰ ਸੜਕ ਜਾਮ ਦੀ ਹਾਲਤ ਬਣ ਜਾਂਦੀ ਹੈ। ਇਸ ਦੌਰਾਨ ਸੜਕਾਂ ਦੇ ਕਿਨਾਰੇ ਖੜੇ ਵਾਹਨ ਵੀ ਆਵਾਜਾਈ ਵਿੱਚ ਰੁਕਾਵਟ ਪਾਉਂਦੇ ਹਨ। ਇਸ ਭੀੜ ਭੜੱਕੇ ਦੌਰਾਨ ਜਦੋਂ ਵਾਹਨ ਚਾਲਕ ਇਕ ਦੂਜੇ ਤੋਂ ਅੱਗੇ ਨਿਕਲਣ ਦਾ ਯਤਨ ਕਰਦੇ ਹਨ ਤਾਂ ਅਕਸਰ ਹਾਦਸੇ ਵਾਪਰਦੇ ਹਨ ਅਤੇ ਲਗਾਤਾਰ ਵੱਧਦੇ ਇਹਨਾਂ ਸੜਕ ਹਾਦਸਿਆਂ ਲਈ ਮਨੁਖੀ ਗਲਤੀਆਂ ਅਤੇ ਅਣਗਹਿਲੀਆਂ ਨੂੰ ਹੀ ਸਭ ਤੋਂ ਵੱਧ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
ਸਾਡੇ ੪ਹਿਰ ਦੇ ਹਾਲਾਤ ਤਾਂ ਇਹ ਹਨ ਕਿ ਇੱਥੇ ਜਿਆਦਾਤਰ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਮਜਬੂਰੀ ਵਿੱਚ (ਸਾਮ੍ਹਣੇ ਖੜ੍ਹੇ ਟ੍ਰੈਫਿਕ ਪੁਲੀਸ ਕਰਮਚਾਰੀ ਨੂੰ ਵੇਖ ਕੇ) ਹੀ ਕਰਦੇ ਹਨ। ਉਂਝ ਅਜਿਹੇ ਵਾਹਨ ਚਾਲਕ ਹਰ ੪ਹਿਰ ਵਿੱਚ ਦਿਖ ਜਾਂਦੇ ਹਨ ਜਿਹੜੇ ਲਾਲ ਬੱਤੀ ਦੀ ਆਮ ਉਲੰਘਣਾ ਕਰਦੇ ਹਨ। ਅਜਿਹੀ ਹਾਲਤ ਵਿੱਚ ਜੇਕਰ ਸਾਮ੍ਹਣੇ ਤੋਂ ਕੋਈ ਵਾਹਨ ਤੇਜੀ ਨਾਲ ਲੰਘ ਰਿਹਾ ਹੋਵੇ ਤਾਂ ਹਾਦਸਾ ਹੋਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਕਈ ਵਾਹਨ ਚਾਲਕ ਅਜਿਹੇ ਵੀ ਹੁੰਦੇ ਹਨ ਜਿਹੜੇ ਆੜੇ ਟੇਢੇ ਢੰਗ ਨਾਲ ਗੱਡੀਆਂ ਚਲਾਉਂਦੇ ਹਨ ਅਤੇ ਕਈ ਤਾਂ ਅਜਿਹੇ ਹਨ ਜਿਹੜੇ ਸੜਕ ਤੇ ਵਾਹਨ ਚਲਾਉਂਦੇ ਸਮੇਂ ਕਈ ਤਰ੍ਹਾਂ ਦੇ ਕਰਤੱਬ ਦਿਖਾਉਂਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ।
ਅਜਿਹਾ ਵੀ ਆਮ ਵੇਖਣ ਵਿੱਚ ਆਉਂਦਾ ਹੈ ਕਿ ਵਾਹਨ ਚਾਲਕ ਆਪਣੇ ਵਾਹਨ ਮਿਥੀ ਰਫਤਾਰ ਤੋਂ ਬਹੁਤ ਜਿਆਦਾ ਤੇਜ ਚਲਾਉਂਦੇ ਹਨ ਅਤੇ ਜਦੋਂ ਭੀੜ ਭੜੱਕੇ ਕਾਰਨ ਕੋਈ ਹੋਰ ਵਾਹਨ ਉਹਨਾਂ ਦੇ ਸਾਮਣੇ ਆ ਜਾਂਦਾ ਹੈ ਤਾਂ ਉਹਨਾਂ ਲਈ ਆਪਣੇ ਵਾਹਨ ਨੂੰ ਕਾਬੂ ਕਰਨਾ ਔਖਾ ਹੋ ਜਾਂਦਾ ਹੈ। ਮੁੱਖ ਸੜਕਾਂ ਨੂੰ ਮਿਲਦੀਆਂ ਲਿੰਕ ਸੜਕਾਂ ਤੇ ਆਉਣ ਵਾਲੇ ਵਾਹਨਾਂ ਦੇ ਚਾਲਕ ਵੀ ਆਸੇ ਪਾਸੇ ਵੇਖਣ ਦੀ ਥਾਂ ਪੂਰੀ ਤੇਜ ਰਫਤਾਰ ਨਾਲ ਇਕ ਦਮ ਮੁੱਖ ਸੜਕ ਤੇ ਆ ਜਾਂਦੇ ਹਨ ਅਤੇ ਅਕਸਰ ਸੜਕ ਹਾਦਅਿਾ ਦਾ ਕਾਰਨ ਬਣਦੇ ਹਨ।
ਇਸ ਤੋਂ ਇਲਾਵਾ ਤੂੜੀ, ਪਰਾਲੀ ਅਤੇ ਹੋਰ ਘਾਹ ਫੂਸ ਦੀਆਂ ਓਵਰਲੋਡ ਟਰੈਕਟਰ ਟਰਾਲੀਆਂ ਅਤੇ ਓਵਰਲੋਡ ਟਰੱਕਾਂ ਕਾਰਨ ਵੀ ਸੜਕ ਹਾਦਸੇ ਸੜਕ ਹਾਦਸੇ ਵਾਪਰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਆਮ ਲੋਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਮਾੜੀ ਜਿਹੀ ਵੀ ਉਲੰਘਣਾ ਕੀਤੇ ਜਾਣ ਤੇ ਉਹਨਾਂ ਦੇ ਚਾਲਾਨ ਕਰਨ ਵਾਲੀ ਟ੍ਰੈਫਿਕ ਪੁਲੀਸ ਵਲੋਂ ਪਰਾਲੀ, ਤੂੜੀ, ਰੇਤਾ, ਬਜਰੀ, ਇੱਟਾ ਅਤੇ ਅਜਿਹੇ ਹੋਰ ਸਾਮਾਨ ਨਾਲ ਲੱਦੀਆਂ ਓਵਰਲੋਡ ਟਰੈਕਟਰ ਟਰਾਲੀਆਂ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। ਇਹਨਾਂ ਟ੍ਰੈਕਟਰਾਂ ਦੇ ਚਾਲਕ ਆਪਣੇ ਵਾਹਨਾਂ ਵਿੱਚ ਬਹੁਤ ਉੱਚੀ ਆਵਾਜ ਵਿੱਚ ਗਾਣੇ ਵੀ ਵਜਾਉਂਦੇ ਹਨ ਅਤੇ ਮਸਤ ਹੋ ਕੇ ਵਾਹਨ ਚਲਾਉਣ ਦੌਰਾਨ ਉਹਨਾਂ ਨੂੰ ਸੜਕ ਤੇ ਆ ਰਹੇ ਹੋਰਨਾਂ ਵਾਹਨਾਂ ਦੇ ਹਾਰਨ ਤਕ ਸੁਣਾਈ ਨਹੀਂ ਦਿੰਦੇ, ਜਿਸ ਕਾਰਨ ਅਕਸਰ ਸੜਕ ਹਾਦਸੇ ਵਾਪਰਦੇ ਹਨ।
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸੜਕਾਂ ਤੇ ਵੱਧਦੇ ਭੀੜ ਭੜੱਕੇ ਅਤੇ ਵਾਹਨਾਂ ਦੀ ਲਗਾਤਾਰ ਵੱਧਦੀ ਗਿਣਤੀ ਕਾਰਨ ਕੋਈ ਮਾੜੀ ਜਿਹੀ ਅਣਗਹਿਲੀ (ਜਾਂ ਗਲਤੀ) ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ, ਪਰੰਤੂ ਇਸਦੇ ਬਾਵਜੂਦ ਤੇਜ ਰਫਤਾਰ ਵਿੱਚ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵਿਚ ਅਕਸਰ ਵਾਹਨ ਚਾਲਕ ਆਪਣੇ ਵਾਹਨ ਦਾ ਕੰਟਰੋਲ ਗਵਾ ਲੈਂਦੇ ਹਨ। ਇਹ ਅਣਗਹਿਲੀ ਇਹਨਾਂ ਵਾਹਨ ਚਾਲਕਾਂ ਦੇ ਖੁਦ ਲਈ ਤਾਂ ਖਤਰੇ ਦਾ ਕਾਰਨ ਬਣਦੀ ਹੀ ਹੈ ਹੋਰਨਾਂ ਲੋਕਾਂ ਲਈ ਵੀ ਖਤਰਾ ਬਣਦੀ ਹੈ ਅਤੇ ਜਦੋਂ ਤਕ ਲੋਕ ਖੁਦ ਉੱਪਰ ਸਵੈ ਅਨੁ੪ਾ੪ਨ ਲਾਗੂ ਨਹੀਂ ਕਰਣਗੇ ਅਤੇ ਸੜਕੇ ਤੇ ਵਾਹਨ ਚਲਾਉਣ ਵੇਲੇ ਪੂਰੀ ਸਾਵਧਾਨੀ ਨਹੀਂ ਵਰਤਣਗੇ, ਤੇਜੀ ਨਾਲ ਵੱਧਦੇ ਇਹਨਾਂ ਸੜਕ ਹਾਦਸਿਆਂ ਤੇ ਕਾਬੂ ਨਹੀਂ ਕੀਤਾ ਜਾ ਸਕਦਾ।
ਇਸ ਵਾਸਤੇ ਜਿੱਥੇ ਟ੍ਰੈਫਿਕ ਪੁਲੀਸ ਵਲੋਂ ਸਖਤੀ ਕਰਕੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪਾਬੰਦ ਕੀਤਾ ਜਾਣਾ ਚਾਹੀਦਾ ਹੈ ਉੱਥੇ ਆਮ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਵੀ ਕੀਤਾ ਜਾਣਾ ਚਾਹੀਦਾ ਹੈ। ਮਨੁੱਖੀ ਗਲਤੀਆਂ ਅਤੇ ਅਣਗਹਿਲੀਆਂ ਤੇ ਕਾਬੂ ਕਰਕੇ ਇਹਨਾਂ ਸੜਕ ਹਾਦਸਿਆਂ ਤੇ ਕਾਫੀ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ ਅਤੇ ਸਰਕਾਰਾਂ ਵਲੋਂ ਇਸ ਪੱਖੋਂ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।
Editorial
ਮਨੋਰੰਜਨ ਦੇ ਸਾਧਨਾਂ ਰਾਂਹੀ ਕੀਤੇ ਜਾਂਦੇ ਅੰਧਵਿਸ਼ਵਾਸ ਦੇ ਪਸਾਰ ਤੇ ਰੋਕ ਲੱਗੇ
ਫਿਲਮਾਂ ਅਤੇ ਟੀ ਵੀ ਪ੍ਰੋਗਰਾਮ ਲੋਕਾਂ ਦੇ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਹਨ ਅਤੇ ਹੁਣ ਇਹਨਾਂ ਦੇ ਨਾਲ ਆਨਲਾਈਨ ਪਲੇਟ ਫਾਰਮ ਵੀ ਜੁੜ ਗਏ ਹਨ ਜਿਹਨਾਂ ਰਾਂਹੀ ਆਮ ਲੋਕਾਂ ਦੇ ਵੇਖਣ ਲਈ ਕਈ ਤਰ੍ਹਾਂ ਦੇ ਸੀਰੀਅਲ ਅਤੇ ਫਿਲਮਾਂ ਦਾ ਪ੍ਰਸਾਰਨ ਕੀਤਾ ਜਾਂਦਾ ਹੈ। ਆਨ ਲਾਈਨ ਪਲੇਟਫਾਰਮਾਂ ਦੇ ਨਾਲ ਖਾਸ ਗੱਲ ਇਹ ਵੀ ਹੈ ਕਿ ਇਹਨਾਂ ਦੇ ਦਰਸ਼ਕ ਆਪਣੀ ਮਰਜੀ ਅਤੇ ਸਹੂਲੀਅਤ ਦੇ ਹਿਸਾਬ ਨਾਲ ਜਦੋਂ ਚਾਹੁੰਣ ਆਪਣੇ ਪਸੰਦੀਦਾ ਪ੍ਰੋਗਰਾਮ ਦੇਖ ਸਕਦੇ ਹਨ ਜਦੋਂਕਿ ਟੀ ਵੀ ਵੇਖਣ ਵਾਲੇ ਦਰਸ਼ਕਾਂ ਨੂੰ ਕੋਈ ਵੀ ਪ੍ਰੋਗਰਾਮ ਵੇਖਣ ਲਈ ਉਸ ਪ੍ਰੋਗਰਾਮ ਦੇ ਪ੍ਰਸਾਰਣ ਦੌਰਾਨ ਟੀ ਵੀ ਦੇ ਸਾਮ੍ਹਣੇ ਬੈਠਣਾ ਪੈਂਦਾ ਹੈ। ਪਹਿਲਾਂ ਫਿਲਮਾਂ ਦਾ ਜੋਰ ਜਿਆਦਾ ਹੋਇਆ ਕਰਦਾ ਸੀ ਅਤੇ ਲੋਕ ਬਾਕਾਇਦਾ ਪ੍ਰੋਗਰਾਮ ਬਣਾ ਕੇ ਆਪਣੇ ਪਰਿਵਾਰਾਂ ਜਾਂ ਦੋਸਤਾਂ ਮਿੱਤਰਾਂ ਦੇ ਨਾਲ ਫਿਲਮਾਂ ਵੇਖਣ ਜਾਇਆ ਕਰਦੇ ਸੀ।
ਪਰੰਤੂ ਪਿਛਲੇ ਦੋ ਤਿੰਨ ਦਹਾਕਿਆਂ ਦੌਰਾਨ ਕਾਫੀ ਕੁੱਝ ਬਦਲ ਗਿਆ ਹੈ ਇਸ ਦੌਰਾਨ ਇੱਕ ਤੋਂ ਬਾਅਦ ਇੱਕ ਆਰੰਭ ਹੋਏ ਕਈ ਨਵੇਂ ਮਨੋਰੰਜਨ ਅਤੇ ਖਬਰੀਆ ਚੈਨਲਾਂ ਵਲੋਂ ਦਰਸ਼ਕਾਂ ਦੇ ਮਨੋਰੰਜਨ ਅਤੇ ਉਹਨਾਂ ਨੂੰ ਤਾਜਾ ਖਬਰਾਂ ਦੇਣ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ ਅਤੇ ਹੁਣ ਤਾਂ ਆਨ ਲਾਈਨ ਪਲੇਟ ਫਾਰਮ ਵੀ ਆ ਗਏ ਹਨ ਜਿਹਨਾਂ ਨਾਲ ਦਰਸ਼ਕਾਂ ਦਾ ਇੱਕ ਵੱਡਾ ਵਰਗ ਜੁੜ ਗਿਆ ਹੈ। ਟੀ ਵੀ ਚੈਨਲ ਹੋਣ ਜਾਂ ਆਨਲਾਈਨ ਪਲੇਟ ਫਾਰਮ, ਇਹਨਾਂ ਵਲੋਂ ਆਪਣੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਆਪਣੀ ਲੋਕਪ੍ਰਿਅਤਾ ਵਿੱਚ ਵਾਧਾ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਬਣਾ ਕੇ ਪ੍ਰਸਾਰਿਤ ਕੀਤੇ ਜਾਂਦੇ ਹਨ ਅਤੇ ਇਹਨਾਂ ਵਿੱਚੋਂ ਜਿਆਦਾਤਰ ਜਾਦੂ ਟੂਣੇ, ਭੂਤਾਂ-ਪ੍ਰੇਤਾਂ, ਚੁੜੈਲਾਂ, ਡਾਇਨਾਂ, ਭਟਕਦੀਆਂ ਆਤਮਾਵਾਂ, ਨਾਗਿਨ, ਕਾਲੇ ਜਾਦੂ ਅਤੇ ਅਜਿਹਾ ਅੰਧਵਿਸ਼ਵਾਸ਼ ਵਧਾਉਣ ਵਾਲੀਆਂ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਦੇ ਸੀਰੀਅਲ ਬਣਾ ਕੇ ਵਿਖਾਏ ਜਾਂਦੇ ਹਨ।
ਟੀ ਵੀ ਸੀਰੀਅਲਾਂ ਵਿੱਚ ਪਿਛਲੇ ਜਨਮ ਦੀ ਕੋਈ ਕਹਾਣੀ ਜੋੜ ਕੇ ਉਸਨੂੰ ਇਸ ਜਨਮ ਵਿੱਚ ਜਾਰੀ ਰੱਖਣ ਵਾਲੀਆਂ ਕਹਾਣੀਆਂ ਤੇ ਆਧਾਰਿਤ ਸੀਰੀਅਲ ਵੀ ਕਾਫੀ ਚਲਦੇ ਹਨ। ਇਸਤੋਂ ਇਲਾਵਾ ਵੱਖ-ਵੱਖ ਦੇਵੀ ਦੇਵਤਿਆਂ ਦੇ ਨਾਮ ਤੇ ਵੀ ਅਜਿਹੇ ਕਈ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ ਜਿਹੜੇ ਸਮਾਜ ਵਿੱਚ ਅੰਧ ਵਿਸ਼ਵਾਸ ਦਾ ਪਸਾਰ ਕਰਦੇ ਹਨ ਅਤੇ ਇਹਨਾਂ ਸੀਰੀਅਲਾਂ ਨੂੰ ਵੇਖਣ ਵਾਲੇ ਲੋਕ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਰਹੇ ਹਨ। ਸਾਡੀਆਂ ਫਿਲਮਾਂ ਵਿੱਚ ਵੀ ਅਜਿਹੀਆਂ ਚਮਤਕਾਰਿਕ ਕਹਾਣੀਆਂ ਵਿਖਾ ਕੇ ਅੰਧ ਵਿਸ਼ਵਾਸ ਦਾ ਪਸਾਰ ਕੀਤਾ ਜਾਂਦਾ ਹੈ ਅਤੇ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਤੇ ਫਿਲਮਾਂ ਆਮ ਬਣਦੀਆਂ ਹਨ। ਆਨਲਾਈਨ ਪਲੇਟਫਾਰਮਾਂ ਤੇ ਵੀ ਅਜਿਹੇ ਕਈ ਤਰ੍ਹਾਂ ਦੇ ਪ੍ਰੋਗਰਾਮ ਤਿਆਰ ਕਰਕੇ ਵਿਖਾਏ ਜਾਂਦੇ ਹਨ ਜਿਹਨਾਂ ਵਿੱਚ ਚਮਤਕਾਰਾਂ, ਜਾਦੂ ਟੂਣੇ, ਤੰਤਰ ਮੰਤਰ ਦੇ ਜ਼ੋਰ ਨਾਲ ਗੈਬੀ ਸ਼ਕਤੀਆਂ ਦਾ ਸੁਪਨਮਈ ਅਤੇ ਡਰਾਵਣਾ ਮਾਹੌਲ ਸਿਰਜ ਕੇ ਲੋਕਾਂ ਵਿੱਚ ਅੰਧਵਿਸ਼ਵਾਸ਼ ਦਾ ਪਸਾਰ ਕੀਤਾ ਜਾਂਦਾ ਹੈ।
ਜਾਦੂ ਟੂਣੇ ਅਤੇ ਭੂਤਾਂ ਪ੍ਰੇਤਾਂ ਦੀਆਂ ਇਹ ਕਹਾਣੀਆਂ ਆਮ ਲੋਕਾਂ ਨੂੰ ਡਰਾਉਂਦੀਆਂ ਵੀ ਹਨ ਅਤੇ ਉਹਨਾਂ ਵਿੱਚ ਅੰਧਵਿਸ਼ਵਾਸ਼ ਵੀ ਪੈਦਾ ਕਰਦੀਆਂ ਹਨ। ਅਜਿਹੀਆਂ ਤਮਾਮ ਕਹਾਣੀਆਂ ਵਿੱਚ ਕਿਸੇ ਨਾ ਕਿਸੇ ਅਜਿਹੇ ਤਾਂਤਰਿਕ ਜਾਂ ਜਾਦੂਗਰ ਨੂੰ ਵੀ ਜਰੂਰ ਵਿਖਾਇਆ ਜਾਂਦਾ ਹੈ ਜੋ ਕਈ ਤਰ੍ਹਾਂ ਦੀਆਂ ਜਾਦੂਈ ਸ਼ਕਤੀਆਂ ਦਾ ਮਾਲਕ ਹੁੰਦਾ ਹੈ ਅਤੇ ਪ੍ਰੇਤ ਆਤਮਾਵਾਂ ਨੂੰ ਆਪਣੇ ਕਬਜੇ ਵਿੱਚ ਕਰਕੇ ਆਪਣੀ ਸ਼ਰਣ ਵਿੱਚ ਆਉਣ ਵਾਲੇ ਲੋਕਾਂ ਨੂੰ ਭੂਤਾਂ ਪ੍ਰੇਤਾਂ ਤੋਂ ਬਚਾਉਂਦਾ ਹੈ। ਅਜਿਹੀਆਂ ਕਹਾਣੀਆਂ ਦੇ ਅਸਰ ਕਾਰਨ ਵੀ ਅਕਸਰ ਵਹਿਮਾਂ ਵਿੱਚ ਫਸੇ ਆਮ ਲੋਕ ਅਜਿਹੇ ਬਾਬਿਆਂ ਦੇ ਚੱਕਰ ਵਿੱਚ ਫਸ ਜਾਂਦੇ ਹਨ।
ਇਸਦੇ ਨਾਲ ਨਾਲ ਕੁੱਝ ਟੀ ਵੀ ਚੈਨਲਾਂ ਤੇ ਸਵੇਰੇ ਸ਼ਾਮ ਧਾਰਮਿਕ ਪ੍ਰੋਗਰਾਮ ਦੇ ਨਾਮ ਤੇ ਵੱਖ ਵੱਖ ਬਾਬਿਆਂ ਦੇ ਇਸ਼ਤਿਹਾਰਨੁਮਾ ਪ੍ਰੋਗਰਾਮਾਂ ਦਾ ਪ੍ਰਸਾਰਣ ਵੀ ਕੀਤਾ ਜਾਂਦਾ ਹੈ ਜਿਹੜੇ ਇਹਨਾਂ ਬਾਬਿਆਂ ਵਲੋਂ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਖੁਦ ਹੀ ਤਿਆਰ ਕੀਤੇ ਜਾਂਦੇ ਹਨ। ਇਹਨਾਂ ਪ੍ਰਗਰਾਮਾਂ ਵਿੱਚ ਇੱਕ ਗੱਲ ਸਾਂਝੀ ਹੁੰਦੀ ਹੈ ਕਿ ਇਹਨਾਂ ਬਾਬਿਆਂ ਦੇ ਕਥਿਤ ਭਗਤ ਵਾਰੀ ਵਾਰੀ ਆਪਣੇ ਦੁਖੜੇ ਦੱਸਦੇ ਹਨ ਅਤੇ ਇਹ ਬਾਬੇ ਆਪਣੇ ਸ਼ਰਧਾਲੂਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹਿੰਦੇ ਹਨ। ਅਜਿਹੇ ਪ੍ਰੋਗਰਾਮ ਭੋਲੇ ਭਾਲੇ ਲੋਕਾਂ ਦੇ ਦਿਲੋ ਦਿਮਾਗ ਤੇ ਗਹਿਰਾ ਪ੍ਰਭਾਵ ਛੱਡਦੇ ਹਨ ਅਤੇ ਇਹਨਾਂ ਨੂੰ ਵੇਖ ਕੇ ਪ੍ਰਭਾਵਿਤ ਹੋਏ ਲੋਕਾਂ ਵਿੱਚ ਅੰਧਵਿਸ਼ਵਾਸ਼ ਅਤੇ ਵਹਿਮਾਂ ਭਰਮਾਂ ਦਾ ਪਸਾਰ ਹੁੰਦਾ ਹੈ।
ਅਜਿਹੇ ਪ੍ਰੋਗਰਾਮਾਂਕਾਰਨ ਅੰਧਵਿਸ਼ਵਾਸ਼ ਦੇ ਇਸ ਲਗਾਤਾਰ ਵੱਧਦੇ ਪਸਾਰ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਭੂਤਾਂ ਪ੍ਰੇਤਾਂ, ਆਤਮਾਵਾਂ, ਤੰਤਰ ਮੰਤਰ, ਜਾਦੂ ਟੂਣੇ ਦਾ ਪ੍ਰਚਾਰ ਕਰਕੇ ਅੰਧਵਿਸ਼ਵਾਸ਼ ਫੈਲਾਉਣ ਵਾਲੇ ਅਜਿਹੇ ਗੁੰਮਰਾਹਕੁੰਨ ਪ੍ਰੋਗਰਾਮਾਂ ਉਪਰ ਪਾਬੰਦੀ ਲੱਗਾਈ ਜਾਵੇ। ਇਸਦੇ ਨਾਲ ਨਾਲ ਆਮ ਲੋਕਾਂ ਨੂੰ ਆਪਣੇ ਭਰਮ ਜਾਲ ਵਿਚ ਫਸਾਉਣ ਵਾਲੇ ਅਖੌਤੀ ਬਾਬਿਆਂ ਦੇ ਪੋ੍ਰਗਰਾਮਾਂ ਦੇ ਪ੍ਰਸਾਰਣ ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਸ ਤਰੀਕੇ ਨਾਲ ਲੋਕਾਂ ਵਿੱਚ ਅੰਧਵਿਸ਼ਵਾਸ ਦਾ ਪ੍ਰਚਾਰ ਅਤੇ ਪਸਾਰ ਕਰਨ ਵਾਲੀ ਇਸ ਕਾਰਵਾਈ ਨੂੰ ਰੋਕਿਆ ਜਾ ਸਕੇ।
Editorial
ਪ੍ਰਵਾਸ ਕਾਰਨ ਖਾਲੀ ਹੋਏ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦੇ ਪਿੰਡ ਦੀ ਚਰਚਾ ਨਾਲ ਮੁੜ ਉਭਰਿਆ ਪਰਵਾਸ ਦਾ ਮੁੱਦਾ
ਅੱਜ ਕੱਲ ਕੌਮੀ ਮੀਡੀਆ ਵਿੱਚ ਪ੍ਰਸਿੱਧ ਗਾਇਕ ਦਿਲਜੀਤ ਦੋਸਾਂਝ ਦੇ ਪਿੰਡ ਦੋਸਾਂਝ ਕਲਾਂ ਦੀ ਖਬਰ ਚਰਚਾ ਵਿੱਚ ਹੈ। ਜਲੰਧਰ ਜ਼ਿਲ੍ਹੇ ਦੀ ਫਿਲੌਰ ਤਹਿਸੀਲ ਦੇ ਪਿੰਡ ਦੋਸਾਂਝ ਕਲਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਪਿੰਡ ਦੇ ਜਿਆਦਾਤਰ ਪਰਿਵਾਰ ਪ੍ਰਵਾਸ ਕਰਕੇ ਵਿਦੇਸ਼ ਵਿੱਚ ਵਸ ਚੁੱਕੇ ਹਨ ਅਤੇ ਪਿੰਡ ਵਿੱਚ ਹਰ ਦੂਜੇ ਘਰ ਦੇ ਬਾਹਰ ਤਾਲਾ ਲੱਗਿਆ ਹੋਇਆ ਹੈ।
ਇਸ ਪਿੰਡ ਦੇ ਹਰ ਦੂਜੇ ਘਰ ਵਿੱਚ ਲੱਗੇ ਤਾਲੇ ਆਪਣੀ ਕਹਾਣੀ ਆਪ ਕਹਿ ਰਹੇ ਹਨ। ਅਜਿਹਾ ਸਿਰਫ ਦੋਸਾਂਝ ਕਲਾਂ ਵਿੱਚ ਹੀ ਨਹੀਂ ਹੈ ਬਲਕਿ ਪੰਜਾਬ ਦੇ ਦੋਆਬਾ ਖੇਤਰ ਦੇ ਵੱਡੀ ਗਿਣਤੀ ਪਿੰਡਾਂ ਦੀ ਅਸਲੀਅਤ ਇਹੀ ਹੈ। ਦੋਆਬਾ ਖੇਤਰ ਦੇ ਅਨੇਕਾਂ ਪਿੰਡ ਅਜਿਹੇ ਹਨ, ਜਿਹਨਾਂ ਦੇ ਵੱਡੀ ਗਿਣਤੀ ਵਸਨੀਕ ਵਿਦੇਸ਼ਾਂ ਵਿੱਚ ਜਾ ਚੁੱਕੇ ਹਨ ਅਤੇ ਪਿੱਛੇ ਘਰਾਂ ਨੂੰ ਤਾਲੇ ਲੱਗੇ ਹੋਏ ਹਨ। ਇਹਨਾਂ ਵਿਦੇਸ਼ ਗਏ ਲੋਕਾਂ ਨੇ ਆਪਣੇ ਪਿੰਡਾਂ ਵਿੱਚ ਆਲੀਸ਼ਾਨ ਘਰ ਬਣਾਏ ਹੋਏ ਹਨ, ਜੋ ਖਾਲੀ ਪਏ ਹਨ। ਇਸ ਮੁੱਦੇ ਤੇ ਹੀ ਹਿੰਦੀ ਫਿਲਮ ‘ਡੰਕੀ’ ਬਣਾਈ ਗਈ ਸੀ, ਜਿਸ ਵਿੱਚ ਸ਼ਾਹਰੁਖ ਖਾਨ ਨੇ ਮੁੱਖ ਭੂੁਮਿਕਾ ਨਿਭਾਈ ਸੀ। ਹੁਣ ਇਸੇ ਮੁੱਦੇ ਤੇ ਹੀ ਪੰਜਾਬੀ ਫਿਲਮ ‘ਵੱਡਾ ਘਰ’ ਬਣਾਈ ਗਈ ਹੈ।
ਪੰਜਾਬ ਵਿੱਚੋਂ ਸਭ ਤੋਂ ਪਹਿਲਾਂ ਦੋਆਬਾ ਖੇਤਰ ਦੇ ਲੋਕਾਂ ਨੇ ਹੀ ਵਿਦੇਸ਼ਾਂ ਨੂੰ ਪਰਵਾਸ ਕੀਤਾ। ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਦੋਆਬੇ ਵਿੱਚ ਜ਼ਮੀਨਾਂ ਦੀ ਘਾਟ ਹੈ। ਦੋਆਬੇ ਤੋਂ ਬਾਅਦ ਮਾਲਵੇ ਅਤੇ ਮਾਝੇ ਦੇ ਲੋਕ ਵੀ ਪਰਵਾਸ ਦੇ ਰਾਹ ਪੈ ਗਏ, ਹੁਣ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮਾਲਵੇ ਤੋਂ ਹਰ ਦਿਨ ਜਹਾਜ਼ ਭਰ ਕੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹੋਣ।
ਪਹਿਲਾਂ ਪੰਜਾਬੀ ਨੌਜਵਾਨ ਵੱਧ ਤੋਂ ਵੱਧ 10-12 ਸਾਲਾਂ ਲਈ ਵਿਦੇਸ਼ ਜਾਂਦੇ ਸਨ ਅਤੇ ਕਮਾਈ ਕਰਕੇ ਵਾਪਸ ਆ ਜਾਂਦੇ ਸਨ। ਹੁਣ ਲੋਕ ਕਮਾਈ ਕਰਨ ਲਈ ਵੀ ਵਿਦੇਸ਼ ਜਾਂਦੇ ਹਨ ਪਰ ਉਹਨਾਂ ਦਾ ਮੁੱਖ ਮਕਸਦ ਉਥੇ ਜਾ ਕੇ ਪੱਕੇ ਵਸਨੀਕ ਬਣਨਾ ਹੀ ਹੁੰਦਾ ਹੈ। ਇਹ ਗੱਲ ਹੋਰ ਹੈ ਕਿ ਹੁਣ ਕੈਨੇਡਾ ਅਤੇ ਅਮਰੀਕਾ ਸਮੇਤ ਵੱਡੀ ਗਿਣਤੀ ਦੇਸ਼ਾਂ ਨੇ ਪਰਵਾਸੀ ਲੋਕਾਂ ਲਈ ਸਖ਼ਤ ਕਾਨੂੰਨ ਬਣਾ ਦਿਤੇ ਹਨ ਪਰੰਤੂ ਅਜਿਹੇ ਕਾਨੂੰਨ ਵੀ ਪੰਜਾਬੀਆਂ ਨੂੰ ਪਰਵਾਸ ਕਰਨ ਤੋਂ ਰੋਕਣ ਵਿੱਚ ਅਸਮਰਥ ਹਨ ਜਿਹੜੇ ਲੋੜ ਪੈਣ ਤੇ ਹਵਾਈ ਜਹਾਜ਼ ਦੇ ਟਾਇਰਾਂ ਵਿੱਚ ਬੈਠ ਕੇ ਵਿਦੇਸ਼ ਤੱਕ ਦਾ ਸਫਰ ਕਰ ਚੁੱਕੇ ਹਨ।
ਇਸ ਵੇਲੇ ਤਾਂ ਹਾਲਾਤ ਇਹ ਹਨ ਕਿ ਪੰਜਾਬ ਦੇ ਵਸਨੀਕਾਂ ਖਾਸ ਕਰਕੇ ਹਰ ਅੱਲ੍ਹੜ ਤੇ ਨੌਜਵਾਨ ਮੁੰਡੇ ਕੁੜੀਆਂ ਉਪਰ ਉਚੇਰੀ ਪੜ੍ਹਾਈ ਕਰਨ ਦੇ ਬਹਾਨੇ ਸੱਤ ਸਮੁੰਦਰ ਪਾਰ ਜਾ ਕੇ ਵਿਦੇਸ਼ ਵਿੱਚ ਵਸਣ ਦਾ ਜਨੂਨ ਜਿਹਾ ਹਾਵੀ ਹੈ, ਜਿਸਦਾ ਸਬੂਤ ਹਰ ਪਿੰਡ-ਸ਼ਹਿਰ ਦੀ ਹਰ ਗਲੀ ਮੋੜ ਉਪਰ ਖੁਲ੍ਹੇ ਆਈਲੈਟਸ ਕੇਂਦਰਾਂ ਵਿੱਚ ਵਿਦੇਸ਼ ਜਾਣ ਦੇ ਚਾਹਵਾਨ ਮੁੰਡੇ ਕੁੜੀਆਂ ਦੀ ਭੀੜ ਨਾਲ ਸਹਿਜੇ ਹੀ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਪੰਜਾਬੀਆਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ, ਜੋ ਕਿ ਹਰ ਹੀਲੇ ਵਿਦੇਸ਼ ਜਾਣਾ ਚਾਹੁੰਦੇ ਹਨ ਅਤੇ ਏਜੰਟਾਂ ਦੇ ਢਹੇ ਚੜ੍ਹ ਕੇ ਨਜਾਇਜ਼ ਅਤੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਅਤੇ ਹੋਰ ਵਿਕਸਤ ਮੁਲਕਾਂ ਵਿੱਚ ਜਾਣ ਦਾ ਯਤਨ ਕਰਦੇ ਹਨ। ਇਹ ਗੱਲ ਹੋਰ ਹੈ ਕਿ ਵਿਦੇਸ਼ ਜਾਣ ਦੇ ਚਾਹਵਾਨ ਇਹਨਾਂ ਨੌਜਵਾਨਾਂ ਵਿਚੋਂ ਵੱਡੀ ਗਿਣਤੀ ਸਹੀ ਟਿਕਾਣੇ ਉਪਰ ਪਹੁੰਚਣ ਦੀ ਥਾਂ ਜਾਂ ਤਾਂ ਕਿਸ਼ਤੀਆਂ ਰਾਹੀਂ ਸਰਹੱਦ ਪਾਰ ਕਰਨ ਸਮੇਂ ਸਮੁੰਦਰ ਦੇ ਬਰਫ ਵਰਗੇ ਪਾਣੀ ਵਿੱਚ ਡੁਬ ਜਾਂਦੇ ਹਨ ਜਾਂ ਫਿਰ ਡੁਬੋ ਦਿਤੇ ਜਾਂਦੇ ਹਨ। ਅਜਿਹੇ ਕਈ ਨੌਜਵਾਨ ਵਿਦੇਸ਼ੀ ਪੁਲੀਸ ਦੇ ਹੱਥੇ ਚੜ੍ਹ ਕੇ ਵਿਦੇਸ਼ੀ ਜੇਲਾਂ ਵਿੱਚ ਕੈਦ ਹੋ ਕੇ ਰਹਿ ਜਾਂਦੇ ਹਨ, ਜਿਥੇ ਕਿ ਉਹ ਉਸ ਮੁਲਕ ਵਿਚ ਬੋਲੀ ਜਾਂਦੀ ਭਾਸ਼ਾ ਦੀ ਜਾਣਕਾਰੀ ਨਾ ਹੋਣ, ਪੈਸੇ ਦੀ ਤੋਟ ਹੋਣ ਅਤੇ ਹੋਰ ਕੋਈ ਹੀਲਾ ਨਾ ਹੋਣ ਕਰਕੇ ਆਪਣੀ ਰਿਹਾਈ ਲਈ ਕੋਈ ਚਾਰਾਜੋਈ ਵੀ ਨਹੀਂ ਕਰ ਸਕਦੇ।
ਇੱਕ ਅੰਦਾਜੇ ਮੁਤਾਬਕ ਗੈਰ ਕਾਨੂੰਨੀ ਪਰਵਾਸ ਕਰਨ ਦੀ ਕੋਸ਼ਿਸ਼ ਦੌਰਾਨ ਪੰਜਾਬੀਆਂ ਸਮੇਤ ਹੁਣ ਤੱਕ 35 ਹਜ਼ਾਰ ਤੋਂ ਵੱਧ ਪਰਵਾਸੀ ਸਮੁੰਦਰ ਵਿਚ ਡੁੱਬ ਮੋਏ ਹਨ। ਬੇਗਾਨੇ ਮੁਲਕਾਂ ਵਿੱਚ ਸਮੁੰਦਰ ਦੇ ਬਰਫ ਵਰਗੇ ਪਾਣੀ ਵਿੱਚ ਡੁੱਬਣ ਕਾਰਨ ਉਹਨਾਂ ਦੀਆਂ ਜਿਉਂਦਿਆਂ ਦੀਆਂ ਸਮਾਧਾਂ ਬਣ ਗਈਆਂ। ਉਹਨਾਂ ਦੀਆਂ ਅੰਤਿਮ ਰਸਮਾਂ ਤਾਂ ਕਿਸੇ ਨੇ ਕੀ ਕਰਨੀਆਂ ਸਨ, ਉਹਨਾਂ ਦੇ ਸਰੀਰ ਮੱਛੀਆਂ ਅਤੇ ਹੋਰ ਸਮੁੰਦਰੀ ਜੀਵਾਂ ਦੀ ਖੁਰਾਕ ਬਣ ਗਏ। ਅਜਿਹੇ ਨੌਜਵਾਨਾਂ ਦੇ ਮਾਪੇ ਅਜੇ ਵੀ ਆਪਣੇ ਪੁੱਤਰਾਂ ਦੀ ਉਡੀਕ ਕਰ ਰਹੇ ਹਨ।
ਪੰਜਾਬ ਦੀ ਮੌਜੂਦਾ ਸਰਕਾਰ ਦਾਅਵੇ ਕਰਦੀ ਹੈ ਕਿ ਅਨੇਕਾਂ ਪੰਜਾਬੀ ਨੌਜਵਾਨਾਂ ਨੂੰ ਰੁਜਗਾਰ ਦੇ ਕੇ ਉਸ ਨੇ ਪਰਵਾਸ ਨੂੰ ਠੱਲ ਪਾਈ ਹੈ ਪਰ ਹਰ ਦਿਨ ਪੰਜਾਬ ਤੋਂ ਦਿੱਲੀ ਦੇ ਏਅਰਪੋਰਟ ਵੱਲ ਕਾਰਾਂ ਟੈਕਸੀਆਂ ਵਿੱਚ ਜਾਂਦੇ ਪੰਜਾਬੀ ਨੌਜਵਾਨ ਆਪਣੀ ਕਹਾਣੀ ਖੁਦ ਕਹਿੰਦੇ ਹਨ। ਪੰਜਾਬੀਆਂ ਦੇ ਪਰਵਾਸ ਕਰਨ ਦੇ ਬਹੁਤ ਕਾਰਨ ਹਨ ਜਿਹਨਾਂ ਬਾਰੇ ਪਹਿਲਾਂ ਹੀ ਬਹੁਤ ਕੁਝ ਲਿਖਿਆ ਤੇ ਕਿਹਾ ਜਾ ਚੁਕਿਆ ਹੈ। ਪੰਜਾਬੀਆਂ ਦੇ ਪਰਵਾਸ ਬਾਰੇ ਚਿੰਤਾ ਤਾਂ ਹਰ ਬੁੱਧੀਜੀਵੀ ਕਰਦਾ ਹੈ ਪਰ ਪਰਵਾਸ ਨੂੰ ਰੋਕਣ ਸਬੰਧੀ ਕੋਈ ਠੋਸ ਸੁਝਾਅ ਕੋਈ ਵੀ ਨਹੀਂ ਦੇ ਸਕਿਆ, ਜਿਸ ਕਰਕੇ ਪੰਜਾਬੀਆਂ ਦਾ ਪਰਵਾਸ ਪਹਿਲਾਂ ਵਾਂਗ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣ ਦੇ ਆਸਾਰ ਹਨ।
ਬਿਊਰੋ
Editorial
ਸ਼ਹਿਰ ਵਿਚਲੇ ਰਿਹਾਇਸ਼ੀ ਖੇਤਰ ਦੀਆਂ ਅੰਦਰੂਨੀ ਸੜਕਾਂ ਦੀ ਚੌੜਾਈ ਵਧਾਏ ਪ੍ਰਸ਼ਾਸ਼ਨ
ਸਾਡੇ ਸ਼ਹਿਰ ਨੂੰ ਭਾਵੇਂ ਇੱਕ ਅਤਿਆਧੁਨਿਕ ਪੱਧਰ ਦੇ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਪੰਜਾਬ ਸਰਕਾਰ ਦਾਅਵਿਆਂ ਵਿੱਚ ਸ਼ਹਿਰ ਵਾਸੀਆਂ ਨੂੰ ਵਿਸ਼ਵਪੱਧਰੀ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਪਰੰਤੂ ਜਮੀਨੀ ਹਾਲਾਤ ਇਹ ਹਨ ਕਿ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਲਈ ਵੀ ਬੁਰੀ ਤਰ੍ਹਾਂ ਤੰਗ ਹੋਣਾ ਪੈਂਦਾ ਹੈ। ਸਾਡੇ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਦੀਆਂ ਤੰਗ ਗਲੀਆਂ ਇਸਦੀ ਸਭਤੋਂ ਵੱਡੀ ਮਿਸਾਲ ਹਨ ਜਿੱਥੇ ਜੇਕਰ ਕੋਈ ਵਿਅਕਤੀ ਘਰ ਦੇ ਸਾਮ੍ਹਣੇ ਸੜਕ ਤੇ ਵਾਹਨ ਖੜ੍ਹਾ ਕਰ ਦੇਵੇ ਤਾਂ ਉੱਥੋਂ ਕਿਸ ਹੋਰ ਵਾਹਨ ਦਾ ਲੰਘਣਾ ਤਕ ਔਖਾ ਹੋ ਜਾਂਦਾ ਹੈ।
ਇਸਦਾ ਮੁੱਖ ਕਾਰਨ ਇਹ ਹੈ ਕਿ ਸ਼ਹਿਰ ਦੇ ਨਕਸ਼ੇ ਵਿੱਚ ਭਾਵੇਂ ਵੱਖ ਵੱਖ ਫੇਜ਼ਾਂ ਦੀਆਂ ਅੰਦਰੂਨੀ ਸੜਕਾਂ (ਗਲੀਆਂ) ਦੀ ਚੌੜਾਈ 35 ਤੋਂ 45 ਫੁੱਟ ਤਕ ਦਿਖਾਈ ਗਈ ਹੈ ਪਰੰਤੂ ਇਸ ਵਿੱਚੋਂ ਆਮ ਲੋਕਾਂ ਦੀ ਆਵਾਜਾਈ ਲਈ ਸਿਰਫ 12 ਤੋਂ 14 ਫੁੱਟ ਚੌੜੀ ਸੜਕ ਦੀ ਹੀ ਉਸਾਰੀ ਕੀਤੀ ਗਈ ਹੈ। ਬਾਕੀ ਬਚਦੀ ਲਗਭਗ ਦੋ ਤਿਹਾਈ ਥਾਂ ਲੋਕਾਂ ਦੇ ਘਰਾਂ ਸਾਮ੍ਹਣੇ ਖਾਲੀ ਛੱਡੀ ਹੋਣ ਕਾਰਨ ਉੱਥੇ ਲੋਕਾਂ ਵਲੋਂ ਬਗੀਚੀਆਂ ਬਣਾ ਲਈਆਂ ਗਈਆਂ ਜਾਂ ਪੱਕੇ ਕਬਜੇ ਕਰ ਲਏ ਜਾਣ ਕਾਰਨ ਉਹਨਾਂ ਦੀ ਨਿੱਜੀ ਵਰਤੋਂ ਹੇਠ ਹੈ।
50 ਸਾਲ ਪਹਿਲਾਂ ਜਦੋਂ ਸਾਡੇ ਸ਼ਹਿਰ ਦੀ ਉਸਾਰੀ ਦਾ ਅਮਲ ਆਰੰਭ ਹੋਇਆ ਸੀ ਉਸ ਵੇਲੇ ਇਸਦੇ ਯੋਜਨਾਕਾਰਾਂ ਵਲੋਂ ਇਸ ਗੱਲ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ ਕਿ ਭਵਿੱਖ ਵਿੱਚ ਸ਼ਹਿਰ ਦੇ ਵਿਕਾਸ ਦੇ ਪੜਾਆਂ ਦੌਰਾਨ ਜਦੋਂ ਸ਼ਹਿਰ ਦੀ ਆਬਾਦੀ ਵਿੱਚ ਵਾਧਾ ਹੋ ਜਾਵੇਗਾ ਅਤੇ ਲੋਕਾਂ ਕੋਲ ਆਵਾਜਾਈ ਲਈ ਨਿੱਜੀ ਵਾਹਨਾਂ ਦੀ ਗਿਣਤੀ ਵੱਧ ਜਾਵੇਗੀ ਤਾਂ ਸ਼ਹਿਰ ਵਿੱਚ ਬਣਾਈਆਂ ਜਾ ਰਹੀਆਂ ਇਹ ਤੰਗ ਗਲੀਆਂ ਲੋਕਾਂ ਦੀਆਂ ਆਵਾਜਾਈ ਲੋੜਾਂ ਨੂੰ ਪੂਰਾ ਕਰਨ ਦੀ ਸਮਰਥ ਨਹੀਂ ਰਹਿਣਗੀਆਂ। ਉਹਨਾਂ ਵਲੋਂ ਇਸ ਗੱਲ ਦਾ ਵੀ ਕੋਈ ਧਿਆਨ ਨਹੀਂ ਰੱਖਿਆ ਕਿ ਦੋ ਤਿੰਨ ਕਮਰਿਆਂ ਦੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਵਾਹਨ ਕਿੱਥੇ ਖੜ੍ਹੇ ਹੋਣਗੇ ਅਤੇ ਜਦੋਂ ਇਹ ਵਾਹਨ ਪਹਿਲਾਂ ਹੀ ਤੰਗ ਬਣਾਈਆਂ ਗਈਆਂ ਸੜਕਾਂ ਦੇ ਕਿਨਾਰੇ ਖੜ੍ਹੇ ਹੋ ਜਾਣਗੇ ਤਾਂ ਫਿਰ ਹੋਰਨਾਂ ਵਾਹਨਾਂ ਦੀ ਆਵਾਜਾਈ ਕਿਵੇਂ ਹੋਵੇਗੀ। ਸ਼ਹਿਰ ਦੀ ਉਸਾਰੀ ਦੇ ਪਹਿਲੇ ਦੋ ਤਿੰਨ ਦਹਾਕਿਆਂ ਦੌਰਾਨ (ਜਦੋਂ ਲੋਕਾਂ ਕੋਲ ਇੱਕਾ ਦੁੱਕਾ ਵਾਹਨ ਹੁੰਦੇ ਸਨ) ਆਮ ਲੋਕਾਂ ਨੂੰ ਇਹਨਾਂ ਸੜਕਾਂ ਦੀ ਚੌੜਾਈ ਨੂੰ ਲੈ ਕੇ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੀ ਪਰੰਤੂ ਸਮੇਂ ਦੇ ਨਾਲ ਨਾਲ ਸ਼ਹਿਰ ਵਿਚਲੇ ਰਿਹਾਇਸ਼ੀ ਖੇਤਰਾਂ ਦੀਆਂ ਇਹ ਤੰਗ ਗਲੀਆਂ ਆਮ ਵਸਨੀਕਾਂ ਲਈ ਵੱਡੀ ਪਰੇਸ਼ਾਨੀ ਬਣਦੀਆਂ ਗਈਆਂ। ਇੱਕ ਤਾਂ ਸ਼ਹਿਰ ਦੇ ਰਿਹਾਇਸ਼ੀ ਖੇਤਰ ਦੀਆਂ ਇਹਨਾਂ ਅੰਦਰੂਨੀ ਸੜਕਾਂ ਦੀ ਚੌੜਾਈ ਪਹਿਲਾਂ ਹੀ ਘੱਟ ਹੈ ਉੱਪਰੋਂ ਇਹਨਾਂ ਵਿੱਚ ਆਮ ਲੋਕਾਂ ਵਲੋਂ ਆਪਣੇ ਵਾਹਨ ਵੀ ਖੜ੍ਹੇ ਕਰ ਦਿੱਤੇ ਜਾਂਦੇ ਹਨ ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਜੇਕਰ ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸ਼ਨ ਵਲੋਂ ਹੁਣ ਤਕ ਆਮ ਲੋਕਾਂ ਦੀ ਇਸ ਸਮੱਸਿਆ ਤੋਂ ਪੂਰੀ ਤਰ੍ਹਾਂ ਟਾਲਾ ਵੱਟਿਆ ਜਾਂਦਾ ਰਿਹਾ ਹੈ ਅਤੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਨੂੰ ਚੌੜਾ ਕਰਨ ਲਈ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਪਿਛਲੇ ਕੁੱਝ ਸਾਲਾਂ ਤੋਂ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਸੜਕਾਂ ਕਿਨਾਰੇ ਬਣਾਏ ਗਏ ਫੁਟਪਾਥਾਂ ਨੂੰ ਨੀਵਾਂ ਕਰਕੇ ਕੰਮ ਜਰੂਰ ਚਲਾਇਆ ਜਾ ਰਿਹਾ ਹੈ, ਤਾਂ ਜੋ ਲੋਕ ਇਹਨਾਂ ਫੁਟਪਾਥਾਂ ਤੇ ਆਪਣੇ ਵਾਹਨ ਖੜ੍ਹੇ ਕਰ ਸਕਣ। ਪਰੰਤੂ ਸਵਾਲ ਇਹ ਵੀ ਹੈ ਕਿ ਜੇਕਰ ਇਹਨਾਂ ਫੁਟਪਾਥਾਂ ਦੀ ਉਸਾਰੀ ਗੱਡੀਆਂ ਦੀ ਪਾਰਕਿੰਗ ਲਈ ਹੀ ਕੀਤੀ ਜਾਣੀ ਹੈ ਤਾਂ ਫਿਰ ਪ੍ਰਸ਼ਾਸ਼ਨ ਵਲੋਂ ਇਹਨਾਂ ਗਲੀਆਂ ਨੂੰ ਚੌੜਾ ਕਿਉਂ ਨਹੀਂ ਕੀਤਾ ਜਾਂਦਾ ਅਤੇ ਹਰ ਸਾਲ ਕਰੋੜਾਂ ਰੁਪਏ ਖਰਚ ਕੇ ਇਹਨਾਂ ਫੁਟਪਾਥਾਂ ਦੀ ਉਸਾਰੀ ਕਰਵਾਉਣ ਦੀ ਭਲਾ ਕੀ ਤੁਕ ਬਣਦੀ ਹੈ।
ਨਗਰ ਨਿਗਮ ਦੇ ਅਧਿਕਾਰੀ ਤਰਕ ਦਿੰਦੇ ਹਨ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਮੁੱਢਲੀ ਪਲਾਨਿੰਗ ਵਿੱਚ ਕੋਈ ਬਦਲਾਅ ਕਰਨ ਦਾ ਅਧਿਕਾਰ ਉਹਨਾਂ ਕੋਲ ਨਹੀਂ ਹੈ ਅਤੇ ਪਲਾਨਿੰਗ ਵਿੱਚ ਤਬਦੀਲੀ ਗਮਾਡਾ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਹਾਲਾਂਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਨਗਰ ਨਿਗਮ ਵਲੋਂ ਇਸ ਸੰਬੰਧੀ ਗਮਾਡਾ ਨਾਲ ਤਾਲਮੇਲ ਕਰਕੇ ਸ਼ਹਿਰ ਦੀ ਮੁੱਢਲੀ ਪਲਾਨਿੰਗ ਵਿੱਚ ਲੋੜੀਂਦੀ ਤਬਦੀਲੀ ਕਿਊਂ ਨਹੀਂ ਕਰਵਾਈ ਗਈ ਹੈ। ਨਗਮ ਨਿਗਮ ਦੇ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਕਰਨ ਅਤੇ ਇਸ ਸੰਬੰਧੀ ਗਮਾਡਾ ਦੇ ਸੰਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸ਼ਹਿਰ ਦੀ ਮੁੱਢਲੀ ਪਲਾਨਿੰਗ ਵਿੱਚ ਲੋੜੀਂਦਾ ਫੇਰਬਦਲ ਕਰਵਾਉਣ ਅਤੇ ਅੰਦਰੂਨੀ ਸੜਕਾਂ ਦੀ ਚੌੜਾਈ ਵਿੱਚ ਵਾਧਾ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸੰਬੰਧੀ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇ।
-
National2 months ago
ਬੱਸ ਪਲਟਣ ਕਾਰਨ 5 ਵਿਅਕਤੀਆਂ ਦੀ ਮੌਤ, 2 ਦਰਜਨ ਵਿਅਕਤੀ ਜ਼ਖ਼ਮੀ
-
International2 months ago
ਗੌਤਮ ਅਡਾਨੀ ਤੇ ਨਿਊਯਾਰਕ ਵਿੱਚ ਧੋਖਾਧੜੀ ਅਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
-
Chandigarh2 months ago
ਪੰਜਾਬ ਯੂਨੀਵਰਸਿਟੀ ਦੇ ਮੁੰਡਿਆਂ ਦੇ ਹੋਸਟਲ ਵਿੱਚ ਹਿਮਾਚਲ ਦੇ ਨੌਜਵਾਨ ਦੀ ਮੌਤ
-
Chandigarh2 months ago
ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 3 ਵਜੇ ਤੱਕ ਹੋਈ 50 ਫੀਸਦੀ ਪੋਲਿੰਗ
-
Mohali2 months ago
ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ
-
International1 month ago
ਭਾਰਤ ਦੀ ਆਸਟਰੇਲੀਆ ਵਿੱਚ ਆਸਟਰੇਲੀਆ ਤੇ ਸਭ ਤੋਂ ਵੱਡ ਜਿੱਤ
-
National2 months ago
ਬੋਰਵੈਲ ਵਿੱਚ ਡਿੱਗਣ ਕਾਰਨ 4 ਸਾਲਾ ਬੱਚੇ ਦੀ ਮੌਤ
-
Chandigarh2 months ago
ਪੰਜਾਬ ਵਿਧਾਨਸਭਾ ਦੀ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ