Connect with us

Editorial

ਵੋਟਰਾਂ ਨੂੰ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦਾ ਹੱਕ ਵੀ ਮਿਲੇ

Published

on

 

 

ਸਾਡੇ ਦੇਸ਼ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਦਰਜਾ ਹਾਸਿਲ ਹੈ ਅਤੇ ਦੇਸ਼ ਵਿੱਚ ਲਾਗੂ ਲੋਕਤਾਂਤਰਿਕ ਪ੍ਰਣਾਲੀ ਦੇ ਤਹਿਤ ਦੇਸ਼ ਦੇ ਆਮ ਨਾਗਰਿਕਾਂ (ਵੋਟਰਾਂ) ਵਲੋਂ ਹਰ ਪੰਜ ਸਾਲ ਬਾਅਦ ਆਪਣੇ ਨੁਮਾਇੰਦੇ ਚੁਣ ਕੇ ਵਿਧਾਨ ਸਭਾ ਵਿੱਚ ਭੇਜੇ ਜਾਂਦੇ ਹਨ। ਇਸ ਵਾਸਤੇ ਹਰ ਪੰਜ ਸਾਲ ਬਾਅਦ ਲੋਕ ਸਭਾ ਅਤੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਵਾਈਆਂ ਜਾਂਦੀਆਂ ਹਨ ਜਿਹਨਾਂ ਦੌਰਾਨ ਵੋਟਰਾਂ ਵਲੋਂ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਵਿੱਚੋਂ ਆਪੋ ਆਪਣੇ ਨੁਮਾਇੰਦੇ ਦੀ ਚੋਣ ਕੀਤੀ ਜਾਂਦੀ ਹੈ ਅਤੇ ਆਮ ਜਨਤਾ ਵਲੋਂ ਚੁਣੇ ਗਏ ਇਹ ਨੁਮਾਇੰਦੇ ਹੀ ਦੇਸ਼ ਦੀ ਸੱਤਾ ਸੰਭਾਲਦੇ ਹਨ।

ਚੋਣਾਂ ਵਿੱਚ ਬਹੁਮਤ ਹਾਸਿਲ ਕਰਨ ਵਾਲੀਆਂ ਪਾਰਟੀਆਂ ਜਿੱਤ ਹਾਸਿਲ ਕਰਨ ਤੋਂ ਬਾਅਦ ਸਰਕਾਰ ਬਣਾਉਂਦੀਆਂ ਹਨ ਜਿਸ ਵਲੋਂ ਅਗਲੇ ਪੰਜ ਸਾਲ ਤਕ ਰਾਜ ਪ੍ਰਬੰਧ ਸੰਭਾਲਿਆ ਜਾਣਾ ਹੁੰਦਾ ਹੈ ਅਤੇ ਆਮ ਲੋਕਾਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਲੋੜੀਂਦੇ ਕਾਇਦੇ ਕਾਨੂੰਨ ਪਾਸ ਕਰਕੇ ਉਹਨਾਂ ਨੂੰ ਲਾਗੂ ਵੀ ਕਰਨਾ ਹੁੰਦਾ ਹੈ। ਇਸ ਦੌਰਾਨ ਅਕਸਰ ਅਜਿਹਾ ਹੁੰਦਾ ਹੈ ਕਿ ਚੋਣ ਲੜਣ ਵਾਲੇ ਉਮੀਦਵਾਰ (ਜਿਹੜੇ ਚੋਣ ਪ੍ਰਚਾਰ ਦੌਰਾਨ ਵੋਟਰਾਂ ਨਾਲ ਕਈ ਤਰ੍ਹਾਂ ਦੇ ਲੰਬੇ ਚੌੜੇ ਵਾਇਦੇ ਕਰਦੇ ਹਨ) ਸੱਤਾ ਤੇ ਕਾਬਿਜ ਹੋਣ ਤੋਂ ਬਾਅਦ ਵੋਟਰਾਂ ਪ੍ਰਤੀ ਨਾ ਸਿਰਫ ਉਦਾਸੀਨ ਹੋ ਜਾਂਦੇ ਹਨ ਬਲਕਿ ਵੋਟਰਾਂ ਪ੍ਰਤੀ ਉਹਨਾਂ ਦਾ ਵਤੀਰਾ ਬਦਲ ਜਾਂਦਾ ਹੈ ਅਤੇ ਵੋਟਰ ਖੁਦ ਨੂੰ ਠੱਗਿਆ ਗਿਆ ਮਹਿਸੂਸ ਕਰਦਾ ਹੈ।

ਸਾਡੇ ਰਾਜਨੇਤਾਵਾਂ ਵਿੱਚ ਚੋਣ ਜਿੱਤ ਕੇ ਸੱਤਾ ਤੇ ਕਾਬਜ ਹੋਣ ਉਪਰੰਤ ਆਪਣੇ ਹਰ ਜਾਇਜ ਨਾਜਾਇਜ ਫੈਸਲੇ ਨੂੰ ਆਮ ਜਨਤਾ ਤੇ ਜਬਰੀ ਥੋਪਣ ਦੀ ਮਾਨਸਿਕਤਾ ਹਾਵੀ ਹੋ ਜਾਂਦੀ ਹੈ ਅਤੇ ਉਹਨਾਂ ਵਿੱਚ ਖੁਦ ਨੂੰ ਕਿਸੇ ਵੀ ਕਾਇਦੇ ਕਾਨੂੰਨ ਤੋਂ ਉੱਪਰ ਸਮਝਣ ਦਾ ਭਾਵ ਵੀ ਲਗਾਤਾਰ ਮਜਬੂਤੀ ਫੜਦਾ ਜਾ ਰਿਹਾ ਹੈ। ਸਾਡੇ ਚੁਣੇ ਹੋਏ ਨੁਮਾਇੰਦੇ ਭਾਵੇਂ ਖੁਦ ਨੂੰ ਜਨਤਾ ਦਾ ਸੇਵਕ ਦੱਸਦੇ ਹਨ ਪਰੰਤੂ ਇਹਨਾਂ ਵਿੱਚ ਖੁਦ ਨੂੰ ਸ਼ਾਸ਼ਕ ਅਤੇ ਜਨਤਾ ਨੂੰ ਆਪਣੇ ਇਸ਼ਾਰਿਆਂ ਦੀ ਗੁਲਾਮ ਸਮਝਣ ਦੀ ਮਾਨਸਿਕਤਾ ਹਾਵੀ ਹੋ ਚੁੱਕੀ ਹੈ ਜਿਹੜੀ ਉਹਨਾਂ ਨੂੰ ਆਮ ਜਨਤਾ ਤੋਂ ਦੂਰ ਕਰਦੀ ਹੈ ਅਤੇ ਵੋਟਰ ਇਹਨਾਂ ਦੀ ਕਾਰਗੁਜਾਰੀ ਪ੍ਰਤੀ ਨਿਰਾਸ਼ ਦਿਖਦੇ ਹਨ।

ਇਹੀ ਕਾਰਨ ਹੈ ਕਿ ਦੇਸ਼ ਵਿੱਚ ਆਮ ਜਨਤਾ ਦੀਆਂ ਆਸਾਂ ਤੇ ਖਰਾ ਨਾ ਉਤਰਨ ਵਾਲੇ ਨੁਮਾਇੰਦਿਆਂ ਨੂੰ ਸਮੇਂ ਤੋਂ ਪਹਿਲਾਂ ਵਾਪਸ ਬੁਲਾਉਣ ਵਾਸਤੇ ਵੋਟਰਾਂ ਨੂੰ ਤਾਕਤ ਦੇਣ ਦੀ ਮੰਗ ਜੋਰ ਫੜਦੀ ਜਾ ਰਹੀ ਹੈ। ਵੇਖਿਆ ਜਾਵੇ ਤਾਂ ਲੋਕਤਾਂਤਰਿਕ ਪ੍ਰਣਾਲੀ ਵਿੱਚ ਇਹ ਵਿਵਸਥਾ ਵੀ ਹੋਣੀ ਚਾਹੀਦੀ ਹੈ ਕਿ ਜੇਕਰ ਚੁਣੇ ਜਾਣ ਤੋਂ ਬਾਅਦ ਲੋਕ ਨੁਮਾਇੰਦਿਆਂ ਵਲੋਂ ਆਪਣੇ ਵਾਇਦੇ ਪੂਰੇ ਨਹੀਂ ਕੀਤੇ ਜਾਂਦੇ ਜਾਂ ਜਨਤਾ ਉਹਨਾਂ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਨਹੀਂ ਹੁੰਦੀ ਤਾਂ ਜਨਤਾ ਨੂੰ ਉਹਨਾਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਵੀ ਮਿਲਣਾ ਚਾਹੀਦਾ ਹੈ। ਪਿਛਲੇ ਦੋ ਤਿੰਨ ਦਹਾਕਿਆਂ ਦੌਰਾਨ ਜਿਸ ਤਰੀਕੇ ਨਾਲ ਹਾਲਾਤ ਬਦਲੇ ਹਨ ਅਤੇ ਇਸ ਦੌਰਾਨ ਸਿਆਸੀ ਆਗੂਆਂ ਅਤੇ ਅਫਸਰਸ਼ਾਹਾਂ ਵਲੋਂ ਦੇਸ਼ ਦੀ ਜਨਤਾ ਉੱਪਰ ਮਨਮਰਜੀ ਦੇ ਫੈਸਲੇ ਥੋਪੇ ਜਾ ਰਹੇ ਹਨ ਉਸ ਨਾਲ ਦੇਸ਼ ਭਰ ਵਿੱਚ ਇਹ ਮੰਗ ਜੋਰ ਫੜ ਰਹੀ ਹੈ ਕਿ ਜੇਕਰ ਵੋਟਰ ਆਪਣੇ ਚੁਣੇ ਹੋਏ ਨੁਮਾਇੰਦੇ ਦੀ ਕਾਰਗੁਜਾਰੀ ਤੋਂ ਅਸੰਤੁਸ਼ਟ ਅਤੇ ਨਾਖੁਸ਼ ਹੋਣ ਤਾਂ ਉਹਨਾਂ ਨੂੰ ਆਪਣੇ ਚੁਣੇ ਹੋਏ ਨੁਮਾਇੰਦੇ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਵੀ ਮਿਲਣਾ ਚਾਹੀਦਾ ਹੈ।

ਆਮ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਜੇਕਰ ਆਪਣੀ ਜਿੰਮੇਵਾਰੀ ਨੂੰ ਠੀਕ ਢੰਗ ਨਾਲ ਨਿਭਾਉਣ ਦੀ ਥਾਂ ਲੋਕ ਹਿੱਤਾਂ ਦੀ ਅਣਦੇਖੀ ਕਰਨ ਲੱਗ ਜਾਏ, ਤਾਂ ਵੋਟਰਾਂ ਨੂੰ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਮਿਲਣਾ ਹੀ ਚਾਹੀਦਾ ਹੈ। ਦੇਸ਼ ਦੇ ਵੋਟਰਾਂ ਨੂੰ ਇਹ ਅਧਿਕਾਰ ਤਾਂ ਹਾਸਿਲ ਹੈ ਕਿ ਜੇਕਰ ਉਹਨਾਂ ਨੂੰ ਚੋਣ ਲੜਨ ਵਾਲੇ ਉਮੀਦਵਾਰਾਂ ਵਿੱਚੋਂ ਕੋਈ ਵੀ ਪਸੰਦ ਨਾ ਹੋਵੇ ਤਾਂ ਉਹ ਨੋਟਾ ਦਾ ਬਟਨ ਦਬਾ ਸਕਦੇ ਹਨ ਅਤੇ ਇਸ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਕਿੰਨੇ ਵੋਟਰਾਂ ਵਲੋਂ ਚੋਣ ਲੜਣ ਵਾਲੇ ਸਾਰੇ ਹੀ ਉਮੀਦਵਾਰਾਂ ਨੂੰ ਰੱਦ ਕੀਤਾ ਗਿਆ ਹੈ। ਪਰੰਤੂ ਵੋਟਰਾਂ ਨੂੰ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੇ ਤਸੱਲੀਬਖਸ਼ ਤਰੀਕੇ ਨਾਲ ਕੰਮ ਨਾ ਕਰਨ ਤੇ ਉਹਨਾਂ ਨੁੰ ਵਾਪਸ ਬੁਲਾਉਣ ਦਾ ਅਧਿਕਾਰ ਨਹੀਂ ਹੈ, ਜਿਸਨੂੰ ਇਸ ਦੀ ਅਗਲੀ ਕੜੀ ਵੱਜੋਂ ਲਿਆ ਜਾ ਸਕਦਾ ਹੈ ਜਿਸਦੇ ਤਹਿਤ ਚੁਣੇ ਹੋਏ ਨੁਮਾਇੰਦਿਆਂ ਨੂੰ ਵਧੇਰੇ ਜਵਾਬਦੇਹ ਅਤੇ ਜਿੰਮੇਵਾਰ ਬਣਾਇਆ ਜਾ ਸਕੇ। ਜੇਕਰ ਅਜਿਹਾ ਹੋ ਜਾਵੇ ਤਾਂ ਸਾਡੇ ਚੁਣੇ ਹੋਏ ਨੁਮਾਇੰਦੇ ਨਾ ਸਿਰਫ ਜਨਤਾ ਦੇ ਹਿੱਤਾਂ ਪ੍ਰਤੀ ਜਵਾਬਦੇਹ ਹੋਣਗੇ ਬਲਕਿ ਉਹ ਆਪਣੇ ਫੈਸਲਿਆਂ ਨੂੰ ਜਨਤਾ ਉੱਪਰ ਜਬਰੀ ਥੋਪਣ ਦੀ ਥਾਂ ਜਨਤਾ ਦੇ ਫੈਸਲਿਆਂ ਦੀ ਕਦਰ ਵੀ ਕਰਣਗੇ। ਸੱਤਾ ਤੇ ਕਾਬਿਜ ਲੋਕ ਨੁਮਾਇੰਦਿਆਂ ਦੀ ਮਾੜੀ ਕਾਰਗੁਜਾਰੀ ਅਤੇ ਉਹਨਾਂ ਦੇ ਲਾਪਰਵਾਹ ਵਤੀਰੇ ਤੋਂ ਤੰਗ ਆਏ ਵੋਟਰ ਜੇਕਰ ਇਹਨਾਂ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦੇ ਅਧਿਕਾਰ ਦੀ ਮੰਗ ਕਰਦੇ ਹਨ ਤਾਂ ਇਸ ਵਿੱਚ ਗਲਤ ਵੀ ਕੀ ਹੈ। ਜੇਕਰ ਵੋਟਰਾਂ ਨੂੰ ਆਪਣੇ ਚੁਣੇ ਹੋਏ ਨੁਮਾਇੰਦੇ ਨੂੰ ਵਾਪਿਸ ਬੁਲਾਉਣ ਦਾ ਅਧਿਕਾਰ ਮਿਲ ਜਾਵੇ ਤਾਂ ਇਹ ਸਾਡੇ ਲੋਕਤੰਤਕ ਦੀ ਮਜਬੂਤੀ ਲਈ ਬਹੁਤ ਸਹਾਇਕ ਸਿੱਧ ਹੋ ਸਕਦਾ ਹੈ ਅਤੇ ਚੋਣ ਕਮਿਸ਼ਨ ਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ।

 

Continue Reading

Editorial

ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਲੱਗੇਗੀ ਬਾਲ ਮਜਦੂਰੀ ਤੇ ਰੋਕ

Published

on

By

 

ਸਾਡੇ ਸਮਾਜ ਵਿੱਚ ਹੁੰਦੀ ਬਾਲ ਮਜਦੂਰੀ ਇੱਕ ਅਜਿਹਾ ਕੋਹੜ ਹੈ ਜਿਹੜਾ ਛੋਟੇ ਬੱਚਿਆਂ ਤੋਂ ਉਹਨਾਂ ਦਾ ਬਚਪਨ ਖੋਹ ਲੈਂਦਾ ਹੈ ਅਤੇ ਬੱਚਿਆਂ ਨੂੰ ਆਪਣੀ ਸਮਰਥਾ ਤੋਂ ਕਿਤੇ ਵੱਧ ਕੰਮ ਕਰਨ ਲਈ ਮਜਬੂਰ ਕਰਦਾ ਹੈ। ਬਾਲ ਮਜਦੂਰੀ ਦੇ ਫਸੇ ਇਹ ਛੋਟੇ ਬੱਚੇ ਆਪਣਾ ਪੇਟ ਪਾਲਣ ਲਈ ਹਰ ਤਰ੍ਹਾਂ ਦਾ ਛੋਟਾ ਵੱਡਾ (ਚਾਹ ਦੀਆਂ ਦੁਕਾਨਾਂ, ਢਾਬਿਆਂ, ਆਮ ਦੁਕਾਨਾਂ ਤੋਂ ਲੈ ਕੇ ਘਰਾਂ ਤੱਕ ਵਿੱਚ) ਕੰਮ ਕਰਦੇ ਹਨ। ਅਸੀਂ ਅਕਸਰ ਛੋਟੀ ਉਮਰ ਦੇ ਬੱਚਿਆਂ ਨੂੰ ਵੱਖ ਵੱਖ ਥਾਵਾਂ ਤੇ ਅਜਿਹਾ ਕੰਮ ਕਰਦੇ ਵੇਖਦੇ ਹਾਂ ਅਤੇ ਇਸਨੂੰ ਅਣਗੌਲਿਆ ਵੀ ਕਰ ਦਿੰਦੇ ਹਾਂ। ਦੇਸ਼ ਦੇ ਵੱਖ ਵੱਖ ਸ਼ਹਿਰਾਂ-ਕਸਬਿਆਂ ਵਿੱਚ ਵੱਖੋ ਵੱਖਰੀਆਂ ਥਾਵਾਂ ਤੇ ਛੋਟੇ ਛੋਟੇ ਬੱਚਿਆਂ ਨੂੰ ਮਜਦੂਰੀ ਕਰਦਿਆਂ ਆਮ ਵੇਖਿਆ ਜਾ ਸਕਦਾ ਹੈ।

ਇਸ ਸੰਬੰਧੀ ਕੇਂਦਰ ਅਤੇ ਰਾਜ ਸਰਕਾਰ ਵਲੋਂ ਭਾਵੇਂ ਸਮੇਂ ਸਮੇਂ ਤੇ ਨਵੀਆਂ ਸਕੀਮਾਂ ਲਿਆ ਕੇ ਦਾਅਵਾ ਕੀਤਾ ਜਾਂਦਾ ਹੈ ਕਿ ਉਹਨਾਂ ਵਲੋਂ ਛੋਟੇ ਬੱਚਿਆਂ ਨੂੰ ਉਹਨਾਂ ਦਾ ਬਣਦਾ ਹੱਕ ਦਿਵਾਉਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਅਤੇ ਦੇਸ਼ ਭਰ ਵਿੱਚ ਛੋਟੇ ਬੱਚਿਆਂ ਲਈ ਪੜ੍ਹਣ ਅਤੇ ਖੇਡਣ ਦੀ ਆਜ਼ਾਦੀ ਨੂੰ ਯਕੀਨੀ ਬਣਾਇਆ ਗਿਆ ਹੈ ਪਰੰਤੂ ਅਸਲੀਅਤ ਇਹੀ ਹੈ ਕਿ ਬਾਲ ਮਜਦੂਰੀ ਕਰਨ ਵਾਲੇ ਇਹਨਾਂ ਬੱਚਿਆਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਛੋਟੀ ਉਮਰ ਤੋਂ ਹੀ ਕੋਈ ਨਾ ਕੋਈ ਕੰਮ ਕਰਨ ਵਾਲੇ ਇਹਨਾਂ ਮਾਸੂਮਾਂ ਦਾ ਬਚਪਨ ਇਸੇ ਤਰ੍ਹਾਂ ਮਿਹਨਤ ਮਜ਼ਦੂਰੀ ਕਰਦਿਆਂ ਅਤੇ ਆਪਣੇ ਮਾਲਕਾਂ ਦੀਆ ਗਾਲ੍ਹਾਂ ਖਾਂਦਿਆਂ ਹੀ ਬੀਤ ਜਾਂਦਾ ਹੈ ਅਤੇ ਉਹਨਾਂ ਦੇ ਅੱਥਰੂ ਪੂੰਝਣ ਵਾਲਾ ਕੋਈ ਨਹੀਂ ਹੁੰਦਾ।

ਸਾਡੇ ਦੇਸ਼ ਵਿੱਚ ਬਾਲ ਮਜਦੂਰੀ ਤੇ ਰੋਕ ਲਗਾਉਣ ਲਈ ਭਾਵੇਂ ਬਾਕਾਇਦਾ ਕਾਨੂੰਨ ਲਾਗੂ ਹੈ ਜਿਸਦੇ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕਿਸੇ ਵੀ ਤਰ੍ਹਾਂ ਦੀ ਮਜਦੂਰੀ ਦਾ ਕੰਮ ਨਹੀਂ ਲਿਆ ਜਾ ਸਕਦਾ ਅਤੇ ਛੋਟੇ ਬੱਚਿਆਂ ਤੋਂ ਬਾਲ ਮਜਦੂਰੀ ਕਰਵਾਉਣ ਦੀ ਇਹ ਕਾਰਵਾਈ ਇੱਕ ਸਜਾਯੋਗ ਅਪਰਾਧ ਦੇ ਦਾਇਰੇ ਵਿੱਚ ਆਉਂਦੀ ਹੈ। ਦੇਸ਼ ਵਿੱਚ ਇਸ ਕਾਨੂੰਨ ਨੂੰ ਲਾਗੂ ਹੋਏ ਨੂੰ 18 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਪਰੰਤੂ ਇਸਦੇ ਬਾਵਜੂਦ ਬਾਲ ਮਜਦੂਰੀ ਤੇ ਰੋਕ ਨਹੀਂ ਲੱਗ ਪਾਈ ਹੈ ਅਤੇ 2007 ਵਿੱਚ ਲਾਗੂ ਹੋਏ ਇਸ ਕਾਨੂੰਨ ਦੀ ਵੱਡੇ ਪੱਧਰ ਤੇ ਉਲੰਘਣਾ ਹੁੰਦੀ ਹੈ।

ਬਾਲ ਮਜਦੂਰੀ ਤੇ ਰੋਕ ਲਗਾਏ ਜਾਣ ਸੰਬੰਧੀ ਸਰਕਾਰੀ ਦਾਅਵੇ ਤਾਂ ਬਹੁਤ ਹਨ ਪਰੰਤੂ ਅਸਲੀਅਤ ਵਿੱਚ ਤਾਂ ਜਿਵੇਂ ਇਹਨਾਂ ਬੱਚਿਆਂ ਨੂੰ ਆਪਣੇ ਜਨਮ ਦੀ ਹੀ ਸਜ਼ਾ ਭੁਗਤਣੀ ਪੈਂਦੀ ਹੈ। ਇਸਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਸਾਡਾ ਸਮਾਜ ਕਦੇ ਵੀ ਇਸ ਸਮਾਜਿਕ ਬੁਰਾਈ ਨੂੰ ਗੰੰਭੀਰਤਾ ਨਾਲ ਨਹੀਂ ਲੈਂਦਾ ਅਤੇ ਆਪਣੀਆਂ ਅੱਖਾਂ ਦੇ ਸਾਮ੍ਹਣੇ ਛੋਟੇ ਛੋਟੇ ਬੱਚਿਆਂ ਨੂੰ ਮਜਦੂਰੀ ਕਰਦਿਆਂ ਵੇਖ ਕੇ ਵੀ ਸਾਨੂੰ ਇਹਨਾਂ ਬੱਚਿਆਂ ਦੀ ਹਾਲਤ ਤੇ ਤਰਸ ਨਹੀਂ ਆਉਂਦਾ। ਛੋਟੀ ਉਮਰੇ ਬਾਲ ਮਜਦੂਰੀ ਦੇ ਜਾਲ ਵਿੱਚ ਫਸੇ ਇਹਨਾਂ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤੇ ਜਾਣ ਦੀਆਂ ਦੀਆਂ ਸ਼ਿਕਾਇਤਾਂ ਵੀ ਅਕਸਰ ਸਾਮ੍ਹਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਬੱਚਿਆਂ ਨੂੰ ਸਮੇਂ ਸਮੇਂ ਤੇ ਆਪਣੇ ਮਾਲਕਾਂ ਦੀਆਂ ਗਾਲ੍ਹਾਂ ਅਤੇ ਮਾਰ ਕੁਟਾਈ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ।

ਇਹ ਵੀ ਕੌੜੀ ਹਕੀਕਤ ਹੈ ਕਿ ਬਾਲ ਮਜਦੂਰੀ ਦੇ ਜਾਲ ਵਿੱਚ ਫਸੇ ਇਹਨਾਂ ਬੱਚਿਆਂ ਵਿੱਚੋਂ ਜਿਆਦਾਤਰ ਦੀ ਇਸ ਹਾਲਤ ਲਈ ਸਭ ਤੋਂ ਵੱਧ ਇਹਨਾਂ ਦੇ ਖੁਦ ਦੇ ਮਾਪੇ ਹੀ ਜਿੰਮੇਵਾਰ ਹੁੰਦੇ ਹਨ ਜਿਹੜੇ ਨਾ ਸਿਰਫ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਮਜਦੂਰੀ ਕਰਨ ਭੇਜਦੇ ਹਨ ਬਲਕਿ ਇਹਨਾਂ ਬੱਚਿਆਂ ਦੀ ਸਖਤ ਮਿਹਨਤ ਨਾਲ ਕਮਾਈ ਜਾਣ ਵਾਲੀ ਰਕਮ ਵੀ ਖੁਦ ਹੀ ਵਸੂਲਦੇ ਹਨ। ਬਾਲ ਮਜਦੂਰੀ ਦੇ ਨਰਕ ਵਿੱਚ ਫਸੇ ਇਹਨਾਂ ਬੱਚਿਆਂ ਦੀ ਇਸ ਹਾਲਤ ਲਈ ਅਸੀਂ (ਸਮਾਜ) ਵੀ ਪੂਰੀ ਤਰ੍ਹਾਂ ਜਿੰਮੇਵਾਰ ਹਾਂ ਕਿਉਂਕਿ ਅਸੀਂ ਸਾਰੇ ਹੀ ਇਹਨਾਂ ਬੱਚਿਆਂ ਦੀ ਇਸ ਹਾਲਤ ਨੂੰ ਦੇਖ ਕੇ ਨਾ ਸਿਰਫ ਅਣਦੇਖਿਆ ਕਰ ਦਿੰਦੇ ਹਾਂ ਬਲਕਿ ਮੌਕਾ ਆਉਣ ਤੇ ਅਸੀਂ ਖੁਦ ਹੀ ਆਪਣੇ ਘਰੇਲੂ ਕੰਮਾਂ ਲਈ ਅਜਿਹੇ ਕਿਸੇ ਛੋਟੇ ਬੱਚੇ ਤੋਂ ਕੰਮ ਕਰਵਾਉਣ ਲਈ ਤਿਆਰ ਹੋ ਜਾਂਦੇ ਹਾਂ।

ਇਸ ਸਮੱਸਿਆ ਤੇ ਕਾਬੂ ਪਾਉਣਾ ਸਿਰਫ ਸਰਕਾਰ ਦੇ ਵਸ ਵਿੱਚ ਨਹੀਂ ਹੈ ਅਤੇ ਇਸਤੇ ਮੁਕੰਮਲ ਰੋਕ ਤਾਂ ਹੀ ਲੱਗ ਸਕਦੀ ਹੈ ਜੇਕਰ ਦੇਸ਼ ਦਾ ਹਰ ਨਾਗਰਿਕ ਇਸ ਦੇ ਖਿਲਾਫ ਆਵਾਜ ਬੁਲੰਦ ਕਰੇ ਜਿਸ ਨਾਲ ਪ੍ਰਸ਼ਾਸ਼ਨ ਅਜਿਹੇ ਵਿਅਕਤੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋ ਜਾਵੇ ਜਿਹੜੇ ਇਹਨਾਂ ਬੱਚਿਆਂ ਦੀ ਇਸ ਤਰਸਯੋਗ ਹਾਲਤ ਲਈ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹਨ। ਬਾਲ ਮਜਦੂਰੀ ਦੇ ਇਸ ਕੋਹੜ ਦਾ ਖਾਤਮਾ ਕਰਨ ਲਈ ਜਿੱਥੇ ਸਰਕਾਰ ਵਲੋਂ ਇਹਨਾਂ ਦੀ ਭਲਾਈ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ ਉੱਥੇ ਸਮਾਜਸੇਵੀ ਜਥੇਬੰਦੀਆਂ ਨੂੰ ਵੀ ਅਜਿਹੇ ਬੱਚਿਆਂ ਦੀ ਪੜ੍ਹਾਈ ਲਿਖਾਈ ਅਤੇ ਰਹਿਣ-ਸਹਿਣ ਦੀ ਜਿੰਮੇਵਾਰੀ ਉਠਾਉਣ ਲਈ ਅੱਗੇ ਆਉਣਾ ਚਾਹੀਦਾ ਹੈ, ਜਿਨ੍ਹਾਂ ਨੂੰ ਜਨਮ ਦੇਣ ਵਾਲੇ ਮਾਂ-ਬਾਪ ਆਪਣੀ ਗਰੀਬੀ ਦੇ ਕਾਰਨ ਬੱਚਿਆਂ ਨੂੰ ਬਾਲ ਮਜਦੂਰ ਬਣਾ ਦਿੰਦੇ ਹਨ। ਇਹ ਬੱਚੇ ਹੀ ਆਉਣ ਵਾਲੇ ਕੱਲ ਦਾ ਭਵਿੱਖ ਹਨ ਅਤੇ ਸਮਾਜ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਬੱਚਿਆਂ ਨੂੰ ਸਨਮਾਨਜਨਕ ਜਿੰਦਗੀ ਜੀਣ ਦਾ ਆਧਾਰ ਮੁਹਈਆ ਕਰਵਾਏ ਪਰੰਤੂ ਤਾਂ ਜੋ ਉਹਨਾਂ ਨੂੰ ਬਾਲ ਮਜ਼ਦੂਰੀ ਦੇ ਇਸ ਜਾਲ ਤੋਂ ਬਾਹਰ ਕੱਢਿਆ ਜਾ ਸਕੇ।

Continue Reading

Editorial

ਬਰਸਾਤੀ ਪਾਣੀ ਨੂੰ ਧਰਤੀ ਹੇਠਾਂ ਭੇਜਣ ਸੰਬੰਧੀ ਪਿੰਡ ਖੋਸਾ ਜਲਾਲ ਦਾ ਤਰੀਕਾ ਪੂਰੇ ਪੰਜਾਬ ਵਿੱਚ ਅਪਨਾਉਣ ਦੀ ਲੋੜ

Published

on

By

 

 

ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਪਿੰਡ ਖੋਸਾ ਜਲਾਲ ਅੱਜ ਕੱਲ੍ਹ ਸੁਰਖੀਆਂ ਵਿੱਚ ਛਾਇਆ ਹੋਇਆ ਹੈ, ਇਸ ਦਾ ਕਾਰਨ ਇਹ ਹੈ ਕਿ ਇਸ ਪਿੰਡ ਦੇ ਵਸਨੀਕਾਂ ਵੱਲੋਂ ਬਰਸਾਤੀ ਪਾਣੀ ਨੂੰ ਫਿਲਟਰ ਕਰ ਕੇ ਪਾਈਪਾਂ ਰਾਹੀਂ ਧਰਤੀ ਹੇਠ ਭੇਜਿਆ ਜਾ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਗੁਰਦੁਆਰਾ ਸਾਹਿਬ ਦੇ ਸੰਤ ਗੁਰਮੀਤ ਸਿੰਘ ਖੋਸਾ ਪਾਂਡੋ ਵੱਲੋਂ ਇਹ ਅਨੌਖੀ ਪਹਿਲ ਕੀਤੀ ਗਈ ਹੈ।

ਪਿੰਡ ਦੇ ਘਰਾਂ ਤੋਂ ਇਲਾਵਾ ਸਕੂਲ, ਗੁਰਦੁਆਰਾ ਸਾਹਿਬ ਵਿੱਚ ਵੀ ਫਿਲਟਰ ਲਗਾਏ ਗਏ ਹਨ। ਮੀਂਹ ਦੇ ਪਾਣੀ ਨੂੰ ਸੰਭਾਲ ਕੇ ਧਰਤੀ ਹੇਠ ਪਹੁੰਚਾਉਣ ਦੇ ਕੰਮ ਲਈ ਪਿੰਡ ਵਿੱਚ ਵਿਸ਼ੇਸ਼ ਜਲ ਸੰਭਾਲ ਪ੍ਰਣਾਲੀ ਤਿਆਰ ਕੀਤੀ ਗਈ ਹੈ, ਜਿਸ ਰਾਹੀਂ ਮੀਂਹ ਦਾ ਪਾਣੀ, ਜੋ ਫਾਲਤੂ ਵਹਿੰਦਾ ਹੈ, ਉਸ ਪਾਣੀ ਨੂੰ ਧਰਤੀ ਹੇਠ ਇਕੱਠਾ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਿੰਡ ਦੇ ਵੱਡੀ ਗਿਣਤੀ ਘਰਾਂ ਦੀਆਂ ਛੱਤਾਂ ਤੋਂ ਬਰਸਾਤ ਦੇ ਪਾਣੀ ਨੂੰ ਪਾਈਪਾਂ ਰਾਹੀਂ ਧਰਤੀ ਹੇਠਾਂ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹਨਾਂ ਪਾਈਪਾਂ ਤੇ ਫਿਲਟਰ ਵੀ ਲਗਾਏ ਗਏ ਹਨ ਤਾਂ ਕਿ ਬਰਸਾਤ ਦਾ ਪਾਣੀ ਫਿਲਟਰ ਹੋ ਕੇ ਧਰਤੀ ਹੇਠਾਂ ਜਾ ਸਕੇ।

ਪਿੰਡ ਵਾਸੀਆਂ ਅਨੁਸਾਰ ਇਸ ਕੰਮ ਵਿੱਚ ਸੰਤ ਗੁਰਮੀਤ ਸਿੰਘ ਤੋਂ ਇਲਾਵਾ ਐਨ. ਆਰ. ਆਈ. ਪੰਜਾਬੀਆਂ ਵੱਲੋਂ ਵੀ ਸਹਿਯੋਗ ਦਿਤਾ ਜਾ ਰਿਹਾ ਹੈ ਅਤੇ ਇਸ ਸਮੇਂ ਪੂਰੇ ਪਿੰਡ ਵਾਸੀ ਬਰਸਾਤ ਦੇ ਪਾਣੀ ਨੂੰ ਧਰਤੀ ਹੇਠਾਂ ਭੇਜਣ ਦੀ ਇਸ ਤਕਨੀਕ ਨੂੰ ਅਪਨਾਅ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਬਰਸਾਤ ਦਾ ਪਾਣੀ ਧਰਤੀ ਵਿੱਚ ਭੇਜਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਵੇਗਾ।

ਇਸ ਤੱਥ ਤੋਂ ਤਾਂ ਅਸੀਂ ਸਾਰੇ ਹੀ ਜਾਣੂ ਹਾਂ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਤਕ ਨੀਂਵਾਂ ਹੋ ਗਿਆ ਹੈ ਅਤੇ ਇਸਦੇ ਖਤਮ ਹੋਣ ਦਾ ਖਤਰਾ ਖੜਾ ਹੋ ਗਿਆ ਹੈ। ਪੰਜਾਬ ਦੇ ਵੱਡੀ ਗਿਣਤੀ ਬਲਾਕ ਡਾਰਕ ਜੋਨ ਵਿੱਚ ਆ ਚੁੱਕੇ ਹਨ।

ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਬਹੁਤ ਵਰਤਿਆ ਜਾਂਦਾ ਹੈ। ਖਾਸ ਕਰਕੇ ਝੋਨੇ ਦੇ ਸੀਜਨ ਵਿੱਚ ਕਿਸਾਨ ਨਹਿਰੀ ਪਾਣੀ ਦੀ ਥਾਂ ਟਿਊਬਵੈਲਾਂ ਰਾਹੀਂ ਧਰਤੀ ਹੇਠੋਂ ਪਾਣੀ ਕੱਢਦੇ ਹਨ। ਲੱਖਾਂ ਦੀ ਗਿਣਤੀ ਵਿੱਚ ਲਗਾਤਾਰ ਚਲਦੇ ਟਿਊਬਵੈਲਾਂ ਰਾਂਹੀ ਧਰਤੀ ਹੇਠੋਂ ਪਾਣੀ ਕੱਢੇ ਜਾਣ ਕਾਰਨ ਪੰਜਾਬ ਦੀ ਧਰਤੀ ਹੇਠਲਾ ਪਾਣੀ ਖਤਮ ਹੋਣ ਕੰਢੇ ਪਹੁੰਚ ਗਿਆ ਹੈ।

ਤਰਾਸਦੀ ਇਹ ਹੈ ਕਿ ਇਕ ਪਾਸੇ ਧਰਤੀ ਹੇਠਲਾ ਪਾਣੀ ਖਤਮ ਹੁੰਦਾ ਜਾ ਰਿਹਾ ਹੈ, ਦੂਜੇ ਪਾਸੇ ਹਰ ਸਾਲ ਹੀ ਪੰਜਾਬ ਵਿੱਚ ਬਰਸਾਤਾਂ ਵੇਲੇ ਹੜ੍ਹਾਂ ਵਾਲੀ ਸਥਿਤੀ ਹੋ ਜਾਂਦੀ ਹੈ। ਬਰਸਾਤਾਂ ਵੇਲੇ ਬਰਸਾਤੀ ਪਾਣੀ ਪੰਜਾਬ ਵਿੱਚ ਵੱਡੀ ਸਮੱਸਿਆ ਬਣ ਜਾਂਦਾ ਹੈ ਜਿਹੜਾ ਬਹੁਤ ਜਿਆਦਾ ਨੁਕਸਾਨ ਕਰਦਾ ਹੈ ਅਤੇ ਲਗਾਤਾਰ ਕਈ ਕਈ ਦਿਨ ਗਲੀਆਂ ਅਤੇ ਖਾਲੀ ਥਾਵਾਂ ਤੇ ਖੜਾ ਰਹਿੰਦਾ ਹੈ।

ਪੰਜਾਬ ਵਿੱਚ ਲੰਬੇ ਸਮੇਂ ਤੋਂ ਬਰਸਾਤੀ ਪਾਣੀ ਦੀ ਸੰਭਾਲ ਕਰਨ ਦੀ ਗੱਲ ਤੁਰਦੀ ਰਹੀ ਹੈ ਅਤੇ ਇਸ ਸਬੰਧੀ ਕਈ ਸੰਸਥਾਵਾਂ ਵੱਲੋਂ ਸਰਕਾਰ ਤੋਂ ਮੰਗ ਵੀ ਕੀਤੀ ਜਾਂਦੀ ਰਹੀ ਹੈ ਪਰੰਤੂ ਹੁਣ ਤਕ ਵਿਅਰਥ ਜਾਂਦੇ ਬਰਸਾਤੀ ਪਾਣੀ ਦੀ ਸੰਭਾਲ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ ਹੈ। ਹੁਣ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਜਲਾਲ ਨੇ ਬਰਸਾਤੀ ਪਾਣੀ ਦੀ ਸੰਭਾਲ ਅਤੇ ਇਸ ਨੂੰ ਧਰਤੀ ਹੇਠਾਂ ਭੇਜਣਾ ਸ਼ੁਰੂ ਕਰਕੇ ਨਵੀਂ ਪਹਿਲ ਕੀਤੀ ਹੈ।

ਚਾਹੀਦਾ ਤਾਂ ਇਹ ਹੈ ਕਿ ਪੂਰੇ ਪੰਜਾਬ ਵਿੱਚ ਹੀ ਬਰਸਾਤੀ ਪਾਣੀ ਨੂੰ ਧਰਤੀ ਹੇਠਾਂ ਭੇਜਣ ਲਈ ਅਜਿਹੀ ਹੀ ਤਕਨੀਕ ਅਪਨਾਈ ਜਾਵੇ ਤਾਂ ਕਿ ਪੰਜਾਬ ਵਿੱਚ ਸਮੱਸਿਆ ਬਣਦਾ ਬਰਸਾਤੀ ਪਾਣੀ ਧਰਤੀ ਹੇਠਾਂ ਭੇਜਿਆ ਜਾ ਸਕੇ। ਪਿੰਡ ਖੋਸਾ ਜਲਾਲ ਦੀ ਇਸ ਤਕਨੀਕ ਨੂੰ ਅਪਨਾਉਣ ਲਈ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਪਿੰਡ ਖੋਸਾ ਜਲਾਲ ਦੇ ਵਸਨੀਕਾਂ ਤੋਂ ਇਸ ਤਕਨੀਕ ਦੀ ਜਾਣਕਾਰੀ ਲੈ ਕੇ ਅਜਿਹਾ ਸਿਸਟਮ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਕਰਨਾ ਚਾਹੀਦਾ ਹੈ। ਇਸ ਕੰਮ ਲਈ ਸਰਕਾਰ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਪੂਰੇ ਪੰਜਾਬ ਵਿੱਚ ਹੀ ਬਰਸਾਤੀ ਪਾਣੀ ਦੀ ਸੰਭਾਲ ਕਰਕੇ ਉਸ ਨੂੰ ਧਰਤੀ ਹੇਠਾਂ ਭੇਜਿਆ ਜਾ ਸਕੇ ਤਾਂ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਆਵੇ।

ਪੰਜਾਬ ਵਿੱਚ ਸੰਤਾਂ ਤੇ ਸਾਧੂਆਂ ਦੇ ਡੇਰਿਆਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਉਹਨਾਂ ਸੰਤਾਂ ਨੂੰ ਵੀ ਸੰਤ ਗੁਰਮੀਤ ਸਿੰਘ ਤੋਂ ਪ੍ਰੇਰਨਾ ਲੈਂਦਿਆਂ ਆਪੋ ਆਪਣੇ ਇਲਾਕੇ ਵਿੱਚ ਬਰਸਾਤੀ ਪਾਣੀ ਦੀ ਸੰਭਾਲ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਨ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਧਰਮ ਪ੍ਰਚਾਰ ਦੇ ਨਾਲ ਹੀ ਪਾਣੀ ਬਚਾਓ ਤੇ ਬਰਸਾਤੀ ਪਾਣੀ ਸੰਭਾਲ ਲਹਿਰ ਚਲਾਉਣੀ ਚਾਹੀਦੀ ਹੈ। ਸੰਤਾਂ ਅਤੇ ਸਾਧੂਆਂ ਦੀ ਗੱਲ ਲੋਕ ਬਹੁਤ ਛੇਤੀ ਮੰਨ ਲੈਂਦੇ ਹਨ। ਇਸ ਤਰ੍ਹਾਂ ਪੰਜਾਬ ਦੇ ਸਾਧੂ ਸੰਤ ਪੰਜਾਬ ਵਿੱਚ ਪਾਣੀ ਬਚਾਓ ਤੇ ਬਰਸਾਤੀ ਪਾਣੀ ਸੰਭਾਲਣ ਦੀ ਨਵੀਂ ਲਹਿਰ ਸ਼ੁਰੂ ਕਰ ਸਕਦੇ ਹਨ।

ਬਿਊਰੋ

Continue Reading

Editorial

ਪੰਜਾਬ ਵਿੱਚ ਵੀ ਇੰਦੌਰ ਵਰਗਾ ਕਾਨੂੰਨ ਲਾਗੂ ਕਰਕੇ ਦੂਰ ਕੀਤੀ ਜਾ ਸਕਦੀ ਹੈ ਮੰਗਤਿਆਂ ਦੀ ਸਮੱਸਿਆ

Published

on

By

 

 

ਮੱਧ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਇੰਦੌਰ ਵਿੱਚ 1 ਜਨਵਰੀ 2025 ਤੋਂ ਭੀਖ ਮੰਗਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਇੰਦੌਰ ਵਿੱਚ ਜੇਕਰ ਕੋਈ ਵਿਅਕਤੀ ਕਿਸੇ ਨੂੰ ਦਾਨ ਜਾਂ ਭੀਖ ਦਿੰਦੇ ਹੋਏ ਫੜਿਆ ਜਾਂਦਾ ਹੈ ਤਾਂ ਭੀਖ ਜਾਂ ਦਾਨ ਦੇਣ ਵਾਲਿਆਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਅਜਿਹਾ ਕਰਕੇ ਇੰਦੌਰ ਨੂੰ ਪੂਰੀ ਤਰ੍ਹਾਂ ਭਿਖਾਰੀ ਮੁਕਤ ਸ਼ਹਿਰ ਬਣਾਉਣ ਦੇ ਯਤਨ ਹੋ ਰਹੇ ਹਨ।

ਇੰਦੌਰ ਤੋਂ ਬਾਅਦ ਭੂਪਾਲ ਵਿੱਚ ਵੀ ਅਜਿਹਾ ਹੀ ਕਾਨੂੰਨ ਲਾਗੂ ਕੀਤੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ ਤਾਂ ਕਿ ਭੂਪਾਲ ਨੂੰ ਵੀ ਮੰਗਤੇ ਅਤੇ ਭਿਖਾਰੀ ਮੁਕਤ ਸ਼ਹਿਰ ਬਣਾਇਆ ਜਾ ਸਕੇ। ਇਹ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਭੀਖ ਮੰਗਣ ਵਾਲਿਆਂ ਦੇ ਨਾਲ ਹੀ ਭੀਖ ਦੇਣ ਵਾਲਿਆਂ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਮੰਗਤਿਆਂ ਅਤੇ ਭੀਖ ਮੰਗਣ ਵਾਲਿਆਂ ਤੋਂ ਛੁਟਕਾਰਾ ਹੋ ਸਕੇ।

ਮੌਜੂਦਾ ਹਾਲਾਤ ਇਹ ਹਨ ਕਿ ਮੰਗਤੇ ਪੰਜਾਬ ਵਿੱਚ ਗੰਭੀਰ ਸਮੱਸਿਆ ਬਣਦੇ ਜਾ ਰਹੇ ਹਨ। ਪੰਜਾਬ ਦੇ ਹਰ ਇਲਾਕੇ ਵਿੱਚ ਹੀ ਮੰਗਤਿਆਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋ ਗਿਆ ਹੈ ਅਤੇ ਪੰਜਾਬ ਦੇ ਹਰ ਇਲਾਕੇ ਵਿੱਚ ਭੀਖ ਮੰਗਣ ਵਾਲੇ ਮੰਗਤਿਆਂ ਦੀ ਭਰਮਾਰ ਹੋ ਗਈ ਹੈ, ਜੋ ਕਿ ਸਮਾਜ ਲਈ ਇੱਕ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ।

ਵੱਖ- ਵੱਖ ਧਾਰਮਿਕ ਸਥਾਨਾਂ ਦੇ ਆਲ਼ੇ ਦੁਆਲ਼ੇ ਵੀ ਮੰਗਤੇ ਬਹੁਗਿਣਤੀ ਵਿੱਚ ਮੌਜੂਦ ਹੁੰਦੇ ਹਨ, ਜੋ ਕਿ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਆਏ ਸ਼ਰਧਾਲੂਆਂ ਤੋਂ ਪੈਸੇ ਮੰਗਦੇ ਹਨ। ਪੈਸਿਆਂ ਤੋਂ ਇਲਾਵਾ ਇਹ ਮੰਗਤੇ ਲੋਕਾਂ ਤੋਂ ਕੱਪੜੇ ਅਤੇ ਖਾਣ ਪੀਣ ਦਾ ਸਮਾਨ ਵੀ ਮੰਗਦੇ ਹਨ। ਇਸੇ ਤਰ੍ਹਾਂ ਪੰਜਾਬ ਦੇ ਸਾਰੇ ਸ਼ਹਿਰਾਂ ਦੀਆਂ ਮਾਰਕੀਟਾਂ ਵਿੱਚ ਵੀ ਮੰਗਤਿਆਂ ਦੀ ਭਰਮਾਰ ਹੁੰਦੀ ਹੈ, ਜਿਨ੍ਹਾਂ ਵਿੱਚ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਲ ਹੁੰਦੇ ਹਨ। ਇਹ ਮੰਗਤੇ ਮਾਰਕੀਟ ਵਿੱਚ ਖਰੀਦਦਾਰੀ ਕਰਨ ਆਏ ਲੋਕਾਂ ਤੋਂ ਓਨੀ ਦੇਰ ਤੱਕ ਭੀਖ ਮੰਗਦੇ ਰਹਿੰਦੇ ਹਨ, ਜਿੰਨੀ ਦੇਰ ਤੱਕ ਲੋਕ ਇਹਨਾਂ ਨੂੰ ਪੈਸੇ ਨਹੀਂ ਦਿੰਦੇ। ਅਕਸਰ ਭੀਖ ਮੰਗਦੇ ਬੱਚੇ ਮਾਰਕੀਟਾਂ ਵਿੱਚ ਆਏ ਲੋਕਾਂ ਦੇ ਕੀਮਤੀ ਕਪੜਿਆਂ ਨੂੰ ਆਪਣੇ ਗੰਦੇ ਹੱਥ ਲਗਾ ਕੇ ਭੀਖ ਮੰਗਣ ਲੱਗ ਜਾਂਦੇ ਹਨ ਅਤੇ ਮਹਿੰਗੇ ਕਪੜਿਆਂ ਨੂੰ ਮੰਗਤਿਆਂ ਤੋਂ ਬਚਾਉਣ ਲਈ ਅਕਸਰ ਲੋਕ ਇਹਨਾਂ ਨੂੰ ਭੀਖ ਵਿੱਚ ਪੈਸੇ ਦੇ ਦਿੰਦੇ ਹਨ।

ਇਸ ਤੋਂ ਇਲਾਵਾ ਅਕਸਰ ਹੀ ਘਰਾਂ ਵਿੱਚ ਜਾ ਕੇ ਕਿਸੇ ਨਾ ਕਿਸੇ ਪਿੰਗਲਵਾੜੇ ਜਾਂ ਹੋਰ ਸੰਸਥਾ ਦੇ ਨਾਮ ਤੇ ਕੁਝ ਲੋਕ ਭੀਖ ਮੰਗਦੇ ਹਨ। ਜਦੋਂ ਕਿ ਪਿੰਗਲਵਾੜੇ ਅਤੇ ਹੋਰ ਸੰਸਥਾਵਾਂ ਦੇ ਪ੍ਰਬੰਧਕ ਕਈ ਵਾਰ ਸਪਸ਼ਟ ਕਰ ਚੁੱਕੇ ਹਨ ਕਿ ਉਹਨਾਂ ਦਾ ਕੋਈ ਵੀ ਵਿਅਕਤੀ ਕਿਸੇ ਦੇ ਘਰ ਦਾਨ ਮੰਗਣ ਜਾਂ ਭੀਖ ਮੰਗਣ ਨਹੀਂ ਜਾਂਦਾ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਭੀਖ ਮੰਗਣ ਵਾਲੇ ਮੰਗਤਿਆਂ ਵਿੱਚ ਜ਼ਿਆਦਾਤਰ ਦੂਜੇ ਰਾਜਾਂ ਤੋਂ ਆਏ ਹੋਏ ਪਰਵਾਸੀ ਲੋਕ ਹਨ।

2011 ਦੀ ਜਨਗਣਨਾ ਦੇ ਅਨੁਸਾਰ, ਭਾਰਤ ਵਿੱਚ 3.72 ਲੱਖ ਤੋਂ ਵੱਧ ਮੰਗਤੇ ਹਨ। ਇਨ੍ਹਾਂ ਵਿੱਚੋਂ 1.97 ਲੱਖ ਪੁਰਸ਼ ਅਤੇ 1.74 ਲੱਖ ਔਰਤਾਂ ਹਨ। ਇਨ੍ਹਾਂ ਵਿੱਚੋਂ 55 ਹਜ਼ਾਰ ਤੋਂ ਵੱਧ ਲੋਕ ਭੀਖ ਮੰਗਦੇ ਹਨ ਜਿਨ੍ਹਾਂ ਦੀ ਉਮਰ 19 ਸਾਲ ਤੋਂ ਘੱਟ ਹੈ। ਲਗਭਗ 1.43 ਲੱਖ ਤੋਂ ਵੱਧ ਮੰਗਤੇ ਅਜਿਹੇ ਹਨ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ।

ਇੱਕ ਰਿਪੋਰਟ ਅਨੁਸਾਰ ਪੱਛਮੀ ਬੰਗਾਲ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਮੰਗਤੇ ਹਨ ਜਿੱਥੇ ਮੰਗਤਿਆਂ ਦੀ ਗਿਣਤੀ 81,244 ਹੈ। ਉੱਤਰ ਪ੍ਰਦੇਸ਼ ਦੂਜੇ ਸਥਾਨ ਤੇ ਹੈ ਜਿੱਥੇ 65,835 ਮੰਗਤੇ ਹਨ। ਇਨ੍ਹਾਂ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿੱਚ 30 ਹਜ਼ਾਰ 218, ਬਿਹਾਰ ਵਿੱਚ 29 ਹਜ਼ਾਰ 723, ਮੱਧ ਪ੍ਰਦੇਸ਼ ਵਿੱਚ 28 ਹਜ਼ਾਰ 695 ਅਤੇ ਰਾਜਸਥਾਨ ਵਿੱਚ 25 ਹਜ਼ਾਰ 853 ਮੰਗਤੇ ਹਨ। ਰਾਜਧਾਨੀ ਦਿੱਲੀ ਵਿੱਚ ਮੰਗਤਿਆਂ ਦੀ ਗਿਣਤੀ 2,187 ਹੈ। 2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿੱਚ 3.72 ਲੱਖ ਤੋਂ ਵੱਧ ਮੰਗਤਿਆਂ ਵਿੱਚੋਂ 2.92 ਲੱਖ ਅਨਪੜ੍ਹ ਹਨ। ਇਸ ਦੇ ਨਾਲ ਹੀ, ਤਿੰਨ ਹਜ਼ਾਰ ਤੋਂ ਵੱਧ ਮੰਗਤੇ ਹਨ ਜਿਨ੍ਹਾਂ ਕੋਲ ਕੋਈ ਨਾ ਕੋਈ ਡਿਪਲੋਮਾ ਜਾਂ ਡਿਗਰੀ ਹੈ।

ਪੰਜਾਬ ਵਿੱਚ ਮੰਗਤੇ ਗੰਭੀਰ ਸਮੱਸਿਆ ਬਣਦੇ ਜਾ ਰਹੇ ਹਨ। ਇਸ ਲਈ ਪੰਜਾਬ ਵਿੱਚ ਵੀ ਇੰਦੌਰ ਵਰਗਾ ਕਾਨੂੰਨ ਲਾਗੂ ਕਰਕੇ ਭੀਖ ਮੰਗਣ ਅਤੇ ਭੀਖ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਨਾ ਤਾਂ ਕੋਈ ਭੀਖ ਮੰਗ ਸਕੇ ਅਤੇ ਨਾ ਹੀ ਕੋਈ ਵਿਅਕਤੀ ਕਿਸੇ ਮੰਗਤੇ ਨੂੰ ਭੀਖ ਦੇ ਸਕੇ।

ਬਿਊਰੋ

Continue Reading

Latest News

Trending