Punjab
ਪੰਜਾਬ ਦੀ ਰੇਚਲ ਗੁਪਤਾ ਨੇ ਜਿੱਤਿਆ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਤਾਜ
ਜਲੰਧਰ, 26 ਅਕਤੂਬਰ (ਸ.ਬ.) ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਰੇਚਲ ਗੁਪਤਾ ਨੇ ਅੱਜ ਥਾਈਲੈਂਡ ਦੇ ਬੈਂਕਾਕ ਵਿੱਚ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਪੇਰੂ ਦੀ ਲੂਸੀਆਨਾ ਫੁਸਟਰ ਨੇ ਐਮਜੀਆਈ ਹਾਲ ਵਿੱਚ ਵਿਸ਼ਵ ਫਾਈਨਲ ਦੌਰਾਨ ਭਾਰਤੀ ਮਹਿਲਾ ਰੇਚਲ ਗੁਪਤਾ ਨੂੰ ਤਾਜ ਪਹਿਨਾਇਆ।
ਰੇਚਲ ਭਾਰਤ ਲਈ ਇਹ ਖਿਤਾਬ ਲਿਆਉਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਇਸ ਪ੍ਰੋਗਰਾਮ ਵਿੱਚ ਫਿਲੀਪੀਨਜ਼ ਦੀ ਕ੍ਰਿਸਟੀਨ ਜੂਲੀਅਨ ਓਪੀਜਾ ਪਹਿਲੀ ਰਨਰ-ਅੱਪ ਰਹੀ। ਉਸ ਤੋਂ ਬਾਅਦ ਮਿਆਂਮਾਰ ਦੀ ਥਾਈ ਸੂ ਨਈਨ, ਫਰਾਂਸ ਦੀ ਸਫੀਤੋ ਕਾਬੇਂਗਲੇ ਅਤੇ ਬ੍ਰਾਜ਼ੀਲ ਦੀ ਤਾਲਿਤਾ ਹਾਰਟਮੈਨ ਦਾ ਨੰਬਰ ਆਉਂਦਾ ਹੈ।
ਖਿਤਾਬ ਜਿੱਤਣ ਤੋਂ ਬਾਅਦ ਰੇਚਲ ਨੇ ਕਿਹਾ ਕਿ ਮੈਂ ਭਾਰਤ ਵਰਗੇ ਦੇਸ਼ ਤੋਂ ਆਈ ਹਾਂ, ਜਿੱਥੇ ਹਰ ਕਿਸੇ ਨੂੰ ਭੋਜਨ, ਪਾਣੀ, ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਨਹੀਂ ਹਨ ਅਤੇ ਇਹ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ਲਈ ਸੱਚ ਹੈ। ਇਹ ਸਮਾਂ ਆ ਗਿਆ ਹੈ ਕਿ ਅਸੀਂ ਇੱਕ ਦੂਜੇ ਨਾਲ ਲੜਨਾ ਬੰਦ ਕਰੀਏ ਅਤੇ ਇੱਕ ਦੂਜੇ ਦਾ ਆਦਰ ਕਰਨਾ ਸ਼ੁਰੂ ਕਰੀਏ ਅਤੇ ਇਹ ਸੁਨਿਸ਼ਚਿਤ ਕਰੀਏ ਕਿ ਇਸ ਧਰਤੀ ਤੇ ਹਰੇਕ ਲਈ ਲੋੜੀਂਦੇ ਸਰੋਤ ਹਨ। ਅੰਤ ਵਿੱਚ ਰੇਚਲ ਨੇ ਮੀਡੀਆ ਦਾ ਧੰਨਵਾਦ ਕੀਤਾ।
Chandigarh
ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ ਮੋਦੀ : ਭਗਵੰਤ ਸਿੰਘ ਮਾਨ
ਹੈਂਕੜਬਾਜ਼ੀ ਛੱਡ ਕੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਖੋਲ੍ਹਣ ਦੀ ਦਿੱਤੀ ਨਸੀਹਤ
ਚੰਡੀਗੜ੍ਹ, 24 ਦਸੰਬਰ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਇਲਜਾਮ ਲਗਾਇਆ ਕਿ ਉਹ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਹੱਕੀ ਮੰਗਾਂ ਰੱਖਣ ਲਈ ਮੌਕਾ ਤਕ ਦੇਣ ਤੋਂ ਇਨਕਾਰੀ ਹੈ।
ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕੀਤਾ ਕਿ ਆਪੂੰ ਬਣੇ ‘ਗਲੋਬਲ ਲੀਡਰ’ ਨਰਿੰਦਰ ਮੋਦੀ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਦਖਲਅੰਦਾਜ਼ੀ ਦੇਣ ਲਈ ਜ਼ਿਆਦਾ ਤਤਪਰ ਹਨ ਪਰ ਦੇਸ਼ ਦੇ ਅੰਨਦਾਤਿਆਂ ਪ੍ਰਤੀ ਪ੍ਰਧਾਨ ਮੰਤਰੀ ਦਾ ਰਵੱਈਆ ਬੇਗਾਨਗੀ ਵਾਲਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੀ ਹੈ ਜੋ ਕਿ ਅਤਿ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਦੇਸ਼ ਅਨਾਜ ਉਤਪਾਦਨ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਤਾਂ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਕੌਮੀ ਅੰਨ ਭੰਡਾਰ ਭਰਨ ਲਈ ਬੇਸ਼ਕੀਮਤੀ ਕੁਦਰਤੀ ਵਸੀਲੇ ਜਰਖੇਜ਼ ਮਿੱਟੀ ਅਤੇ ਪਾਣੀ ਨੂੰ ਦਾਅ ਉਤੇ ਲਾ ਦਿੱਤਾ। ਉਹਨਾਂ ਕਿਹਾ ਕਿ ਕਿਸਾਨਾਂ ਦੇ ਵੱਡੇ ਯੋਗਦਾਨ ਦੇ ਬਾਵਜੂਦ ਕੇਂਦਰ ਸਰਕਾਰ ਨੇ ਉਨ੍ਹਾਂ ਪ੍ਰਤੀ ਵਿਰੋਧੀ ਰਵੱਈਆ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਕੌਮੀ ਰਾਜਧਾਨੀ ਤੋਂ 200 ਕਿਲੋਮੀਟਰ ਦੂਰ ਬੈਠੇ ਕਿਸਾਨਾਂ ਨਾਲ ਗੱਲ ਸੁਣਨ ਲਈ ਵੀ ਤਿਆਰ ਨਹੀਂ।
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਆਪਣਾ ਹੰਕਾਰੀ ਰਵੱਈਆ ਛੱਡਣ ਅਤੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਖੋਲ੍ਹਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਸੇ ਵਿਸ਼ੇਸ਼ ਮੌਕੇ ਦੀ ਉਡੀਕ ਨਹੀਂ ਕਰਨੀ ਚਾਹੀਦੀ, ਬਲਕਿ ਪਹਿਲ ਦੇ ਆਧਾਰ ਉਤੇ ਕਿਸਾਨਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨਾ ਚਾਹੀਦਾ ਹੈ।
Mohali
ਸਿਪਾਹੀ ਅਤੇ ਐਸ.ਪੀ.ਓ ਨੂੰ ਅਗਵਾ ਕਰਕੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਵਾਲੇ ਤਤਕਾਲੀ ਐਸ.ਐਚ.ਓ ਸਮੇਤ 3 ਪੁਲੀਸ ਵਾਲਿਆਂ ਨੂੰ ਉਮਰ ਕੈਦ, 7 ਲੱਖ 50 ਹਜਾਰ ਜੁਰਮਾਨਾ
ਐਸ ਏ ਐਸ ਨਗਰ, 24 ਦਸੰਬਰ (ਜਸਬੀਰ ਸਿੰਘ ਜੱਸੀ) ਕਰੀਬ 32 ਸਾਲ ਪੁਰਾਣੇ ਇਕ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਅਗਵਾ ਕਰਕੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਅਤੇ ਲਾਸ਼ਾਂ ਨੂੰ ਅਣਪਛਾਤੇ ਦੱਸ ਕੇ ਸੰਸਕਾਰ ਕਰਨ ਦੇ ਮਾਮਲੇ ਵਿੱਚ ਸੀ. ਬੀ. ਆਈ. ਦੇ ਸਪੈਸ਼ਲ ਜੱਜ ਰਾਕੇਸ਼ ਗੁਪਤਾ ਦੀ ਅਦਾਲਤ ਵਲੋਂ ਉਸ ਸਮੇਂ ਦੇ ਥਾਣਾ ਸਿਟੀ ਤਰਨਤਾਰਨ ਦੇ ਇੰਚਾਰਜ ਰਹੇ ਗੁਰਬਚਨ ਸਿੰਘ ਨੂੰ ਧਾਰਾ 302 ਵਿੱਚ ਉਮਰ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਧਾਰਾ 364 ਵਿੱਚ 7 ਸਾਲ ਕੈਦ ਅਤੇ 50 ਹਜਾਰ ਰੁਪਏ ਜੁਰਮਾਨਾ, ਧਾਰਾ 343 ਵਿੱਚ 2 ਸਾਲ ਦੀ ਕੈਦ ਅਤੇ 25 ਹਜਾਰ ਰੁਪਏ ਜੁਰਮਾਨਾ, ਧਾਰਾ 218 ਵਿੱਚ 2 ਸਾਲ ਦੀ ਕੈਦ ਅਤੇ 25 ਹਜਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਮਾਮਲੇ ਦੇ ਦੂਜੇ ਦੋਸ਼ੀ ਐਸ.ਆਈ ਰੇਸ਼ਮ ਸਿੰਘ ਨੂੰ ਧਾਰਾ 302 ਵਿੱਚ ਉਮਰ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਧਾਰਾ 120ਬੀ ਅਤੇ 218 ਵਿੱਚ 2 ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਤੀਜੇ ਦੋਸ਼ੀ ਅਤੇ ਏ.ਐਸ.ਆਈ ਹੰਸ ਰਾਜ ਨੂੰ ਧਾਰਾ 302 ਵਿੱਚ ਉਮਰ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਧਾਰਾ 120ਬੀ218 ਵਿੱਚ 2 ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਅਦਾਲਤ ਵਲੋਂ ਦਿੱਤੇ ਹੁਕਮਾਂ ਮੁਤਾਬਕ ਉਕਤ ਦੋਸ਼ੀਆਂ ਨੇ ਜੇਕਰ ਜੁਰਮਾਨਾ ਅਦਾ ਨਾ ਕੀਤਾ ਤਾਂ 3 ਸਾਲ ਦੀ ਕੈਦ ਹੋਰ ਕੱਟਣੀ ਪਵੇਗੀ। ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਮੁਲਜਮ ਪੁਲੀਸ ਕਰਮਚਾਰੀ ਅਰਜੁਨ ਸਿੰਘ ਦੀ ਦਸੰਬਰ 2021 ਵਿੱਚ ਮੌਤ ਹੋ ਗਈ ਸੀ।
ਪੀੜਤ ਦੇ ਵਕੀਲ ਸਰਬਜੀਤ ਸਿੰਘ ਵੇਰਕਾ, ਜਗਜੀਤ ਸਿੰਘ ਅਤੇ ਪੁਸ਼ਪਿੰਦਰ ਸਿੰਘ ਨੱਤ ਮੁਤਾਬਕ ਉਕਤ ਮਾਮਲੇ ਵਿੱਚ ਦੋਸ਼ੀਆਂ ਨੂੰ ਸਜਾ ਤੱਕ ਪਹੁੰਚਾਉਣ ਲਈ ਉਨਾਂ ਵਲੋਂ ਦਰਜ ਕੀਤੀ ਗਈ ਝੂਠੀ ਐਫ. ਆਈ. ਆਰ ਅਤੇ ਜਿਸ ਬਾਗ ਵਿੱਚ ਮੁਕਾਬਲਾ ਦਿਖਾਇਆ ਗਿਆ ਹੈ, ਵਿੱਚ ਕੰਮ ਕਰਦੇ ਦਿਹਾੜੀਦਾਰ ਦੇ ਬਿਆਨ, ਜਿਸ ਵਿੱਚ ਉਸ ਵਲੋਂ ਕਿਹਾ ਗਿਆ ਕਿ ਇਸ ਬਾਗ ਵਿੱਚ ਕੋਈ ਵੀ ਪੁਲੀਸ ਮੁਤਾਬਲਾ ਜਾਂ ਗੋਲੀਬਾਰੀ ਹੋਈ ਹੀ ਨਹੀਂ, ਉਲਟਾ ਉਸ ਦਿਨ ਉਕਤ ਦਿਹਾੜੀ ਦਾਰ ਦੀ ਲੜਕੀ ਨਾਲ ਇਕ ਥਾਣੇਦਾਰ ਮਹਿੰਗਾਰਾਮ ਵਲੋਂ ਜਬਰ ਜਿਨਾਹ ਕੀਤਾ ਗਿਆ ਅਤੇ ਇਸ ਜਬਰ ਜਿਨਾਹ ਦੇ ਦਰਜ ਮਾਮਲੇ ਵਿੱਚ ਉਕਤ ਪੁਲੀਸ ਵਾਲੇ ਨੂੰ ਸਜਾ ਵੀ ਹੋਈ ਸੀ। ਇਸ ਤੋਂ ਇਲਾਵਾ ਮ੍ਰਿਤਕਾਂ ਦੇ ਪੋਸਟਮਾਰਟਮ ਵਿੱਚ ਦੱਸਿਆ ਗਿਆ ਕਿ ਉਨਾਂ ਦੋਵਾਂ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਨਾਲ ਹੋਈ ਸੀ, ਜੋ ਕਿ ਦੋਸ਼ੀਆਂ ਦੇ ਵਿਰੁਧ ਇਕ ਅਹਿਮ ਸਬੂਤ ਸੀ।
ਮ੍ਰਿਤਕ ਗੁਰਨਾਮ ਸਿੰਘ ਉਰਫ ਪਾਲੀ ਪੰਜਾਬ ਪੁਲੀਸ ਵਿਚ ਸੀ. ਪੀ. ਓ ਸੀ ਅਤੇ ਅਗਵਾ ਕਰਨ ਤੋਂ ਪਹਿਲਾਂ ਵਾਲੀ ਰਾਤ ਉਹ ਡਿਊਟੀ ਤੋਂ ਘਰ ਆਇਆ ਸੀ। ਮ੍ਰਿਤਕ ਜਗਦੀਪ ਸਿੰਘ ਉਰਫ ਮੱਖਣ ਜਲੰਧਰ ਪੁਲੀਸ ਵਿੱਚ ਸਿਪਾਹੀ ਸੀ ਅਤੇ ਕੁਝ ਦਿਨਾਂ ਤੋਂ ਕਿਸੇ ਵਲੋਂ ਧਮਕੀ ਮਿਲਣ ਤੋਂ ਬਾਅਦ ਗੈਰਹਾਜਰ ਚੱਲ ਰਿਹਾ ਸੀ।
ਜਾਣਕਾਰੀ ਅਨੁਸਾਰ ਸੀ.ਬੀ.ਆਈ ਵਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ ਚਾਰਜਸ਼ੀਟ ਮੁਤਾਬਕ ਜਗਦੀਪ ਸਿੰਘ ਉਰਫ ਮੱਖਣ ਨੂੰ ਐਸ.ਐਚ.ਓ ਗੁਰਬਚਨ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਪਹਿਲਾਂ ਪੁਲੀਸ ਨੇ ਘਰ ਵਿੱਚ ਗੋਲੀ ਚਲਾਈ ਅਤੇ ਗੋਲੀ ਵੱਜਣ ਕਾਰਨ ਮੱਖਣ ਦੀ ਸੱਸ ਸਵਿੰਦਰ ਕੌਰ ਦੀ ਮੌਤ ਹੋ ਗਈ, ਇਹ ਘਟਨਾ 18.11.1992 ਦੀ ਹੈ। ਇਸੇ ਤਰ੍ਹਾਂ ਗੁਰਨਾਮ ਸਿੰਘ ਉਰਫ ਪਾਲੀ ਨੂੰ ਐਸ.ਐਚ.ਓ ਗੁਰਬਚਨ ਸਿੰਘ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ 21.11.1992 ਨੂੰ ਉਸਦੇ ਘਰੋਂ ਅਗਵਾ ਕਰ ਲਿਆ ਸੀ। ਗੁਰਨਾਮ ਸਿੰਘ ਉਰਫ ਪਾਲੀ ਅਤੇ ਜਗਦੀਪ ਸਿੰਘ ਉਰਫ ਮੱਖਣ ਨੂੰ 30.11.1992 ਨੂੰ ਗੁਰਬਚਨ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ ਅਤੇ ਇਸ ਸਬੰਧੀ ਪੰਜਾਬ ਪੁਲੀਸ ਨੇ ਵਲੋਂ ਦੱਸੀ ਕਹਾਣੀ ਮੁਤਾਬਕ ਐਸ.ਐਚ.ਓ ਗੁਰਬਚਨ ਸਿੰਘ ਸਮੇਤ ਹੋਰ ਦੋਸ਼ੀ ਵਿਅਕਤੀਆਂ ਅਤੇ ਪੁਲੀਸ ਅਧਿਕਾਰੀਆਂ ਨੇ 30.11.1992 ਦੀ ਸਵੇਰ ਨੂੰ ਗਸ਼ਤ ਕਰਦੇ ਸਮੇਂ ਇੱਕ ਨੌਜਵਾਨ ਨੂੰ ਇੱਕ ਗੱਡੀ ਵਿਚ ਘੁੰਮਦਾ ਦੇਖਿਆ ਅਤੇ ਨੂਰ ਦੀ ਅੱਡਾ, ਤਰਨਤਾਰਨ ਨੇੜੇ ਉਕਤ ਵਿਅਕਤੀ ਨੂੰ ਸ਼ੱਕੀ ਢੰਗ ਨਾਲ ਕਾਬੂ ਕੀਤਾ, ਜਿਸ ਨੇ ਆਪਣੀ ਪਛਾਣ ਗੁਰਨਾਮ ਸਿੰਘ ਉਰਫ ਪਾਲੀ ਵਜੋਂ ਦੱਸੀ ਅਤੇ ਪੁੱਛਗਿੱਛ ਦੌਰਾਨ ਉਸ ਨੇ ਰੇਲਵੇ ਰੋਡ, ਟੀਟੀ ਅਤੇ ਗੁਰਨਾਮ ਸਥਿਤ ਦਰਸ਼ਨ ਸਿੰਘ ਦੇ ਪ੍ਰੋਵੀਜ਼ਨ ਸਟੋਰ ਵਿਚ ਹੈਂਡ ਗ੍ਰੇਨੇਡ ਸੁੱਟਣ ਵਿਚ ਆਪਣੀ ਸ਼ਮੂਲੀਅਤ ਕਬੂਲ ਕੀਤੀ। ਗੁਰਨਾਮ ਸਿੰਘ ਪਾਲੀ ਨੂੰ ਬੇਹਲਾ ਬਾਗ ਵਿਚ ਕਥਿਤ ਤੌਰ ਤੇ ਛੁਪਾਏ ਗਏ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਲਈ ਲਿਜਾਇਆ ਗਿਆ ਤਾਂ ਬਾਗ ਦੇ ਅੰਦਰੋਂ ਖਾੜਕੂਆਂ ਨੇ ਪੁਲੀਸ ਪਾਰਟੀ ਤੇ ਗੋਲੀਬਾਰੀ ਕਰ ਦਿੱਤੀ ਅਤੇ ਪੁਲੀਸ ਫੋਰਸ ਨੇ ਸਵੈ ਰੱਖਿਆ ਵਿਚ ਜਵਾਬੀ ਕਾਰਵਾਈ ਕੀਤੀ ਅਤੇ ਗੁਰਨਾਮ ਸਿੰਘ ਉਰਫ ਪਾਲੀ ਬਚਣ ਦੀ ਨੀਅਤ ਨਾਲ ਆਉਣ ਵਾਲੀਆਂ ਗੋਲੀਆਂ ਦੀ ਦਿਸ਼ਾ ਵੱਲ ਭੱਜਿਆ ਪਰ ਕਰਾਸ ਫਾਇਰਿੰਗ ਵਿਚ ਮਾਰਿਆ ਗਿਆ। ਉਕਤ ਐਫ.ਆਈ.ਆਰ ਵਿਚ ਅੱਗੇ ਦਿਖਾਇਆ ਗਿਆ ਕਿ ਬਾਗ ਦੀ ਤਲਾਸ਼ੀ ਲੈਣ ਤੇ ਜਗਦੀਪ ਸਿੰਘ ਉਰਫ ਮੱਖਣ ਵਜੋਂ ਪਛਾਣ ਕੀਤੇ ਗਏ ਇਕ ਮਾਰੇ ਗਏ ਖਾੜਕੂ ਦੀ ਲਾਸ਼ ਵੀ ਬਰਾਮਦ ਹੋਈ। ਦੋਵੇਂ ਲਾਸ਼ਾਂ ਦਾ ਸਸਕਾਰ ਸ਼ਮਸ਼ਾਨਘਾਟ ਵਿਚ ਲਾਵਾਰਿਸ ਕਹਿ ਕੇ ਕੀਤਾ ਗਿਆ।
Mohali
ਸੋਹਾਣਾ ਹਾਦਸੇ ਤੋਂ ਬਾਅਦ ਚੌਕਸ ਹੋਈ ਨਗਰ ਨਿਗਮ, ਸਰਵੇ ਵਿੱਚ 97 ਇਮਾਰਤਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਹਾਈਰਾਈਜ ਬਣਾਉਣ ਦੀ ਗੱਲ ਆਈ ਸਾਮ੍ਹਣੇ
ਮੇਅਰ ਜੀਤੀ ਸਿੱਧੂ ਨੇ ਕਮਿਸ਼ਨਰ, ਬਿਲਡਿੰਗ ਬਰਾਂਚ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਐਸ ਏ ਐਸ ਨਗਰ, 24 ਦਸੰਬਰ (ਸ.ਬ.) ਪਿੰਡ ਸੋਹਾਣਾ ਵਿੱਚ ਬੇਸਮੈਂਟ ਪੁੱਟੇ ਜਾਣ ਕਾਰਨ ਨਾਲ ਦੀ ਇਮਾਰਤ ਡਿੱਗਣ ਨਾਲ ਦੋ ਨੌਜਵਾਨ ਬੱਚਿਆਂ ਦੀ ਮੌਤ ਤੋਂ ਬਾਅਦ ਨਗਰ ਨਿਗਮ ਹਰਕਤ ਵਿੱਚ ਹੈ। ਨਗਰ ਨਿਗਮ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਅਣਅਧਿਕਾਰਤ ਬਣੀਆਂ ਦੁਕਾਨਾਂ ਦੇ ਮਾਮਲੇ ਵਿੱਚ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਟੀ ਬੈਨਿਥ ਅਤੇ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਦੇ ਨਾਲ ਨਾਲ ਫਾਇਰ ਵਿਭਾਗ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪਿੰਡਾਂ ਵਿੱਚ ਸਿਰਫ ਤਿੰਨ ਮੰਜ਼ਿਲਾਂ ਬਿਲਡਿੰਗਾਂ ਪਾਸ ਹਨ ਪਰ ਕਈ ਲੋਕਾਂ ਨੇ ਨਿਯਮਾਂ ਦੀ ਉਲੰਘਣਾ ਕਰਕੇ ਬਹੁ ਮੰਜਿਲਾ ਬਿਲਡਿੰਗਾਂ ਬਣਾਈਆਂ ਹੋਈਆਂ ਹਨ। ਉਹਨਾਂ ਕਿਹਾ ਕਿ ਸਰਵੇ ਵਿੱਚ ਅਜਿਹੀਆਂ 97 ਬਿਲਡਿੰਗਾਂ ਆਈਆਂ ਹਨ ਜਿਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕਰਕੇ ਤਿੰਨ ਮੰਜ਼ਿਲਾਂ ਤੋਂ ਉੱਚਾ ਬਣਾਇਆ ਹੈ।
ਉਹਨਾਂ ਕਿਹਾ ਕਿ ਮਿਉਂਸਪਲ ਟਾਊਨ ਪਲੈਨਰ ਸਮੇਤ ਬਿਲਡਿੰਗ ਬਰਾਂਚ ਦੀ ਪੂਰੀ ਟੀਮ ਸਰਵੇ ਵਿੱਚ ਜੁਟੀ ਹੋਈ ਹੈ। ਮੁਹਾਲੀ ਨਗਰ ਨਿਗਮ ਦੇ ਅਧੀਨ ਛੇ ਪਿੰਡ ਸੋਹਾਣਾ, ਕੁੰਬੜਾ, ਮਟੌਰ, ਸ਼ਾਹੀ ਮਾਜਰਾ, ਮਦਨਪੁਰ ਅਤੇ ਪਿੰਡ ਮੁਹਾਲੀ ਹਨ। ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਨਾ ਸਿਰਫ ਲਾਲ ਡੋਰੇ ਦੇ ਅੰਦਰ ਬਲਕਿ ਲਾਲ ਡੋਰੇ ਦੇ ਬਾਹਰ ਵੀ ਅਣਅਧਿਕਾਰਤ ਬਿਲਡਿੰਗਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਪਿੰਡਾਂ ਵਿੱਚ ਬਣੀਆਂ ਸਮੁੱਚੀਆਂ ਬਿਲਡਿੰਗਾਂ ਦੇ ਫਾਇਰ ਸੇਫਟੀ ਉਪਕਰਨਾਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਕੋਈ ਵੀ ਹਾਦਸਾ ਹੋਣ ਵੇਲੇ ਅੱਗ ਲੱਗਣ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ ਜਿਸ ਨਾਲ ਵਧੇਰੇ ਨੁਕਸਾਨ ਹੋ ਸਕਦਾ ਹੈ। ਉਹਨਾਂ ਕਿਹਾ ਕਿ ਬਿਲਡਿੰਗ ਬਰਾਂਚ ਵੱਲੋਂ ਮੀਟਿੰਗ ਵਿੱਚ ਦੱਸਿਆ ਗਿਆ ਹੈ ਕਿ ਮੁਹਾਲੀ ਦੇ ਸਮੂਹ ਪਿੰਡਾਂ ਵਿੱਚ ਸਰਵੇ ਚੱਲ ਰਿਹਾ ਹੈ ਅਤੇ ਜਿਨ੍ਹਾਂ ਬਿਲਡਿੰਗਾਂ ਦੀ ਉਸਾਰੀ ਬਗੈਰ ਨਕਸ਼ੇ ਪਾਸ ਕੀਤੇ ਕੀਤੀ ਜਾ ਰਹੀ ਹੈ, ਉਹਨਾਂ ਨੂੰ ਰੋਕ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਨਗਰ ਨਿਗਮ ਦੀ ਇੰਜੀਨੀਅਰਿੰਗ ਵਿਭਾਗ ਵੱਲੋਂ ਪਿੰਡਾਂ ਦੇ ਲਾਲ ਡੋਰੇ ਅੰਦਰ ਬਣੀਆਂ ਸਮੁੱਚੀਆਂ ਬਿਲਡਿੰਗਾਂ ਦੀ ਸਟਰੈਂਥ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਮਜ਼ੋਰ ਬਿਲਡਿੰਗਾਂ ਦੀ ਰਿਪੋਰਟ ਉਪਰੰਤ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿਨ੍ਹਾਂ ਬਿਲਡਿੰਗਾਂ ਦੀ ਉਚਾਈ ਨਿਰਧਾਰਿਤ ਸੀਮਾ ਤੋਂ ਵੱਧ ਹੈ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਇਹਨਾਂ ਨੂੰ ਠੀਕ ਕਰਨ ਵਾਸਤੇ ਕਿਹਾ ਜਾਵੇਗਾ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਨਗਰ ਨਿਗਮ ਵੱਲੋਂ ਖੁਦ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦਾ ਸਾਰਾ ਹਰਜਾ ਖਰਚਾ ਬਿਲਡਿੰਗ ਮਾਲਕ ਕੋਲੋਂ ਵਸੂਲਿਆ ਜਾਵੇਗਾ। ਉਹਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
-
International2 months ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਬਰਖਾਸਤ ਕੀਤਾ
-
International2 months ago
ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਜਿੱਤਿਆ ਡਬਲਯੂ ਬੀ ਐਫ ਵਿਸ਼ਵ ਖਿਤਾਬ
-
International2 months ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
International1 month ago
ਇਟਲੀ ਵਿੱਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 9 ਨਵੰਬਰ ਨੂੰ ਮਨਾਇਆ ਜਾਵੇਗਾ ਕਾਨੂੰਨੀ ਸੇਵਾਵਾਂ ਦਿਵਸ
-
Mohali2 months ago
ਸz. ਅਮਰੀਕ ਸਿੰਘ ਤਹਿਸੀਲਦਾਰ ਫਾਊਂਡੇਸ਼ਨ ਵੱਲੋਂ ਉਹਨਾਂ ਦੇ 89ਵੇਂ ਜਨਮ ਦਿਨ ਨੂੰ ਸਮਰਪਿਤ ਸਨਮਾਨ ਸਮਾਰੋਹ ਆਯੋਜਿਤ
-
Mohali1 month ago
ਜੂਡੋ ਇੰਟਰ ਕਾਲਜ ਵਿੱਚ ਘਨੌਰ ਕਾਲਜ ਨੇ ਜਿੱਤੇ ਗੋਲ਼ਡ ਮੈਡਲ