Connect with us

Mohali

ਦਿਵਾਲੀ ਦੇ ਤਿਉਹਾਰ ਸਬੰਧੀ ਸ਼ਹਿਰ ਵਿੱਚ ਲੱਗੀਆਂ ਰੌਣਕਾਂ

Published

on

 

 

ਦੁਕਾਨਦਾਰਾਂ ਨੂੰ ਇਸ ਵਾਰ ਚੰਗੇ ਮੁਨਾਫੇ ਦੀ ਆਸ, ਦੁਲਹਣ ਵਾਂਗੂੰ ਸਜੇ ਹਨ ਬਾਜਾਰ

ਐਸ ਏ ਐਸ ਨਗਰ, 29 ਅਕਤੂਬਰ (ਸ.ਬ.) ਦਿਵਾਲੀ ਦਾ ਤਿਉਹਾਰ ਨੇੜੇ ਆਉਣ ਕਾਰਨ ਸ਼ਹਿਰ ਵਿੱਚ ਹਰ ਪਾਸੇ ਰੌਣਕਾਂ ਲੱਗ ਗਈਆਂ ਹਨ ਅਤੇ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਨੂੰ ਦੁਲਹਣ ਵਾਂਗ ਸਜਾਇਆ ਗਿਆ ਹੈ। ਕਰੀਬ ਸਾਰੀਆਂ ਹੀ ਮਾਰਕੀਟਾਂ ਵਿੱਚ ਬਿਜਲਈ ਲੜੀਆਂ ਲਗਾਈਆਂ ਗਈਆਂ ਹਨ, ਜਿਹਨਾਂ ਨਾਲ ਮਾਰਕੀਟਾਂ ਦੀ ਸੁੰਦਰ ਦਿਖ ਸਾਹਮਣੇ ਆ ਰਹੀ ਹੈ।

ਵੱਖ ਵੱਖ ਦੁਕਾਨਦਾਰਾਂ ਨੇ ਆਪੋ ਆਪਣੀਆਂ ਦੁਕਾਨਾਂ ਨੂੰ ਸੋਹਣੇ ਢੰਗਾਂ ਨਾਲ ਸਜਾਇਆ ਹੋਇਆ ਹੈ। ਵੱਡੀ ਗਿਣਤੀ ਦੁਕਾਨਦਾਰਾਂ ਨੇ ਦਿਵਾਲੀ ਮੌਕੇ ਵੱਖ ਵੱਖ ਤਰ੍ਹਾਂ ਦੇ ਸਾਮਾਨ ਦੀ ਸੇਲ ਵੀ ਲਗਾਈ ਹੋਈ ਹੈ। ਵੱਡੀ ਗਿਣਤੀ ਦੁਕਾਨਦਾਰਾਂ ਨੇ ਦੁਕਾਨਾਂ ਦਾ ਸਮਾਨ ਦੁਕਾਨਾਂ ਦੇ ਬਾਹਰ ਸਜਾ ਕੇ ਰੱਖਿਆ ਹੋਇਆ ਹੈ।

ਦਿਵਾਲੀ ਦੇ ਤਿਉਹਾਰ ਕਾਰਨ ਵੱਡੀ ਗਿਣਤੀ ਲੋਕ ਵੱਖ ਵੱਖ ਮਾਰਕੀਟਾਂ ਵਿੱਚ ਘੁੰਮਦੇ ਨਜ਼ਰ ਆਉਂਦੇ ਹਨ, ਜਿਹਨਾਂ ਵਿਚੋਂ ਵੱਡੀ ਗਿਣਤੀ ਲੋਕ ਖਰੀਦਦਾਰੀ ਕਰਦੇ ਵੀ ਨਜ਼ਰੀ ਪੈਂਦੇ ਹਨ। ਲੋਕ ਆਪਣੇ ਪਰਿਵਾਰਾਂ ਸਮੇਤ ਮਾਰਕੀਟਾਂ ਵਿੱਚ ਆ ਰਹੇ ਹਨ ਅਤੇ ਜਰੂਰੀ ਲੋੜ ਦਾ ਸਮਾਨ ਲੈਣ ਦੇ ਨਾਲ ਹੀ ਘਰਾਂ ਦੀ ਸਜਾਵਟ ਲਈ ਵੀ ਸਮਾਨ ਖਰੀਦ ਰਹੇ ਹਨ। ਇਸ ਤੋਂ ਇਲਾਵਾ ਮਿਠਾਈਆਂ ਵੇਚਣ ਵਾਲੀਆਂ ਦੁਕਾਨਾਂ ਤੇ ਵੀ ਲੋਕਾਂ ਦੀ ਭੀੜ ਵੇਖਣ ਨੂੰ ਆ ਰਹੀ ਹੈ। ਵੱਖ ਵੱਖ ਹਲਵਾਈਆਂ ਵੱਲੋਂ ਅਤੇ ਮਿਠਾਈ ਦੀਆਂ ਪ੍ਰਸਿੱਧ ਦੁਕਾਨਾਂ ਵੱਲੋਂ ਦਿਵਾਲੀ ਦੇ ਤਿਉਹਾਰ ਕਰਕੇ ਵੱਖ ਵੱਖ ਕਿਸਮਾਂ ਦੀ ਸਪੈਸ਼ਲ ਮਿਠਾਈ ਬਣਾ ਕੇ ਵੇਚਣ ਲਈ ਰੱਖੀ ਹੋਈ ਹੈ।

ਮਾਰਕੀਟਾਂ ਵਿੱਚ ਸਥਿਤ ਦੁਕਾਨਾਂ ਤੇ ਗ੍ਰਾਹਕਾਂ ਦੀ ਕਾਫੀ ਆਮਦ ਹੋਣ ਕਾਰਨ ਦੁਕਾਨਦਾਰ ਵੀ ਖੁਸ਼ ਹਨ ਅਤੇ ਉਹਨਾਂ ਨੂੰ ਦਿਵਾਲੀ ਮੌਕੇ ਚੰਗੀ ਕਮਾਈ ਹੋਣ ਦੀ ਆਸ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਤਿਉਹਾਰਾਂ ਦੇ ਸੀਜਨ ਵਿੱਚ ਹੀ ਸਾਰੇ ਸਾਲ ਦੀ ਕਮਾਈ ਕਰਨੀ ਹੁੰਦੀ ਹੈ ਅਤੇ ਉਹਨਾਂ ਵੱਲੋਂ ਤਿਉਹਾਰੀ ਸੀਜਨ ਵਾਸਤੇ ਸਾਰਾ ਸਾਲ ਤਿਆਰੀ ਕੀਤੀ ਜਾਂਦੀ ਹੈ।

ਸ਼ਹਿਰ ਦੀਆਂ ਵੱਖ- ਵੱਖ ਮਾਰਕੀਟਾਂ ਵਿੱਚ ਵਿਦੇਸ਼ਾਂ ਤੋਂ ਆਏ ਐਨ. ਆਰ. ਆਈ. ਪੰਜਾਬੀ ਵੀ ਖਰੀਦਦਾਰੀ ਕਰਦੇ ਦਿਖਾਈ ਦੇ ਰਹੇ ਹਨ। ਐਨ. ਆਰ. ਆਈ. ਪੰਜਾਬੀਆਂ ਲਈ ਮੁਹਾਲੀ ਸ਼ਹਿਰ ਪਹਿਲੀ ਪਸੰਦ ਹੈ ਇਸੇ ਕਾਰਨ ਪੰਜਾਬ ਦੇ ਹੋਰਨਾਂ ਸ਼ਹਿਰਾਂ ਤੇ ਪਿੰਡਾਂ ਨਾਲ ਸਬੰਧਿਤ ਐਨ.ਆਰ.ਆਈ.ਵੀ ਦਿਵਾਲੀ ਸਬੰਧੀ ਖਰੀਦਦਾਰੀ ਕਰਨ ਲਈ ਇੱਥੇ ਪਹੁੰਚ ਰਹੇ ਹਨ। ਨੌਜਵਾਨ ਮੁੰਡੇ ਕੁੜੀਆਂ ਵੀ ਵੱਖ ਵੱਖ ਮਾਰਕੀਟਾਂ ਵਿੱਚ ਘੁੰਮਦੇ ਅਤੇ ਖਾਣ ਪੀਣ ਦੀਆਂ ਦੁਕਾਨਾਂ ਤੇ ਖੜੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਬੱਚੇ ਵੀ ਆਪਣੇ ਮਾਪਿਆਂ ਨਾਲ ਵੱਖ ਵੱਖ ਮਾਰਕੀਟਾਂ ਵਿੱਚ ਘੁੰਮਕੇ ਦਿਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਦਾ ਆਨੰਦ ਮਾਣ ਰਹੇ ਹਨ।

ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਵੱਡੀ ਗਿਣਤੀ ਲੋਕਾਂ ਨੇ ਆਪਣੇ ਘਰਾਂ ਦੀ ਸਫਾਈ ਕਰ ਲਈ ਹੈ ਅਤੇ ਘਰਾਂ ਨੂੰ ਸਜਾਉਣਾ ਸ਼ੁਰੂ ਕਰ ਦਿੱਤਾ ਹੈ। ਇਸਤੋਂ ਇਲਾਵਾ ਕਈ ਘਰਾਂ ਵਿਚ ਸਾਫ ਸਫਾਈ ਦਾ ਕੰਮ ਅਜੇ ਜਾਰੀ ਹੈ। ਅਨੇਕਾਂ ਲੋਕਾਂ ਨੇ ਆਪਣੇ ਘਰਾਂ ਨੂੰ ਵੀ ਦਿਵਾਲੀ ਮੌਕੇ ਨਵਾਂ ਰੰਗ ਰੋਗਣ ਕਰਵਾਇਆ ਹੈ। ਇਸ ਤੋਂ ਇਲਾਵਾ ਅਨੇਕਾਂ ਲੋਕਾਂ ਨੇ ਹੁਣੇ ਤੋਂ ਹੀ ਆਪਣੇ ਘਰਾਂ ਤੇ ਬਿਜਲਈ ਲੜੀਆਂ ਲਟਕਾ ਦਿੱਤੀਆਂ ਹਨ, ਜੋ ਕਿ ਰਾਤ ਸਮੇਂ ਜਗਦੀਆਂ ਹੋਈਆਂ ਦਿਲਕਸ਼ ਨਜ਼ਾਰਾ ਪੇਸ਼ ਕਰਦੀਆਂ ਹਨ।

Continue Reading

Mohali

ਸੰਜੀਵਨ ਦੀ ਸ਼ਬਦ-ਚਿੱਤਰਾਂ ਦੀ ਨਵ-ਪ੍ਰਕਸ਼ਿਤ ਕਿਤਾਬ ਬੜੇ ਚੇਤੇ ਆਉਂਦੇ ਨੇ ਤੇ ਵਿਚਾਰ-ਚਰਚਾ

Published

on

By

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਲੇਖਕ ਸੰਜੀਵਨ ਸਿੰਘ ਦੀ ਨਵ-ਪ੍ਰਕਾਸ਼ਿਤ ਸ਼ਬਦ-ਚਿੱਤਰਾਂ ਦੀ ਕਿਤਾਬ ‘ਬੜੇ ਚੇਤੇ ਆਉਂਦੇ ਨੇ…’ ਬਾਰੇ ਭਾਵ-ਪੂਰਤ ਵਿਚਾਰ-ਚਰਚਾ ਨਾਮਵਰ ਲੇਖਕਾਂ, ਵਿਦਵਾਨਾਂ, ਚਿੰਤਕਾਂ, ਰੰਗਮੰਚ ਅਤੇ ਫਿਲਮ ਅਦਾਕਰਾਂ ਦੀ ਭਰਵੀਂ ਹਾਜ਼ਰੀ ਵਿੱਚ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਸਵਪਨ ਫਾਊਡੇਸ਼ਨ, ਪਟਿਆਲਾ ਅਤੇ ਪੰਜਾਬ ਕਲਾ ਪ੍ਰੀਸ਼ਦ,ਚੰਡਗੜ੍ਹ ਵੱਲੋਂ ਆਯੋਜਿਤ ਕੀਤੀ।

ਇਸ ਮੌਕੇ ਮੁੱਖ ਵਕਤਾ ਆਲੋਚਕ ਡਾ. ਪਵਨ ਕੁਮਾਰ ਨੇ ਕਿਹਾ ਕਿ ਕਿਤਾਬ ਦਾ ਸਿਰਲੇਖ ਢੁੱਕਵਾਂ ਅਤੇ ਸ਼ਬਦ ਚਿੱਤਰਾਂ ਦੀ ਤਰਜ਼ਮਾਨੀ ਕਰਦਾ ਹੈ। ਲੇਖਕ ਪਾਲ ਅਜਨਬੀ ਨੇ ਕਿਹਾ ਕਿ ਸੰਜੀਵਨ ਇਕ ਪਰਪੱਕ ਲੇਖਕ ਹੈ। ਵੱਖ-ਵੱਖ ਸ਼ਖ਼ਸ਼ੀਅਤਾਂ ਬਾਰੇ ਲਿਖਣਾ ਔਖਾ ਹੈ। ਗੀਤਕਾਰ ਤੇ ਵਾਰਤਕ ਲੇਖਕ ਸੁਰਜੀਤ ਸੁਮਨ ਨੇ ਕਿਹਾ ਕਿ ਇਸ ਪੁਸਤਕ ਨੂੰ ਪੜ੍ਹ ਕੇ ਉਹਨਾਂ ਨੂੰ ਕਈ ਗੀਤ ਚੇਤੇ ਆਏ।

ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਪਣੇ ਅਨੁਭਵ ਨਾਲ ਕਈ ਥਾਂਈਂ ਹੋਰ ਤੱਥਾਂ ਦੀ ਗੁਜਾਇੰਸ਼ ਦੀ ਗੱਲ ਕੀਤੀ ਤੇ ਕਈ ਗੱਲਾਂ ਜੋੜੀਆਂ। ਕੇਨੈਡਾਂ ਤੋਂ ਆਏ ਸੈਵਨਥ ਰਿਵਰ ਦੇ ਸੰਪਾਦਕ ਹਰਕੰਵਲਜੀਤ ਸਾਹਿਲ ਨੇ ਸੰਜੀਵਨ ਦੀ ਲੇਖਣੀ ਬਾਰੇ ਕਈ ਨੁਕਤੇ ਸਾਂਝੇ ਕੀਤੇ। ਕਵੀ ਸ਼ਬਦੀਸ਼ ਨੇ ਕਿਤਾਬ ਨੂੰ ਤਿੰਨ ਹਿੱਸਿਆਂ ਵਿਚ ਵੰਡੀ ਹੋਣ ਬਾਰੇ ਗੱਲ ਕੀਤੀ। ਉਹਨਾਂ ਕਈ ਲੇਖਾਂ ਵਿਚ ਤੱਥਾਂ ਦੀ ਸੀਮਾਂ ਬਾਰੇ ਵੀ ਇਤਰਾਜ਼ ਉਠਾਇਆ।

ਸ੍ਰੀਮਤੀ ਕੁਲਵਿੰਦਰ ਕੋਮਲ ਨੇ ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ ਅਤੇ ਸ਼ਿਵਨਸਥ ਸਮੇਤ ਕਿਤਾਬ ਵਿਚ ਸ਼ਾਮਿਲ ਸ਼ਬਦ ਚਿੱਤਰਾਂ ਦੇ ਕਈ ਕਿਰਦਾਰਾਂ ਨਾਲ ਨਿੱਜੀ ਸਾਂਝ ਨੂੰ ਸਾਂਝਾ ਕੀਤਾ। ਸ਼੍ਰੀ ਪ੍ਰੇਮ ਵਿੱਜ ਨੇ ਦੱਸਿਆ ਕਿ ਸ਼ਬਦ ਚਿੱਤਰਾਂ ਦੀ ਕੀ ਖ਼ੂਬੀ ਹੋਣੀ ਚਾਹੀਦੀ ਹੈ ਅਤੇ ਇਸ ਕਿਤਾਬ ਵਿਚਲੇ ਸ਼ਬਦ ਚਿੱਤਰ ਆਉਣ ਵਾਲ਼ੀਆਂ ਨਸਲਾਂ ਲਈ ਕਿੰਨੇ ਮਹੱਤਵਪੂਰਨ ਹੋ ਨਿਭੜਨਗੇ।

ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਚਰਚਾ ਨੂੰ ਸਾਰਥਕ ਦਸਦਿਆਂ ਕਿਹਾ ਕਿ ਇਪਟਾ ਅਤੇ ਸਾਹਿਤ ਦੇ ਖੇਤਰ ਵਿਚ ਆਪਣੇ ਨਾਲ ਵਿਚਰੀਆਂ ਵਿਛੜ ਚੁੱਕੀਆਂ ਨਾਮਵਰ ਸਖਸ਼ਸੀਅਤਾਂ ਨੂੰ ਸੰਜੀਵਨ ਨੇ ਬਹੁਤ ਹੀ ਕਲਾਮਾਈ ਤਰੀਕੇ ਨਾਲ ਚੇਤੇ ਕੀਤਾ ਹੈ।

ਕਿਤਾਬ ਦੇ ਲੇਖਕ ਸੰਜੀਵਨ ਨੇ ਬੁਲਾਰਿਆਂ ਵੱਲੋਂ ਕਿਤਾਬ ਸੰਬੰਧੀ ਉਠਾਏ ਗਏ ਨੁਕਤਿਆਂ ਦਾ ਨਿਵਾਰਨ ਕੀਤਾ ਤੇ ਆਪਣੀ ਸਿਰਜਣ ਪ੍ਰਕ੍ਰਿਆ ਬਾਬਤ ਦੱਸਦਿਆਂ ਕਿਹਾ ਕਿ ਉਹਨਾਂ ਨੇ ਇਕ ਤੋਂ ਵਧੇਰੇ ਲੇਖਕਾਂ ਦੀਆਂ ਸ਼ਬਦ ਚਿੱਤਰਾਂ ਦੀਆਂ ਕਿਤਾਬਾਂ ਪੜੀਆਂ, ਪਰ ਜਦੋਂ ਉਹਨਾ ਬਲਵੰਤ ਗਾਰਗੀ ਦੀ ਆਪਣੇ ਸਮਕਾਲੀ ਪ੍ਰਮੁੱਖ ਸਾਹਿਤਕਾਰਾਂ ਅਤੇ ਕਲਾਕਾਰਾਂ ਬਾਰੇ ਜੀਵੰਤ ਸ਼ਬਦ ਵਿਚ, ਬੇਬਾਕ ਅਤੇ ਦਿਲਚਸਪ ਵਾਰਤਕ ਸ਼ੈਲੀ ਵਿਚ ਸ਼ਬਦ ਚਿੱਤਰਾਂ ਦੀ ਕਿਤਾਬ ‘ਸੂਰਮੇ ਵਾਲੀ ਅੱਖ’ ਪੜ੍ਹੀ, ਤਾਂ ਉਹਨਾਂ ਸੋਚਿਆ, ਮੈਂ ਵੀ ਕੁੱਝ ਅਦੀਬਾਂ/ਫਨਕਾਰਾਂ ਬਾਰੇ ਲਿਖਾਂ, ਜਿੰਨ੍ਹਾਂ ਦੇ ਸਾਹਿਤਕ, ਰੰਗਮੰਚੀ ਅਤੇ ਸਭਿਆਚਾਰਕ ਕੰਮ ਤੋਂ ਇਲਾਵਾ ਉਨ੍ਹਾਂ ਦੀ ਵਿਅਕਤੀਗਤ ਜ਼ਿੰਦਗੀ ਨੇ ਮੈਂਨੂੰ ਪ੍ਰਭਾਵਿਤ ਕੀਤਾ।

ਪ੍ਰਧਾਨਗੀ ਭਾਸ਼ਨ ਵਿਚ ਆਲੋਚਕ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਸਭਿਆਚਾਰਕ ਪ੍ਰਦੂਸ਼ਣ ਦੀ ਹਮਾਇਤ ਜਾਂ ਵਿਰੋਧ ਕਰਨ ਵਾਲਿਆਂ ਦਾ ਇਤਿਹਾਸ ਜਦੋਂ ਵੀ ਲਖਿਆਂ ਜਾਵੇਗਾ ਤਾਂ ਸੰਜੀਵਨ ਦੇ ਜ਼ਿਕਰ ਬਿਨਾ ਅਧੂਰਾ ਹੋਵੇਗਾ।

ਸਮਾਗਮ ਵਿਚ ਹੋਰਨਾ ਤੋਂ ਇਲਾਵਾ ਨਾਟਕਰਮੀ ਅਤੇ ਸ਼ਾਇਰਾ ਬਖਸ਼ ਸੰਘਾ (ਐਡਿਮੰਨ, ਕੇਨੇਡਾ) ਲੋਕ-ਹਿਤੈਸ਼ੀ ਚਿੰਤਕ ਏ. ਐਸ. ਪਾਲ, ਲੇਖਿਕਾ ਗੁਰਦੇਵ ਕੌਰ ਪਾਲ, ਅਜਾਇਬ ਔਜਲਾ, ਬਲਵਿੰਦਰ ਉੱਤਮ, ਵਰਿੰਦਰ ਸਿੰਘ, ਭੁਪਿੰਦਰ ਮਲਿਕ, ਸਵੈਰਾਜ ਸੰਧੂ ਤੋਂ ਇਲਾਵਾ ਨਰਿੰਦਰ ਨੀਨਾ, ਕੁੱਕੂ ਦੀਵਾਨ, ਗੁਰਵਿੰਦਰ ਬਾਕਰਪੁਰੀਆ, ਜਸਦੀਪ ਜੱਸੂ, ਸੱਚਪ੍ਰੀਤ ਖੀਵਾ, ਕਿਸ਼ਣ ਲਾਲ ਸੈਣੀ, ਗੁਰਮੀਤ ਗਿੱਲ, ਨਿਰਮਲ ਮਾਨ, ਗੁਰਮਾਨ ਸੈਣੀ, ਕਰਨ ਸਹਰ, ਡਾ. ਹਰਬੰਸ ਕੌਰ ਗਿੱਲ, ਦਿਆਨ ਸਿੰਘ ਕਾਹਲੋਂ, ਚਰਨਜੀਤ ਬਾਠ, ਹਰਿੰਦਰ ਹਰ (ਮਨੌਲੀ ਵਾਲਾ), ਐਡਵੋਕੇਟ ਹੁਸਨ, ਜਗਤਾਰ ਜੋਗ, ਪੰਨਾ ਲਾਲ ਮੁਸਤਫ਼ਾਬਾਦੀ, ਸਤਨਾਮ ਸ਼ੋਕਰ, ਸਤੀਸ਼ ਚਾਵਲਾ ਕਹਾਣੀਕਾਰ ਸਰੂਪ ਸਿਆਲਵੀ, ਸਾਹਿਲ ਨੇਗੀ ਆਦਿ ਨੇ ਸ਼ਿਰਕਤ ਕੀਤੀ। ਰੰਗਮੰਚ ਅਤੇ ਫਿਲਮਾਂ ਦੇ ਅਦਾਕਾਰ ਰੰਜੀਵਨ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Continue Reading

Mohali

ਸੈਕਟਰ 74 ਅਤੇ ਸੈਕਟਰ 91 ਵਿੱਚ ਰੋਜ ਲਗਾਈ ਜਾਂਦੀ ਹੈ ਕੂੜੇ ਨੂੰ ਅੱਗ : ਰਾਮਦੀਪ ਕੌਰ

Published

on

By

ਜਹਿਰੀਲੀ ਹਵਾ ਕਾਰਨ ਲੋਕ ਹੋ ਰਹੇ ਹਨ ਬਿਮਾਰ

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਨਗਰ ਨਿਗਮ ਵਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਲਗਾਏ ਜਾਂਦੇ ਕੂੜੇ ਦੇ ਢੇਰ ਨੂੰ ਅੱਗ ਲਗਾਏ ਜਾਣ ਦੀ ਕਾਰਵਾਈ ਕਾਰਨ ਸ਼ਹਿਰ ਦਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਦੌਰਾਨ ਸੈਕਟਰ 74 ਵਿੱਚ ਪੁਰਾਣੇ ਡੰਪਿਗ ਮੈਦਾਨ ਵਾਲੀ ਥਾਂ ਦੇ ਨਾਲ ਅਤੇ ਸੈਕਟਰ 90-91 ਵਿੱਚ ਜਲ ਬੋਰਡ ਦੇ ਨੇੜੇ ਦੀ ਖਾਲੀ ਜਮੀਨ ਤੇ ਕੂੜਾ ਸੁੱਟਣ ਅਤੇ ਫਿਰ ਕੂੜੇ ਨੂੰ ਅੱਗ ਲਗਾਏ ਜਾਣ ਕਾਰਨ ਸਥਾਨਕ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ।

ਇੱਥੇ ਜਿਕਰਯੋਗ ਹੈ ਕਿ ਸੈਕਟਰ 74 ਏ ਦੇ ਨਾਲ ਲੱਗਦੀ ਥਾਂ ਵਿੱਚ ਪਹਿਲਾਂ ਸਾਰੇ ਸ਼ਹਿਰ ਦਾ ਕੂੜਾ ਇਕੱਠਾ ਕਰਨ ਲਈ ਡੰਪਿੰਗ ਯਾਰਡ ਬਣਿਆ ਸੀ ਅਤੇ ਇਸ ਥਾਂ ਤੇ ਲੱਗਦੇ ਗੰਦਗੀ ਦੇ ਢੇਰਾਂ ਤੋਂ ਉਠਦੀ ਬਦਬੂ ਕਾਰਨ ਸਥਾਨਕ ਵਸਨੀਕ ਪਰੇਸ਼ਾਨ ਰਹਿੰਦੇ ਸਨ। ਇਸ ਸੰਬੰਧੀ ਸਥਾਨਕ ਵਸਨੀਕਾਂ ਵਲੋਂ ਮਾਣਯੋਗ ਅਦਾਲਤ ਵਿੱਚ ਮਾਮਲਾ ਦਾਇਰ ਕੀਤਾ ਗਿਆ ਸੀ ਜਿਸਤੇ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਵਲੋਂ ਇਸ ਥਾਂ ਤੇ ਕੂੜਾ ਸੁੱਟਣ ਤੇ ਰੋਕ ਲਗਾ ਦਿੱਤੀ ਗਈ ਸੀ।

ਸਮਾਜਸੇਵੀ ਆਗੂ ਰਾਮਦੀਪ ਕੌਰ ਨੇ ਕਿਹਾ ਕਿ ਮਾਣਯੋਗ ਅਦਾਲਤ ਵਲੋਂ ਇੱਥੇ ਕੂੜਾ ਸੁੱਟਣ ਤੇ ਰੋਕ ਲਗਾਏ ਜਾਣ ਤੋਂ ਬਾਅਦ ਕੁੱਝ ਸਮਾਂ ਤਾਂ ਠੀਕ ਠਾਕ ਲੰਘਿਆ ਸੀ ਪਰੰਤੂ ਬਾਅਦ ਵਿੱਚ ਨਗਰ ਨਿਗਮ ਵਲੋਂ ਇਸ ਪੁਰਾਣੇ ਡੰਪਿੰਗ ਯਾਰਡ ਦੇ ਨੇੜੇ ਪੈਂਦੀ ਖਾਲੀ ਥਾਂ ਅਤੇ ਸੈਕਟਰ 90-91 ਦੇ ਜਲ ਬੋਰਡ ਦੇ ਨੇੜੇ ਦੀ ਥਾਂ ਤੇ ਕੂੜੇ ਦੇ ਢੇਰ ਲਗਾਉਣੇ ਆਰੰਭ ਕਰ ਦਿੱਤੇ। ਉਹਨਾਂ ਕਿਹਾ ਕਿ ਨਗਰ ਨਿਗਮ ਦੀਆਂ ਟਰਾਲੀਆਂ ਵਿੱਚ ਦਰਖਤਾਂ ਦੀ ਰਹਿੰਦ ਖੁਹੰਦ ਅਤੇ ਹੋਰ ਕੂੜਾ ਲਿਆ ਕੇ ਇੱਥੇ ਢੇਰ ਲਗਾ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਕੂੜੇ ਦੇ ਇਹਨਾਂ ਢੇਰਾਂ ਵਿੱਚ ਰਾਤ ਵੇਲੇ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਕਾਰਨ ਇਸ ਖੇਤਰ ਵਿੱਚ ਹਰ ਪਾਸੇ ਜਹਿਰੀਲਾ ਧੂੰਆਂ ਫੈਲ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਹੈ ਪਰੰਤੂ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਵਸਨੀਕਾਂ ਨੂੰ ਪੱਲਿਉਂ ਟੈਕਰ ਮੰਗਵਾ ਕੇ ਇਹ ਅੱਗ ਬੁਝਾਉਣੀ ਪੈਂਦੀ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਥਾਂ ਤੇ ਕੂੜੇ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਅਤੇ ਅੱਗ ਲਗਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

Continue Reading

Mohali

ਗੁ ਸਿੰਘ ਸ਼ਹੀਦਾਂ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

Published

on

By

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਧਾਰਮਿਕ ਸਮਾਗਮ ਵਿੱਚ ਬੀਬੀ ਹਰਜਿੰਦਰ ਕੌਰ ਬਟਾਲਾ ਵਾਲਿਆਂ ਦੇ ਜੱਥੇ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੀਵਨ ਬ੍ਰਿਤਾਂਤ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਿਆਈ ਦੀ ਦਾਤ ਬਖਸ਼ ਕੇ ਗੁਰੂ ਅੰਗਦ ਦੇਵ ਜੀ ਬਣਾਉਣ ਦਾ ਪ੍ਰਸੰਗ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਭਾਈ ਨਰਿੰਦਰ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸੰਤ ਬਾਬਾ ਸਵਰਨ ਸਿੰਘ ਮਲਕਪੁਰ ਲੁਧਿਆਣੇ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਉਚਾਰਨ ਧੁਰ ਕੀ ਬਾਣੀ ਦੇ 62 ਸਲੋਕ ਜੋ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸੁਭਾਇਮਾਨ ਹਨ ਉਨਾਂ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਦੱਸਿਆ।

ਇਸ ਤੋਂ ਇਲਾਵਾ ਭਾਈ ਜਸਵਿੰਦਰ ਸਿੰਘ ਲੁਧਿਆਣੇ ਵਾਲੇ, ਅਕਾਲ ਕਵੀਸ਼ਰੀ ਜੱਥਾ, ਭਾਈ ਪਰਵਿੰਦਰ ਸਿੰਘ, ਭਾਈ ਓਂਕਾਰ ਸਿੰਘ, ਭਾਈ ਗੁਰਵਿੰਦਰ ਸਿੰਘ, ਮਾਤਾ ਸੰਦਰ ਕੌਰ ਜੀ ਸਰਬ ਸਾਂਝੀ ਸੋਸਾਇਟੀ, ਭਾਈ ਕੁਲਤਾਰ ਸਿੰਘ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਮਨਦੀਪ ਸਿੰਘ, ਭਾਈ ਨਿਤਿੰਨ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ।

Continue Reading

Latest News

Trending