Connect with us

Editorial

ਵੱਡੀ ਖੁਸ਼ੀ ਦੀ ਝਾਕ ਵਿੱਚ ਛੋਟੀਆਂ ਖੁਸ਼ੀਆਂ ਦਾ ਕਤਲ ਨਾ ਕਰੋ

Published

on

 

ਪੈਸੇ ਦੀ ਅਹਿਮੀਅਤ ਅਜੋਕੇ ਸਮੇਂ ਦਾ ਕੌੜਾ ਸਚ ਹੈ। ਪਦਾਰਥਵਾਦੀ ਵਰਤਾਰੇ ਵਿੱਚ ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ ਅਤੇ ਸਾਧਨ ਸੰਪੰਨ ਜ਼ਿੰਦਗੀ ਲਈ ਪੈਸੇ ਦਾ ਕੋਈ ਦੂਜਾ ਬਦਲ ਨਜ਼ਰ ਨਹੀਂ ਆਉਂਦਾ। ਅੱਜ ਪੈਸਾ ਕਮਾਉਣਾ ਅਤੇ ਬਣਾਉਣਾ ਜਿੱਥੇ ਮੁੱਢਲੀ ਲੋੜ ਤ ਹੈ, ਉੱਥੇ ਹੀ ਪੈਸੇ ਦੀ ਕਮੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਜਨਮ ਦੇ ਜਾਂਦੀ ਹੈ, ਜਿਸਦਾ ਅੰਜ਼ਾਮ ਬਹੁਤ ਪੀੜਾਦਾਇਕ ਅਤੇ ਦੁਖਦਾਇਕ ਹੁੰਦਾ ਹੈ।

ਇੱਕ ਹੱਦ ਤੱਕ ਪੈਸੇ ਦੀ ਦੌੜ ਵਿੱਚ ਸ਼ਾਮਲ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਸਭ ਕੁਝ ਲਾਂਭੇ ਰੱਖ ਕੇ ਸਿਰਫ਼ ਪੈਸੇ ਦੀ ਹੀ ਦੌੜ ਵਿੱਚ ਲੱਗੇ ਰਹਿਣ ਦਾ ਰਵੱਈਆ ਵਿਚਾਰਨਯੋਗ ਹੈ। ਪੈਸਾ ਜ਼ਰੂਰਤ ਜ਼ਰੂਰ ਹੈ, ਪਰ ਇਹ ਜੀਵਨ ਨਹੀਂ ਹੈ। ਕੁਦਰਤ ਦਾ ਨਿਯਮ ਹੈ ਇਨਸਾਨ ਜਨਮ ਲੈਂਦਾ ਹੈ, ਜਵਾਨੀ ਆਉਂਦੀ ਹੈ, ਬੁਢਾਪਾ ਆਉਂਦਾ ਹੈ ਅਤੇ ਅਖੀਰ ਦੁਨੀਆਂ ਨੂੰ ਆਪਣੀ ਚਾਲ ਚਲਦਿਆਂ ਛੱਡ ਕੇ ਰੁਖ਼ਸਤ ਹੋ ਜਾਂਦਾ ਹੈ।

ਜੀਵਨ ਵਿੱਚ ਜੋ ਸਮਾਂ ਲੰਘ ਗਿਆ ਅਤੇ ਜੋ ਉਮਰ ਬੀਤ ਗਈ ਉਹ ਵਾਪਸ ਨਹੀਂ ਆ ਸਕਦੀ ਚਾਹੇ ਤੁਸੀਂ ਕਿੰਨੇ ਵੀ ਧਨਵਾਨ ਹੋਵੋ। ਆਪਣੀ ਅਤੇ ਪਰਿਵਾਰ ਦੇ ਬੇਹਤਰ ਭਵਿੱਖ ਲਈ ਘਾਲਣਾ ਘਾਲਣੀ ਨਿਰੰਤਰ ਜਾਰੀ ਰੱਖੋ, ਆਪਣੇ ਸੁਫਨਿਆਂ ਨੂੰ ਜ਼ਿੰਦਾ ਰੱਖੋ ਪਰੰਤੂ ਇਸ ਸਫ਼ਰ ਤੇ ਚੱਲਦਿਆਂ ਆਪਣੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਗਲਾ ਨਾ ਘੁੱਟੋ, ਬਲਕਿ ਉਹਨਾਂ ਨੂੰ ਮਾਣੋ। ਇਸ ਨਾਲ ਤੁਹਾਡਾ ਪੈਂਡਾ ਹੋਰ ਚੰਗਾ ਅਤੇ ਨਿੱਘੀਆਂ ਯਾਦਾਂ ਭਰਿਆਂ ਹੁੰਦਾ ਜਾਵੇਗਾ ਅਤੇ ਜੀਵਨ ਦੀ ਖੁਸ਼ੀ ਪ੍ਰਾਪਤ ਹੋਵੇਗੀ। ਆਪਣੇ ਪਰਿਵਾਰ ਅਤੇ ਰਿਸ਼ਤਿਆਂ ਨੂੰ ਸਮਾਂ ਦੇਵੋ, ਇਹ ਨਾ ਹੋਵੇ ਤੁਸੀਂ ਕਾਮਯਾਬੀ ਤੇ ਸਿਖ਼ਰ ਤੇ ਤਾਂ ਪਹੁੰਚ ਜਾਵੋ ਪਰੰਤੂ ਤੁਹਾਡੀ ਖੁਸ਼ੀ ਵਿੱਚ ਸ਼ਾਮਲ ਹੋ ਕੇ ਤੁਹਾਡੀ ਖੁਸ਼ੀ ਨੂੰ ਦੁਗਣਾ, ਚੌਗੁਣਾ ਕਰਨ ਵਾਲਾ ਕੋਈ ਬਚੇ ਹੀ ਨਾ ਤੇ ਤੁਸੀਂ ਬਨਾਟਵੀ ਲੋਕਾਂ ਦੀ ਭੀੜ ਵਿੱਚ ਇਕੱਲੇ ਰਹਿ ਜਾਓ।

ਬਾਹਰੋਂ ਕੰਮ ਤੋਂ ਥੱਕ ਟੁੱਟ ਕੇ ਪਰਤੇ ਬੰਦੇ ਦਾ ਆਪਣੇ ਬੱਚਿਆਂ ਦੇ ਹੱਸਦੇ ਚਿਹਰਿਆਂ ਨੂੰ ਵੇਖ, ਉਹਨਾਂ ਦੀ ਪਿਆਰੀ ਗਲਵਕੜੀ ਵਿੱਚ ਆ ਸਾਰੀ ਥਕਾਣ ਇੱਕ ਝੱਟ ਉੱਡ ਜਾਂਦੀ ਹੈ, ਇਸ ਨੂੰ ਮਾਣੋ ਇਹ ਨਿਰਸਵਾਰਥ ਭਾਵਨਾ ਹੈ ਬੱਚਿਆਂ ਦਾ ਆਪਣੇ ਪਿਤਾ ਦੀ ਸ਼ਾਮ ਨੂੰ ਉਡੀਕ ਕਰਨਾ। ਛੋਟੇ ਬੱਚਿਆਂ ਦੀਆਂ ਤੋਤਲੀਆਂ ਗੱਲਾਂ ਖੁਸ਼ੀਆਂ ਦਾ ਅਥਾਹ ਸਮੁੰਦਰ ਹੈ, ਇਸਨੂੰ ਮਾਣੋ ਤੇ ਜਿਊਂਦੇ ਹੋਣ ਦੀ ਭਾਵਨਾ ਨੂੰ ਕਬੂਲ ਕਰੋ।

ਬੁੱਢੇ ਮਾਂ ਬਾਪ ਤੁਹਾਡੇ ਤੋਂ ਹੋਰ ਕੁਝ ਨਹੀਂ ਮੰਗਦੇ, ਕੁਝ ਸਮਾਂ ਉਹਨਾਂ ਨਾਲ ਬਿਤਾਓ। ਉਹਨਾਂ ਨੇ ਤੁਹਾਨੂੰ ਇਸ ਸੰਸਾਰ ਤੇ ਜਨਮ ਦਿੱਤਾ ਹੈ, ਇੱਕ ਬੂਟਾ ਲਾਇਆ ਹੈ, ਤੁਹਾਨੂੰ ਆਪਣੀ ਹੈਸੀਅਤ ਤੋਂ ਵੱਧ ਕੇ ਪਾਲਣ ਪੋਲਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਆਪਣੇ ਹੱਥੀਂ ਲਾਏ ਬੂਟੇ ਦੀ ਛਾਂ ਮਾਨਣ ਦਾ ਸੁਖ ਦਿਓ, ਉਹਨਾਂ ਨਾਲ ਗੱਲਾਂ ਬਾਤਾਂ ਕਰੋ, ਉਹਨਾਂ ਦੇ ਬੁੱਢੇ ਅੰਗਾਂ ਨੂੰ ਤਾਜ਼ਗੀ ਮਿਲੇਗੀ। ਪਰਮਾਤਮਾ ਅੱਗੇ ਬੁੱਢੇ ਮਾਂ ਬਾਪ ਦੇ ਹੱਥ ਬੱਚਿਆਂ ਦੀ ਸਲਾਮਤੀ, ਖੁਸ਼ਹਾਲੀ ਲਈ ਹੀ ਉੱਠਦੇ ਹਨ, ਦੁਆਵਾਂ ਕਰਦੇ ਹਨ। ਜੇਕਰ ਤੁਹਾਡਾ ਵਤੀਰਾ ਉਹਨਾਂ ਪ੍ਰਤੀ ਜੀਵਨ ਦੇ ਇਸ ਪੜਾਅ ਤੇ ਬੁੱਢੇ ਮਾਪਿਆਂ ਦੇ ਦੁਖ ਦਾ ਕਾਰਨ ਬਣਦਾ ਹੈ, ਇਹ ਤੁਹਾਡੀ ਬਦਕਿਸਮਤੀ ਦੀ ਨਿਸ਼ਾਨੀ ਹੈ।

ਆਪਣੇ ਜੀਵਨਸਾਥੀ, ਭੈਣਾਂ ਭਾਈਆਂ, ਸਕੇ ਸੰਬੰਧੀਆਂ ਅਤੇ ਦੋਸਤਾਂ ਨਾਲ ਮੋਹ ਦੀਆਂ ਤੰਦਾਂ ਬਣਾਈਆਂ ਰੱਖੋ, ਗੁੱਸੇ ਗਿਲ੍ਹੇ ਹੋਣ ਤਾਂ ਬੈਠ ਕੇ ਵਿਚਾਰੋ ਅਤੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੋ। ਜੋ ਇਸ ਜਨਮ ਤੁਹਾਡੇ ਨਾਲ ਰਿਸ਼ਤੇ ਜੁੜੇ ਹਨ, ਉਹ ਮੁੜ ਨਹੀਂ ਜੁੜਨੇ ਤੇ ਇਸ ਸੰਸਾਰ ਵਿੱਚ ਰਹਿਣਾ ਵੀ ਕਿਸੇ ਨੇ ਨਹੀਂ। ਜਿਵੇਂ ਕਹਿੰਦੇ ਨੇ ਕਿ ਅੱਗੇ ਦਰਗਾਹ ਜਾ ਕੇ ਕੌਣ ਮਿਲਦਾ ਹੈ! ਸੋ ਆਪਣੇ ਜੀਵਨ ਵਿੱਚ ਹੀ ਸਭ ਨਾਲ ਪਿਆਰ-ਮੁਹੱਬਤ ਨਾਲ ਲਵਰੇਜ ਰਿਸ਼ਤੇ ਕਾਇਮ ਰੱਖੋ ਅਤੇ ਨਿਭਾਓ।

ਜ਼ਿੰਦਗੀ ਜਿਊਣ ਦਾ ਨਾਮ ਹੈ, ਨਾ ਕਿ ਢੋਣ ਦਾ। ਜ਼ਿੰਦਾਦਲੀ ਨਾਲ ਆਪਣੇ ਜੀਵਨ ਵਿੱਚ ਵਰਤਮਾਨ ਸਮੇਂ ਦਾ ਆਨੰਦ ਮਾਣੋ, ਰੋਜ਼ਾਨਾ ਦੇ ਛੋਟੋ ਛੋਟੇ ਹਾਸਿਆਂ ਅਤੇ ਖੁਸ਼ੀਆਂ ਨੂੰ ਖੁੱਲ੍ਹ ਕੇ ਮਾਣੋ ਅਤੇ ਦੂਜਿਆਂ ਦੀ ਖੁਸ਼ੀਂ ਦਾ ਕਾਰਨ ਬਣੋ ਕਿਉਂਕਿ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲੇਗੀ।

ਗੋਬਿੰਦਰ ਸਿੰਘ ਢੀਂਡਸਾ

Continue Reading

Editorial

ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਲਈ ਆਟੋ ਰਿਕਸ਼ਿਆਂ ਵਾਸਤੇ ਵੱਖਰੀ ਲੇਨ ਬਣਾਏ ਪ੍ਰਸ਼ਾਸ਼ਨ

Published

on

By

 

 

ਸਾਡੇ ਸ਼ਹਿਰ ਨੂੰ ਭਾਵੇਂ ਇੱਕ ਅੰਤਰਰਾਸ਼ਟਰੀ ਪੱਧਰ ਦੇ ਅਤਿਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਪਰੰਤੂ ਅਸਲੀਅਤ ਇਹ ਹੈ ਕਿ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸੁਵਿਧਾਵਾਂ ਤਕ ਲਈ ਤੰਗ ਹੋਣਾ ਪੈਂਦਾ ਹੈ। ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਵੀ ਅਜਿਹੀ ਹੈ ਜਿਹੜੀ ਸ਼ਹਿਰ ਵਾਸੀਆਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰਦੀ ਹੈ ਅਤੇ ਸ਼ਹਿਰ ਵਾਸੀ ਆਮ ਗੱਲਬਾਤ ਦੌਰਾਨ ਨਾ ਸਿਰਫ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸ਼ਿਕਾਇਤ ਕਰਦੇ ਦਿਖਦੇ ਹਨ ਬਲਕਿ ਉਹ ਇਸ ਸੰਬੰਧੀ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਤੇ ਸਵਾਲ ਵੀ ਚੁੱਕਦੇ ਹਨ। ਇਸ ਸੰਬੰਧੀ ਸ਼ਹਿਰ ਦੇ ਕਿਸੇ ਵੀ ਵਸਨੀਕ ਨਾਲ ਗੱਲ ਕਰਕੇ ਦੇਖ ਲਉ, ਉਸਦਾ ਜਵਾਬ ਇਹੀ ਹੁੰਦਾ ਹੈ ਕਿ ਜਦੋਂ ਤਕ ਸ਼ਹਿਰ ਦੀਆਂ ਸੜਕਾਂ ਤੇ ਲਗਾਤਾਰ ਵੱਧਦੀ ਆਟੋ ਰਿਕਸ਼ਿਆਂ ਦੀ ਭੀੜ ਤੇ ਕਾਬੂ ਨਹੀਂ ਕੀਤਾ ਜਾਂਦਾ, ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਇਸ ਸਮੱਸਿਆ ਦਾ ਹਲ ਨਹੀਂ ਹੋ ਸਕਦਾ।

ਇਸ ਸੰਬੰਧੀ ਸ਼ਹਿਰਵਾਸੀਆਂ ਵਲੋਂ ਇਹ ਗੱਲ ਪੁਖਤਾ ਢੰਗ ਨਾਲ ਆਖੀ ਜਾਂਦੀ ਹੈ ਕਿ ਸ਼ਹਿਰ ਦੀ ਲਗਾਤਾਰ ਵੱਧਦੀ ਟ੍ਰੈਫਿਕ ਦੀ ਸਮੱਸਿਆ ਦਾ ਮੁੱਖ ਕਾਰਨ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਣ ਵਾਲੇ ਇਹ ਆਟੋ ਰਿਕਸ਼ੇ ਹੀ ਹਨ ਜਿਹਨਾਂ ਵਲੋਂ ਇੱਕ ਦੂਜੇ ਤੋਂ ਅੱਗੇ ਵੱਧ ਕੇ ਅਤੇ ਵੱਧ ਤੋਂ ਵੱਧ ਸਵਾਰੀਆਂ ਬਿਠਾਉਣ ਦੀ ਹੋੜ ਵਿੱਚ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕੀਤੀ ਜਾਂਦੀ ਹੈ। ਇਹ ਗੱਲ ਵੀ ਆਮ ਆਖੀ ਜਾਂਦੀ ਹੈ ਕਿ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਣ ਵਾਲੇ ਆਟੋ ਰਿਕਸ਼ਿਆਂ ਦੇ ਜਿਆਦਾਤਰ ਚਾਲਕ ਅਜਿਹੇ ਹਨ ਜਿਹਨਾਂ ਕੋਲ ਨਾ ਤਾਂ ਲਾਈਸੰਸ ਹੁੰਦਾ ਹੈ ਅਤੇ ਨਾ ਹੀ ਉਹਨਾਂ ਨੂੰ ਆਟੋ ਰਿਕਸ਼ਾ ਚਲਾਉਣ ਦਾ ਕੋਈ ਤਜਰਬਾ ਹੁੰਦਾ ਹੈ। ਅਜਿਹੇ ਸਿਖਾਂਦਰੂ ਚਾਲਕ (ਜਿਹਨਾਂ ਵਿੱਚੋਂ ਜਿਆਦਾਤਰ ਪ੍ਰਵਾਸੀ ਹੁੰਦੇ ਹਨ) ਆਪਣੇ ਕਿਸੇ ਰਿਸ਼ਤੇਦਾਰ ਜਾਂ ਜਾਣ ਪਹਿਚਾਣ ਵਾਲੇ ਆਟੋ ਚਾਲਕ ਨਾਲ ਦੋ ਚਾਰ ਦਿਨ ਘੁੰਮ ਕੇ ਆਟੋ ਚਲਾਉਣਾ ਸਿੱਖ ਲੈਂਦੇ ਹਨ ਅਤੇ ਫਿਰ ਕਿਰਾਏ ਤੇ ਆਟੋ ਲੈ ਕੇ ਸ਼ਹਿਰ ਦੀਆਂ ਸੜਕਾਂ ਤੇ ਖੜਦੂੰਗ ਪਾਉਣ ਲੱਗ ਜਾਂਦੇ ਹਨ। ਸ਼ਹਿਰ ਵਾਸੀ ਇਹ ਵੀ ਸ਼ਿਕਾਇਤ ਕਰਦੇ ਹਨ ਕਿ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਵਲੋਂ ਇਸ ਸਾਰੇ ਕੁੱਝ ਨੂੰ ਹਲਕੇ ਢੰਗ ਨਾਲ ਲਏ ਜਾਣ ਕਾਰਨ ਵੀ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।

ਹਾਲਾਂਕਿ ਵੇਖਿਆ ਜਾਵੇ ਤਾਂ ਸ਼ਹਿਰ ਵਾਸੀਆਂ ਦੀ ਇਹ ਗੱਲ ਕਾਫੀ ਹੱਦ ਤਕ ਜਾਇਜ਼ ਲੱਗਦੀ ਹੈ। ਹਾਲਾਤ ਇਹ ਹਨ ਕਿ ਇੱਕ ਪਾਸੇ ਤਾਂ ਇਹ ਆਟੋ ਰਿਕਸ਼ੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਸਭਤੋਂ ਵੱਡਾ ਕਾਰਨ ਬਣੇ ਹੋਏ ਹਨ ਅਤੇ ਦੂਜੇ ਪਾਸੇ ਪ੍ਰਸ਼ਾਸ਼ਨ ਵਲੋਂ ਇਹਨਾਂ ਆਟੋ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕੀਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ। ਸ਼ਹਿਰ ਦੀਆਂ ਸੜਕਾਂ ਤੇ ਚਲਣ ਵਾਲੇ ਇਹਨਾਂ ਆਟੋ ਰਿਕਸ਼ਿਆਂ ਦੀ ਗਿਣਤੀ ਇੰਨੀ ਜਿਆਦਾ ਵੱਧ ਚੁੱਕੀ ਹੈ ਕਿ ਸੜਕ ਤੇ ਹਰ ਵੇਲੇ ਆਟੋ ਵਾਲਿਆਂ ਦੀ ਹੀ ਭੀੜ ਦਿਸਦੀ ਹੈ ਅਤੇ ਆਮ ਵਾਹਨ ਚਾਲਕਾਂ ਲਈ ਸ਼ਹਿਰ ਦੀਆਂ ਸੜਕਾਂ ਤੇ ਆਪਣਾ ਵਾਹਨ ਚਲਾਉਣਾ ਤਕ ਔਖਾ ਹੋ ਗਿਆ ਹੈ।

ਇਹ ਵੀ ਅਸਲੀਅਤ ਹੈ ਕਿ ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿੱਚ ਜਨਤਕ ਆਵਾਜਾਈ ਦਾ ਕੋਈ ਪ੍ਰਬੰਧ ਨਾ ਕੀਤੇ ਜਾਣ ਕਾਰਨ ਸ਼ਹਿਰ ਵਿੱਚ ਚਲਦੇ ਇਹ ਆਟੋ ਰਿਕਸ਼ੇ ਆਮ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤਕ ਲਿਜਾਣ ਦਾ ਇੱਕੋਂ ਇੱਕ ਜਰੀਆ ਹਨ ਅਤੇ ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਸਥਾਨਕ ਪ੍ਰਸ਼ਾਸ਼ਨ ਟ੍ਰੈਫਿਕ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਨ ਵਾਲੇ ਇਹਨਾਂ ਆਟੋ ਰਿਕਸ਼ਿਆਂ ਦੇ ਚਾਲਕਾਂ ਵਿਰੁੱਧ ਕੋਈ ਸਖਤ ਕਾਰਵਾਈ ਤੋਂ ਪਰਹੇਜ ਕਰਦਾ ਹੈ। ਪਰੰਤੂ ਇਸਦੀ ਸਜਾ ਸ਼ਹਿਰ ਦੇ ਉਹਨਾਂ ਲੋਕਾਂ ਨੂੰ ਬਿਲਕੁਲ ਨਹੀਂ ਦਿੱਤੀ ਜਾ ਸਕਦੀ ਜਿਹੜੇ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਕਰਦੇ ਹਨ।

ਟੈ੍ਰਫਿਕ ਵਿਵਸਥਾ ਦੀ ਬਦਹਾਲੀ ਦੀ ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਤੇ ਦੋਵੇਂ ਪਾਸੇ ਆਟੋ ਰਿਕਸ਼ਿਆਂ ਲਈ ਵੱਖਰੀ ਸਲਿਪ ਰੋਡ ਬਣਾਈ ਜਾਵੇ ਅਤੇ ਇਹਨਾਂ ਆਟੋ ਚਾਲਕਾਂ ਲਈ ਇਹ ਜਰੂਰੀ ਕੀਤਾ ਜਾਵੇ ਕਿ ਉਹ ਆਪਣਾ ਵਾਹਨ ਇਸ ਸਲਿਪ ਰੋਡ ਤੇ ਹੀ ਚਲਾਉਣ ਤਾਂ ਜੋ ਉਹਨਾਂ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਆਵਾਜਾਈ ਪ੍ਰਭਾਵਿਤ ਨਾ ਹੋਵੇ। ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਵਿੱਚ ਸੁਧਾਰ ਕਰਨ ਲਈ ਲੋੜੀਂਦੇ ਕਦਮ ਚੁੱਕੇ ਅਤੇ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਦੇ ਕਿਨਾਰੇ ਇਹਨਾਂ ਆਟੋ ਰਿਕਸ਼ਿਆਂ ਜਾਂ ਜਨਤਕ ਆਵਾਜਾਈ ਲਈ ਵਰਤੋਂ ਵਿੱਚ ਆਉਣ ਵਾਲੇ ਹੋਰਨਾਂ ਵਾਹਨਾਂ ਲਈ ਵੱਖਰੀ ਲੇਨ ਦਾ ਪ੍ਰਬੰਧ ਕਰਕੇ ਇਸ ਗੱਲ ਨੂੰ ਯਕੀਨੀ ਕਰੇ ਕਿ ਇਹ ਆਟੋ ਰਿਕਸ਼ੇ ਵੱਖਰੀ ਲੇਨ ਵਿੱਚ ਹੀ ਚਲਣ ਤਾਂ ਜੋ ਇਹਨਾਂ ਵਾਹਨਾਂ ਦੇ ਚਾਲਕਾਂ ਵਲੋਂ ਸੜਕਾਂ ਤੇ ਕੀਤੀਆਂ ਜਾਂਦੀਆਂ ਆਪਹੁਦਰੀਆਂ ਕਾਰਣ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਮ੍ਹਣਾ ਨਾ ਕਰਨਾ ਪਵੇ।

Continue Reading

Editorial

ਸੂਬੇ ਦੀਆਂ ਸਿਆਸੀ ਪਾਰਟੀਆਂ ਦੀ ਮੌਜੂਦਾ ਸਥਿਤੀ ਤੈਅ ਕਰਨਗੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ

Published

on

By

 

 

ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦਾ ਬਿਗਲ ਵੱਜ ਗਿਆ ਹੈ ਅਤੇ ਨਾਮਜਦਗੀਆਂ ਭਰਨ ਦਾ ਦੌਰ ਜਾਰੀ ਹੈ। ਇਸਦੇ ਨਾਲ ਹੀ ਇਹ ਚੋਣਾਂ ਲੜਨ ਵਾਲਿਆਂ ਅਤੇ ਉਹਨਾਂ ਦੇ ਸਮਰਥਕਾਂ ਦਾ ਮੇਲਾ ਲੱਗਣਾ ਵੀ ਸ਼ੁਰੂ ਹੋ ਗਿਆ ਹੈ।

ਚੋਣਾਂ ਲੜਣ ਵਾਲੇ ਉਮੀਦਵਾਰਾਂ ਵੱਲੋਂ ਜਿਥੇ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਉਥੇ ਉਹਨਾਂ ਦੇ ਸਮਰਥਕ ਵੀ ਉਹਨਾਂ ਦਾ ਪ੍ਰਚਾਰ ਕਰ ਰਹੇ ਹਨ। ਇਹਨਾਂ ਚੋਣਾਂ ਦੀ ਅਹਿਮ ਗੱਲ ਇਹ ਹੈ ਕਿ ਇਹਨਾਂ ਚੋਣਾਂ ਵਿੱਚ ਅਕਾਲੀ ਦਲ ਵੀ ਹਿੱਸਾ ਲੈ ਰਿਹਾ ਹੈ। ਭਾਵੇਂ ਕਿ ਅਕਾਲੀ ਦਲ ਵੱਲੋਂ ਇਹਨਾਂ ਚੋਣਾਂ ਨੂੰ ਅੱਗੇ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਕਾਲੀ ਦਲ ਦੇ ਆਗੂ ਇਹਨਾਂ ਚੋਣਾਂ ਸਬੰਧੀ ਸਰਗਰਮ ਹਨ। ਪੰਜਾਬ ਵਿੱਚ ਕੁੱਝ ਸਮਾਂ ਪਹਿਲਾਂ ਹੋਈਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚੋਂ ਅਕਾਲੀ ਦਲ ਗਾਇਬ ਸੀ, ਜਿਸ ਕਰਕੇ ਉਹਨਾਂ ਚੋਣਾਂ ਵਿੱਚ ਉਹ ਰੰਗ ਵੇਖਣ ਨੂੰ ਨਹੀਂ ਸੀ ਮਿਲਿਆ, ਜੋ ਰੰਗ ਅਕਾਲੀ ਦਲ ਦੇ ਚੋਣਾਂ ਵਿੱਚ ਹਿਸਾ ਲੈਣ ਤੇ ਵੇਖਣ ਨੂੰ ਮਿਲਣੇ ਸਨ। ਅਕਾਲੀ ਦਲ ਵੱਲੋਂ ਨਿਗਮ ਅਤੇ ਕੌਂਸਲ ਚੋਣਾਂ ਵਿੱਚ ਹਿੱਸਾ ਲੈਣ ਨਾਲ ਇਹਨਾਂ ਚੋਣਾਂ ਵਿੱਚ ਵੋਟਰਾਂ ਦੀ ਦਿਲਚਸਪੀ ਵੀ ਵੱਧ ਗਈ ਹੈ।

ਨਗਰ ਨਿਗਮ ਅਤੇ ਕੌਂਸਲ ਚੋਣਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਚੋਣਾਂ ਪੰਜਾਬ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੀ ਮੌਜੂਦਾ ਸਥਿਤੀ ਤੈਅ ਕਰਨਗੀਆਂ। ਭਾਵੇਂਕਿ ਪਿਛਲੇ ਦਿਨੀਂ ਹੋਈਆਂ ਚਾਰ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਤਿੰਨ ਸੀਟਾਂ ਜਿੱਤਣ ਕਰਕੇ ਉਸ ਦਾ ਹੱਥ ਉਪਰ ਰਿਹਾ ਹੈ ਪਰ ਨਿਗਮ ਅਤੇ ਕੌਂਸਲ ਚੋਣਾਂ ਵੀ ਆਪਣੀ ਵੱਖਰੀ ਅਹਿਮੀਅਤ ਰੱਖਦੀਆਂ ਹਨ। ਇਹਨਾਂ ਚੋਣਾਂ ਵਿੱਚ ਉਮੀਦਵਾਰ ਅਕਸਰ ਆਪਣੇ ਗਲੀ ਮੁਹੱਲੇ ਦੇ ਵਿਅਕਤੀ ਹੀ ਹੁੰਦੇ ਹਨ ਅਤੇ ਇਹਨਾਂ ਚੋਣਾਂ ਨੂੰ ਆਮ ਬੋਲ ਚਾਲ ਵਿੱਚ ਗਲੀਆਂ ਨਾਲੀਆਂ ਦੀਆਂ ਚੋਣਾਂ ਵੀ ਕਿਹਾ ਜਾਂਦਾ ਹੈ। ਕਿਉਂਕਿ ਇਹਨਾਂ ਚੋਣਾਂ ਵਿੱਚ ਗਲੀਆਂ ਨਾਲੀਆਂ ਹੀ ਮੁੱਖ ਮੁੱਦਾ ਹੁੰਦਾ ਹੈ।

ਜ਼ਿਮਨੀ ਚੋਣਾਂ ਵਿਚ ਤਿੰਨ ਸੀਟਾਂ ਜਿੱਤ ਕੇ ਭਾਵੇਂ ਆਮ ਆਦਮੀ ਪਾਰਟੀ ਦੇ ਆਗੂ ਇਹਨਾਂ ਚੋਣਾਂ ਵਿੱਚ ਵੀ ਆਪਣੀ ਜਿੱਤ ਪੱਕੀ ਸਮਝ ਰਹੇ ਹਨ ਪਰ ਅਕਾਲੀ ਦਲ ਦੇ ਇਹਨਾਂ ਚੋਣਾਂ ਵਿੱਚ ਹਿੱਸਾ ਲੈਣ ਨਾਲ ਸਮੀਕਰਨ ਬਦਲ ਸਕਦੇ ਹਨ। ਕਾਂਗਰਸ ਅਤੇ ਭਾਜਪਾ ਵੱਲੋਂ ਵੀ ਇਹਨਾਂ ਚੋਣਾਂ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਵੱਡੀ ਗਿਣਤੀ ਲੋਕ ਹੁਣ ਆਮ ਆਦਮੀ ਪਾਰਟੀ ਦੀ ਅਸਲੀਅਤ ਨੂੰ ਸਮਝ ਗਏ ਹਨ ਅਤੇ ਉਹ ਕਾਂਗਰਸ ਨਾਲ ਜੁੜ ਰਹੇ ਹਨ। ਕਾਂਗਰਸੀ ਆਗੂ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਪੰਜਾਬ ਵਿੱਚ ਮਜਬੂਤ ਪ੍ਰਸ਼ਾਸਨ ਤਾਂ ਸਿਰਫ ਕਾਂਗਰਸ ਹੀ ਦੇ ਸਕਦੀ ਹੈ। ਦੂਜੇ ਪਾਸੇ ਭਾਜਪਾ ਵੱਲੋਂ ਵੀ ਇਹਨਾਂ ਚੋਣਾਂ ਨੂੰ ਜਿੱਤਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਭਾਜਪਾ ਨੂੰ ਵਿਸ਼ਵਾਸ ਹੈ ਕਿ ਸ਼ਹਿਰੀ ਹਲਕਿਆਂ ਵਿੱਚ ਉਸਦਾ ਚੰਗਾ ਆਧਾਰ ਹੈ ਜਿਸ ਕਰਕੇ ਸ਼ਹਿਰੀ ਹਲਕਿਆਂ ਵਿੱਚ ਭਾਜਪਾ ਦੀ ਜਿੱਤ ਹੋਣ ਦੀ ਸੰਭਾਵਨਾ ਵਧੇਰੇ ਹੈ।

ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਭਾਵੇਂ ਮੁੱਖ ਮੁਕਾਬਲਾ ਆਪ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਵਿਚਾਲੇ ਹੋਣ ਦੀ ਸੰਭਾਵਨਾ ਹੈ ਪਰ ਅਨੇਕਾਂ ਹਲਕਿਆਂ ਵਿੱਚ ਬਾਗੀ ਆਗੂ ਅਤੇ ਆਜ਼ਾਦ ਉਮੀਦਵਾਰ ਵੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨਗੇ। ਜਿਸ ਕਰਕੇ ਇਹਨਾਂ ਚੋਣਾਂ ਵਿੱਚ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲਣਗੇ।

ਚੋਣ ਲੜ ਰਹੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਭਾਵੇਂ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਚੋਣਾਂ ਕਿਹੜੀ ਪਾਰਟੀ ਜਿੱਤਦੀ ਹੈ ਜਾਂ ਇਹਨਾਂ ਚੋਣਾਂ ਵਿੱਚ ਕਿਹੜੇ ਕਿਹੜੇ ਉਮੀਦਵਾਰ ਸਫਲ ਰਹਿੰਦੇ ਹਨ ਇਸ ਦਾ ਪਤਾ ਤਾਂ ਚੋਣ ਨਤੀਜਿਆਂ ਤੋਂ ਬਾਅਦ ਲਗੇਗਾ। ਇੰਨਾ ਜਰੂਰ ਕਿਹਾ ਜਾ ਸਕਦਾ ਹੈ ਕਿ ਇਹ ਚੋਣਾਂ ਵੱਖ ਵੱਖ ਸਿਆਸੀ ਪਾਰਟੀਆਂ ਦੀ ਮੌਜੂਦਾ ਸਥਿਤੀ ਨੂੰ ਜਰੂਰ ਤੈਅ ਕਰਨਗੀਆਂ।

ਬਿਊਰੋ

 

Continue Reading

Editorial

ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕ ਰਹੀ ਹੈ ਹਰਿਆਣਾ ਸਰਕਾਰ?

Published

on

By

 

 

ਸ਼ੰਭੂ ਬਾਰਡਰ ਤੇ ਧਰਨੇ ਤੇ ਬੈਠੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਕੂਚ ਕਰਨ ਲਈ ਜੱਥੇ ਲੈ ਕੇ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਜਬਰੀ ਰੋਕਿਆ ਜਾ ਰਿਹਾ ਹੈ। ਕਿਸਾਨਾਂ ਦੇ ਜੱਥੇ ਪੈਦਲ ਹੀ ਦਿੱਲੀ ਜਾਣ ਲਈ ਕੂਚ ਕਰਦੇ ਹਨ ਪਰੰਤੂ ਹਰਿਆਣਾ ਪੁਲੀਸ ਵੱਲੋਂ ਪੰਜਾਬ ਹਰਿਆਣਾ ਬਾਰਡਰ ਤੇ ਬੈਰੀਕੇਡਿੰਗ ਕੀਤੀ ਹੋਈ ਹੈ ਅਤੇ ਜੇਕਰ ਕਿਸਾਨ ਬੈਰੀਕੇਡ ਹਟਾ ਕੇ ਅੱਗੇ ਵੱਧਦੇ ਹਨ ਤਾਂ ਉਹਨਾਂ ਉੱਪਰ ਹੰਝੂ ਗੈਸ ਦੇ ਗੋਲੇ ਸੁੱਟ ਕੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ।

ਕਿਸਾਨ ਆਗੂ ਦੋਸ਼ ਲਗਾ ਰਹੇ ਹਨ ਕਿ ਹਰਿਆਣਾ ਸਰਕਾਰ ਨੇ ਪੱਕੇ ਬੈਰੀਕੇਡ, ਕੰਡਿਆਲੀ ਤਾਰ ਲਗਾ ਕੇ ਕਿਸਾਨਾਂ ਨੂੰ ਸ਼ੰਭੂ ਬੈਰੀਅਰ ਰਾਹੀਂ ਦਿੱਲੀ ਜਾਣ ਤੋਂ ਰੋਕਿਆ ਹੋਇਆ ਹੈ। ਕਿਸਾਨ ਆਗੂ ਕਹਿ ਰਹੇ ਹਨ ਕਿ ਉਹ ਦੇਸ਼ ਦੇ ਨਾਗਰਿਕ ਹਨ ਪਰ ਉਹਨਾਂ ਨੂੰ ਦਿੱਲੀ ਜਾਣ ਤੋਂ ਇਸ ਤਰ੍ਹਾਂ ਰੋਕਿਆ ਜਾ ਰਿਹਾ ਹੈ ਜਿਵੇਂ ਉਹ ਇਸ ਦੇਸ਼ ਦੇ ਨਾਗਰਿਕ ਹੀ ਨਾ ਹੋਣ। ਕਿਸਾਨ ਆਗੂ ਕਹਿੰਦੇ ਹਨ ਕਿ ਹਰਿਆਣਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਹੀ ਦੇਸ਼ ਦੇ ਅੰਨ ਭੰਡਾਰ ਭਰ ਕੇ ਦੇਸ਼ ਨੂੰ ਭੁੱਖਮਰੀ ਤੋਂ ਬਚਾਇਆ ਸੀ।

ਕਿਸਾਨ ਆਗੂ ਦੋਸ਼ ਲਗਾ ਰਹੇ ਹਨ ਕਿ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਥਾਂ ਸਰਕਾਰ ਅਤੇ ਪੁਲੀਸ ਵੱਲੋਂ ਕਿਸਾਨਾਂ ਨੂੰ ਖਾਲਿਸਤਾਨੀ, ਅੱਤਵਾਦੀ, ਪਾਕਿਸਤਾਨੀ ਅਤੇ ਨਕਸਲੀ ਕਿਹਾ ਜਾ ਰਿਹਾ ਹੈ। ਉਹ ਸਵਾਲ ਕਰਦੇ ਹਨ ਕਿ ਇਹ ਕਿੱਧਰ ਦਾ ਕਾਨੂੰਨ ਹੈ ਕਿ ਉਹਨਾਂ ਨੂੰ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਹਰਿਆਣਾ ਪੁਲੀਸ ਨੇ ਕਿਸਾਨਾਂ ਤੇ ਫੁਲ ਸੁੱਟਣ ਦਾ ਦਿਖਾਵਾ ਕੀਤਾ ਅਤੇ ਬਾਅਦ ਵਿੱਚ ਕਿਸਾਨਾਂ ਉਪਰ ਹੰਝੂ ਗੈਸ ਦੇ ਗੋਲੇ ਸੁੱਟੇ, ਜਿਸ ਕਾਰਨ ਕਈ ਕਿਸਾਨ ਜਖਮੀ ਹੋ ਗਏ।

ਇਸ ਦੌਰਾਨ ਆਮ ਲੋਕਾਂ ਵਲੋਂ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਕਿਉਂ ਰਹੀ ਹੈ। ਵੱਡੀ ਗਿਣਤੀ ਲੋਕ ਹਰਿਆਣਾ ਸਰਕਾਰ ਵੱਲੋਂ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਸ਼ੰਭੂ ਬੈਰੀਅਰ ਦਾ ਰਸਤਾ ਬੰਦ ਕਰਕੇ ਰੱਖਣ ਕਾਰਨ ਦੁਖੀ ਹਨ ਅਤੇ ਉਹਨਾਂ ਨੂੰ ਵੱਡਾ ਨੁਕਸਾਨ ਸਹਿਣਾ ਪੈਂਦਾ ਹੈ। ਇਹ ਲੋਕ ਕਹਿੰਦੇ ਹਨ ਕਿ ਜੇਕਰ ਕਿਸਾਨਾਂ ਦੇ ਜੱਥੇ ਦਿੱਲੀ ਵੱਲ ਕੂਚ ਕਰਨਗੇ ਤਾਂ ਪਿਛਲੇ ਇੱਕ ਸਾਲ ਤੋਂ ਬੰਦ ਪਿਆ ਸ਼ੰਭੂ ਬੈਰੀਅਰ ਵੀ ਆਵਾਜਾਈ ਲਈ ਖੁੱਲ ਜਾਵੇਗਾ ਅਤੇ ਇਸ ਕਾਰਨ ਲੋਕਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾ ਦਾ ਹੱਲ ਹੋ ਜਾਵੇਗਾ ਪਰੰਤੂ ਸਰਕਾਰ ਕਿਸਾਨਾਂ ਨੂੰ ਜਬਰੀ ਰੋਕ ਕੇ ਇਸ ਮਸਲੇ ਨੂੰ ਹੋਰ ਵਧਾ ਰਹੀ ਹੈ।

ਆਮ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਥਾਂ ਉਹਨਾਂ ਨੂੰ ਦਿੱਲੀ ਜਾਣ ਦਿਤਾ ਜਾਵੇ ਅਤੇ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਕਿਸਾਨਾਂ ਵੱਲੋਂ ਅੰਦੋਲਨ ਕੀਤੇ ਗਏ ਹਨ, ਪਰ ਉਥੋਂ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਆਪਣੇ ਦੇਸ਼ਾਂ ਦੀਆਂ ਰਾਜਧਾਨੀਆਂ ਵਿੱਚ ਜਾਣ ਤੋਂ ਨਹੀਂ ਸੀ ਰੋਕਿਆ। ਆਮ ਲੋਕ ਕਹਿੰਦੇ ਹਨ ਕਿ ਸਰਕਾਰ ਨੂੰ ਕਿਸਾਨਾਂ ਦਾ ਮਸਲਾ ਆਪਸੀ ਗੱਲਬਾਤ ਰਾਹੀਂ ਹਲ ਕਰਨਾ ਚਾਹੀਦਾ ਹੈ ਅਤੇ ਸ਼ੰਭੂ ਬੈਰੀਅਰ ਸਮੇਤ ਦਿੱਲੀ ਜਾਣ ਵਾਲੇ ਬੰਦ ਕੀਤੇ ਸਾਰੇ ਰਸਤੇ ਖੋਲ ਦੇਣੇ ਚਾਹੀਦੇ ਹਨ।

ਬਿਊਰੋ

Continue Reading

Latest News

Trending