Connect with us

Editorial

ਖਾਣੇ ਦੀ ਵੱਡੇ ਪੱਧਰ ਤੇ ਹੁੰਦੀ ਬਰਬਾਦੀ ਤੇ ਰੋਕ ਲਗਾਉਣ ਲਈ ਖੁਦ ਅੱਗੇ ਆਉਣ ਲੋਕ

Published

on

 

ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 80 ਕਰੋੜ ਵਿਅਕਤੀ ਅਜਿਹੇ ਹਨ ਜਿਹੜੇ ਖੁਦ ਕਮਾ ਕੇ ਆਪਣਾ ਪੇਟ ਭਰਨ ਦੇ ਸਮਰਥ ਨਹੀਂ ਹਨ ਅਤੇ ਇਸ ਵਾਸਤੇ ਕੇਂਦਰ ਸਰਕਾਰ ਵਲੋਂ ਇਹਨਾਂ ਨੂੰ ਹਰ ਮਹੀਨੇ 5 ਕਿਲੋ ਅਨਾਜ ਮੁਫਤ ਮੁਹਈਆ ਕਰਵਾਇਆ ਜਾਂਦਾ ਹੈ। ਦੂਜੇ ਪਾਸੇ ਸਾਡੇ ਦੇਸ਼ ਵਿੱਚ ਅਜਿਹੇ ਲੋਕ ਵੀ ਹਨ ਜਿਹਨਾਂ ਕੋਲ ਬੇਸ਼ੁਮਾਰ ਪੈਸਾ ਹੈ ਅਤ ਅਜਿਹੇ ਲੋਕਾਂ ਵਲੋਂ ਖਾਣੇ ਦੀ ਵੱਡੇ ਪੱਧਰ ਤੇ ਬਰਬਾਦੀ ਕੀਤੀ ਜਾਂਦੀ ਹੈ। ਇਸਤੋਂ ਇਲਾਵਾ ਮੈਰਿਜ ਪੈਲਿਸਾਂ ਅਤੇ ਹੋਰਨਾਂ ਥਾਵਾਂ ਵਿੱਚ ਹੋਣ ਵਾਲੀਆਂ ਵੱਡੀਆਂ ਪਾਰਟੀਆਂ ਵਿੱਚ ਖਾਣ ਪੀਣ ਦਾ ਅਜਿਹਾ ਸਾਮਾਨ ਵੱਡੀ ਮਾਤਰਾ ਵਿੱਚ ਬਰਬਾਦ ਕਰ ਦਿੱਤਾ ਜਾਂਦਾ ਹੈ ਜਿਸਨੂੰ ਇਹਨਾਂ ਪਾਰਟੀਆਂ ਦੇ ਖਤਮ ਹੋਣ ਤੋਂ ਬਾਅਦ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਜਾਂਦਾ ਹੈ।

ਇਹਨਾਂ ਪਾਰਟੀਆਂ ਦੌਰਾਨ ਇਹ ਆਮ ਵੇਖਣ ਵਿੱਚ ਆਉਂਦਾ ਹੈ ਕਿ ਇਹਨਾਂ ਵਿੱਚ ਮਹਿਮਾਨ ਬਣ ਕੇ ਪਹੁੰਚੇ ਲੋਕ ਖਾਣਾ ਖਾਣ ਵੇਲੇ ਪਹਿਲਾਂ ਤਾਂ ਆਪਣੀ ਪਲੇਟ ਨੂੰ ਖਾਣੇ ਦੇ ਸਾਮਾਨ ਨਾਲ ਪੂਰੀ ਤਰ੍ਹਾਂ ਭਰ ਲਂੈਦੇ ਹਨ ਅਤੇ ਜਦੋਂ ਬਾਅਦ ਵਿੱਚ ਉਹਨਾਂ ਤੋਂ ਉਹ ਸਾਮਾਨ ਖਾਇਆ ਨਹੀਂ ਜਾਂਦਾ ਤਾਂ ਉਹ ਉਸ ਨੂੰ ਪਲੇਟ ਵਿੱਚ ਹੀ ਛੱਡ ਦਿੰਦੇ ਹਨ। ਇਹਨਾਂ ਵਿੱਚੋਂ ਕਈ ਅਜਿਹੇ ਵੀ ਹੁੰਦੇ ਹਨ ਜਿਹੜੇ ਪਹਿਲਾਂ ਤਾਂ ਖਾਣੇ ਨਾਲ ਆਪਣੀ ਪੂਰੀ ਪਲੇਟ ਭਰ ਲੈਂਦੇ ਹਨ ਪਰੰਤੂ ਫਿਰ ਖਾਣਾ ਪਸੰਦ ਨਾ ਆਉਣ ਤੇ ਉਸ ਪਲੇਟ ਨੂੰ ਉੱਥੇ ਹੀ ਰੱਖ ਦਿੰਦੇ ਹਨ ਅਤੇ ਫਿਰ ਨਵੀਂ ਪਲੇਟ ਲੈ ਕੇ ਕੁੱਝ ਹੋਰ ਖਾਣਾ ਆਰੰਭ ਕਰ ਦਿੰਦੇ ਹਨ। ਅਜਿਹੇ ਮਹਿਮਾਨ ਖਾਣਾ ਖਾਂਦੇ ਘੱਟ ਹਨ ਪਰੰਤੂ ਖਾਣੇ ਦੀ ਬਰਬਾਦੀ ਬਹੁਤ ਜਿਆਦਾ ਕਰਦੇ ਹਨ। ਹਾਲਾਂਕਿ ਗੱਲ ਸਿਰਫ ਵਿਆਹ ਸਮਾਗਮਾਂ ਅਤੇ ਹੋਰ ਪਾਰਟੀਆਂ ਤਕ ਹੀ ਸੀਮਿਤ ਨਹੀਂ ਹੈ ਬਲਕਿ ਆਮ ਹੋਟਲਾਂ ਅਤੇ ਢਾਬਿਆਂ ਆਦਿ ਵਿੱਚ ਵੀ ਲੋਕ ਆਪਣੇ ਖਾਣ ਲਈ ਜਿਹੜਾ ਖਾਣਾ ਮੰਗਵਾਉਂਦੇ ਹਨ ਉਹ ਵੀ ਪੂਰਾ ਖਤਮ ਨਾ ਹੋਣ ਤੇ ਕੂੜੇ ਵਿੱਚ ਹੀ ਸੁੱਟਿਆ ਜਾਂਦਾ ਹੈ ਅਤੇ ਸਾਡੇ ਸ਼ਹਿਰ ਵਿੱਚ ਚਲਦੇ ਢਾਬਿਆਂ ਤੋਂ ਵੀ ਰੋਜਾਨਾ ਅਜਿਹੇ ਬਚੇ ਹੋਏ ਖਾਣੇ ਦੀਆਂ ਟ੍ਰਾਲੀਆਂ ਭਰ ਕੇ ਕੂੜੇ ਵਿੱਚ ਸੁੱਟੀਆਂ ਜਾਂਦੀਆਂ ਹਨ।

ਇਸ ਦੌਰਾਨ ਕੁੱਝ ਅਜਿਹੀਆਂ ਸੰਸਥਾਵਾਂ ਸਰਗਰਮ ਹੋ ਗਈਆਂ ਹਨ ਜਿਹੜੀਆਂ ਵੱਖ ਵੱਖ ਪਾਰਟੀਆਂ ਦੌਰਾਨ ਬਚੇ ਹੋਏ ਖਾਣੇ ਨੂੰ ਗਰੀਬਾਂ ਵਿੱਚ ਵੰਡਣ ਦਾ ਕੰਮ ਕਰਦੀਆਂ ਹਨ ਅਤੇ ਇਹਨਾਂ ਸੰਸਥਾਵਾਂ ਵਲੋਂ ਵਿਆਹ ਪਾਰਟੀਆਂ ਤੋਂ ਬਚਿਆ ਹੋਇਆ ਖਾਣਾ ਲੈ ਕੇ ਉਸਨੂੰ ਗਰੀਬ ਬਸਤੀਆਂ ਵਿੱਚ ਜਾ ਕੇ ਵੰਡਿਆ ਜਾਂਦਾ ਹੈ। ਇਹਨਾਂ ਸੰਸਥਾਵਾਂ ਦੀ ਇਹ ਸਹੂਲੀਅਤ ਮੁਫਤ ਹੁੰਦੀ ਹੈ, ਪਰੰਤੂ ਇਹ ਸੰਸਥਾਵਾਂ ਵੀ ਸਿਰਫ ਉਹੀ ਖਾਣਾ ਵੰਡਦੀਆਂ ਹਨ ਜਿਹੜਾ (ਖਾਣ ਵਾਲਿਆਂ ਦੀ ਗਿਣਤੀ ਘੱਟ ਹੋਣ ਕਾਰਨ) ਬਚ ਜਾਂਦਾ ਹੈ। ਪਰੰਤੂ ਜਿਹੜਾ ਖਾਣਾ ਲੋਕਾਂ ਵਲੋਂ ਜੂਠਾ ਕਰਕੇ ਬਰਬਾਦ ਕਰ ਦਿਤਾ ਜਾਂਦਾ ਹੈ, ਉਸ ਖਾਣੇ ਨੂੰਕੂੜੇ ਵਿੱਚ ਸੁੱਟਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿੰਦਾ। ਲੋਕਾਂ ਦੀਆਂ ਪਲੇਟਾਂ ਵਿੱਚ ਬਚਿਆ ਖੁਚਿਆ ਇਹ ਖਾਣਾ ਫਿਰ ਕੂੜੇ ਦੇ ਢੇਰ ਤੇ ਸੁੱਟ ਦਿਤਾ ਜਾਂਦਾ ਹੈ, ਜਿਥੋਂ ਗਰੀਬ ਬੱਚੇ ਅਤੇ ਆਵਾਰਾ ਕੁਤੇ ਇਸ ਬਚੇ ਖੁਚੇ ਖਾਣੇ ਲਈ ਆਪਸ ਵਿਚ ਲੜਦੇ ਵੇਖੇ ਜਾਂਦੇ ਹਨ।

ਖਾਣੇ ਦੀ ਇਸ ਤਰੀਕੇ ਨਾਲ ਕੀਤੀ ਜਾਂਦੀ ਬਰਬਾਦੀ ਸਿਰਫ ਪਾਰਟੀਆਂ ਅਤੇ ਹੋਟਲਾਂ ਵਿੱਚ ਹੀ ਨਹੀਂ ਹੁੰਦੀ ਬਲਕਿ ਲੋਕਾਂ ਵਲੋਂ ਆਪਣੇ ਘਰਾਂ ਵਿੱਚ ਵੀ ਖਾਣ ਪੀਣ ਦੇ ਸਾਮਾਨ ਦੀ ਕਾਫੀ ਬਰਬਾਦੀ ਕੀਤੀ ਜਾਂਦੀ ਹੈ। ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਖਾਣ ਪੀਣ ਦਾ ਕੋਈ ਸਾਮਾਨ ਸਿਰਫ ਇਸ ਲਈ ਵੀ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਕਿਉਂਕਿ ਸਵਾਦ ਨਾ ਲੱਗਣ ਕਾਰਨ ਘਰ ਦਾ ਕੋਈ ਮੈਂਬਰ ਉਸਨੂੰ ਖਾਣ ਲਈ ਤਿਆਰ ਨਹੀਂ ਹੁੰਦਾ। ਇਸਤੋਂ ਇਲਾਵਾ ਅਜਿਹੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ ਜਿਹੜੇ ਖਾਣੇ ਤੋਂ ਬਾਅਦ ਆਪਣੀ ਥਾਲੀ ਵਿੱਚ ਜੂਠ ਛੱਡਣ ਨੁੰ ਆਪਣੀ ਸ਼ਾਨ ਸਮਝਦੇ ਹਨ ਅਤੇ ਇਸ ਕਾਰਨ ਵੀ ਕਾਫੀ ਭੋਜਨ ਬਰਬਾਦ ਹੁੰਦਾ ਹੈ।

ਭੋਜਨ ਦੀ ਇਸ ਤਰੀਕੇ ਨਾਲ ਹੁੰਦੀ ਬਰਬਾਦੀ ਤੇ ਰੋਕ ਲਗਾਉਣ ਲਈ ਜਰੂਰੀ ਹੈ ਕਿ ਅਸੀਂ ਸਾਰੇ ਇਸ ਪਾਸੇ ਧਿਆਨ ਦੇਈਏ ਅਤੇ ਖਾਣਾ ਖਾਣ ਵੇਲੇ ਆਪਣੀਆਂ ਪਲੇਟਾਂ ਵਿੱਚ ਸਿਰਫ ਲੋੜ ਅਨੁਸਾਰ ਹੀ ਖਾਣਾ ਪਾਇਆ ਜਾਵੇ। ਖਾਣਾ ਘੱਟ ਹੋਣ ਤੇ ਤਾਂ ਪਲੇਟ ਵਿੱਚ ਦੁਬਾਰਾ ਪਾਇਆ ਜਾ ਸਕਦਾ ਹੈ ਪਰੰਤੂ ਜੇਕਰ ਵਾਧੂ ਖਾਣਾ ਬਚ ਜਾਵੇ ਤਾਂ ਫਿਰ ਉਸ ਬਚੀ ਹੋਈ ਜੂਠ ਨੂੰ ਸਿਰਫ ਕੂੜੇ ਵਿੱਚ ਹੀ ਸੁੱਟਿਆ ਜਾ ਸਕਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਪੱਖੋਂ ਸੁਚੇਤ ਹੋਣਾ ਚਾਹੀਦਾ ਹੈ ਅਤੇ ਭੋਜਨ ਦੀ ਵੱਡੇ ਪੱਧਰ ਤੇ ਹੁੰਦੀ ਇਸ ਬਰਬਾਦੀ ਤੇ ਕਾਬੂ ਕਰਨ ਲਈ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ ਤਾਂ ਜੋ ਇਸ ਤਰੀਕੇ ਨਾਲ ਹੁੰਦੀ ਅੰਨਾਜ ਦੀ ਇਸ ਬਰਬਾਦੀ ਤੇ ਰੋਕ ਲੱਗੇ ਅਤੇ ਇਹ ਲੋੜਵੰਦਾਂ ਤਕ ਪਹੁੰਚ ਸਕੇ।

Continue Reading

Editorial

ਲਗਾਤਾਰ ਵੱਧਦੀ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਪ੍ਰਭਾਵੀ ਹਲ ਲਈ ਕਾਰਵਾਈ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ

Published

on

By

 

 

ਸਾਡੇ ਸ਼ਹਿਰ ਵਿਚਲੀ ਆਵਾਰਾ ਕੁੱਤਿਆਂ ਦੀ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਸ਼ਹਿਰ ਦੀ ਉਸਾਰੀ ਦੇ ਮੁੱਢਲੇ ਪੜਾਅ ਤੋਂ ਹੀ ਇਹ ਸਮੱਸਿਆ ਚਲਦੀ ਆ ਰਹੀ ਹੈ ਜਿਹੜੀ ਪਿਛਲੇ ਕੁੱਝ ਸਾਲਾਂ ਦੌਰਾਨ ਬਹੁਤ ਜਿਆਦਾ ਵੱਧ ਗਈ ਹੈ। ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਆਵਾਰਾ ਕੁੱਤਿਆਂ ਦੇ ਅਜਿਹੇ ਝੁੰਡ ਆਮ ਦੇਖੇ ਜਾ ਸਕਦੇ ਹਨ, ਜਿਹੜੇ ਨਾ ਸਿਰਫ ਆਉਂਦੇ ਜਾਂਦੇ ਲੋਕਾਂ ਦੇ ਮਗਰ ਭੱਜ ਪੈਂਦੇ ਹਨ ਬਲਕਿ ਇਹ ਲੋਕਾਂ ਦੀ ਜਾਨ ਦਾ ਖੌਅ ਬਣ ਚੁੱਕੇ ਹਨ। ਆਵਾਰਾ ਕੁੱਤਿਆਂ ਦੇ ਇਹ ਝੁੰਡ ਉਹਨਾਂ ਖੇਤਰਾਂ ਵਿੱਚ ਹੋਰ ਵੀ ਜਿਆਦਾ ਨਜਰ ਆਉਂਦੇ ਹਨ ਜਿੱਥੇ ਮੀਟ, ਮੱਛੀ ਅਤੇ ਖਾਣ ਪੀਣ ਦਾ ਅਜਿਹਾ ਹੋਰ ਸਾਮਾਨ ਵਿਕਦਾ ਹੈ ਅਤੇ ਅਜਿਹੀਆਂ ਥਾਵਾਂ ਤੇ ਇਹਨਾਂ ਕੁੱਤਿਆਂ ਨੂੰ ਪੇਟ ਭਰਨ ਲਈ ਇਸ ਸਾਮਾਨ ਦੀ ਰਹਿੰਦ ਖੁਹੰਦ ਆਸਾਨੀ ਨਾਲ ਹਾਸਿਲ ਹੋ ਜਾਂਦੀ ਹੈ। ਕੱਚਾ ਮੀਟ ਖਾਣ ਵਾਲੇ ਇਹ ਕੁੱਤੇ ਹੋਰ ਵੀ ਖਤਰਨਾਕ ਹੋ ਚੁੱਕੇ ਹਨ ਹਨ ਕਿਉਂਕਿ ਇਹਨਾਂ ਦੇ ਮੂੰਹ ਨੂੰ ਖੂਨ ਲੱਗਣ ਕਾਰਨ ਇਹ ਹਰ ਵੇਲੇ ਕਿਸੇ ਤੇ ਹਮਲਾ ਕਰਨ ਲਈ ਤਿਆਰ ਰਹਿੰਦੇ ਹਨ।

ਇਹ ਕੁੱਤੇ ਮੁੱਖ ਤੌਰ ਤੇ ਬਜੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਕਿਉਂਕਿ ਉਹ ਕਮਜੋਰ ਹੋਣ ਕਾਰਨ ਇਹਨਾਂ ਕੁੱਤਿਆਂ ਦਾ ਸਾਮ੍ਹਣਾ ਨਹੀਂ ਕਰ ਪਾਉਂਦੇ, ਜਿਸ ਕਾਰਨ ਇਹਨਾਂ ਕੁੱਤਿਆਂ ਦੀ ਦਹਿਸ਼ਤ ਹੋਰ ਵੀ ਵੱਧ ਗਈ ਹੈ। ਪਿਛਲੇ ਸਾਲਾਂ ਦੌਰਾਨ ਆਵਾਰਾ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਏ ਜਾਣ ਦੇ ਮਾਮਲੇ ਵੀ ਲਗਾਤਾਰ ਵੱਧਦੇ ਰਹੇ ਹਨ ਅਤੇ ਇਹਨਾਂ ਕੁੱਤਿਆਂ ਵਲੋਂ ਆਏ ਦਿਨ ਕਿਸੇ ਬੱਚੇ, ਬਜੁਰਗ ਜਾਂ ਮਹਿਲਾ ਨੂੰ ਵੱਢਣ ਦਾ ਕੋਈ ਨਾ ਕੋਈ ਮਾਮਲਾ ਸਾਮ੍ਹਣੇ ਆ ਜਾਂਦਾ ਹੈ।

ਸ਼ਹਿਰ ਵਿਚਲੀ ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਕਾਰਨ ਸ਼ਹਿਰ ਵਾਸੀ ਬੁਰੀ ਤਰ੍ਹਾਂ ਤੰਗ ਹਨ। ਹੁਣ ਤਾਂ ਸ਼ਹਿਰ ਦੇ ਪਾਰਕਾਂ (ਜਿੱਥੇ ਲੋਕ ਸਵੇਰੇ ਸ਼ਾਮ ਸੈਰ ਕਰਦੇ ਹਨ) ਵਿੱਚ ਵੀ ਇਨ੍ਹਾਂ ਆਵਾਰਾ ਕੁੱਤਿਆਂ ਨੇ ਆਪਣੇ ਪੱਕੇ ਟਿਕਾਣੇ ਬਣਾ ਲਏ ਹਨ ਜਿੱਥੇ ਇਹ ਸੈਰ ਕਰਨ ਵਾਲਿਆਂ ਤਕ ਨੂੰ ਵੱਢ-ਖਾਣ ਨੂੰ ਪੈਂਦੇ ਹਨ। ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ਕਿਨਾਰੇ ਡੇਰਾ ਜਮਾ ਕੇ ਬੈਠਣ ਵਾਲੇ ਇਹ ਆਵਾਰਾ ਕੁੱਤੇ ਅਕਸਰ ਆਉਂਦੇ ਜਾਂਦੇ ਲੋਕਾਂ ਨੂੰ ਭੌਂਕਦੇ ਹੋਏ ਉਹਨਾਂ ਦੇ ਪਿੱਛੇ ਭੱਜ ਪੈਂਦੇ ਹਨ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਇਹ ਆਵਾਰਾ ਕੁੱਤੇ ਆਪਸ ਵਿੱਚ ਹੀ ਲੜ ਪੈਂਦੇ ਹਨ ਅਤੇ ਆਉਂਦੇ ਜਾਂਦੇ ਲੋਕਾਂ ਅਤੇ ਵਾਹਨਾਂ ਵਿੱਚ ਵੱਜਦੇ ਹਨ।

ਇਸ ਦੌਰਾਨ ਪਿੰਡਾਂ ਵਿੱਚ ਵੀ ਆਵਾਰਾ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਕੱਟਣ ਦੇ ਲਗਾਤਾਰ ਵੱਧਦੇ ਮਾਮਲਿਆਂ ਕਾਰਣ ਪਿੰਡਾਂ ਦੇ ਵਸਨੀਕਾਂ ਵਲੋਂ ਸਮੇਂ ਸਮੇਂ ਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ ਪਰੰਤੂ ਪ੍ਰਸ਼ਾਸ਼ਨ ਇਸ ਸਮੱਸਿਆ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਆਵਾਰਾ ਕੁੱਤਿਆਂ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਉਹਨਾਂ ਲੋਕਾਂ ਨੂੰ ਸਹਿਣੀ ਪੈਂਦੀ ਹੈ ਜਿਹੜੇ ਰਾਤ ਨੂੰ ਦੋਪਹੀਆ ਵਾਹਨਾਂ ਤੇ ਆਪਣੇ ਘਰਾਂ ਨੂੰ ਪਰਤਦੇ ਹਨ ਅਤੇ ਰਾਹ ਵਿੱਚ ਇਹ ਆਵਾਰਾ ਕੁੱਤੇ ਅਚਾਨਕ ਹੀ ਉਹਨਾਂ ਦੇ ਪਿੱਛੇ ਪੈ ਜਾਂਦੇ ਹਨ। ਇਹਨਾਂ ਦੇ ਡਰ ਨਾਲ ਕਈ ਵਾਰ ਦੋਪਹੀਆ ਚਾਲਕ ਆਪਣੇ ਵਾਹਨ ਤੋਂ ਕਾਬੂ ਗਵਾ ਬੈਠਦੇ ਹਨ ਅਤੇ ਸੜਕ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ।

ਪ੍ਰਸ਼ਾਸ਼ਨ ਵਲੋਂ ਇਸ ਸਮੱਸਿਆ ਦੇ ਹਲ ਲਈ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਪਹਿਲਾਂ ਆਵਾਰਾ ਕੁੱਤਿਆਂ ਨੂੰ ਫੜ ਕੇ ਮਾਰ ਦਿੱਤਾ ਜਾਂਦਾ ਸੀ, ਪਰੰਤੂ ਬਾਅਦ ਵਿੱਚ ਅਦਾਲਤ ਵਲੋਂ ਆਵਾਰਾ ਕੁੱਤਿਆਂ ਨੂੰ ਫੜ ਕੇ ਮਾਰਨ ਦੀ ਕਾਰਵਾਈ ਤੇ ਰੋਕ ਲਗਾ ਦਿੱਤੇ ਜਾਣ ਤੋਂ ਬਾਅਦ ਤੋਂ ਆਵਾਰਾ ਕੁੱਤਿਆਂ ਦੀ ਇਹ ਸਮੱਸਿਆ ਲਗਾਤਾਰ ਵੱਧਦੀ ਰਹੀ ਹੈ। ਇਸ ਦੌਰਾਨ ਪ੍ਰਸ਼ਾਸ਼ਨ ਵਲੋਂ ਕੁੱਤਿਆਂ ਦੀ ਨਸਬੰਦੀ ਕਰਕੇ ਇਹਨਾਂ ਦੀ ਆਬਾਦੀ ਤੇ ਕਾਬੂ ਕਰਨ ਦਾ ਯਤਨ ਤਾਂ ਕੀਤਾ ਜਾਂਦਾ ਹੈ ਪਰੰਤੂ ਇਹ ਤਰੀਕਾ ਵੀ ਕਾਮਯਾਬ ਨਹੀਂ ਹੈ ਅਤੇ ਇਸ ਵੇਲੇ ਹਾਲਾਤ ਇਹ ਹਨ ਕਿ ਹੁਣ ਇਹ ਸਮੱਸਿਆ ਪੂਰੀ ਤਰ੍ਹਾਂ ਬੇਕਾਬੂ ਹੋ ਗਈ ਹੈ।

ਇਸ ਸਮੱਸਿਆ ਨੂੰ ਹਲ ਕਰਨਾ ਪ੍ਰਸ਼ਾਸ਼ਨ ਦੀ ਜ਼ਿੰਮੇਵਾਰੀ ਹੈ ਪਰੰਤੂ ਸਥਾਨਕ ਪ੍ਰਸ਼ਾਸ਼ਨ ਇਸ ਸਮੱਸਿਆ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ ਆਮ ਲੋਕਾਂ ਨੂੰ ਵੱਢਦੇ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਪ੍ਰਭਾਵੀ ਕਾਰਵਾਈ ਨੂੰ ਯਕੀਨੀ ਬਣਾਏ ਅਤੇ ਜੇਕਰ ਅਦਾਲਤ ਵਲੋਂ ਆਵਾਰਾ ਕੁੱਤਿਆਂ ਨੂੰ ਮਾਰਨ ਤੇ ਰੋਕ ਲਗਾਈ ਵੀ ਗਈ ਹੈ ਤਾਂ ਵੀ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਬਦਲਵੇਂ ਪ੍ਰਬੰਧ ਕੀਤੇ ਜਾਣ। ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਆਵਾਰਾ ਕੁੱਤਿਆਂ ਦੀ ਇਸ ਦਹਿਸ਼ਤ ਤੋਂ ਛੁਟਕਾਰਾ ਹਾਸਿਲ ਹੋਵੇ।

Continue Reading

Editorial

ਕੈਨੇਡਾ-ਭਾਰਤ ਤਨਾਓ ਦਾ ਪੰਜਾਬੀਆਂ ਤੇ ਵੀ ਪਵੇਗਾ ਅਸਰ

Published

on

By

 

 

ਪੜ੍ਹਾਈ ਲਈ ਹੋਰਨਾਂ ਦੇਸ਼ਾਂ ਵੱਲ ਰੁਖ ਕਰਨ ਲੱਗੇ ਵਿਦਿਆਰਥੀ

ਭਾਰਤ ਅਤੇ ਕੈਨੇਡਾ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਚਲ ਰਹੇ ਤਨਾਓ ਕਾਰਨ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਵਿਚਾਲੇ ਚਿੰਤਾ ਪਾਈ ਜਾ ਰਹੀ ਹੈ। ਪੰਜਾਬੀਆਂ ਨੂੰ ਵੀ ਇਹ ਚਿੰਤਾ ਸਤਾ ਰਹੀ ਹੈ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਤਨਾਓ ਦਾ ਅਸਰ ਪੰਜਾਬੀਆਂ ਤੇ ਵੀ ਹੋ ਸਕਦਾ ਹੈ। ਕੈਨੇਡਾ ਵਿੱਚ ਵੱਡੀ ਗਿਣਤੀ ਪੰਜਾਬੀ ਰਹਿੰਦੇ ਹਨ, ਜਿਹਨਾਂ ਦੇ ਪਰਿਵਾਰ ਪੰਜਾਬ ਵਿੱਚ ਰਹਿੰਦੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਵੱਡੀ ਗਿਣਤੀ ਵਿਦਿਆਰਥੀ ਵੀ ਕੈਨੇਡਾ ਪੜਾਈ ਕਰਨ ਲਈ ਗਏ ਹੋਏ ਹਨ, ਜਿਸ ਕਾਰਨ ਇਹਨਾਂ ਵਿਦਿਆਰਥੀਆਂ ਦੇ ਮਾਪੇ ਵੀ ਚਿੰਤਤ ਹੋ ਰਹੇ ਹਨ।

ਕੈਨੇਡਾ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਪਹਿਲਾਂ ਹੀ ਬੇਰੁਜ਼ਗਾਰੀ, ਮਹਿੰਗਾਈ, ਘੱਟ ਰਿਹਾਇਸ਼ ਅਤੇ ਕੰਮ ਦੇ ਮੌਕੇ ਘੱਟ ਹੋਣ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਭਾਰਤ ਨਾਲ ਜਾਰੀ ਤਨਾਓ ਦੌਰਾਨ ਉਥੇ ਇੱਕ ਧਾਰਮਿਕ ਸਥਾਨ ਤੇ ਸ਼ਰਧਾਲੂਆਂ ਦੀ ਕੀਤੀ ਗਈ ਕੁੱਟਮਾਰ ਨੇ ਵੱਡੀ ਚਿੰਤਾ ਖੜੀ ਕਰ ਦਿਤੀ ਹੈ। ਕੈਨੇਡਾ ਦੇ ਮੂਲ ਵਸਨੀਕ ਭਾਵੇਂ ਪਰਵਾਸੀਆਂ ਦਾ ਵਿਰੋਧ ਕਰ ਰਹੇ ਹਨ ਪਰ ਉਹ ਆਪਣੇ ਦੇਸ਼ ਵਿੱਚ ਸ਼ਾਂਤੀ ਚਾਹੁੰਦੇ ਹਨ। ਕੈਨੇਡੀਅਨ ਲੋਕ ਕਹਿਣ ਲੱਗ ਪਏ ਹਨ ਕਿ ਜੇ ਪਰਵਾਸੀ ਲੋਕਾਂ ਨੇ ਕੈਨੇਡਾ ਵਿੱਚ ਭੜਥੂ ਪਾਉਣਾ ਹੈ ਤਾਂ ਉਹ ਆਪਣੇ ਦੇਸ਼ ਵਾਪਸ ਚਲੇ ਜਾਣ। ਜਿਹੜੇ ਐਨ ਆਰ ਆਈ ਪੰਜਾਬੀ ਕੈਨੇਡਾ ਤੋਂ ਪੰਜਾਬ ਆਏ ਹੋਏ ਹਨ, ਉਹਨਾਂ ਵਿੱਚ ਵੀ ਚਿੰਤਾ ਪਾਈ ਜਾ ਰਹੀ ਹੈ ਕਿ ਕਿਤੇ ਭਾਰਤ ਕੈਨੇਡਾ ਵਿਚਾਲੇ ਤਨਾਓ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਹਵਾਈ ਸੇਵਾ ਨਾ ਬੰਦ ਹੋ ਜਾਵੇ।

ਕੈਨੇਡਾ ਅਤੇ ਭਾਰਤ ਵਿਚਾਲੇ ਤਨਾਓ ਦੇ ਚਲਦਿਆਂ ਪੰਜਾਬ ਤੋਂ ਪੜਾਈ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਵਿੱਚ ਵੀ ਕਮੀ ਆ ਰਹੀ ਹੈ ਅਤੇ ਪੰਜਾਬੀ ਵਿਦਿਆਰਥੀਆਂ ਨੇ ਹੁਣ ਕੈਨੇਡਾ ਦੀ ਥਾਂ ਹੋਰਨਾਂ ਦੇਸ਼ਾਂ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ। ਆਈ. ਡੀ. ਪੀ. ਐਜੂਕੇਸ਼ਨ ਐਮਰਜਿੰਗ ਫਿਊਚਰਜ਼ ਦੁਆਰਾ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਅਨੁਸਾਰ 20 ਅਗਸਤ, 2024 ਤੋਂ 16 ਸਤੰਬਰ, 2024 ਵਿਚਕਾਰ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਸੰਦੀਦਾ ਦੇਸ਼ ਵਜੋਂ ਆਸਟ੍ਰੇਲੀਆ ਅਤੇ ਅਮਰੀਕਾ ਨੇ ਕੈਨੇਡਾ ਨੂੰ ਪਛਾੜ ਦਿੱਤਾ ਹੈ।

ਸਰਵੇਖਣ ਅਨੁਸਾਰ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਮੁੱਖ ਵਿਸ਼ਿਆਂ ਬਾਰੇ ਇੰਟਰਵਿਊ ਕੀਤੀ ਗਈ ਸੀ, ਜਿਵੇਂ ਕਿ ਗਲੋਬਲ ਨੀਤੀਆਂ ਦੇ ਪ੍ਰਭਾਵ ਅਤੇ ਇੱਕ ਸੰਸਥਾ ਦੀ ਚੋਣ। ਸਰਵੇਖਣ ਵਿੱਚ 114 ਵੱਖ-ਵੱਖ ਦੇਸ਼ਾਂ ਦੇ 6,000 ਤੋਂ ਵੱਧ ਲੋਕ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚੋਂ 56 ਫੀਸਦੀ ਪੋਸਟ ਗ੍ਰੈਜੂਏਟ ਪੱਧਰ ਅਤੇ 27 ਪ੍ਰਤੀਸ਼ਤ ਗ੍ਰੈਜੂਏਟ ਪੱਧਰ ਦੇ ਸਨ। ਇਸ ਤੋਂ ਪਤਾ ਚਲ ਜਾਂਦਾ ਹੈ ਕਿ ਹੁਣ ਪੰਜਾਬੀ ਵਿਦਿਆਰਥੀਆਂ ਲਈ ਕੈਨੇਡਾ ਪਹਿਲੀ ਪਸੰਦ ਨਹੀਂ ਰਿਹਾ ਬਲਕਿ ਉਹ ਹੁਣ ਹੋਰਨਾਂ ਦੇਸ਼ਾਂ ਵੱਲ ਰੁਖ ਕਰ ਰਹੇ ਹਨ।

ਇਸ ਸਮੇਂ ਵੱਡੀ ਗਿਣਤੀ ਪੰਜਾਬੀਆਂ ਦੀਆਂ ਨਜ਼ਰਾਂ ਕੈਨੇਡਾ ਅਤੇ ਭਾਰਤ ਦੇ ਆਪਸੀ ਸਬੰਧਾਂ ਵੱਲ ਲੱਗੀਆਂ ਹੋਈਆਂ ਹਨ। ਕੁਝ ਭਾਰਤੀ ਲੋਕ ਇਹਨਾਂ ਸਬੰਧਾਂ ਵਿੱਚ ਵਿਗਾੜ ਲਈ ਟਰੂਡੋ ਸਰਕਾਰ ਨੂੰ ਜ਼ਿੰਮੇਵਾਰ ਸਮਝ ਰਹੇ ਹਨ, ਜਦੋਂਕਿ ਕੁਝ ਲੋਕ ਹਾਲਾਤਾਂ ਨੂੰ ਇਸ ਲਈ ਜ਼ਿੰਮੇਵਾਰ ਸਮਝ ਰਹੇ ਹਨ। ਆਮ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕੈਨੇਡਾ ਅਤੇ ਭਾਰਤ ਵਿਚਾਲੇ ਪੈਦਾ ਹੋਏ ਤਨਾਓ ਨੂੰ ਕਿਸ ਤਰੀਕੇ ਨਾਲ ਘੱਟ ਕੀਤਾ ਜਾ ਸਕਦਾ ਹੈ। ਇਹ ਤਨਾਓ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬੀਆਂ ਵਿੱਚ ਵੀ ਇਹ ਭਾਵਨਾ ਪਾਈ ਜਾਣ ਲੱਗੀ ਹੈ ਕਿ ਇਸ ਤਨਾਓ ਦਾ ਕੈਨੇਡਾ ਰਹਿ ਰਹੇ ਐਨ. ਆਰ. ਆਈ. ਪੰਜਾਬੀਆਂ ਅਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਤੇ ਵੀ ਅਸਰ ਹੋ ਸਕਦਾ ਹੈ।

ਬਿਊਰੋ

 

Continue Reading

Editorial

ਮਹਿੰਗਾਈ ਵਿੱਚ ਵਾਧੇ ਨੂੰ ਰੋਕਣ ਵਿੱਚ ਸਰਕਾਰ ਨਾਕਾਮ

Published

on

By

 

ਖਰਚਿਆਂ ਵਿੱਚ ਵਾਧੇ ਨੇ ਹਿਲਾਇਆ ਲੋਕਾਂ ਦਾ ਘਰੇਲੂ ਬਜਟ

ਦੇਸ਼ ਭਰ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਮਹਿੰਗਾਈ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਰਕੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਆਗੂ ਕਹਿ ਰਹੇ ਹਨ ਕਿ ਭਾਰਤ ਵਿੱਚ ਦਿਨੋਂ ਦਿਨ ਮਹਿੰਗਾਈ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਵਿੱਚ ਕੇਂਦਰ ਸਰਕਾਰ ਪੂਰੀ ਤਰਾਂ ਨਾਕਾਮ ਹੋ ਗਈ ਹੈ। ਪਿਛਲੇ ਦਿਨਾਂ ਦੌਰਾਨ ਤਿਉਹਾਰਾਂ ਮੌਕੇ ਵੀ ਮਹਿੰਗਾਈ ਵਿੱਚ ਬਹੁਤ ਵਾਧਾ ਹੋਇਆ ਜੋ ਕਿ ਅਜੇ ਤਕ ਜਾਰੀ ਹੈ। ਕੇਂਦਰ ਸਰਕਾਰ ਨੇ ਮਹਿੰਗਾਈ ਨੂੰ ਰੋਕਣ ਲਈ ਠੋਸ ਉਪਰਾਲੇ ਤਾਂ ਕੀ ਕਰਨੇ ਸਨ ਉਲਟਾ ਮਹਿੰਗਾਈ ਵਿੱਚ ਵਾਧੇ ਨੂੰ ਰੋਕਣ ਲਈ ਕੁੱਝ ਵੀ ਨਹੀਂ ਕੀਤਾ ਬਲਕਿ ਕਿਹਾ ਜਾਵੇ ਤਾਂ ਗੋਹਲੇ ਵਿਚੋਂ ਪੂਣੀ ਵੀ ਨਹੀਂ ਕੱਤੀ, ਜਿਸ ਕਰਕੇ ਮਹਿੰਗਾਈ ਬੇਲਗਾਮ ਹੋ ਰਹੀ ਹੈ।

ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਦੋਸ਼ ਲਗਾ ਰਹੀਆਂ ਹਨ ਕਿ ਕੇਂਦਰ ਦੀ ਮੋਦੀ ਸਰਕਾਰ ਪੂੰਜੀਪਤੀਆਂ ਅਤੇ ਕਾਰਪੋਰੇਟ ਪੱਖੀ ਹੈ, ਜਿਸ ਕਰਕੇ ਇਸ ਦੀਆਂ ਨੀਤੀਆਂ ਸਿਰਫ ਧਨਾਢਾਂ ਤੇ ਧੰਨਾ ਸੇਠਾਂ ਨੂੰ ਲਾਭ ਪਹੁੰਚਾਉਂਦੀਆਂ ਹਨ, ਜਦੋਂਕਿ ਆਮ ਲੋਕ ਮਹਿੰਗਾਈ ਦੀ ਚੱਕੀ ਵਿੱਚ ਪੀਸੇ ਜਾ ਰਹੇ ਹਨ। ਹਾਲਾਤ ਇਹ ਹੋ ਗਏ ਹਨ ਕਿ ਹੈ ਕਿ ਸਰਕਾਰ ਪੱਖੀ ਮੀਡੀਆ ਅਤੇ ਅੰਧ ਭਗਤ ਮਹਿੰਗਾਈ ਵਿੱਚ ਹੋ ਰਹੇ ਵਾਧੇ ਬਾਰੇ ਚਿੰਤਾ ਕਰਨ ਦੀ ਥਾਂ ਅਮਰੀਕਾ ਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਮਹਿੰਗਾਈ ਵਿੱਚ ਹੋ ਰਹੇ ਵਾਧੇ ਦੀ ਉਦਾਹਰਨ ਦੇ ਕੇ ਕਹਿੰਦੇਹਨ ਕਿ ਉਹਨਾਂ ਦੇਸ਼ਾਂ ਵਿੱਚ ਸਮਾਨ ਭਾਰਤ ਨਾਲੋਂ ਵੀ ਮਹਿੰਗਾ ਮਿਲਦਾ ਹੈ ਪਰ ਅਜਿਹੇ ਅੰਧ ਭਗਤਾਂ ਨੂੰ ਇਹ ਪਤਾ ਨਹੀਂ ਕਿ ਉਹਨਾਂ ਦੇਸ਼ਾਂ ਵਿੱਚ ਜੇ ਹਰ ਸਮਾਨ ਮਹਿੰਗਾ ਮਿਲਦਾ ਹੈ ਤਾਂ ਉਥੇ ਕਮਾਈ ਵੀ ਤਾਂ ਡਾਲਰਾਂ ਵਿੱਚ ਹੁੰਦੀ ਹੈ। ਇੱਕ ਅਮਰੀਕੀ ਡਾਲਰ ਦੇ ਭਾਰਤ ਵਿੱਚ ਕਿੰਨੇ ਰੁਪਏ ਬਣ ਜਾਂਦੇ ਹਨ, ਇਸ ਦਾ ਆਮ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ।

ਮਹਿੰਗਾਈ ਵਿੱਚ ਵਾਧੇ ਕਾਰਨ ਦੌਰਾਨ ਸਬਜੀਆਂ ਅਤੇ ਮਸਾਲਿਆਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਲੋਕਾਂ ਦੀਆਂ ਰਸੋਈਆਂ ਦਾ ਬਜਟ ਹਿਲਾ ਦਿੱਤਾ ਹੈ ਅਤੇ ਲੋਕ ਸਿਰਫ ਜਰੂਰੀ ਲੋੜ ਦਾ ਸਾਮਾਨ ਹੀ ਖਰੀਦ ਰਹੇ ਹਨ। ਲੋਕ ਅਕਸਰ ਕਹਿੰਦੇ ਹਨ ਕਿ ਜਿੰਨੇ ਪੈਸਿਆਂ ਵਿੱਚ ਪਹਿਲਾਂ ਦਸ ਕਿਲੋ ਸਬਜੀ ਆ ਜਾਂਦੀ ਸੀ, ਉਨੇ ਪੈਸਿਆਂ ਵਿੱਚ ਹੁਣ ਦੋ ਕਿਲੋ ਸਬਜੀ ਹੀ ਆਉਂਦੀ ਹੈ।

ਆਮ ਲੋਕਾਂ ਦੀ ਸਵਾਰੀ ਮੰਨਿਆ ਜਾਂਦਾ ਸਾਈਕਲ ਵੀ ਇੰਨਾ ਮਹਿੰਗਾ ਹੋ ਗਿਆ ਹੈ ਕਿ ਇਹ ਆਮ ਲੋਕਾਂ ਦੀ ਹੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਵਾਹਨ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਪਹਿਲਾਂ ਹੀ ਜ਼ਿਆਦਾ ਹੋਣ ਕਾਰਨ ਵੱਡੀ ਗਿਣਤੀ ਲੋਕ ਸਾਈਕਲ ਚਲਾਉਣ ਨੂੰ ਤਰਜੀਹ ਦੇਣ ਲੱਗੇ ਹਨ ਪਰ ਸਾਈਕਲ ਬਹੁਤ ਜਿਆਦਾ ਮਹਿੰਗੇ ਹੋਣ ਕਾਰਨ ਕਈ ਲੋਕ ਸਾਈਕਲ ਵੀ ਕਿਸ਼ਤਾਂ ਤੇ ਲੈਣ ਲੱਗ ਪਏ ਹਨ। ਇਹੋ ਜਿਹਾ ਹਾਲ ਹੀ ਹੋਰ ਸਾਮਾਨ ਦਾ ਹੋ ਗਿਆ ਹੈ। ਹਰ ਸਾਮਾਨ ਦੀਆਂ ਕੀਮਤਾਂ ਵਿੱਚ ਪਿਛਲੇ ਦਿਨਾਂ ਦੌਰਾਨ ਕਾਫ਼ੀ ਵਾਧਾ ਹੋ ਗਿਆ ਹੈ।

ਆਉਣ ਵਾਲੇ ਦਿਨਾਂ ਦੌਰਾਨ ਮਹਿੰਗਾਈ ਵਿੱਚ ਹੋਰ ਵਾਧਾ ਹੋਣ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ, ਜਿਸ ਕਰਕੇ ਆਮ ਲੋਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ, ਕਿਉਂਕਿ ਆਮ ਲੋਕਾਂ ਦੀ ਆਮਦਨੀ ਘੱਟ ਰਹੀ ਹੈ ਜਾਂ ਪਹਿਲਾਂ ਜਿੰਨੀ ਹੀ ਹੈ ਪਰ ਮਹਿੰਗਾਈ ਵਿੱਚ ਵਾਧੇ ਕਾਰਨ ਖਰਚੇ ਵੱਧ ਰਹੇ ਹਨ, ਜਿਸ ਕਾਰਨ ਆਮ ਲੋਕਾਂ ਦਾ ਘਰੇਲੂ ਬਜਟ ਬੁਰੀ ਤਰ੍ਹਾਂ ਗੜਬੜਾ ਰਿਹਾ ਹੈ।

ਬਿਊਰੋ

Continue Reading

Latest News

Trending