Mohali
4 ਸਾਲ ਬਾਅਦ ਆਰੰਭ ਹੋਈ ਮੁਲਤਾਨੀ ਅਗਵਾ ਮਾਮਲੇ ਦੀ ਸੁਣਵਾਈ
ਅਦਾਲਤ ਨੇ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਦੇ ਵਕੀਲ ਅਤੇ ਸਾਬਕਾ ਡੀ. ਐਸ. ਪੀ ਨੂੰ ਚਾਰਜਸ਼ੀਟ ਦੀ ਕਾਪੀ ਮੁਹੱਈਆ ਕਰਵਾਈ
ਐਸ ਏ ਐਸ ਨਗਰ, 4 ਨਵੰਬਰ (ਜਸਬੀਰ ਸਿੰਘ ਜੱਸੀ)1991 ਵਿਚ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਮੁਹਾਲੀ ਦੀ ਇਕ ਅਦਾਲਤ ਵਲੋਂ ਕਰੀਬ 4 ਸਾਲ ਬਾਅਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੇ ਵਕੀਲ ਐਚ. ਐਸ. ਧਨੋਆ ਅਤੇ ਸਾਬਕਾ ਡੀ. ਐਸ. ਪੀ ਕੇ. ਆਈ. ਪੀ ਸਿੰਘ ਨੂੰ ਚਾਰਜਸ਼ੀਟ ਦੀ ਕਾਪੀ ਦਿੱਤੀ ਗਈ ਹੈ। ਹੁਣ ਇਸ ਮਾਮਲੇ ਵਿੱਚ 26 ਨਵੰਬਰ ਨੂੰ ਗਵਾਹੀਆਂ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਇਸ ਮਾਮਲੇ ਵਿੱਚ ਐਸ.ਆਈ.ਟੀ ਵਲੋਂ ਦਸੰਬਰ 2020 ਵਿੱਚ ਸੁਮੇਧ ਸੈਣੀ ਵਿਰੁਧ ਧਾਰਾ-302, 364, 201, 344, 330, 219 ਅਤੇ 120 ਬੀ ਦੇ ਤਹਿਤ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਐਸ. ਆਈ. ਟੀ ਵਲੋਂ ਕਰੀਬ 500 ਪੇਜ਼ਾਂ ਦੀ ਦਾਖਲ ਕੀਤੀ ਗਈ ਚਾਰਜਸ਼ੀਟ ਵਿੱਚ 47 ਦੇ ਕਰੀਬ ਗਵਾਹ ਬਣਾਏ ਗਏ ਹਨ। ਜਾਂਚ ਟੀਮ ਵਲੋਂ ਸਾਬਕਾ ਸਬ ਇੰਸਪੈਕਟਰ ਜਗੀਰ ਸਿੰਘ ਅਤੇ ਥਾਣੇਦਾਰ ਕੁਲਦੀਪ ਸਿੰਘ ਨੂੰ ਵਾਅਦਾ ਮੁਆਫ ਗਵਾਹ ਬਣਾਇਆ ਗਿਆ ਹੈ, ਜਦੋਂ ਕਿ ਸਾਬਕਾ ਸਬ ਇੰਸਪੈਕਟਰ ਅਨੂਪ ਸਿੰਘ ਅਤੇ ਸਬ ਇੰਸਪੈਕਟਰ ਹਰ ਸਹਾਏ ਸ਼ਰਮਾਂ ਨੂੰ ਜਾਂਚ ਉਪਰੰਤ ਬੇਗੁਨਾਹ ਕਰਾਰ ਦੇ ਦਿੱਤਾ ਗਿਆ ਹੈ।
ਇਸ ਮਾਮਲੇ ਵਿੱਚ ਨਾਮਜ਼ਦ ਸਾਬਕਾ ਡੀ. ਐਸ. ਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਾਂਚ ਟੀਮ ਵਲੋਂ ਸਾਬਕਾ (ਡੀ. ਐਸ. ਪੀ) ਕੇ. ਆਈ. ਪੀ. ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਲੋਂ ਸਟੇਅ ਹੋਣ ਕਾਰਨ ਮੁਹਾਲੀ ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਨਹੀਂ ਹੋ ਸਕੀ ਸੀ। ਉਧਰ ਉੱਚ ਅਦਾਲਤ ਤੋਂ ਸੁਮੇਧ ਸੈਣੀ ਨੂੰ ਅਦਾਲਤ ਵਿੱਚ ਪੇਸ਼ੀ ਤੋਂ ਮਿਲੀ ਛੋਟ ਕਾਰਨ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ।
ਐਸ. ਆਈ. ਟੀ. ਮੁਤਾਬਕ ਸਾਬਕਾ ਆਈ. ਏ. ਐਸ. ਅਧਿਕਾਰੀ ਦਰਸ਼ਨ ਸਿੰਘ ਮੁਲਤਾਨੀ ਦੇ ਲੜਕੇ ਪਲਵਿੰਦਰ ਸਿੰਘ ਮੁਲਤਾਨੀ ਵਾਸੀ ਜਲੰਧਰ ਨੇ ਜਿਲਾ ਪੁਲੀਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੇ ਭਰਾ ਬਲਵੰਤ ਸਿੰਘ ਮੁਲਤਾਨੀ ਨੂੰ 11 ਦਸੰਬਰ 1991 ਦੀ ਸਵੇਰ ਉਸ ਸਮੇਂ ਦੇ ਚੰਡੀਗੜ੍ਹ ਦੇ ਐਸ. ਐਸ. ਪੀ. ਸੁਮੇਧ ਸਿੰਘ ਸੈਣੀ ਦੇ ਹੁਕਮਾਂ ਤੇ ਡੀ. ਐਸ. ਪੀ. ਬਲਦੇਵ ਸਿੰਘ ਸੈਣੀ ਅਤੇ ਹੋਰਨਾਂ ਨੇ ਮੁਹਾਲੀ ਦੇ ਫੇਜ਼-7 ਵਿਚਲੇ ਘਰੋਂ ਚੁੱਕ ਲਿਆ ਸੀ। ਚੰਡੀਗੜ੍ਹ ਪੁਲੀਸ ਵਲੋਂ ਬਲਵੰਤ ਸਿੰਘ ਮੁਲਤਾਨੀ ਨੂੰ ਚੁੱਕ ਕੇ ਫੇਜ਼-10 ਵਿਖੇ ਹਾਊਸਫੈਡ ਦੇ ਫਲੈਟਾਂ ਵਿੱਚ ਲਿਜਾਇਆ ਗਿਆ, ਜਿਥੇ ਜਸਪ੍ਰੀਤ ਇੰਦਰਜੀਤ ਸਿੰਘ ਅਤੇ ਮਨਜੀਤ ਸਿੰਘ ਨੂੰ ਚੁੱਕਿਆ ਗਿਆ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਭਾਲ ਵਿੱਚ ਸਾਰਿਆਂ ਨੂੰ ਬਠਿੰਡਾ ਲਿਜਾਇਆ ਗਿਆ। ਚੰਡੀਗੜ੍ਹ ਪੁਲੀਸ ਵਲੋਂ ਬਠਿੰਡਾ ਦੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਪz: ਭੁੱਲਰ ਦੇ ਪਿਤਾ ਨੂੰ ਚੁੱਕਿਆ ਗਿਆ ਅਤੇ ਰਾਹ ਵਿੱਚ ਆਉਂਦਿਆ ਪ੍ਰੋ: ਭੁੱਲਰ ਦੇ ਸਹੁਰੇ ਨੂੰ ਵੀ ਚੁੱਕ ਲਿਆ ਗਿਆ ਅਤੇ ਸਾਰਿਆਂ ਨੂੰ ਚੰਡੀਗੜ੍ਹ ਦੇ ਸੀ. ਆਈ. ਏ. ਸਟਾਫ ਲਿਆਂਦਾ ਗਿਆ ਸੀ।
ਸ਼ਿਕਾਇਕਰਤਾ ਮੁਤਾਬਕ ਚੰਡੀਗੜ੍ਹ ਪੁਲੀਸ ਵਲੋਂ ਉਸ ਸਮੇਂ ਉਸ ਦੇ ਭਰਾ ਬਲਵੰਤ ਸਿੰਘ ਮੁਲਤਾਨੀ ਸਮੇਤ ਸਾਰਿਆਂ ਨੂੰ ਤਸੀਹੇ ਦਿੱਤੇ ਗਏ ਅਤੇ ਬਾਅਦ ਵਿੱਚ ਉਸ ਦੇ ਭਰਾ ਨੂੰ ਸੁਮੇਧ ਸੈਣੀ ਤੇ ਹੋਏ ਹਮਲੇ ਵਿੱਚ ਗ੍ਰਿਫਤਾਰ ਦਿਖਾਇਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਕਾਦੀਆਂ ਥਾਣੇ ਵਿੱਚੋਂ ਫਰਾਰ ਦਿਖਾ ਕੇ ਇਕ ਹੋਰ ਵੱਖਰਾ ਮਾਮਲਾ ਵੀ ਦਰਜ ਕੀਤਾ ਗਿਆ।
ਉਧਰ ਇਸ ਮਾਮਲੇ ਵਿੱਚ ਕਈ ਪ੍ਰਾਈਵੇਟ ਗਵਾਹ ਵੀ ਸਾਹਮਣੇ ਆਏ ਹਨ, ਜਿਨਾਂ ਮੁਤਾਬਕ ਬਲਵੰਤ ਸਿੰਘ ਮੁਲਤਾਨੀ ਨੂੰ ਸੈਕਟਰ-17 ਚੰਡੀਗੜ੍ਹ ਦੇ ਥਾਣੇ ਲਿਆਂਦਾ ਗਿਆ, ਜਿਥੇ ਉਸ ਤੇ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ। ਇਸ ਮਾਮਲੇ ਵਿੱਚ ਵਾਅਦਾ ਮੁਆਫ ਗਵਾਹਾਂ ਵਲੋਂ ਅਦਾਲਤ ਵਿੱਚ ਦਿੱਤੇ ਬਿਆਨਾਂ ਵਿੱਚ ਸਪੱਸ਼ਟ ਕਿਹਾ ਗਿਆ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਕਾਦੀਆਂ ਲਿਜਾਇਆ ਹੀ ਨਹੀਂ ਗਿਆ ਸੀ।
Mohali
ਦੋ ਨੌਜਵਾਨਾਂ ਨੂੰ ਅਗਵਾ ਕਰਕੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ਵਿੱਚ ਤਤਕਾਲੀ ਐਸ. ਐਚ. ਓ ਸਮੇਤ 3 ਪੁਲੀਸ ਵਾਲੇ ਦੋਸ਼ੀ ਕਰਾਰ
ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਜੇਲ ਭੇਜਣ ਦੇ ਹੁਕਮ ਦਿੱਤੇ, ਭਲਕੇ ਸੁਣਾਈ ਜਾਵੇਗੀ ਸਜਾ
ਐਸ ਏ ਐਸ ਨਗਰ, 23 ਦਸੰਬਰ (ਜਸਬੀਰ ਸਿੰਘ ਜੱਸੀ) 1992 ਵਿੱਚ ਦੋ ਨੌਜਵਾਨਾਂ ਨੂੰ ਅਗਵਾ ਕਰਕੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਅਤੇ ਲਾਸ਼ਾਂ ਨੂੰ ਅਣਪਛਾਤੇ ਦੱਸ ਕੇ ਸਸਕਾਰ ਕਰਨ ਦੇ ਮਾਮਲੇ ਵਿੱਚ ਸੀ. ਬੀ. ਆਈ ਦੇ ਸਪੈਸ਼ਲ ਜੱਜ ਰਾਕੇਸ਼ ਗੁਪਤਾ ਦੀ ਅਦਾਲਤ ਵਲੋਂ ਸੀ. ਬੀ. ਆਈ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਸ ਸਮੇਂ ਦੇ ਥਾਣਾ ਸਿਟੀ ਤਰਨਤਾਰਨ ਦੇ ਇੰਚਾਰਜ ਰਹੇ ਗੁਰਬਚਨ ਸਿੰਘ, ਏ. ਐਸ. ਆਈ ਰੇਸ਼ਮ ਸਿੰਘ ਅਤੇ ਪੁਲੀਸ ਕਰਮਚਾਰੀ ਹੰਸ ਰਾਜ ਸਿੰਘ ਨੂੰ ਧਾਰਾ 302 ਅਤੇ 120ਬੀ ਵਿੱਚ ਦੋਸ਼ੀ ਕਰਾਰ ਦਿੰਦਿਆ ਤਿੰਨਾ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਜੇਲ ਭੇਜਣ ਦੇ ਹੁਕਮ ਦਿੱਤੇ ਹਨ। ਸੀ.ਬੀ.ਆਈ ਅਦਾਲਤ ਵਲੋਂ ਤਿੰਨਾ ਦੋਸ਼ੀਆਂ ਨੂੰ ਭਲਕੇ ਮੰਗਲਵਾਰ ਸਜਾ ਸੁਣਾਈ ਜਾਵੇਗੀ। ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਮੁਲਜਮ ਪੁਲੀਸ ਕਰਮਚਾਰੀ ਅਰਜੁਨ ਸਿੰਘ ਦੀ ਦਸੰਬਰ 2021 ਵਿੱਚ ਮੌਤ ਹੋ ਗਈ ਸੀ ਅਤੇ ਉਸ ਵਿਰੁੱਧ ਕਾਰਵਾਈ ਬੰਦ ਕਰ ਦਿੱਤੀ ਗਈ ਸੀ।
ਜਾਣਕਾਰੀ ਅਨੁਸਾਰ ਸੀ.ਬੀ.ਆਈ ਵਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ ਚਾਰਜਸ਼ੀਟ ਮੁਤਾਬਕ ਜਗਦੀਪ ਸਿੰਘ ਉਰਫ ਮੱਖਣ ਨੂੰ ਐਸ. ਐਚ. ਓ ਗੁਰਬਚਨ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਪਹਿਲਾਂ ਪੁਲੀਸ ਨੇ ਘਰ ਵਿੱਚ ਗੋਲੀ ਚਲਾਈ ਅਤੇ ਗੋਲੀ ਵੱਜਣ ਕਾਰਨ ਮੱਖਣ ਦੀ ਸੱਸ ਸਵਿੰਦਰ ਕੌਰ ਦੀ ਮੌਤ ਹੋ ਗਈ, ਇਹ ਘਟਨਾ 18.11.1992 ਦੀ ਹੈ। ਇਸੇ ਤਰ੍ਹਾਂ ਗੁਰਨਾਮ ਸਿੰਘ ਉਰਫ ਪਾਲੀ ਨੂੰ ਐਸ. ਐਚ. ਓ ਗੁਰਬਚਨ ਸਿੰਘ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ 21.11.1992 ਨੂੰ ਉਸਦੇ ਘਰੋਂ ਅਗਵਾ ਕਰ ਲਿਆ ਸੀ। ਗੁਰਨਾਮ ਸਿੰਘ ਉਰਫ ਪਾਲੀ ਅਤੇ ਜਗਦੀਪ ਸਿੰਘ ਉਰਫ ਮੱਖਣ ਨੂੰ 30.11.1992 ਨੂੰ ਗੁਰਬਚਨ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ ਅਤੇ ਇਸ ਸਬੰਧੀ ਪੰਜਾਬ ਪੁਲੀਸ ਨੇ ਐਫ.ਆਈ.ਆਰ ਨੰਬਰ 130/92 ਦਰਜ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਐਸ. ਐਚ. ਓ ਗੁਰਬਚਨ ਸਿੰਘ ਸਮੇਤ ਹੋਰ ਦੋਸ਼ੀ ਵਿਅਕਤੀਆਂ ਅਤੇ ਪੁਲੀਸ ਅਧਿਕਾਰੀਆਂ ਨੇ 30.11.1992 ਦੀ ਸਵੇਰ ਨੂੰ ਗਸ਼ਤ ਕਰਦੇ ਸਮੇਂ ਇੱਕ ਨੌਜਵਾਨ ਨੂੰ ਇੱਕ ਗੱਡੀ ਵਿਚ ਘੁੰਮਦਾ ਦੇਖਿਆ ਅਤੇ ਨੂਰ ਦੀ ਅੱਡਾ, ਤਰਨਤਾਰਨ ਨੇੜੇ ਉਕਤ ਵਿਅਕਤੀ ਨੂੰ ਸ਼ੱਕੀ ਢੰਗ ਨਾਲ ਕਾਬੂ ਕੀਤਾ, ਜਿਸ ਨੇ ਆਪਣੀ ਪਛਾਣ ਗੁਰਨਾਮ ਸਿੰਘ ਉਰਫ ਪਾਲੀ ਵਜੋਂ ਦੱਸੀ ਅਤੇ ਪੁੱਛਗਿੱਛ ਦੌਰਾਨ ਉਸ ਨੇ ਰੇਲਵੇ ਰੋਡ, ਟੀਟੀ ਅਤੇ ਗੁਰਨਾਮ ਸਥਿਤ ਦਰਸ਼ਨ ਸਿੰਘ ਦੇ ਪ੍ਰੋਵੀਜ਼ਨ ਸਟੋਰ ਵਿਚ ਹੈਂਡ ਗ੍ਰੇਨੇਡ ਸੁੱਟਣ ਵਿਚ ਆਪਣੀ ਸ਼ਮੂਲੀਅਤ ਕਬੂਲ ਕੀਤੀ।
ਪੁਲੀਸ ਵਲੋਂ ਗੁਰਨਾਮ ਸਿੰਘ ਪਾਲੀ ਨੂੰ ਬੇਹਲਾ ਬਾਗ ਵਿਚ ਕਥਿਤ ਤੌਰ ਤੇ ਛੁਪਾਏ ਗਏ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਲਈ ਲਿਜਾਇਆ ਗਿਆ ਤਾਂ ਬਾਗ ਦੇ ਅੰਦਰੋਂ ਖਾੜਕੂਆਂ ਨੇ ਪੁਲੀਸ ਪਾਰਟੀ ਤੇ ਗੋਲੀਬਾਰੀ ਕਰ ਦਿੱਤੀ ਅਤੇ ਪੁਲੀਸ ਫੋਰਸ ਨੇ ਸਵੈ-ਰੱਖਿਆ ਵਿਚ ਜਵਾਬੀ ਕਾਰਵਾਈ ਕੀਤੀ। ਗੁਰਨਾਮ ਸਿੰਘ ਉਰਫ ਪਾਲੀ ਬਚਣ ਦੀ ਨੀਅਤ ਨਾਲ ਆਉਣ ਵਾਲੀਆਂ ਗੋਲੀਆਂ ਦੀ ਦਿਸ਼ਾ ਵੱਲ ਭੱਜਿਆ ਪਰ ਕਰਾਸ ਫਾਇਰਿੰਗ ਵਿਚ ਮਾਰਿਆ ਗਿਆ। ਉਕਤ ਐਫ. ਆਈ. ਆਰ ਵਿਚ ਅੱਗੇ ਦਿਖਾਇਆ ਗਿਆ ਕਿ ਬਾਗ ਦੀ ਤਲਾਸ਼ੀ ਲੈਣ ਤੇ ਜਗਦੀਪ ਸਿੰਘ ਉਰਫ ਮੱਖਣ ਵਜੋਂ ਪਛਾਣ ਕੀਤੇ ਗਏ ਇਕ ਮਾਰੇ ਗਏ ਖਾੜਕੂ ਦੀ ਲਾਸ਼ ਵੀ ਬਰਾਮਦ ਹੋਈ। ਦੋਵਾਂ ਲਾਸ਼ਾਂ ਦਾ ਸਸਕਾਰ ਸ਼ਮਸ਼ਾਨਘਾਟ ਵਿਚ ‘ਲਾਵਾਰਿਸ’ ਕਹਿ ਕੇ ਕੀਤਾ ਗਿਆ।
ਦੱਸਣਯੋਗ ਹੈ ਕਿ ਮ੍ਰਿਤਕ ਜਗਦੀਪ ਸਿੰਘ ਮੱਖਣ ਪੰਜਾਬ ਪੁਲੀਸ ਵਿੱਚ ਸਿਪਾਹੀ ਸੀ ਅਤੇ ਮ੍ਰਿਤਕ ਗੁਰਨਾਮ ਸਿੰਘ ਪਾਲੀ ਪੰਜਾਬ ਪੁਲੀਸ ਵਿੱਚ ਐਸ. ਪੀ. ਓ ਸੀ। ਸੀ. ਬੀ. ਆਈ ਵਲੋਂ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਦੱਸਿਆ ਗਿਆ ਸੀ ਕਿ ਉਕਤ ਪੁਲੀਸ ਵਾਲਿਆਂ ਨੇ ਸਾਲ 1992 ਦੌਰਾਨ ਥਾਣਾ ਤਰਨਤਾਰਨ ਦੇ ਏਰੀਏ ਵਿੱਚ ਉਸ ਸਮੇਂ ਦੇ ਥਾਣਾ ਸਿਟੀ ਤਰਨਤਾਰਨ ਦੇ ਐਸ.ਐਚ.ਓ ਗੁਰਬਚਨ ਸਿੰਘ, ਏ.ਐਸ.ਆਈ ਰੇਸ਼ਮ ਸਿੰਘ, ਹੰਸ ਰਾਜ ਸਿੰਘ ਅਤੇ ਅਰਜੁਨ ਸਿੰਘ ਨੇ ਹੋਰ ਪੁਲੀਸ ਅਧਿਕਾਰੀਆਂ ਨਾਲ ਮਿਲ ਕੇ 2 ਅਪਰਾਧਿਕ ਸਾਜ਼ਿਸ਼ਾ ਰਚ ਕੇ ਗੈਰ-ਕਾਨੂੰਨੀ ਕਾਰਵਾਈ ਕੀਤੀ ਸੀ। ਸ਼ੁਰੂ ਵਿਚ ਸੀ.ਬੀ. ਵਲੋਂ ਮਾਮਲਾ ਦਰਜ ਕਰਕੇ ਪ੍ਰੀਤਮ ਸਿੰਘ, ਮਸੀਤ ਵਾਲੀ ਗਲੀ ਨੂਰ ਦੀ ਬਾਜ਼ਾਰ ਦੇ ਬਿਆਨ ਦਰਜ ਕੀਤੇ ਸਨ। ਇਸ ਤੋਂ ਬਾਅਦ ਸੀ.ਬੀ.ਆਈ ਨੇ 27.02.1997 ਨੂੰ ਗੁਰਬਚਨ ਸਿੰਘ ਅਤੇ ਹੋਰਾਂ ਵਿਰੁੱਧ 364/302/34 ਦੇ ਤਹਿਤ ਕੇਸ ਦਰਜ ਕੀਤਾ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਗੁਰਬਚਨ ਸਿੰਘ ਅਤੇ ਹੋਰਨਾਂ ਵਿਰੁੱਧ ਚਾਰਜਸ਼ੀਟ ਪੇਸ਼ ਕੀਤੀ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਲੋਂ ਅਣਪਛਾਤੀਆਂ ਲਾਸ਼ਾ ਦੱਸ ਕੇ ਸੰਸਕਾਰ ਕਰਨ ਦੇ ਮਮਾਲੇ ਵਿੰਚ ਜਾਂਚ ਦੇ ਹੁਕਮ ਦਿੱਤੇ ਸਨ।
Mohali
ਆਜਾਦੀ ਘੁਲਾਟੀਏ ਅਤੇ ਵਾਈਸ ਪ੍ਰਿੰਸੀਪਲ ਨੂੰ ਘਰੋਂ ਚੁੱਕ ਕੇ ਲਾਪਤਾ ਕਰਨ ਵਾਲੇ ਤਤਕਾਲੀ ਐਸ.ਐਚ.ਓ ਸੁਰਿੰਦਰਪਾਲ ਸਿੰਘ ਨੂੰ 10 ਸਾਲ ਦੀ ਕੈਦ, 5 ਲੱਖ 70 ਹਜ਼ਾਰ ਜੁਰਮਾਨਾ
ਐਸ ਏ ਐਸ ਨਗਰ, 23 ਦਸੰਬਰ (ਜਸਬੀਰ ਸਿੰਘ ਜੱਸੀ) ਕਰੀਬ 32 ਸਾਲ ਪੁਰਾਣੇ ਅਗਵਾ ਕਰਨ, ਗੈਰ-ਕਾਨੂੰਨੀ ਹਿਰਾਸਤ ਅਤੇ ਗੁੰਮਸ਼ੁਦਗੀ ਦੇ ਮਾਮਲੇ ਵਿੱਚ ਸੀ.ਬੀ.ਆਈ ਅਦਾਲਤ ਦੇ ਵਿਸ਼ੇਸ਼ ਜੱਜ ਮਨਜੋਤ ਕੌਰ ਦੀ ਅਦਾਲਤ ਵਲੋਂ ਉਸ ਸਮੇਂ ਦੇ ਥਾਣਾ ਸਰਹਾਲੀ ਜਿਲਾ ਤਰਨਤਾਰਨ ਦੇ ਐਸ.ਐਚ.ਓ ਰਹੇ ਸੁਰਿੰਦਰਪਾਲ ਸਿੰਘ ਨੂੰ ਧਾਰਾ 120 ਬੀ ਵਿੱਚ 10 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਧਾਰਾ 364 ਵਿੱਚ 10 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਧਾਰਾ 365 ਵਿੱਚ 7 ਸਾਲ ਦੀ ਕੈਦ ਅਤੇ 70 ਹਜ਼ਾਰ ਰੁਪਏ ਜੁਰਮਾਨਾ, ਧਾਰਾ 342 ਵਿੱਚ 3 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਅਦਾਲਤ ਵਲੋਂ ਆਪਣੇ ਹੁਕਮਾਂ ਇਹ ਵੀ ਕਿਹਾ ਗਿਆ ਹੈ ਜੇਕਰ ਦੋਸ਼ੀ ਸੁਰਿੰਦਰਪਾਲ ਸਿੰਘ ਨੇ ਜੁਰਮਾਨਾ ਅਦਾ ਨਾ ਕੀਤਾ ਤਾਂ ਉਸ ਨੂੰ 2 ਸਾਲ ਕੈਦ ਹੋਰ ਕੱਟਣੀ ਪਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ 31.10.1992 ਦੀ ਸ਼ਾਮ ਨੂੰ ਸੁਖਦੇਵ ਸਿੰਘ ਵਾਈਸ ਪ੍ਰਿੰਸੀਪਲ ਅਤੇ ਉਸ ਦੇ 80 ਸਾਲਾ ਸਹੁਰੇ ਸੁਲੱਖਣ ਸਿੰਘ (ਸੁਤੰਤਰਤਾ ਸੈਨਾਨੀ) ਵਾਸੀ ਭਕਨਾ ਨੂੰ ਏ.ਐਸ.ਆਈ ਅਵਤਾਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਹਿਰਾਸਤ ਵਿੱਚ ਲਿਆ ਸੀ। ਅਵਤਾਰ ਸਿੰਘ ਨੇ ਪਰਿਵਾਰ ਵਾਲਿਆਂ ਨੂੰ ਇਤਲਾਹ ਦਿੱਤੀ ਸੀ ਕਿ ਸੁਖਦੇਵ ਸਿੰਘ ਅਤੇ ਸੁਲੱਖਣ ਸਿੰਘ ਨੂੰ ਐਸ.ਐਚ.ਓ ਸੁਰਿੰਦਰਪਾਲ ਸਿੰਘ ਨੇ ਪੁੱਛਗਿੱਛ ਲਈ ਬੁਲਾਇਆ ਹੈ। ਫਿਰ ਦੋਵਾਂ ਨੂੰ ਤਿੰਨ ਦਿਨ ਤੱਕ ਪੁਲੀਸ ਥਾਣਾ ਸਰਹਾਲੀ, ਤਰਨਤਾਰਨ ਵਿਚ ਨਾਜਾਇਜ਼ ਤੌਰ ਤੇ ਰੱਖਿਆ ਗਿਆ, ਜਿੱਥੇ ਪਰਿਵਾਰ ਅਤੇ ਅਧਿਆਪਕ ਯੂਨੀਅਨ ਦੇ ਮੈਂਬਰ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਖਾਣਾ, ਕੱਪੜਾ ਆਦਿ ਮੁਹੱਈਆ ਕਰਵਾਇਆ, ਪਰ ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਲੱਗਾ।
ਸੁਖਦੇਵ ਸਿੰਘ ਦੀ ਪਤਨੀ ਸੁਖਵੰਤ ਕੌਰ ਨੇ ਇਸ ਸੰਬੰਧੀ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਕਿ ਸੁਖਦੇਵ ਸਿੰਘ ਅਤੇ ਸੁਲੱਖਣ ਸਿੰਘ ਨੂੰ ਅਪਰਾਧਿਕ ਮਾਮਲਿਆਂ ਵਿਚ ਫਸਾਇਆ ਗਿਆ, ਪਰ ਕੋਈ ਸੁਣਵਾਈ ਨਹੀਂ ਹੋਈ। ਉਸ ਸਮੇਂ ਸੁਖਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੋਪੋਕੇ ਜਿਲਾ ਅੰਮ੍ਰਿਤਸਰ ਦੇ ਲੈਕਚਰਾਰ/ਵਾਈਸ-ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਸਨ ਅਤੇ ਉਨ੍ਹਾਂ ਦੇ ਸਹੁਰਾ ਸੁਲੱਖਣ ਸਿੰਘ ਆਜ਼ਾਦੀ ਘੁਲਾਟੀਏ ਸਨ ਜੋ ਆਜ਼ਾਦੀ ਦੀ ਲਹਿਰ ਦੌਰਾਨ ਬਾਬਾ ਸੋਹਣ ਸਿੰਘ ਭਕਨਾ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਸਨ।
ਸਾਲ 2003 ਵਿਚ ਕੁਝ ਪੁਲਿਸ ਮੁਲਾਜ਼ਮਾਂ ਨੇ ਸੁਖਵੰਤ ਕੌਰ ਨਾਲ ਸੰਪਰਕ ਕਰਕੇ ਉਸ ਦੇ ਖਾਲੀ ਕਾਗਜ਼ਾਂ ਤੇ ਦਸਤਖਤ ਕਰਵਾ ਲਏ ਅਤੇ ਕੁਝ ਦਿਨਾਂ ਬਾਅਦ ਉਸ ਨੂੰ ਸੁਖਦੇਵ ਸਿੰਘ ਦੇ ਮੌਤ ਦਾ ਸਰਟੀਫਿਕੇਟ ਸੌਂਪਿਆ, ਜਿਸ ਵਿਚ 8.7.1993 ਨੂੰ ਉਸ ਦੀ ਮੌਤ ਹੋਣ ਦਾ ਜ਼ਿਕਰ ਕੀਤਾ ਗਿਆ ਸੀ। ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਤਸ਼ੱਦਦ ਦੌਰਾਨ ਸੁਖਦੇਵ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਸੁਲੱਖਣ ਸਿੰਘ ਸਮੇਤ ਹਰੀਕੇ ਨਹਿਰ ਵਿਚ ਸੁੱਟ ਦਿੱਤੀ ਗਈ।
ਸੁਖਵੰਤ ਕੌਰ ਵਲੋਂ ਆਪਣੇ ਪਤੀ ਅਤੇ ਪਿਤਾ ਨੂੰ ਚੁੱਕਣ, ਗੈਰ-ਕਾਨੂੰਨੀ ਤੌਰ ਤੇ ਹਿਰਾਸਤ ਵਿਚ ਰੱਖਣ ਅਤੇ ਫਿਰ ਲਾਪਤਾ ਹੋਣ ਦੇ ਸਬੰਧ ਵਿਚ ਸੁਪਰੀਮ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ। ਇਸਤੋਂ ਪਹਿਲਾਂ ਨਵੰਬਰ 1995 ਵਿਚ ਇਕ ਹੋਰ ਮਾਮਲੇ ਵਿਚ ਸੁਪਰੀਮ ਕੋਰਟ ਨੇ ਸੀ.ਬੀ.ਆਈ ਨੂੰ ਵੱਡੇ ਪੱਧਰ ਤੇ ਮ੍ਰਿਤਕਾਂ ਦੇ ਸਸਕਾਰ ਦੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇਸਨ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਵਲੋਂ ਪੰਜਾਬ ਪੁਲਿਸ ਵਲੋਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਸਸਕਾਰ ਕਰਨ ਦਾ ਖੁਲਾਸਾ ਕੀਤਾ। ਇਸ ਤੋਂ ਬਾਅਦ ਮੁੱਢਲੀ ਪੁੱਛਗਿੱਛ ਦੌਰਾਨ ਸੀ.ਬੀ.ਆਈ ਨੇ 20.11.1996 ਨੂੰ ਸੁਖਵੰਤ ਕੌਰ ਦੇ ਬਿਆਨ ਦਰਜ ਕੀਤੇ ਅਤੇ ਉਸਦੇ ਬਿਆਨਾਂ ਦੇ ਆਧਾਰ ਤੇ 6.03.1997 ਨੂੰ ਏ.ਐਸ.ਆਈ ਅਵਤਾਰ ਸਿੰਘ, ਐਸ. ਆਈ. ਸੁਰਿੰਦਰਪਾਲ ਸਿੰਘ ਤਤਕਾਲੀ ਐਸ. ਐਚ. ਓ ਸਰਹਾਲੀ ਅਤੇ ਹੋਰਨਾਂ ਖਿਲਾਫ਼ ਧਾਰਾ 364/34 ਦੇ ਤਹਿਤ ਮਾਮਲਾ ਦਰਜ ਕੀਤਾ ਅਤੇ ਸਾਲ 2000 ਵਿਚ ਸੀ. ਬੀ. ਆਈ ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ, ਜਿਸ ਨੂੰ ਸੀ. ਬੀ. ਆਈ ਕੋਰਟ ਪਟਿਆਲਾ ਨੇ ਸਾਲ 2002 ਵਿਚ ਰੱਦ ਕਰ ਦਿਤਾ ਅਤੇ ਅਗਲੇਰੀ ਜਾਂਚ ਦੇ ਹੁਕਮ ਦਿੱਤੇ।
ਆਖ਼ਰਕਾਰ ਸਾਲ 2009 ਵਿਚ ਸੀ.ਬੀ.ਆਈ ਨੇ ਸੁਰਿੰਦਰਪਾਲ ਅਤੇ ਅਵਤਾਰ ਸਿੰਘ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ। ਸਾਲ 2016 ਵਿਚ ਸੀ.ਬੀ.ਆਈ ਅਦਾਲਤ, ਪਟਿਆਲਾ ਵਲੋਂ ਧਾਰਾ 120-ਬੀ, 342,364 ਅਤੇ 365 ਦੇ ਤਹਿਤ ਦੋਸ਼ ਤੈਅ ਕਰ ਦਿੱਤੇ। ਜਿਕਰਯੋਗ ਹੈ ਕਿ ਇਸ ਕੇਸ ਦਾ ਦੋਸ਼ੀ ਸੁਰਿੰਦਰਪਾਲ ਸਿੰਘ ਜੋ ਕਿ ਤਤਕਾਲੀ ਐਸ.ਐਚ.ਓ ਸੀ, ਜਸਵੰਤ ਸਿੰਘ ਖਾਲੜਾ ਕਤਲ ਕੇਸ ਵਿਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸ ਨੂੰ ਤਰਨਤਾਰਨ ਦੇ ਪਿੰਡ ਜੀਓ ਬਾਲਾ ਦੇ 4 ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਇਕ ਹੋਰ ਕੇਸ ਵਿਚ ਵੀ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।
Mohali
ਸੋਹਾਣਾ ਵਿਖੇ ਡਿੱਗੀ ਇਮਾਰਤ ਦੇ ਮਲਬੇ ਹੇਠਾਂ ਦੱਬਣ ਕਾਰਨ ਹੋਈਆਂ ਦੋ ਮੌਤਾਂ ਦੇ ਮਾਮਲੇ ਵਿੱਚ ਨਾਮਜ਼ਦ ਦੋਵੇਂ ਮੁਲਜਮ ਗ੍ਰਿਫਤਾਰ, ਠੇਕੇਦਾਰ ਨੂੰ ਵੀ ਕੀਤਾ ਨਾਮਜਦ
ਐਸ ਏ ਐਸ ਨਗਰ, 23 ਦਸੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਵਿਚਲੇ ਪਿੰਡ ਸੋਹਾਣਾ ਵਿੱਚ ਬੀਤੇ ਦਿਨ ਮਲਬੇ ਵਿੱਚ ਤਬਦੀਲ ਹੋਈ ਚਾਰ ਮੰਜਿਲਾ ਇਮਾਰਤ ਦੇ ਹੇਠਾਂ ਦੱਬ ਕੇ ਹੋਈਆਂ ਮੌਤਾਂ ਦੇ ਮਾਮਲੇ (ਜਿਸ ਵਿੱਚ ਇਕ ਲੜਕੀ ਦ੍ਰਿਸ਼ਟੀ ਵਾਸੀ ਹਿਮਾਚਲ ਪ੍ਰਦੇਸ਼ ਅਤੇ ਇਕ ਵਿਅਕਤੀ ਅਭਿਸ਼ੇਕ ਧਨਵਲ ਵਾਸੀ ਅੰਬਾਲਾ ਦੀ ਮੌਤ ਹੋਈ ਸੀ) ਵਿੱਚ ਪੁਲੀਸ ਵਲੋਂ ਨਾਮਜ਼ਦ ਕੀਤੇ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਗਗਨਦੀਪ ਸਿੰਘ ਵਾਸੀ ਪਿੰਡ ਚਾਊ ਮਾਜਰਾ ਜਿਲਾ ਮੁਹਾਲੀ ਅਤੇ ਪਰਮਿੰਦਰ ਸਿੰਘ ਵਾਸੀ ਪਿੰਡ ਚਾਊ ਮਾਜਰਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਨੇ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸਤੇ ਮਾਣਯੋਗ ਅਦਾਲਤ ਵੱਲੋਂ ਦੋਵਾਂ ਮੁਲਜਮਾਂ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਸੁਰੇਸ਼ ਕੁਮਾਰ ਨਾਂ ਦੇ ਠੇਕੇਦਾਰ ਨੂੰ ਵੀ ਨਾਮਜਦ ਕੀਤਾ ਗਿਆ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਏ. ਡੀ. ਸੀ. ਵਿਰਾਜ.ਐਸ.ਤਿੜਕੇ ਵਲੋਂ ਘਟਨਾ ਦੀ ਜਿੰਮੇਵਾਰੀ ਤੈਅ ਕਰਨ ਲਈ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਪ ਮੰਡਲ ਮੈਜਿਸਟਰੇਟ ਮੁਹਾਲੀ ਦਮਨਦੀਪ ਕੌਰ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਨ੍ਹਾਂ ਨੂੰ ਤਿੰਨ ਹਫ਼ਤਿਆਂ ਵਿਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਇਸ ਬਿਲਡਿੰਗ (ਜਿਸ ਵਿਚ ਰਾਇਲ ਜਿੰਮ ਚਲਦਾ ਸੀ ਅਤੇ ਉਪਰਲੀ ਮੰਜਿਲ ਤੇ ਪੀ.ਜੀ ਦੱਸਿਆ ਜਾ ਰਿਹਾ ਹੈ) ਦੇ ਡਿਗਣ ਦਾ ਕਾਰਨ ਨਾਲ ਹੋ ਰਹੀ ਬੇਸਮੇਂਟ ਦੀ ਪੁਟਾਈ ਨੂੰ ਦੱਸਿਆ ਜਾ ਰਿਹਾ ਹੈ।
-
International2 months ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਬਰਖਾਸਤ ਕੀਤਾ
-
International2 months ago
ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਜਿੱਤਿਆ ਡਬਲਯੂ ਬੀ ਐਫ ਵਿਸ਼ਵ ਖਿਤਾਬ
-
International2 months ago
ਮੂਧੇ ਮੂੰਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 900 ਤੋਂ ਵੱਧ ਅੰਕ ਟੁੱਟਿਆ, ਨਿਫਟੀ 23,995 ਤੇ ਬੰਦ
-
Chandigarh2 months ago
ਕੈਨੇਡਾ ਦੇ ਮੰਦਰ ਵਿੱਚ ਸ਼ਰਧਾਲੂਆਂ ਤੇ ਹਮਲੇ ਦੀ ਵੱਖ-ਵੱਖ ਆਗੂਆਂ ਵੱਲੋਂ ਨਿੰਦਾ
-
International1 month ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
Mohali2 months ago
68 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 5 ਤੋਂ 9 ਨਵੰਬਰ ਤੱਕ
-
International2 months ago
ਹਵਾ ਪ੍ਰਦੂਸ਼ਣ ਕਾਰਨ ਲਹਿੰਦੇ ਪੰਜਾਬ ਦੇ ਸਕੂਲ ਇੱਕ ਹਫਤੇ ਲਈ ਬੰਦ
-
International1 month ago
ਇਟਲੀ ਵਿੱਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ