Mohali
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 9 ਨਵੰਬਰ ਨੂੰ ਮਨਾਇਆ ਜਾਵੇਗਾ ਕਾਨੂੰਨੀ ਸੇਵਾਵਾਂ ਦਿਵਸ
ਐਸ ਏ ਐਸ ਨਗਰ, 5 ਨਵੰਬਰ (ਸ.ਬ.) ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਹਿਬਜ਼ਾਦਾ ਅਜੀਤ ਸਿੰਘ ਨਗਰ ਵਲੋਂ 9 ਨਵੰਬਰ ਨੂੰ ਕਾਨੂੰਨੀ ਸੇਵਾਵਾਂ ਦਿਵਸ ਮਨਾਇਆ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀਮਤੀ ਸੁਰਭੀ ਪਰਾਸ਼ਰ ਨੇ ਦੱਸਿਆ ਕਿ ਕਾਨੂੰਨੀ ਸੇਵਾਵਾਂ ਦਿਵਸ ਨੂੰ ਮੁੱਖ ਰੱਖ ਕੇ ਜ਼ਿਲ੍ਹੇ ਵਿਚ 4 ਤੋਂ 9 ਨਵੰਬਰ ਤੱਕ ਵੱਖ-ਵੱਖ ਯੂਨੀਵਰਸਿਟੀਆਂ, ਲਾਅ ਕਾਲਜਾਂ ਅਤੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਲੀਗਲ ਸਰਵਿਸਿਜ਼ ਅਥਾਰਟੀਜ਼ ਐਕਟ, 1987 ਸਬੰਧੀ ਜਾਣਕਾਰੀ ਦੇਣ ਲਈ ਲੀਗਲ ਸਰਵਿਸਿਜ਼ ਹਫ਼ਤਾ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਵੀ ਦੱਸਿਆ ਕਿ ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ, ਔਰਤਾਂ, ਬੱਚੇ, ਮਾਨਸਿਕ ਰੋਗੀ, ਬੇਗਾਰ ਦੇ ਮਾਰੇ, ਉਦਯੋਗਿਕ ਕਾਮੇ, ਹਿਰਾਸਤ ਵਿਚ ਲਏ ਵਿਅਕਤੀ, ਜੇਲ੍ਹਾਂ ਵਿਚ ਬੰਦ ਹਵਾਲਾਤੀ ਅਤੇ ਕੈਦੀ ਅਤੇ ਹਰ ਉਹ ਵਿਅਕਤੀ, ਜਿਸ ਦੀ ਸਾਲਾਨਾ ਆਮਦਨ ਤਿੰਨ ਲੱਖ ਰੁਪਏ ਦੇ ਘੱਟ ਹੈ, ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦਾ ਹੱਕਦਾਰ ਹੈ। ਮੁਫਤ ਕਾਨੂੰਨੀ ਸਹਾਇਤਾ ਵਿਚ ਅਦਾਲਤਾਂ ਵਿਚ ਵਕੀਲਾਂ ਦੀਆਂ ਮੁਫਤ ਸੇਵਾਵਾਂ, ਮੁਫਤ ਕਾਨੂੰਨੀ ਸਲਾਹ ਮਸ਼ਵਰਾ, ਕੋਰਟ ਫੀਸ, ਤਲਬਾਨਾਂ ਫੀਸ ਅਤੇ ਗਵਾਹਾਂ ਆਦਿ ਤੇ ਹੋਣ ਵਾਲੇ ਖਰਚਿਆਂ ਦੀ ਅਦਾਇਗੀ ਜ਼ਿਲ੍ਹਾ ਕਾਨੂਨੀ ਸੇਵਾਵਾਂ ਅਥਾਰਟੀ ਵਲੋਂ ਕੀਤੀ ਜਾਂਦੀ ਹੈ।
Mohali
ਕੁੰਭੜਾ ਕਤਲ ਮਾਮਲੇ ਵਿੱਚ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਪੁਲੀਸ ਦੀ ਹਾਜਰੀ ਵਿੱਚ ਹੋਇਆ ਅੰਤਿਮ ਸੰਸਕਾਰ
ਐਸ. ਸੀ ਪਰਿਵਾਰ ਨਾਲ ਸਬੰਧਤ ਸੀ ਦਿਲਪ੍ਰੀਤ, ਮਿਲਣਗੇ ਕਰੀਬ ਸਾਢੇ 10 ਲੱਖ : ਡੀ.ਸੀ ਆਸ਼ਿਕਾ ਜੈਨ
ਐਸ ਡੀ ਐਮ ਨੇ ਦਮਨਪ੍ਰੀਤ ਦੇ ਪਰਿਵਾਰ ਨੂੰ ਦਿੱਤਾ 2 ਲੱਖ ਦਾ ਚੈੱਕ, ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ ਮਿਲਣਗੇ ਹੋਰ 2 ਲੱਖ
ਐਸ ਏ ਐਸ ਨਗਰ, 22 ਨਵੰਬਰ (ਜਸਬੀਰ ਸਿੰਘ ਜੱਸੀ) ਪਿੰਡ ਕੁੰਭੜਾ ਵਿੱਚ ਹੋਏ ਕਤਲ ਮਾਮਲੇ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ (ਜਿਸਦੀ ਬੀਤੇ ਕੱਲ ਪੀ ਜੀ ਆਈ ਵਿੱਚ ਮੌਤ ਹੋ ਗਈ ਸੀ) ਦਾ ਅੰਤਮ ਸਸਕਾਰ ਅੱਜ ਮੁਹਾਲੀ ਪੁਲੀਸ ਦੀ ਹਾਜਰੀ ਵਿੱਚ ਪੂਰੀ ਮਰਿਆਦਾ ਅਤੇ ਧਾਰਮਿਕ ਰੀਤੀ ਰਿਵਾਜ ਨਾਲ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ, ਭਾਜਪਾ ਦੇ ਜਿਲਾ ਪ੍ਰਧਾਨ ਸੰਜੀਵ ਵਸ਼ਿਸ਼ਟ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੰਵਰਬੀਰ ਸਿੰਘ ਰੂਬੀ ਸਿੱਧੂ, ਅਮੀਤੋਜ ਮਾਨ, ਰਮਨਪ੍ਰੀਤ ਕੌਰ ਕੁੰਭੜਾ, ਬਿੰਦਰਾ ਬੈਦਵਾਨ ਅਤੇ ਕਮਲਪ੍ਰੀਤ ਸਿੰਘ ਬਨੀ (ਸਾਰੇ ਕੌਂਸਲਰ), ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ ਅਤੇ ਪਿੰਡ ਕੁੰਭੜਾ ਦੇ ਵਸਨੀਕਾਂ ਤੋਂ ਇਲਾਵਾ ਐਸ.ਪੀ ਹਰਬੀਰ ਸਿੰਘ ਅਟਵਾਲ, ਐਸ.ਡੀ.ਐਮ ਦਮਨਪ੍ਰੀਤ ਕੌਰ, ਡੀ.ਐਸ.ਪੀ ਹਰਸਿਮਰਨ ਸਿੰਘ ਬੱਲ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।
ਇਸ ਦੌਰਾਨ ਪੁਲੀਸ ਪ੍ਰਸਾਸ਼ਨ ਵਲੋਂ ਪਿੰਡ ਕੁੰਭੜਾ ਵਿਖੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਆਸ ਪਾਸ ਦੇ ਪੁਲੀਸ ਸਟੇਸ਼ਨਾਂ ਤੋਂ ਵੀ ਪੁਲੀਸ ਫੋਰਸ ਮੰਗਵਾਈ ਗਈ ਹੈ। ਇਸ ਦੌਰਾਨ ਪਿੰਡ ਦੇ ਵਸਨੀਕ ਅਤੇ ਸਮਾਜਸੇਵੀ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਵਿੱਚ ਆਪਸੀ ਭਾਈਚਾਰਾ ਬਰਕਰਾਰ ਰੱਖਿਆ ਜਾਵੇ ਅਤੇ ਅਫਵਾਹਾਂ ਤੋਂ ਬਚਿਆ ਜਾਵੇ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜੇ ਵਜੋਂ ਦਿੱਤੇ ਚੈੱਕ
ਇਸ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਮ੍ਰਿਤਕ ਦਿਲਪ੍ਰੀਤ ਸਿੰਘ ਦੇ ਪਰਿਵਾਰ ਨੂੰ 2 ਲੱਖ ਰੁਪਏ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ ਦੇ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਦਿਲਪ੍ਰੀਤ ਸਿੰਘ ਦੇ ਐਸ.ਸੀ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਉਸ ਦੇ ਪਰਿਵਾਰ ਨੂੰ ਹੋਰ ਸਾਢੇ 8 ਲੱਖ ਰੁਪਏ ਮੁਆਵਜੇ ਵਜੋਂ ਦਿੱਤੇ ਜਾਣਗੇ। ਡੀ.ਸੀ ਨੇ ਅੱਗੇ ਦਸਿਆ ਕਿ ਮ੍ਰਿਤਕ ਦਮਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ 2 ਲੱਖ ਰੁਪਏ ਮੁਆਵਜੇ ਵਜੋਂ ਦਿੱਤੇ ਜਾ ਚੁੱਕੇ ਹਨ, ਜਦੋਂ ਕਿ ਹੋਰ 2 ਲੱਖ ਰੁਪਏ ਮੁਆਵਜੇ ਵਜੋਂ ਉਸ ਸਮੇਂ ਦਿੱਤੇ ਜਾਣਗੇ, ਜਦੋਂ ਪੁਲੀਸ ਵਲੋਂ ਗ੍ਰਿਫਤਾਰ ਮੁਲਜਮਾਂ ਦਾ ਚਲਾਨ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਪਰਿਵਾਰ ਦੇ ਨਾਲ ਹੈ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਹੈ ਕਿ ਸ਼ਹਿਰ ਵਿਚ ਅਮਨ ਸ਼ਾਂਤੀ ਬਰਕਰਾਰ ਰੱਖੀ ਜਾਵੇ।
ਪੁਲੀਸ ਨੇ ਹੁਣ ਤੱਕ ਨਾਬਾਲਗ ਸਮੇਤ 5 ਮੁਲਜਮ ਕੀਤੇ ਗ੍ਰਿਫਤਾਰ
ਮੁਹਾਲੀ ਪੁਲੀਸ ਵਲੋਂ ਹੁਣ ਤੱਕ ਇਸ ਮਾਮਲੇ ਵਿੱਚ ਇਕ ਨਾਬਾਲਗ ਸਮੇਤ ਪੰਜ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਅਮਨ ਟਾਕ ਵਾਸੀ ਯੂ.ਪੀ ਹਾਲ ਵਾਸੀ ਸੈਕਟਰ 52 ਚੰਡੀਗੜ੍ਹ, ਅਰੁਣ ਵਾਸੀ ਯੂ.ਪੀ ਹਾਲ ਵਾਸੀ ਪਿੰਡ ਕੁੰਭੜਾ, ਅਕਾਸ਼ ਕੁਮਾਰ ਵਾਸੀ ਯੂ.ਪੀ ਹਾਲ ਵਾਸੀ ਪਿੰਡ ਕੁੰਭੜਾ ਅਤੇ ਮੁਲਜਮ ਗੌਰਵ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਰਿਤੇਸ਼ ਅਤੇ ਅਮਿਤ ਨਾਂ ਦੇ ਨੌਜਵਾਨਾਂ ਦੀ ਵੀ ਪਛਾਣ ਹੋਈ ਹੈ, ਜੋ ਕਿ ਫਿਲਹਾਲ ਫਰਾਰ ਦੱਸੇ ਜਾ ਰਹੇ ਹਨ। ਪੁਲੀਸ ਨੇ ਗੌਰਵ ਨੂੰ ਸੋਹਾਣੇ ਤੋਂ ਅਤੇ ਬਾਕੀ ਮੁਲਜਮਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ।
Mohali
ਸ਼ਰਾਬ ਦੇ ਠੇਕੇ ਅਤੇ ਅਹਾਤੇ ਨੇੜੇ ਤੂੰ ਤੂੰ ਮੈਂ ਮੈਂ ਤੋਂ ਬਾਅਦ ਗੋਲੀ ਚਲਾਉਣ ਤੱਕ ਪਹੁੰਚੀ ਗੱਲ
ਐਸ ਏ ਐਸ ਨਗਰ, 22 ਨਵੰਬਰ (ਜਸਬੀਰ ਸਿੰਘ ਜੱਸੀ) ਪਿੰਡ ਮੌਲੀ ਤੋਂ ਸੁੱਖਗੜ੍ਹ ਰੋਡ ਤੇ ਸਥਿਤ ਇਕ ਸ਼ਰਾਬ ਦੇ ਠੇਕੇ ਅਤੇ ਅਹਾਤੇ ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਵਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ, ਅਣਪਛਾਤੇ ਵਿਅਕਤੀ ਵਲੋਂ ਜਦੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿਸਤੋਲ ਵਿੱਚੋਂ ਰੌਂਦ ਹੇਠਾਂ ਡਿੱਗ ਪਿਆ। ਉਧਰ ਆਸ ਪਾਸ ਦੇ ਲੋਕਾਂ ਦੇ ਇਕੱਠ ਨੂੰ ਦੇਖ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਵਾਲਾ ਫਰਾਰ ਹੋ ਗਿਆ।
ਇਸ ਦੌਰਾਨ ਕਿਸੇ ਵਲੋਂ ਪੁਲੀਸ ਕੰਟਰੋਲ ਰੂਮ ਤੇ ਸੂਚਨਾ ਦਿੱਤੀ ਗਈ ਅਤੇ ਮੌਕੇ ਤੇ ਪੁਲੀਸ ਕਰਮਚਾਰੀ ਪਹੁੰਚੇ ਅਤੇ ਘਟਨਾ ਦਾ ਜਾਇਜਾ ਲਿਆ। ਪੁਲੀਸ ਨੂੰ ਮੌਕੇ ਤੋਂ ਇਕ ਜਿੰਦਾ ਰੌਂਦ ਬਰਾਮਦ ਹੋਇਆ ਹੈ, ਜੋ ਕਿ ਪੁਲੀਸ ਨੇ ਆਪਣੇ ਕਬਜੇ ਵਿੱਚ ਲੈ ਲਿਆ ਹੈ।
ਪੁਲੀਸ ਸੂਤਰਾਂ ਮੁਤਾਬਕ ਉਕਤ ਸੜਕ ਤੇ ਸੀ.11 ਨਾਂ ਤੇ ਠੇਕਾ ਅਤੇ ਅਹਾਤਾ ਹੈ। ਇਸ ਦੇ ਨਾਲ ਹੀ ਇਕ ਕਲੱਬ ਹੈ, ਜਿਥੇ ਪਰਿਵਾਰ ਆਪਸ ਵਿੱਚ ਮਿਲ ਕੇ ਪਾਰਟੀਆਂ ਕਰਦੇ ਹਨ। ਦੇਰ ਰਾਤ ਕਰੀਬ ਡੇਢ ਵਜੇ ਦੇ ਕਰੀਬ ਇਕ ਵਿਅਕਤੀ ਵਲੋਂ ਉਥੇ ਮੌਜੂਦ ਕੁਝ ਵਿਅਕਤੀਆਂ ਨੂੰ ਇਹ ਕਿਹਾ ਗਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਔਰਤ ਨੂੰ ਗਲਤ ਨਿਗਾਹ ਨਾਲ ਦੇਖਿਆ ਹੈ। ਇਸੇ ਗੱਲ ਨੂੰ ਲੈ ਕੇ ਦੋਹਾਂ ਧਿਰਾਂ ਵਿੱਚ ਬਹਿਸ ਸ਼ੁਰੂ ਹੋ ਗਈ, ਦੂਜੀ ਧਿਰ ਦੇ ਵਿਅਕਤੀ ਜਿਆਦਾ ਸੀ, ਜਿਸ ਕਾਰਨ ਉਕਤ ਵਿਅਕਤੀ ਨੇ ਉਨ੍ਹਾਂ ਨੂੰ ਡਰਾਉਣ ਲਈ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਾਇਰ ਮਿਸ ਹੋ ਗਿਆ ਅਤੇ ਪਿਸਤੋਲ ਵਿੱਚੋਂ ਰੌਂਦ ਹੇਠਾਂ ਡਿੱਗ ਗਿਆ ਅਤੇ ਉਕਤ ਵਿਅਕਤੀ ਲੋਕਾਂ ਦੇ ਇਕੱਠ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ।
ਪੁਲੀਸ ਉਸ ਥਾਂ ਦੇ ਆਸ ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਤਾਂ ਜੋ ਝਗੜੇ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇ, ਖਬਰ ਲਿਖੇ ਜਾਣ ਤੱਕ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਹਾਲੇ ਆਪਣਾ ਬਿਆਨ ਲਿਖਾਉਣ ਲਈ ਥਾਣੇ ਨਹੀਂ ਪਹੁੰਚੇ ਸਨ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨਾਲ ਗੱਲ ਕਰਨ ਤੇ ਉਹਨਾਂ ਘਟਨਾ ਦੀ ਪੁਸ਼ਟ ਕਰਦਿਆਂ ਕਿਹਾ ਕਿ ਉਹ ਫਿਲਹਾਲ ਹੋਰ ਕੋਈ ਜਾਣਕਾਰੀ ਨਹੀਂ ਦੇ ਸਕਦੇ, ਕਿਉਂਕਿ ਜਾਂਚ ਚੱਲ ਰਹੀ ਹੈ।
Mohali
ਓਲੰਪੀਅਨ ਮਹਿੰਦਰ ਸਿੰਘ ਗਿੱਲ ਦਾ ‘ਹਾਲ ਆਫ਼ ਫੇਮ’ ਨਾਲ ਸਨਮਾਨ
50 ਵਰ੍ਹਿਆਂ ਤੋਂ ਅਮਰੀਕਾ ਰਹਿੰਦੇ ਮਹਿੰਦਰ ਸਿੰਘ ਗਿੱਲ ਦੇ ਜੀਵਨ ਉੱਪਰ ਲਿਖੀ ਜਾ ਰਹੀ ਹੈ ਪੁਸਤਕ
ਐਸ ਏ ਐਸ ਨਗਰ, 22 ਨਵੰਬਰ (ਸ.ਬ.) ਅਮਰੀਕਾ ਤੋਂ ਪੰਜਾਬ ਫੇਰੀ ਉਤੇ ਆਏ ਭਾਰਤ ਦੇ ਮਹਾਨ ਅਥਲੀਟ ਓਲੰਪੀਅਨ ਮਹਿੰਦਰ ਸਿੰਘ ਗਿੱਲ ਦਾ ਮੁਹਾਲੀ ਪੁੱਜਣ ਉੱਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ‘ਹਾਲ ਆਫ਼ ਫੇਮ’ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ ਐਸ ਸਿੱਧੂ ਨੇ ਓਲੰਪੀਅਨ ਗਿੱਲ ਦਾ ਸਨਮਾਨ ਕੀਤਾ ਅਤੇ ਪੰਜਾਬ ਓਲੰਪਿਕ ਭਵਨ ਵਿੱਚ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ‘ਹਾਲ ਆਫ਼ ਫੇਮ’ ਦਿਖਾਇਆ ਜਿਸ ਵਿੱਚ ਮਹਿੰਦਰ ਸਿੰਘ ਗਿੱਲ ਦੀ ਤਸਵੀਰ ਸੁਸ਼ੋਭਿਤ ਹੈ। ਐਸੋਸੀਏਸ਼ਨ ਵੱਲੋਂ ਗਿੱਲ ਨੂੰ ‘ਹਾਲ ਆਫ਼ ਫੇਮ’ ਦੇ ਸਨਮਾਨ ਅਤੇ ਸੋਵੀਨਾਰ ਨਾਲ ਸਨਮਾਨਿਤ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਨਵਦੀਪ ਸਿੰਘ ਗਿੱਲ ਦਾ ਵੀ ਸਨਮਾਨ ਕੀਤਾ ਗਿਆ ਜੋ ਓਲੰਪੀਅਨ ਗਿੱਲ ਦੀ ਜੀਵਨੀ ਲਿਖ ਰਹੇ ਹਨ।
ਜਲੰਧਰ ਦੇ ਰਹਿਣ ਵਾਲੇ ਮਹਿੰਦਰ ਸਿੰਘ ਗਿੱਲ 50 ਵਰ੍ਹਿਆਂ ਤੋਂ ਅਮਰੀਕਾ ਦੇ ਪੱਕੇ ਵਸਨੀਕ ਹਨ। ਉਹ ਭਾਰਤ ਦੇ ਮਹਾਨ ਅਥਲੀਟਾਂ ਵਿੱਚੋਂ ਇੱਕ ਹਨ ਜਿਨ੍ਹਾਂ ਤੀਹਰੀ ਛਾਲ ਵਿੱਚ 1970 ਵਿੱਚ ਬੈਂਕਾਕ ਏਸ਼ੀਅਨ ਗੇਮਜ਼ ਵਿੱਚ ਸੋਨੇ ਤੇ 1974 ਤਹਿਰਾਨ ਏਸ਼ੀਅਨ ਗੇਮਜ਼ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਤਿੰਨ ਵਾਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। 1974 ਕ੍ਰਾਈਸਟਚਰਚ ਕਾਮਨਵੈਲਥ ਗੇਮਜ਼ ਵਿੱਚ ਚਾਂਦੀ ਅਤੇ 1970 ਵਿੱਚ ਐਡਿਨਬਰਗ ਕਾਮਨਵੈਲਥ ਗੇਮਜ਼ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।1971 ਪ੍ਰੀ ਓਲੰਪਿਕਸ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। 1972 ਮਿਊਨਿਖ ਓਲੰਪਿਕਸ ਵਿੱਚ ਹਿੱਸਾ ਲਿਆ।
ਮਹਿੰਦਰ ਸਿੰਘ ਗਿੱਲ ਨੇ ਅਮਰੀਕਾ ਰਹਿੰਦਾ ਲਗਾਤਾਰ ਪੰਜ ਵਾਰ ਐਨ.ਸੀ.ਏ.ਏ. ਚੈਂਪੀਅਨਸ਼ਿਪ ਸਮੇਤ 50 ਤੋਂ ਵੱਧ ਕੌਮਾਂਤਰੀ ਮੀਟ ਜਿੱਤੀਆਂ ਹਨ। ਭਾਰਤ ਸਰਕਾਰ ਵੱਲੋਂ ਅਰਜੁਨਾ ਐਵਾਰਡ ਅਤੇ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ। ਉਹ ਅਮਰੀਕਾ ਦੀ ਕੈਲੀ ਪੌਲੀ ਯੂਨੀਵਰਸਿਟੀ ਦੀ ‘ਹਾਲ ਆਫ਼ ਫੇਮ’ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਏਸ਼ੀਅਨ ਅਥਲੀਟ ਹਨ।
-
International2 months ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਇਜ਼ਰਾਈਲ ਨੇ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਤੇ ਕੀਤਾ ਹਮਲਾ
-
Editorial2 months ago
ਗੈਰਕਾਨੂੰਨੀ ਪਰਵਾਸ ਨੂੰ ਠੱਲ ਪਾਉਣ ਵਿੱਚ ਸਫਲ ਨਹੀਂ ਹੋ ਪਾਈ ਕੋਈ ਵੀ ਸਰਕਾਰ
-
International1 month ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
National2 months ago
ਸੁਪਰੀਮ ਕੋਰਟ ਵੱਲੋਂ ਖਾਲਸਾ ਯੂਨੀਵਰਸਿਟੀ ਦਾ ਦਰਜਾ ਬਹਾਲ
-
International1 month ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
National2 months ago
ਮਿਰਜ਼ਾਪੁਰ ਵਿੱਚ ਟਰੱਕ ਅਤੇ ਟਰੈਕਟਰ ਦੀ ਟੱਕਰ ਦੌਰਾਨ 10 ਮਜ਼ਦੂਰਾਂ ਦੀ ਮੌਤ, 3 ਗੰਭੀਰ ਜ਼ਖਮੀ