Chandigarh
ਵਿਜੀਲੈਂਸ ਬਿਊਰੋ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਾ ਪ੍ਰਾਈਮਵਿਜਨ ਕੰਪਨੀ ਦਾ ਠੇਕੇਦਾਰ ਰਾਜਸਥਾਨ ਤੋਂ ਕਾਬੂ
ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਰਕਾਰ ਨੂੰ 35 ਕਰੋੜ ਰੁਪਏ ਦਾ ਲਾਇਆ ਚੂਨਾ
ਚੰਡੀਗੜ੍ਹ, 9 ਨਵੰਬਰ (ਸ.ਬ.) ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਫਿਰੋਜਪੁਰ ਦੇ ਪਿੰਡਾਂ ਵਿੱਚ ਸਾਲ 2018-2019 ਵਿੱਚ ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ/ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਪ੍ਰਾਈਮ ਵਿਜਨ ਕੰਪਨੀ ਦੇ ਠੇਕੇਦਾਰ ਮਹਾਂਵੀਰ ਸਿੰਘ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿੱਚ ਮਾਈਨਿੰਗ ਮਹਿਕਮੇ ਦੇ ਤਤਕਾਲੀ ਅਧਿਕਾਰੀਆਂ/ ਕਰਮਚਾਰੀਆਂ ਖਿਲਾਫ਼ ਵੀ ਸਾਜਿਸ਼ ਰਚਣ ਅਤੇ ਭ੍ਰਿਸ਼ਟਾਚਾਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਸ਼ਿਕਾਇਤ ਨੰਬਰ 180/2019 ਫਿਰੋਜਪੁਰ ਦੀ ਡੂੰਘੀ ਪੜਤਾਲ ਦੌਰਾਨ ਪਾਇਆ ਗਿਆ ਹੈ ਕਿ ਜ਼ਿਲ੍ਹਾ ਫਿਰੋਜਪੁਰ ਦੀ ਤਹਿਸੀਲ ਜੀਰਾ ਅਧੀਨ ਪੈਂਦੇ ਪਿੰਡ ਟਿੰਡਵਾਂ, ਪਿੰਡ ਰੋਸ਼ਨਸ਼ਾਹ ਵਾਲਾ ਅਤੇ ਪਿੰਡ ਬਹਿਕ ਗੁੱਜਰਾਂ ਦੇ 217 ਕਨਾਲ 01 ਮਰਲਾ ਰਕਬੇ ਵਿੱਚ ਉਕਤ ਠੇਕੇਦਾਰ ਮਹਾਂਵੀਰ ਸਿੰਘ ਵੱਲੋਂ ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ/ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਜਮੀਨ ਮਾਲਕਾਂ ਨੂੰ ਪੰਜਾਬ ਸਰਕਾਰ ਪਾਸੋਂ ਫਰਮ ਨੂੰ ਮਾਈਨਿੰਗ ਕਰਨ ਦਾ ਠੇਕਾ ਮਿਲਿਆ ਹੋਣ ਦਾ ਦੱਸਕੇ ਇਨ੍ਹਾਂ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਕੀਤੀ ਗਈ ਜਿਸ ਨਾਲ ਸਰਕਾਰ ਨੂੰ ਕਰੀਬ 4,05,60,785 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਅਤੇ ਜਮੀਨ ਮਾਲਕਾਂ ਨੂੰ ਉਨ੍ਹਾਂ ਦੀ ਬਣਦੀ ਰਾਇਲਟੀ ਵੀ ਨਹੀਂ ਦਿੱਤੀ ਗਈ।
ਬੁਲਾਰੇ ਅਨੁਸਾਰ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵਲੋਂ ਉਕਤ ਮੁਲਜ਼ਮ ਠੇਕੇਦਾਰ ਮਹਾਂਵੀਰ ਸਿੰਘ ਖਿਲਾਫ ਕਾਰਵਾਈ ਕਰਨ ਦੀ ਬਜਾਏ 25.07.2020 ਨੂੰ ਥਾਣਾ ਸਦਰ ਜ਼ੀਰਾ ਜਿਲ੍ਹਾ ਫਿਰੋਜਪੁਰ ਵਿਖੇ ਨਾਮਲੂਮ ਵਿਅਕਤੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 379 ਅਤੇ ਮਾਈਨਿੰਗ ਐਕਟ ਦੀ ਧਾਰਾ 21 ਤਹਿਤ ਮੁਕੱਦਮਾ ਨੰਬਰ 91 ਦਰਜ ਕਰਵਾਇਆ ਗਿਆ ਅਤੇ ਜਮੀਨ ਮਾਲਕਾਂ ਨੂੰ ਰਿਕਵਰੀ ਨੋਟਿਸ ਜਾਰੀ ਕੀਤੇ ਗਏ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਤਹਿਸੀਲ ਫਿਰੋਜਪੁਰ ਵਿੱਚ ਪੈਂਦੇ ਪਿੰਡਾਂ ਗਿੱਲਾਂਵਾਲਾ, ਆਂਸਲ, ਖਾਨੇ ਕੇ ਅਹਿਲ ਅਤੇ ਖੁਸ਼ਹਾਲ ਸਿੰਘ ਵਾਲਾ ਵਿੱਚ ਮਨਜੂਰਸ਼ੁਦਾ ਖੱਡਾਂ ਦੇ ਬਰਾਬਰ ਹੀ ਉਕਤ ਪ੍ਰਾਈਮਵਿਜਨ ਕੰਪਨੀ ਦੇ ਠੇਕੇਦਾਰ ਮਹਾਂਵੀਰ ਸਿੰਘ ਵਲੋਂ 244 ਕਨਾਲ ਅਤੇ 446 ਕਨਾਲ 13 ਮਰਲੇ ਰਕਬੇ ਵਿੱਚ ਮਹਿਕਮੇ ਦੇ ਅਧਿਕਾਰੀਆਂ /ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਜਮੀਨਾਂ ਵਿੱਚੋਂ ਨਾਜਾਇਜ਼ ਮਾਈਨਿੰਗ ਕੀਤੀ ਜਿਸ ਨਾਲ ਸਰਕਾਰ ਨੂੰ ਕਰੀਬ 31,48,63,994 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ। ਉਕਤ ਕੰਪਨੀ ਵੱਲੋਂ ਇੰਨਾਂ ਪਿੰਡਾਂ ਦੇ ਜਮੀਨ ਮਾਲਕਾਂ ਨੂੰ ਵੀ ਬਣਦੀ ਰਾਇਲਟੀ ਨਹੀਂ ਦਿੱਤੀ ਗਈ।
ਬੁਲਾਰੇ ਨੇ ਦੱਸਿਆ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਉਕਤ ਠੇਕੇਦਾਰ ਮਹਾਂਵੀਰ ਸਿੰਘ ਨੇ ਮਾਈਨਿੰਗ ਵਿਭਾਗ ਫਿਰੋਜਪੁਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਸਰਕਾਰੀ ਖ਼ਜ਼ਾਨੇ ਨੂੰ ਕੁੱਲ 35,54,24,779 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ /ਕਰਮਚਾਰੀਆਂ ਵਲੋਂ ਇਸ ਸਮੇਂ ਦੌਰਾਨ ਇਲਾਕੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਸਬੰਧੀ ਵੱਖ-ਵੱਖ ਥਾਣਿਆਂ ਵਿੱਚ ਕਈ ਮੁਕੱਦਮੇ ਦਰਜ ਕਰਵਾਏ ਗਏ ਪਰੰਤੂ ਇਨ੍ਹਾਂ ਅਧਿਕਾਰੀਆਂ /ਕਰਮਚਾਰੀਆਂ ਵੱਲੋਂ ਪ੍ਰਾਈਮਵਿਜਨ ਕੰਪਨੀ ਦੇ ਉਕਤ ਠੇਕੇਦਾਰ ਮਹਾਂਵੀਰ ਸਿੰਘ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਮਾਈਨਿੰਗ ਵਿਭਾਗ ਫਿਰੋਜਪੁਰ ਦੇ ਅਧਿਕਾਰੀਆਂ /ਕਰਮਚਾਰੀਆਂ ਦੀ ਮਿਲੀਭੁਗਤ ਤੋਂ ਬਿਨ੍ਹਾਂ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਹੋਣੀ ਸੰਭਵ ਨਹੀਂ ਹੈ ਪਰ ਉਕਤ ਠੇਕੇਦਾਰ ਵਿਰੁੱਧ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਗਈ। ਇਸ ਕਰਕੇ ਪ੍ਰਾਈਮਵਿਜਨ ਕੰਪਨੀ ਦੇ ਠੇਕੇਦਾਰ ਮਹਾਂਵੀਰ ਸਿੰਘ ਅਤੇ ਉਸ ਸਮੇਂ ਤਾਇਨਾਤ ਰਹੇ ਮਾਈਨਿੰਗ ਵਿਭਾਗ ਦੇ ਸਬੰਧਿਤ ਅਧਿਕਾਰੀਆਂ /ਕਰਮਚਾਰੀਆਂ ਵੱਲੋਂ ਮਿਲੀਭੁਗਤ ਰਾਹੀਂ ਨਾਜਾਇਜ਼ ਮਾਈਨਿੰਗ ਕਰਾਉਣੀ ਸਾਹਮਣੇ ਆਈ ਹੈ।
ਉਨਾਂ ਦੱਸਿਆ ਕਿ ਪੜਤਾਲ ਉਪਰੰਤ ਬੀਤੀ 4 ਨਵੰਬਰ ਨੂੰ ਆਈ.ਪੀ.ਸੀ. ਦੀ ਧਾਰਾ 409, 379, 120-ਬੀ, ਮਾਈਨਿੰਗ ਤੇ ਮਿਨਰਲਜ ਕਾਨੂੰਨ ਦੀ ਧਾਰਾ 21 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ) ਸਮੇਤ 13(2) ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਫਿਰੋਜਪੁਰ ਵਿਖੇ ਦਰਜ ਕੀਤਾ ਗਿਆ ਹੈ ਜਿਸ ਵਿੱਚ ਠੇਕੇਦਾਰ ਮਹਾਂਵੀਰ ਸਿੰਘ (ਪ੍ਰਾਈਮਵਿਜਨ ਕੰਪਨੀ) ਅਤੇ ਉਸ ਸਮੇਂ ਤਾਇਨਾਤ ਰਹੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀ ਬਤੌਰ ਮੁਲਜ਼ਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਰੇਂਜ ਫਿਰੋਜਪੁਰ ਵਲੋਂ ਮੁਲਜ਼ਮ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Chandigarh
ਚੋਣ ਕਮਿਸ਼ਨ ਵੱਲੋਂ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਨੂੰ ਨੋਟਿਸ ਜਾਰੀ
ਦੋਹਾਂ ਆਗੂਆਂ ਤੋਂ 24 ਘੰਟਿਆਂ ਵਿੱਚ ਮੰਗਿਆ ਜਵਾਬ
ਚੰਡੀਗੜ੍ਹ, 12 ਨਵੰਬਰ (ਸ.ਬ.) ਚੋਣ ਕਮਿਸ਼ਨ ਵਲੋਂ ਗਿੱਦੜਬਾਹਾ ਜ਼ਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਨੋਟਿਸ ਜਾਰੀ ਕੀਤਾ ਗਿਆ ਹੈ। ਦੋਹਾਂ ਆਗੂਆਂ ਤੋਂ 24 ਘੰਟਿਆਂ ਵਿੱਚ ਜਵਾਬ ਮੰਗਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਾ ਵੜਿੰਗ ਤੇ ਦੋਸ਼ ਹੈ ਕਿ ਉਹਨਾਂ ਨੇ ਇੱਕ ਮਸਜਿਦ ਵਿੱਚ ਜਾ ਕੇ ਆਪਣੀ ਪਤਨੀ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਅਮ੍ਰਿਤਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਹੈ ਅਤੇ ਚੋਣ ਪ੍ਰਚਾਰ ਲਈ ਧਾਰਮਿਕ ਸਥਾਨ ਦੀ ਵਰਤੋਂ ਕਰਕੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਹੈ।
ਦੂਜੇ ਪਾਸੇ ਮਨਪ੍ਰੀਤ ਬਾਦਲ ਤੇ ਦੋਸ਼ ਹੈ ਕਿ ਉਹ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਉਹਨਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਦਾ ਵਾਅਦਾ ਕਰ ਰਹੇ ਸਨ ਅਤੇ ਅਜਿਹਾ ਕਰਕੇ ਉਹਨਾਂ ਵਲੋਂ ਚੋਣ ਜਾਬਤੇ ਦੀ ਉਲੰਘਣਾ ਕੀਤੀ ਗਈ ਹੈ। ਇਸ ਸੰਬੰਧੀ ਮਨਪ੍ਰੀਤ ਸਿੰਘ ਬਾਦਲ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ।
ਚੋਣ ਕਮਿਸ਼ਨ ਵਲੋਂ ਇਹਨਾਂ ਦੋਵਾ ਆਗੂਆਂ ਨੂੰ ਨੋਟਿਸ ਜਾਰੀ ਕਰਕੇ 24 ਘੰਟਿਆਂ ਵਿੱਚ ਜਵਾਬ ਮੰਗਿਆ ਗਿਆ ਹੈ।
Chandigarh
ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦਾ ਵਫਦ ਜਨ ਸਿਹਤ ਵਿਭਾਗ ਦੇ ਐਕਸੀਅਨ ਨੂੰ ਮਿਲਿਆ
ਚੰਡੀਗੜ੍ਹ, 12 ਨਵੰਬਰ (ਸ.ਬ.) ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਦੇ ਚੰਡੀਗੜ੍ਹ ਲਾਅ ਕਾਲਜ ਵੱਲੋਂ ਕੈਂਪਸ ਵਿਚ ਦੂਜੀ ਮੂਟ ਕੋਰਟ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੁਪਰੀਮ ਕੋਰਟ ਦੇ ਜੱਜ ਮਾਨਯੋਗ ਜਸਟਿਸ ਜਤਿੰਦਰ ਕੁਮਾਰ ਮਹੇਸ਼ਵਰੀ ਨੇ ਵੀ ਸ਼ਿਰਕਤ ਕੀਤੀ। ਜਸਟਿਸ ਮਹੇਸ਼ਵਰੀ ਨੇ ਲਾਅ ਸਕੂਲਾਂ ਅਤੇ ਯੂਨੀਵਰਸਿਟੀਆਂ ਦਾ ਦੌਰਾ ਕਰਨ ਵਿਚ ਆਪਣੀ ਦਿਲਚਸਪੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਸੰਸਥਾਵਾਂ ਵਿਚ ਭਵਿੱਖ ਦੇ ਵਕੀਲਾਂ ਅਤੇ ਨਿਆਂ ਅਧਿਕਾਰੀਆਂ ਨੂੰ ਰੂਪ ਦੇ ਕੇ ਸਕਾਰਤਮਕ ਤਬਦੀਲੀ ਲਿਆਉਣ ਦੀ ਵੱਡੀ ਸੰਭਾਵਨਾ ਹੈ। ਉਨ੍ਹਾਂ ਆਪਣਾ ਤੀਹ ਸਾਲ ਦੇ ਤਜਰਬਾ ਸਾਂਝਾ ਕਰਦੇ ਹੋਏ ਪ੍ਰੈਕਟਿਸ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਜਾਂ ਜਿੱਤ ਹਾਰ ਤੋਂ ਨਿਰਾਸ਼ ਨਾ ਹੋ ਕੇ ਲਗਾਤਾਰ ਕੁੱਝ ਨਵਾਂ ਸਿੱਖਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸੈਂਟਰਲ ਐਡਮਿਨਸਟ੍ਰੇਟਿਵ ਟ੍ਰਿਬਿਊਨਲ ਦੇ ਰਿਟਾਇਰਡ ਨਿਆਂਮੂਲ ਮੈਂਬਰ ਸੁਰੇਸ਼ ਮੋਂਗਾ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਜ਼ਿੰਮੇਵਾਰੀਆਂ ਅਤੇ ਨਿਆਂ ਸੁਰੱਖਿਆ ਦੀ ਜ਼ਿੰਮੇਵਾਰੀ ਬਾਰੇ ਜਾਣਕਾਰੀ ਦਿੱਤੀ। ਲੋਕਪਾਲ ਪੰਜਾਬ ਦੇ ਰਜਿਸਟਰਾਰ ਇੰਦਰਜੀਤ ਕੌਸ਼ਿਕ ਨੇ ਪ੍ਰਸ਼ਾਸਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੀਆਂ ਮੁਸ਼ਕਲਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਉਨ੍ਹਾਂ ਭਵਿੱਖ ਦੇ ਕਾਨੂੰਨੀ ਪੇਸ਼ਾਵਰਾਂ ਨੂੰ ਆਪਣੇ ਕਿੱਤੇ ਪ੍ਰਤੀ ਸਪਸ਼ਟਤਾ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਸਮਝਾਉਂਦੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਕਿਰਦਾਰਾਂ ਵਿਚ ਪਾਰਦਰਸ਼ਤਾ ਨੂੰ ਸਵੀਕਾਰ ਕਰਨ ਲਈ ਪ੍ਰੇਰਿਤ ਕੀਤਾ।
ਮੂਟ ਕੋਰਟ ਪ੍ਰਤੀਯੋਗਤਾ ਵਿਚ ਹਿੱਸਾ ਲੈਂਦੇ ਹੋਏ ਲਾਅ ਵਿਦਿਆਰਥੀਆਂ ਨੇ ਕਈ ਦਿਲਚਸਪ ਅਤੇ ਉਲਝੇ ਕੇਸ ਪੇਸ਼ ਕੀਤੇ।
ਇਸ ਮੌਕੇ ਹਾਈ ਕੋਰਟ ਬਾਰ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਐਡਵੋਕੇਟ ਸਪਨ ਧੀਰ ਨੇ ਵਿਦਿਆਰਥੀਆਂ ਨੂੰ ਵਕੀਲ ਬਣਨ ਤੋਂ ਬਾਅਦ ਆਪਣੇ ਪੇਸ਼ੇ ਪ੍ਰਤੀ ਇਮਾਨਦਾਰ ਅਤੇ ਸਮਾਜ ਦੇ ਹਰ ਵਰਗ ਵਿਚ ਹਮਦਰਦੀ ਦੇ ਸੰਤੁਲਨ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਸੀ ਜੀ ਜੀ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਜਸਟਿਸ ਮਹੇਸ਼ਵਰੀ ਅਤੇ ਬਾਕੀ ਹਸਤੀਆਂ ਵੱਲੋਂ ਦਿਤੀ ਅਹਿਮ ਜਾਣਕਾਰੀ ਲਈ ਧੰਨਵਾਦ ਕੀਤਾ।
Chandigarh
ਰੋਹਤਕ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
ਚੰਡੀਗੜ੍ਹ, 12 ਨਵੰਬਰ (ਸ.ਬ.) ਰੋਹਤਕ ਦੇ ਝੱਜਰ ਵਿੱਚ ਸਵੇਰੇ 7:50 ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਵੀ ਰੋਹਤਕ ਰਿਹਾ ਅਤੇ ਭੂਚਾਲ ਦੀ ਤੀਬਰਤਾ 3 ਮਾਪੀ ਗਈ ਹੈ। ਹਾਲਾਂਕਿ ਇਸ ਭੂਚਾਲ ਦੌਰਾਨ ਕਿਸੇ ਵੀ ਜਾਨ-ਮਾਲ ਦੇ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।
ਸਵੇਰ ਸਮੇਂ ਆਏ ਭੂਚਾਲ ਕਾਰਨ ਲੋਕ ਸਹਿਮ ਗਏ ਅਤੇ ਆਪਣੇ ਘਰਾਂ ਵਿੱਚੋਂ ਬਾਹਰ ਆ ਗਏ। ਜ਼ਿਕਰਯੋਗ ਹੈ ਕਿ ਰੋਹਤਕ ਵਿਚ ਪਹਿਲਾਂ ਵੀ ਭੂਚਾਲ ਆ ਚੁੱਕੇ ਹਨ, ਸਾਲ 2023 ਵਿਚ ਇੱਥੇ 2 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣੋ ਬਚਾਅ ਰਿਹਾ।
-
Mohali2 months ago
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਣ ਤੇ ਫੋਰਟਿਸ ਹਸਪਤਾਲ ਵਿੱਚ ਕਰਵਾਇਆ ਭਰਤੀ
-
Mohali2 months ago
2 ਤੋਂ 12 ਅਕਤੂਬਰ ਤਕ ਹੋਵੇਗਾ ਰਾਮਲੀਲਾ ਦਾ ਆਯੋਜਨ
-
International2 months ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਨਿਊਯਾਰਕ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ
-
National2 months ago
3 ਮਹੀਨੇ ਪਹਿਲਾਂ ਕਤਲ ਕੀਤੇ ਭਾਜਪਾ ਨੇਤਾ ਦੀ ਪਤਨੀ ਵੱਲੋਂ ਖ਼ੁਦਕੁਸ਼ੀ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
National2 months ago
ਚੱਲਦੀ ਟਰੇਨ ਤੋਂ ਆਰ ਪੀ ਐਫ ਜਵਾਨਾਂ ਨੂੰ ਸੁੱਟਣ ਵਾਲਾ ਬਦਮਾਸ਼ ਮੁਕਾਬਲੇ ਵਿੱਚ ਢੇਰ
-
Editorial2 months ago
ਪੰਚਾਇਤੀ ਚੋਣਾਂ ਸਬੰਧੀ ਖੁੰਢ ਚਰਚਾ ਸ਼ੁਰੂ
-
Mohali2 months ago
ਇਪਟਾ ਦੀ ਭਵਿੱਖ ਦੀਆਂ ਸਰਗਰਮੀਆ ਉਲੀਕਣ ਵਾਸਤੇ 28-29 ਸਤੰਬਰ ਨੂੰ ਕਟਕ ਵਿਖੇ ਹੋਵੇਗੀ ਨੈਸ਼ਨਲ ਕਮੇਟੀ ਦੀ ਮੀਟਿੰਗ