Connect with us

Editorial

ਪੰਜਾਬ ਵਿੱਚ ਕੋਈ ਵੱਡਾ ਬਦਲਾਓ ਲਿਆਉਣ ਵਿੱਚ ਕਾਮਯਾਬ ਨਹੀਂ ਹੋਈ ਆਪ ਸਰਕਾਰ

Published

on

 

ਪੰਜਾਬ ਵਿੱਚ ਬਦਲਾਓ ਲਿਆਉਣ ਦਾ ਨਾਅਰਾ ਲਗਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਪੰਜਾਬ ਵਿੱਚ ਕੋਈ ਵੱਡਾ ਬਦਲਾਓ ਲਿਆਉਣ ਵਿੱਚ ਕਾਮਯਾਬ ਨਹੀਂ ਹੋਈ ਹੈ। ਆਪ ਸਰਕਾਰ ਬਣੀ ਨੂੰ ਤਿੰਨ ਸਾਲ ਦੇ ਕਰੀਬ ਸਮਾਂ ਹੋਣ ਲੱਗਿਆ ਹੈ ਪਰ ਇਹ ਪਾਰਟੀ ਅਜੇ ਤਕ ਪੰਜਾਬ ਵਿੱਚ ਕੁੱਝ ਵੀ ਅਜਿਹਾ ਨਹੀਂ ਕਰ ਪਾਈ ਹੈ ਜਿਸ ਨਾਲ ਉਸਦਾ ਸੂਬੇ ਵਿੱਚ ਬਦਲਾਓ ਲਿਆਉਣ ਦਾ ਵਾਅਦਾ ਪੂਰਾ ਹੁੰਦਾ ਦਿਖੇ ਅਤੇ ਸੂਬੇ ਦੇ ਜਿਆਦਾਤਰ ਲੋਕ ਸਿਆਸੀ ਚਰਚਾ ਦੌਰਾਨ ਇਹ ਗੱਲ ਅਕਸਰ ਕਹਿੰਦੇ ਹਨ ਕਿ ਪਹਿਲਾਂ ਦੀਆਂ ਸਰਕਾਰਾਂ ਦੀ ਕਾਰਗੁਜਾਰੀ ਨੂੰ ਭੰਡ ਕੇ ਸੱਤਾ ਤੇ ਕਾਬਿਜ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਪਣੇ ਤੋਂ ਪਹਿਲੀਆਂ ਸਰਕਾਰਾਂ ਦੇ ਰਾਹ ਤੇ ਹੀ ਚਲ ਰਹੀ ਹੈ।

ਪੰਜਾਬ ਦੀਆਂ ਵਿਰੋਧੀ ਪਾਰਟੀਆਂ ਤਾਂ ਦੋਸ਼ ਲਗਾ ਰਹੀਆਂ ਹਨ ਕਿ ਮੰਡੀਆਂ ਵਿੱਚ ਰੁਲਦੇ ਕਿਸਾਨ ਅਤੇ ਅਣਵਿਕਿਆ ਝੋਨਾ ਹੀ ਪੰਜਾਬ ਦੀ ਆਪ ਸਰਕਾਰ ਵੱਲੋਂ ਲਿਆਦਾਂ ਬਦਲਾਓ ਹੈ। ਕਾਂਗਰਸ ਆਗੂ ਦਾਅਵਾ ਕਰਦੇ ਹਨ ਕਿ ਕਾਂਗਰਸ ਸਰਕਾਰਾਂ ਵੇਲੇ ਪੰਜਾਬ ਵਿੱਚ ਕਿਸਾਨਾਂ ਦਾ ਝੋਨਾ ਕਦੇ ਨਹੀਂ ਸੀ ਰੁਲਿਆ। ਇਸੇ ਤਰ੍ਹਾਂ ਅਕਾਲੀ ਆਗੂ ਦਾਅਵਾ ਕਰਦੇ ਹਨ ਕਿ ਪੰਜਾਬ ਵਿੱਚ ਅਕਾਲੀ ਸਰਕਾਰਾਂ ਸਮੇਂ ਵੀ ਕਿਸਾਨ ਮੰਡੀਆਂ ਵਿੱਚ ਨਹੀਂ ਸੀ ਰੁਲੇ। ਜ਼ਿਮਨੀ ਚੋਣਾਂ ਦੌਰਾਨ ਚੋਣ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਸਰਕਾਰ ਦੀਆਂ ਹੁਣ ਤਕ ਦੀਆਂ ਪ੍ਰਾਪਤੀਆਂ ਨੂੰ ਗਿਣਾਇਆ ਜਾ ਰਿਹਾ ਹੈ, ਉਥੇ ਹੀ ਵਿਰੋਧੀ ਦਲਾਂ ਦੇ ਆਗੂ ਦੋਸ਼ ਲਗਾ ਰਹੇ ਹਨ ਕਿ ਪੰਜਾਬ ਦੀ ਆਪ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ। ਵਿਰੋਧੀ ਆਗੂ ਤਾਂ ਪੰਜਾਬ ਵਿੱਚ ਡੀਏਪੀ ਖਾਦ ਦੀ ਕਮੀ ਲਈ ਵੀ ਪੰਜਾਬ ਦੀ ਆਪ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਹਨ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਸੱਤਾ ਪ੍ਰਾਪਤੀ ਤੋਂ ਬਾਅਦ ਵੱਡਾ ਬਦਲਾਓ ਲਿਆਉਣ ਦਾ ਵਾਅਦਾ ਕੀਤਾ ਸੀ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਕਰਦਿਆਂ ਉਸਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਸਨ, ਜਿਸ ਕਾਰਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆ ਗਈ ਸੀ, ਜੋਕਿ ਹੁਣ ਪੰਜਾਬ ਵਿੱਚ ਰਾਜ ਕਰ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਆਸ ਸੀ ਕਿ ਪੰਜਾਬ ਦੀ ਆਪ ਸਰਕਾਰ ਪੰਜਾਬ ਵਿੱਚ ਵੱਡਾ ਬਦਲਾਓ ਲਿਆਵੇਗੀ ਪਰੰਤੂ ਅਜਿਹਾ ਕੁੱਝ ਵੀ ਨਹੀਂ ਹੋ ਪਾਇਆ ਹੈ।

ਆਪ ਸਰਕਾਰ ਨੇ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਮੁਹਿੰਮ ਜਰੂਰ ਚਲਾਈ ਹੈ ਅਤੇ ਇਸ ਦੇ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ, ਪਰ ਆਮ ਲੋਕਾਂ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਅਜੇ ਵੀ ਕੁਝ ਹੱਦ ਤਕ ਲੁਕਵੇਂ ਰੂਪ ਵਿੱਚ ਜਾਰੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਪਰ ਅਫਸਰਸ਼ਾਹੀ ਉਹੀ ਰਹਿੰਦੀ ਹੈ ਅਤੇ ਕਈ ਵਾਰ ਸਰਕਾਰ ਦੀਆਂ ਚੰਗੀਆਂ ਨੀਤੀਆਂ ਨੂੰ ਵੀ ਸਰਕਾਰੀ ਅਧਿਕਾਰੀਆਂ ਅਤੇ ਮੁਲਾਜਮਾਂ ਵੱਲੋਂ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾਂਦਾ ਜਾਂ ਅਗਿਆਨਤਾ ਹੋਣ ਕਾਰਨ ਵੱਡੀ ਗਿਣਤੀ ਲੋਕ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ।

ਆਮ ਆਦਮੀ ਪਾਰਟੀ ਦੇ ਆਗੂ ਦਾਅਵਾ ਕਰਦੇ ਹਨ ਕਿ ਆਪ ਸਰਕਾਰ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਦੇਣ ਦਾ ਯਤਨ ਕਰ ਰਹੀ ਹੈ। ਆਪ ਆਗੂਆਂ ਅਨੁਸਾਰ ਹੁਣ ਆਮ ਲੋਕਾਂ ਦੀ ਸਰਕਾਰੀ ਦਫਤਰਾਂ ਵਿੱਚ ਸੁਣਵਾਈ ਹੋਣ ਲੱਗ ਪਈ ਹੈ ਅਤੇ ਆਮ ਲੋਕਾਂ ਦੇ ਕੰਮ ਵੀ ਸਹੀ ਸਮੇਂ ਤੇ ਹੋਣ ਲੱਗ ਪਏ ਹਨ। ਆਪ ਆਗੂ ਦਾਅਵਾ ਕਰਦੇ ਹਨ ਕਿ ਪੰਜਾਬ ਦਾ ਹਰ ਵਰਗ ਪੰਜਾਬ ਦੀ ਆਪ ਸਰਕਾਰ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਹੈ, ਜਦੋਂਕਿ ਵਿਰੋਧੀ ਪਾਰਟੀਆਂ ਦੇ ਆਗੂ ਕਹਿ ਰਹੇ ਹਨ ਕਿ ਪੰਜਾਬ ਦੀ ਆਪ ਸਰਕਾਰ ਤੋਂ ਹਰ ਵਰਗ ਨਿਰਾਸ਼ ਹੈ।

ਆਮ ਆਦਮੀ ਪਾਰਟੀ ਆਪਣੇ ਰਹਿੰਦੇ ਕਾਰਜਕਾਲ ਵਿੱਚ ਪੰਜਾਬ ਵਿੱਚ ਕੋਈ ਵੱਡਾ ਬਦਲਾਓ ਲਿਆਉਣ ਅਤੇ ਆਮ ਲੋਕਾਂ ਦਾ ਭਰੋਸਾ ਜਿੱਤਣ ਵਿੱਚ ਕਿੰਨੀ ਕੁ ਕਾਮਯਾਬ ਹੁੰਦੀ ਹੈ, ਇਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ।

ਬਿਊਰੋ

 

Continue Reading

Editorial

ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਮੰਨਦੇ

Published

on

By

 

 

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਭਲਕੇ ਸੰਸਾਰ ਭਰ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਣਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਦੁਨੀਆ ਦੇ ਵੱਖ ਵੱਖ ਮੁਲਕਾਂ ਵਿੱਚ ਕਈ ਵੱਡੇ ਸਮਾਗਮ ਵੀ ਆਯੋਜਿਤ ਕੀਤੇ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਪ੍ਰਕਾਸ਼ ਦਿਹਾੜੇ (ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਇਆ) ਵਜੋਂ ਮਣਾਇਆ ਜਾਂਦਾ ਹੈ, ਕਿਉਂਕਿ ਉਹਨਾਂ ਨੇ ਲੋਕਾਂ ਵਿੱਚ ਦਿਲਾਂ ਵਿੱਚ ਫੈਲੇ ਝੂਠ, ਫਰੇਬ, ਈਰਖਾ, ਦਵੇਸ਼ ਅਤੇ ਸਮਾਜ ਵਿੱਚ ਫੈਲੇ ਜਾਤਪਾਤ ਅਤੇ ਛੂਆਛੂਤ ਦੇ ਹਨੇਰੇ ਨੂੰ ਦੂਰ ਕਰਕੇ ਲੋਕਾਂ ਦੇ ਮਨਾਂ ਵਿਚ ਸਰਬਤ ਦੇ ਭਲੇ ਅਤੇ ਸਰਵਸਾਂਝੀਵਾਲਤਾ ਦਾ ਅਲੌਲਿਕ ਚਾਨਣ ਭਰਿਆ ਸੀ ਅਤੇ ਪੂਰੀ ਮਨੁੱਖਤਾ ਦੀ ਭਲਾਈ ਦਾ ਉਪਦੇਸ਼ ਦਿੱਤਾ ਸੀ।

ਇਸ ਗੱਲ ਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਕਿ ਸਮੂਹ ਗੁਰੂਨਾਨਕ ਨਾਮ ਲੇਵਾ ਸੰਗਤ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਅਪਾਰ ਸ਼ਰਧਾ ਹੈ ਅਤੇ ਉਹਨਾਂ ਦੇ ਪzzਕਾਸ਼ ਦਿਹਾੜੇ ਤੇ ਦੁਨੀਆ ਭਰ ਵਿੱਚ ਹੋਣ ਵਾਲੇ ਵੱਡੇ ਵੱਡੇ ਸਮਾਗਮ ਇਸਦੀ ਗਵਾਹੀ ਵੀ ਭਰਦੇ ਹਨ। ਪਰੰਤੂ ਜੇਕਰ ਅਸੀਂ ਖੁਦ ਤੋਂ ਇਹ ਸਵਾਲ ਪੁੱਛੀਏ ਕਿ ਅਸੀ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸੱਚੀ ਸ਼ਰਧਾ ਰੱਖਣ ਦਾ ਦਾਅਵਾ ਤਾਂ ਕਰਦੇ ਹਾਂ ਪਰੰਤੂ ਕੀ ਅਸੀਂ (ਸਾਰੇ) ਉਹਨਾਂ ਦੀ ਦਿੱਤੀ ਹੋਈ ਸਿਖਿਆ ਤੇ ਅਮਲ ਵੀ ਕਰਦੇ ਹਾਂ, ਤਾਂ ਆਪਣੇ ਅੰਦਰ ਝਾਤ ਮਾਰਨ ਤੇ ਸਾਨੂੰ ਇਸਦਾ ਜਵਾਬ ਨਾਂਹ ਵਿੱਚ ਹੀ ਮਿਲਦਾ ਹੈ ਅਤੇ ਸਾਡੇ ਵਲੋਂ ਕੀਤਾ ਜਾਂਦਾ ਸ਼ਰਧਾ ਦਾ ਇਹ ਪ੍ਰਗਟਾਵਾ ਸਿਰਫ ਲੋਕ ਦਿਖਾਵੇ ਵਰਗਾ ਹੀ ਲੱਗਦਾ ਹੈ।

ਅਸਲੀਅਤ ਇਹੀ ਹੈ ਕਿ ਅਸੀਂ ਸਾਰੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਤਾਂ ਰੱਖਦੇ ਹਾਂ ਪਰੰਤੂ ਆਪਣੀ ਰੋਜਾਨਾ ਜਿੰਦਗੀ ਵਿੱਚ ਉਹਨਾਂ ਦੀਆਂ ਸਿਖਿਆਵਾਂ ਨੂੰ ਭੁੱਲ ਕੇ ਦੁਬਾਰਾ ਉਸੇ ਗਹਿਰੇ ਹਨੇਰੇ ਵਿੱਚ ਡੁੱਬ (ਜਾਂ ਗਵਾਚ) ਜਾਂਦੇ ਹਾਂ ਜਿਸਤੋਂ ਬਾਹਰ ਕੱਢਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ। ਗੁਰੂ ਸਾਹਿਬ ਵਲੋਂ ਦਿੱਤੇ ਸਰਬਤ ਦੇ ਭਲੇ ਅਤੇ ਸਰਵਸਾਂਝੀਵਾਲਤਾ ਦੇ ਉਪਦੇਸ਼ ਨੂੰ ਤਾਂ ਅਸੀਂ ਕਾਫੀ ਹੱਦ ਤਕ ਭੁਲਾ ਦਿੱਤਾ ਹੈ ਅਤੇ ਅੱਜ ਦਾ ਮਨੁੱਖ ਆਪਣੇ ਨਿੱਜੀ ਫਾਇਦੇ ਲਈ ਦੂਜਿਆਂ ਦਾ ਨੁਕਸਾਨ ਕਰਨ ਵਿੱਚ ਹੀ ਲੱਗਿਆ ਰਹਿੰਦਾ ਹੈ। ਹੋਰ ਤਾਂ ਹੋਰ ਮਨੁੱਖ ਦੀ ਖੁਦ ਨੂੰ ਵੱਧ ਤੋਂ ਵੱਧ ਮਾਇਕ ਫਾਇਦਾ ਪਹੁੰਚਉਣ ਅਤੇ ਖੁਦ ਲਈ ਐਸ਼ੋ ਇਸ਼ਰਤ ਦੇ ਇੰਤਜਾਮ ਜੁਟਾਉਣ ਦੀ ਚਾਹਤ ਇੰਨੀ ਜਿਆਦਾ ਵੱਧ ਗਈ ਹੈ ਕਿ ਅਸੀਂ ਇਸ ਵਾਸਤੇ ਕੋਈ ਵੀ ਗਲਤ ਕੰਮ ਕਰਨ ਲਈ ਵੀ ਤਿਆਰ ਹੋ ਜਾਂਦੇ ਹਾਂ।

ਗੁਰੂ ਸਾਹਿਬ ਨੇ ਸਾਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੰਤ ਦਾ ਸੰਦੇਸ਼ ਦਿੱਤਾ ਸੀ ਪਰੰਤੂ ਅਸੀਂ ਕੁਦਰਤ ਦਾ ਬੁਰੀ ਤਰ੍ਹਾਂ ਘਾਣ ਕਰਕੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ। ਨਾ ਤਾਂ ਸਾਡੇ ਵਾਤਾਵਰਨ ਵਿੱਚ ਸਾਹ ਲੈਣ ਲਈ ਸਾਫ ਸੁਥਰੀ ਹਵਾ ਬਾਕੀ ਬਚੀ ਹੈ ਅਤੇ ਨਾ ਹੀ ਪੀਣ ਵਾਲਾ ਸਾਫ ਪਾਣੀ ਬਚਿਆ ਹੈ। ਜਾਤਪਾਤ ਅਤੇ ਛੁਆਛੂਤ ਦੀ ਜਿਸ ਲਾਹਨਤ ਤੋਂ ਗੁਰੂ ਸਾਹਿਬ ਨੇ ਸਾਨੂੰ ਛੁਟਕਾਰਾ ਦਿਵਾਇਆ ਸੀ ਅਸੀਂ ਦੁਬਾਰਾ ਉਸਦੀ ਜਕੜ ਵਿੱਚ ਫਸ ਚੁੱਕੇ ਹਾਂ। ਸਾਡਾ ਸਮਾਜ ਇਹਨਾਂ ਸਮਾਜਿਕ ਬੁਰਾਈਆਂ ਨੂੰ ਮੰਨਦਾ ਵੀ ਹੈ ਅਤੇ ਬਾਕਾਇਦਾ ਮਾਨਤਾ ਵੀ ਦਿੰਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਸਾਨੂ ਸਾਰਿਆਂ ਨੂੰ ਆਪਣੇ ਅੰਦਰ ਝਾਤ ਮਾਰ ਕੇ ਉਹਨਾਂ ਕਾਰਨਾਂ ਦੀ ਭਾਲ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਗੁਰੂ ਵਲੋਂ ਦਿੱਤੀ ਗਈ ਸਿਖਿਆ ਦੇ ਅਨੁਸਾਰ ਚਲਣ ਦੀ ਥਾਂ ਇਸਦੇ ਉਲਟ ਕਿਉਂ ਹੋ ਗਏ ਹਾਂ। ਇਹ ਦੁਨੀਆਵੀ ਸੁਖ ਸਾਡੇ ਲਈ ਇੰਨੇ ਜਿਆਦਾ ਮਹੱਤਵਪੂਰਨ ਕਿਊਂ ਬਣ ਗਏ ਹਨ ਕਿ ਅਸੀਂ ਖੁਦ ਹੀ ਆਪਣਾ ਸਭ ਕੁੱਝ ਤਬਾਹ ਕਰਨ ਵੱਲ ਤੁਰ ਪਏ ਹਾਂ। ਗੁਰੂ ਦੀ ਸਿਖਿਆ ਅਨੁਸਾਰ ਚਲਣ ਦੀ ਥਾਂ ਅਸੀਂ ਖੁਦ ਨੂੰ ਇੰਨਾ ਤਾਕਤਵਰ ਅਤੇ ਮਹਾਨ ਕਿਉਂ ਸਮਝਣ ਲੱਗ ਪਏ ਹਾਂ ਕਿ ਸਾਨੂੰ ਹਰ ਕੋਈ ਆਪਣੇ ਤੋਂ ਹੀਣਾ ਜਾਪਦਾ ਹੈ ਅਤੇ ਅਸੀਂ ਸਰਬਤ ਦੇ ਭਲੇ ਦਾ ਰਾਹ ਤਿਆਗ ਕੇ ਪੂਰੀ ਤਰ੍ਹਾਂ ਨਿੱਜਤਾ ਦੇ ਹਾਣੀ ਹੋ ਗਏ ਹਾਂ।

ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣਾ ਆਪ ਸਵਾਰੀਏ ਅਤੇ ਗੁਰੂ ਸਾਹਿਬ ਦੇ ਦੱਸੇ ਰਾਹ ਤੇ ਚਲਦਿਆਂ ਸਰਬਤ ਦੇ ਭਲੇ ਲਈ ਕੰਮ ਕਰੀਏ। ਗੁਰੂ ਪ੍ਰਤੀ ਸੱਚੀ ਸ਼ਰਧਾ ਇਹੀ ਹੋਵੇਗੀ ਕਿ ਅਸੀਂ ਗੁਰੂ ਨੂੰ ਮੰਨਣ ਦੇ ਨਾਲ ਨਾਲ ਸਾਨੂੰ ਗੁਰੂ ਦੀ ਦਿੱਤੀ ਸਿਖਿਆ ਤੇ ਵੀ ਅਮਲ ਕਰੀਏ ਅਤੇ ਸਰਬਤ ਦੇ ਭਲੇ ਲਈ ਕੰਮ ਕਰੀਏ ਅਜਿਹਾ ਕਰਕੇ ਹੀ ਅਸੀਂ ਇੱਕ ਸਿਹਤਮੰਦ ਅਤੇ ਖੁਸ਼ਹਾਲ ਸਮਾਜ ਸਿਰਜ ਸਕਦੇ ਹਾਂ।

 

Continue Reading

Editorial

ਮਨਚਲੇ ਨੌਜਵਾਨਾਂ ਵਲੋਂ ਜਨਤਕ ਥਾਵਾਂ ਤੇ ਕੀਤੀ ਜਾਂਦੀ ਹੁੱਲੜਬਾਜੀ ਤੇ ਸਖਤੀ ਨਾਲ ਰੋਕ ਲੱਗੇ

Published

on

By

 

 

ਸਰਦੀ ਦਾ ਅਸਰ ਵਧਣ ਲੱਗ ਗਿਆ ਹੈ ਅਤੇ ਇਸਦੇ ਨਾਲ ਹੀ ਦਿਨ ਵੀ ਛੋਟੇ ਹੋਣ ਲੱਗ ਗਏ ਹਨ। ਇਸ ਦੌਰਾਨ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਹੋਣ ਵਾਲਾ ਮਨਚਲੇ ਨੌਜਵਾਨਾਂ ਦਾ ਇਕੱਠ ਅਤੇ ਇਹਨਾਂ ਸ਼ੋਹਦਿਆਂ ਵਲੋਂ ਕੀਤੀ ਜਾਣ ਵਾਲੀ ਹੁਲੱੜਬਾਜੀ ਵੀ ਵੱਧ ਰਹੀ ਹੈ ਜਿਸ ਕਾਰਨ ਆਮ ਲੋਕਾਂ ਨੂੰ ਨਾ ਸਿਰਫ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਬਲਕਿ ਇਸ ਕਾਰਨ ਆਮ ਲੋਕ ਖੁਦ ਨੂੰ ਅਸੁਰਖਿਅਤ ਮਹਿਸੂਸ ਕਰਦੇ ਹਨ।

ਪਿਛਲੇ ਕੁੱਝ ਸਮੇਂ ਤੋਂ ਸ਼ਹਿਰ ਵਿੱਚ ਹੁੱਲੜਬਾਜੀ ਦੀਆਂ ਇਹਨਾਂ ਘਟਨਾਵਾਂ ਵਿੱਚ ਮੁੜ ਵਾਧਾ ਵੇਖਿਆ ਜਾ ਰਿਹਾ ਹੈ ਅਤੇ ਹੁੱਲੜਬਾਜਾਂ ਦੇ ਇਹ ਟੋਲੇ ਸ਼ਹਿਰ ਦੀਆਂਵੱਖ ਵੱਖ ਮਾਰਕੀਟਾਂ ਵਿੱਚ ਆਮ ਦਿਖਦੇ ਹਨ। ਇਸ ਦੌਰਾਨ ਫੇਜ਼ 3 ਬੀ ਦੀ ਮਾਰਕੀਟ (ਜਿਸਨੂੰ ਅਜਿਹੇ ਮਨਚਲਿਆਂ ਵਲੋਂ ਗੇੜੀ ਰੂਟ ਲਈ ਸਭਤੋਂ ਵੱਧ ਵਰਤਿਆ ਜਾਂਦਾ ਸੀ) ਵਿੱਚ ਪੁਲੀਸ ਵਲੋਂ ਕੀਤੀ ਗਈ ਸਖਤੀ ਕਾਰਨ ਉੱਥੇ ਵਾਹਨ ਚਾਲਕਾਂ ਦੀ ਹੁਲੱੜਬਾਜੀ ਕੱਝ ਹੱਦ ਤਕ ਘੱਟ ਜਰੂਰ ਹੋਈ ਹੈ ਪਰੰਤੂ ਰੇਹੜੀਆਂ ਫੜੀਆਂ ਤੇ ਇਹਨਾਂ ਹੁਲੱੜਬਾਜਾਂ ਦੀ ਭੀੜ ਪਹਿਲਾਂ ਵਾਂਗ ਹੀ ਦਿਖਦੀ ਹੈ। ਮਾਰਕੀਟਾਂ ਵਿੱਚ ਟਿਕਾਣੇ ਬਣਾ ਕੇ ਖੜ੍ਹਦੇ ਇਹਨਾਂ ਸ਼ੋਹਦਿਆਂ ਅਤੇ ਸ਼ਰਾਰਤੀ ਅਨਸਰਾਂ ਵਲੋਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਕਾਰਨ ਲੋਕ ਮਾਰਕੀਟਾਂ ਵਿੱਚ ਆਉਣ ਤੋਂ ਹੀ ਡਰਦੇ ਹਨ ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।

ਦਿਵਾਲੀ ਦਾ ਤਿਉਹਾਰ ਭਾਵੇਂ ਲੰਘ ਗਿਆ ਹੈ ਪਰੰਤੂ ਫਿਰ ਵੀ ਬਾਜਾਰਾਂ ਵਿੱਚ ਕਾਫੀ ਰੌਣਕ ਦਿਖਦੀ ਹੈ। ਅਤੇ ਬਾਜਾਰਾਂ ਵਿੱਚ ਭੀੜ ਭੜੱਕਾ ਵੀ ਹੁੰਦਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਪਰਿਵਾਰ ਸਮੇਤ ਬਾਜਾਰਾਂ ਵਿੱਚ ਪਹੁੰਚਦੇ ਹਨ। ਪਰੰਤੂ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਇਹਨਾਂ ਲੋਕਾਂ ਨੂੰ ਉਸ ਵੇਲੇ ਕਾਫੀ ਜਿਆਦਾ ਨਮੋਸ਼ੀ ਸਹਿਣੀ ਪੈਂਦੀ ਹੈ ਜਦੋਂ ਉਹਨਾਂ ਦਾ ਸਾਮ੍ਹਣਾ ਜਨਤਕ ਥਾਵਾਂ ਤੇ ਇਕੱਠੇ ਹੋਣ ਵਾਲੇ ਹੁਲੱੜਬਾਜ ਕਿਸਮ ਦੇ ਨੌਜਵਾਨਾਂ ਨਾਲ ਹੁੰਦਾ ਹੈ। ਮਾਰਕੀਟਾਂ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦੇ ਆਸਪਾਸ ਅਜਿਹੇ ਵਿਹਲੜ ਨੌਜਵਾਨਾਂ ਦੀਆਂ ਮੰਡਲੀਆਂ ਆਮ ਨਜਰ ਆਉਂਦੀਆਂ ਹਨ ਜਿਹੜੇ ਆਉਣ ਜਾਣ ਵਾਲੇ ਲੋਕਾਂ ਨੂੰ ਟਿੱਚਰਾਂ ਤਕ ਕਰਦੇ ਹਨ।

ਸ਼ਹਿਰ ਦੀਆਂ ਮਾਰਕੀਟਾਂ ਅਤੇ ਜਨਤਕ ਥਾਵਾਂ ਤੇ ਦੇਰ ਰਾਤ ਤਕ ਡੇਰਾ ਜਮਾਉਣ ਵਾਲੇ ਇਹ ਹੁਲੱੜਬਾਜ ਕਈ ਵਾਰ ਖੁੱਲੀ ਥਾਂ ਤੇ ਸ਼ਰਾਬ ਪੀਂਦੇ ਵੀ ਨਜਰ ਆ ਜਾਂਦੇ ਹਨ ਅਤੇ ਇਹਨਾਂ ਕਾਰਨ ਸ਼ਹਿਰ ਦਾ ਸ਼ਾਂਤ ਮਾਹੌਲ ਵੀ ਪ੍ਰਭਾਵਿਤ ਹੁੰਦਾ ਹੈ। ਇਹਨਾਂ ਸ਼ੋਹਦਿਆਂ (ਜਿਹਨਾਂ ਵਿੱਚ ਜਿਆਦਾਤਰ ਵੱਡੇ ਘਰਾਂ ਦੇ ਕਾਕੇ ਹੁੰਦੇ ਹਨ) ਵਲੋਂ ਗਲੀ ਮੁਹੱਲਿਆਂ ਵਿੱਚ ਖੁੱਲੀਆਂ ਜੀਪਾਂ ਅਤੇ ਮੋਟਰਸਾਈਕਲਾਂ ਤੇ ਗੇੜੀਆਂ ਕੱਢਣ ਅਤੇ ਲੋਕਾਂ ਨਾਲ ਦੁਰਵਿਵਹਾਰ ਅਤੇ ਲੜਾਈ ਝਗੜੇ ਦੀਆਂ ਕਾਰਵਾਈਆਂ ਵੀ ਆਮ ਹਨ। ਆਪਣੀਆਂ ਕਾਰਵਾਈਆਂ ਨਾਲ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਇਹਨਾਂ ਹੁੱਲੜਬਾਜਾਂ ਦਾ ਮੁੱਖ ਨਿਸ਼ਾਨਾ ਅਕਸਰ ਨੌਜਵਾਨ ਕੁੜੀਆਂ ਹੁੰਦੀਆਂ ਹਨ ਜਿਹਨਾਂ ਉੱਪਰ ਆਪਣਾ ਫਿਜੂਲ ਦਾ ਰੌਹਬ ਜਮਾਉਣ ਲਈ ਇਹ ਗੁੰਡਾ ਅਨਸਰ ਇਹ ਸਾਬਿਤ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਕਿ ਨਾ ਤਾਂ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਹੈ ਅਤੇ ਨਾ ਹੀ ਕੋਈ ਉਹਨਾਂ ਦਾ ਕੋਈ ਕੁੱਝ ਵਿਗਾੜ ਹੀ ਸਕਦਾ ਹੈ। ਇਹ ਹੁਲੱੜਬਾਜ ਜਦੋਂ ਖੁੱਲੀਆਂ ਗੱਡੀਆਂ ਵਿੱਚ ਬਹੁਤ ਤੇਜ ਆਵਾਜ ਵਿੱਚ ਸੰਗੀਤ ਵਜਾਉਂਦੇ ਹੋਏ ਨਿਕਲਦੇ ਹਨ ਤਾਂ ਇਸ ਕਾਰਨ ਆਸਪਾਸ ਦਾ ਮਾਹੌਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।

ਇਸ ਸੰਬੰਧੀ ਭਾਵੇਂ ਪੁਲੀਸ ਵਲੋਂ ਸਮੇਂ ਸਮੇਂ ਤੇ ਨਾਕੇਬੰਦੀ ਕਰਕੇ ਅਜਿਹੇ ਨੌਜਵਾਨਾਂ ਦੇ ਖਿਲਾਫ ਮੁਹਿੰਮ ਚਲਾਈ ਜਾਂਦੀ ਹੈ ਜਿਸਦਾ ਅਸਰ ਵੀ ਨਜਰ ਆਉਂਦਾ ਹੈ ਅਤੇ ਪੁਲੀਸ ਦੀ ਕਾਰਵਾਈ ਤੋਂ ਡਰਦੇ ਇਹ ਹੁੱਲੜਬਾਜ (ਥੋੜ੍ਹੇ ਸਮੇਂ ਲਈ) ਗਾਇਬ ਵੀ ਹੋ ਜਾਂਦੇ ਹਨ ਪਰੰਤੂ ਪੁਲੀਸ ਦੀ ਕਾਰਵਾਈ ਦੇ ਰੁਕਦਿਆਂ ਹੀ ਇਹ ਵਾਪਸ ਪਰਤ ਆਉਂਦੇ ਹਨ। ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਇਹਨਾਂ ਗੁੰਡਾ ਅਨਸਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਇਸ ਵਾਸਤੇ ਮਾਰਕੀਟਾਂ ਵਿੱਚ ਵਿਸ਼ੇਸ਼ ਤੌਕ ਤੇ ਪੁਲੀਸ ਫੋਰਸ ਦੀ ਤੈਨਾਤੀ ਕੀਤੀ ਜਾਵੇ ਜਿਸ ਵਲੋਂ ਸ਼ਹਿਰ ਵਾਸੀਆਂ ਦੇ ਦਿਲੋ ਦਿਮਾਗ ਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲੇ ਅਜਿਹੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਲਗਾਤਾਰ ਵਾਪਰਦੀਆਂ ਗੁੰਡਾਗਰਦੀ ਦੀਆਂ ਅਜਿਹੀਆਂ ਘਟਨਾਵਾਂ ਤੇ ਕਾਬੂ ਕਰਨ ਲਈ ਯੋਜਨਾਬੱਧ ਢੰਗ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰ ਵਾਸੀਆਂ ਵਿੱਚ ਵੱਧ ਰਹੀ ਅਸੁਰਖਿਆ ਦੀ ਭਾਵਨਾ ਨੂੰ ਕਾਬੂ ਕਰਕੇ ਉਹਨਾਂ ਦਾ ਪ੍ਰਸ਼ਾਸ਼ਨ ਵਿੱਚ ਭਰੋਸਾ ਬਹਾਲ ਰੱਖਿਆ ਜਾ ਸਕੇ।

 

Continue Reading

Editorial

ਕਦੋਂ ਲੱਗੇਗੀ ਸੜਕ ਹਾਦਸਿਆਂ ਦੀ ਰਫ਼ਤਾਰ ਨੂੰ ਬਰੇਕ?

Published

on

By

 

ਪੰਜਾਬ ਵਿੱਚ ਇਸ ਸਮੇਂ ਧੁਆਂਖੀ ਧੁੰਦ ਛਾਉਣ ਲੱਗ ਗਈ ਹੈ, ਜਿਸ ਕਰਕੇ ਦਿਨ ਵੇਲੇ ਵੀ ਵਾਹਨਾਂ ਨੂੰ ਲਾਈਟਾਂ ਜਗਾ ਕੇ ਚਲਾਉਣਾ ਪੈ ਰਿਹਾ ਹੈ। ਅਜਿਹੇ ਮੌਸਮ ਵਿੱਚ ਰਾਤ ਸਮੇਂ ਵਾਹਨ ਚਲਾਉਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਸ ਕਾਰਨ ਸੜਕ ਹਾਦਸਿਆਂ ਦਾ ਖਤਰਾ ਵੀ ਵੱਧ ਗਿਆ ਹੈ।

ਪੰਜਾਬ ਵਿੱਚ ਜਿਵੇਂ ਜਿਵੇਂ ਵਾਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਉਸੇ ਹਿਸਾਬ ਨਾਲ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਹਾਲਾਂਕਿ ਪਿਛਲੇ ਦਹਾਕਿਆਂ ਦੌਰਾਨ ਪੰਜਾਬ ਵਿੱਚ ਅਨੇਕਾਂ ਨਵੀਆਂ ਸੜਕਾਂ ਬਣੀਆਂ ਹਨ ਅਤੇ ਦੋ ਮਾਰਗੀ ਸੜਕਾਂ ਨੂੰ ਚਾਰ ਮਾਰਗੀ ਸੜਕਾਂ ਵਿੱਚ ਵੀ ਬਦਲਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚੋਂ ਨਿਕਲਦੇ ਨੈਸ਼ਨਲ ਹਾਈਵੇ ਵੀ ਚੰਗੀ ਹਾਲਤ ਵਿੱਚ ਹਨ। ਪਰੰਤੂ ਇਸ ਦੇ ਬਾਵਜੂਦ ਸੜਕ ਹਾਦਸਿਆਂ ਦੀ ਰਫਤਾਰ ਨੂੰ ਅਜੇ ਤਕ ਬਰੇਕਾਂ ਨਹੀਂ ਲੱਗ ਸਕੀਆਂ ਹਨ।

ਸਿਰਫ਼ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿੱਚ ਵੀ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਹਨਾਂ ਦੇ ਵੱਖ ਵੱਖ ਕਾਰਨ ਹੁੰਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਸਾਲ ਗਲੋਬਲ ਰੋਡ ਸੇਫਟੀ ਵੀਕ ਦੌਰਾਨ ਇੱਕ ਰਿਪੋਰਟ ਪੇਸ਼ ਕੀਤੀ ਸੀ, ਜਿਸ ਅਨੁਸਾਰ ਵਿਸ਼ਵ ਪੱਧਰ ਤੇ ਹਰ ਸਾਲ ਸੜਕ ਹਾਦਸਿਆਂ ਵਿੱਚ 1.35 ਮਿਲੀਅਨ ਤੋਂ ਵੱਧ ਮੌਤਾਂ ਹੁੰਦੀਆਂ ਹਨ ਅਤੇ 50 ਮਿਲੀਅਨ ਤੋਂ ਵੱਧ ਲੋਕਾਂ ਨੂੰ ਗੰਭੀਰ ਸੱਟਾਂ ਲੱਗਦੀਆਂ ਹਨ।

ਰਿਪੋਰਟ ਮੁਤਾਬਕ ਦੁਨੀਆ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ 11 ਫੀਸਦੀ ਹਿੱਸਾ ਭਾਰਤ ਦਾ ਹੈ। ਸੜਕ ਹਾਦਸਿਆਂ ਕਾਰਨ ਭਾਰਤ ਨੂੰ ਹੋਏ ਨੁਕਸਾਨ ਦੇ ਵਿਸ਼ਵ ਬੈਂਕ ਦੇ ਮੁਲਾਂਕਣ ਦੇ ਅਨੁਸਾਰ, 18-45 ਸਾਲ ਦੀ ਉਮਰ ਦੇ ਲੋਕਾਂ ਵਿੱਚ ਸੜਕ ਹਾਦਸਿਆਂ ਕਾਰਨ ਮੌਤ ਦਰ ਸਭ ਤੋਂ ਵੱਧ 69 ਪ੍ਰਤੀਸ਼ਤ ਹੈ। ਇਸ ਤੋਂ ਇਲਾਵਾ, 54 ਪ੍ਰਤੀਸ਼ਤ ਮੌਤਾਂ ਅਤੇ ਗੰਭੀਰ ਸੱਟਾਂ ਦੇ ਮਾਮਲੇ ਮੁੱਖ ਤੌਰ ਤੇ ਕਮਜ਼ੋਰ ਵਰਗਾਂ ਜਿਵੇਂ ਕਿ ਪੈਦਲ ਚੱਲਣ ਵਾਲੇ, ਸਾਇਕਲ ਸਵਾਰਾਂ ਅਤੇ ਦੋਪਹੀਆ ਵਾਹਨ ਸਵਾਰਾਂ ਆਦਿ ਵਿੱਚ ਦੇਖੇ ਜਾਂਦੇ ਹਨ। ਭਾਰਤ ਵਿੱਚ 5-29 ਸਾਲ ਦੀ ਉਮਰ ਦੇ ਬੱਚਿਆਂ ਅਤੇ ਬਾਲਗਾਂ ਵਿੱਚ ਮੌਤ ਦਾ ਮੁੱਖ ਕਾਰਨ ਸੜਕ ਹਾਦਸੇ ਹਨ।

ਵਿਸ਼ਵ ਸੜਕ ਅੰਕੜਿਆਂ ਦੇ ਅਨੁਸਾਰ, 2018 ਵਿੱਚ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਭਾਰਤ ਦੁਨੀਆ ਵਿੱਚ ਪਹਿਲੇ ਸਥਾਨ ਤੇ ਹੈ। ਇਸ ਤੋਂ ਬਾਅਦ ਚੀਨ ਅਤੇ ਅਮਰੀਕਾ ਦਾ ਨੰਬਰ ਆਉਂਦਾ ਹੈ। ਸੜਕ ਹਾਦਸੇ ਆਮ ਤੌਰ ਤੇ ਤੇਜ਼ ਰਫਤਾਰ ਅਤੇ ਗਲਤ ਪਾਸੇ ਤੋਂ ਵਾਹਨ ਚਲਾਉਣ ਕਾਰਨ ਵਾਪਰਦੇ ਹਨ। ਇਸ ਸਮੇਂ ਧੁਆਂਖੀ ਧੁੰਦ ਕਾਰਨ ਪਹਿਲਾਂ ਹੀ ਸੜਕਾਂ ਤੇ ਦੂਰ ਤਕ ਦੇਖਣਾ ਮੁਸ਼ਕਿਲ ਹੋ ਜਾਂਦਾ ਹੈ, ਅਜਿਹੇ ਮੌਸਮ ਵਿੱਚ ਅਚਾਨਕ ਹੀ ਕੋਈ ਵਾਹਨ ਉਲਟੀ ਦਿਸ਼ਾ ਵਿਚੋਂ ਆ ਜਾਵੇ ਜਾਂ ਲਿੰਕ ਰੋਡ ਜਾਂ ਕੱਚੇ ਰਸਤੇ ਤੋਂ ਅਚਾਨਕ ਹੀ ਮੁੱਖ ਸੜਕ ਤੇ ਚੜ ਆਵੇ ਤਾਂ ਮੁੱਖ ਸੜਕ ਤੇ ਤੇਜ਼ ਰਫਤਾਰ ਨਾਲ ਜਾ ਰਹੇ ਵਾਹਨਾਂ ਨਾਲ ਉਸਦੀ ਟੱਕਰ ਹੋਣ ਦਾ ਖਤਰਾ ਬਣ ਜਾਂਦਾ ਹੈ। ਖਰਾਬ ਮੌਸਮ ਕਾਰਨ ਭਾਵੇਂ ਵਾਹਨਾਂ ਦੀ ਰਫਤਾਰ ਮੱਠੀ ਹੁੰਦੀ ਹੈ ਪਰ ਡਿਊਟੀ ਅਤੇ ਹੋਰ ਕੰਮ ਧੰਦਿਆਂ ਨੂੰ ਜਾਣ ਵਾਲੇ ਲੋਕਾਂ ਨੇ ਸਮੇਂ ਸਿਰ ਆਪਣੀ ਮੰਜਿਲਾ ਤੇ ਪਹੁੰਚਣਾ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਲੋਕ ਤੇਜ ਰਫਤਾਰ ਵਾਹਨ ਚਲਾਉਣ ਨੂੰ ਆਪਣੀ ਸ਼ਾਨ ਸਮਝਦੇ ਹਨ। ਉਂਝ ਵੀ ਨੈਸ਼ਨਲ ਹਾਈਵੇ ਅਤੇ ਮੁੱਖ ਸੜਕਾਂ ਤੇ ਵਾਹਨ ਤੇਜ਼ ਰਫਤਾਰ ਵਿੱਚ ਹੀ ਚੱਲਦੇ ਹਨ। ਇਸ ਕਰਕੇ ਕੱਚੇ ਰਸਤਿਆਂ, ਲਿੰਕ ਰੋਡਾਂ ਅਤੇ ਨਾਜਾਇਜ਼ ਕੱਟਾਂ ਤੋਂ ਮੁੱਖ ਸੜਕਾਂ ਤੇ ਆਉਣ ਵਾਲੇ ਵਾਹਨਾਂ ਦੇ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ।

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ‘ਰੋਡ ਐਕਸੀਡੈਂਟਸ ਇਨ ਇੰਡੀਆ’ ਸਿਰਲੇਖ ਵਾਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2022 ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚੋਂ ਲਗਭਗ 68 ਫ਼ੀਸਦੀ ਮੌਤਾਂ ਪੇਂਡੂ ਖੇਤਰਾਂ ਵਿੱਚ ਹੋਈਆਂ, ਜਦੋਂ ਕਿ ਕੁੱਲ ਹਾਦਸਿਆਂ ਵਿੱਚ ਸ਼ਹਿਰੀ ਖੇਤਰਾਂ ਦਾ ਯੋਗਦਾਨ 32 ਫ਼ੀਸਦੀ ਸੀ। ਹਾਦਸਿਆਂ ਅਤੇ ਮੌਤਾਂ ਦੋਵਾਂ ਵਿੱਚ ਦੋਪਹੀਆ ਵਾਹਨਾਂ ਦਾ ਸਭ ਤੋਂ ਵੱਧ ਹਿੱਸਾ ਸੀ। ਅਕਸਰ ਵੇਖਣ ਵਿੱਚ ਆਇਆ ਹੈ ਕਿ ਦੋ ਪਹੀਆ ਵਾਹਨ ਚਾਲਕ ਤੇਜ ਰਫਤਾਰ ਨਾਲ ਵਾਹਨ ਚਲਾਉਂਦੇ ਹਨ। ਇਸ ਤੋਂ ਇਲਾਵਾ ਸਕੂੁਲੀ ਬੱਚੇ ਵੀ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਨੂੰ ਬਹੁਤ ਤੇਜ ਰਫਤਾਰ ਨਾਲ ਚਲਾਉਂਦੇ ਹਨ ਅਤੇ ਵਾਹਨਾਂ ਨਾਲ ਸੜਕਾਂ ਤੇ ਕਰਤੱਬ ਦਿਖਾਉਂਦੇ ਹਨ। ਇਸ ਕਾਰਨ ਵੀ ਅਕਸਰ ਹਾਦਸੇ ਵਾਪਰ ਜਾਂਦੇ ਹਨ।

ਸੜਕ ਹਾਦਸੇ ਰੋਕਣ ਲਈ ਵਾਹਨ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਵਾਹਨਾਂ ਦੀ ਤੇਜ ਰਫਤਾਰ ਵੀ ਸੀਮਿਤ ਕੀਤੀ ਜਾਣੀ ਚਾਹੀਦੀ ਹੈ। ਸੜਕਾਂ ਚੌੜੀਆਂ ਕਰਨ ਸਮੇਂ ਸੜਕ ਹਾਦਸੇ ਰੋਕਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਬਿਊਰੋ

Continue Reading

Latest News

Trending