Connect with us

Mohali

ਕੂੜੇ ਦੀ ਨਿਕਾਸੀ ਦੀ ਸਮੱਸਿਆ ਹੋਵੇਗੀ ਹੱਲ, ਹਾਊਸ ਵੱਲੋਂ ਨਵੀਂ ਕੰਪਨੀ ਦੇ ਟੈਂਡਰ ਨੂੰ ਮੰਜੂਰੀ

Published

on

 

 

ਨਗਰ ਨਿਗਮ ਦੀ ਮੀਟਿੰਗ ਵਿੱਚ ਰੇਹੜੀਆਂ ਫੜੀਆਂ ਅਤੇ ਗੰਦਗੀ ਦੇ ਮੁੱਦੇ ਤੇ ਪਿਆ ਰੌਲਾ

ਐਸ ਏ ਐਸ ਨਗਰ, 18 ਨਵੰਬਰ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੀ ਅੱਜ ਹੋਈ ਮੀਟਿੰਗ ਵਿੱਚ ਸ਼ਹਿਰ ਵਿਚਲੀ ਕੂੜੇ ਦੀ ਨਿਕਾਸੀ ਦਾ ਮਸਲਾ ਹੱਲ ਕਰਨ ਲਈ ਸ਼ਹਿਰ ਵਿੱਚੋਂ ਕੂੜੇ ਦੀ ਨਿਕਾਸੀ ਦੇ ਕੰਮ ਦੇ ਨਵੇਂ ਟੈਂਡਰਾਂ ਨੂੰ ਮੰਜੂਰੀ ਦੇ ਦਿੱਤੀ ਗਈ ਹੈ ਅਤੇ ਹੁਣ ਇਸ ਕੰਪਨੀ ਨੂੰ ਵਰਕ ਆਰਡਰ ਜਾਰੀ ਕਰਨ ਤੋਂ ਬਾਅਦ ਕੂੜੇ ਦੀ ਨਿਕਾਸੀ ਦਾ ਕੰਮ ਜੋਰ ਫੜ ਲਵੇਗਾ।

ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਨਗਰ ਨਿਗਮ ਦੀ ਮੀਟਿੰਗ ਦੌਰਾਨ ਪਿਛਲੇ ਸਮੇਂ ਦੌਰਾਨ ਸੜਕ ਹਾਦਸੇ ਵਿੱਚ ਮਾਰੇ ਗਏ ਦੋ ਨੌਜਵਾਨਾਂ ਰਾਜਾ ਸਿੱਧੂ ਅਤੇ ਦਲਜੀਤ ਸਿੰਘ, ਕੌਂਸਲਰ ਪਰਮਜੀਤ ਸਿੰਘ ਹੈਪੀ ਦੇ ਤਾਇਆ ਸz. ਦਯਾਲ ਸਿੰਘ, ਬੀਤੇ ਦਿਨੀਂ ਪਿੰਡ ਕੁੰਭੜਾ ਵਿੱਚ ਕਤਲ ਕੀਤੇ ਗਏ ਨੌਜਵਾਨ ਦਮਨਪ੍ਰੀਤ ਸਿੰਘ ਅਤੇ ਉਦਯੋਗਪਤੀ ਰਤਨ ਟਾਟਾ ਨੂੰ ਦੋ ਮਿਨਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਮਤੇ ਇੱਕ ਇੱਕ ਕਰਕੇ ਪਾਸ ਕਰ ਦਿੱਤੇ ਗਏ ਅਤੇ ਇੱਕ ਮੁਲਾਜਮ ਦੀ ਬਦਲੀ ਨਾਲ ਸੰਬੰਧਿਤ ਮਤਾ ਪੈਂਡਿਗ ਰੱਖ ਦਿੱਤਾ ਗਿਆ।

ਮੀਟਿੰਗ ਦੌਰਾਨ ਸਾਬਕਾ ਡਿਪਟੀ ਮੇਅਰ ਸz. ਮਨਜੀਤ ਸਿੰਘ ਸੇਠੀ ਨੇ ਇਸ ਗੱਲ ਤੇ ਰੋਸ ਜਾਹਿਰ ਕੀਤਾ ਕਿ ਨਿਗਮ ਵਲੋਂ ਕੀਤੇ ਜਾਂਦੇ ਇਸ਼ਤਿਹਾਰਬਾਜੀ ਦੇ ਕੰਮ ਵਿੱਚ ਹੋਏ ਕਥਿਤ ਘਪਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾੳਣ ਸੰਬੰਧੀ ਹਾਊਸ ਵਲੋਂ ਦੋ ਵਾਰ ਮਤਾ ਪਾਸ ਕਰਕੇ ਭੇਜੇ ਜਾਣ ਦੇ ਬਾਵਜੂਦ ਸਰਕਾਰ ਵਲੋਂ ਇਸਦੀ ਮੰਜੂਰੀ ਨਹੀਂ ਦਿੱਤੀ ਗਈ ਅਤੇ ਇਹ ਸਰਕਾਰ ਜਿੰਮੇਵਾਰ ਅਧਿਕਾਰੀਆਂ ਦਾ ਬਚਾਓ ਕਰ ਰਹੀ ਹੈ ਜਿਸ ਲਈ ਉਹਨਾਂ ਦਾ ਡਿਸੈਂਡਿੰਗ ਨੋਟ ਲਿਖਿਆ ਜਾਵੇ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਅਤੇ ਰੇਹੜੀਆਂ ਫੜੀਆਂ ਦੀ ਸਮੱਸਿਆ ਬਹੁਤ ਵੱਧ ਗਈ ਹੈ ਅਤੇ ਇਸ ਕੰਮ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੁੰਦਾ ਹੈ।

ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਕੌਂਸਲਰ ਨਰਪਿੰਦਰ ਸਿੰਘ ਰੰਗੀ, ਹਰਜੀਤ ਸਿੰਘ ਭੋਲੂ ਅਤੇ ਕੁਲਵੰਤ ਸਿੰਘ ਕਲੇਰ ਰੇਹੜੀਆਂ ਫੜੀਆਂ ਅਤੇ ਨਾਜਾਇਜ਼ ਕਬਜ਼ਿਆਂ ਦੀਆਂ ਤਸਵੀਰਾਂ ਵਾਲਾ ਬੈਨਰ ਲੈ ਕੇ ਇਕੱਠੇ ਹੋ ਕੇ ਮੇਅਰ ਦੀ ਕੁਰਸੀ ਅੱਗੇ ਆ ਗਏ ਅਤੇ ਇਲਜਾਮ ਲਗਾਇਆ ਕਿ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਇਹ ਨਾਜਾਇਜ਼ ਕਬਜ਼ੇ ਵੱਧ ਫੁੱਲ ਰਹੇ ਹਨ। ਇਸ ਮੌਕੇ ਕਮਿਸ਼ਨਰ ਵਲੋਂ ਹਾਊਸ ਨੂੰ ਭਰੋਸਾ ਦਿੱਤਾ ਗਿਆ ਕਿ ਅਗਲੇ 10-15 ਦਿਨਾਂ ਦੇ ਵਿੱਚ ਇਹ ਨਾਜਾਇਜ਼ ਕਬਜ਼ੇ ਖਤਮ ਕਰਵਾਏ ਜਾਣਗੇ।

ਇਸ ਮੌਕੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਵਲੋਂ ਮੰਗ ਕੀਤੀ ਗਈ ਕਿ ਮਾਰਕੀਟਾਂ ਵਿੱਚ ਬਣੇ ਜਨਤਕ ਪਖਾਨੇ ਰਾਤ ਨੂੰ ਵੀ ਖੁੱਲੇ ਰੱਖੇ ਜਾਣ। ਉਹਨਾਂ ਕਿਹਾ ਕਿ ਫੇਜ਼ 3 ਬੀ 2 ਦੀ ਮਾਰਕੀਟ ਦੇਰ ਰਾਤ ਤਕ ਖੁੱਲਦੀ ਹੈ ਪਰੰਤੂ ਜਨਤਕ ਪਖਾਨੇ ਬੰਦ ਕਰ ਦਿੱਤੇ ਜਾਣ ਕਾਰਨ ਲੋਕ ਖੁੱਲੀ ਥਾਂ ਵਿੱਚ ਪਿਸ਼ਾਬ ਕਰਦੇ ਹਨ ਜਿਸ ਨਾਲ ਗੰਦਗੀ ਫੈਲਦੀ ਹੈ। ਇਸ ਮੌਕੇ ਹੋਰਨਾਂ ਮੈਂਬਰਾਂ ਵਲੋਂ ਵੀ ਕਿਹਾ ਗਿਆ ਕਿ ਜਨਤਕ ਪਖਾਨੇ 11 ਵਜੇ ਤਕ ਖੋਲ੍ਹੇ ਜਾਣ ਅਤੇ 11 ਵਜੇ ਤੋਂ ਬਾਅਦ ਮਾਰਕੀਟਾਂ ਵਿਚਲੀਆਂ ਦੁਕਾਨਾਂ ਨੂੰ ਸਖਤੀ ਨਾਲ ਬੰਦ ਕਰਵਾਇਆ ਜਾਵੇ।

ਮੀਟਿੰਗ ਦੌਰਾਨ ਕੌਂਸਲਰ ਰੁਪਿੰਦਰ ਕੌਰ ਰੀਨਾ ਵਲੋਂ ਫੇਜ਼ 4 ਦੇ ਬੋਗਨਵਿਲਾ ਪਾਰਕ ਦੇ ਠੇਕੇਦਾਰ ਵਲੋਂ ਕੰਮ ਮੁਕੰਮਲ ਨਾ ਕਰਨ ਦਾ ਮੁੱਦਾ ਚੁੱਕਿਆ ਗਿਆ ਅਤੇ ਕਿਹਾ ਕਿ ਇਸ ਕਾਰਨ ਪਾਰਕ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਲੋਕ ਪਰੇਸ਼ਾਨ ਹੁੰਦੇ ਹਨ। ਇਸਤੇ ਮੇਅਰ ਨੇ ਕਿਹਾ ਕਿ ਅਜਿਹੇ ਠੇਕੇਦਾਰ ਜਿਹੜੇ ਸਮੇਂ ਤੇ ਕੰਮ ਮੁਕੰਮਲ ਨਹੀਂ ਕਰਦੇ ਉਹਨਾਂ ਨੂੰ ਬਲੈਕ ਲਿਸਟ ਕੀਤਾ ਜਾਵੇਗਾ। ਮੀਟਿੰਗ ਦੌਰਾਨ ਕੌਂਸਲਰ ਬਲਜੀਤ ਕੌਰ ਨੇ ਸ਼ਹਿਰ ਵਿੱਚ ਘੁੰਮਦੇ ਆਵਾਰਾ ਕੁੱਤਿਆਂ ਦੀ ਲਗਾਤਾਰ ਵੱਧਦੀ ਸਮੱਸਿਆ ਦੇ ਹੱਲ ਦੀ ਮੰਗ ਕੀਤੀ।

Mohali

ਅਫੀਮ ਬਰਾਮਦ ਹੋਣ ਦੇ ਮਾਮਲੇ ਵਿੱਚ ਦੋਸ਼ੀ ਨੂੰ 2 ਸਾਲ ਦੀ ਕੈਦ ਅਤੇ 10 ਹਜ਼ਾਰ ਜੁਰਮਾਨਾ

Published

on

By

 

ਐਸ ਏ ਐਸ ਨਗਰ, 20 ਨਵੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਦੀ ਇਕ ਅਦਾਲਤ ਨੇ ਥਾਣਾ ਲਾਲੜੂ ਵਿੱਚ ਦਰਜ ਅੱਧਾ ਕਿਲੋ ਅਫੀਮ ਬਰਾਮਦ ਹੋਣ ਦੇ ਮਾਮਲੇ ਵਿੱਚ 1 ਦੋਸ਼ੀ ਨੂੰ ਕੈਦ ਦੀ ਸਜਾ ਸੁਣਾਈ ਹੈ।

ਮੁਹਾਲੀ ਦੇ ਵਧੀਕ ਜਿਲਾ ਸੈਸ਼ਨ ਜੱਜ ਅਜੀਤ ਅਤਰੀ ਨੇ ਖੁੱਲੀ ਅਦਾਲਤ ਵਿੱਚ ਸੁਣਵਾਈ ਕਰਦਿਆਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਗੁਰਜੀਤ ਸਿੰਘ (ਵਾਸੀ ਕਾਦਰਾਬਾਦ ਜਿਲਾ ਸ਼ਹਜਾਨਪੁਰ ਯੂ.ਪੀ) ਨੂੰ ਅਫੀਮ ਬਰਾਮਦ ਹੋਣ ਦੇ ਮਾਮਲੇ ਵਿੱਚ ਐਨ. ਡੀ. ਪੀ. ਐਸ.ਐਕਟ ਦੇ ਤਹਿਤ 2 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਤੇ 1 ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਲਾਲੜੂ ਦੀ ਪੁਲੀਸ ਮਾੜੇ ਅਨਸਰਾਂ ਦੇ ਖਿਲਾਫ ਚਲਾਏ ਅਭਿਆਨ ਦੇ ਤਹਿਤ ਅੰਬਾਲਾ ਚੰਡੀਗੜ੍ਹ ਰੋਡ ਤੇ ਸਥਿਤ ਆਲਮਗੀਰ ਵਿਖੇ ਮੌਜੂਦ ਸੀ ਜਦੋਂ ਅੰਬਾਲਾ ਵਾਲੇ ਪਾਸਿਉਂ ਇਕ ਮੋਨਾ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਕਿ ਪੁਲੀਸ ਨੂੰ ਦੇਖ ਕੇ ਘਬਰਾ ਗਿਆ ਅਤੇ ਵਾਪਸ ਪਿੱਛੇ ਨੂੰ ਮੁੜਨ ਲੱਗਾ ਤਾਂ ਪੁਲੀਸ ਕਰਮਚਾਰੀਆਂ ਵਲੋਂ ਉਸ ਨੂੰ ਕਾਬੂ ਕਰਕੇ ਜਦੋਂ ਉਸ ਦੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਅਫੀਮ ਬਰਾਮਦ ਹੋਈ।

ਪੁਲੀਸ ਵਲੋਂ ਲਈ ਗਈ ਤਲਾਸ਼ੀ ਦੌਰਾਨ ਜਿਹੜੀ ਅਫੀਮ ਬਰਾਮਦ ਹੋਈ, ਉਸ ਦਾ ਵਜਨ ਅੱਧਾ ਕਿਲੋ ਸੀ। ਇਸ ਸਬੰਧੀ ਥਾਣਾ ਲਾਲੜੂ ਦੀ ਪੁਲੀਸ ਨੇ ਗੁਰਜੀਤ ਸਿੰਘ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।

Continue Reading

Mohali

ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਦੇ ਵਿਦਿਆਰਥੀਆਂ ਲਈ ਸਵੈ-ਰੋਜ਼ਗਾਰ ਕੈਂਪ

Published

on

By

 

ਖਰੜ, 20 ਨਵੰਬਰ (ਸ.ਬ.) ਸਥਾਨਕ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਉੱਦਮ ਨਾਲ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ ਸਕੀਮਾਂ ਪ੍ਰਤੀ ਜਾਗਰੂਕ ਕੀਤਾ ਗਿਆ।

ਕਾਲਜ ਦੇ ਪ੍ਰਿੰਸੀਪਲ ਰਾਜੀਵ ਪੁਰੀ ਦੀ ਅਗਵਾਈ ਵਿੱਚ ਆਯੋਜਿਤ ਇਸ ਸੈਮੀਨਾਰ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਆਖਰੀ ਵਰ੍ਹੇ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸਤੋਂ ਪਹਿਲਾਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰਵੀਨ ਕੌਰ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ।

ਕੈਂਪ ਦੌਰਾਨ ਪਸ਼ੂ ਪਾਲਣ ਵਿਭਾਗ ਤੋਂ ਡਾ. ਪ੍ਰੇਮ ਕੁਮਾਰ ਵੈਟਰਨਰੀ ਅਫਸਰ ਖਰੜ, ਸਿਮਰਦੀਪ ਸਿੰਘ ਡੀ. ਐਫ. ਓ, ਕਰਨਵੀਰ ਸਿੰਘ ਡੇਅਰੀ ਇੰਸਪੈਕਟਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤੋਂ ਕੈਰੀਅਰ ਕੌਂਸਲਰ ਨਬੀਹਾ ਅਤੇ ਲੀਡ ਬੈਂਕ ਦੇ ਵੱਲੋਂ ਮੋਨਿਕਾ ਬ੍ਰਾਂਚ ਮੈਨੇਜਰ, ਪੰਜਾਬ ਗ੍ਰਾਮੀਣ ਬੈਂਕ ਨੇ ਵੱਖ-ਵੱਖ ਕਰਜ਼ਾ ਸਕੀਮਾਂ ਅਤੇ ਰੋਜ਼ਗਾਰ ਸ਼ੁਰੂ ਕਰਨ ਦੇ ਵਸੀਲਿਆਂ ਤੋਂ ਜਾਣੂੰ ਕਰਵਾਇਆ।

ਕਾਲਜ ਦੇ ਪ੍ਰੋਫ਼ੈਸਰ ਇੰਚਾਰਜ ਸਿਵਲ ਇੰਜੀਨੀਅਰਿੰਗ ਪ੍ਰੋ: ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਸਿਵਲ ਇੰਜੀਨੀਅਰਿੰਗ, ਇਲੈਕਟਰੀਕਲ, ਮਕੈਨੀਕਲ ਇਲੈਕਟ੍ਰਾਨਿਕ, ਮੈਡੀਕਲ ਲੈਬ ਤਕਨਾਲੋਜੀ, ਕੰਪਿਊਟਰ ਅਤੇ ਮਾਡਰਨ ਆਫਿਸ ਪ੍ਰੈਕਟਿਸ ਦੇ ਵਿਦਿਆਰਥੀਆਂ ਲਈ ਸਵੈ-ਰੋਜ਼ਗਾਰ ਦੇ ਵੱਖ ਵੱਖ ਖੇਤਰਾਂ ਤੋਂ ਜਾਣੂ ਕਰਵਾਇਆ।

ਬੈਂਕ ਮੈਨੇਜਰ ਮੋਨਿਕਾ ਨੇ ਵੱਖ-ਵੱਖ ਉਦਯੋਗ ਲਾਉਣ ਲਈ ਸਬਸਿਡੀ ਸਕੀਮਾਂ ਅਤੇ ਸਰਕਾਰੀ ਸਹਾਇਤਾ ਬਾਰੇ ਜਾਣੂੰ ਕਰਵਾਇਆ। ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਰਵਿੰਦਰ ਵਾਲੀਆ ਨੇ ਦੱਸਿਆ ਕਿ ਅੱਜ ਦੇ ਕੈਂਪ ਵਿਚ 223 ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਨੂੰ ਸਫਲ ਬਨਾਉਣ ਲਈ ਅਮਨਦੀਪ ਕੌਰ ਲੈਕਚਰਾਰ ਇੰਗਲਿਸ਼ ਅਤੇ ਅਮਨਦੀਪ ਕੌਰ ਲੈਕਚਰਾਰ ਕੰਪਿਊਟਰ ਨੇ ਅਹਿਮ ਭੂਮਿਕਾ ਨਿਭਾਈ।

 

Continue Reading

Mohali

22 ਨਵੰਬਰ ਨੂੰ ਮੁਹਾਲੀ ਦੌਰੇ ਉੱਤੇ ਆਉਣਗੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ

Published

on

By

 

 

ਐਸ ਏ ਐਸ ਨਗਰ, 20 ਨਵੰਬਰ (ਸ.ਬ.) ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ 22 ਨਵੰਬਰ ਨੂੰ ਮੁਹਾਲੀ ਦੌਰੇ ਉੱਤੇ ਆਉਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਥ ਸੂਬਾ ਪ੍ਰਧਾਨ ਅਰਵਿੰਦ ਗੌਤਮ ਨੇ ਦੱਸਿਆ ਕਿ ਮੁਹਾਲੀ ਦੇ ਪਿੰਡ ਕੁੰਭੜਾ ਵਿਖੇ ਬੀਤੇ ਦਿਨੀ ਹੋਏ ਕਤਲ ਕਾਂਡ ਤੋਂ ਬਾਅਦ ਕੁਝ ਸ਼ਰਾਰਤੀ ਲੋਕਾਂ ਵੱਲੋਂ ਪਿੰਡ ਵਿੱਚ ਰਹਿ ਰਹੇ ਪ੍ਰਵਾਸੀ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਇਥੋਂ ਯੂਪੀ ਬਿਹਾਰ ਚਲੇ ਜਾਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਕੌਮੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਐਸ ਐਸ ਪੀ ਮੁਹਾਲੀ ਨਾਲ ਮੁਲਾਕਾਤ ਕਰਨਗੇ ਅਤੇ ਇਸ ਸੰਬੰਧੀ ਜਾਣਕਾਰੀ ਦੇਣਗੇ।

ਉਹਨਾਂ ਦੱਸਿਆ ਕਿ ਸ੍ਰੀ ਪਵਨ ਕੁਮਾਰ ਗੁਪਤਾ ਦੇ ਦੌਰੇ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਿਵ ਸੈਨਾ ਹਿੰਦੁਸਤਾਨ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਉਹਨਾਂ ਦੇ ਨਾਲ ਮੁਹਾਲੀ ਦੇ ਜ਼ਿਲ੍ਹਾ ਪ੍ਰਭਾਰੀ ਅਖਿਲੇਸ਼ ਸਿੰਘ, ਜ਼ਿਲ੍ਹਾ ਚੇਅਰਮੈਨ ਅਸ਼ਵਨੀ ਚੌਧਰੀ, ਜ਼ਿਲ੍ਹਾ ਮਜ਼ਦੂਰ ਸੈਨਾ ਮੁਹਾਲੀ ਦੇ ਪ੍ਰਧਾਨ ਦਿਨੇਸ਼ ਖੁਸ਼ਵਾਹਾ, ਮੁਹਾਲੀ ਜ਼ਿਲ੍ਹਾ ਪ੍ਰਧਾਨ ਬਰਿਗੂਨਾਥ ਗਿਰੀ, ਕਿਰਨ ਜੈਨ ਮਹਿਲਾ ਵਿੰਗ ਪ੍ਰਧਾਨ, ਦੀਪਕ ਜੈਨ ਵਪਾਰ ਸੈੱਲ ਜ਼ਿਲ੍ਹਾ ਪ੍ਰਧਾਨ ਆਦਿ ਵੀ ਮੌਜੂਦ ਸਨ।

Continue Reading

Latest News

Trending