Connect with us

Chandigarh

ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 3 ਵਜੇ ਤੱਕ ਹੋਈ 50 ਫੀਸਦੀ ਪੋਲਿੰਗ

Published

on

 

 

ਜ਼ਿਮਨੀ ਚੋਣਾਂ ਲਈ ਤਿੰਨ ਔਰਤਾਂ ਸਮੇਤ 45 ਉਮੀਦਵਾਰ ਮੈਦਾਨ ਵਿੱਚ

ਚੰਡੀਗੜ੍ਹ, 20 ਨਵੰਬਰ (ਸ.ਬ.) ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਲਈ ਵੋਟਿੰਗ ਦਾ ਅਮਲ ਸ਼ੁਰੂ ਹੋ ਚੁੱਕਿਆ ਹੈ। ਜਿਆਦਾਤਰ ਥਾਵਾਂ ਤੇ ਵੋਟਰਾਂ ਵਿੱਚ ਉਤਸ਼ਾਹ ਦਿਖਾਈ ਦੇ ਰਿਹਾ ਹੈ। ਜ਼ਿਮਨੀ ਚੋਣਾਂ ਲਈ ਸਵੇਰੇ 7 ਵਜੇ ਸਖ਼ਤ ਸੁਰੱਖਿਆ ਵਿਚਕਾਰ ਪੋਲਿੰਗ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੋਲਿੰਗ ਸ਼ਾਮ 6 ਵਜੇ ਬੰਦ ਹੋਵੇਗੀ।

ਜ਼ਿਮਨੀ ਚੋਣਾਂ ਲਈ ਤਿੰਨ ਔਰਤਾਂ ਸਮੇਤ 45 ਉਮੀਦਵਾਰ ਮੈਦਾਨ ਵਿੱਚ ਹਨ। 831 ਪੋਲਿੰਗ ਸਟੇਸ਼ਨਾਂ ਤੇ 3.31 ਲੱਖ ਔਰਤਾਂ ਸਮੇਤ ਕੁੱਲ 6.96 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲੀਸ ਦੇ 6,400 ਤੋਂ ਵੱਧ ਜਵਾਨ ਅਤੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ 17 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਵੋਟਿੰਗ ਦੌਰਾਨ ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀ. ਸੀ. ਟੀ. ਵੀ. ਕੈਮਰਿਆਂ ਜ਼ਰੀਏ ਹੋ ਰਹੀ ਹੈ। ਇਸਦੇ ਨਾਲ ਹੀ ਚੋਣ ਅਧਿਕਾਰੀਆਂ ਅਤੇ ਅਬਜ਼ਰਵਰਾਂ ਵਲੋਂ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫ਼ੀਸਦੀ ਲਾਈਵ ਵੈਬਕਾਸਟਿੰਗ ਯਕੀਨੀ ਬਣਾਈ ਗਈ ਹੈ। ਪੋਲਿੰਗ ਸਟਾਫ਼ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ਤੇ ਖਾਣ-ਪੀਣ, ਰਿਹਾਇਸ਼ ਦੇ ਉਚਿਤ ਪ੍ਰਬੰਧ ਅਤੇ ਵੱਧ ਰਹੀ ਠੰਡ ਤੋਂ ਬਚਾਉਣ ਲਈ ਲੋੜੀਂਦੇ ਉਪਾਅ ਕੀਤੇ ਗਏ ਹਨ। ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਲਈ ਪੀਣ ਵਾਲੇ ਪਾਣੀ, ਵੇਟਿੰਗ ਏਰੀਆ, ਪਖ਼ਾਨਿਆਂ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦੌਰਾਨ 3 ਵਜੇ ਤੱਕ ਗਿੱਦੜਬਾਹਾ ਵਿੱਚ 65.08 ਫੀਸਦ, ਡੇਰਾ ਬਾਬਾ ਨਾਨਕ ਵਿੱਚ 52.3 ਫੀਸਦ, ਬਰਨਾਲਾ ਵਿੱਚ 40 ਫੀਸਦ ਅਤੇ ਚੱਬੇਵਾਲ ਵਿੱਚ 40.25 ਫੀਸਦ ਵੋਟਿੰਗ ਹੋਈ ਹੈ। ਇਸ ਦੌਰਾਨ ਅੱਜ ਸਵੇਰੇ ਤਕਨੀਕੀ ਖ਼ਰਾਬੀ ਕਾਰਨ ਗਿੱਦੜਬਾਹਾ ਦੇ ਪੋਲਿੰਗ ਬੂਥ ਨੰਬਰ 152 ਤੇ ਇੱਕ ਘੰਟੇ ਤੱਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਚਾਲੂ ਨਹੀਂ ਹੋ ਸਕੀ। ਮਸ਼ੀਨ ਨੂੰ ਸਵੇਰੇ 8 ਵਜੇ ਦੇ ਕਰੀਬ ਠੀਕ ਕੀਤਾ ਗਿਆ।

ਜਿਕਰਯੋਗ ਹੈ ਕਿ ਮੌਜੂਦਾ ਸੰਸਦ ਮੈਂਬਰਾਂ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲਾ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ, ਸੋਹਣ ਸਿੰਘ ਠੰਡਲ ਅਤੇ ਰਵੀਕਰਨ ਸਿੰਘ ਕਾਹਲੋਂ (ਭਾਜਪਾ), ਅੰਮ੍ਰਿਤਾ ਵੜਿੰਗ ਅਤੇ ਜਤਿੰਦਰ ਕੌਰ (ਕਾਂਗਰਸ), ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਇਸ਼ਾਂਕ ਕੁਮਾਰ ਚੱਬੇਵਾਲ (ਆਪ) ਚੋਣ ਮੈਦਾਨ ਵਿੱਚ ਹਨ। ਵੜਿੰਗ ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਹੈ। ਜਤਿੰਦਰ ਕੌਰ ਗੁਰਦਾਸਪੁਰ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਲਈ ਉਮੀਦਵਾਰ ਨਹੀਂ ਉਤਾਰੇ ਹਨ, ਜਿਸ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।

 

ਹਲਕਾ ਡੇਰਾ ਬਾਬਾ ਨਾਨਕ ਤੋਂ ਝੜਪ ਦਾ ਮਾਮਲਾ ਸਾਹਮਣੇੇ ਆਇਆ

 

ਇਸ ਦੌਰਾਨ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਡੇਰਾ ਪਠਾਣਾ ਵਿਚ ਕਥਿਤ ਝੜਪ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਮੌਕੇ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਨੇ ਦੋਸ਼ ਲਾਇਆ ਕਿ ਪਿੰਡ ਦੇ ਬਾਹਰੋਂ ਆਏ ਕੁਝ ਵਿਅਕਤੀਆਂ ਨੇ ਕਾਂਗਰਸ ਸਮਰਥਕਾਂ ਤੇ ਹਮਲਾ ਕਰ ਦਿੱਤਾ। ਮੌਕੇ ਤੇ ਪੁੱਜੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਪਿੰਡ ਦੇ ਬਾਹਰੋਂ ਗੈਂਗਸਟਰਾਂ ਨੇ ਆ ਕੇ ਕਾਂਗਰਸੀ ਸਮਰਥਕਾਂ ਤੇ ਹਮਲਾ ਕੀਤਾ ਹੈ।

 

ਵੋਟ ਪਾਉਣ ਤੋਂ ਬਾਅਦ ਤੁਰੀ ਵਿਦੇਸ਼ ਤੋਂ ਆਏ ਲਾੜੇ ਦੀ ਬਾਰਾਤ

 

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਨਾਨੋਹਾਰਨੀ ਵਿਖੇ ਵਿਦੇਸ਼ ਤੋਂ ਪਰਤੇ ਜਰਮਨਜੀਤ ਸਿੰਘ ਦਾ ਅੱਜ ਵਿਆਹ ਸੀ ਅਤੇ ਉਹ ਅੱਜ ਪਿੰਡ ਦੇ ਬੂਥ ਤੇ ਪਰਿਵਾਰਕ ਜੀਆਂ ਸਮੇਤ ਵੋਟਾਂ ਪਾ ਕੇ ਜੰਝ ਚੜੇ। ਜਰਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ ਅਤੇ ਇਸਤੋਂ ਬਾਅਦ ਬਰਾਤ ਤੋਰੀ ਜਾ ਰਹੀ ਹੈ।

 

 

Chandigarh

ਪੰਜਾਬ ਵਿੱਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪੈਣ ਅਤੇ ਗੜ੍ਹੇਮਾਰੀ ਦੀ ਸੰਭਾਵਨਾ

Published

on

By

 

ਕਈ ਥਾਵਾਂ ਤੇ ਤੂਫ਼ਾਨ ਦੇ ਵੀ ਆਸਾਰ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਚੰਡੀਗੜ੍ਹ, 21 ਜਨਵਰੀ (ਸ.ਬ.) ਪੰਜਾਬ ਵਿੱਚ ਜਿੱਥੇ ਠੰਡ ਦਾ ਜ਼ੋਰ ਲਗਾਤਾਰ ਵੱਧ ਰਿਹਾ ਹੈ ਉੱਥੇ ਮੌਸਮ ਵਿਭਾਗ ਮੁਤਾਬਕ ਅੱਜ ਤੋਂ ਇਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਸੂਬੇ ਵਿੱਚ 2 ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵਲੋਂ 22 ਅਤੇ 23 ਜਨਵਰੀ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ ਨਾਲ ਗੜ੍ਹੇ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਵਾਵਾਂ ਦੀ ਦਿਸ਼ਾ ਬਦਲਣ ਕਾਰਨ ਮੌਸਮ ਬਦਲ ਰਿਹਾ ਹੈ, ਜਿਸ ਕਾਰਨ ਦਿਨ ਦੇ ਤਾਪਮਾਨ ਵਿੱਚ ਮਾਮੂਲੀ ਤਬਦੀਲੀ ਦੇਖੀ ਗਈ ਹੈ। ਪੰਜਾਬ ਵਿੱਚ ਅਗਲੇ 24 ਘੰਟਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਅਤੇ ਕਈ ਥਾਵਾਂ ਤੇ ਤੂਫ਼ਾਨ ਆਉਣ ਦੇ ਵੀ ਆਸਾਰ ਹਨ।

ਮੌਸਮ ਵਿਭਾਗ ਅਨੁਸਾਰ 22 ਜਨਵਰੀ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸ ਏ ਐਸ ਨਗਰ ਵਿੱਚ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਇਕ ਵਾਰ ਫਿਰ ਧੁੰਦ ਪੈਣ ਦੇ ਅਸਾਰ ਜਤਾਏ ਗਏ ਹਨ। ਪੱਛਮੀ ਪ੍ਰਭਾਵ ਦੇ ਚਲਦਿਆਂ ਬੁੱਧਵਾਰ ਤੋਂ ਬਾਅਦ 23-24 ਜਨਵਰੀ ਨੂੰ ਸੰਘਣੀ ਧੁੰਦ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਵਿਜ਼ਿਬਿਲਿਟੀ 50 ਤੋਂ 100 ਮੀਟਰ ਦੇ ਨੇੜੇ ਰਹਿ ਸਕਦੀ ਹੈ।

ਅੰਕੜਿਆਂ ਅਨੁਸਾਰ ਜਨਵਰੀ ਦੇ ਪਹਿਲੇ 20 ਦਿਨਾਂ ਵਿੱਚ 10.1 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਹੁਣ ਤੱਕ ਸੂਬੇ ਵਿੱਚ ਸਿਰਫ਼ 8.1 ਮਿਲੀਮੀਟਰ ਮੀਂਹ ਹੀ ਪਿਆ ਹੈ। ਜੇਕਰ 22 ਜਨਵਰੀ ਨੂੰ ਸੂਬੇ ਵਿੱਚ ਚੰਗੀ ਬਾਰਿਸ਼ ਹੁੰਦੀ ਹੈ, ਤਾਂ ਅੰਦਾਜ਼ਾ ਹੈ ਕਿ 17 ਪ੍ਰਤੀਸ਼ਤ ਬਾਰਿਸ਼ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ।

Continue Reading

Chandigarh

ਕੌਮਾਂਤਰੀ ਸਿੱਖਿਆ ਸੰਸਥਾਵਾਂ ਦੀ ਭਾਈਵਾਲੀ ਨਾਲ ਪੰਜਾਬ ਦੇ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਵਿਸ਼ਵ ਪੱਧਰੀ ਬਣਾਇਆ ਜਾਵੇਗਾ : ਹਰਜੋਤ ਸਿੰਘ ਬੈਂਸ

Published

on

By

 

 

ਪੰਜਾਬ ਦੌਰੇ ਤੇ ਆਏ ਫਿਨਲੈਂਡ ਯੂਨੀਵਰਸਿਟੀ ਦੇ ਮਾਹਿਰਾਂ ਦੇ ਨਾਲ ਇਕ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ, 296 ਪ੍ਰਾਇਮਰੀ ਅਧਿਆਪਕਾਂ ਨੇ ਲਿਆ ਹਿੱਸਾ

ਚੰਡੀਗੜ੍ਹ, 21 ਜਨਵਰੀ (ਸ.ਬ.) ਪੰਜਾਬ ਦੇ ਸਕੂਲ ਅਤੇ ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸੂਬੇ ਦੇ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਕੌਮਾਂਤਰੀ ਸਿੱਖਿਆ ਸੰਸਥਾਵਾਂ ਨਾਲ ਭਾਈਵਾਲੀ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਯੂਨੀਵਰਸਿਟੀ ਆਫ਼ ਤੁਰਕੂ, ਫਿਨਲੈਂਡ ਦੇ ਮਾਹਿਰਾਂ ਨਾਲ ਇੱਕ ਰੋਜ਼ਾ ਸਿਖਲਾਈ ਅਤੇ ਵਿਚਾਰ-ਵਟਾਂਦਰਾ ਪ੍ਰੋਗਰਾਮ ਕਰਵਾਇਆ ਗਿਆ।

ਉਹਨਾਂ ਦੱਸਿਆ ਕਿ ਮੈਗਸੀਪਾ ਵਿਖੇ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸੂਬੇ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 296 ਅਧਿਆਪਕਾਂ ਨੇ ਹਿੱਸਾ ਲਿਆ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਨੂੰ ਪ੍ਰਭਾਵਸ਼ਾਲੀ ਪ੍ਰਾਇਮਰੀ ਸਕੂਲ ਅਧਿਆਪਨ ਤਕਨੀਕਾਂ ਨਾਲ ਲੈਸ ਕਰਨਾ ਹੈ। ਸ. ਬੈਂਸ ਨੇ ਦੱਸਿਆ ਕਿ ਫਿਨਲੈਂਡ ਵਿਖੇ ਤਿੰਨ ਹਫ਼ਤਿਆਂ ਦੇ ਸਿਖਲਾਈ ਪ੍ਰੋਗਰਾਮ ਲਈ ਭੇਜੇ ਗਏ 72 ਅਧਿਆਪਕਾਂ ਦੇ ਪਹਿਲੇ ਬੈਚ ਦੀ ਸਫ਼ਲਤਾ ਉਪਰੰਤ ਪੰਜਾਬ ਸਰਕਾਰ ਵੱਲੋਂ ਅੱਜ 273 ਪ੍ਰਾਇਮਰੀ ਅਧਿਆਪਕਾਂ ਅਤੇ 23 ਡੀ. ਈ. ਓ. (ਐਲੀਮੈਂਟਰੀ) ਲਈ ਇੱਕ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ ਹੈ। ਇਸ ਮੌਕੇ ਕੌਮਾਂਤਰੀ ਮਾਹਿਰਾਂ ਦਾ ਸਮੂਹ, ਜਿਸ ਵਿੱਚ ਸ੍ਰੀ ਐਰੀ ਕਿਓਸਕੀ, ਮਿਸ ਮਿਰਜਾਮੀ ਈਨੋਲਾ ਅਤੇ ਮਿਸ ਸਾਰੀ ਇਸੋਕਯਟੋ-ਸਿੰਜੋਈ ਸ਼ਾਮਲ ਹਨ, ਦਾ ਸਵਾਗਤ ਕਰਦਿਆਂ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਇਸ ਸਿਖਲਾਈ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਾਸਤੇ ਟ੍ਰੇਨਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਚਰਚਿਲ ਕੁਮਾਰ, ਡਾਇਰੈਕਟਰ ਅਮਨਿੰਦਰ ਕੌਰ ਬਰਾੜ ਅਤੇ ਸਕੂਲ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

Continue Reading

Chandigarh

ਵਿਜੀਲੈਂਸ ਬਿਊਰੋ ਵੱਲੋਂ ਬਠਿੰਡਾ ਨਗਰ ਨਿਗਮ ਦਾ ਬਿਲਡਿੰਗ ਇੰਸਪੈਕਟਰ ਅਤੇ ਨਕਸ਼ਾ ਨਵੀਸ 30,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ

Published

on

By

 

ਚੰਡੀਗੜ੍ਹ, 21 ਜਨਵਰੀ (ਸ.ਬ.) ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਬਠਿੰਡਾ ਦੇ ਬਿਲਡਿੰਗ ਇੰਸਪੈਕਟਰ ਪਲਵਿੰਦਰ ਸਿੰਘ ਅਤੇ ਬਠਿੰਡਾ ਦੇ ਇੱਕ ਨਕਸ਼ਾ ਨਵੀਸ (ਆਰਕੀਟੈਕਟ) ਹਨੀ ਮੁੰਜਾਲ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਸੰਦੀਪ ਸਿੰਘ ਵਾਸੀ ਪਿੰਡ ਬੁਰਜ ਮਹਿਮਾ, ਜ਼ਿਲ੍ਹਾ ਬਠਿੰਡਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਮੁਲਜ਼ਮ ਇੰਸਪੈਕਟਰ ਪਲਵਿੰਦਰ ਸਿੰਘ ਨੇ ਸ਼ਿਕਾਇਤਕਰਤਾ ਦੀ ਬਠਿੰਡਾ ਵਿਖੇ ਉਸਾਰੀ ਜਾ ਰਹੀ ਨਵੀਂ ਕਲੋਨੀ ਦਾ ਨਕਸ਼ਾ ਪਾਸ ਕਰਨ ਲਈ ਉਕਤ ਪ੍ਰਾਈਵੇਟ ਨਕਸ਼ਾ ਨਵੀਸ ਜ਼ਰੀਏ ਪ੍ਰਤੀ ਫਾਈਲ 30000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਸ਼ਿਕਾਇਤ ਅਨੁਸਾਰ ਉਕਤ ਇੰਸਪੈਕਟਰ ਨੇ ਤਿੰਨ ਫਾਈਲਾਂ ਪਾਸ ਕਰਨ ਬਦਲੇ ਰਿਸ਼ਵਤ ਵਜੋਂ 80000 ਰੁਪਏ ਦੀ ਮੰਗ ਕੀਤੀ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਫਾਈਲਾਂ ਤੇ ਇਤਰਾਜ਼ ਲਗਾਉਣ ਦੀ ਧਮਕੀ ਦਿੱਤੀ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਬਠਿੰਡਾ ਯੂਨਿਟ ਦੀ ਇੱਕ ਵਿਜੀਲੈਂਸ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਆਰਕੀਟੈਕਟ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 30000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਉਪਰੰਤ ਮੁਲਜ਼ਮ ਬਿਲਡਿੰਗ ਇੰਸਪੈਕਟਰ ਨੂੰ ਵੀ ਕਾਬੂ ਕਰ ਲਿਆ ਗਿਆ।

ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

Continue Reading

Latest News

Trending