Connect with us

Editorial

ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਪੰਜਾਬ ਦੀ ਸਿਆਸਤ ਤੇ ਪਵੇਗਾ ਗਹਿਰਾ ਪ੍ਰਭਾਵ

Published

on

 

ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਅੱਜ ਪਈਆਂ ਵੋਟਾਂ ਦੇ ਨਤੀਜੇ ਜੋ ਮਰਜੀ ਆਉਣ ਪਰ ਏਨਾ ਤੈਅ ਹੈ ਕਿ ਇਹਨਾਂ ਚੋਣ ਨਤੀਜਿਆਂ ਦਾ ਪੰਜਾਬ ਦੀ ਸਿਆਸਤ ਤੇ ਗਹਿਰਾ ਪ੍ਰਭਾਵ ਜ਼ਰੂਰ ਪੈਣਾ ਹੈ।

ਚੋਣ ਪ੍ਰਚਾਰ ਦੌਰਾਨ ਚੋਣ ਲੜ ਰਹੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਇਹਨਾਂ ਚੋਣਾਂ ਨੂੰ ਵਕਾਰ ਦਾ ਸਵਾਲ ਬਣਾ ਲਿਆ ਸੀ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਚੋਣਾਂ ਜਿੱਤਣ ਲਈ ਜਿਵੇਂ ਸਿਰ ਧੜ ਦੀ ਬਾਜੀ ਲਗਾ ਦਿਤੀ ਗਈ ਸੀ। ਹਾਲਾਂਕਿ ਜ਼ਿਮਨੀ ਚੋਣਾਂ ਦੌਰਾਨ ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਰਹੀ ਕਿ ਇਹਨਾਂ ਚੋਣਾਂ ਦੌਰਾਨ ਵੋਟਾਂ ਪੈਣ ਤਕ ਵੀ ਵੋਟਰਾਂ ਨੇ ਆਪਣੇ ਦਿਲ ਦਾ ਭੇਦ ਨਹੀਂ ਖੋਲਿਆ ਅਤੇ ਨਾ ਹੀ ਦਸਿਆ ਕਿ ਉਹ ਕਿਸ ਉਮੀਦਵਾਰ ਨੂੰ ਵੋਟ ਪਾ ਰਹੇ ਹਨ। ਭਾਵੇਂ ਕਿ ਕੁਝ ਵੋਟਰ ਤੇ ਸਿਆਸੀ ਵਰਕਰ ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹੋਣ ਦਾ ਦਾਅਵਾ ਕਰਦੇ ਰਹੇ ਪਰੰਤੂ ਵੱਡੀ ਗਿਣਤੀ ਵੋਟਰਾਂ ਨੇ ਕਿਸੇ ਵੀ ਉਮੀਦਵਾਰ ਦਾ ਖੁੱਲ ਕੇ ਸਮਰਥਣ ਨਹੀਂ ਕੀਤਾ ਤੇ ਉਹ ਸਾਰੇ ਹੀ ਉਮੀਦਵਾਰਾਂ ਨੂੰ ਹੁੰਗਾਰਾ ਭਰਦੇ ਰਹੇ।

ਹਾਲਾਕਿ ਜਿਮਣੀ ਚੋਣਾਂ ਦੌਰਾਨ ਆਮ ਤੌਰ ਤੇ ਸੱਤਾਧਾਰੀ ਪਾਰਟੀ ਹੀ ਭਾਰੂ ਹੁੰਦੀ ਹੈ ਪਰੰਤੂ ਇਸਦੇ ਬਾਵਜੂਦ ਇਹਨਾਂ ਚੋਣਾਂ ਦੇ ਨਤੀਜੇ ਜਿੱਥੇ ਇਹ ਦੱਸਣਗੇ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਹਨ, ਉੱਥੇ ਇਹਨਾਂ ਨਤੀਜਿਆਂ ਨਾਲ ਇਹ ਵੀ ਜਾਹਿਰ ਹੋ ਜਾਵੇਗਾ ਕਿ ਵੋਟਰ ਪੰਜਾਬ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਤੋਂ ਕਿਸ ਹੱਦ ਤਕ ਸੰਤੁਸ਼ਟ ਹਨ, ਜਿਸ ਕਰਕੇ ਹੁਣ ਸਭ ਦੀਆਂ ਨਜ਼ਰਾਂ ਇਹਨਾਂ ਚੋਣਾਂ ਨਤੀਜਿਆਂ ਤੇ ਲੱਗੀਆਂ ਰਹਿਣਗੀਆਂ।

ਇਹਨਾਂ ਚੋਣਾਂ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਦੇ ਆਧਾਰ ਤੇ ਵੋਟਾਂ ਮੰਗੀਆਂ ਹਨ, ਉੱਥੇ ਜਦੋਂ ਕਿ ਭਾਜਪਾ ਨੇ ਕੇਂਦਰ ਵਿੱਚ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਆਧਾਰ ਬਣਾ ਕੇ ਵੋਟਾਂ ਮੰਗੀਆਂ ਅਤੇ ਪੰਜਾਬੀਆਂ ਨਾਲ ਕਈ ਤਰ੍ਹਾਂ ਦੇ ਵਾਅਦੇ ਵੀ ਕੀਤੇ। ਕਾਂਗਰਸ ਨੇ ਵੀ ਪਿਛਲੀਆਂ ਕਾਂਗਰਸ ਸਰਕਾਰਾਂ ਦੇ ਗੁਣਗਾਣ ਕੀਤੇ ਅਤੇ ਵੋਟਰਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਵੀ ਕੀਤੇ। ਭਾਵੇਂਕਿ ਇਹਨਾਂ ਚੋਣਾਂ ਵਿੱਚ ਹੋਰਨਾਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਅਤੇ ਆਜ਼ਾਦ ਉਮੀਦਵਾਰਾਂ ਨੇ ਵੀ ਚੋਣ ਲੜੀ ਪਰ ਮੁੱਖ ਮੁਕਾਬਲਾ ਆਪ, ਕਾਂਗਰਸ ਅਤੇ ਭਾਜਪਾ ਉਮੀਦਵਾਰਾਂ ਵਿਚਾਲੇ ਵੇਖਣ ਨੂੰੁ ਮਿਲਿਆ।

ਇਹਨਾਂ ਚੋਣਾਂ ਦੌਰਾਨ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ਤੇ ਵੋਟਾਂ ਖਰੀਦਣ ਦੇ ਦੋਸ਼ ਵੀ ਲਗਾਏ ਗਏ। ਚੋਣਾਂ ਦੌਰਾਨ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਕਿ ਉਮੀਦਵਾਰਾਂ ਵੱਲੋਂ ਲੋਕ ਮਸਲਿਆਂ ਅਤੇ ਪੰਜਾਬ ਦੇ ਮੁੱਦਿਆਂ ਦਾ ਜਿਕਰ ਨਾਂਹ ਦੇ ਬਰਾਬਰ ਕੀਤਾ ਗਿਆ ਪਰ ਜਿਆਦਾ ਧਿਆਨ ਮੁਫਤ ਸਹੂਲਤਾਂ ਦੇਣ ਅਤੇ ਇੱਕ ਦੂਜੇ ਦੀ ਨਿਖੇਧੀ ਕਰਨ ਤੇ ਦਿੱਤਾ ਗਿਆ ਅਤੇ ਵੋਟਰ ਨੇ ਇਹਨਾਂ ਸਾਰਿਆਂ ਤੋਂ ਕਿਸ ਤੇ ਭਰੋਸਾ ਕੀਤਾ ਹੈ ਇਸਦਾ ਪਤਾ ਵੀ ਤਿੰਨ ਦਿਨ ਬਾਅਦ ਆਉਣ ਵਲੇ ਨਤੀਜਿਆਂ ਨਾਲ ਲੱਗ ਜਾਣਾ ਹੈ।

ਬਿਊਰੋ

Continue Reading

Editorial

ਕੇਂਦਰ ਸਰਕਾਰ ਦਾ ਰਿਪੋਰਟ ਕਾਰਡ ਹੋਣਗੇ ਰਾਜਾਂ ਦੀਆਂ ਚੋਣਾਂ ਦੇ ਨਤੀਜੇ?

Published

on

By

 

 

ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨਸਭਾ ਦੀਆਂ ਚੋਣਾਂ ਲਈ ਅੱਜ ਵੋਟਿੰਗ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਵੱਖ ਵੱਖ ਰਾਜਾਂ ਦੀਆਂ ਖਾਲੀ ਹੋਈਆਂ ਵਿਧਾਨਸਭਾਵਾਂ ਦੀਆਂ ਸੀਟਾ ਦੀ ਜਿਮਣੀ ਚੋਣ ਦਾ ਕੰਮ ਵੀ ਪੂਰਾ ਹੋ ਗਿਆ ਹੈ। ਇਹਨਾਂ ਵਿੱਚੋਂ 288 ਸੀਟਾਂ ਵਾਲੀ ਮਹਾਰਾਸ਼ਟਰ ਵਿਧਾਨਸਭਾ ਦੀ ਚੋਣ ਨੂੰ ਸਭਤੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਬਹੁਮਤ ਹਾਸਿਲ ਕਰਕੇ ਸੱਤਾ ਤੇ ਕਾਬਜ ਹੋਣ ਵਾਲੀ ਮੁੱਖ ਮੰਤਰੀ ਉੱਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵਸੈਨਾ, ਕਾਂਗਰਸ ਅਤੇ ਐਨ ਸੀ ਪੀ ਦੀ ਸਰਕਾਰ ਨੂੰ ਭਾਜਪਾ ਵਲੋਂ ਜਿਸ ਤਰੀਕੇ ਨਾਲ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ ਅਤੇ ਸੱਤਾਧਾਰੀ ਸ਼ਿਵਸੈਨਾ ਅਤੇ ਐਨ ਸੀ ਪੀ ਵਿੱਚ ਜਿਸ ਤਰੀਕੇ ਨਾਲ ਤੋੜਭੰਨ ਹੋਈ ਸੀ ਉਹ ਕਿਸੇ ਨੂੰ ਭੁੱਲਿਆ ਨਹੀਂ ਹੈ।

ਇਸ ਪੂਰੇ ਘਟਨਾਚੱਕਰ ਤੋਂ ਬਾਅਦ ਹੋਣ ਵਾਲੀ ਮਹਾਰਾਸ਼ਟਰ ਵਿਧਾਨਸਭਾ ਦੀ ਚੋਣ ਵਿੱਚ ਜਨਤਾ ਦਾ ਸਮਰਥਨ ਭਾਜਪਾ ਅਗਵਾਈ ਵਲੇ ਗਠਜੋੜ ਨੂੰ ਮਿਲਦਾ ਹੈ ਜਾਂ ਫਿਰ ਪਿਛਲੀ ਵਾਰ ਮੁੱਖ ਮੰਤਰੀ ਬਣਨ ਵਾਲੇ ਸ਼ਿਵਸੈਨਾ ਦੇ ਮੁਖੀ ਉੱਧਵ ਠਾਕਰੇ ਇੱਕ ਵਾਰ ਫਿਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਵਿੱਚ ਕਾਮਯਾਬ ਹੋਣਗੇ ਇਸਦਾ ਪਤਾ ਤਾਂ 23 ਨਵੰਬਰ ਨੂੰ ਆਉਣ ਵਾਲੇ ਚੋਣਾਂ ਦੇ ਨਤੀਜੇ ਤੋਂ ਹੀ ਲੱਗੇਗਾ ਪਰੰਤੂ ਇੰਨਾ ਜਰੂਰ ਕਿਹਾ ਜਾ ਸਕਦਾ ਹੈ ਕਿ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਹਾਲਾਤ ਕਾਫੀ ਬਦਲੇ ਬਦਲੇ ਹਨ ਅਤੇ ਕੁੱਝ ਸਮਾਂ ਪਹਿਲਾਂ ਹੋਈਆਂ ਲੋਕਸਭਾ ਚੋਣਾਂ ਦੌਰਾਨ ਭਾਜਪਾ ਭਾਵੇਂ ਕੇਂਦਰ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਸੀ ਪਰੰਤੂ ਮਹਾਰਾਸ਼ਟਰ ਵਿੱਚ ਉਸਨੂੰ ਕਾਫੀ ਨਮੋਸ਼ੀ ਦਾ ਸਾਮ੍ਹਣਾ ਕਰਨਾ ਪਿਆ ਸੀ ਅਤੇ ਉਸਦੀਆਂ ਸੀਟਾਂ ਵੀ ਕਾਫੀ ਘੱਟ ਗਈਆਂ ਸਨ।

ਇਹਨਾਂ ਚੋਣਾਂ ਦੌਰਾਨ ਜਿੱਥੇ ਆਮ ਲੋਕਾਂ ਦੇ ਮੁੱਦਿਆਂ ਦੀ ਥਾਂ ‘ਬਟੇਂਗੇ ਤੋਂ ਕਟੇਂਗੇ’ ਵਰਗੇ ਮੁੱਦੇ ਜਿਆਦਾ ਉਛਾਲੇ ਗਏ ਅਤੇਇਹਨਾਂ ਚੋਣਾਂ ਦੌਰਾਨ ਵੋਟਾਂ ਦੇ ਧਰੂਵੀਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਇਸਦੇ ਨਾਲ ਨਾਲ ਭਾਜਪਾ ਦੇ ਕੌਮੀ ਜਨਰਲ ਸਕੱਤਰ ਪੱਧਰ ਦੇ ਇੱਕ ਵੱਡੇ ਆਗੂ ਤੇ ਵੋਟਾਂ ਖਰੀਦਣ ਲਈ ਨੋਟ ਵੰਡਣ ਦੇ ਇਲਜਾਮ ਵੀ ਲੱਗੇ ਹਨ। ਜਾਹਿਰ ਤੌਰ ਤੇ ਇਹਨਾਂ ਸਾਰੀਆਂ ਗੱਲਾਂ ਦਾ ਵੀ ਕੁੱਝ ਨਾ ਕੁੱਝ ਅਸਰ ਤਾਂ ਹੁੰਦਾ ਹੀ ਹੈ ਅਤੇ ਇਹ ਗੱਲ ਆਖੀ ਜਾ ਸਕਦੀ ਹੈ ਕਿ ਇਸ ਵਾਰ ਕੇਂਦਰ ਸਰਕਾਰ ਦੀ ਪੂਰੀ ਸਾਖ ਦਾਅ ਤੇ ਲੱਗੀ ਹੋਈ ਹੈ।

ਮਹਾਰਾਸ਼ਟਰ ਵਿਧਾਨਸਭਾ ਚੋਣ ਦੀ ਬਹੁਤ ਵੱਡਾ ਮਹੱਤਵ ਹੈ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਨੂੰ ਦੇਸ਼ ਦੀ ਆਰਥਿਕ ਰਾਜਧਾਨੀ ਦਾ ਦਰਜਾ ਵੀ ਹਾਸਿਲ ਹੈ ਅਤੇ ਇਹਨਾਂ ਚੋਣਾਂ ਦੌਰਾਨ ਕਈ ਵੱਡੇ ਚਿਹਰਿਆਂ ਦਾ ਵਕਾਰ ਦਾਅ ਤੇ ਲੱਗਾ ਹੋਇਆ ਹੈ। ਸ਼ਿਵਸੈਨਾ ਦੀ ਸਿਰਜਨਾ ਕਰਨ ਵਾਲੇ ਬਾਲ ਠਾਕਰੇ ਦਾ ਪਰਿਵਾਰ ਜਿੱਥੇ ਆਪਣੇ ਆਪਣੀ ਪਰਿਵਾਰਕ ਵਿਰਾਸਤ ਦੀ ਲੜਾਈ ਲੜ ਰਿਹਾ ਹੈ ਉੱਥੇ ਸ਼ਿਵਸੈਨਾ ਤੋਂ ਵੱਖ ਹੋ ਕੇ ਵੱਖਰਾ ਧੜਾ ਬਣਾਉਣ ਵਾਲੇ ਗਰੁੱਪ ਦੇ ਆਗੂ ਏਕਨਾਥ ਸ਼ਿੰਦੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਦੇਸ਼ ਦੀ ਰਾਜਨੀਤੀ ਵਿੱਚ ਵੱਡਾ ਅਸਰ ਰੱਖਣ ਵਾਲੇ ਮਰਾਠਾ ਆਗੂ ਸ਼ਰਦ ਪਵਾਰ ਦਾ ਵਕਾਰ ਵੀ ਇਸ ਵਾਰ ਦਾਅ ਤੇ ਹੈ ਅਤੇ ਉਹ ਵੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ।

ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨਸਭਾ ਦੀ ਚੋਣ ਦੇ ਨਾਲ ਨਾਲ ਵੱਖ ਵੱਖ ਰਾਜਾਂ ਦੀਆਂ 15 ਵਿਧਾਨਸਭਾ ਸੀਟਾਂ ਅਤੇ ਇੱਕ ਲੋਕਸਭਾ ਸੀਟ ਦੀ ਜਿਮਣੀ ਚੋਣ ਲਈ ਵੀ ਵੋਟਾਂ ਪੈ ਰਹੀਆਂ ਹਨ ਜਿਹਨਾਂ ਵਿੱਚੋਂ 4 ਪੰਜਾਬ ਅਤੇ 9 ਉੱਤਰ ਪ੍ਰਦੇਸ਼ ਦੀਆਂ ਹਨ। ਲੋਕਸਭਾ ਚੋਣਾਂ ਦੌਰਾਨ ਭਾਜਪਾ ਨੂੰ ਉੱਤਰ ਪ੍ਰਦੇਸ਼ ਵਿੱਚ ਵੀ ਵੱਡੀ ਹਾਰ ਸਹਿਣੀ ਪਈ ਸੀ ਅਤੇ ਉੱਥੇ ਵੀ ਉਸਦੀਆਂ ਸੀਟਾਂ ਬਹੁਤ ਘੱਟ ਆਈਆਂ ਸਨ ਅਤੇ ਹੁਣ ਹੋਣ ਵਾਲੀ 9 ਵਿਧਾਨਸਭਾ ਸੀਟਾਂ ਦੀ ਜਿਮਣੀ ਚੋਣ ਭਾਜਪਾ ਲਈ ਬਹੁਤ ਚੁਣੌਤੀਪੂਰਨ ਹੈ।

ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ ਚਾਰ ਸੀਟਾਂ ਤੇ ਹੋਣ ਵਾਲੀ ਜਿਮਣੀ ਚੋਣ ਇਸ ਵਾਰ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਵਿਚਾਲੇ ਹੀ ਮੁਕਾਬਲਾ ਦਿਖ ਰਿਹਾ ਹੈ। ਇਹਨਾਂ ਚਾਰ ਸੀਟਾਂ ਵਿੱਚੋ ਤਿੰਨ ਪਹਿਲਾਂ ਕਾਂਗਰਸ ਪਾਰਟੀ ਕੋਲ ਸਨ ਜਦੋਂਕਿ 1 ਸੀਟ ਆਮ ਆਦਮੀ ਪਾਰਟੀ ਕੋਲ ਸੀ। ਹਾਲਾਂਕਿ ਚੱਬੇਵਾਲ ਦੇ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਲੋਕਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਛੱਡ ਦਿੱਤੀ ਸੀ ਅਤੇ ਆਪ ਵਲੋਂ ਹੋਸ਼ਿਆਰਪੁਰ ਸੀਟ ਤੋਂ ਲੋਕਸਭਾ ਚੋਣ ਲੜੀ ਸੀ। ਪੰਜਾਬ ਵਿੱਚ ਭਾਜਪਾ ਵਲੋਂ ਵੱਡੇ ਚਿਰਿਹਆਂ (ਜਿਹਨਾਂ ਵਿੱਚ ਦੋ ਸਾਬਕਾ ਮੰਤਰੀ ਅਤੇ ਇੱਕ ਸਾਬਕਾ ਵਿਧਾਇਕ ਹੈ) ਨੂੰ ਟਿਕਟ ਦਿੱਤੀਆਂ ਗਈਆਂ ਹਨ ਪਰੰਤੂ ਇਹ ਵੱਡੇ ਚਿਹਰੇ ਵੀ ਭਾਜਪਾ ਦੀ ਕਸ਼ਤੀ ਪਾਰ ਲਗਾਉਂਦੇ ਨਹੀਂ ਦਿਖਦੇ। ਭਾਜਪਾ ਦੇ ਉਮੀਦਵਾਰ ਤਿਕੋਨੇ ਮੁਕਾਬਲੇ ਵਿੱਚ ਜਰੂਰ ਹਨ ਹਨ ਪਰੰਤੂ ਕੇਂਦਰ ਸਰਕਾਰ ਪ੍ਰਤੀ ਲੋਕਾਂ ਦੀ ਨਾਰਾਜਗੀ ਕਾਰਨ ਭਾਜਪਾ ਨੂੰ ਪੰਜਾਬ ਤੋਂ ਕੋਈ ਸੀਟ ਮਿਲਦੀ ਨਹੀਂ ਦਿਖ ਰਹੀ ਹੈ ਅਤੇ ਭਾਜਪਾ ਨੂੰ ਇੱਥੋਂ ਵੀ ਨਮੋਸ਼ੀ ਸਹਿਣੀ ਪੈ ਸਕਦੀ ਹੈ।

Continue Reading

Editorial

ਪੰਜਾਬ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਕਾਮਯਾਬ ਨਹੀਂ ਹੋ ਪਾਈ ਆਪ ਸਰਕਾਰ

Published

on

By

 

ਪੰਜਾਬ ਨੂੰ ਇਸ ਸਮੇਂ ਅਨੇਕਾਂ ਵੱਡੀਆਂ ਸਮੱਸਿਆਵਾਂ ਨੇ ਘੇਰਿਆ ਹੋਇਆ ਹੈ। ਸਭ ਤੋਂ ਵੱਡੀ ਸਮੱਸਿਆ ਨਸ਼ੇ ਦੀ ਹੈ ਜਿਸਦੇ ਹੁਣ ਖਤਰਨਾਕ ਨਤੀਜੇ ਨਿਕਲ ਰਹੇ ਹਨ। ਭਾਵੇਂ ਕਿ ਪੰਜਾਬ ਵਿੱਚ ਪੁਲੀਸ ਵਲੋਂ ਆਏ ਦਿਨ ਕਾਫ਼ੀ ਮਾਤਰਾ ਵਿੱਚ ਨਸ਼ਾ ਸਮਗਲਰਾਂ ਨੂੰ ਕਾਬੂ ਕਰਕੇ ਨਸ਼ੇ ਦੀ ਖੇਪ ਬਰਾਮਦ ਵੀ ਕੀਤੀ ਜਾਂਦੀ ਹੈ, ਪਰ ਇਸਦੇ ਬਾਵਜੂਦ ਪੰਜਾਬ ਵਿੱਚ ਨਸ਼ੇ ਦਾ ਚਲਨ ਕਾਫੀ ਜਿਆਦਾ ਹੈ। ਹੁਣ ਤਾਂ ਮਾਣਯੋਗ ਹਾਈਕੋਰਟ ਵਲੋਂ ਵੀ ਇਹ ਕਿਹਾ ਜਾ ਚੁੱਕਿਆ ਹੈ ਕਿ ਕੁਝ ਪੁਲੀਸ ਅਫ਼ਸਰਾਂ ਦੀ ਨਸ਼ਾ ਤਸੱਕਰਾਂ ਨਾਲ ਕਥਿਤ ਮਿਲੀਭੁਗਤ ਲੱਗਦੀ ਹੈ, ਜਿਸ ਕਾਰਨ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਹੋ ਰਿਹਾ। ਇਸ ਨਾਲ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਨਸ਼ੇ ਦਾ ਧੰਦਾ ਕਿੰਨੇ ਖਤਰਨਾਕ ਮੋੜ ਤੇ ਪਹੁੰਚ ਚੁੱਕਿਆ ਹੈ। ਨਸ਼ੇ ਕਾਰਨ ਹੀ ਅਨੇਕਾਂ ਮਾੜੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਪੰਜਾਬ ਵਿੱਚ ਬੇਰੁਜ਼ਗਾਰੀ ਵੀ ਬਹੁਤ ਵੱਡਾ ਮਸਲਾ ਬਣੀ ਹੋਈ ਹੈ। ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਭਾਵੇਂ ਅਨੇਕਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਹੀ ਜਾਂਦੀ ਹੈ ਪਰ ਇਸਦੇ ਬਾਵਜੂਦ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਵਿਹਲੇ ਹਨ, ਜਿਹਨਾਂ ਵਿਚੋਂ ਵੱਡੀ ਗਿਣਤੀ ਨੌਜਵਾਨਾਂ ਨੇ ਉਚੇਰੀ ਸਿਖਿਆ ਪ੍ਰਾਪਤ ਕੀਤੀ ਹੋਈ ਹੈ। ਵਿਹਲਾ ਮਨ ਸ਼ੈਤਾਨ ਦਾ ਘਰ ਦਸਿਆ ਜਾਂਦਾ ਹੈ ਅਤੇ ਇਸੇ ਕਾਰਨ ਪੰਜਾਬ ਵਿੱਚ ਵਿਹਲੇ ਫਿਰਦੇ ਨੌਜਵਾਨ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ। ਪੈਸੇ ਦੀ ਘਾਟ ਕਾਰਨ ਅਕਸਰ ਇਹ ਨੌਜਵਾਨ ਗਲਤ ਰਸਤੇ ਚੱਲ ਪੈਂਦੇ ਹਨ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਰਲ ਜਾਂਦੇ ਹਨ, ਜਿਸ ਕਾਰਨ ਵੀ ਪੰਜਾਬ ਦਾ ਮਾਹੌਲ ਵਿਗੜਦਾ ਹੈ। ਇਸ ਤੋਂ ਇਲਾਵਾ ਕਈ ਨੌਜਵਾਨ ਅਜਿਹੇ ਵੀ ਹਨ, ਜੋ ਕਿ ਵਿਹਲੇ ਰਹਿਣਾ ਚਾਹੁੰਦੇ ਹਨ ਅਤੇ ਕੋਈ ਵੀ ਕੰਮ ਕਰਕੇ ਰਾਜੀ ਨਹੀਂ, ਇਸ ਕਰਕੇ ਵੀ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।

ਇਸ ਤੋਂ ਇਲਾਵਾ ਘੱਟ ਆਮਦਨੀ ਅਤੇ ਵੱਧ ਰਹੀ ਮਹਿੰਗਾਈ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਅਕਸਰ ਨੌਜਵਾਨ ਆਪਣਾ ਖ਼ਰਚਾ ਤੋਰਨ ਲਈ ਗਲਤ ਰਸਤੇ ਪੈ ਜਾਂਦੇ ਹਨ ਜਾਂ ਫਿਰ ਆਪਣੇ ਪਰਿਵਾਰ ਤੋਂ ਪੈਸੇ ਮੰਗਦੇ ਰਹਿੰਦੇ ਹਨ ਜਿਸ ਕਾਰਨ ਘਰਾਂ ਵਿੱਚ ਅਕਸਰ ਤਨਾਓ ਪੈਦਾ ਹੋ ਜਾਂਦਾ ਹੈ। ਜਿਸ ਤੋਂ ਖਰੜ ਵਰਗੇ ਦੁਖਾਂਤ ਵਾਪਰ ਜਾਂਦੇ ਹਨ।

ਨੈਤਿਕ ਸਿੱਖਿਆ ਦੀ ਘਾਟ ਕਾਰਨ ਵੀ ਵੱਡੀ ਗਿਣਤੀ ਨੌਜਵਾਨ ਕੁਰਾਹੇ ਪੈ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਹੀ ਗਲਤ ਦੀ ਪਹਿਚਾਣ ਨਹੀਂ ਹੁੰਦੀ। ਅਕਸਰ ਬੱਚਿਆਂ ਨੂੰ ਪੜਾਈ ਵਿੱਚ ਧਿਆਨ ਦੇਣ ਲਈ ਕਿਹਾ ਜਾਂਦਾ ਹੈ ਪਰ ਉਹਨਾਂ ਨੂੰ ਨੈਤਿਕ ਸਿੱਖਿਆ ਦੇਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ, ਜਿਸ ਕਾਰਨ ਵੱਡੀ ਗਿਣਤੀ ਨੌਜਵਾਨ ਸਮਾਜਿਕ ਵਿਵਹਾਰ ਤੋਂ ਕੋਰੇ ਹੁੰਦੇ ਹਨ। ਇਸੇ ਕਾਰਨ ਉਹ ਜਲਦੀ ਗੁੱਸੇ ਵਿੱਚ ਆ ਜਾਂਦੇ ਹਨ ਅਤੇ ਗਲਤ ਕੰਮ ਕਰਦੇ ਹਨ।

ਪੰਜਾਬ ਵਿੱਚ ਸਮੱਸਿਆਵਾਂ ਤਾਂ ਹੋਰ ਵੀ ਕਈ ਹਨ ਪਰ ਉਪਰੋਕਤ ਵੱਡੀਆਂ ਸਮੱਸਿਆਂ ਨੂੰ ਹਲ ਕਰਨ ਲਈ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਰਲ ਮਿਲ ਕੇ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਮਾੜੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।

ਬਿਊਰੋ

Continue Reading

Editorial

ਪਾਰਕਾਂ ਦੀ ਬਦਹਾਲੀ ਵਿੱਚ ਸੁਧਾਰ ਲਈ ਲੋੜੀਂਦੀ ਕਾਰਵਾਈ ਕਰੇ ਨਗਰ ਨਿਗਮ

Published

on

By

 

ਪਾਰਕ ਇੱਕ ਅਜਿਹੀ ਥਾਂ ਹੈ ਜਿੱਥੇ ਲਗਭਗ ਹਰ ਵਿਅਕਤੀ ਕਦੇ ਨਾ ਕਦੇ ਸਮਾਂ ਵਤੀਤ ਕਰਨ ਜਰੂਰ ਜਾਂਦਾ ਹੈ। ਸਾਡੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚਲੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਅਜਿਹੇ ਵੱਡੀ ਗਿਣਤੀ ਛੋਟੇ ਵੱਡੇ ਪਾਰਕ ਮੌਜੂਦ ਹਨ, ਜਿੱਥੇ ਆਸ-ਪਾਸ ਬਣੇ ਮਕਾਨਾਂ ਦੇ ਬੱਚੇ ਖੇਡਦੇ ਹਨ ਅਤੇ ਸਵੇਰੇ ਸ਼ਾਮ ਲੋਕ ਸੈਰ ਵੀ ਕਰਦੇ ਹਨ। ਇਹਨਾਂ ਪਾਰਕਾਂ ਵਿੱਚ ਆ ਕੇ ਜਿੱਥੇ ਸ਼ਹਿਰਵਾਸੀਆਂ ਨੂੰ ਤਾਜੀ ਹਵਾ ਹਾਸਿਲ ਹੁੰਦੀ ਹੈ ਉੱਥੇ ਉਹਨਾਂ ਨੂੰ ਇੱਥੇ ਪਹੁੰਚ ਕੇ ਸ਼ਹਿਰ ਦੀ ਭੱਜ ਦੌੜ ਦੀ ਜਿੰਦਗੀ ਤੋਂ ਥੋੜ੍ਹੀ ਰਾਹਤ ਵੀ ਮਿਲਦੀ ਹੈ। ਪਰੰਤੂ ਜੇਕਰ ਇਹਨਾਂ ਪਾਰਕਾਂ ਦੀ ਠੀਕ ਢੰਗ ਨਾਲ ਸਾਂਭ-ਸੰਭਾਲ ਨਾ ਹੋਵੇ ਤਾਂ ਇਹ ਪਾਰਕ ਉਲਟਾ ਸ਼ਹਿਰਵਾਸੀਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦੇ ਹਨ।

ਸਰਦੀਆਂ ਦਾ ਮੌਸਮ ਆਰੰਭ ਹੋ ਗਿਆ ਹੈ ਅਤੇ ਇਸ ਦੌਰਾਨ ਧੁੱਪ ਵੀ ਚੰਗੀ ਲੱਗਣ ਲੱਗ ਗਈ ਹੈ। ਧੁਪ ਦੀ ਨਿੱਘ ਦਾ ਆਨੰਦ ਲੈਣ ਲਈ ਸ਼ਹਿਰ ਵਾਸੀ ਦਿਨ ਵਿੱਚ ਪਾਰਕਾਂ ਵਿੱਚ ਜਾ ਕੇ ਸਮਾਂ ਵਤੀਤ ਕਰਨ ਨੂੰ ਤਰਜੀਹ ਵੀ ਦਿੰਦੇ ਹਨ ਪਰੰਤੂ ਸ਼ਹਿਰ ਦੇ ਪਾਰਕਾਂ ਦੀ ਮਾੜੀ ਹਾਲਤ ਕਾਰਨ ਉਹਨਾਂ ਨੂੰ ਨਮੋਸ਼ੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਸ਼ਹਿਰ ਦੇ ਇਹਨਾਂ ਪਾਰਕਾਂ ਵਿੱਚੋਂ ਜਿਆਦਾਤਰ ਵਿੱਚ ਲੱਗੇ ਝੂਲੇ ਅਤੇ ਬੈਂਚ ਮਾੜੀ ਹਾਲਤ ਵਿੱਚ ਹੋਣ ਕਾਰਨ ਨਾ ਤਾਂ ਇੱਥੇ ਛੋਟੇ ਬੱਚਿਆਂ ਨੂੰ ਖੇਡਣ ਦੀ ਲੋੜੀਂਦੀ ਸੁਵਿਧਾ ਹਾਸਿਲ ਹੁੰਦੀ ਹੈ ਅਤੇ ਨਾ ਹੀ ਇਹਨਾਂ ਪਾਰਕਾਂ ਵਿੱਚ ਸਕੂਨ ਹਾਸਿਲ ਕਰਨ ਲਈ ਆਉਣ ਵਾਲੇ ਬਜੁਰਗ ਹੀ ਇੱਥੇ ਆਰਾਮ ਨਾਲ ਬੈਠ ਪਾਉਂਦੇ ਹਨ।

ਇਹਨਾਂ ਪਾਰਕਾਂ ਵਿੱਚ ਥਾਂ ਥਾਂ ਤੇ ਖਿੱਲਰੀ ਗੰਦਗੀ ਦੀ ਸਮੱਸਿਆ ਅਤੇ ਬੈਂਚਾਂ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਪਰੰਤੂ ਉਹਨਾਂ ਦੀ ਇਸ ਪਰੇਸ਼ਾਨੀ ਦਾ ਕੋਈ ਹਲ ਨਜਰ ਨਾ ਆਉਣ ਕਾਰਨ ਲੋਕਾਂ ਵਿੱਚ ਸਥਾਨਕ ਪ੍ਰਸ਼ਾਸ਼ਨ ਪ੍ਰਤੀ ਅਸੰਤੋਸ਼ ਪੈਦਾ ਹੁੰਦਾ ਹੈ। ਇਹ ਗੱਲ ਹੋਰ ਹੈ ਕਿ ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਸਾਡੇ ਸ਼ਹਿਰ ਨੂੰ ਇੱਕ ਅਤਿਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਸਰਕਾਰ ਵਲੋਂ ਸਮੇਂ ਸਮੇਂ ਤੇ ਇਹ ਦਾਅਵਾ ਵੀ ਕੀਤਾ ਜਾਂਦਾ ਹੈ ਕਿ ਉਸ ਵਲੋਂ ਸ਼ਹਿਰ ਵਾਸੀਆਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਪਰੰਤੂ ਸ਼ਹਿਰ ਵਿਚਲੇ ਪਾਰਕਾਂ ਦੀ ਮਾੜੀ ਹਾਲਤ ਸਰਕਾਰ ਦੇ ਇਹਨਾਂ ਦਾਅਵਿਆਂ ਤੇ ਸਵਾਲ ਖੜ੍ਹੇ ਕਰਦੀ ਹੈ।

ਇਹਨਾਂ ਪਾਰਕਾਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਨਗਰ ਨਿਗਮ ਦੇ ਅਧੀਨ ਹੈ ਜਿਸ ਵਲੋਂ ਅੱਗੋਂ ਇਹ ਕੰਮ ਜਾਂ ਤਾਂ ਨਿੱਜੀ ਠੇਕੇਦਾਰ ਦੇ ਹਵਾਲੇ ਕੀਤਾ ਗਿਆ ਹੈ ਜਾਂ ਫਿਰ ਸ਼ਹਿਰ ਦੀਆਂ ਸਮਾਜਸੇਵੀ ਅਤੇ ਨਾਗਰਿਕ ਭਲਾਈ ਸੰਸਥਾਵਾਂ ਨੂੰ ਇਹਨਾਂ ਦੀ ਸਾਂਭ ਸੰਭਾਲ ਦਾ ਕੰਮ ਠੇਕੇ ਤੇ ਦਿੱਤਾ ਜਾਂਦਾ ਹੈ ਜਿਦੇ ਬਦਲੇ ਨਗਰ ਨਿਗਮ ਵਲੋਂ ਹਰ ਸਾਲ ਕਰੋੜਾਂ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ। ਪਰੰਤੂ ਇਸਦੇ ਬਾਵਜੂਦ ਨਾ ਤਾਂ ਪਾਰਕਾਂ ਦੀ ਢੰਗ ਨਾਲ ਸਾਫ ਸਫਾਈ ਕਰਵਾਈ ਜਾਂਦੀ ਹੈ ਅਤੇ ਨਾ ਹੀ ਇਹਨਾਂ ਪਾਰਕਾਂ ਵਿੱਚ ਆਮ ਲੋਕਾਂ ਦੀ ਸਹੂਲੀਅਤ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਂਦੇ ਹਨ। ਇਸ ਦੌਰਾਨ ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਜਿਹਨਾਂ ਪਾਰਕਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਸਮਾਜਸੇਵੀ ਜੱਥੇਬੰਦੀਆਂ ਕੋਲ ਹੈ ਉਹਨਾਂ ਵਲੋਂ ਤਾਂ ਕਈ ਵਾਰ ਪਾਰਕ ਦੇ ਗੇਟ ਤੇ ਵੱਡੇ ਤਾਲੇ ਤਕ ਲਗਾ ਦਿੱਤੇ ਜਾਂਦੇ ਹਨ ਅਤੇ ਇੰਝ ਵਿਵਹਾਰ ਕੀਤਾ ਜਾਂਦਾ ਹੈ ਜਿਵੇਂ ਇਹ ਪਾਰਕ ਉਹਨਾਂ ਦੀ ਜੱਦੀ ਮਲਕੀਅਤ ਹੋਣ।

ਨਗਰ ਨਿਗਮ ਦੀ ਪਿਛਲੀ ਵਾਰ ਹੋਈ ਚੋਣ ਵੇਲੇ, ਚੋਣ ਲੜਣ ਵਾਲੇ ਸਾਰੇ ਉਮੀਦਵਾਰਾਂ (ਜਿਹਨਾਂ ਵਿੱਚ ਚੋਣ ਜਿੱਤਣ ਵਾਲੇ ਕੌਂਸਲਰ ਵੀ ਸ਼ਾਮਿਲ ਹਨ) ਵਲੋਂ ਸ਼ਹਿਰ ਦੇ ਪਾਰਕਾਂ ਦੀ ਬਦਹਾਲੀ ਦਾ ਮੁੱਦਾ ਪੂਰੇ ਜੋਰ ਸ਼ੋਰ ਨਾਲ ਚੁੱਕਿਆ ਗਿਆ ਸੀ ਅਤੇ ਚੋਣ ਜਿੱਤਣ ਤੋਂ ਬਾਅਦ ਇਹਨਾਂ ਪਾਰਕਾਂ ਦੀ ਹਾਲਤ ਵਿੱਚ ਸੁਧਾਰ ਲਿਆਉਣ ਦੇ ਲੰਬੇ ਚੌੜੇ ਦਾਅਵੇ ਵੀ ਕੀਤੇ ਗਏ ਸਨ। ਇਸ ਦੌਰਾਨ ਕੁੱਝ ਕੁ ਵਾਰਡਾਂ (ਜਿੱਥੇ ਕੌਂਸਲਰਾਂ ਵਲੋਂ ਇਸ ਪਾਸ ਨਿੱਜੀ ਦਿਲਚਸਪੀ ਨਾਲ ਕੰਮ ਕਰਵਾਏ ਗਏ ਹਨ) ਵਿੱਚ ਪਾਰਕਾਂ ਦੀ ਹਾਲਤ ਵਿੱਚ ਸੁਧਾਰ ਵੀ ਹੋਇਆ ਹੈ ਪੰਰਤੂ ਜਿਆਦਾਤਰ ਵਾਰਡਾਂ ਵਿੱਚ ਪਾਰਕਾਂ ਦੀ ਹਾਲਤ ਬਦਹਾਲ ਹੈ ਅਤੇ ਇਹਨਾਂ ਦੇ ਸੁਧਾਰ ਲਈ ਕਾਫੀ ਜਿਆਦਾ ਕੰਮ ਕਰਨ ਦੀ ਲੋੜ ਹੈ।

ਇਸ ਸੰਬੰਧੀ ਨਗਰ ਨਿਗਮ ਦੀ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਸ਼ਹਿਰ ਵਿਚਲੇ ਪਾਰਕਾਂ ਦੀ ਹਾਲਤ ਸੁਧਾਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ। ਇਸ ਸੰਬੰਧੀ ਜਿੱਥੇ ਇਹਨਾਂ ਪਾਰਕਾਂ ਦੀ ਸਾਫ ਸਫਾਈ ਦਾ ਲੋੜੀਂਦਾ ਪ੍ਰਬੰਧ ਕਰਵਾ ਦੇ ਨਾਲ ਨਾਲ ਇਹਨਾਂ ਪਾਰਕਾਂ ਵਿੱਚ ਲੱਗੇ ਵਿਚਲੇ ਝੂਲਿਆਂ ਅਤੇ ਬੈਂਚਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਣੀ ਚਾਹੀਦੀ ਹੈ, ਉੱਥੇ ਇਹਨਾਂ ਪਾਰਕਾਂ ਵਿੱਚ ਖੜ੍ਹੇ ਹੁੰਦੇ ਪਾਣੀ ਦੀ ਨਿਕਾਸੀ ਦੇ ਵੀ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਸ਼ਹਿਰਵਾਸੀਆਂ ਨੂੰ ਇਹਨਾਂ ਪਾਰਕਾਂ ਦਾ ਪੂਰਾ ਫਾਇਦਾ ਹਾਸਿਲ ਹੋਵੇ। ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸੰਬੰਧੀ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਰਾਹਤ ਮਿਲੇ।

 

Continue Reading

Latest News

Trending