Mohali
ਅਸਟਾਮ ਫਰੋਸ਼ਾਂ ਨਾਲ ਹੁੰਦੇ ਵਿਤਕਰੇ ਅਤੇ ਕਾਰਵਾਈ ਦੇ ਖਿਲਾਫ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ
ਐਸ ਏ ਐਸ ਨਗਰ, 28 ਨਵੰਬਰ (ਸ.ਬ.) ਮੁਹਾਲੀ ਵਿੱਚ ਕੰਮ ਕਰਦੇ ਅਸਟਾਮ ਫਰੋਸ਼ਾਂ ਵਲੋਂ ਜਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਅਸਟਾਮ ਫਰੋਸ਼ਾਂ ਨਾਲ ਕੀਤੇ ਜਾਂਦੇ ਵਿਤਕਰੇ ਅਤੇ ਉਹਨਾਂ ਦੇ ਖਿਲਾਫ ਕੀਤੀ ਜਾਂਦੀ ਬਿਨਾ ਵਜਾ ਕਾਰਵਾਈ ਤੇ ਰੋਕ ਲਗਾਈ ਜਾਵੇ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਸੁਖ ਸੁਵਿਧਾਵਾਂ ਨਾਲ ਲੈਸ ਸੇਵਾ ਕੇਂਦਰ 50 ਰੁਪਏ ਦੇ ਅਸਟਾਮ ਦੇ 60 ਰੁਪਏ ਵਸੂਲਦੇ ਹਨ ਪਰੰਤੂ ਜੇਕਰ ਤਹਿਸੀਲ ਵਿੱਚ ਕੰਮ ਕਰਦੇ ਅਸਟਾਮ ਫਰੋਸ਼ ਇਸਦੇ 60 ਰੁਪਏ ਵਸਸੂਲਦੇ ਹਨ ਤਾਂ ਉਹਨਾਂ ਦੇ ਖਿਲਾਫ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਕੀਤੀ ਜਾਂਦੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਅਸਟਾਮ ਫਰੋਸ਼ਾਂ ਨੂੰ ਆਪਣਾ ਕੰਮ ਕਰਨ ਲਈ ਕਾਫੀ ਖਰਚੇ ਕਰਨੇ ਪੈਂਦੇ ਹਨ। 5 ਸਾਲ ਪਹਿਲਾਂ ਪਹਿਲਾਂ ਇੱਕ ਅਸਟਾਮ ਫਰੋਸ਼ ਨੂੰ ਅਸਟਾਮ ਵੇਚਣ ਲਈ ਸਿਰਫ ਇੱਕ ਕੁਰਸੀ, ਇੱਕ ਮੇਜ ਅਤੇ ਦੋ ਰਜਿਸਟਰ ਦੀ ਲਾਗਤ ਕਰਕੇ ਕੰਮ ਚੱਲ ਜਾਂਦਾ ਸੀ ਅਤੇ ਪੰਜਾਬ ਸਰਕਾਰ ਵੱਲੋਂ ਕੁੱਲ ਅਸਟਾਮਾਂ ਦੀ ਵਿਕਰੀ ਤੇ ਦੋ ਫੀਸਦੀ ਕਮਿਸ਼ਨ ਦਿੱਤਾ ਜਾਂਦਾ ਸੀ ਜਿਸ ਨਾਲ ਪਰਿਵਾਰ ਦਾ ਗੁਜ਼ਰ ਬਸਰ ਹੋ ਜਾਂਦਾ ਸੀ, ਪਰੰਤੂ ਜਦੋਂ ਤੋਂ ਪੰਜਾਬ ਸਰਕਾਰ ਵੱਲੋਂ ਅਸ਼ਟਾਮ ਆਨਲਾਈਨ ਕਰ ਦਿੱਤੇ ਗਏ ਹਨ ਤਾਂ ਉਹਨਾਂ ਦੀ ਲਾਗਤ ਵਿੱਚ ਵਾਧਾ ਹੋਇਆ ਹੈ ਅਤੇ ਸਰਕਾਰ ਵੱਲੋਂ ਉਹਨਾਂ ਦਾ ਕਮਿਸ਼ਨ ਵੀ ਘੱਟ ਕਰ ਦਿੱਤਾ ਗਿਆ ਹੈ ਜਿਸ ਨਾਲ ਸਮੂਹ ਅਸਟਾਮ ਫਰੋਸ਼ਾਂ ਦਾ ਘਰ ਦਾ ਗੁਜ਼ਾਰਾ ਕਰਨਾ ਵੀ ਬੜਾ ਮੁਸ਼ਕਿਲ ਹੋ ਗਿਆ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਇੱਕ ਸਟੈਂਪ ਪੇਪਰ ਕੱਢਣ ਤੇ ਬਿਜਲੀ, ਇੰਟਰਨੈਟ, ਪ੍ਰਿੰਟਰ ਵਿਦ ਰਿਫਿਲ, ਪੇਜ ਫਾਰ ਯੂਜ ਫਾਰਮ, ਥਾਂ ਦਾ ਕਿਰਾਇਆ ਅਤੇ ਮੁਲਾਜਮ ਤੇ ਹੋਣ ਵਾਲੇ ਖਰਚੇ ਪੈਣ ਅਤੇ ਇੱਕ ਅਸਟਾਮ ਤੇ ਲਗਭਗ 15 ਰੁਪਏ ਖਰਚ ਆਉਂਦਾ ਹੈ ਅਤੇ ਜੇਕਰ ਉਹ 50 ਰੁਪਏ ਦੇ 60 ਅਤੇ 100 ਰੁਪਏ ਦੇ 110 ਰੁਪਏ ਵਸੂਲਦੇ ਹਾਂ ਤਾਂ ਉਹਨਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਹਨ ਅਤੇ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਂਦੇ ਹਨ ਜਦੋਂਕਿ ਸੇਵਾ ਕੇਂਦਰ (ਜਿਹਨਾਂ ਵਲੋਂ ਵੀ 50 ਰੁਪਏ ਦੇ ਅਸਟਾਮ ਦੇ 60 ਰੁਪਏ ਵਸੂਲੇ ਜਾਂਦੇ ਹਨ) ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਰਪਾ ਕਰਕੇ 50 ਰੁਪਏ ਅਸਟਾਮ ਦੇ 70 ਰੁਪਏ ਲੈਣ ਦੀ ਆਗਿਆ ਦਿੱਤੀ ਜਾਵੇ। ਇਸ ਮੌਕੇ ਬਲਦੇਵ ਸਿੰਘ, ਨਵਚੇਤਨ ਸਿੰਘ ਰਾਣਾ, ਅੰਮ੍ਰਿਤ ਲਾਲ ਸ਼ਰਮਾ, ਅਮਰਜੀਤ ਰਤਨ, ਰਵਿੰਦਰ ਸਿੰਘ, ਪਰਾਗ ਪੁਰੀ, ਸੁਰਜੀਤ ਸਿੰਘ, ਪ੍ਰੀਤਮ ਸਿੰਘ, ਅਨਿਲ ਕੁਮਾਰ, ਬਲਵਿੰਦਰ ਸਿੰਘ ਅਤੇ ਮਹੇਸ਼ ਕੁਮਾਰ ਵੀ ਹਾਜਿਰ ਸਨ।
Mohali
ਜਵਾਈ ਨੂੰ ਲਾਪਤਾ ਕਰਨ ਦੇ ਦੋਸ਼ ਵਿੱਚ ਸਾਬਕਾ ਪੁਲੀਸ ਅਧਿਕਾਰੀ ਦੋਸ਼ੀ ਕਰਾਰ
30 ਨਵੰਬਰ ਨੂੰ ਸੁਣਾਈ ਜਾਵੇਗੀ ਸਜਾ
ਐਸ.ਏ.ਐਸ.ਨਗਰ, 28 ਨਵੰਬਰ (ਜਸਬੀਰ ਸਿੰਘ ਜੱਸੀ) 2010 ਵਿਚ ਫੇਜ਼ 11 ਵਿੱਚੋਂ ਲਾਪਤਾ ਹੋਏ ਗੁਰਦੀਪ ਸਿੰਘ ਨਾਂ ਦੇ ਵਿਅਕਤੀ ਦੇ ਮਾਮਲੇ ਵਿੱਚ ਮੁਹਾਲੀ ਦੇ ਵਧੀਕ ਜਿਲਾ ਸੈਸ਼ਨ ਜੱਜ ਵਲੋਂ ਸਾਬਕਾ ਪੁਲੀਸ ਅਧਿਕਾਰੀ ਜਗਵੀਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਜੇਲ ਭੇਜਣ ਦੇ ਹੁਕਮ ਦਿੱਤੇ ਹਨ। ਅਦਾਲਤ ਵਲੋਂ ਦੋਸ਼ੀ ਜਗਵੀਰ ਸਿੰਘ ਨੂੰ 30 ਨਵੰਬਰ ਨੂੰ ਸਜਾ ਸੁਣਾਈ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਦਾ ਵਿਆਹ ਫੇਜ਼ 11 ਵਾਸੀ ਜਸਪ੍ਰੀਤ ਕੌਰ ਨਾਲ 30 ਨਵੰਬਰ 2008 ਨੂੰ ਹੋਇਆ ਸੀ। ਵਿਆਹ ਤੋਂ ਕੁੱਝ ਦਿਨਾਂ ਬਾਅਦ ਦੋਵਾਂ ਪਤੀ ਪਤਨੀ ਦਾ ਆਪਸ ਵਿੱਚ ਝਗੜਾ ਹੋਣ ਲੱਗ ਪਿਆ। ਲੜਕੀ ਦੇ ਪਰਿਵਾਰ ਵਲੋਂ ਲੜਕੇ ਪਰਿਵਾਰ ਵਿਰੁਧ ਫੇਜ਼ 8 ਦੇ ਪੁਲੀਸ ਸਟੇਸ਼ਨ ਵਿਖੇ ਮਾਮਲਾ ਵੀ ਦਰਜ਼ ਕਰਵਾਇਆ ਸੀ। ਇਸ ਤੋਂ ਬਾਅਦ ਗੁਰਦੀਪ ਸਿੰਘ ਦਾ ਆਪਣੇ ਸਹੁਰੇ ਪਰਿਵਾਰ ਨਾਲ ਜੁਬਾਨੀ ਫੈਸਲਾ ਹੋ ਗਿਆ ਅਤੇ ਗੁਰਦੀਪ ਸਿੰਘ ਆਪਣੇ ਸਹੁਰੇ ਪਰਿਵਾਰ ਕੋਲ ਫੇਜ਼ 11 ਵਿਖੇ ਰਹਿਣ ਲੱਗ ਪਿਆ।
ਗੁਰਦੀਪ ਸਿੰਘ ਦੇ ਪਰਿਵਾਰ ਮੁਤਾਬਕ ਉਨ੍ਹਾਂ ਦਾ ਲੜਕਾ ਗੁਰਦੀਪ ਕਦੇ ਕਦਾਰ ਉਨ੍ਹਾਂ ਕੋਲ ਘਰ ਆਉਂਦਾ ਸੀ ਤਾਂ ਗੁਰਦੀਪ ਦੀ ਪਤਨੀ ਇਤਰਾਜ ਕਰਦੀ ਅਤੇ ਗੁਰਦੀਪ ਨੂੰ ਰੋਕਦੀ ਸੀ। 4 ਜੁਲਾਈ 2010 ਨੂੰ ਗੁਰਦੀਪ ਸਿੰਘ ਬਲੈਰੋ ਗੱਡੀ ਤੇ ਗਿਆ ਸੀ। ਇਸ ਦੌਰਾਨ ਇਕ ਵਾਰ ਉਸ ਦੀ ਆਪਣੇ ਪਰਿਵਾਰ ਨਾਲ ਗੱਲ ਹੋਈ ਕਿ ਉਹ ਆ ਰਿਹਾ ਹੈ। ਕਾਫੀ ਦੇਰ ਤੱਕ ਜਦੋਂ ਗੁਰਦੀਪ ਸਿੰਘ ਘਰ ਨਾ ਆਇਆ ਤਾਂ ਪਰਿਵਾਰ ਨੇ ਗੁਰਦੀਪ ਨੂੰ ਫੋਨ ਕੀਤਾ ਪ੍ਰੰਤੂ ਫੋਨ ਆਨ ਰਹਿਣ ਕਾਰਨ ਦੋਵਾਂ ਪਤੀ ਪਤਨੀ ਦਾ ਝਗੜਾ ਹੁੰਦਾ ਸੁਣਾਈ ਦੇ ਰਿਹਾ ਸੀ। ਉਸ ਤੋਂ ਬਾਅਦ ਗੁਰਦੀਪ ਸਿੰਘ ਨਾਲ ਪਰਿਵਾਰ ਦਾ ਕੋਈ ਰਾਬਤਾ ਨਾ ਹੋਇਆ ਅਤੇ ਗੁਰਦੀਪ ਸਿੰਘ ਦੇ ਪਰਿਵਾਰ ਨੇ ਉਸਦੇ ਲਾਪਤਾ ਹੋਣ ਸਬੰਧੀ ਪੁਲੀਸ ਸਟੇਸ਼ਨ ਜਾ ਕੇ ਰਿਪੋਰਟ ਦਰਜ ਕਰਵਾਈ।
ਪਰਿਵਾਰ ਮੁਤਾਬਕ ਉਨ੍ਹਾਂ ਨੂੰ ਪਤਾ ਚਲਿਆ ਕਿ ਗੁਰਦੀਪ ਆਖਰੀ ਵਾਰ ਆਪਣੇ ਸਹੁਰੇ ਜਗਵੀਰ ਸਿੰਘ ਨਾਲ ਸੀ। ਜਗਵੀਰ ਨੇ ਆਪਣੀ ਲੜਕੀ ਜਸਪ੍ਰੀਤ ਕੌਰ ਨੂੰ ਵਿਦੇਸ਼ ਭੇਜ ਦਿਤਾ ਹੈ ਅਤੇ ਗੁਰਦੀਪ ਸਿੰਘ ਨੂੰ ਗੱਡੀ ਸਮੇਤ ਲਾਪਤਾ ਕਰ ਦਿੱਤਾ ਹੈ। ਇਸ ਸਬੰਧੀ ਪੁਲੀਸ ਨੇ ਭੁਪਿੰਦਰ ਕੌਰ ਦੇ ਬਿਆਨਾਂ ਤੇ ਉਸ ਦੇ ਲੜਕੇ ਗੁਰਦੀਪ ਸਿੰਘ ਨੂੰ ਲਾਪਤਾ ਕਰਨ ਦੇ ਦੋਸ਼ ਵਿੱਚ ਗੁਰਦੀਪ ਦੇ ਸਹੁਰੇ ਜਗਵੀਰ ਸਿੰਘ ਵਿਰੁਧ ਮਾਮਲਾ ਦਰਜ ਕੀਤਾ ਸੀ।
Mohali
ਚੈਕ ਗਣਰਾਜ ਦੀ ਰਾਜਦੂਤ ਐਲਿਸਕਾ ਜਿਗੋਵਾ ਵਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨਾਲ ਮੁਲਾਕਾਤ
ਮਹਿਲਾ ਸਸ਼ਕਤੀਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ
ਐਸ.ਏ.ਐਸ.ਨਗਰ, 28 ਨਵੰਬਰ (ਸ.ਬ.) ਭਾਰਤ ਵਿੱਚ ਚੈਕ ਗਣਰਾਜ ਦੀ ਰਾਜਦੂਤ, ਡਾ. ਐਲਿਸਕਾ ਜ਼ਿਗੋਵਾ ਨੇ ਅੱਜ ਡੀ ਏ ਸੀ ਮੁਹਾਲੀ ਵਿਖੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਿੰਡ ਪੱਧਰ ਤੇ ਸਵੈ ਸਹਾਇਤਾ ਗਰੁੱਪਾਂ ਦੀ ਸਥਾਪਨਾ ਕਰਕੇ ਪੇਂਡੂ ਔਰਤਾਂ ਨੂੰ ਸਵੈ ਨਿਰਭਰ ਬਣਾਉਣ ਲਈ ਡਿਪਟੀ ਕਮਿਸ਼ਨਰ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਵੱਖ-ਵੱਖ ਔਰਤਾਂ ਦੇ ਹੈਲਪ ਗਰੁੱਪਾਂ ਵੱਲੋਂ ਆਰਟੀਫੀਸ਼ੀਅਲ ਜਿਊਲਰੀ ਤੋਂ ਲੈ ਕੇ ਖਾਣ-ਪੀਣ ਵਾਲੀਆਂ ਵਸਤਾਂ ਅਤੇ ਕੱਪੜਾ ਆਧਾਰਿਤ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਉਨ੍ਹਾਂ ਹੋਰ ਔਰਤਾਂ ਲਈ ਵੀ ਲਾਹੇਵੰਦ ਹੋ ਸਕਦੀ ਹੈ ਜਿਨ੍ਹਾਂ ਨੂੰ ਆਪਣਾ ਇੱਕ ਸਮੂਹ ਬਣਾ ਕੇ ਛੋਟੇ ਕਾਰੋਬਾਰਾਂ ਤੇ ਅਧਾਰਤ ਘਰ ਤੋਂ ਚੱਲਣ ਵਾਲਾ ਵਪਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਮਜ਼ਬੂਤ ਕਰਨ ਦਾ ਵਿਚਾਰ ਸ਼ਾਨਦਾਰ ਹੈ ਅਤੇ ਅਜਿਹੀਆਂ ਪਹਿਲਕਦਮੀਆਂ ਔਰਤਾਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਉਣ ਵਿੱਚ ਬਹੁਤ ਜ਼ਿਆਦਾ ਸਹਾਈ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹਨਾਂ ਸਮੂਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਛੇਤੀ ਹੀ ਦਿੱਲੀ ਵਿੱਚ ਚੈਕ ਦੂਤਾਵਾਸ ਵਿੱਚ ਬੁਲਾਇਆ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ ਵੀ ਮੌਜੂਦ ਸਨ।
Mohali
ਮੁਹਾਲੀ ਸ਼ਹਿਰ ਦੀ ਸੁੰਦਰਤਾ ਲਈ ਕੀਤੇ ਜਾ ਰਹੇ ਹਨ ਵੱਧ ਤੋਂ ਵੱਧ ਯਤਨ : ਕੁਲਵੰਤ ਸਿੰਘ
ਏਅਰਪੋਰਟ ਰੋਡ ਦੀ ਬਦਲੇਗੀ ਨੁਹਾਰ, ਵਿਧਾਇਕ ਵਲੋਂ ਗਮਾਡਾ ਦੇ ਅਧਿਕਾਰੀਆਂ ਨਾਲ ਕੀਤਾ ਗਿਆ ਦੌਰਾ
ਐਸ ਏ ਐਸ ਨਗਰ, 28 ਨਵੰਬਰ (ਸ.ਬ.) ਮੁਹਾਲੀ ਸ਼ਹਿਰ ਦੀ ਮੁੱਖ ਸੜਕ ਏਅਰਪੋਰਟ ਰੋਡ ਖਰੜ ਤੋਂ ਏਅਰਪੋਰਟ ਚੌਕ ਨੂੰ ਖੂਬਸੁਰਤ ਬਣਾਉਣ ਲਈ ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ ਗਮਾਡਾ (ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਦੇ ਮੁੱਖ ਪ੍ਰਸ਼ਾਸਕ, ਮੁੱਖ ਇੰਜੀਨੀਅਰ ਅਤੇ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਜ਼ਾਇਜ਼ਾ ਲਿਆ ਗਿਆ। ਉਨ੍ਹਾਂ ਆਈਸਰ ਲਾਇਟ ਪੁਆਇੰਟ ਅਤੇ ਸੀ.ਪੀ.-67 ਮਾਲ ਨਜ਼ਦੀਕ ਲਾਇਟ ਪੁਆਇੰਟ ਤੇ ਪੁੱਜ ਕੇ ਉੱਥੇ ਰੋਡ ਦੇ ਨਾਲ ਲੱਗਦੇ ਡਿਵਾਈਡਰ (ਸੈਂਟਰ ਵਰਜ), ਰੋਡ ਸਾਈਡ ਟਾਈਲਾਂ ਅਤੇ ਫੁੱਟਪਾਥ, ਸਲਿੱਪ ਰੋਡ ਸੁਧਾਰ ਅਤੇ ਖੂਬਸੁਰਤੀ/ਹਰਿਆਲੀ ਬਾਰੇ ਗਮਾਡਾ ਅਤੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਵੀ ਚਰਚਾ ਕੀਤੀ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਵੱਲੋਂ ਮੁਹਾਲੀ ਸ਼ਹਿਰ ਨੂੰ ਨੰਬਰ ਇੱਕ ਅਤੇ ਖੂਬਸੂਰਤ ਸ਼ਹਿਰ ਬਣਾਉਣ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਅਤੇ ਸ਼ਹਿਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਹ ਸਾਂਝਾ ਦੌਰਾ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਪਹਿਲਾਂ ਹੀ ਇੰਟਰਨੈਸ਼ਨਲ ਏਅਰਪੋਰਟ ਅਤੇ ਅੰਤਰ ਰਾਸ਼ਟਰੀ ਕ੍ਰਿਕਟ ਸਟੇਡੀਅਮ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਇਸ ਸ਼ਹਿਰ ਵਿੱਚ ਏਅਰਪੋਰਟ ਰੋਡ ਵਜੋਂ ਜਾਣੀ ਜਾਂਦੀ ਖਰੜ ਫਲਾਈਓਵਰ ਤੋਂ ਸ਼ਹੀਦ ਭਗਤ ਸਿੰਘ ਅੰਤਰ ਰਾਸ਼ਟਰੀ ਹਵਾਈ ਅੱਡੇ ਤੱਕ ਜਾਂਦੀ ਸੜ੍ਹਕ ਦੀ ਵੀ ਬੇਹੱਦ ਖੂਬਸੁਰਤ ਢੰਗ ਨਾਲ ਨੁਹਾਰ ਬਦਲੀ ਜਾਵੇਗੀ ਅਤੇ ਇਸਨੂੰ ਪੂਰੇ ਦੇਸ਼ ਦੀ ਸਭ ਤੋਂ ਵਧੀਆ ਰੋਡ ਬਣਾਇਆ ਜਾਵੇਗਾ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਅਧਿਕਾਰੀਆਂ ਨੂੰ ਏਅਰਪੋਰਟ ਸੜਕ ਦਾ ਸੁਧਾਰ ਕਰਕੇ ਇਸਨੂੰ ਖੂਬਸੁਰਤ ਬਣਾਉਣ ਅਤੇ ਅਪਗ੍ਰੇਡ ਕਰਨ ਲਈ ਵਿਚਾਰ ਚਰਚਾ ਕਰਦਿਆਂ ਯੋਜਨਾ ਬਣਾਉਣ ਦੀ ਹਦਾਇਤ ਕੀਤੀ। ਵਿਧਾਇਕ ਨੇ ਕਿਹਾ ਕਿ ਹਲਕੇ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ ਅਤੇ ਮੁਹਾਲੀ ਸ਼ਹਿਰ ਨੂੰ ਖੂਬਸੁਰਤ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਜਿਸ ਵਿੱਚ ਪੈਸੇ ਦੀ ਕੋਈ ਕਮੀ ਵੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਮੋਨੀਸ਼ ਕੁਮਾਰ ਨੇ ਦੱਸਿਆ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਮੁਹਾਲੀ ਇਸ ਪ੍ਰਮੁੱਖ ਸੜਕ ਤੇ ਆਵਜਾਈ ਨੂੰ ਨਿਰਵਿਘਨ ਤੇ ਸੁਰੱਖਿਅਤ ਬਣਾਉਣ ਲਈ ਅੱਜ ਐਮ ਐਲ ਏ ਕੁਲਵੰਤ ਸਿੰਘ ਦੀ ਪਹਿਲਕਦਮੀ ਤੇ ਇਹ ਦੌਰਾ ਕੀਤਾ ਗਿਆ ਹੈ, ਜਿਸ ਤਹਿਤ ਪੂਰੀ ਰਿਪੋਰਟ ਤਿਆਰ ਕਰਕੇ ਅਗਲੀ ਯੋਜਨਾਬੰਦੀ ਉਲੀਕੀ ਜਾਵੇਗੀ।
-
Ropar2 months ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
Mohali1 month ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
International2 months ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
National2 months ago
ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਮੁੜ ਹਿੰਸਾ
-
National1 month ago
ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਹੋਣਗੇ ਸੰਜੀਵ ਖੰਨਾ
-
National1 month ago
ਜਨਮ ਦਿਨ ਮੌਕੇ ਸਿਲੰਡਰ ਫਟਣ ਕਾਰਨ ਦਾਦਾ-ਦਾਦੀ ਅਤੇ ਪੋਤੇ ਦੀ ਮੌਤ
-
Mohali1 month ago
ਰਾਜ ਪੱਧਰੀ ਕ੍ਰਿਕਟ ਮੁਕਾਬਲਿਆਂ ਦੌਰਾਨ ਐਸ ਏ ਐਸ ਨਗਰ ਦੀ ਟੀਮ ਵੱਲੋਂ ਜੇਤੂ ਸ਼ੁਰੂਆਤ