Punjab
ਪਟਿਆਲਾ-ਪਿਹੋਵਾ ਸੜਕ ਤੇ ਪਏ ਖੱਡਿਆਂ ਕਾਰਨ ਵਾਹਨ ਚਾਲਕ ਪ੍ਰੇਸ਼ਾਨ
ਸ਼ੰਭੂ ਬੈਰੀਅਰ ਬੰਦ ਹੋਣ ਕਾਰਨ ਪਟਿਆਲਾ-ਪਿਹੋਵਾ ਸੜਕ ਰਾਹੀਂ ਦਿੱਲੀ ਜਾਂਦੇ ਨੇ ਵੱਡੀ ਗਿਣਤੀ ਵਾਹਨ
ਪਟਿਆਲਾ, 29 ਨਵੰਬਰ (ਸ.ਬ.) ਪਟਿਆਲਾ ਤੋਂ ਪਿਹੋਵਾ (ਭੇਵਾ) ਜਾਂਦੀ ਸੜਕ ਦੀ ਮਾੜੀ ਹਾਲਤ ਹੋਣ ਕਾਰਨ ਵਾਹਨ ਚਾਲਕ ਬਹੁਤ ਪ੍ਰੇਸ਼ਾਨ ਹਨ। ਇਸ ਸੰਬੰਧੀ ਪਟਿਆਲਾ ਦਿੱਲੀ ਏਅਰਪੋਰਟ ਰੂਟ ਤੇ ਚਲਦੇ ਟੈਕਸੀ ਚਾਲਕਾਂ ਗੁਰਚਰਨ ਸਿੰਘ, ਸੰਜੂ ਤੇ ਹੋਰਨਾਂ ਨੇ ਦਸਿਆ ਕਿ ਸ਼ੰਭੂ ਬੈਰੀਅਰ ਬੰਦ ਹੋਣ ਕਾਰਨ ਪਟਿਆਲਾ ਇਲਾਕੇ ਦੇ ਵੱਡੀ ਗਿਣਤੀ ਵਾਹਨ ਚਾਲਕ ਦਿੱਲੀ ਜਾਣ ਲਈ ਪਟਿਆਲਾ- ਪਿਹੋਵਾ ਸੜਕ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਇਸ ਸੜਕ ਤੇ ਆਵਾਜਾਈ ਕਾਫ਼ੀ ਰਹਿੰਦੀ ਹੈ।
ਉਹਨਾਂ ਕਿਹਾ ਕਿ ਇਸ ਸੜਕ ਤੇ ਪਏ ਵੱਡੇ ਵੱਡੇ ਖੱਡਿਆਂ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਟਿਆਲਾ ਨੇੜੇ ਇਸ ਸੜਕ ਦਾ ਕੁਝ ਹਿੱਸਾ ਤਾਂ ਠੀਕ ਹਾਲਤ ਵਿੱਚ ਹੈ ਪਰ ਦੇਵੀਗੜ ਅਤੇ ਉਸ ਤੋਂ ਅੱਗੇ ਹਰਿਆਣਾ ਬਾਰਡਰ ਤੱਕ ਇਸ ਸੜਕ ਦਾ ਪੰਜਾਬ ਵਾਲਾ ਹਿੱਸਾ ਬਹੁਤ ਖਸਤਾਹਾਲ ਵਿੱਚ ਹੈ। ਇਸ ਸੜਕ ਤੇ ਵੱਡੇ ਵੱਡੇ ਖੱਡੇ ਪਏ ਹੋਏ ਹਨ, ਜਿਸ ਕਾਰਨ ਜਿਥੇ ਵਾਹਨਾਂ ਦੀ ਟੁੱਟ ਭੱਜ ਹੋ ਜਾਂਦੀ ਹੈ, ਉਥੇ ਕਈ ਖੱਡੇ ਬਹੁਤ ਡੂੰਘੇ ਹੋਣ ਕਾਰਨ ਜਦੋਂ ਵਾਹਨਾਂ ਦੇ ਟਾਇਰ ਇਹਨਾਂ ਖੱਡਿਆਂ ਵਿੱਚ ਪੈਂਦੇ ਹਨ ਤਾਂ ਵਾਹਨਾਂ ਦੀ ਚਾਸੀ ਸੜਕ ਨਾਲ ਰਗੜ ਖਾ ਜਾਂਦੀ ਹੈ, ਜਿਸ ਕਾਰਨ ਵਾਹਨਾਂ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਜਦੋਂ ਇਹਨਾਂ ਖੱਡਿਆਂ ਵਿੱਚ ਵਾਹਨਾਂ ਦੇ ਟਾਇਰ ਪੈਂਦੇ ਹਨ ਤਾਂ ਅਕਸਰ ਵਾਹਨ ਡਰਾਇਵਰ ਦੇ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ, ਜਿਸ ਕਾਰਨ ਹਾਦਸੇ ਵਾਪਰਨ ਦਾ ਖਤਰਾ ਪੈਦਾ ਹੋ ਜਾਂਦਾ ਹੈ।
ਉਹਨਾਂ ਕਿਹਾ ਕਿ ਸੜਕ ਤੇ ਪਏ ਖੱਡਿਆਂ ਕਾਰਨ ਵਾਹਨਾਂ ਵਿੱਚ ਬੈਠੇ ਲੋਕਾਂ ਦਾ ਵੀ ਬਹੁਤ ਬੁਰਾ ਹਾਲ ਹੋ ਜਾਂਦਾ ਹੈ। ਖਾਸ ਕਰਕੇ ਮਹਿਲਾਵਾਂ ਅਤੇ ਬਜ਼ੁਰਗਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਖੱਡਿਆਂ ਕਾਰਨ ਵਾਹਨਾਂ ਵਿੱਚ ਬੈਠੇ ਲੋਕਾਂ ਨੂੰ ਜੰਪ ਲੱਗਣ ਕਾਰਨ ਅਕਸਰ ਮਹਿਲਾਵਾਂ ਨੂੰ ਉਲਟੀਆਂ ਲੱਗ ਜਾਂਦੀਆਂ ਹਨ ਅਤੇ ਬਜ਼ੁਰਗਾਂ ਦੇ ਸਰੀਰ ਦੀਆਂ ਹੱਡੀਆਂ ਆਪਣੇ ਸਥਾਨ ਤੋਂ ਹਿਲ ਜਾਂਦੀਆਂ ਹਨ। ਜਿਸ ਕਾਰਨ ਉਹਨਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਹਨਾਂ ਕਿਹਾ ਕਿ ਇਸ ਸੜਕ ਤੇ ਮਿੱਟੀ-ਧੂੜ ਵੀ ਬਹੁਤ ਉੱਡਦੀ ਹੈ, ਜਿਸ ਕਾਰਨ ਦੋ ਪਹੀਆ ਵਾਹਨ ਚਾਲਕਾਂ ਦੇ ਕੱਪੜੇ ਧੂੜ ਮਿੱਟੀ ਨਾਲ ਭਰ ਜਾਂਦੇ ਹਨ। ਸੜਕ ਤੇ ਪਏ ਵੱਡੇ ਵੱਡੇ ਖੱਡਿਆਂ ਕਾਰਨ ਅਕਸਰ ਦੋ ਪਹੀਆ ਵਾਹਨ ਚਾਲਕ ਡਿੱਗ ਕੇ ਸੱਟਾਂ ਖਾ ਚੁੱਕੇ ਹਨ। ਬਰਸਾਤਾਂ ਵਿੱਚ ਇਸ ਸੜਕ ਦਾ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ। ਬਰਸਾਤ ਦਾ ਪਾਣੀ ਖੱਡਿਆਂ ਵਿੱਚ ਭਰ ਜਾਣ ਕਾਰਨ ਖੱਡੇ ਵਾਹਨ ਚਾਲਕਾਂ ਨੂੰ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਜਦੋਂ ਵਾਹਨਾਂ ਦੇ ਟਾਇਰ ਇੱਕਦਮ ਖੱਡਿਆਂ ਵਿੱਚ ਜਾ ਪੈਂਦੇ ਹਨ ਤਾਂ ਅਕਸਰ ਵਾਹਨ ਚਾਲਕ ਦੇ ਕੰਟਰੋਲ ਤੋਂ ਬਾਹਰ ਹੋਣ ਕਰਕੇ ਹਾਦਸੇ ਵਾਪਰਨ ਦਾ ਖਤਰਾ ਪੈਦਾ ਹੋ ਜਾਂਦਾ ਹੈ।
ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਸੜਕ ਦਾ ਸਿਰਫ ਪੰਜਾਬ ਵਾਲਾ ਹਿੱਸਾ ਹੀ ਖਰਾਬ ਹੈ, ਜਦੋਂਕਿ ਇਸ ਸੜਕ ਦਾ ਹਰਿਆਣਾ ਵਾਲਾ ਹਿੱਸਾ ਠੀਕ ਹਾਲਤ ਵਿੱਚ ਹੈ। ਉਹਨਾਂ ਕਿਹਾ ਕਿ ਇਸ ਸੜਕ ਤੇ ਸਫਰ ਕਰਨ ਵਾਲਿਆਂ ਨੂੰ ਸਮਝ ਨਹੀਂ ਪੈਂਦੀ ਕਿ ਪੰਜਾਬ ਸਰਕਾਰ ਇਸ ਮੁੱਖ ਸੜਕ ਦੀ ਹਾਲਤ ਵਿੱਚ ਸੁਧਾਰ ਲਈ ਕੋਈ ਉਪਰਾਲਾ ਕਿਉਂ ਨਹੀਂ ਕਰਦੀ। ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦਾ ਸਰਬਪੱਖੀ ਵਿਕਾਸ ਕਰਨ ਦੇ ਦਾਅਵੇ ਕਰਦੀ ਹੈ ਪਰ ਇਸ ਸੜਕ ਦੀ ਮਾੜੀ ਹਾਲਤ ਇਸ ਵਿਕਾਸ ਦੀ ਪੋਲ ਖੋਲ ਰਹੀ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਵੱਡੀ ਗਿਣਤੀ ਵਸਨੀਕ ਵਿਦੇਸ਼ਾਂ ਵਿੱਚ ਰਹਿੰਦੇ ਹਨ, ਜਿਹਨਾਂ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਆਉਣ ਤੇ ਛੱਡ ਕੇ ਆਉਣ ਲਈ ਪੰਜਾਬ ਦੇ ਵੱਡੀ ਗਿਣਤੀ ਵਸਨੀਕਾਂ ਨੂੰ ਦਿੱਲੀ ਜਾਣ ਲਈ ਇਸ ਸੜਕ ਦੀ ਵਰਤੋ ਕਰਨੀ ਪੈਂਦੀ ਹੈ ਕਿਉਂਕਿ ਦਿੱਲੀ ਜਾਣ ਵਾਲਾ ਸ਼ੰਭੂ ਬੈਰੀਅਰ ਵਾਲਾ ਰਸਤਾ ਬੰਦ ਹੈ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਟਿਆਲਾ ਤੋਂ ਪਿਹੋਵਾ ਜਾਂਦੀ ਸੜਕ ਦੀ ਹਾਲਤ ਵਿੱਚ ਤੁਰੰਤ ਸੁਧਾਰ ਲਿਆਂਦਾ ਜਾਵੇ, ਇਸ ਸੜਕ ਤੇ ਪਏ ਖੱਡਿਆਂ ਨੂੰ ਠੀਕ ਕੀਤਾ ਜਾਵੇ ਅਤੇ ਇਹ ਸੜਕ ਨਵੀਂ ਬਣਾਈ ਜਾਵੇ।
Mohali
ਦੋ ਨੌਜਵਾਨਾਂ ਨੂੰ ਅਗਵਾ ਕਰਕੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ਵਿੱਚ ਤਤਕਾਲੀ ਐਸ. ਐਚ. ਓ ਸਮੇਤ 3 ਪੁਲੀਸ ਵਾਲੇ ਦੋਸ਼ੀ ਕਰਾਰ
ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਜੇਲ ਭੇਜਣ ਦੇ ਹੁਕਮ ਦਿੱਤੇ, ਭਲਕੇ ਸੁਣਾਈ ਜਾਵੇਗੀ ਸਜਾ
ਐਸ ਏ ਐਸ ਨਗਰ, 23 ਦਸੰਬਰ (ਜਸਬੀਰ ਸਿੰਘ ਜੱਸੀ) 1992 ਵਿੱਚ ਦੋ ਨੌਜਵਾਨਾਂ ਨੂੰ ਅਗਵਾ ਕਰਕੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਅਤੇ ਲਾਸ਼ਾਂ ਨੂੰ ਅਣਪਛਾਤੇ ਦੱਸ ਕੇ ਸਸਕਾਰ ਕਰਨ ਦੇ ਮਾਮਲੇ ਵਿੱਚ ਸੀ. ਬੀ. ਆਈ ਦੇ ਸਪੈਸ਼ਲ ਜੱਜ ਰਾਕੇਸ਼ ਗੁਪਤਾ ਦੀ ਅਦਾਲਤ ਵਲੋਂ ਸੀ. ਬੀ. ਆਈ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਸ ਸਮੇਂ ਦੇ ਥਾਣਾ ਸਿਟੀ ਤਰਨਤਾਰਨ ਦੇ ਇੰਚਾਰਜ ਰਹੇ ਗੁਰਬਚਨ ਸਿੰਘ, ਏ. ਐਸ. ਆਈ ਰੇਸ਼ਮ ਸਿੰਘ ਅਤੇ ਪੁਲੀਸ ਕਰਮਚਾਰੀ ਹੰਸ ਰਾਜ ਸਿੰਘ ਨੂੰ ਧਾਰਾ 302 ਅਤੇ 120ਬੀ ਵਿੱਚ ਦੋਸ਼ੀ ਕਰਾਰ ਦਿੰਦਿਆ ਤਿੰਨਾ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਜੇਲ ਭੇਜਣ ਦੇ ਹੁਕਮ ਦਿੱਤੇ ਹਨ। ਸੀ.ਬੀ.ਆਈ ਅਦਾਲਤ ਵਲੋਂ ਤਿੰਨਾ ਦੋਸ਼ੀਆਂ ਨੂੰ ਭਲਕੇ ਮੰਗਲਵਾਰ ਸਜਾ ਸੁਣਾਈ ਜਾਵੇਗੀ। ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਮੁਲਜਮ ਪੁਲੀਸ ਕਰਮਚਾਰੀ ਅਰਜੁਨ ਸਿੰਘ ਦੀ ਦਸੰਬਰ 2021 ਵਿੱਚ ਮੌਤ ਹੋ ਗਈ ਸੀ ਅਤੇ ਉਸ ਵਿਰੁੱਧ ਕਾਰਵਾਈ ਬੰਦ ਕਰ ਦਿੱਤੀ ਗਈ ਸੀ।
ਜਾਣਕਾਰੀ ਅਨੁਸਾਰ ਸੀ.ਬੀ.ਆਈ ਵਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ ਚਾਰਜਸ਼ੀਟ ਮੁਤਾਬਕ ਜਗਦੀਪ ਸਿੰਘ ਉਰਫ ਮੱਖਣ ਨੂੰ ਐਸ. ਐਚ. ਓ ਗੁਰਬਚਨ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਪਹਿਲਾਂ ਪੁਲੀਸ ਨੇ ਘਰ ਵਿੱਚ ਗੋਲੀ ਚਲਾਈ ਅਤੇ ਗੋਲੀ ਵੱਜਣ ਕਾਰਨ ਮੱਖਣ ਦੀ ਸੱਸ ਸਵਿੰਦਰ ਕੌਰ ਦੀ ਮੌਤ ਹੋ ਗਈ, ਇਹ ਘਟਨਾ 18.11.1992 ਦੀ ਹੈ। ਇਸੇ ਤਰ੍ਹਾਂ ਗੁਰਨਾਮ ਸਿੰਘ ਉਰਫ ਪਾਲੀ ਨੂੰ ਐਸ. ਐਚ. ਓ ਗੁਰਬਚਨ ਸਿੰਘ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ 21.11.1992 ਨੂੰ ਉਸਦੇ ਘਰੋਂ ਅਗਵਾ ਕਰ ਲਿਆ ਸੀ। ਗੁਰਨਾਮ ਸਿੰਘ ਉਰਫ ਪਾਲੀ ਅਤੇ ਜਗਦੀਪ ਸਿੰਘ ਉਰਫ ਮੱਖਣ ਨੂੰ 30.11.1992 ਨੂੰ ਗੁਰਬਚਨ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ ਅਤੇ ਇਸ ਸਬੰਧੀ ਪੰਜਾਬ ਪੁਲੀਸ ਨੇ ਐਫ.ਆਈ.ਆਰ ਨੰਬਰ 130/92 ਦਰਜ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਐਸ. ਐਚ. ਓ ਗੁਰਬਚਨ ਸਿੰਘ ਸਮੇਤ ਹੋਰ ਦੋਸ਼ੀ ਵਿਅਕਤੀਆਂ ਅਤੇ ਪੁਲੀਸ ਅਧਿਕਾਰੀਆਂ ਨੇ 30.11.1992 ਦੀ ਸਵੇਰ ਨੂੰ ਗਸ਼ਤ ਕਰਦੇ ਸਮੇਂ ਇੱਕ ਨੌਜਵਾਨ ਨੂੰ ਇੱਕ ਗੱਡੀ ਵਿਚ ਘੁੰਮਦਾ ਦੇਖਿਆ ਅਤੇ ਨੂਰ ਦੀ ਅੱਡਾ, ਤਰਨਤਾਰਨ ਨੇੜੇ ਉਕਤ ਵਿਅਕਤੀ ਨੂੰ ਸ਼ੱਕੀ ਢੰਗ ਨਾਲ ਕਾਬੂ ਕੀਤਾ, ਜਿਸ ਨੇ ਆਪਣੀ ਪਛਾਣ ਗੁਰਨਾਮ ਸਿੰਘ ਉਰਫ ਪਾਲੀ ਵਜੋਂ ਦੱਸੀ ਅਤੇ ਪੁੱਛਗਿੱਛ ਦੌਰਾਨ ਉਸ ਨੇ ਰੇਲਵੇ ਰੋਡ, ਟੀਟੀ ਅਤੇ ਗੁਰਨਾਮ ਸਥਿਤ ਦਰਸ਼ਨ ਸਿੰਘ ਦੇ ਪ੍ਰੋਵੀਜ਼ਨ ਸਟੋਰ ਵਿਚ ਹੈਂਡ ਗ੍ਰੇਨੇਡ ਸੁੱਟਣ ਵਿਚ ਆਪਣੀ ਸ਼ਮੂਲੀਅਤ ਕਬੂਲ ਕੀਤੀ।
ਪੁਲੀਸ ਵਲੋਂ ਗੁਰਨਾਮ ਸਿੰਘ ਪਾਲੀ ਨੂੰ ਬੇਹਲਾ ਬਾਗ ਵਿਚ ਕਥਿਤ ਤੌਰ ਤੇ ਛੁਪਾਏ ਗਏ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਲਈ ਲਿਜਾਇਆ ਗਿਆ ਤਾਂ ਬਾਗ ਦੇ ਅੰਦਰੋਂ ਖਾੜਕੂਆਂ ਨੇ ਪੁਲੀਸ ਪਾਰਟੀ ਤੇ ਗੋਲੀਬਾਰੀ ਕਰ ਦਿੱਤੀ ਅਤੇ ਪੁਲੀਸ ਫੋਰਸ ਨੇ ਸਵੈ-ਰੱਖਿਆ ਵਿਚ ਜਵਾਬੀ ਕਾਰਵਾਈ ਕੀਤੀ। ਗੁਰਨਾਮ ਸਿੰਘ ਉਰਫ ਪਾਲੀ ਬਚਣ ਦੀ ਨੀਅਤ ਨਾਲ ਆਉਣ ਵਾਲੀਆਂ ਗੋਲੀਆਂ ਦੀ ਦਿਸ਼ਾ ਵੱਲ ਭੱਜਿਆ ਪਰ ਕਰਾਸ ਫਾਇਰਿੰਗ ਵਿਚ ਮਾਰਿਆ ਗਿਆ। ਉਕਤ ਐਫ. ਆਈ. ਆਰ ਵਿਚ ਅੱਗੇ ਦਿਖਾਇਆ ਗਿਆ ਕਿ ਬਾਗ ਦੀ ਤਲਾਸ਼ੀ ਲੈਣ ਤੇ ਜਗਦੀਪ ਸਿੰਘ ਉਰਫ ਮੱਖਣ ਵਜੋਂ ਪਛਾਣ ਕੀਤੇ ਗਏ ਇਕ ਮਾਰੇ ਗਏ ਖਾੜਕੂ ਦੀ ਲਾਸ਼ ਵੀ ਬਰਾਮਦ ਹੋਈ। ਦੋਵਾਂ ਲਾਸ਼ਾਂ ਦਾ ਸਸਕਾਰ ਸ਼ਮਸ਼ਾਨਘਾਟ ਵਿਚ ‘ਲਾਵਾਰਿਸ’ ਕਹਿ ਕੇ ਕੀਤਾ ਗਿਆ।
ਦੱਸਣਯੋਗ ਹੈ ਕਿ ਮ੍ਰਿਤਕ ਜਗਦੀਪ ਸਿੰਘ ਮੱਖਣ ਪੰਜਾਬ ਪੁਲੀਸ ਵਿੱਚ ਸਿਪਾਹੀ ਸੀ ਅਤੇ ਮ੍ਰਿਤਕ ਗੁਰਨਾਮ ਸਿੰਘ ਪਾਲੀ ਪੰਜਾਬ ਪੁਲੀਸ ਵਿੱਚ ਐਸ. ਪੀ. ਓ ਸੀ। ਸੀ. ਬੀ. ਆਈ ਵਲੋਂ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਦੱਸਿਆ ਗਿਆ ਸੀ ਕਿ ਉਕਤ ਪੁਲੀਸ ਵਾਲਿਆਂ ਨੇ ਸਾਲ 1992 ਦੌਰਾਨ ਥਾਣਾ ਤਰਨਤਾਰਨ ਦੇ ਏਰੀਏ ਵਿੱਚ ਉਸ ਸਮੇਂ ਦੇ ਥਾਣਾ ਸਿਟੀ ਤਰਨਤਾਰਨ ਦੇ ਐਸ.ਐਚ.ਓ ਗੁਰਬਚਨ ਸਿੰਘ, ਏ.ਐਸ.ਆਈ ਰੇਸ਼ਮ ਸਿੰਘ, ਹੰਸ ਰਾਜ ਸਿੰਘ ਅਤੇ ਅਰਜੁਨ ਸਿੰਘ ਨੇ ਹੋਰ ਪੁਲੀਸ ਅਧਿਕਾਰੀਆਂ ਨਾਲ ਮਿਲ ਕੇ 2 ਅਪਰਾਧਿਕ ਸਾਜ਼ਿਸ਼ਾ ਰਚ ਕੇ ਗੈਰ-ਕਾਨੂੰਨੀ ਕਾਰਵਾਈ ਕੀਤੀ ਸੀ। ਸ਼ੁਰੂ ਵਿਚ ਸੀ.ਬੀ. ਵਲੋਂ ਮਾਮਲਾ ਦਰਜ ਕਰਕੇ ਪ੍ਰੀਤਮ ਸਿੰਘ, ਮਸੀਤ ਵਾਲੀ ਗਲੀ ਨੂਰ ਦੀ ਬਾਜ਼ਾਰ ਦੇ ਬਿਆਨ ਦਰਜ ਕੀਤੇ ਸਨ। ਇਸ ਤੋਂ ਬਾਅਦ ਸੀ.ਬੀ.ਆਈ ਨੇ 27.02.1997 ਨੂੰ ਗੁਰਬਚਨ ਸਿੰਘ ਅਤੇ ਹੋਰਾਂ ਵਿਰੁੱਧ 364/302/34 ਦੇ ਤਹਿਤ ਕੇਸ ਦਰਜ ਕੀਤਾ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਗੁਰਬਚਨ ਸਿੰਘ ਅਤੇ ਹੋਰਨਾਂ ਵਿਰੁੱਧ ਚਾਰਜਸ਼ੀਟ ਪੇਸ਼ ਕੀਤੀ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਲੋਂ ਅਣਪਛਾਤੀਆਂ ਲਾਸ਼ਾ ਦੱਸ ਕੇ ਸੰਸਕਾਰ ਕਰਨ ਦੇ ਮਮਾਲੇ ਵਿੰਚ ਜਾਂਚ ਦੇ ਹੁਕਮ ਦਿੱਤੇ ਸਨ।
Mohali
ਆਜਾਦੀ ਘੁਲਾਟੀਏ ਅਤੇ ਵਾਈਸ ਪ੍ਰਿੰਸੀਪਲ ਨੂੰ ਘਰੋਂ ਚੁੱਕ ਕੇ ਲਾਪਤਾ ਕਰਨ ਵਾਲੇ ਤਤਕਾਲੀ ਐਸ.ਐਚ.ਓ ਸੁਰਿੰਦਰਪਾਲ ਸਿੰਘ ਨੂੰ 10 ਸਾਲ ਦੀ ਕੈਦ, 5 ਲੱਖ 70 ਹਜ਼ਾਰ ਜੁਰਮਾਨਾ
ਐਸ ਏ ਐਸ ਨਗਰ, 23 ਦਸੰਬਰ (ਜਸਬੀਰ ਸਿੰਘ ਜੱਸੀ) ਕਰੀਬ 32 ਸਾਲ ਪੁਰਾਣੇ ਅਗਵਾ ਕਰਨ, ਗੈਰ-ਕਾਨੂੰਨੀ ਹਿਰਾਸਤ ਅਤੇ ਗੁੰਮਸ਼ੁਦਗੀ ਦੇ ਮਾਮਲੇ ਵਿੱਚ ਸੀ.ਬੀ.ਆਈ ਅਦਾਲਤ ਦੇ ਵਿਸ਼ੇਸ਼ ਜੱਜ ਮਨਜੋਤ ਕੌਰ ਦੀ ਅਦਾਲਤ ਵਲੋਂ ਉਸ ਸਮੇਂ ਦੇ ਥਾਣਾ ਸਰਹਾਲੀ ਜਿਲਾ ਤਰਨਤਾਰਨ ਦੇ ਐਸ.ਐਚ.ਓ ਰਹੇ ਸੁਰਿੰਦਰਪਾਲ ਸਿੰਘ ਨੂੰ ਧਾਰਾ 120 ਬੀ ਵਿੱਚ 10 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਧਾਰਾ 364 ਵਿੱਚ 10 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਧਾਰਾ 365 ਵਿੱਚ 7 ਸਾਲ ਦੀ ਕੈਦ ਅਤੇ 70 ਹਜ਼ਾਰ ਰੁਪਏ ਜੁਰਮਾਨਾ, ਧਾਰਾ 342 ਵਿੱਚ 3 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਅਦਾਲਤ ਵਲੋਂ ਆਪਣੇ ਹੁਕਮਾਂ ਇਹ ਵੀ ਕਿਹਾ ਗਿਆ ਹੈ ਜੇਕਰ ਦੋਸ਼ੀ ਸੁਰਿੰਦਰਪਾਲ ਸਿੰਘ ਨੇ ਜੁਰਮਾਨਾ ਅਦਾ ਨਾ ਕੀਤਾ ਤਾਂ ਉਸ ਨੂੰ 2 ਸਾਲ ਕੈਦ ਹੋਰ ਕੱਟਣੀ ਪਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ 31.10.1992 ਦੀ ਸ਼ਾਮ ਨੂੰ ਸੁਖਦੇਵ ਸਿੰਘ ਵਾਈਸ ਪ੍ਰਿੰਸੀਪਲ ਅਤੇ ਉਸ ਦੇ 80 ਸਾਲਾ ਸਹੁਰੇ ਸੁਲੱਖਣ ਸਿੰਘ (ਸੁਤੰਤਰਤਾ ਸੈਨਾਨੀ) ਵਾਸੀ ਭਕਨਾ ਨੂੰ ਏ.ਐਸ.ਆਈ ਅਵਤਾਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਹਿਰਾਸਤ ਵਿੱਚ ਲਿਆ ਸੀ। ਅਵਤਾਰ ਸਿੰਘ ਨੇ ਪਰਿਵਾਰ ਵਾਲਿਆਂ ਨੂੰ ਇਤਲਾਹ ਦਿੱਤੀ ਸੀ ਕਿ ਸੁਖਦੇਵ ਸਿੰਘ ਅਤੇ ਸੁਲੱਖਣ ਸਿੰਘ ਨੂੰ ਐਸ.ਐਚ.ਓ ਸੁਰਿੰਦਰਪਾਲ ਸਿੰਘ ਨੇ ਪੁੱਛਗਿੱਛ ਲਈ ਬੁਲਾਇਆ ਹੈ। ਫਿਰ ਦੋਵਾਂ ਨੂੰ ਤਿੰਨ ਦਿਨ ਤੱਕ ਪੁਲੀਸ ਥਾਣਾ ਸਰਹਾਲੀ, ਤਰਨਤਾਰਨ ਵਿਚ ਨਾਜਾਇਜ਼ ਤੌਰ ਤੇ ਰੱਖਿਆ ਗਿਆ, ਜਿੱਥੇ ਪਰਿਵਾਰ ਅਤੇ ਅਧਿਆਪਕ ਯੂਨੀਅਨ ਦੇ ਮੈਂਬਰ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਖਾਣਾ, ਕੱਪੜਾ ਆਦਿ ਮੁਹੱਈਆ ਕਰਵਾਇਆ, ਪਰ ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਲੱਗਾ।
ਸੁਖਦੇਵ ਸਿੰਘ ਦੀ ਪਤਨੀ ਸੁਖਵੰਤ ਕੌਰ ਨੇ ਇਸ ਸੰਬੰਧੀ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਕਿ ਸੁਖਦੇਵ ਸਿੰਘ ਅਤੇ ਸੁਲੱਖਣ ਸਿੰਘ ਨੂੰ ਅਪਰਾਧਿਕ ਮਾਮਲਿਆਂ ਵਿਚ ਫਸਾਇਆ ਗਿਆ, ਪਰ ਕੋਈ ਸੁਣਵਾਈ ਨਹੀਂ ਹੋਈ। ਉਸ ਸਮੇਂ ਸੁਖਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੋਪੋਕੇ ਜਿਲਾ ਅੰਮ੍ਰਿਤਸਰ ਦੇ ਲੈਕਚਰਾਰ/ਵਾਈਸ-ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਸਨ ਅਤੇ ਉਨ੍ਹਾਂ ਦੇ ਸਹੁਰਾ ਸੁਲੱਖਣ ਸਿੰਘ ਆਜ਼ਾਦੀ ਘੁਲਾਟੀਏ ਸਨ ਜੋ ਆਜ਼ਾਦੀ ਦੀ ਲਹਿਰ ਦੌਰਾਨ ਬਾਬਾ ਸੋਹਣ ਸਿੰਘ ਭਕਨਾ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਸਨ।
ਸਾਲ 2003 ਵਿਚ ਕੁਝ ਪੁਲਿਸ ਮੁਲਾਜ਼ਮਾਂ ਨੇ ਸੁਖਵੰਤ ਕੌਰ ਨਾਲ ਸੰਪਰਕ ਕਰਕੇ ਉਸ ਦੇ ਖਾਲੀ ਕਾਗਜ਼ਾਂ ਤੇ ਦਸਤਖਤ ਕਰਵਾ ਲਏ ਅਤੇ ਕੁਝ ਦਿਨਾਂ ਬਾਅਦ ਉਸ ਨੂੰ ਸੁਖਦੇਵ ਸਿੰਘ ਦੇ ਮੌਤ ਦਾ ਸਰਟੀਫਿਕੇਟ ਸੌਂਪਿਆ, ਜਿਸ ਵਿਚ 8.7.1993 ਨੂੰ ਉਸ ਦੀ ਮੌਤ ਹੋਣ ਦਾ ਜ਼ਿਕਰ ਕੀਤਾ ਗਿਆ ਸੀ। ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਤਸ਼ੱਦਦ ਦੌਰਾਨ ਸੁਖਦੇਵ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਸੁਲੱਖਣ ਸਿੰਘ ਸਮੇਤ ਹਰੀਕੇ ਨਹਿਰ ਵਿਚ ਸੁੱਟ ਦਿੱਤੀ ਗਈ।
ਸੁਖਵੰਤ ਕੌਰ ਵਲੋਂ ਆਪਣੇ ਪਤੀ ਅਤੇ ਪਿਤਾ ਨੂੰ ਚੁੱਕਣ, ਗੈਰ-ਕਾਨੂੰਨੀ ਤੌਰ ਤੇ ਹਿਰਾਸਤ ਵਿਚ ਰੱਖਣ ਅਤੇ ਫਿਰ ਲਾਪਤਾ ਹੋਣ ਦੇ ਸਬੰਧ ਵਿਚ ਸੁਪਰੀਮ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ। ਇਸਤੋਂ ਪਹਿਲਾਂ ਨਵੰਬਰ 1995 ਵਿਚ ਇਕ ਹੋਰ ਮਾਮਲੇ ਵਿਚ ਸੁਪਰੀਮ ਕੋਰਟ ਨੇ ਸੀ.ਬੀ.ਆਈ ਨੂੰ ਵੱਡੇ ਪੱਧਰ ਤੇ ਮ੍ਰਿਤਕਾਂ ਦੇ ਸਸਕਾਰ ਦੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇਸਨ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਵਲੋਂ ਪੰਜਾਬ ਪੁਲਿਸ ਵਲੋਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਸਸਕਾਰ ਕਰਨ ਦਾ ਖੁਲਾਸਾ ਕੀਤਾ। ਇਸ ਤੋਂ ਬਾਅਦ ਮੁੱਢਲੀ ਪੁੱਛਗਿੱਛ ਦੌਰਾਨ ਸੀ.ਬੀ.ਆਈ ਨੇ 20.11.1996 ਨੂੰ ਸੁਖਵੰਤ ਕੌਰ ਦੇ ਬਿਆਨ ਦਰਜ ਕੀਤੇ ਅਤੇ ਉਸਦੇ ਬਿਆਨਾਂ ਦੇ ਆਧਾਰ ਤੇ 6.03.1997 ਨੂੰ ਏ.ਐਸ.ਆਈ ਅਵਤਾਰ ਸਿੰਘ, ਐਸ. ਆਈ. ਸੁਰਿੰਦਰਪਾਲ ਸਿੰਘ ਤਤਕਾਲੀ ਐਸ. ਐਚ. ਓ ਸਰਹਾਲੀ ਅਤੇ ਹੋਰਨਾਂ ਖਿਲਾਫ਼ ਧਾਰਾ 364/34 ਦੇ ਤਹਿਤ ਮਾਮਲਾ ਦਰਜ ਕੀਤਾ ਅਤੇ ਸਾਲ 2000 ਵਿਚ ਸੀ. ਬੀ. ਆਈ ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ, ਜਿਸ ਨੂੰ ਸੀ. ਬੀ. ਆਈ ਕੋਰਟ ਪਟਿਆਲਾ ਨੇ ਸਾਲ 2002 ਵਿਚ ਰੱਦ ਕਰ ਦਿਤਾ ਅਤੇ ਅਗਲੇਰੀ ਜਾਂਚ ਦੇ ਹੁਕਮ ਦਿੱਤੇ।
ਆਖ਼ਰਕਾਰ ਸਾਲ 2009 ਵਿਚ ਸੀ.ਬੀ.ਆਈ ਨੇ ਸੁਰਿੰਦਰਪਾਲ ਅਤੇ ਅਵਤਾਰ ਸਿੰਘ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ। ਸਾਲ 2016 ਵਿਚ ਸੀ.ਬੀ.ਆਈ ਅਦਾਲਤ, ਪਟਿਆਲਾ ਵਲੋਂ ਧਾਰਾ 120-ਬੀ, 342,364 ਅਤੇ 365 ਦੇ ਤਹਿਤ ਦੋਸ਼ ਤੈਅ ਕਰ ਦਿੱਤੇ। ਜਿਕਰਯੋਗ ਹੈ ਕਿ ਇਸ ਕੇਸ ਦਾ ਦੋਸ਼ੀ ਸੁਰਿੰਦਰਪਾਲ ਸਿੰਘ ਜੋ ਕਿ ਤਤਕਾਲੀ ਐਸ.ਐਚ.ਓ ਸੀ, ਜਸਵੰਤ ਸਿੰਘ ਖਾਲੜਾ ਕਤਲ ਕੇਸ ਵਿਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸ ਨੂੰ ਤਰਨਤਾਰਨ ਦੇ ਪਿੰਡ ਜੀਓ ਬਾਲਾ ਦੇ 4 ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਇਕ ਹੋਰ ਕੇਸ ਵਿਚ ਵੀ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।
Mohali
ਸੋਹਾਣਾ ਵਿਖੇ ਡਿੱਗੀ ਇਮਾਰਤ ਦੇ ਮਲਬੇ ਹੇਠਾਂ ਦੱਬਣ ਕਾਰਨ ਹੋਈਆਂ ਦੋ ਮੌਤਾਂ ਦੇ ਮਾਮਲੇ ਵਿੱਚ ਨਾਮਜ਼ਦ ਦੋਵੇਂ ਮੁਲਜਮ ਗ੍ਰਿਫਤਾਰ, ਠੇਕੇਦਾਰ ਨੂੰ ਵੀ ਕੀਤਾ ਨਾਮਜਦ
ਐਸ ਏ ਐਸ ਨਗਰ, 23 ਦਸੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਵਿਚਲੇ ਪਿੰਡ ਸੋਹਾਣਾ ਵਿੱਚ ਬੀਤੇ ਦਿਨ ਮਲਬੇ ਵਿੱਚ ਤਬਦੀਲ ਹੋਈ ਚਾਰ ਮੰਜਿਲਾ ਇਮਾਰਤ ਦੇ ਹੇਠਾਂ ਦੱਬ ਕੇ ਹੋਈਆਂ ਮੌਤਾਂ ਦੇ ਮਾਮਲੇ (ਜਿਸ ਵਿੱਚ ਇਕ ਲੜਕੀ ਦ੍ਰਿਸ਼ਟੀ ਵਾਸੀ ਹਿਮਾਚਲ ਪ੍ਰਦੇਸ਼ ਅਤੇ ਇਕ ਵਿਅਕਤੀ ਅਭਿਸ਼ੇਕ ਧਨਵਲ ਵਾਸੀ ਅੰਬਾਲਾ ਦੀ ਮੌਤ ਹੋਈ ਸੀ) ਵਿੱਚ ਪੁਲੀਸ ਵਲੋਂ ਨਾਮਜ਼ਦ ਕੀਤੇ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਗਗਨਦੀਪ ਸਿੰਘ ਵਾਸੀ ਪਿੰਡ ਚਾਊ ਮਾਜਰਾ ਜਿਲਾ ਮੁਹਾਲੀ ਅਤੇ ਪਰਮਿੰਦਰ ਸਿੰਘ ਵਾਸੀ ਪਿੰਡ ਚਾਊ ਮਾਜਰਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਨੇ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸਤੇ ਮਾਣਯੋਗ ਅਦਾਲਤ ਵੱਲੋਂ ਦੋਵਾਂ ਮੁਲਜਮਾਂ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਸੁਰੇਸ਼ ਕੁਮਾਰ ਨਾਂ ਦੇ ਠੇਕੇਦਾਰ ਨੂੰ ਵੀ ਨਾਮਜਦ ਕੀਤਾ ਗਿਆ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਏ. ਡੀ. ਸੀ. ਵਿਰਾਜ.ਐਸ.ਤਿੜਕੇ ਵਲੋਂ ਘਟਨਾ ਦੀ ਜਿੰਮੇਵਾਰੀ ਤੈਅ ਕਰਨ ਲਈ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਪ ਮੰਡਲ ਮੈਜਿਸਟਰੇਟ ਮੁਹਾਲੀ ਦਮਨਦੀਪ ਕੌਰ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਨ੍ਹਾਂ ਨੂੰ ਤਿੰਨ ਹਫ਼ਤਿਆਂ ਵਿਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਇਸ ਬਿਲਡਿੰਗ (ਜਿਸ ਵਿਚ ਰਾਇਲ ਜਿੰਮ ਚਲਦਾ ਸੀ ਅਤੇ ਉਪਰਲੀ ਮੰਜਿਲ ਤੇ ਪੀ.ਜੀ ਦੱਸਿਆ ਜਾ ਰਿਹਾ ਹੈ) ਦੇ ਡਿਗਣ ਦਾ ਕਾਰਨ ਨਾਲ ਹੋ ਰਹੀ ਬੇਸਮੇਂਟ ਦੀ ਪੁਟਾਈ ਨੂੰ ਦੱਸਿਆ ਜਾ ਰਿਹਾ ਹੈ।
-
International2 months ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਬਰਖਾਸਤ ਕੀਤਾ
-
International2 months ago
ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਜਿੱਤਿਆ ਡਬਲਯੂ ਬੀ ਐਫ ਵਿਸ਼ਵ ਖਿਤਾਬ
-
International2 months ago
ਮੂਧੇ ਮੂੰਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 900 ਤੋਂ ਵੱਧ ਅੰਕ ਟੁੱਟਿਆ, ਨਿਫਟੀ 23,995 ਤੇ ਬੰਦ
-
Chandigarh2 months ago
ਕੈਨੇਡਾ ਦੇ ਮੰਦਰ ਵਿੱਚ ਸ਼ਰਧਾਲੂਆਂ ਤੇ ਹਮਲੇ ਦੀ ਵੱਖ-ਵੱਖ ਆਗੂਆਂ ਵੱਲੋਂ ਨਿੰਦਾ
-
Mohali2 months ago
4 ਸਾਲ ਬਾਅਦ ਆਰੰਭ ਹੋਈ ਮੁਲਤਾਨੀ ਅਗਵਾ ਮਾਮਲੇ ਦੀ ਸੁਣਵਾਈ
-
International1 month ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
Mohali2 months ago
68 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 5 ਤੋਂ 9 ਨਵੰਬਰ ਤੱਕ
-
International2 months ago
ਹਵਾ ਪ੍ਰਦੂਸ਼ਣ ਕਾਰਨ ਲਹਿੰਦੇ ਪੰਜਾਬ ਦੇ ਸਕੂਲ ਇੱਕ ਹਫਤੇ ਲਈ ਬੰਦ