Mohali
ਪੁਲੀਸ ਵੱਲੋਂ ਪਿੰਡ ਛੱਤ ਵਿੱਚ ਹੋਏ ਅੰਨੇ ਕਤਲ ਲਈ ਜਿੰਮੇਵਾਰ ਦੋ ਮੁਲਜਮ ਗ੍ਰਿਫਤਾਰ
ਏਅਰਪੋਰਟ ਰੋਡ ਤੇ ਇਕ ਹੋਰ ਸਾਥੀ ਦੀ ਮੱਦਦ ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ
ਐਸ ਏ.ਐਸ.ਨਗਰ, 29 ਨਵੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਬੀਤੇ ਦਿਨੀਂ ਛੱਤ ਲਾਈਟ ਪੁਆਇੰਟ ਤੇ ਹੋਏ ਇਕ ਮੋਟਰਸਾਈਕਲ ਸਵਾਰ ਦੇ ਕਤਲ ਮਾਮਲੇ ਨੂੰ ਮੁਹਾਲੀ ਪੁਲੀਸ ਵਲੋਂ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਦੋ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਸਾਹਿਲ ਕੁਮਾਰ ਵਾਸੀ ਪਿੰਡ ਦੁਨੀਆ ਮਾਜਰਾ ਜਿਲਾ ਕੁਰੂਕਸ਼ੇਤਰ ਹਾਲ ਵਾਸੀ ਸੈਕਟਰ 83 ਐਰੋਸਿਟੀ ਮੁਹਾਲੀ ਅਤੇ ਚਰਨਜੀਤ ਸਿੰਘ ਉਰਫ ਚਰਨ ਵਾਸੀ ਦਿੱਲੀ ਹਾਲ ਵਾਸੀ ਖਰੜ ਵਜੋਂ ਹੋਈ ਹੈ।
ਐਸ. ਐਸ. ਪੀ. ਮੁਹਾਲੀ ਸ੍ਰੀ ਦੀਪਕ ਪਾਰਿਕ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੱਤ ਲਾਈਟਾਂ ਤੇ ਰਾਣਾ ਪ੍ਰਤਾਪ ਸਿੰਘ ਦੇ ਅੰਨੇ ਕਤਲ ਦੀ ਜਾਂਚ ਐਸ.ਪੀ ਇਨਵੈਸਟੀਗੇਸ਼ਨ ਜੋਤੀ ਯਾਦਵ, ਐਸ. ਪੀ. ਦਿਹਾਤੀ ਮਨਪ੍ਰੀਤ ਸਿੰਘ ਅਤੇ ਸੀ.ਆਈ.ਏ ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਅਤੇ ਥਾਣਾ ਜੀਰਕਪੁਰ ਦੇ ਮੁਖੀ ਜਸਕੰਵਲ ਸਿੰਘ ਸੇਖੋਂ ਨੂੰ ਸੌਂਪੀ ਗਈ ਸੀ ਅਤੇ ਪੁਲੀਸ ਵਲੋਂ ਜਾਂਚ ਦੌਰਾਨ ਕਤਲ ਦੇ ਮੁਲਜਮਾਂ ਦੀ ਪੈੜ ਨਪਦਿਆਂ ਇਕ ਨੂੰ ਖਰੜ ਅਤੇ ਦੂਜੇ ਮੁਲਜਮ ਨੂੰ ਐਰੋਸਿਟੀ ਤੋਂ ਕਾਬੂ ਕੀਤਾ ਹੈ।
ਉਹਨਾਂ ਦੱਸਿਆ ਕਿ ਉਕਤ ਦੋਵੇਂ ਮੁਲਜਮ ਏਅਰਪੋਰਟ ਰੋਡ ਤੇ ਲੁੱਟਾਂ ਖੋਹਾਂ ਕਰਦੇ ਹਨ ਅਤੇ ਬੀਤੀ 7 ਨਵੰਬਰ ਨੂੰ ਉਹ ਲੁੱਟ ਖੋਹ ਕਰਨ ਦੀ ਨੀਅਤ ਨਾਲ ਛੱਤ ਲਾਈਟਾਂ ਦੇ ਕੋਲ ਮੌਜੂਦ ਸਨ। ਇਸ ਦੌਰਾਨ ਰਾਣਾ ਪ੍ਰਤਾਪ ਸਿੰਘ (ਜੋ ਕਿ ਜ਼ੀਰਕਪੁਰ ਵਿਖੇ ਇਕ ਸਕਿਉਰਟੀ ਕੰਪਨੀ ਵਿੱਚ ਨੌਕਰੀ ਕਰਦਾ ਸੀ) ਰੋਜਾਨਾ ਵਾਂਗ ਆਪਣੀ ਡਿਊਟੀ ਤੇ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪੇਸ਼ਾਬ ਕਰਨ ਲਈ ਰੁਕਿਆ ਤਾਂ ਮੁਲਜਮ ਸਾਹਿਲ ਅਤੇ ਚਰਨਜੀਤ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਡਰਾ ਕੇ ਕਾਬੂ ਕਰ ਲਿਆ ਅਤੇ ਬੇਅਬਾਦ ਜਗਾ ਤੇ ਲੈ ਗਏ, ਜਿਥੇ ਮੁਲਜਮਾਂ ਨੇ ਰਾਣਾ ਪ੍ਰਤਾਪ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਪਾਸਵਰਡ ਮੰਗਿਆ। ਜਦੋਂ ਰਾਣਾ ਪ੍ਰਤਾਪ ਨੇ ਪਾਸਵਰਡ ਨਹੀਂ ਦਿੱਤਾ ਤਾਂ ਇਹਨਾਂ ਮੁਲਜਮਾਂ ਨੇ ਰਾਣਾ ਪ੍ਰਤਾਪ ਦੇ ਸਿਰ ਤੇ ਇੱਟ ਦੇ ਕਈ ਵਾਰ ਕੀਤੇ ਅਤੇ ਉਸਤੋਂ ਪਾਸਵਰਡ ਹਾਸਲ ਕਰਕੇ ਮ੍ਰਿਤਕ ਦੋਵੇਂ ਹੱਥ ਅਤੇ ਪੈਰ ਬੰਨ ਕੇ ਉਸਨੂੰ ਕਤਲ ਕਰ ਦਿੱਤਾ।
ਐਸ. ਐਸ. ਪੀ ਮੁਤਾਬਕ ਰਾਣਾ ਪ੍ਰਤਾਪ ਦਾ ਕਤਲ ਕਰਨ ਤੋਂ ਬਾਅਦ ਮੁਲਜਮਾਂ ਨੇ ਰਾਣਾ ਪ੍ਰਤਾਪ ਦੀ ਲਾਸ਼ ਨੂੰ ਝਾੜੀਆਂ ਵਿੱਚ ਸੁੱਟ ਦਿੱਤਾ ਜੋ ਕਿ 11 ਨਵੰਬਰ ਨੂੰ ਬਰਾਮਦ ਹੋਈ ਸੀ। ਮੁਲਜਮਾਂ ਨੇ ਆਪਸ ਵਿੱਚ ਮਿਲ ਕੇ ਇਕ ਐਪ ਰਾਹੀਂ ਰਾਣਾ ਪ੍ਰਤਾਪ ਦੇ ਖਾਤੇ ਚੋਂ ਕਰੀਬ 10 ਲੱਖ 66 ਹਜਾਰ ਰੁਪਏ ਸਾਹਿਲ ਕੁਮਾਰ ਦੇ ਖਾਤੇ ਵਿੱਚ ਟ੍ਰਾਂਸਫਰ ਵੀ ਕਰਵਾ ਲਏ ਸਨ। ਇਸ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕ ਦੇ ਭਰਾ ਪ੍ਰਮੋਦ ਸਿੰਘ ਦੇ ਬਿਆਨਾਂ ਤੇ ਬੀ ਐਨ ਐਸ ਦੀ ਧਾਰਾ 103, 3 (5) ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਸਾਹਿਲ ਅਤੇ ਚਰਨਜੀਤ ਆਪਣੇ ਇਕ ਸਾਥੀ ਨਾਲ ਮਿਲ ਕੇ ਏਅਰਪੋਰਟ ਰੋਡ ਤੇ ਕਰਦੇ ਸੀ ਲੁੱਟਾਂ ਖੋਹਾਂ
ਐਸ.ਐਸ.ਪੀ ਦੀਪਕ ਪਾਰਿਕ ਨੇ ਦੱਸਿਆ ਕਿ ਮੁਲਜਮ ਸਾਹਿਲ ਅਤੇ ਚਰਨਜੀਤ ਸਿੰਘ ਨੇ ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਇਕ ਹੋਰ ਸਾਥੀ ਦੀ ਮਦਦ ਨਾਲ ਏਅਰਪੋਰਟ ਰੋਡ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ 29 ਸਤੰਬਰ 2024 ਨੂੰ ਵਿਕਾਸ ਡਾਗਰ (ਜੋ ਕਿ ਐਰੋਸਿਟੀ ਵਿੱਚ ਰਹਿੰਦਾ ਹੈ) ਰਾਤ ਕਰੀਬ ਸਾਢੇ 12 ਵਜੇ ਆਪਣੀ ਕਾਰ ਵਿੱਚ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਕਰਕੇ ਘਰ ਨੂੰ ਜਾ ਰਿਹਾ ਸੀ। ਉਹ ਰਸਤੇ ਵਿੱਚ ਪੇਸ਼ਾਬ ਕਰਨ ਲਈ ਰੁਕਿਆ ਤਾਂ ਉਕਤ ਮੁਲਜਮਾਂ ਨੇ ਵਿਕਾਸ ਨੂੰ ਉਸ ਦੀ ਹੀ ਗੱਡੀ ਵਿੱਚ ਬੰਧਕ ਬਣਾ ਕੇ ਉਸ ਤੇ ਹਮਲਾ ਕੀਤਾ ਅਤੇ ਉਸ ਦਾ ਏ.ਟੀ.ਐਮ ਹਾਸਲ ਕਰਕੇ ਉਸ ਵਿੱਚੋਂ 22 ਹਜ਼ਾਰ ਰੁਪਏ ਅਤੇ ਉਸ ਦੇ ਮੋਬਾਇਲ ਫੋਨ ਦਾ ਗੂਗਲ ਪੇਅ ਪਾਸਵਰਡ ਹਾਸਲ ਕਰਕੇ 6220 ਰੁਪਏ ਹਾਸਲ ਕਰ ਲਏ। ਇਸੇ ਤਰ੍ਹਾਂ ਇਹ ਦੋਵੇਂ ਕਰੀਬ ਡੇਢ ਮਹੀਨੇ ਪਹਿਲਾਂ ਇਕ ਫਾਰਚੂਨਰ ਗੱਡੀ ਸਵਾਰ (ਜਿਸ ਨੇ ਉਨਾਂ ਕੋਲੋਂ ਸਿਗਰਟਾਂ ਦੀ ਦੁਕਾਨ ਬਾਰੇ ਪੁੱਛਿਆ ਸੀ) ਨੂੰ ਦੁਕਾਨ ਦੱਸਣ ਦੇ ਬਹਾਨੇ ਉਸਦੀ ਗੱਡੀ ਵਿੱਚ ਬੈਠ ਗਏ ਅਤੇ ਗੱਡੀ ਚਾਲਕ ਦੇ ਗਲ ਵਿੱਚ ਪਰਨਾ ਪਾ ਕੇ ਉਸ ਕੋਲੋਂ ਕਰੀਬ 50 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ।
Mohali
ਸਰਕਾਰੀ ਕਾਲਜ ਮੁਹਾਲੀ ਵਿਖੇ ਹੋਣ ਵਾਲੇ ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਤਿਆਰੀ ਲਈ ਸਕੂਲੀ ਬੱਚਿਆਂ ਵੱਲੋਂ ਰਿਹਰਸਲ ਜਾਰੀ
24 ਜਨਵਰੀ ਨੂੰ ਹੋਵੇਗੀ ਫੁੱਲ ਡਰੈੱਸ ਰਿਹਰਸਲ
ਐਸ ਏ ਐਸ ਨਗਰ, 21 ਜਨਵਰੀ (ਸ.ਬ.) ਮੁਹਾਲੀ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਦੀ ਗਰਾਊਂਡ ਵਿੱਚ ਮਨਾਏ ਜਾਣ ਵਾਲੇ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਤਿਆਰੀਆਂ ਲਈ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਅਤੇ ਰੰਗਾ-ਰੰਗ ਪ੍ਰੋਗਰਾਮਾਂ ਦੀ ਰਿਹਰਸਲ ਕੀਤੀ ਜਾ ਰਹੀ ਹੈ।
ਸਕੂਲਾਂ ਦੇ ਬੱਚਿਆਂ ਵੱਲੋਂ ਗਣਤੰਤਰ ਦਿਵਸ ਮੌਕੇ ਪੇਸ਼ ਕੀਤੇ ਜਾਣ ਵਾਲੇ ਦੇਸ਼ ਭਗਤੀ ਅਤੇ ਜੋਸ਼ ਭਰਪੂਰ ਸੱਭਿਆਚਾਰਕ ਗਤੀਵਿਧੀਆਂ ਅਤੇ ਰੰਗਾ-ਰੰਗ ਪ੍ਰੋਗਰਾਮਾਂ ਦੀਆਂ ਤਿਆਰੀਆਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਡਾ. ਗਿੰਨੀ ਦੁੱਗਲ ਦੀ ਲਗਵਾਈ ਹੇਠ ਸਕੂਲੀ ਬੱਚਿਆਂ ਵੱਲੋਂ ਤਿਆਰੀਆਂ ਲਈ ਰਿਹਰਸਲਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਬੱਚਿਆਂ ਵਿੱਚ ਪੂਰਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਰਿਹਾਸਲ ਸਮੇਂ ਬੱਚਿਆਂ ਦੇ ਸਮਾਗਮ ਵਾਲੇ ਸਥਾਨ ਤੇ ਪਹੁੰਚਣ ਅਤੇ ਵਾਪਸੀ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਗਣਤੰਤਰ ਦਿਵਸ ਮੌਕੇ ਸਮਾਗਮ ਦੀ ਤਿਆਰੀ ਕਰ ਰਹੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾ ਰਹੀ ਹੈ। ਕਾਲਜ ਗਰਾਊਂਡ ਵਿਖੇ 24 ਜਨਵਰੀ 2025 ਨੂੰ ਫੁੱਲ ਡਰੈੱਸ ਰਿਹਰਸਲ ਹੋਵੇਗੀ।
ਇਨ੍ਹਾਂ ਰਿਹਰਸਲਾਂ ਵਿੱਚ ਸ਼ਾਮਿਲ ਸਕੂਲਾਂ ਵਿੱਚ ਸਕੂਲ ਆਫ ਐਮੀਨੈਂਸ ਫੇਜ਼-11, ਸਕੂਲ ਆਫ ਐਮੀਨੈਂਸ ਫੇਜ਼-3 ਬੀ 1, ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਏ.ਪੀ.ਜੇ ਸਕੂਲ ਮੁੰਡੀ ਖਰੜ, ਲਾਰੈਂਸ ਪਬਲਿਕ ਸਕੂਲ ਮੁਹਾਲੀ, ਗਿਲਕੋ ਇੰਟਨੈਸ਼ਨਲ ਸਕੂਲ ਖਰੜ, ਸਵਾਮੀ ਰਾਮ ਤੀਰਥ ਸਕੂਲ, ਬੀ. ਐਸ. ਐਚ. ਆਰਿਆ ਸਕੂਲ ਸੋਹਾਣਾ, ਸਰਕਾਰੀ ਪ੍ਰਾਇਮਰੀ ਸਕੂਲ, ਫੇਜ਼ 3ਬੀ1, ਮੁਹਾਲੀ, ਸ਼ਿਵਾਲਿਕ ਸਕੂਲ ਫੇਜ਼-6 ਮੁਹਾਲੀ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ, ਲਕਸ਼ਮੀ ਤਾਰਾ ਚੰਦ ਸਕੂਲ ਸਿਆਲਬਾ, ਸਰਕਾਰੀ ਕਾਲਜ ਫੇਜ਼-6 ਮੁਹਾਲੀ, ਮਾਤਾ ਸਾਹਿਬ ਕੌਰ ਪਬਲਿਕ ਸਕੂਲ, ਸਵਾੜਾ ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਦੇ ਵਿਦਿਆਰਥੀ ਸ਼ਾਮਿਲ ਸਨ।
Mohali
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦੋ ਇਮੀਗ੍ਰੇਸ਼ਨ ਸਲਾਹਕਾਰਾਂ ਦੇ ਲਾਈਸੰਸ ਰੱਦ
ਐਸ ਏ ਐਸ ਨਗਰ, 21 ਜਨਵਰੀ (ਸ.ਬ.) ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਦੋ ਇਮੀਗੇ੍ਰਸ਼ਨ ਸਲਾਹਕਾਰਾਂ ਦੇ ਲਾਈਸੰਸ ਰੱਦ ਕੀਤੇ ਹਨ। ਜਿਹਨਾਂ ਫਰਮਾਂ ਦੇ ਲਾਈਸੰਸ ਰੱਦ ਕੀਤੇ ਗਏ ਹਨ ਉਹਨਾਂ ਵਿੱਚ ਟਰੈਵਲ ਪੋਰਟਰੇਲ ਪ੍ਰਾਇ ਲਿਮਿ ਅਤੇ ਆਈਲੈਟਸ ਓਰੈਕਲ ਦੇ ਨਾਮ ਸ਼ਾਮਿਲ ਹਨ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਟਰੈਵਲ ਪੋਰਟਰੇਲ ਪ੍ਰਾਇ. ਲਿਮਿ. ਦੁਕਾਨ ਨੰਬਰ 13-14, ਵਧਾਵਾ ਨਗਰ, ਢਕੌਲੀ, ਜੀਰਕਪੁਰ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਦੇ ਮਾਲਕ ਸ੍ਰੀ ਦੀਪਕ ਕੁਮਾਰ ਸੰਜੀਵੀਆ (ਡਾਇਰੈਕਟਰ) ਵਾਸੀ ਸ਼ਕਤੀ ਨਗਰ, ਕਾਲਕਾ, ਜ਼ਿਲ੍ਹਾ ਪੰਚਕੂਲਾ (ਹਰਿਆਣਾ), ਸ੍ਰੀ ਧਰਮਿੰਦਰ ਸਿੰਘ ਸਿੱਧੂ (ਡਾਇਰੈਕਟਰ) ਅਤੇ ਸ੍ਰੀ ਪਰਵਿੰਦਰ ਪਾਲ ਸਿੰਘ (ਡਾਇਰੈਕਟਰ) ਦੋਵੇਂ ਵਸਨੀਕ ਨਿਯੂ ਜਨਰੇਸ਼ਨ ਡੂਪਲੈਕਸ, ਢਕੌਲੀ, ਜੀਰਕਪੁਰ ਨੂੰ ਟਰੈਵਲ ਏਜੰਸੀ ਦੇ ਕੰਮ ਲਈ 17.02.2020 ਨੂੰ ਲਾਇਸੰਸ ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 16.02.2025 ਤੱਕ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਇਸੰਸੀ ਵੱਲੋਂ ਐਕਟ/ਰੂਲਜ਼ ਅਤੇ ਅਡਵਾਈਜਰੀ ਅਨੁਸਾਰ, ਮਹੀਨਾਵਾਰ ਰਿਪੋਰਟ ਜਮ੍ਹਾਂ ਨਾ ਕਰਵਾਉਣ, ਨੋਟਿਸ ਦਾ ਜਵਾਬ, ਸਪੱਸ਼ਟੀਕਰਨ ਨਾ ਦੇਣ ਅਤੇ ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (ਈ) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ ਹੈ। ਇਸ ਲਈ ਉਸਨੂੰ ਜਾਰੀ ਲਾਇਸੰਸ ਨੰਬਰ 381/ਆਈ.ਸੀ. ਮਿਤੀ 17.02.2020 ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਆਈਲੈਟਸ ਓਰੈਕਲ ਐਸ. ਸੀ. ਓ. ਨੰਬਰ 36, ਟੋਪ ਮੰਜਿਲ, ਫੇਜ਼-2, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸ੍ਰੀ ਵਿਕਾਸ ਵਾਲੀਆ (ਪ੍ਰੋਪਰਾਈਟਰ) ਵਾਸੀ ਤਹਿਸੀਲ ਜੈਸਿੰਘਪੁਰ, ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼ (ਹਾਲ ਵਾਸੀ ਮਕਾਨ ਨੰਬਰ 194/5, ਐਸ.ਬੀ.ਪੀ. ਹੋਮਜ਼, ਐਕਟੈਂਸਨ), ਨੂੰ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 23.01.2024 ਨੂੰ ਖਤਮ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਲਾਇਸੰਸੀ ਵੱਲੋਂ ਐਕਟ/ਰੂਲਜ਼ ਅਤੇ ਅਡਵਾਈਜਰੀ ਅਨੁਸਾਰ, ਮਹੀਨਾਵਾਰ ਰਿਪੋਰਟ ਜਮ੍ਹਾਂ ਨਾ ਕਰਵਾਉਣ ਕਰਕੇ ਅਤੇ ਫਰਮ ਵੱਲੋਂ ਕੀਤੀ ਜਾਣ ਵਾਲੀ ਇਸ਼ਤਿਹਾਰਬਾਜੀ/ਸੈਮੀਨਾਰ, ਲਾਇਸੰਸ ਨਵੀਨ ਨਾ ਕਰਵਾਉਣ ਕਰਕੇ ਅਤੇ ਨੋਟਿਸ ਦਾ ਜਵਾਬ/ਸਪਸ਼ਟੀਕਰਨ ਨਾ ਦੇਣ ਕਰਕੇ ਅਤੇ ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾਂ ਨਾ ਕਰਨ ਕਰਕੇ ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (ਈ) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਆਈਲੈਟਸ ਓਰੈਕਲ ਨੂੰ ਜਾਰੀ ਲਾਇਸੰਸ ਨੰਬਰ 264/ਆਈ.ਸੀ., ਮਿਤੀ 24.01.2019 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀਆਂ ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸ ਦੀ ਭਰਪਾਈ ਕਰਨ ਲਈ ਵੀ ਜ਼ਿੰਮੇਵਾਰ ਹੋਣਗੇ।
Mohali
ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਹਨ ਸਾਰਥਕ ਯਤਨ : ਕੁਲਵੰਤ ਸਿੰਘ
ਸਪੋਰਟਸ ਕਲੱਬ ਬੈਦਵਾਨ ਨੂੰ 51000 ਰੁਪਏ ਦੇਣ ਦਾ ਐਲਾਨ
ਐਸ ਏ ਐਸ ਨਗਰ, 21 ਜਨਵਰੀ (ਸ.ਬ.) ਬੈਦਵਾਨ ਸਪੋਰਟਸ ਕਲੱਬ (ਰਜਿ:) ਸੁਹਾਣਾ ਵੱਲੋਂ ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਸਦਕਾ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ, ਯਾਦਗਾਰੀ ਅਤੇ ਪੰਮੇ ਸੋਹਾਣੇ ਦੀ ਯਾਦ ਨੂੰ ਸਮਰਪਿਤ 28ਵਾਂ ਕਬੱਡੀ ਕੱਪ ਕਰਵਾਇਆ ਗਿਆ, ਕਬੱਡੀ ਕੱਪ ਦੇ ਦੌਰਾਨ ਇੱਕ ਪਿੰਡ ਓਪਨ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਜਦਕਿ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 1 ਲੱਖ ਰੁਪਏ ਇਨਾਮ ਦਿੱਤੇ ਗਏ, ਜਦਕਿ ਇੱਕ ਪਿੰਡ ਓਪਨ ਦੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਬੁਲਟ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਗਏ। ਇਸ ਖੇਡ ਮੇਲੇ ਦੀ ਪ੍ਰਧਾਨਗੀ ਹਰਜੀਤ ਸਿੰਘ ਭੋਲੂ ਐਮ ਸੀ ਨੇ ਕੀਤੀ ਕਬੱਡੀ ਕੱਪ ਵਿੱਚ ਵੱਡੀ ਗਿਣਤੀ ਵਿੱਚੋਂ ਪੰਜਾਬ ਭਰ ਵਿੱਚੋਂ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੇ ਹਿੱਸਾ ਲਿਆ।
ਕਬੱਡੀ ਮੁਕਾਬਲੇ 57 ਕਿਲੋ ਵਿੱਚ ਸੁਹਾਣਾ ਦੀ ਟੀਮ ਫਸਟ ਦੀਪਾ ਕਲੱਬ ਸੋਹਣਾ ਦੂਜੇ ਨੰਬਰ ਤੇ ਰਹੀ ਤੇ ਬੈਸਟ ਰੇਡਰ ਗੁਰੀ ਗੁਰਨਾ ਅਤੇ ਜਾਫੀ ਸ਼ੈਰੀ ਸੋਹਾਣਾ ਬਣਿਆ ਅਤੇ ਪੁਆਧ ਫੈਡਰੇਸ਼ਨ ਦੀਆਂ 32 ਟੀਮਾਂ ਦੇ ਮੁਕਾਬਲੇ ਵਿੱਚ ਕੁਰਾਲੀ ਸੈਕਿੰਡ ਰਹੀ ਅਤੇ ਬੈਸਟ ਰੇਡਰ ਅਮਨ ਕੁਰਾਲੀ ਅਤੇ ਬੈਸਟ ਜਾਫੀ ਰੋਹਿਤ ਬਿਜਨਪੁਰੀਆਂ ਨੇ 15-15 ਕਿਲੋ ਦੇਸੀ ਘੀ ਜਿੱਤਿਆ। ਅਤੇ ਇੱਕ ਪਿੰਡ ਉਪਨ ਦੇ ਮੈਚਾਂ ਵਿੱਚ 24 ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਸਕਰਪੁਰ ਫਸਟ ਰਹੀ ਅਤੇ ਧਨੌਰੀ ਦੂਜੇ ਸਥਾਨ ਉੱਤੇ ਰਹੀ ਅਤੇ ਬੈਸਟਾਂ ਦੇ ਬੁਲਟ ਰੇਡਰ ਬੁਰੀਆ ਸੀਸ਼ਰ ਅਤੇ ਬੈਸਟ ਜਾਫੀ ਸਦੀਕ ਸਕਰਪੁਰੀਆ ਬਣਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦੇ ਹੋਏ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੇਡਾਂ ਦੇ ਪੱਧਰ ਨੂੰ ਉਤਾਂਹ ਚੁੱਕਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਖੇਡ ਜਗਤ ਵਿੱਚ ਸੁਧਾਰਨਾਤਮਕ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕੰਮਾਂ ਦੇ ਚਲਦਿਆਂ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਰਕ ਹੋ ਗਈ ਸੀ, ਉਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੀਹ ਤੇ ਲਿਆਂਦਾ ਜਾ ਰਿਹਾ ਹੈ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਖੇਡ ਮੈਦਾਨ ਵਿੱਚ ਸਮਾਂ ਬਿਤਾਉਣਾ ਵਧੇਰੇ ਪਸੰਦ ਕਰ ਰਹੇ ਹਨ। ਇਸ ਮੌਕੇ ਉਹਨਾਂ ਬੈਦਵਾਨ ਸਪੋਰਟਸ ਕਲੱਬ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਹਨਾਂ ਨਾਲ ਅਵਤਾਰ ਮੌਲੀ, ਹਰਮੇਸ਼ ਕੁੰਬੜਾ, ਗੁਰਪ੍ਰੀਤ ਕੁਰੜਾ, ਜਗਵਿੰਦਰ ਧਾਲੀਵਾਲ, ਸਨੀ, ਤਰਲੋਚਨ ਮਟੌਰ, ਬਲਜੀਤ ਸਿੰਘ ਵਿੱਕੀ, ਧਰਮਪ੍ਰੀਤ ਸਿੰਘ, ਜਸਪਾਲ ਮਟੌਰ, ਤਰਲੋਚਨ ਸਿੰਘ ਸਰਪੰਚ ਕੈਲੋ ਅਤੇ ਪ੍ਰਗਟ ਸਿੰਘ ਹਾਜ਼ਰ ਸਨ।
ਕਲੱਬ ਦੇ ਪ੍ਰਧਾਨ ਰੂਬਲ ਸੋਹਾਣਾ ਨੇ ਦੱਸਿਆ ਕਿ ਮਹਿੰਦਰ ਸਿੰਘ ਸੋਹਾਣਾ ਦੀ ਸਰਪਰਸਤੀ ਹੇਠ ਹੋਏ ਇਸ ਇਸ ਟੂਰਨਾਮੈਂਟ ਵਿੱਚ ਚੇਅਰਮੈਨ ਰੂਪਾ ਸੁਹਾਣਾ, ਖਜਾਨਚੀ ਰਮਨਾ ਅਤੇ ਮੈਂਬਰ ਜੋਤਾ ਸੋਹਾਣਾ ਦਮਨਾ, ਦਾਰਾ, ਅਮਨਾ, ਵਰਿੰਦਰ, ਗੋਲੂ ਵਲੋਂ ਪ੍ਰਬੰਧ ਸਭਾਲਿਆ ਗਿਆ। ਟੂਰਨਾਮੈਂਟ ਵਿੱਚ ਵਿੱਚ ਇੰਟਰਨੈਸ਼ਨਲ ਭਲਵਾਨ ਪ੍ਰਿਤਪਾਲ ਫਗਵਾੜਾ, ਕਲਾਕਾਰ ਹਰਫ ਚੀਮਾ ਅਤੇ ਵੀਤ ਬਲਜੀਤ ਨੇ ਵੀ ਹਾਜਰੀ ਲਵਾਈ।
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
International1 month ago
ਚੰਡੀਗੜ੍ਹ ਦੀ ਹਰਮੀਤ ਢਿੱਲੋਂ ਨੂੰ ਟਰੰਪ ਨੇ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ
-
National2 months ago
ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਦੌਰਾਨ 1 ਗੈਂਗਸਟਰ ਢੇਰ, 2 ਜ਼ਖਮੀ
-
Chandigarh2 months ago
10 ਦਸੰਬਰ ਨੂੰ ਸਾਰੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਕੀਤੀਆਂ ਜਾਣਗੀਆਂ ਰੋਸ ਰੈਲੀਆਂ : ਬੰਤ ਬਰਾੜ
-
International2 months ago
ਤਨਮਨਜੀਤ ਸਿੰਘ ਢੇਸੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੈਂਬਰ ਨਿਯੁਕਤ
-
National2 months ago
ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
-
Mohali2 months ago
ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਧਾਰਮਿਕ ਸਮਾਗਮ ਅਤੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ
-
National1 month ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ